ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਵਿੱਚ ਇਸ ਵਾਰ ਭਾਰੀ ਮੀਂਹ ਕਿਉਂ ਪਿਆ, ਕੀ ਹਨ ਤਾਜ਼ਾ ਹਾਲਾਤ

ਤਸਵੀਰ ਸਰੋਤ, ANI
ਭਾਰਤ ਦੇ ਉੱਤਰੀ ਅਤੇ ਪੱਛਮੀ ਸੂਬਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਨੂੰ ਖਾਸਾ ਪ੍ਰਭਾਵਿਤ ਕਰ ਦਿੱਤਾ ਹੈ।
ਇਨ੍ਹਾਂ ਸੂਬਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਵੱਡੇ ਆਰਥਿਕ ਨੁਕਸਾਨ ਹੋਣ ਦੀ ਖ਼ਬਰ ਹੈ।
ਇਸ ਦੌਰਾਨ ਜਿੱਥੇ ਹਿਮਾਚਲ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋਈ, ਉੱਥੇ ਹੀ ਇਸ ਪੂਰੇ ਸੀਜ਼ਨ ਦੌਰਾਨ ਗੁਜਰਾਤ 'ਚ ਹੁਣ ਤੱਕ 52 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, ANI
ਰਾਜਧਾਨੀ ਦਿੱਲੀ, ਉੱਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਰਗੇ ਸੂਬਿਆਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਮੀਂਹ ਪਿਆ।
ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਐਤਵਾਰ ਨੂੰ ਅਗਲੇ 24 ਘੰਟਿਆਂ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਜਦਕਿ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਉੱਧਰ ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਤਸਵੀਰ ਸਰੋਤ, Punjabi University Patiala
ਜਾਣੋ ਪੰਜਾਬ ਸਣੇ ਬਾਕੀ ਸੂਬਿਆਂ 'ਚ ਕੀ ਹਨ ਤਾਜ਼ਾ ਹਾਲਤ

ਪੰਜਾਬ ਦੇ ਕਈ ਪਿੰਡਾਂ 'ਚ ਅਲਰਟ
ਪੰਜਾਬ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਪਏ ਭਾਈ ਮੀਂਹ ਕਾਰਨ ਹਾਲਾਤ ਮਾੜੇ ਬਣੇ ਹੋਏ ਹਨ। ਸ਼ਹਿਰਾਂ ਅਤੇ ਪਿੰਡਾਂ ਦੀਆਂ ਮੁੱਖ ਥਾਵਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੀ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
ਇਸ ਦੇ ਚੱਲਦਿਆਂ ਹੀ, ਲੁਧਿਆਣਾ ਜ਼ਿਲ੍ਹਾ ਮੈਜਿਸਟ੍ਰੇਟ ਸੁਰਭੀ ਮਲਿਕ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਇਸ ਦੌਰਾਨ ਸਕੂਲਾਂ ਆਦਿ ਦੀਆਂ ਇਮਾਰਤਾਂ ਨੂੰ ਰਾਹਤ ਕੈਂਪਾਂ ਵਜੋਂ ਇਸਤੇਮਾਲ ਕਰਨ ਕਰਨ ਲਈ ਤਿਆਰ ਰੱਖਿਆ ਗਿਆ ਹੈ।
ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤਾਂ ਨੂੰ ਦੇਖਦੇ ਹੋਇਆਂ, ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਸੂਬਾ ਸਰਕਾਰ ਤੋਂ ਫੌਜੀ ਮਦਦ ਵੀ ਮੰਗੀ ਹੈ ਤਾਂ ਜੋ ਰਾਹਤ ਕਾਰਜਾਂ 'ਚ ਸਹਿਯੋਗ ਮਿਲ ਸਕੇ।

