ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ ਪਾਕਿਸਤਾਨੀ ਗੁਲਜ਼ਾਰ ਤੇ ਭਾਰਤੀ ਦੌਲਤ ਦੀ ਪ੍ਰੇਮ ਕਹਾਣੀ

ਗੁਲਜ਼ਾਰ ਅਤੇ ਦੌਲਤ ਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੌਂਗ ਨੰਬਰ ਲੱਗਣ ਨਾਲ ਗੁਲਜ਼ਾਰ ਦੌਲਤ ਬੀ ਦੇ ਸੰਪਰਕ ਵਿੱਚ ਆਇਆ ਸੀ
    • ਲੇਖਕ, ਨਿਆਜ਼ ਫਾਰੂਕੀ
    • ਰੋਲ, ਬੀਬੀਸੀ ਉਰਦੂ

ਗੁਲਜ਼ਾਰ ਅਤੇ ਦੌਲਤ ਦੀ ਲਵ ਸਟੋਰੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ, ਜਿਸ ਦੀ ਸ਼ੁਰੂਆਤ ਰੌਂਗ ਨੰਬਰ 'ਤੇ ਇਤਫਾਕ ਨਾਲ ਕੀਤੀ ਗਏ ਫੋਨ ਤੋਂ ਸ਼ੁਰੂ ਹੋਈ ਸੀ।

ਅਜਿਹੇ ਸਮੇਂ 'ਚ ਜਦੋਂ ਭਾਰਤ-ਪਾਕਿਸਤਾਨ 'ਚ ਸੀਮਾ ਹੈਦਰ ਅਤੇ ਅੰਜੂ ਦੀਆਂ ਪ੍ਰੇਮ ਕਹਾਣੀਆਂ ਚਰਚਾ 'ਚ ਹਨ, ਉੱਥੇ ਹੀ ਆਂਧਰ ਪ੍ਰਦੇਸ਼ 'ਚ ਸਰਹੱਦ ਪਾਰ ਦੇ ਪਿਆਰ ਦੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ।

ਇਸ ਕਹਾਣੀ ਵਿੱਚ ਦੋ ਪਾਤਰ ਹਨ, ਪਾਕਿਸਤਾਨ ਨਾਲ ਸਬੰਧਿਤ ਗੁਲਜ਼ਾਰ ਖ਼ਾਨ ਅਤੇ ਭਾਰਤ ਦੀ ਦੌਲਤ ਬੀ।

ਇਹ ਦੋਵੇਂ ਹੁਣ ਨੰਡਿਆਲ ਜ਼ਿਲ੍ਹੇ ਦੇ ਪਿੰਡ ਗਾਡੀ ਵੇਮੁਲਾ ਵਿੱਚ ਪੰਜ ਬੱਚਿਆਂ ਨਾਲ ਸੁਖੀ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ।

ਗੁਲਜ਼ਾਰ ਖ਼ਾਨ 2011 ਵਿੱਚ ਭਾਰਤ ਆਏ ਸਨ ਪਰ ਅੱਠ ਸਾਲਾਂ ਬਾਅਦ ਨਾਗਰਿਕਤਾ ਨਾਲ ਸਬੰਧਤ ਵੱਖ-ਵੱਖ ਇਲਜ਼ਾਮਾਂ ਵਿੱਚ ਦੋ ਵਾਰ ਜੇਲ੍ਹ ਜਾਣਾ ਪਿਆ।

ਪਿਛਲੇ ਮਹੀਨੇ ਤੇਲੰਗਾਨਾ ਹਾਈ ਕੋਰਟ ਨੇ ਗੁਲਜ਼ਾਰ ਨੂੰ ਦੇਸ਼ ਨਿਕਾਲੇ ਦੇ ਫ਼ੈਸਲੇ ਤੱਕ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ ਸੀ।

ਦੌਲਤ ਬੀ ਦੇ ਪੰਜ ਬੱਚੇ
ਤਸਵੀਰ ਕੈਪਸ਼ਨ, ਦੌਲਤ ਬੀ ਅਤੇ ਗੁਲਜ਼ਾਰ ਪੰਜ ਬੱਚਿਆਂ ਨਾਲ ਸੁਖੀ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ

'ਫੋਨ 'ਤੇ ਗੱਲ ਹੋਈ ਤਾਂ ਗੁਲਜ਼ਾਰ ਇੱਕ ਚੰਗੇ ਇਨਸਾਨ ਲੱਗੇ'

