ਸੀਮਾ ਹੈਦਰ ਮਾਮਲੇ ਵਿੱਚ ਹੁਣ ਪਾਕਿਸਤਾਨ ਦੇ ਡਾਕੂਆਂ ਦੀ ਹਿੰਦੂਆਂ ਨੂੰ ਧਮਕੀ, ‘ਸੀਮਾ ਨੂੰ ਵਾਪਸ ਭੇਜੋ ਨਹੀਂ ਤਾਂ...’

ਸੀਮਾ ਹੈਦਰ
ਤਸਵੀਰ ਕੈਪਸ਼ਨ, ਸੀਮਾ ਹੈਦਰ
    • ਲੇਖਕ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਦੀ ਵਾਪਸੀ ਨੂੰ ਲੈ ਕੇ ਸਿੰਧ ਸੂਬੇ 'ਚ ਡਾਕੂਆਂ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਅਤੇ ਘਰਾਂ 'ਤੇ ਹਮਲੇ ਦੀ ਧਮਕੀ ਦਿੱਤੀ ਹੈ।

ਇਸ ਖ਼ਤਰੇ ਦੇਖਦੇ ਹੋਏ ਸਿੰਧ ਸੂਬੇ ਦੇ ਉੱਤਰੀ ਜ਼ਿਲ੍ਹਿਆਂ ਦੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।

ਪੁਲਿਸ ਮੁਤਾਬਕ ਹਿੰਦੂ ਧਰਮ ਨਾਲ ਜੁੜੇ ਲੋਕਾਂ ਅਤੇ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਉੱਤਰੀ ਸਿੰਧ ਦੇ ਘੋਟਕੀ, ਕਸ਼ਮੋਰ, ਕੰਧਕੋਟ ਅਤੇ ਜੈਕਬਾਬਾਦ ਵਿੱਚ ਡਾਕੂਆਂ ਦੇ ਕਈ ਟੋਲੇ ਸਰਗਰਮ ਹਨ।

ਇਨ੍ਹਾਂ ਗਰੋਹਾਂ ਨੇ ਸਿੰਧੂ ਨਦੀ ਨੇੜੇ ਜੰਗਲਾਂ ਵਿੱਚ ਆਪਣਾ ਅੱਡਾ ਬਣਾਇਆ ਹੋਇਆ ਹੈ।

ਪੁਲਿਸ ਪਿਛਲੇ ਕਈ ਦਹਾਕਿਆਂ ਤੋਂ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈਆਂ ਕਰ ਰਹੀ ਹੈ ਪਰ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ।

ਅਜਿਹੇ 'ਚ ਪੁਲਿਸ ਇਨ੍ਹਾਂ ਡਾਕੂਆਂ ਵੱਲੋਂ ਹਿੰਦੂ ਭਾਈਚਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਘੋਟਨੀ ਵਿੱਚ ਸ਼੍ਰੀ ਕ੍ਰਿਸ਼ਨ ਮੰਦਿਰ
ਤਸਵੀਰ ਕੈਪਸ਼ਨ, ਘੋਟਨੀ ਵਿੱਚ ਸ਼੍ਰੀ ਕ੍ਰਿਸ਼ਨ ਮੰਦਿਰ

ਵਾਇਰਲ ਵੀਡੀਓ 'ਚ ਕੀ ਧਮਕੀ ਦਿੱਤੀ ਗਈ ?

ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਅਤੇ ਉਸ ਦਾ ਪਾਕਿਸਤਾਨੀ ਪਤੀ ਹੈਦਰ ਬਲੋਚ ਹਨ।

ਸਿੰਧ ਦੇ ਕਈ ਡਾਕੂਆਂ ਦੇ ਟੋਲਿਆਂ ਨੇ ਸੋਸ਼ਲ ਮੀਡੀਆ 'ਤੇ ਭਾਰਤ ਸਰਕਾਰ ਨੂੰ ਸੀਮਾ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਧਮਕੀ ਦਿੱਤੀ ਹੈ।

