ਗਲ਼ੇ ਵਿੱਚ ਰਾਧੇ-ਰਾਧੇ ਦਾ ਦੁਪੱਟਾ ਤੇ ਮੰਗਲਸੂਤਰ, ਹੱਥ ਵਿੱਚ ਲਾਲ ਚੂੜੀਆਂ ਤੇ ਮੱਥੇ 'ਤੇ ਬਿੰਦੀ, ਸੀਮਾ ਨੇ ਦੱਸੀ ਭਾਰਤ ਆਉਣ ਦੀ ਕਹਾਣੀ

ਸੀਮਾ-ਸਚਿਨ
ਤਸਵੀਰ ਕੈਪਸ਼ਨ, ਸੀਮਾ ਗ਼ੁਲਾਮ ਹੈਦਰ ਤੇ ਸਚਿਨ ਮੀਨਾ
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਦੋ ਕਮਰਿਆਂ ਦਾ ਘਰ ਚਾਰੇ ਪਾਸਿਓਂ ਪੱਤਰਕਾਰਾਂ, ਕੈਮਰਿਆਂ ਅਤੇ ਮਾਈਕਾਂ ਨਾਲ ਭਰਿਆ ਹੋਇਆ ਹੈ। ਪਾਕਿਸਤਾਨ ਤੋਂ ਆਪਣੇ ਪ੍ਰੇਮੀ ਕੋਲ ਭਾਰਤ ਪਹੁੰਚੀ ਸੀਮਾ ਗ਼ੁਲਾਮ ਹੈਦਰ ਪੂਰੇ ਹੌਸਲੇ ਤੇ ਭਰੋਸੇ ਨਾਲ ਸਵਾਲਾਂ ਦੇ ਜਵਾਬ ਦੇ ਰਹੀ ਹੈ।

ਨੇੜੇ ਹੀ ਉਸ ਦਾ ਪ੍ਰੇਮੀ ਸਚਿਨ ਮੀਨਾ ਵੀ ਕੁਰਸੀ 'ਤੇ ਬੈਠਾ ਹੈ।

ਦੇਸ਼ ਦੇ ਵੱਡੇ ਨਿਊਜ਼ ਚੈਨਲਾਂ ਦੇ ਐਂਕਰ, ਰਿਪੋਰਟਰਾਂ ਤੋਂ ਲੈ ਕੇ ਦਰਜਨਾਂ ਯੂਟਿਊਬਰ ਸੀਮਾ ਨਾਲ ਗੱਲ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।

ਘਰ ਦੀ ਭੀੜ ਦਰਮਿਆਨ ਸੀਮਾ ਦੇ ਚਾਰ ਬੱਚਿਆਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਕੁਝ ਪੱਤਰਕਾਰ ਇਨ੍ਹਾਂ ਬੱਚਿਆਂ ਨੂੰ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਲਈ ਮਜਬੂਰ ਕਰ ਰਹੇ ਹਨ ਅਤੇ ਅਜਿਹਾ ਕਰਦੇ ਹੋਏ ਬੱਚਿਆਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰ ਰਹੇ ਹਨ।

ਇਸ ਦੌਰਾਨ ਕਸਬੇ ਦੀਆਂ ਕੁਝ ਔਰਤਾਂ ਅਤੇ ਕੁਝ ਹਿੰਦੂਵਾਦੀ ਸੰਗਠਨਾਂ ਦੇ ਲੋਕ ਵੀ ਮਿਲਣ ਆ ਰਹੇ ਹਨ। ਆਸ਼ੀਰਵਾਦ ਦਿੰਦੇ ਹੋਏ ਇਹ ਲੋਕ ਸੀਮਾ ਦੇ ਹੱਥ 'ਚ ਕੁਝ ਪੈਸੇ ਫੜਾ ਕੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ।

ਗ਼ਮਗੀਨ ਮਾਹੌਲ ਦੌਰਾਨ ਘਰ ਵਿੱਚ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਸੁਣਾਈ ਦਿੰਦੇ ਹਨ, ਉਥੇ ਹੀ ਕੁਝ ਲੋਕ ਸੀਮਾ ਨੂੰ ਘਰ 'ਚ ਲੱਗੇ ਤੁਲਸੀ ਦੇ ਬੂਟੇ ਨੂੰ ਪਾਣੀ ਦੇਣ ਲਈ ਵੀ ਕਹਿੰਦੇ ਹਨ।

ਇਹ ਦ੍ਰਿਸ਼ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਰਬੂਪੁਰਾ 'ਚ ਸਚਿਨ ਮੀਨਾ ਦੇ ਘਰ ਦੇ ਹਨ। ਸੀਮਾ ਤੇ ਸਚਿਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ।

ਬੀਬੀਸੀ ਦੀ ਟੀਮ ਵੀ ਸਵੇਰ ਤੋਂ ਭਾਰੀ ਮੀਂਹ ਦੇ ਵਿਚਕਾਰ ਸੀਮਾ ਹੈਦਰ ਅਤੇ ਸਚਿਨ ਮੀਨਾ ਨੂੰ ਮਿਲਣ ਪਹੁੰਚੀ।

ਘਰ ਵਿੱਚ ਦਾਖ਼ਲ ਹੁੰਦੇ ਹੀ ਸਚਿਨ ਦੇ ਪਿਤਾ ਨੇਤਰਪਾਲ ਮੀਨਾ, ਮੰਜੇ 'ਤੇ ਬੈਠੇ, ਹੱਥ ਜੋੜ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਕਹਿੰਦੇ ਹਨ, "ਹੁਣ ਸਭ ਠੀਕ ਹੈ, ਬੱਚੇ ਖੁਸ਼ ਹਨ।"

ਕੁਝ ਘੰਟੇ ਉਡੀਕ ਕਰਨ ਤੋਂ ਬਾਅਦ ਸੀਮਾ ਅਤੇ ਸਚਿਨ ਨਾਲ ਗੱਲ ਕਰਨ ਲਈ ਸਾਡੀ ਵਾਰੀ ਆਈ।

ਕਰੀਬ ਵੀਹ ਮਿੰਟਾਂ ਦੀ ਗੱਲਬਾਤ ਵਿੱਚ ਦੋਵਾਂ ਨੇ ਦੋਸਤੀ ਤੋਂ ਸ਼ੁਰੂ ਹੋਣ ਤੋਂ ਲੈ ਕੇ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਜਾਸੂਸੀ ਦੇ ਇਲਜਾਮ, ਵਿਆਹ, ਹਿੰਦੂ ਧਰਮ ਅਪਣਾਉਣਾ ਤੱਕ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜੋ ਆਮ ਲੋਕਾਂ ਦੇ ਜ਼ਹਿਨ ਵਿੱਚ ਖੜੇ ਹੋ ਰਹੇ ਹਨ।

