ਟਮਾਟਰ: ਕਿਸੇ ਸਮੇਂ ਕਿਵੇਂ ਬਣ ਜਾਂਦਾ ਸੀ ਅਮੀਰਾਂ ਦੀ ਮੌਤ ਦਾ ਕਾਰਨ, ਪੰਜਾਬ ’ਚ ਕਿੱਥੋਂ ਆਇਆ

ਟਮਾਟਰ

ਤਸਵੀਰ ਸਰੋਤ, Getty Images

    • ਲੇਖਕ, ਪੇਦਾਗਾੜੀ ਰਾਜੇਸ਼
    • ਰੋਲ, ਬੀਬੀਸੀ ਪੱਤਰਕਾਰ

ਬਾਜ਼ਾਰ 'ਚ ਇਨ੍ਹੀਂ ਦਿਨੀਂ ਟਮਾਟਰ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ।

ਇਸੇ ਮਹੀਨੇ ਦੇ ਅੱਧ ਤੱਕ ਲਗਭਗ 20 ਰੁਪਏ ਕਿੱਲੋ ਵਿਕਣ ਵਾਲਾ ਟਮਾਟਰ ਹੁਣ 80 ਰੁਪਏ ਅਤੇ ਕਿਤੇ-ਕਿਤੇ ਤਾਂ 100 ਰੁਪਏ ਕਿੱਲੋ ਤੋਂ ਵੀ ਮਹਿੰਗਾ ਮਿਲ ਰਿਹਾ ਹੈ।

ਪਿਛਲੇ ਦਿਨਾਂ 'ਚ ਪਈ ਭਿਆਨਕ ਗਰਮੀ ਅਤੇ ਫਿਰ ਮੀਂਹ ਨੇ ਟਮਾਟਰ ਦੀ ਫ਼ਸਲ ਅਤੇ ਇਸ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬਾਜ਼ਾਰ ਵਿੱਚ ਇਸ ਦੀ ਆਮਦ ਘਟੀ ਹੈ ਅਤੇ ਕੀਮਤਾਂ ਵਿੱਚ ਉਛਾਲ ਆਇਆ ਹੈ।

ਟਮਾਟਰ ਭਾਰਤੀ ਥਾਲੀ ਦਾ ਇੱਕ ਅਹਿਮ ਹਿੱਸਾ ਹੈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਚਟਨੀਆਂ, ਸਲਾਦ ਤੋਂ ਲੈ ਕੇ ਇਸ ਨੂੰ ਕਈ ਪਕਵਾਨਾਂ 'ਚ ਵਰਤਿਆ ਕੀਤਾ ਜਾਂਦਾ ਹੈ।

ਪਰ ਇਸ ਵੇਲੇ ਆਮ ਲੋਕਾਂ ਲਈ ਇਸੇ ਟਮਾਟਰ ਨੂੰ ਆਪਣੀ ਥਾਲੀ 'ਚ ਲੈ ਕੇ ਆਉਣਾ ਔਖਾ ਹੋਇਆ ਪਿਆ ਹੈ।

ਇੱਕ ਸਮਾਂ ਉਹ ਵੀ ਸੀ ਜਦੋਂ ਲੋਕ ਟਮਾਟਰ ਨੂੰ ਜ਼ਹਿਰੀਲਾ ਸਮਝਦੇ ਸਨ ਅਤੇ ਇਸ ਦਾ ਇਸਤੇਮਾਲ ਸਿਰਫ਼ ਸਜਾਵਟੀ ਵਸਤੂ ਵਜੋਂ ਕੀਤਾ ਜਾਂਦਾ ਸੀ।

ਇਸ ਰਿਪੋਰਟ ਰਾਹੀਂ ਜਾਣਦੇ ਹਾਂ ਟਮਾਟਰ ਦੇ ਇਤਿਹਾਸ ਅਤੇ ਇਸ ਦੇ ਭਾਰਤ ਪਹੁੰਚਣ ਬਾਰੇ ਕੁਝ ਰੋਚਕ ਤੱਥ...

ਟਮਾਟਰ ਨਾਮ ਕਿਵੇਂ ਪਿਆ?

ਟਮਾਟਰ

ਤਸਵੀਰ ਸਰੋਤ, Getty Images

ਟਮਾਟਰ ਦਾ ਵਿਗਿਆਨਕ ਨਾਮ ਸੋਲਾਨਮ ਆਈਕੋਪਰਸਿਕਮ ਹੈ। ਇਹ ਸੋਲਨਸੀ ਪਰਿਵਾਰ (ਪੌਦਿਆਂ ਦੀ ਕਿਸਮ) ਦੇ ਫਲ ਹਨ।

ਟਮਾਟਰ ਵਿੱਚ 95 ਫੀਸਦੀ ਪਾਣੀ ਹੁੰਦਾ ਹੈ। ਬਾਕੀ 5 ਪ੍ਰਤੀਸ਼ਤ ਵਿੱਚ ਮੈਲਿਕ (ਜਿਸ ਦੇ ਕਾਰਨ ਫਲਾਂ ਦਾ ਸੁਆਦ ਖੱਟਾ ਹੁੰਦਾ ਹੈ), ਸਿਟਰਿਕ ਐਸਿਡ, ਗਲੂਟਾਮੇਟਸ, ਵਿਟਾਮਿਨ ਸੀ ਅਤੇ ਲਾਈਕੋਪੀਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ।