ਇੱਕ ਵੀਡੀਓ ਸੰਦੇਸ਼ ਵਿੱਚ ਰਾਣੋ ਸ਼ਾਰ ਨਾਮ ਦੇ ਵਿਅਕਤੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ, ਸੰਸਦ ਮੈਂਬਰਾਂ ਅਤੇ ਸਰਕਾਰ ਨੂੰ ਸੰਬੋਧਨ ਕੀਤਾ ਹੈ।

ਇਸ ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਸੀਮਾ ਅਤੇ ਉਸਦੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ।

ਰਾਣੋ ਸ਼ਾਰ ਕਹਿੰਦਾ ਹੈ, “ਇਹ ਔਰਤ ਆਪਣੇ ਚਾਰ ਬੱਚਿਆਂ ਨਾਲ ਨੇਪਾਲ ਗਈ ਅਤੇ ਗੀਤਾ ਨੂੰ ਮੰਨ ਲਿਆ। ਅਸੀਂ ਜਖਰਾਣੀ ਕਬੀਲੇ ਦੇ ਮੁਖੀ ਨੂੰ ਵੀ ਸੀਮਾ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਜੇਕਰ ਉਹ ਨਹੀਂ ਆ ਰਹੀ ਤਾਂ ਬੱਚਿਆਂ ਨੂੰ ਲੈ ਕੇ ਆਓ। ਇਹ ਸਾਡੇ ਧਰਮ ਦੇ ਵਿਰੁੱਧ ਹੈ। ਧਾਰਮਿਕ ਆਗੂ ਰਸ਼ੀਦ ਮਹਿਮੂਦ ਸੁਮਰੂ ਅੱਗੇ ਆਉਣ ਤੇ ਇਸ ਔਰਤ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।”

ਮੰਦਿਰ ਪਾਕਿਸਤਾਨ

ਰਾਣੋ ਸ਼ਾਰ ਲੁਟੇਰਿਆਂ ਦੇ ਇੱਕ ਗਰੋਹ ਦਾ ਮੁਖੀ ਹੈ ਅਤੇ ਘੋਟਕੀ ਦੇ ਜੰਗਲਾਂ ਵਿੱਚ ਸਰਗਰਮ ਹੈ।

ਰਾਣੋ ਨੇ ਕਿਹਾ, ''ਮੈਂ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਸੀਮਾ ਦੇ ਭਾਰਤ ਜਾਣ ਦੀਆਂ ਖਬਰਾਂ ਦੇਖ ਰਿਹਾ ਸੀ। ਮੈਂ ਸੋਚਿਆ ਕਿ ਸਰਕਾਰ ਜ਼ਰੂਰ ਕੁਝ ਕਰ ਰਹੀ ਹੈ, ਪਰ ਜਦੋਂ ਕੁਝ ਨਹੀਂ ਹੋਇਆ ਤਾਂ ਮੈਨੂੰ ਇਹ ਸੰਦੇਸ਼ ਸੋਸ਼ਲ ਮੀਡੀਆ 'ਤੇ ਦੇਣਾ ਪਿਆ।”

ਹੱਥ ਜੋੜ ਕੇ ਰਾਣੋ ਨੇ ਕਿਹਾ, ''ਮੈਂ ਇਸ ਔਰਤ ਨੂੰ ਵਾਪਸ ਭੇਜਣ ਦੀ ਅਪੀਲ ਕਰਦਾ ਹਾਂ, ਨਹੀਂ ਤਾਂ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂ ਆਪਣੀ ਸੁਰੱਖਿਆ ਦੇ ਖੁਦ ਜ਼ਿੰਮੇਵਾਰ ਹੋਣਗੇ। ਅਸੀਂ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਲਵਾਂਗੇ। ਜੇਕਰ ਸੀਮਾ ਵਾਪਸ ਨਾ ਆਈ ਤਾਂ ਅਸੀਂ ਰਹਿਰਕੀ ਦਰਬਾਰ 'ਚ ਬੰਬ ਵਿਸਫੋਟ ਕਰਾਂਗੇ।”