ਗੁਲਜ਼ਾਰ ਖ਼ਾਨ ਅਤੇ ਦੌਲਤ ਬੀ ਦੀ ਕਹਾਣੀ 2009 ਵਿੱਚ ਸ਼ੁਰੂ ਹੋਈ, ਜਦੋਂ ਪਾਕਿਸਤਾਨ ਵਿੱਚ ਪੰਜਾਬ ਦੇ ਸਿਆਲਕੋਟ ਦੇ ਗੁਲਜ਼ਾਰ ਸਾਊਦੀ ਅਰਬ ਵਿੱਚ ਪੇਂਟਿੰਗ ਠੇਕੇਦਾਰ ਵਜੋਂ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੇ ਭਾਰਤ ਵਿੱਚ ਇੱਕ ਦੋਸਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜੋ ਕੁਝ ਮਹੀਨੇ ਪਹਿਲਾਂ ਛੁੱਟੀਆਂ 'ਤੇ ਭਾਰਤ ਗਿਆ ਸੀ।

ਜਦੋਂ ਗੁਲਜ਼ਾਰ ਦਾ ਫੋਨ 'ਤੇ ਆਪਣੇ ਸਾਥੀ ਨਾਲ ਸੰਪਰਕ ਨਹੀਂ ਹੋ ਸਕਿਆ, ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਨ੍ਹਾਂ ਨੇ ਗ਼ਲਤ ਨੰਬਰ ਨੋਟ ਕਰ ਲਿਆ ਹੈ ਅਤੇ ਇਸ ਲਈ ਉਨ੍ਹਾਂ ਨੇ ਕੁਝ ਮਿਲਦੇ-ਜੁਲਦੇ ਨੰਬਰਾਂ 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ।

ਇਸ ਕੋਸ਼ਿਸ਼ ਦੌਰਾਨ ਕਿਸਮਤ ਨੇ ਉਨ੍ਹਾਂ ਦਾ ਸੰਪਰਕ ਦੌਲਤ ਬੀ ਨਾਲ ਕਰਵਾ ਦਿੱਤਾ, ਜੋ ਇੱਕ ਸਥਾਨਕ ਸਕੂਲ ਵਿੱਚ ਕੰਮ ਕਰਦੀ ਹੈ।

ਗੁਲਜ਼ਾਰ ਨੇ ਦੌਲਤ ਬੀ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਨਾਮ ਗੁਲਜ਼ਾਰ ਖ਼ਾਨ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੈ। ਇਤਫਾਕ ਨਾਲ ਹੋਈ ਇਹ ਗੱਲਬਾਤ ਜਲਦੀ ਹੀ ਪਿਆਰ ਵਿੱਚ ਬਦਲ ਗਈ।

ਦੋਵੇਂ ਤਿੰਨ ਸਾਲ ਤੱਕ ਲਗਾਤਾਰ ਫੋਨ 'ਤੇ ਗੱਲ ਕਰਦੇ ਰਹੇ, ਜਿਸ ਤੋਂ ਬਾਅਦ ਗੁਲਜ਼ਾਰ ਨੇ ਦੌਲਤ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਪਰ ਉਸ ਸਮੇਂ ਦੌਲਤ ਮਾਨਸਿਕ ਦਬਾਅ 'ਚ ਸੀ।

ਦੌਲਤ ਨੇ ਬੀਬੀਸੀ ਨੂੰ ਦੱਸਿਆ, "ਮੈਂ ਉਨ੍ਹਾਂ ਨਾਲ ਬਹੁਤ ਦਿਨ ਤੱਕ ਝੂਠ ਬੋਲਿਆ ਕਿ ਮੇਰੇ ਪਤੀ ਹੈ, ਮੇਰੇ ਚਾਰ ਬੱਚੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਤੀ ਤੇ ਬੱਚਿਆਂ ਨਾਲ ਉਨ੍ਹਾਂ ਗੱਲ ਕਰਵਾਓ।"

ਅਸਲੀਅਤ ਇਹ ਸੀ ਕਿ ਦੌਲਤ ਬੀ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਮੁਤਾਬਕ, ਉਨ੍ਹਾਂ ਨੂੰ ਗੁਲਜ਼ਾਰ ਨੂੰ ਇੱਕ ਚੰਗੇ ਇਨਸਾਨ ਲੱਗੇ ਅਤੇ ਹੌਲੀ-ਹੌਲੀ ਇੱਕ ਸਾਥੀ ਵਜੋਂ ਨਜ਼ਰ ਆਉਣ ਲੱਗੇ।"