ਤਸਵੀਰ ਸਰੋਤ, ANI
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੀਂਹ ਦੇ ਹਾਲਾਤਾਂ 'ਤੇ ਪੂਰੀ ਨਜ਼ਰ ਬਣੀ ਹੋਈ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਕਿਹਾ, ''ਸਤਲੁਜ ਤੇ ਨੰਗਲ ਡੈਮ ਅਜੇ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ।''
''ਸਰਕਾਰ ਲੋਕਾਂ ਦੇ ਨਾਲ ਹੈ ਤੇ ਸਾਡੀ ਪੂਰੀ ਸਥਿਤੀ 'ਤੇ ਨਜ਼ਰ ਬਣੀ ਹੋਈ ਹੈ। ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਲੋਕਾਂ ਦੇ ਨਾਲ ਖੜ੍ਹਾਂਗੇ।''
''ਜ਼ਰੂਰਤ ਪੈਣ 'ਤੇ ਐਨਡੀਆਰਐਫ ਦੀਆਂ ਟੀਮਾਂ ਤਿਆਰ ਹਨ ਪਰ ਅਸੀਂ ਅਧਿਕਾਰਿਤ ਤੌਰ 'ਤੇ ਅਜੇ ਫੌਜ ਦੀ ਮਦਦ ਨਹੀਂ ਮੰਗੀ ਹੈ।''
ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ 'ਚ ਤਿੰਨ ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀ ਗਈਆਂ ਹਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਜਾਣਕਾਰੀ ਮੁਤਾਬਕ, ਫੌਜ ਨੇ ਬਚਾਅ ਕਾਰਜ ਤਹਿਤ, ਚਿਤਕਾਰਾ ਯੂਨੀਵਰਸਿਟੀ ਵਿੱਚੋਂ ਕੁਝ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।
ਇਸੇ ਤਰ੍ਹਾਂ, ਰਾਜਪੁਰਾ ਅਤੇ ਇਸ ਦੇ ਨਾਲ ਲੱਗਦੇ 30 ਪਿੰਡਾਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਜਿੱਥੇ ਪਾਣੀ ਭਰ ਗਿਆ ਸੀ ਉਥੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।
ਪੰਜਾਬ ਦੇ ਫਿਲੌਰ ਵਿੱਚ ਪੰਜਾਬ ਪੁਲਿਸ ਅਕੈਡਮੀ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਜਾਣ ਕਾਰਨ ਕਈ ਵਾਹਨ ਡੁੱਬ ਗਏ।

ਤਸਵੀਰ ਸਰੋਤ, Pradeep Sharma/BBC
ਹਰਿਆਣਾ: ਅੰਬਾਲਾ ਦੀ ਕੱਪੜਾ ਮਾਰਕਿਟ ਡੁੱਬੀ
ਹਰਿਆਣਾ ਵਿੱਚ ਵੀ ਭਾਰੀ ਮੀਂਹ ਕਾਰਨ ਬੁਰਾ ਹਾਲ ਹੈ। ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਤੋਂ ਸਾਹਮਣੇ ਆਏ ਵੀਡੀਓ 'ਚ ਪੂਰਾ ਸ਼ਹਿਰ ਜਲ-ਥਲ ਹੋਇਆ ਨਜ਼ਰ ਆ ਰਿਹਾ ਹੈ।
ਅਜਿਹੀ ਸਥਿਤੀ ਦੇ ਮੱਦੇਨਜ਼ਰ, ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਾਰੇ ਕਾਰਪੋਰੇਟ ਦਫਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਸੋਮਵਾਰ, 10 ਜੁਲਾਈ ਨੂੰ ਘਰ ਤੋਂ ਕੰਮ ਕਰਨ ਲਈ ਕਹਿਣ, ਤਾਂ ਜੋ ਸੜਕਾਂ ਜਾਮ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ।
ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ ਸਰੋਤ, Prabhu Dayal/BBC
ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਹਰਿਆਣਾ ਦੇ ਅੰਬਾਲਾ ਵਿੱਚ ਘੱਗਰ ਨਦੀ ਪੂਰੀ ਉਫਾਨ 'ਤੇ ਹੈ ਅਤੇ ਸੜਕਾਂ 'ਤੇ ਪਾਣੀ ਆਉਣ ਕਾਰਨ ਕੌਮੀ ਰਾਜ ਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਅੰਬਾਲਾ ਦੀ ਕੱਪੜਾ ਮਾਰਕਿਟ ਵੀ ਪਾਣੀ ਵਿੱਚ ਡੁੱਬ ਗਈ ਹੈ ਅਤੇ ਦੁਕਾਨਾਂ ਦੇ ਕੱਪੜੇ ਸੜਕਾਂ 'ਤੇ ਤੈਰਦੇ ਨਜ਼ਰ ਆ ਰਹੇ ਹਨ।
ਹਰਿਆਣਾ ਸਰਕਾਰ ਨੇ ਭਾਰੀ ਮੀਂਹ ਦੇ ਚੱਲਦਿਆਂ ਲੋਕਾਂ ਲਈ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਐਨਡੀਆਰਐਫ/ਐਸਡੀਆਰ ਟੀਮਾਂ ਨੂੰ ਬੁਲਾਇਆ ਗਿਆ ਹੈ।
ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਕਿਸੇ ਵੀ ਸਮੱਸਿਆ ਲਈ 1070, 1077, 112, 0172-2545938 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Kamal Saini/BBC