ਸੀਮਾ ਗ਼ੁਲਾਮ ਹੈਦਰ ਤੇ ਸਚਿਨ ਮੀਨਾ
ਤਸਵੀਰ ਕੈਪਸ਼ਨ, ਸੀਮਾ ਗ਼ੁਲਾਮ ਹੈਦਰ ਤੇ ਸਚਿਨ ਮੀਨਾ

ਵੀਡੀਓ 'ਚ ਰਾਣੋ ਸ਼ਾਰ ਬੰਦੂਕ ਨਾਲ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਇਕ ਤਸਵੀਰ 'ਚ ਬੰਦੂਕ ਦੇ ਨਾਲ ਸੀਮਾ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਬਣਾਉਣ 'ਚ ਕਿਸੇ ਪ੍ਰੋਫੈਸ਼ਨਲ ਐਡੀਟਰ ਦੀ ਮਦਦ ਲਈ ਗਈ ਹੈ।

ਇੱਕ ਹੋਰ ਵੀਡੀਓ ਵਿੱਚ ਪੰਜ ਹਥਿਆਰਬੰਦ ਲੁਟੇਰੇ ਹਿੰਦੂ ਭਾਈਚਾਰੇ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ।

ਇਹ ਲੋਕ ਧਮਕੀ ਦਿੰਦੇ ਹਨ "ਜੇਕਰ ਸੀਮਾ ਵਾਪਸ ਨਹੀਂ ਆਈ ਤਾਂ ਜੈਕਬਾਬਾਦ, ਰਤੂਡੇਰੋ, ਕਸ਼ਮੀਰ ਅਤੇ ਜਿੱਥੇ ਵੀ ਹਿੰਦੂ ਰਹਿੰਦੇ ਹਨ, ਉਨ੍ਹਾਂ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।"

ਵੀਡੀਓ ਵਿੱਚ ਇਹ ਲੋਕ ਅਪਸ਼ਬਦ ਬੋਲਦੇ ਹਨ ਅਤੇ ਕਹਿੰਦੇ ਹਨ, "ਮਹਿਲਾ ਅਤੇ ਬੱਚਿਆਂ ਨੂੰ ਵਾਪਸ ਕਰੋ, ਉਹ ਬਲੋਚ ਹਨ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਪਾਕਿਸਤਾਨ ਜ਼ਿੰਦਾਬਾਦ।”

ਰਹਿਰਕੀ ਦਰਬਾਰ

ਰਹਿਰਕੀ ਦਰਬਾਰ ਕੀ ਹੈ?

ਸਿੰਧ ਦੇ ਉੱਤਰੀ ਪ੍ਰਾਂਤਾਂ ਵਿੱਚ ਹਿੰਦੂ ਭਾਈਚਾਰੇ ਦੇ ਜ਼ਿਆਦਾਤਰ ਲੋਕ ਵਪਾਰੀ ਹਨ। ਇਹ ਲੋਕ ਗਹਿਣੇ, ਖੇਤੀਬਾੜੀ ਅਤੇ ਚੌਲ ਮਿੱਲ ਦੇ ਕੰਮਾਂ ਨਾਲ ਜੁੜੇ ਹੋਏ ਹਨ।

ਇਨ੍ਹਾਂ ਜ਼ਿਲ੍ਹਿਆਂ ਦੇ ਸ਼ਿਕਾਰਪੁਰ ਅਤੇ ਘੋਟਕੀ ਵਿੱਚ ਕਈ ਧਾਰਮਿਕ ਸਥਾਨ ਹਨ ਅਤੇ ਕੁਝ ਸੰਤਾਂ ਦੀਆਂ ਮਜ਼ਾਰਾਂ ਹਨ।