ਸੀਮਾ ਗੁਲਾਮ ਹੈਦਰ
ਤਸਵੀਰ ਕੈਪਸ਼ਨ, ਸੀਮਾ ਹੈਦਰ ਨੂੰ ਤੁਲਸੀ ਦੇ ਪੌਦੇ ਦੀ ਪੂਜਾ ਕਰਦੇ ਹੋਏ

ਪਬਜੀ ਦੇ ਦੋ ਖਿਡਾਰੀ

ਪਾਕਿਸਤਾਨ ਦੀ ਸੀਮਾ ਹੈਦਰ ਦਾ ਵਿਆਹ ਜੈਕਬਾਬਾਦ ਦੇ ਰਹਿਣ ਵਾਲੇ ਗ਼ੁਲਾਮ ਹੈਦਰ ਨਾਲ ਸਾਲ 2014 'ਚ ਹੋਇਆ ਸੀ।

ਇਸ ਵਿਆਹ ਤੋਂ ਉਸ ਦੇ ਚਾਰ ਬੱਚੇ ਹੋਏ। ਬਾਅਦ ਵਿੱਚ ਦੋਵੇਂ ਕਰਾਚੀ ਜਾ ਕੇ ਰਹਿਣ ਲੱਗੇ ਅਤੇ ਸਾਲ 2019 ਵਿੱਚ ਗ਼ੁਲਾਮ ਹੈਦਰ ਕੰਮ ਦੇ ਸਿਲਸਿਲੇ ਵਿੱਚ ਸਾਊਦੀ ਅਰਬ ਚਲੇ ਗਏ।

ਇਹ ਉਹ ਸਮਾਂ ਸੀ ਜਦੋਂ ਸੀਮਾ ਨੇ ਸਚਿਨ ਮੀਨਾ ਨਾਲ ਗੱਲ ਕਰਨੀ ਸ਼ੁਰੂ ਕੀਤੀ ਅਤੇ ਇਸ ਦੇ ਜ਼ਰੀਆ ਬਣੀ ਇੱਕ ਆਨਲਾਈਨ ਗੇਮ ‘ਪਬਜੀ’।

ਸੀਮਾ ਕਹਿੰਦੇ ਹਨ, “ਸਾਡੀ ਲਵ ਸਟੋਰੀ ਪਬਜੀ ਖੇਡਣ ਨਾਲ ਸ਼ੁਰੂ ਹੋਈ ਸੀ। ਸਚਿਨ ਪੁਰਾਣਾ ਖਿਡਾਰੀ ਸੀ ਤੇ ਮੈਂ ਨਵੀਂ।”

“'ਪਬਜੀ' 'ਤੇ ਮੇਰਾ ਨਾਂ ਮਾਰੀਆ ਖਾਨ ਸੀ। ਸਚਿਨ ਨੇ ਮੈਨੂੰ ਗੇਮ ਖੇਡਣ ਲਈ ਬੇਨਤੀ ਭੇਜੀ ਸੀ। ਅਸੀਂ ਗੇਮ ਖੇਡਦੇ ਹੋਏ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਜਦੋਂ ਵੀ ਸਚਿਨ ਗੇਮ ਖੇਡਣ ਲਈ ਆਨਲਾਈਨ ਆਉਂਦੇ ਸਨ, ਤਾਂ ਉਹ ਮੈਨੂੰ 'ਗੁੱਡ ਮਾਰਨਿੰਗ', 'ਤੁਮ ਭੀ ਆਓ ਜੀ' ਮੈਸੇਜ ਕਰਦੇ ਸਨ।"

ਸੀਮਾ ਗੁਲਾਮ ਹੈਦਰ

ਖੇਡ-ਖੇਡ ਵਿੱਚ ਦੋਸਤੀ

ਸੀਮਾ ਕਹਿੰਦੇ ਹਨ, ''ਤਿੰਨ ਤੋਂ ਚਾਰ ਮਹੀਨੇ ਤੱਕ ਗੇਮ ਖੇਡਣ ਤੋਂ ਬਾਅਦ ਅਸੀਂ ਦੋਸਤ ਬਣ ਗਏ। ਮੈਂ ਉਸ ਨੂੰ ਵੀਡੀਓ ਕਾਲ 'ਤੇ ਪਾਕਿਸਤਾਨ ਦਿਖਾਉਂਦੀ ਸੀ,ਉਹ ਮੈਨੂੰ ਭਾਰਤ ਦਿਖਾਉਂਦਾ ਸੀ। ਉਹ ਖੁਸ਼ ਸੀ ਕਿ ਉਹ ਪਾਕਿਸਤਾਨ ਨੂੰ ਦੇਖ ਰਿਹਾ ਸੀ ਅਤੇ ਮੈਂ ਖੁਸ਼ ਸੀ ਕਿ ਉਹ ਭਾਰਤ ਨੂੰ ਦੇਖ ਰਿਹਾ ਸੀ। ਜੇਕਰ ਕਿਸੇ ਹੋਰ ਦੇਸ਼ ਦਾ ਵਿਅਕਤੀ ਤੁਹਾਡੇ ਨਾਲ ਗੱਲ ਕਰੇ ਤਾਂ ਖੁਸ਼ੀ ਹੁੰਦੀ ਹੈ।”

"ਮੈਨੂੰ ਹੋਰ ਖੁਸ਼ੀ ਹੋਈ ਕਿ ਮੈਂ ਇੰਡੀਆ ਦੇ ਇੱਕ ਮੁੰਡੇ ਨਾਲ ਗੱਲ ਕਰ ਰਹੀ ਸੀ। ਇਸ ਤਰ੍ਹਾਂ ਹੀ ਸਾਡੀਆਂ ਗੱਲਾਂ ਸਾਰੀ ਸਾਰੀ ਰਾਤ ਚੱਲਦੀਆਂ ਰਹਿੰਦੀਆਂ। ਸਾਨੂੰ ਆਦਤ ਪੈ ਗਈ ਤੇ ਪਿਆਰ ਹੋ ਗਿਆ।"