ਹਿਮਾਚਲ ਪ੍ਰਦੇਸ਼ ਵਿੱਚ 14 ਲੋਕਾਂ ਦੀ ਮੌਤ
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਇਸ ਮੀਂਹ ਕਾਰਨ ਹੁਣ ਤੱਕ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਘੰਟਿਆਂ ਤੱਕ ਆਪਣੇ ਘਰਾਂ 'ਚ ਰਹਿਣ। ਇਸ ਦੇ ਨਾਲ ਹੀ ਉਨ੍ਹਾਂ 3 ਨੰਬਰ ਵੀ ਜਾਰੀ ਕੀਤੇ ਹਨ, ਜਿਨ੍ਹਾਂ ਉੱਤੇ ਕਿਸੇ ਵੀ ਮੁਸੀਬਤ 'ਚ ਫਸੇ ਵਿਅਕਤੀ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪੰਕਜ ਸ਼ਰਮਾ ਨੇ ਦੱਸਿਆ ਕਿ ਕੁਦਰਤ ਦੇ ਇਸ ਕਹਿਰ ਨੇ ਸੂਬੇ ਦੀਆਂ ਕਈ ਸੜਕਾਂ, ਘਰਾਂ ਅਤੇ ਛੋਟੇ-ਛੋਟੇ ਪੁਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਹੋ ਰਹੀ ਬਾਰਿਸ਼ ਕਾਰਨ ਸੜਕ, ਰੇਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਮੀਂਹ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ ਅਤੇ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਸੁੱਖੂ ਨੇ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਗਲੇ ਦੋ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਸੂਬੇ ਦੇ ਸ਼ਿਮਲਾ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਸੂਬੇ ਦੇ ਕਈ ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ।
ਮੌਸਮ ਵਿਭਾਗ ਨੇ ਸੂਬੇ ਦੇ 12 ਵਿੱਚੋਂ 10 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਭਾਰੀ ਮੀਂਹ, 20 ਸੈਂਟੀਮੀਟਰ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, ANI
ਦਿੱਲੀ 'ਚ ਐਤਵਾਰ ਨੂੰ ਰਿਕਾਰਡ ਤੋੜ ਬਾਰਿਸ਼
ਖ਼ਬਰ ਏਜੰਸੀ ਪੀਟੀਆਈ ਨੇ ਭਾਰਤੀ ਮੌਸਮ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਦਿੱਲੀ ਵਿੱਚ ਐਤਵਾਰ ਸਵੇਰੇ 8.30 ਤੋਂ 5.30 ਵਜੇ ਦਰਮਿਆਨ 12.61 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਦਿੱਲੀ 'ਚ ਕਰੀਬ 13 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਸੀ।
ਭਾਰੀ ਮੀਂਹ ਕਾਰਨ ਦਿੱਲੀ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਰਾਜਧਾਨੀ ਲੁਟੀਅਨ ਜ਼ੋਨ ਦੇ ਪੌਸ਼ ਇਲਾਕਿਆਂ 'ਚ ਕਈ ਮੰਤਰੀਆਂ ਦੇ ਬੰਗਲੇ ਮੀਂਹ ਦੇ ਪਾਣੀ 'ਚ ਡੁੱਬ ਗਏ।
ਮੀਂਹ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਸੋਮਵਾਰ ਨੂੰ ਐਮਸੀਡੀ ਦੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਕਾਰੀ ਕਰਮਚਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕਰਨ ਦੇ ਹੁਕਮ ਦਿੱਤੇ ਸਨ।
ਕੇਜਰੀਵਾਲ ਨੇ ਸਾਰੇ ਮੰਤਰੀਆਂ ਅਤੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੂੰ ਵੀ ਸਮੱਸਿਆ ਵਾਲੇ ਖੇਤਰਾਂ ਦਾ ਦੌਰਾ ਕਰਨ ਲਈ ਕਿਹਾ।