ਰਹਿਰਕੀ ਦਰਬਾਰ ਉਹ ਸਥਾਨ ਹੈ ਜਿੱਥੇ ਸੰਤ ਸਤਰਾਮਦਾਸ ਦਾ ਜਨਮ 1866 ਵਿੱਚ ਹੋਇਆ ਸੀ। ਇਹਨਾਂ ਸੰਤਾਂ ਨੂੰ ਸੱਚੂ ਸਤਰਾਮ ਅਤੇ ਸੱਚਾ ਸਤਰਾਮ ਵੀ ਕਿਹਾ ਜਾਂਦਾ ਹੈ।

ਹਰ ਸਾਲ ਇਸ ਇਲਾਕੇ ਵਿੱਚ ਇੱਕ ਵੱਡਾ ਮੇਲਾ ਲੱਗਦਾ ਹੈ, ਜਿੱਥੇ ਭਾਰਤ ਤੋਂ ਵੀ ਸ਼ਰਧਾਲੂ ਆਉਂਦੇ ਹਨ। ਇਸ ਵਿੱਚ ਉਹ ਲੋਕ ਵੀ ਆਉਂਦੇ ਹਨ, ਜੋ ਵੰਡ ਵੇਲੇ ਭਾਰਤ ਚਲੇ ਗਏ ਸਨ।

ਵੰਡ ਤੋਂ ਪਹਿਲਾਂ ਧਾਰਮਿਕ ਦੰਗਿਆਂ ਵਿੱਚ ਇਸ ਦਰਬਾਰ ਨਾਲ ਸਬੰਧਤ ਭਗਤ ਕੁੰਵਰ ਰਾਮ ਦਾ ਕਤਲ ਕਰ ਦਿੱਤਾ ਗਿਆ ਸੀ। ਕੁੰਵਰ ਰਾਮ ਦੀ ਸਮਾਧ ਵੀ ਇਸੇ ਥਾਂ ’ਤੇ ਹੈ।

ਸ਼ਿਕਾਰਪੁਰ ਵਿੱਚ ਇੱਕ ਸਮਾਧ ਆਸ਼ਰਮ ਵੀ ਹੈ। ਇਸ ਆਸ਼ਰਮ ਦੇ ਭਗਵਾਨ ਦਾਸ ਕਹਿੰਦੇ ਹਨ ਕਿ ਇਹ ਆਸ਼ਰਮ 250 ਸਾਲ ਪੁਰਾਣਾ ਹੈ, ਇਸ ਦਰਬਾਰ ਦੇ ਪਹਿਲੇ ਗੱਦੀਨਸ਼ੀ ਬਾਬਾ ਹਰਭਜਨ ਸਿੰਘ ਪੰਜਾਬ ਤੋਂ ਆਏ ਸਨ।

ਸਿੰਧ ਨਦੀ ਦੇ ਵਿਚਕਾਰ ਸੱਕਰ ਵਿੱਚ ਬਾਬਾ ਬਣਖੰਡੀ ਮਹਾਰਾਜ ਦਾ ਦਰਬਾਰ ਵੀ ਹੈ। ਇਸ ਸਥਾਨ ਨੂੰ ਸਾਧ ਬੇਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ।

ਸੀਮਾ ਰਿੰਦ

ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਬਾਰੇ ਖਾਸ ਗੱਲਾਂ:

  • ਪਾਕਿਸਤਾਨੀ ਨਾਗਰਿਕ ਸੀਮਾ ਗ਼ੁਲਾਮ ਹੈਦਰ ਅਤੇ ਨੋਇਡਾ ਵਾਸੀ ਉਨ੍ਹਾਂ ਦੇ ਪ੍ਰੇਮੀ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਸੀ
  • ਸੀਮਾ ਤੇ ਸਚਿਨ ਜ਼ਮਾਨਤ ਉਪਰ ਰਿਹਾਆ ਹੋ ਕੇ ਬਾਹਰ ਆ ਗਏ ਹਨ
  • ਲਗਭਗ ਡੇਢ ਮਹੀਨੇ ਪਹਿਲਾਂ ਸੀਮਾ ਗੈਰ ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਏ ਸਨ
  • ਉਸ ਤੋਂ ਬਾਅਦ ਉਹ ਹਿੰਦੂ ਮਹਿਲਾ ਬਣ ਕੇ ਸਚਿਨ ਦੇ ਨਾਲ ਨੋਇਡਾ ਦੇ ਇੱਕ ਫਲੈਟ 'ਚ ਕਿਰਾਏ 'ਤੇ ਰਹਿ ਰਹੇ ਸਨ
  • ਸੀਮਾ ਦੇ ਚਾਰ ਬੱਚੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਬਜੀ ਖੇਡਣ ਦੌਰਾਨ ਉਨ੍ਹਾਂ ਦਾ ਸਚਿਨ ਨਾਲ ਪਿਆਰ ਪਿਆ
  • ਦੂਜੇ ਪਸੇ, ਸੀਮਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਪਬਜੀ ਗੇਮ ਕਾਰਨ ਭਟਕ ਗਏ ਸਨ ਅਤੇ ਸੀਮਾ ਦਾ ਪਿਆਰ ਉਨ੍ਹਾਂ ਨੂੰ ਵਾਪਿਸ ਲੈ ਕੇ ਆਇਆ
  • ਹਾਲਾਂਕਿ, ਸੀਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ ਤੇ ਉਹ ਸਚਿਨ ਨਾਲ ਵਿਆਹ ਕਰਨਾ ਚਾਹੁੰਦੇ ਹਨ
ਸੀਮਾ ਰਿੰਦ

ਹਿੰਦੂ ਭਾਈਚਾਰਾ ਮੀਡੀਆ ਤੋਂ ਦੂਰ, ਪੁਲਿਸ ਨੇ ਕੀ ਕਿਹਾ?

ਉੱਤਰੀ ਸਿੰਧ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਮੀਡੀਆ ਨਾਲ ਗੱਲ ਕਰਨ ਤੋਂ ਪਰਹੇਜ਼ ਕਰਦੇ ਨਜ਼ਰ ਆ ਰਹੇ ਹਨ।

ਅਸੀਂ ਕਈ ਸਥਾਨਕ ਲੋਕਾਂ ਨਾਲ ਵੀ ਗੱਲ ਕੀਤੀ, ਪਰ ਉਨ੍ਹਾਂ ਸਾਰਿਆਂ ਨੇ ਕਿਹਾ ਕਿ ਉਹ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ।

ਘੋਟਕੀ ਵਿੱਚ ਪੀਪਲਜ਼ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਕੁਕੂ ਰਾਮ ਨੇ ਬੀਬੀਸੀ ਨੂੰ ਦੱਸਿਆ, "ਇਲਾਕੇ ਵਿੱਚ ਪੁਲਿਸ ਸੁਰੱਖਿਆ ਬਲ ਭੇਜੇ ਗਏ ਹਨ ਅਤੇ ਰੇਂਜਰ ਵੀ ਪਹੁੰਚ ਗਏ ਹਨ, ਜੋ ਸਾਡਾ ਸਾਥ ਦੇ ਰਹੇ ਹਨ। ਸਾਡਾ ਭਾਈਚਾਰਾ ਸ਼ਾਂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਅਸੀਂ ਨਿਰਾਸ਼ ਹਾਂ ਕਿ ਸਿੰਧ ਵਿੱਚ ਸਾਡੇ ਹੀ ਭਰਾ ਅਜਿਹੇ ਬਿਆਨ ਦੇ ਰਹੇ ਹਨ।”

ਕੁੱਕੂ ਰਾਮ ਨੇ ਕਿਹਾ, ''ਕੌਮ ਦੇ ਲੋਕਾਂ 'ਚ ਗੁੱਸਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਮਾਮਲਾ ਇੱਥੋਂ ਦਾ ਨਹੀਂ ਹੈ। ਭਾਰਤ ਸਾਡਾ ਗੁਆਂਢੀ ਦੇਸ਼ ਹੈ। ਅਸੀਂ ਨਾ ਓਥੇ ਜੰਮੇ ਤੇ ਨਾ ਉਥੋਂ ਦੇ ਵਸਨੀਕ ਹਾਂ। ਅਸੀਂ ਪਾਕਿਸਤਾਨ ਵਿੱਚ ਪੈਦਾ ਹੋਏ ਹਾਂ ਅਤੇ ਸਿੰਧ ਦੀ ਮਿੱਟੀ ਦੇ ਬਣੇ ਹਾਂ।”