ਦੌਲਤ ਬੀ ਕਹਿੰਦੀ ਹੈ, "ਮੈਂ ਉਨ੍ਹਾਂ ਨੂੰ ਕਿਹਾ ਕਿ ਲੋਕ ਮੈਨੂੰ ਤਾਅਨੇ ਮਾਰ ਰਹੇ ਹਨ। ਚੰਗਾ ਹੈ ਕਿ ਮੈਂ ਮਰ ਜਾਵਾਂ। ਪਰ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਨਾ ਮਰੋ, ਮੈਂ ਕਿਸੇ ਵੀ ਤਰ੍ਹਾਂ ਉੱਥੇ ਪਹੁੰਚਦਾ ਹਾਂ।"

ਇਸ ਤੋਂ ਬਾਅਦ ਗੁਲਜ਼ਾਰ ਨੇ ਜੋ ਕੀਤਾ ਉਹ ਸਪੱਸ਼ਟ ਤੌਰ 'ਤੇ ਗ਼ੈਰ-ਕਾਨੂੰਨੀ ਸੀ। ਇਹ ਗੱਲ ਉਨ੍ਹਾਂ ਨੂੰ ਸਮਝ ਵੀ ਆ ਗਈ ਅਤੇ ਉਨ੍ਹਾਂ ਨੇ ਆਪ ਵੀ ਇਸ ਨੂੰ ਸਵੀਕਾਰ ਕੀਤਾ ਹੈ।

ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਆਹ ਲਈ ਭਾਰਤ ਦਾ ਵੀਜ਼ਾ ਲੈਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ।

ਗੁਲਜ਼ਾਰ ਅਤੇ ਦੌਲਤ ਬੀ
ਤਸਵੀਰ ਕੈਪਸ਼ਨ, ਗੁਲਜ਼ਾਰ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਆਪਣੇ ਆਪ ਨੂੰ "ਇੱਕ ਭਾਰਤੀ ਸਮਝਣ ਲੱਗ ਪਏ ਹਨ।"
ਬੀਬੀਸੀ

ਸਾਊਦੀ ਅਰਬ ਤੋਂ ਭਾਰਤ ਪਹੁੰਚਿਆ ਗੁਲਜ਼ਾਰ

  • ਗੁਲਜ਼ਾਰ ਖ਼ਾਨ ਅਤੇ ਦੌਲਤ ਬੀ ਦੀ ਕਹਾਣੀ 2009 ਵਿੱਚ ਸ਼ੁਰੂ ਹੋਈ।
  • ਉਸ ਵੇਲੇ ਗੁਲਜ਼ਾਰ ਵਿੱਚ ਪੇਂਟਿੰਗ ਠੇਕੇਦਾਰ ਵਜੋਂ ਕੰਮ ਕਰ ਰਹੇ ਸਨ।
  • ਅਸਲ ਵਿੱਚ ਗੁਲਜ਼ਾਰ ਪਾਕਿਸਤਾਨ ਵਿੱਚ ਪੰਜਾਬ ਦੇ ਸਿਆਲਕੋਟ ਦਾ ਰਹਿਣ ਵਾਲਾ ਸੀ।
  • ਰੌਂਗ ਨੰਬਰ ਲੱਗਣ ਨਾਲ ਗੁਲਜ਼ਾਰ ਦੌਲਤ ਬੀ ਦੇ ਸੰਪਰਕ ਵਿੱਚ ਆਇਆ ਸੀ।
  • ਇਤਫਾਕ ਨਾਲ ਹੋਈ ਇਹ ਗੱਲਬਾਤ ਜਲਦੀ ਹੀ ਪਿਆਰ ਵਿੱਚ ਬਦਲ ਗਈ।
  • ਗੁਲਜ਼ਾਰ ਮੁਤਾਬਕ ਇੱਕ ਜਾਨਣ ਵਾਲੇ ਭਾਰਤੀ ਨਾਗਰਿਕ ਦਾ ਪਛਾਣ ਪੱਤਰ ਦੀ ਮਦਦ ਨਾਲ ਉਹ ਸਾਊਦੀ ਤੋਂ ਭਾਰਤ ਪਹੁੰਚਿਆ।
  • ਭਾਰਤ ਆ ਕੇ ਉਸ ਨੇ ਦੌਲਤ ਬੀ ਨਾਲ ਵਿਆਹ ਕਰਵਾ ਲਿਆ।
ਬੀਬੀਸੀ

ਗੁਲਜ਼ਾਰ ਭਾਰਤ ਕਿਵੇਂ ਪਹੁੰਚੇ?