ਤਸਵੀਰ ਸਰੋਤ, ANI
ਗੁਜਰਾਤ ਵਿੱਚ ਇਸ ਸੀਜ਼ਨ ਵਿੱਚ 52 ਲੋਕਾਂ ਦੀ ਮੌਤ
ਮੌਸਮ ਵਿਭਾਗ ਅਨੁਸਾਰ, ਗੁਜਰਾਤ ਵਿੱਚ 12 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਸੌਰਾਸ਼ਟਰ, ਕੱਛ, ਉੱਤਰੀ ਗੁਜਰਾਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
12 ਜੁਲਾਈ ਤੋਂ ਬਾਅਦ ਸੂਬੇ ਵਿੱਚ ਮੀਂਹ ਦੀ ਤੀਬਰਤਾ ਘੱਟ ਹੋਣ ਦੀ ਸੰਭਾਵਨਾ ਹੈ।
ਗੁਜਰਾਤ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ, ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ 'ਚ ਮੀਂਹ ਕਾਰਨ ਕੁੱਲ 52 ਲੋਕਾਂ ਦੀ ਮੌਤ ਹੋ ਚੁੱਕੀ ਹੈ।

- ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
- ਐਤਵਾਰ ਨੂੰ ਹਿਮਾਚਲ 'ਚ 5 ਲੋਕਾਂ ਦੀ ਮੌਤ, ਜਦਕਿ ਇਸ ਪੂਰੇ ਸੀਜ਼ਨ ਦੌਰਾਨ ਗੁਜਰਾਤ 'ਚ ਹੁਣ ਤੱਕ 52 ਮੌਤਾਂ
- ਪੰਜਾਬ, ਦਿੱਲੀ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਰਗੇ ਸੂਬਿਆਂ 'ਚ ਅਗਲੇ 24 ਘੰਟਿਆਂ ਲਈ ਰੈੱਡ ਅਲਰਟ
- ਪੰਜਾਬ ਦੇ 5 ਜ਼ਿਲ੍ਹਿਆਂ 'ਚ ਸਕੂਲ ਕਾਲਜ ਬੰਦ, ਰਾਜਪੂਰਾ ਸਣੇ 30 ਪਿੰਡਾਂ 'ਚ ਅਲਰਟ ਤੇ ਮੁਹਾਲੀ 'ਚ ਫੌਜੀ ਮਦਦ ਦੀ ਮੰਗ
- ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
- ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ

ਆਖ਼ਿਰ ਇੰਨਾ ਮੀਂਹ ਪੈ ਕਿਉਂ ਰਿਹਾ ਹੈ?