ਪਿਆਰ ਪਰਵਾਨ ਚੜਿਆ ਤਾਂ ਸੀਮਾ ਨੇ ਸਚਿਨ ਨੂੰ ਮਿਲਣ ਦਾ ਫ਼ੈਸਲਾ ਕੀਤਾ ਪਰ ਸੀਮਾ ਲਈ ਇਹ ਸੌਖਾ ਨਹੀਂ ਸੀ।

ਸੀਮਾ ਹੈਦਰ ਕਹਿੰਦੇ ਹੈ, “ਇਹ ਨਹੀਂ ਕਿ ਮੈਂ ਪਾਕਿਸਤਾਨ ਨੂੰ ਨਫ਼ਰਤ ਕਰਦੀ ਹਾਂ, ਮੈਂ ਉੱਥੇ ਰਹੀ ਹਾਂ, ਮੇਰਾ ਬਚਪਨ ਉੱਥੇ ਹੀ ਬੀਤਿਆ ਹੈ। ਮੇਰੇ ਭਰਾ-ਭੈਣ, ਮਾਪੇ ਸਭ ਉਥੋਂ ਦੇ ਹਨ। ਮੇਰੇ ਮਾਤਾ-ਪਿਤਾ ਦੀਆਂ ਕਬਰਾਂ ਉਥੇ ਹਨ।”

"ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਫਿਰ ਮਰ ਜਾਣਾ ਹੁੰਦਾ ਹੈ। ਕੁਝ ਸਾਲਾਂ ਬਾਅਦ ਬੁਢਾਪਾ ਤੇ ਫ਼ਿਰ ਮੌਤ।”

“ਮੇਰੇ ਪਾਪਾ ਵੀ ਕਦੇ ਜ਼ਿਉਂਦੇ ਸਨ। ਮੈਂ ਉਨ੍ਹਾਂ ਦੀ ਮੌਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ, ਤੇ ਆਖੀਰ ਮੈਂ ਆਪਣਾ ਪਿਆਰ ਚੁਣਿਆ।"

ਸੀਮਾ

ਤਸਵੀਰ ਸਰੋਤ, SEEMA

ਤਸਵੀਰ ਕੈਪਸ਼ਨ, ਸੀਮਾ ਤੇ ਹੈਦਰ ਦੀ ਨੇਪਾਲ ਦੀ ਇੱਕ ਤਸਵੀਰ

ਪਿਆਰ ਲਈ ਪਹਿਲੀ ਉਡਾਣ

ਸੀਮਾ ਹੈਦਰ ਨੇ ਆਪਣੇ ਪਿਆਰ ਨੂੰ ਮਿਲਣ ਲਈ ਨੇਪਾਲ ਨੂੰ ਚੁਣਿਆ ਸੀ ਪਰ ਇਸ ਨੂੰ ਚੁਣਨ ਪਿੱਛੇ ਇਕ ਖ਼ਾਸ ਕਾਰਨ ਸੀ।

ਸੀਮਾ ਕਹਿੰਦੇ ਹਨ, “ਅਸੀਂ ਦੁਬਈ ਵੀ ਮਿਲ ਸਕਦੇ ਸੀ, ਪਰ ਸਚਿਨ ਕੋਲ ਪਾਸਪੋਰਟ ਨਹੀਂ ਸੀ। ਸਾਨੂੰ ਪਤਾ ਲੱਗਾ ਕਿ ਭਾਰਤ ਦੇ ਲੋਕ ਬਿਨਾਂ ਪਾਸਪੋਰਟ ਦੇ ਨੇਪਾਲ ਜਾ ਸਕਦੇ ਹਨ ਇਸ ਲਈ ਅਸੀਂ ਨੇਪਾਲ ਵਿੱਚ ਮਿਲਣ ਦਾ ਫ਼ੈਸਲਾ ਲਿਆ।”

ਮੁਲਾਕਾਤ ਦਾ ਸਮਾਂ ਅਤੇ ਸਥਾਨ ਤੈਅ ਕਰਨ ਤੋਂ ਬਾਅਦ ਸੀਮਾ ਨੇ ਨੇਪਾਲ ਦਾ ਟੂਰਿਸਟ ਵੀਜ਼ਾ ਲਿਆ ਤੇ ਸ਼ਾਰਜਾਹ ਦੇ ਰਸਤੇ ਕਾਠਮੰਡੂ ਪਹੁੰਚੇ।

ਸੀਮਾ ਦੱਸਦੇ ਹਨ, “ਪਹਿਲੀ ਵਾਰ ਮੈਂ 10 ਮਾਰਚ 2023 ਨੂੰ ਪਾਕਿਸਤਾਨ ਤੋਂ ਨਿਕਲੀ ਤੇ ਸ਼ਾਮ ਨੂੰ ਕਾਠਮੰਡੂ ਪਹੁੰਚ ਗਈ। ਮੈਂ ਪਹਿਲੀ ਵਾਰ ਹਵਾਈ ਜਹਾਜ਼ ਦਾ ਸਫ਼ਰ ਕਰ ਰਹੀ ਸੀ। ਜਦੋਂ ਜਹਾਜ਼ ਉਡਿਆ, ਮੈਂ ਪੂਰੀ ਤਰ੍ਹਾਂ ਬੋਲ਼ੀ ਹੋ ਰਹੀ ਸੀ।"

"ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੰਨਾਂ ਵਿੱਚ ਦਰਦ ਕਿਉਂ ਹੋ ਰਿਹਾ ਹੈ? ਮੈਂ ਆਪਣੇ ਨਾਲ ਬੈਠੇ ਲੋਕਾਂ ਨੂੰ ਪੁੱਛਿਆ ਕਿ ਕੰਨਾਂ ਵਿੱਚ ਦਰਦ ਕਿਉਂ ਹੈ? ਤਾਂ ਉਨ੍ਹਾਂ ਕਿਹਾ ਕਿ ਇਹ ਆਮ ਗੱਲ ਹੈ, ਜਦੋਂ ਜਹਾਜ਼ ਉਡਦਾ ਹੈ ਤਾਂ ਦਰਦ ਹੁੰਦਾ ਹੈ।"