ਗੁਲਜ਼ਾਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜਾਣਨ ਵਾਲੇ ਭਾਰਤੀ ਨਾਗਰਿਕ ਦਾ ਪਛਾਣ ਪੱਤਰ ਲਿਆ। ਉਸ ਕਾਰਡ ਨੂੰ ਲੈ ਕੇ ਉਹ ਸਥਾਨਕ ਪੁਲਿਸ ਕੋਲ ਗਏ ਅਤੇ ਇਹ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ।

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰਾ ਕਾਰਡ ਹੈ, ਮੇਰਾ ਪਾਸਪੋਰਟ ਗੁਆਚ ਗਿਆ ਹੈ। ਮੈਂ ਭਾਰਤੀ ਹਾਂ, ਭਾਰਤ ਵਾਪਸ ਜਾਣਾ ਚਾਹੁੰਦਾ ਹਾਂ। ਮੈਂ ਇੱਥੇ ਨੌਕਰੀ ਕਰਨ ਆਇਆ ਹਾਂ।"

ਉਨ੍ਹਾਂ ਅਨੁਸਾਰ ਸਾਊਦੀ ਪੁਲਿਸ ਨੇ ਉਨ੍ਹਾਂ ਨੂੰ ਇਸ ਗੱਲ ’ਤੇ ਕੈਦ ਕਰ ਲਿਆ, ਜਿੱਥੇ ਉਹ ਬਾਰਾਂ ਦਿਨਾਂ ਤੱਕ ਬੰਦ ਰਹੇ।

ਗੁਲਜ਼ਾਰ ਦਾ ਕਹਿਣਾ ਹੈ ਕਿ ਸਾਊਦੀ ਅਰਬ 'ਚ ਭਾਰਤੀ ਦੂਤਾਵਾਸ ਨੇ ਉਨ੍ਹਾਂ ਨੂੰ ਆਰਜ਼ੀ ਪਾਸਪੋਰਟ ਜਾਰੀ ਕੀਤਾ ਅਤੇ ਕਰੀਬ 160 ਲੋਕਾਂ ਦੇ ਨਾਲ ਮੁੰਬਈ ਭੇਜ ਦਿੱਤਾ।

ਉਹ ਪਹਿਲਾਂ ਵੀ ਭਾਰਤ ਆਉਣ ਦੇ ਇੱਛੁਕ ਸਨ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਕੁਝ ਭਾਰਤੀ ਵਿਜ਼ਿਟ ਵੀਜ਼ੇ 'ਤੇ ਪਾਕਿਸਤਾਨ ਜਾਂਦੇ ਹਨ। ਉਨ੍ਹਾਂ ਨੇ ਆਪਣੇ ਸੁਪਨੇ ਨੂੰ ਇਸ ਤਰੀਕੇ ਨਾਲ ਪੂਰਾ ਕੀਤਾ ਜਿਸ ਨਾਲ ਉਹ ਮੁਸੀਬਤ ਵਿੱਚ ਪੈ ਗਏ।

ਭਾਰਤੀ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਭਾਰਤ ਪਹੁੰਚਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਰਕਾਰ ਦਾ ਕਹਿਣਾ ਹੈ ਕਿ ਗੁਲਜ਼ਾਰ ਨੇ ਇਕਬਾਲਪੁਰ ਦੇ ਰਹਿਣ ਵਾਲੇ ਮੁਹੰਮਦ ਆਦਿਲ ਦੇ ਜਾਅਲੀ ਦਸਤਾਵੇਜ਼ ਬਣਾਏ ਸਨ।