ਸੱਕਰ ਦੇ ਡੀਆਈਜੀ ਜਾਵੇਦ ਜਸਕਾਨੀ ਨੇ ਕਿਹਾ, “ਅਸੀਂ ਰਾਣੋ ਸ਼ਾਰ ਨੂੰ ਫੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਨੇ ਧਮਕੀ ਭਰੇ ਵੀਡੀਓ ਸੰਦੇਸ਼ ਜਾਰੀ ਕੀਤੇ ਸਨ। ਜੇਕਰ ਧਾਰਮਿਕ ਜਥੇਬੰਦੀਆਂ ਨੇ ਹੱਥ ਮਿਲਾ ਲਿਆ ਤਾਂ ਡਾਕੂਆਂ ਦੇ ਖਤਰੇ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਹੋਰ ਗੰਭੀਰ ਹੋ ਸਕਦੀਆਂ ਹਨ।”

ਜਾਵੇਦ ਜਸਕਾਨੀ ਨੇ ਕਿਹਾ, “ਸਾਡੇ ਜ਼ਿਲ੍ਹੇ ਦੇ ਐੱਸਐੱਸਪੀ ਮੰਦਰਾਂ ਅਤੇ ਹਿੰਦੂ ਗਿਣਤੀ ਵਾਲੇ ਇਲਾਕਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਇਨ੍ਹਾਂ ਵਿੱਚ ਸੁਰੱਖਿਆ ਬਲਾਂ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ, ਗਸ਼ਤ ਹੋ ਰਹੀ ਹੈ ਅਤੇ ਹਿੰਦੂਆਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਫੜਨ ਲਈ ਤੇਜ਼ ਕਾਰਵਾਈਆਂ ਹੋ ਰਹੀਆਂ ਹਨ।”

ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਵੀਰਜੀ ਕੋਹਲੀ ਨੇ ਬੀਬੀਸੀ ਨੂੰ ਦੱਸਿਆ, "ਸਿੰਧ ਸੂਬੇ ਦੇ ਸਾਰੇ ਮੰਦਰਾਂ ਵਿੱਚ ਪੁਲਿਸ ਤਾਇਨਾਤ ਹੈ ਅਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।"

ਉਨ੍ਹਾਂ ਕਿਹਾ, ''ਜੇਕਰ ਕੋਈ ਹਿੰਦੂ ਕੁੜੀ ਜਾਂਦੀ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਕਾਨੂੰਨੀ ਤੌਰ 'ਤੇ ਲੜਕੀ ਦੇ ਬਿਆਨ ਦੀ ਮਾਨਤਾ ਹੁੰਦੀ ਹੈ। ਸਿਰਫ਼ ਬਾਲਗ ਹੋਣੀ ਚਾਹੀਦੀ ਹੈ। ਅਜਿਹੇ 'ਚ ਜੇਕਰ ਕੋਈ ਧਰਮ ਬਦਲ ਕੇ ਵਿਆਹ ਕਰਵਾ ਰਿਹਾ ਹੈ ਤਾਂ ਅਸੀਂ ਉਨ੍ਹਾਂ ਨੂੰ ਕੁਝ ਨਹੀਂ ਕਹਿ ਸਕਦੇ।”