ਤਸਵੀਰ ਸਰੋਤ, Bharat Bhushan Azad/BBC
ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਭਾਰੀ ਮੀਂਹ ਦਾ ਮੁੱਖ ਕਾਰਨ ਭਾਰੀ ਪੱਛਮੀ ਗੜਬੜ ਹੈ।
ਦਿੱਲੀ ਦੇ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਚਰਨ ਸਿੰਘ ਨੇ ਐਤਵਾਰ ਨੂੰ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਖ਼ਬਰ ਏਜੰਸੀ ਪੀਟੀਆਈ ਨੇ ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀ ਏਕੇ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਮਾਨਸੂਨ ਦੇ ਨਾਲ-ਨਾਲ ਭਾਰਤ ਵਿੱਚ ਪੱਛਮੀ ਗੜਬੜੀ ਵੀ ਸਰਗਰਮ ਹੋ ਗਈ ਹੈ, ਜਿਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ।
ਮੌਸਮ ਵਿਭਾਗ ਨੇ ਯੂ-ਟਿਊਬ 'ਤੇ ਜਾਰੀ ਵੀਡੀਓ 'ਚ ਦੱਸਿਆ ਹੈ ਕਿ ਉੱਤਰੀ ਪਾਕਿਸਤਾਨ ਤੋਂ ਉੱਤਰ-ਪੂਰਬੀ ਅਰਬ ਸਾਗਰ ਤੱਕ ਫੈਲੀ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਭਾਰਤ ਦੇ ਪੱਛਮੀ ਅਤੇ ਉੱਤਰੀ ਸੂਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ।
ਵਿਭਾਗ ਮੁਤਾਬਕ ਮਾਨਸੂਨ ਫਿਲਹਾਲ ਰਾਜਸਥਾਨ ਦੇ ਜੈਸਲਮੇਰ ਤੋਂ ਮਿਜ਼ੋਰਮ ਤੱਕ ਫੈਲਿਆ ਹੋਇਆ ਹੈ।
24 ਘੰਟਿਆਂ ਲਈ 'ਰੈੱਡ ਅਲਰਟ'

ਤਸਵੀਰ ਸਰੋਤ, @Indiametdept
ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਐਤਵਾਰ ਨੂੰ ਅਗਲੇ 24 ਘੰਟਿਆਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ 'ਚ 'ਰੈੱਡ ਅਲਰਟ' ਜਾਰੀ ਕੀਤਾ ਹੋਇਆ ਹੈ।
ਦੂਜੇ ਪਾਸੇ ਸੋਮਵਾਰ ਨੂੰ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ 'ਓਰੇਂਜ ਅਲਰਟ' ਅਤੇ ਬਾਕੀ ਸੂਬਿਆਂ 'ਚ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ।
ਰੈੱਡ ਅਲਰਟ ਦਾ ਕੀ ਮਤਲਬ ਹੁੰਦਾ ਹੈ?

ਤਸਵੀਰ ਸਰੋਤ, ANI
ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋਣ 'ਤੇ ਮੌਸਮ ਵਿਭਾਗ ਰੈੱਡ ਅਲਰਟ ਜਾਰੀ ਕਰਦਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤੁਰੰਤ ਸਰਗਰਮ ਹੋਣ ਦੇ ਸੰਕੇਤ ਦਿੱਤੇ ਜਾਂਦੇ ਹਨ।
ਮੌਸਮ ਖ਼ਰਾਬ ਹੋਣ 'ਤੇ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ ਅਤੇ ਇਸ 'ਚ ਪ੍ਰਸ਼ਾਸਨ ਨੂੰ 'ਤਿਆਰ ਰਹਿਣ' ਲਈ ਕਿਹਾ ਜਾਂਦਾ ਹੈ। ਯੈਲੋ ਅਲਰਟ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਲਈ ਕਹਿੰਦਾ ਹੈ।