ਸੀਮਾ ਗੁਲਾਮ ਹੈਦਰ

ਨੇਪਾਲ ਵਿੱਚ ਵਿਆਹ ਤੇ ਹਿੰਦੂ ਧਰਮ ਅਪਣਾਉਣਾ

ਸਚਿਨ ਪਹਿਲਾਂ ਹੀ ਕਾਠਮੰਡੂ 'ਚ ਸੀਮਾ ਦਾ ਇੰਤਜ਼ਾਰ ਕਰ ਰਹੇ ਸਨ।

ਸਚਿਨ ਮੁਤਾਬਕ ਉਨ੍ਹਾਂ ਨੇ ਨਿਊ ਬੱਸ ਪਾਰਕ ਇਲਾਕੇ 'ਚ ਨਿਊ ਵਿਨਾਇਕ ਹੋਟਲ 'ਚ ਇੱਕ ਕਮਰਾ ਕਿਰਾਏ 'ਤੇ ਲਿਆ ਸੀ, ਜਿਸ ਲਈ ਉਹ ਹੋਟਲ ਮਾਲਕ ਨੂੰ ਰੋਜ਼ਾਨਾ 500 ਰੁਪਏ ਦਿੰਦੇ ਸਨ।

ਇਸ ਸਮੇਂ ਦੀਆਂ ਸੀਮਾ ਹੈਦਰ ਦੇ ਇੰਸਟਾਗ੍ਰਾਮ 'ਤੇ ਕਈ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ 'ਚ ਦੋਵੇਂ ਕਾਠਮੰਡੂ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹੀ ਦੋਵਾਂ ਨੇ ਇੱਕ ਵੱਡਾ ਫ਼ੈਸਲਾ ਲਿਆ।

ਸੀਮਾ ਨੇ ਕਿਹਾ, “ਸਾਡਾ ਵਿਆਹ 13 ਮਾਰਚ ਨੂੰ ਕਾਠਮੰਡੂ ਦੇ ਪਸ਼ੂਪਤੀ ਨਾਥ ਮੰਦਰ ਵਿੱਚ ਹੋਇਆ ਸੀ। ਟੈਕਸੀ ਡਰਾਈਵਰ ਦੀ ਮਦਦ ਨਾਲ ਅਸੀਂ ਵਿਆਹ ਕਰਵਾ ਸਕੇ। ਸਾਡੇ ਕੋਲ ਵੀਡੀਓ ਵੀ ਹਨ... ਮੈਂ ਖ਼ੁਦ ਹਿੰਦੂ ਧਰਮ ਅਪਣਾ ਲਿਆ ਹੈ। ਮੇਰੇ 'ਤੇ ਕਿਸੇ ਨੇ ਦਬਾਅ ਨਹੀਂ ਪਾਇਆ।''

"ਗ਼ੁਲਾਮ ਹੈਦਰ (ਸੀਮਾ ਦਾ ਪਤੀ) ਵੀਡੀਓ ਵਿੱਚ ਕਹਿ ਰਿਹਾ ਹੈ ਕਿ ਮੇਰਾ ਕਿਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਹੈ। ਪਰ ਕਿਸੇ ਨੇ ਅਜਿਹੇ ਨਹੀਂ ਕੀਤਾ, ਮੈਂ ਆਪਣੀ ਮਰਜ਼ੀ ਨਾਲ ਆਈ ਹਾਂ। ਮੈਂ ਸਚਿਨ ਦੇ ਪਿਆਰ ਵਿੱਚ ਆਈ ਹਾਂ। ਮੁਹੱਬਤ ਵਿੱਚ ਹੀ ਮੈਂ ਹਿੰਦੂ ਧਰਮ ਸਵਿਕਾਰਿਆ ਹੈ।"

ਵਿਆਹ ਤਾਂ ਹੋ ਗਿਆ ਪਰ ਸੀਮਾ ਭਾਰਤ ਨਹੀਂ ਆ ਸਕੀ ਕਿਉਂਕਿ ਕਰਾਚੀ ਵਿੱਚ ਚਾਰ ਬੱਚੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਹ ਲਾਹੌਰ ਵਿੱਚ ਇੱਕ ਦਰਗਾਹ 'ਤੇ ਜਾਣ ਦੇ ਬਹਾਨੇ ਸਚਿਨ ਨੂੰ ਮਿਲਣ ਲਈ ਨੇਪਾਲ ਆਈ ਸੀ।

BBC

ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਬਾਰੇ ਖਾਸ ਗੱਲਾਂ:

  • ਪਾਕਿਸਤਾਨੀ ਨਾਗਰਿਕ ਸੀਮਾ ਗ਼ੁਲਾਮ ਹੈਦਰ ਅਤੇ ਨੋਇਡਾ ਵਾਸੀ ਉਨ੍ਹਾਂ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
  • ਲਗਭਗ ਡੇਢ ਮਹੀਨੇ ਪਹਿਲਾਂ ਸੀਮਾ ਗੈਰ ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਏ ਸਨ
  • ਉਸ ਤੋਂ ਬਾਅਦ ਉਹ ਹਿੰਦੂ ਮਹਿਲਾ ਬਣ ਕੇ ਸਚਿਨ ਦੇ ਨਾਲ ਨੋਇਡਾ ਦੇ ਇੱਕ ਫਲੈਟ 'ਚ ਕਿਰਾਏ 'ਤੇ ਰਹਿ ਰਹੇ ਸਨ
  • ਭਾਰਤ ਵਿੱਚ, ਪੁਲਿਸ ਨੂੰ ਸੀਮਾ ਬਾਰੇ ਸੂਹ ਲੱਗ ਗਈ ਸੀ ਅਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
  • ਸੀਮਾ ਦੇ ਚਾਰ ਬੱਚੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਬਜੀ ਖੇਡਣ ਦੌਰਾਨ ਉਨ੍ਹਾਂ ਦਾ ਸਚਿਨ ਨਾਲ ਪਿਆਰ ਪਿਆ
  • ਦੂਜੇ ਪਸੇ, ਸੀਮਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਪਬਜੀ ਗੇਮ ਕਾਰਨ ਭਟਕ ਗਏ ਸਨ ਅਤੇ ਸੀਮਾ ਦਾ ਪਿਆਰ ਉਨ੍ਹਾਂ ਨੂੰ ਵਾਪਿਸ ਲੈ ਕੇ ਆਇਆ
  • ਹਾਲਾਂਕਿ, ਸੀਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ ਤੇ ਉਹ ਸਚਿਨ ਨਾਲ ਵਿਆਹ ਕਰਨਾ ਚਾਹੁੰਦੇ ਹਨ
BBC
ਗੁਲਾਮ ਹੈਦਰ
ਤਸਵੀਰ ਕੈਪਸ਼ਨ, ਸੀਮਾ ਹੈਦਰ ਦੇ ਪਤੀ ਗ਼ੁਲਾਮ ਹੈਦਰ, ਸਾਉਦੀ ਅਰਬ ਵਿੱਚ ਕੰਮ ਕਰਦੇ ਹਨ