ਉਸ ਨੂੰ ਗ਼ਲਤੀ ਨਾਲ ਇੱਕ ਅਸਲੀ ਦਸਤਾਵੇਜ਼ ਵਜੋਂ ਨੂੰ ਵਰਤਿਆ ਗਿਆ ਅਤੇ ਉਹ ਐਮਰਜੈਂਸੀ ਸਰਟੀਫਿਕੇਟ ਲੈ ਕੇ 10 ਜਨਵਰੀ 2011 ਨੂੰ ਭਾਰਤ ਪਹੁੰਚ ਗਿਆ।

ਗੁਲਜ਼ਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਨਹੀਂ ਕਰਦੇ।

ਤੇਲੰਗਾਨਾ ਹਾਈ ਕੋਰਟ
ਤਸਵੀਰ ਕੈਪਸ਼ਨ, ਤੇਲੰਗਾਨਾ ਹਾਈ ਕੋਰਟ ਨੇ ਗੁਲਜ਼ਾਰ ਨੂੰ ਉਸ ਦੇ ਦੇਸ਼ ਨਿਕਾਲੇ ਦੇ ਮਾਮਲੇ 'ਤੇ ਫੈਸਲਾ ਸੁਣਾਏ ਜਾਣ ਤੱਕ ਰਿਹਾਅ ਕਰ ਦਿੱਤਾ ਹੈ।
ਇਹ ਵੀ ਪੜ੍ਹੋ-

'ਖ਼ੁਦ ਨੂੰ ਭਾਰਤੀ ਸਮਝਣ ਲੱਗਾ ਸੀ'

ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ, ਉਨ੍ਹਾਂ ਨੇ ਦੌਲਤ ਬੀ ਦੇ ਘਰ ਦੇ ਸਭ ਤੋਂ ਨਜ਼ਦੀਕੀ ਸ਼ਹਿਰ ਹੈਦਰਾਬਾਦ ਲਈ ਰੇਲ ਗੱਡੀ ਫੜ੍ਹੀ।

ਉਹ ਕਹਿੰਦੇ ਹਨ, "ਮੇਰੇ ਕੋਲ ਸਿਰਫ਼ 150 ਰਿਆਲ ਸਨ ਜੋ ਮੈਂ ਮੁੰਬਈ ਹਵਾਈ ਅੱਡੇ 'ਤੇ ਭਾਰਤੀ ਰੁਪਇਆ ਵਿੱਚ ਬਦਲਾ ਲਏ। ਜਦੋਂ ਮੈਂ ਦੌਲਤ ਬੀ ਦੇ ਘਰ ਪਹੁੰਚਿਆ ਤਾਂ ਮੇਰੇ ਕੋਲ 500 ਰੁਪਏ ਬਚੇ ਸਨ।"

ਭਾਰਤ ਆਉਣ ਤੋਂ ਦੋ ਹਫ਼ਤੇ ਬਾਅਦ ਗੁਲਜ਼ਾਰ ਨੇ ਦੌਲਤ ਬੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਇਕ ਵਾਰ ਪੁਲਿਸ ਨੇ ਦੌਲਤ ਬੀ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਗੁਲਜ਼ਾਰ ਤੋਂ ਪੁੱਛਗਿੱਛ ਕੀਤੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

ਉਹ ਦੌਲਤ ਬੀ ਲਈ ਕਿਸੇ ਫਰਿਸ਼ਤੇ ਵਾਂਗ ਸੀ। ਉਨ੍ਹਾਂ ਦੇ ਮਾਤਾ-ਪਿਤਾ, ਪਤੀ ਅਤੇ ਵੱਡੇ ਭਰਾ ਦੀ ਇਕ ਤੋਂ ਬਾਅਦ ਇਕ ਮੌਤ ਹੋ ਗਈ ਸੀ ਜਦਕਿ ਮਾਨਸਿਕ ਤੌਰ 'ਤੇ ਅਪਾਹਜ ਛੋਟਾ ਭਰਾ ਲਾਪਤਾ ਹੋ ਗਿਆ ਸੀ।

ਦੌਲਤ ਬੀ ਦੇ ਅਨੁਸਾਰ, ਉਨ੍ਹਾਂ ਨੇ ਗੁਲਜ਼ਾਰ ਵਿੱਚ ਇੱਕ ਆਦਰਸ਼ ਪਤੀ ਦੇਖਿਆ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦਾ ਵਿਵਹਾਰ ਪਸੰਦ ਸੀ ਅਤੇ ਉਹ ਉਸ ਦੇ ਪਹਿਲੇ ਪਤੀ ਦੇ ਬੱਚਿਆਂ ਨੂੰ ਆਪਣਾ ਸਮਝਦਾ ਸੀ।