ਸੀਮਾ ਗ਼ੁਲਾਮ ਹੈਦਰ ਤੇ ਸਚਿਨ ਮੀਨਾ
ਤਸਵੀਰ ਕੈਪਸ਼ਨ, ਸੀਮਾ ਗ਼ੁਲਾਮ ਹੈਦਰ ਤੇ ਸਚਿਨ ਮੀਨਾ

ਸੀਮਾ ਕਾਰਨ ਭਾਰਤ-ਪਾਕਿਸਤਾਨ 'ਚ ਚਰਚਾ

ਪਿਛਲੇ ਕੁਝ ਦਿਨਾਂ ਤੋਂ ਸੀਮਾ ਹੈਦਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਸੋਸ਼ਲ ਮੀਡੀਆ 'ਤੇ ਚਰਚਾ ਜ਼ੋਰਾਂ 'ਤੇ ਹੈ।

ਪਰ ਸਿਆਸੀ ਹਲਕਿਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਇਸ ਖ਼ਬਰ ’ਤੇ ਸੰਨਾਟਾ ਛਾਇਆ ਹੋਇਆ ਸੀ।

ਹਾਲਾਂਕਿ, ਮੰਗਲਵਾਰ ਨੂੰ ਸਿੰਧ ਵਿੱਚ ਜਮਾਤ-ਏ-ਉਲੇਮਾ-ਏ-ਇਸਲਾਮ ਦੇ ਜਨਰਲ ਸਕੱਤਰ ਅੱਲਾਮਾ ਰਾਸ਼ਿਦ ਮਹਿਮੂਦ ਸੂਮਰੂ ਨੇ ਕਿਹਾ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਕਿ ਸੀਮਾ ਅਤੇ ਉਸ ਦੇ ਬੱਚਿਆਂ ਨੂੰ ਵੀਜ਼ਾ ਕਿੱਥੋਂ ਮਿਲਿਆ?

ਸੀਮਾ ਹੈਦਰ

ਰਾਸ਼ਿਦ ਮਹਿਮੂਦ ਸੂਮਰੂ ਨੇ ਕਿਹਾ, "ਇੱਕ ਮੁਸਲਿਮ ਔਰਤ ਨੇ ਭਾਰਤ ਜਾ ਕੇ ਹਿੰਦੂ ਧਰਮ ਅਪਣਾ ਲਿਆ, ਉਸ ਦਾ ਸਾੜੀ ਪਾ ਕੇ ਹਿੰਦੀ ਵਿੱਚ ਬੋਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਸਾਨੂੰ ਡਰ ਹੈ ਕਿ ਕਿਤੇ ਇਸ ਇਲਾਕੇ ਵਿੱਚ ਹਿੰਦੂ-ਮੁਸਲਿਮ ਦੰਗੇ ਕਰਵਾਉਣ ਦੀ ਕੋਈ ਸਾਜ਼ਿਸ਼ ਤਾਂ ਨਾ ਹੋਵੇ।”

ਰਾਸ਼ਿਦ ਮਹਿਮੂਦ ਸੂਮਰੂ ਨੇ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸੀਮਾ ਹੈਦਰ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਹ ਮਹਿਲਾ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਪਰਤੇ। ਹਿੰਦੂ ਅਤੇ ਸਿੱਖ ਸਾਡੇ ਭਰਾ ਹਨ।

ਰਾਸ਼ਿਦ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਰਾਣੋ ਸ਼ਾਰ ਨੂੰ ਮਾਮਲੇ ਵਿੱਚ ਦਾਖਿਲ ਦੇਣ ਦੀ ਅਪੀਲ ਕੀਤੀ ਸੀ।

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇ ਬਾਰੇ 'ਚ ਰਾਸ਼ਿਦ ਨੇ ਕਿਹਾ, ''ਇਸ ਵੀਡੀਓ ਦੇ ਆਉਣ ਨਾਲ ਇਲਾਕੇ 'ਚ ਤਣਾਅ ਹੈ। ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਮਾਮਲਾ ਸਥਾਨਕ ਕਬੀਲਿਆਂ ਦੇ ਲੋਕਾਂ ਲਈ ਕਿੰਨਾ ਸੰਵੇਦਨਸ਼ੀਲ ਅਤੇ ਅਹਿਮ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)