ਪਿਆਰ ਵਿੱਚ ਵੇਚਿਆ ਘਰ

ਸੀਮਾ ਨੇਪਾਲ ਵਿੱਚ ਸਚਿਨ ਨੂੰ ਮਿਲਣ ਤੋਂ ਬਾਅਦ ਵਾਪਸ ਪਾਕਿਸਤਾਨ ਆ ਗਈ ਪਰ ਹੁਣ ਉਸ ਲਈ ਉਥੇ ਦਿਲ ਲਗਾਉਣਾ ਔਖਾ ਹੋ ਗਿਆ ਸੀ।

ਦੋ ਮਹੀਨੇ ਬੀਤ ਗਏ ਅਤੇ ਸੀਮਾ ਨੇ ਆਪਣੇ ਬੱਚਿਆਂ ਨਾਲ ਹਮੇਸ਼ਾ ਲਈ ਪਾਕਿਸਤਾਨ ਛੱਡਣ ਦਾ ਫ਼ੈਸਲਾ ਲੈ ਲਿਆ।

ਸੀਮਾ ਦੱਸਦੇ ਹਨ, “ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਸਨ। ਮੇਰੇ ਨਾਂ 'ਤੇ ਮਕਾਨ ਸੀ, ਜੋ ਮੈਂ 12 ਲੱਖ 'ਚ ਵੇਚ ਦਿੱਤਾ। ਉਨ੍ਹਾਂ ਪੈਸਿਆਂ ਨਾਲ ਮੈਂ ਆਪਣਾ ਅਤੇ ਆਪਣੇ ਬੱਚਿਆਂ ਦਾ ਨੇਪਾਲ ਦਾ ਵੀਜ਼ਾ ਲਗਵਾ ਲਿਆ, ਜਿਸ 'ਤੇ ਮੇਰਾ ਪੰਜਾਹ ਹਜ਼ਾਰ ਰੁਪਏ ਖ਼ਰਚ ਆਇਆ।”

ਇਸ ਵਾਰ ਸੀਮਾ ਦਾ ਇਰਾਦਾ ਨੇਪਾਲ ਦੇ ਰਸਤੇ ਭਾਰਤ ਵਿੱਚ ਦਾਖਲ ਹੋਣ ਦਾ ਸੀ।

ਸੀਮਾ ਨੇ ਇਸ ਵਾਰ 10 ਮਈ ਨੂੰ ਯਾਤਰਾ ਲਈ ਚੁਣਿਆ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਤਾਰੀਖ ਉਸ ਲਈ ਲੱਕੀ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਉਹ 10 ਮਾਰਚ ਨੂੰ ਨੇਪਾਲ ਵਿੱਚ ਪਹਿਲੀ ਵਾਰ ਸਚਿਨ ਨੂੰ ਮਿਲੀ ਸੀ।

ਸੀਮਾ ਕਹਿੰਦੇ ਹਨ, “ਦੂਜੀ ਵਾਰ ਆਉਣਾ ਕੁਝ ਸੌਖਾ ਸੀ, ਕਿਉਂਕਿ ਐਂਟਰੀ, ਐਗਜ਼ਿਟ ਅਤੇ ਕਨੈਕਟਿੰਗ ਫਲਾਈਟਾਂ ਦਾ ਪਹਿਲਾਂ ਤੋਂ ਪਤਾ ਸੀ। ਮੈਂ 10 ਮਈ ਨੂੰ ਆਪਣੇ ਬੱਚਿਆਂ ਨਾਲ ਉਥੋਂ (ਪਾਕਿਸਤਾਨ) ਰਵਾਨਾ ਹੋਇਆ ਅਤੇ 11 ਮਈ ਨੂੰ ਸਵੇਰੇ ਕਾਠਮੰਡੂ ਪਹੁੰਚ ਗਈ, ਫਿਰ ਪੋਖਰਾ ਗਈ ਤੇ ਉੱਥੇ ਇੱਕ ਰਾਤ ਬਿਤਾਈ।”

"12 ਦੀ ਸਵੇਰ ਛੇ ਵਜੇ, ਮੈਂ ਬੱਚਿਆਂ ਨਾਲ ਦਿੱਲੀ ਜਾਣ ਵਾਲੀ ਬੱਸ ਫੜੀ। ਮੈਂ ਆਪਣੇ ਪਤੀ ਵਜੋਂ ਸਚਿਨ ਦਾ ਨਾਮ ਲਿਖਵਾਇਆ ਸੀ। ਸਚਿਨ ਨੇ ਟਿਕਟ ਬਣਾਉਣ ਵਾਲਿਆਂ ਨਾਲ ਵੀ ਫ਼ੋਨ 'ਤੇ ਗੱਲ ਵੀ ਕੀਤੀ ਸੀ। ਅਸੀਂ ਤਿੰਨ ਸੀਟਾਂ ਲਈਆਂ ਅਤੇ 13 ਮਈ ਦੀ ਸਵੇਰ ਕਰੀਬ ਗਿਆਰਾਂ ਵਜੇ ਮੈਂ ਗ੍ਰੇਟਰ ਨੋਇਡਾ ਪਹੁੰਚ ਗਈ ਸੀ।"

ਇੱਥੇ ਸਚਿਨ ਉਸ ਦਾ ਇੰਤਜ਼ਾਰ ਕਰ ਰਿਹਾ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਰਬੂਪੁਰਾ ਵਿੱਚ ਕਿਰਾਏ ਦੇ ਕਮਰੇ ਵਿੱਚ ਲੈ ਗਿਆ।