ਦਿਨ ਬੀਤਦੇ ਗਏ, ਗੁਲਜ਼ਾਰ ਉਸ ਥਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਅਤੇ ਦੌਲਤ ਬੀ ਤੋਂ ਉਨ੍ਹਾਂ ਦੇ ਚਾਰ ਹੋਰ ਬੱਚੇ ਹੋਏ।

ਇਸ ਦੌਰਾਨ ਉਨ੍ਹਾਂ ਨੇ ਤੇਲਗੂ ਭਾਸ਼ਾ ਵੀ ਥੋੜ੍ਹੀ ਜਿਹੀ ਸਿੱਖ ਲਈ। ਉਨ੍ਹਾਂ ਨੇ ਸਥਾਨਕ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਦੁਬਾਰਾ ਪੇਂਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਗੁਲਜ਼ਾਰ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਆਪਣੇ ਆਪ ਨੂੰ "ਇੱਕ ਭਾਰਤੀ ਸਮਝਣ ਲੱਗ ਪਏ ਹਨ।"

ਬੀਬੀਸੀ

ਦੌਲਤ ਨੇ ਹੀ ਆਪਣੇ ਪਤੀ ਦੀ ਪਛਾਣ ਜਨਤਕ ਕਰ ਦਿੱਤੀ

ਰਾਵਲਪਿੰਡੀ ਦੀ ਰਹਿਣ ਵਾਲੀ ਗੁਲਜ਼ਾਰ ਦੀ ਵੱਡੀ ਭੈਣ ਸ਼ੀਲਾ ਲਾਲ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦੇ ਭਰਾ ਨੇ ਕਈ ਸਾਲਾਂ ਤੋਂ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਭਰਾ ਕਿਸ ਹਾਲਤ ਵਿਚ ਹੈ ਅਤੇ ਡਰ ਸੀ ਕਿ ਸ਼ਾਇਦ ਉਸ ਨਾਲ ਕੋਈ ਹਾਦਸਾ ਤਾਂ ਨਹੀਂ ਵਾਪਰ ਗਿਆ।

ਉਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਗੁਲਜ਼ਾਰ ਸਾਊਦੀ ਅਰਬ 'ਚ ਹੀ ਹੈ, ਇਸ ਲਈ ਉਹ ਉੱਥੇ ਹੀ ਉਸ ਦੀ ਭਾਲ ਕਰਦੇ ਰਹੇ।

ਉਸ ਅਨੁਸਾਰ ਉਸ ਨੇ ਗੁਲਜ਼ਾਰ ਨੂੰ ਲੱਭਣ ਲਈ ਆਪਣੇ ਇਕ ਭਰਾ ਨੂੰ ਸਾਊਦੀ ਅਰਬ ਵੀ ਭੇਜਿਆ ਸੀ ਪਰ ਉਹ ਨਾਕਾਮਯਾਬ ਹੋ ਕੇ ਵਾਪਸ ਪਰਤਿਆ।

ਪਰ ਫਿਰ ਅਚਾਨਕ ਇੱਕ ਦਿਨ ਗੁਲਜ਼ਾਰ ਨੇ ਪਾਕਿਸਤਾਨ ਵਿੱਚ ਆਪਣੀ ਮਾਂ ਅਤੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ "ਮੈਂ ਭਾਰਤ ਚਲਾ ਗਿਆ ਹਾਂ।"

ਸਾਲਾਂ ਤੱਕ ਦੂਰ ਰਹਿਣ ਤੋਂ ਬਾਅਦ, ਗੁਲਜ਼ਾਰ ਨੂੰ ਹੁਣ ਘਰ ਦੀ ਯਾਦ ਆਉਣ ਲੱਗੀ ਸੀ। ਉਨ੍ਹਾਂ ਨੇ ਨਾ ਸਿਰਫ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ, ਸਗੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਉਨ੍ਹਾਂ ਨਾਲ ਗੱਲ ਕੀਤੀ।