ਬੱਸਾਂ ਹਰ ਸਵੇਰ ਪੋਖਰਾ ਤੋਂ ਦਿੱਲੀ ਲਈ ਚਲਦੀਆਂ ਹਨ। ਕਰੀਬ 28 ਘੰਟਿਆਂ ਦੇ ਇਸ ਸਫ਼ਰ 'ਚ ਭਾਰਤ-ਨੇਪਾਲ ਬਾਰਡਰ ਪੈਂਦਾ ਹੈ, ਜਿੱਥੇ ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਸੀਮਾ ਨੇ ਇਸ ਸਖ਼ਤ ਸੁਰੱਖਿਆ ਨੂੰ ਸੌਖਿਆਂ ਹੀ ਲੰਘ ਲਿਆ ਤੇ ਸਰਹੱਦ ਪਾਰ ਕਰ ਗਈ।

ਸੀਮਾ ਦੱਸਦੇ ਹਨ, “ਸਚਿਨ ਨੇ ਆਪਣਾ ਪਤਾ ਸਹੀ ਲਿਖਿਆ ਸੀ। ਕਾਫੀ ਪੁੱਛਗਿੱਛ ਹੋਈ, ਬੈਗ ਚੈੱਕ ਕੀਤੇ ਗਏ। ਜਦੋਂ ਉਸਨੇ ਆਈ ਕਾਰਡ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਇਹ ਗੁੰਮ ਹੋ ਗਿਆ ਹੈ। ਮੇਰੇ ਬੱਚੇ ਬਿਮਾਰ ਹੋ ਗਏ ਸਨ, ਇਹ ਤਿੰਨ ਦਿਨਾਂ ਦਾ ਸਫ਼ਰ ਸੀ। ਮੇਰੀ ਵੱਡੀ ਧੀ ਨੂੰ ਉਲਟੀਆਂ ਆ ਰਹੀਆਂ ਸਨ। ਮੇਰੀ ਜਾਂਚ ਕਰਨ ਵਾਲਿਆਂ ਨੂੰ ਰਹਿਮ ਆ ਗਿਆ।”

ਸੀਮਾ ਗੁਲਾਮ ਹੈਦਰ
ਤਸਵੀਰ ਕੈਪਸ਼ਨ, ਸੀਮਾ ਤੇ ਸਚਿਨ ਉਨ੍ਹਾਂ ਤੋਂ ਬਰਾਮਦ ਹੋਏ ਸਮਾਨ ਨਾਲ

ਪਤੀ ਗ਼ੁਲਾਮ ਹੈਦਰ ਤੋਂ ਜ਼ੁਬਾਨੀ ਤਲਾਕ

ਸੀਮਾ ਦੇ ਪਤੀ ਗ਼ੁਲਾਮ ਹੈਦਰ ਨੇ ਸਾਊਦੀ ਅਰਬ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ।

ਦੂਜੇ ਪਾਸੇ ਸੀਮਾ ਦਾ ਕਹਿਣਾ ਹੈ ਕਿ ਉਸ ਦਾ ਗ਼ੁਲਾਮ ਹੈਦਰ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਸੀ ਅਤੇ ਉਸ ਨੇ ਸੀਮਾ ਨੂੰ ਤਲਾਕ ਦੇ ਦਿੱਤਾ ਹੈ।

ਉਹ ਕਹਿੰਦੀ ਹੈ, “ਮੈਂ ਸਾਲ 2013 ਵਿੱਚ ਕਿਸੇ ਨੂੰ ਪਸੰਦ ਕਰਦੀ ਸੀ। ਪਰਿਵਾਰ ਨੂੰ ਇਹ ਗੱਲ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਨੇ ਜ਼ਬਰਦਸਤੀ ਮੇਰਾ ਵਿਆਹ ਗ਼ੁਲਾਮ ਹੈਦਰ ਨਾਲ ਕਰਵਾ ਦਿੱਤਾ। ਉਸ ਸਮੇਂ ਮੇਰੀ ਉਮਰ ਸਿਰਫ਼ 17 ਸਾਲ ਸੀ।”

ਸੀਮਾ ਆਪਣੇ ਫ਼ੈਸਲੇ ਦੇ ਪੱਖ ਵਿੱਚ ਕਹਿੰਦੇ ਹਨ, “ਪਾਕਿਸਤਾਨ ਵਿੱਚ ਵੀ 18 ਸਾਲ ਦੀ ਕੁੜੀ ਆਪਣੇ ਲਈ ਕੋਈ ਵੀ ਫ਼ੈਸਲਾ ਲੈ ਸਕਦੀ ਹੈ। ਮੈਂ ਅੱਜ 27 ਸਾਲਾਂ ਦਾ ਹਾਂ। ਮੈਂ ਆਪਣੀ ਜ਼ਿੰਦਗੀ ਦਾ ਫ਼ੈਸਲਾ ਕਰ ਸਕਦੀ ਹਾਂ। ਅਜਿਹਾ ਨਹੀਂ ਹੈ ਕਿ ਮੈਂ ਔਰਤ ਹਾਂ, ਇਸ ਲਈ ਮੈਂ ਕਿਸੇ ਮਰਦ ਤੋਂ ਤਲਾਕ ਨਹੀਂ ਲੈ ਸਕਦੀ।"

"ਸਾਡਾ ਲਿਖਤੀ ਤਲਾਕ ਨਹੀਂ ਹੋਇਆ, ਜ਼ੁਬਾਨੀ ਤਲਾਕ ਹੋਇਆ ਹੈ। ਪਾਕਿਸਤਾਨ ਵਿੱਚ ਅਜੇ ਵੀ ਜ਼ੁਬਾਨੀ ਤਲਾਕ ਨੂੰ ਮੰਨਿਆ ਜਾਂਦਾ ਹੈ। ਮੈਂ ਉਨ੍ਹਾਂ ਨੂੰ ਭਾਰਤ ਤੋਂ ਨੋਟਿਸ ਭੇਜਣ ਦੀ ਕੋਸ਼ਿਸ਼ ਕਰਾਂਗੀ। ਮੈਂ ਇੱਥੇ ਰਹਿ ਕੇ ਉਨ੍ਹਾਂ ਤੋਂ ਤਲਾਕ ਲੈਣ ਲਈ ਤਿਆਰ ਹਾਂ।"