ਉਹ ਚਾਹੁੰਦਾ ਸੀ ਕਿ ਉਹ ਆਪਣੇ ਨਵੇਂ ਪਰਿਵਾਰ ਨਾਲ ਪਾਕਿਸਤਾਨ ਚਲੇ ਜਾਵੇ।

ਗੁਲਜ਼ਾਰ 2019 ਵਿੱਚ, ਪਾਕਿਸਤਾਨ ਜਾਣ ਦੇ ਇਰਾਦੇ ਨਾਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਦਿੱਲੀ ਲਈ ਰਵਾਨਾ ਹੋਇਆ ਸੀ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਤੇਲੰਗਾਨਾ ਪੁਲਿਸ ਹੈਦਰਾਬਾਦ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ।

ਗੁਲਜ਼ਾਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।

ਵੀਡੀਓ ਕੈਪਸ਼ਨ, ਪਿਆਰ 'ਚ ਪਾਕਿਸਤਾਨ ਤੋਂ ਭਾਰਤ ਆਈ ਸੀਮਾ, ਜ਼ਮਾਨਤ ਮਗਰੋਂ ਕੀ ਬੋਲੀ

ਇਸ ਮਾਮਲੇ ਦੀ ਜਾਂਚ 'ਚ ਸ਼ਾਮਲ ਪੁਲਿਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਵੈੱਬਸਾਈਟ 'ਦਿ ਵੀਕ' ਮੁਤਾਬਕ ਖੁਫੀਆ ਏਜੰਸੀਆਂ ਪਾਕਿਸਤਾਨ 'ਚ ਉਨ੍ਹਾਂ ਰਾਹੀਂ ਕੀਤੀਆਂ ਗਈਆਂ ਕਾਲਾਂ 'ਤੇ ਨਜ਼ਰ ਰੱਖ ਰਹੀਆਂ ਸਨ।

ਹਿਰਾਸਤ ਵਿਚ ਪੁਲਿਸ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਦੇਸ਼ ਬਾਰੇ ਸਵਾਲ ਪੁੱਛੇ ਅਤੇ ਉਨ੍ਹਾਂ ਨੇ ਇਕਬਾਲ ਕੀਤਾ ਕਿ ਉਹ ਪਾਕਿਸਤਾਨੀ ਨਾਗਰਿਕ ਹੈ।

"ਮੈਂ ਉਨ੍ਹਾਂ ਨੂੰ ਸਭ ਕੁਝ ਇਮਾਨਦਾਰੀ ਨਾਲ ਦੱਸਿਆ। ਜਦੋਂ ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਕੁਝ ਦੂਰੀ 'ਤੇ ਪਿਸ਼ਾਬ ਕਰ ਰਿਹਾ ਸੀ ਅਤੇ ਦੇਖਿਆ ਕਿ ਤੁਸੀਂ ਮੇਰੇ ਪਰਿਵਾਰ ਨੂੰ ਘੇਰ ਲਿਆ ਹੈ।"

"ਜੇਕਰ ਮੈਂ ਕੁਝ ਗ਼ਲਤ ਕਰਨਾ ਹੁੰਦਾ ਤਾਂ ਮੈਂ ਉੱਥੋਂ ਭੱਜ ਜਾਂਦਾ। ਉਥੇ ਮੈਂ ਆਪਣੀ ਮਰਜ਼ੀ ਨਾਲ ਤੁਹਾਡੇ ਸਾਹਮਣੇ ਆਇਆ ਹਾਂ।"

ਉਹ ਕਹਿੰਦੇ ਹਨ, "ਮੈਂ ਸੋਚਿਆ ਮੈਂ ਪਿਆਰ ਕੀਤਾ ਹੈ, ਦੇਖਦੇ ਹਾਂ ਕੀ ਹੁੰਦਾ ਹੈ।"

ਗੁਲਜ਼ਾਰ 'ਤੇ ਭਾਰਤੀ ਦੰਡਾਵਲੀ (ਆਈਪੀਸੀ), ਵਿਦੇਸ਼ੀ ਕਾਨੂੰਨ ਅਤੇ ਪਾਸਪੋਰਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਰਜ਼ੀ ਆਧਾਰ ਕਾਰਡ ਅਤੇ ਪਾਸਪੋਰਟ ਹਾਸਲ ਕਰਨ ਦੇ ਇਲਜ਼ਾਮ ਲਾਏ ਗਏ ਹਨ।

ਉਹ ਕਹਿੰਦਾ ਹੈ, "ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਮੈਂ ਗ਼ਲਤੀ ਕੀਤੀ ਹੈ ਅਤੇ ਮੈਨੂੰ ਇਸਦੀ ਸਜ਼ਾ ਮਿਲੀ ਹੈ।"