ਬੀਬੀਸੀ ਉਰਦੂ ਨਾਲ ਗੱਲਬਾਤ ਵਿੱਚ ਸੀਮਾ ਦੇ ਸਹੁਰੇ ਮੀਰ ਜਾਨ ਜ਼ਖਰਾਨੀ ਨੇ ਇਲਜ਼ਾਮ ਲਾਇਆ ਕਿ ਉਹ ਘਰੋਂ ਭੱਜਦਿਆਂ ਸੱਤ ਲੱਖ ਰੁਪਏ ਅਤੇ ਸੱਤ ਤੋਲੇ ਸੋਨਾ ਲੈ ਕੇ ਗਈ ਹੈ।

ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੀਮਾ ਨੇ ਕਿਹਾ, ''ਮੈਂ ਅਜਿਹਾ ਨਹੀਂ ਕੀਤਾ ਹੈ। ਉਹ ਇੰਨੇ ਪੈਸੇ ਅਤੇ ਰੁਤਬੇ ਵਾਲੇ ਨਹੀਂ ਹਨ। ਮੇਰੇ ਕੋਲ ਮੇਰੀ ਮਾਂ ਦਾ ਸੋਨਾ ਹੈ। ਜਿਸ ਨੂੰ ਮੈਂ ਆਪਣੇ ਕੰਨਾਂ ਵਿੱਚ ਅਤੇ ਹੱਥ ਵਿੱਚ ਪਹਿਨਿਆ ਹੋਇਆ ਹੈ।”

“ਦਾਜ ਵਿੱਚ ਜੋ ਮਿਲਿਆ ਉਹ ਲੈ ਆਈ ਹਾਂ। ਜੋ ਮੇਰੀ ਮੰਮੀ ਦੀ ਨਿਸ਼ਾਨੀ ਸੀ ਉਸ ਨੂੰ ਨਾ ਮੈਂ ਵੇਚਿਆ ਤੇ ਨਾ ਹੀ ਛੱਡਿਆ।”

ਸੀਮਾ ਗੁਲਾਮ ਹੈਦਰ
ਤਸਵੀਰ ਕੈਪਸ਼ਨ, ਸਚਿਨ ਤੇ ਮਾਤਾ ਪਿਤਾ ਨਾਲ ਸੀਮਾ ਤੇ ਸਚਿਨ

'ਮੈਂ ਪਾਕਿਸਤਾਨ ਦੀ ਜਾਸੂਸ ਨਹੀਂ ਹਾਂ'

ਜਿਸ ਤਰ੍ਹਾਂ ਸੀਮਾ ਹੈਦਰ ਭਾਰਤ 'ਚ ਦਾਖਲ ਹੋਏ, ਉਸ ਨੂੰ ਦੇਖ ਕੇ ਕਈ ਲੋਕਾਂ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਇਆ ਕਿ ਉਹ ਪਾਕਿਸਤਾਨੀ ਜਾਸੂਸ ਹੈ।

ਉਨ੍ਹਾਂ ਦਾ ਭਰਾ ਪਾਕਿਸਤਾਨੀ ਫ਼ੌਜ ਵਿੱਚ ਨੌਕਰੀ ਕਰਦਾ ਹੈ। ਸੀਮਾ ਕੋਲੋਂ ਚਾਰ ਮੋਬਾਈਲ ਫ਼ੋਨ ਬਰਾਮਦ ਹੋਣ ਨੇ ਵੀ ਲੋਕਾਂ ਦੇ ਮਨਾਂ ਵਿਚ ਸ਼ੱਕ ਨੂੰ ਹੋਰ ਗਹਿਰਾ ਕੀਤਾ ਹੈ।

ਇਨ੍ਹਾਂ ਇਲਜ਼ਾਮਾਂ ਨੂੰ ਸੀਮਾ ਨਕਾਰਦੇ ਹਨ।

ਉਹ ਕਹਿੰਦੇ ਹਨ, ''ਮੈਂ ਜਾਸੂਸ ਨਹੀਂ ਹਾਂ। ਸਚਿਨ ਦੇ ਪਿਆਰ ਵਿੱਚ ਮੈਂ ਘਰ ਦੇ ਬਾਹਰ ਘੁੰਮਣਾ ਸ਼ੁਰੂ ਕੀਤਾ। ਪਾਸਪੋਰਟ ਬਣਵਾਏ। ਸਾਡੇ ਉੱਥੇ (ਪਾਕਿਸਤਾਨ) ਵਿੱਚ ਸਾਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਮੈਂ ਗਰੀਬ ਪਰਿਵਾਰ ਤੋਂ ਹਾਂ, ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ।”

“ਹਾਂ, ਮੈਂ ਅੰਗਰੇਜ਼ੀ ਦੇ ਕੁਝ ਸ਼ਬਦ ਬੋਲ ਲੈਂਦੀ ਹਾਂ। ਇਸਦਾ ਮਤਲਬ ਇਹ ਨਹੀਂ ਕਿ ਮੈਂਨੂੰ ਅੰਗਰੇਜ਼ੀ ਆਉਂਦੀ ਹੈ। ਜੇ ਤੁਸੀਂ ਮੈਨੂੰ ਅੰਗਰੇਜ਼ੀ ਦੀਆਂ ਦੋ ਲਾਈਨਾਂ ਕਹੋਗੇ ਤਾਂ ਮੈਂ ਥਥਲਾਉਣ ਲੱਗ ਜਾਵਾਂਗੀ।

ਉਹ ਕਹਿੰਦੇ ਹਨ, “ਮੈਂ ਭਾਰਤ ਵਿੱਚ ਪੁਲਿਸ ਨਾਲ ਕਦੇ ਝੂਠ ਨਹੀਂ ਬੋਲਿਆ। ਪੁਲਿਸ ਨੇ ਜੋ ਵੀ ਪੁੱਛਿਆ, ਸਭ ਕੁਝ ਸਹੀ ਦੱਸਿਆ। 2022 ਵਿੱਚ ਮੇਰੇ ਭਰਾ ਨੂੰ ਪਾਕਿਸਤਾਨ ਫ਼ੌਜ ਵਿੱਚ ਨੌਕਰੀ ਮਿਲੀ ਸੀ। ਉਨ੍ਹਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ, ਉਨ੍ਹਾਂ ਨੂੰ ਸਿਰਫ 18 ਹਜ਼ਾਰ ਦੇ ਕਰੀਬ ਪਾਕਿਸਤਾਨੀ ਰੁਪਏ ਮਿਲਦੇ ਹਨ।”

ਤਿੰਨ ਆਧਾਰ ਕਾਰਡ ਅਤੇ ਪੰਜ ਮੋਬਾਈਲਾਂ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, “ਸਾਡੇ ਕੋਲ ਪੰਜ ਫ਼ੋਨ ਸਨ, ਜਿਨ੍ਹਾਂ 'ਚੋਂ ਇੱਕ ਮੇਰਾ, ਤਿੰਨ ਮੇਰੇ ਬੱਚਿਆਂ ਦੇ ਅਤੇ ਇੱਕ ਸਚਿਨ ਦਾ ਸੀ। ਮੇਰੇ ਬੱਚੇ ਫ਼ੋਨ ਚਲਾਉਂਦੇ ਹਨ।”

“ਇਸ ਤੋਂ ਇਲਾਵਾ ਮੇਰੇ ਕੋਲ ਪਾਕਿਸਤਾਨ ਦੇ ਤਿੰਨ ਆਧਾਰ ਕਾਰਡ ਸਨ, ਜਿਨ੍ਹਾਂ ਵਿੱਚ ਇੱਕ ਮੇਰੇ ਪਿਤਾ, ਇੱਕ ਗੁਲਾਮ ਹੈਦਰ ਦਾ ਅਤੇ ਇੱਕ ਮੇਰਾ ਕਾਰਡ ਸ਼ਾਮਲ ਸਨ।

ਸੀਮਾ-ਸਚਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਮਾ ਹੈਦਰ ਤੇ ਸਚਿਨ ਦੀ ਪੁਲਿਸ ਹਿਰਾਸਤ ਦੀ ਇੱਕ ਤਸਵੀਰ

'ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀ'

ਸੀਮਾ ਦਾ ਕਹਿਣਾ ਹੈ ਕਿ ਹੁਣ ਉਹ ਭਾਰਤ 'ਚ ਰਹਿਣਾ ਚਾਹੁੰਦੇ ਹਨ ਤੇ ਸਚਿਨ ਨਾਲ ਖੁਸ਼ ਹਨ ਪਰ ਆਪਣੀਆਂ ਭੈਣਾਂ ਨੂੰ ਯਾਦ ਕਰਕੇ ਸੀਮਾ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ।

ਉਹ ਕਹਿੰਦੇ ਹੈ, “ਭੈਣਾਂ ਸਭ ਨੂੰ ਪਿਆਰੀਆਂ ਹੁੰਦੀਆਂ ਹਨ। ਭੈਣਾਂ ਦੀ ਯਾਦ ਵੀ ਆਉਂਦੀ ਹੈ।”

“ਇੱਕ ਵੱਡੀ ਭੈਣ ਹੈ ਅਤੇ ਇੱਕ ਛੋਟੀ ਹੈ। ਵੱਡੀ ਦਾ ਵਿਆਹ ਹੋ ਗਿਆ ਹੈ। ਛੋਟੀ ਭੈਣ ਦਾ ਮੇਰਾ ਭਰਾ ਖਿਆਲ ਰੱਖੇਗਾ। ਮੇਰੇ ਪਿਤਾ ਦੇ ਚਲੇ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਮੇਰਾ ਕੋਈ ਨਹੀਂ ਸੀ। ਹੁਣ ਮੇਰਾ ਵਿਆਹ ਸਚਿਨ ਨਾਲ ਹੋਇਆ ਹੈ। ਉਹ ਮੇਰੇ ਬੱਚਿਆਂ ਦਾ ਖਿਆਲ ਰੱਖਦੇ ਹਨ, ਮੇਰੀ ਇੱਜ਼ਤ ਕਰਦੇ ਹਨ। ਇਹ ਕਾਫ਼ੀ ਹੈ।"

ਆਪਣੇ ਵਤਨ ਪਰਤਣ ਦੇ ਸਵਾਲ 'ਤੇ ਸੀਮਾ ਨੂੰ ਗੁੱਸਾ ਆਉਂਦਾ ਹੈ।

ਸੀਮਾ ਕਹਿੰਦੇ ਹਨ, “ਮੈਂ ਮਰ ਜਾਵਾਂਗੀ, ਮੈਂ ਖ਼ਤਮ ਹੋ ਜਾਵਾਂਗੀ, ਮੈਂ ਆਪਣਾ ਗਲਾ ਵੱਢ ਦੇਵਾਂਗੀ, ਜ਼ਹਿਰ ਖਾ ਲਵਾਂਗੀ, ਮੈਂ ਇੱਥੇ ਹੀ ਮਰ ਜਾਵਾਂਗੀ, ਮੈਂ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਜਾਵਾਂਗੀ। ਉੱਥੇ ਮੇਰਾ ਕੁਝ ਵੀ ਨਹੀਂ ਹੈ।”

ਸਚਿਨ ਮੀਨਾ ਵੀ ਅਜਿਹਾ ਹੀ ਕਰਦੇ ਹਨ। ਉਹ ਕਹਿੰਦੇ ਹਨ, “ਮੈਂ ਸੀਮਾ ਨਾਲ ਵਿਆਹ ਕਰਵਾਇਆ ਹੈ। ਜਦੋਂ ਤੱਕ ਮੈਂ ਮਰ ਨਹੀਂ ਜਾਂਦਾ ਉਦੋਂ ਤੱਕ ਇਸ ਨੂੰ ਭਾਰਤ ਤੋਂ ਜਾਣ ਨਹੀਂ ਦੇਵਾਂਗਾ।”

ਹਾਲ ਦੀ ਘੜੀ ਜ਼ਮਾਨਤ ਮਿਲਣ ਤੋਂ ਬਾਅਦ ਸੀਮਾ ਅਤੇ ਸਚਿਨ ਹੁਣ ਇਕੱਠੇ ਹਨ।

ਧਰਮਾਂ ਤੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ਕਰਨ ਵਾਲੀ ਇਸ ਕਹਾਣੀ ਅੱਗੇ ਕਿੱਥੇ ਤੱਕ ਪਹੁੰਚਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)