ਇਸ ਦੌਰਾਨ ਪੁਲਿਸ ਨੂੰ ਦੌਲਤ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਪਾਕਿਸਤਾਨ ਦਾ ਰਹਿਣ ਵਾਲਾ ਹੈ।

ਉਹ ਕਹਿੰਦੀ ਹੈ, "ਮੈਂ ਉਸ ਨਾਲ ਲੜਨ ਲੱਗੀ ਕਿ ਉਹ ਪੰਜਾਬ ਦਾ ਹੈ ਜਾਂ ਨਹੀਂ। ਫਿਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਨਹੀਂ, ਪਾਕਿਸਤਾਨ ਵਿਚ ਵੀ ਪੰਜਾਬ ਹੈ ਅਤੇ ਉਹ ਉਥੋਂ ਦਾ ਹੈ।"

ਔਰਤ ਅਤੇ ਮਰਦ
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਉਸ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਲਜ਼ਾਰ ਅਸਲ ਵਿਚ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਕੋਲੂਵਾਲ ਦੀ ਈਸਾਈ ਬਸਤੀ ਨਾਲ ਸਬੰਧਤ ਹੈ।

ਫਿਰ ਦੌਲਤ ਨੂੰ ਵੀ ਪਤਾ ਲੱਗਾ ਕਿ ਉਹ ਮੁਸਲਮਾਨ ਨਹੀਂ ਹੈ। ਉਨ੍ਹਾਂ ਨੇ ਆਪਣਾ ਉਪਨਾਮ ਖ਼ਾਨ ਦੱਸਿਆ ਸੀ ਜਿਸ ਕਾਰਨ ਉਨ੍ਹਾਂ ਨੇ ਉਨ੍ਹਾਂ ਨੂੰ ਮੁਸਲਮਾਨ ਸਮਝਿਆ ਪਰ ਗੁਲਜ਼ਾਰ ਨੇ ਸੱਚਾਈ ਨੂੰ ਛੁਪਾਇਆ ਕਿ ਉਨ੍ਹਾਂ ਦਾ ਨਾਮ ਅਸਲ ਵਿੱਚ ਗੁਲਜ਼ਾਰ ਮਸੀਹ ਸੀ।

ਸ਼ੀਲਾ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਭਾਰਤ ਵਿੱਚ ਗੁਲਜ਼ਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਤਾਂ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਕੋਲ ਪਹੁੰਚ ਕੀਤੀ, ਜਿਸ 'ਤੇ ਸਰਕਾਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰੇਗੀ। ਇਸ ਤੋਂ ਬਾਅਦ ਪੁਲਿਸ ਜਾਂਚ ਲਈ ਉਨ੍ਹਾਂ ਦੇ ਘਰ ਵੀ ਗਈ।

ਇਧਰ ਦੌਲਤ ਨੇ ਵੀ ਘਰ ਵਾਪਸ ਆ ਕੇ ਗੁਲਜ਼ਾਰ ਦੀ ਜ਼ਮਾਨਤ ਲਈ ਆਪਣੇ ਪਿੰਡ ਵਾਲਿਆਂ ਤੋਂ ਕੁੱਲ ਡੇਢ ਲੱਖ ਰੁਪਏ ਜਮ੍ਹਾ ਕੀਤੇ।

ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਫਰਵਰੀ 2022 ਵਿਚ ਘੁਸਪੈਠੀਆਂ ਵਿਰੁੱਧ ਮੁਹਿੰਮ ਦੌਰਾਨ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੀ ਰਿਹਾਈ ਲਈ ਦੌਲਤ ਨੇ ਖੁਦ ਫਿਰ ਕਰੀਬ 80 ਹਜ਼ਾਰ ਰੁਪਏ ਜਮ੍ਹਾ ਕਰਵਾਏ।

ਉਨ੍ਹਾਂ ਦੀ ਮੁੜ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ, ਜਿਸ ਤੋਂ ਬਾਅਦ ਅਦਾਲਤ ਨੇ ਆਦੇਸ਼ ਨਾਲ ਉਹ ਜੇਲ੍ਹ ਤੋਂ ਬਾਹਰ ਆਏ।

ਹੁਣ ਗੁਲਜ਼ਾਰ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਤਨੀ ਅਤੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)