ਲਾਇਕੋਪੀਨ ਕਾਰਨ ਹੀ ਟਮਾਟਰ ਲਾਲ ਦਿਖਾਈ ਦਿੰਦੇ ਹਨ।

ਅੰਗਰੇਜ਼ੀ ਸ਼ਬਦ 'ਟੋਮੈਟੋ' ਸਪੈਨਿਸ਼ ਭਾਸ਼ਾ ਦੇ ਸ਼ਬਦ 'ਟੋਮੇਟ' ਤੋਂ ਬਣਿਆ ਹੈ। ਇਸ ਸਪੈਨਿਸ਼ ਸ਼ਬਦ ਦੀਆਂ ਜੜ੍ਹਾਂ ਐਜ਼ਟੈਕ ਭਾਸ਼ਾ ਵਿੱਚ ਮਿਲਦੀਆਂ ਹਨ। ਐਜ਼ਟੈਕ ਵਿੱਚ ਇਨ੍ਹਾਂ ਨੂੰ ਜ਼ੋਟੋਮੈਟਿਲ ਕਿਹਾ ਜਾਂਦਾ ਹੈ।

ਬਨਸਪਤੀ ਵਿਗਿਆਨੀ ਰਵੀ ਮਹਿਤਾ ਦੇ ਆਈਵੀਓਐਸਆਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਪੱਤਰ "ਟਮਾਟਰ ਦਾ ਇਤਿਹਾਸ: ਗਰੀਬ ਆਦਮੀ ਦਾ ਸੇਬ" ਵਿੱਚ ਦੱਸਿਆ ਹੈ ਕਿ ਜ਼ੋਟੋਮੈਟਿਲ ਸ਼ਬਦ ਪਹਿਲੀ ਵਾਰ 1595 ਦੌਰਾਨ ਕਿਤਾਬਾਂ ਵਿੱਚ ਵਰਤਿਆ ਗਿਆ ਸੀ।

ਰਵੀ ਨੇ ਦੱਸਿਆ, "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟਮਾਟਰ ਦੀ ਸ਼ੁਰੂਆਤ ਇੱਥੇ ਹੋਈ ਸੀ। ਹਾਲਾਂਕਿ, ਸੋਲਾਨਸੀ ਪੌਦਿਆਂ ਵਿੱਚ ਲੱਖਾਂ ਸਾਲਾਂ ਦੇ ਵਿਕਾਸ ਦੇ ਦੌਰਾਨ ਉਹ ਮੌਜੂਦਾ ਰੂਪ ਵਿੱਚ ਆਏ ਹੋ ਸਕਦੇ ਹਨ।''

ਸਭ ਤੋਂ ਪਹਿਲਾਂ ਕਿਸ ਨੇ ਇਸ ਦੀ ਖੇਤੀ ਕੀਤੀ

ਟਮਾਟਰ

ਤਸਵੀਰ ਸਰੋਤ, Getty Images

ਮੰਨਿਆ ਜਾਂਦਾ ਹੈ ਕਿ ਟਮਾਟਰ ਸਭ ਤੋਂ ਪਹਿਲਾਂ ਉੱਤਰੀ ਅਮਰੀਕਾ ਦੀਆਂ ਐਂਡੀਜ਼ ਪਹਾੜੀ ਸ਼੍ਰੇਣੀਆਂ ਵਿੱਚ ਉਗਾਏ ਗਏ। ਇਸ ਖੇਤਰ ਵਿੱਚ ਹੁਣ ਪੇਰੂ, ਬੋਲੀਵੀਆ, ਚਿਲੀ ਅਤੇ ਇਕਵਾਡੋਰ ਹਨ।

ਰਵੀ ਆਪਣੇ ਖੋਜ ਪੱਤਰ ਵਿੱਚ ਦੱਸਦੇ ਹਨ ਕਿ ''ਐਜ਼ਟੈਕ ਅਤੇ ਇੰਕਾਸ ਵਰਗੇ ਸਭਿਆਚਾਰਾਂ ਵਿੱਚ ਇਸ ਗੱਲ ਦੇ ਸਬੂਤ ਹਨ ਕਿ ਇਨ੍ਹਾਂ ਦੀ ਖੇਤੀ 700ਏਡੀ ਦੇ ਦਹਾਕੇ ਵਿੱਚ ਕੀਤੀ ਗਈ ਸੀ।''

ਹਾਲਾਂਕਿ, ਮੂਲ ਰੂਪ ਵਿੱਚ ਐਂਡੀਜ਼ ਵਿੱਚ ਉੱਗੇ ਟਮਾਟਰ ਬਹੁਤ ਕੌੜੇ ਸਨ।

ਰਵੀ ਕਹਿੰਦੇ ਹਨ, ''ਜਦੋਂ ਮਨੁੱਖ ਲਗਭਗ 20,000 ਸਾਲ ਪਹਿਲਾਂ ਇੱਥੇ ਆ ਕੇ ਵਸੇ ਸਨ, ਇਹ ਟਮਾਟਰ ਬਹੁਤ ਛੋਟੇ ਅਤੇ ਕੌੜੇ ਸਨ।''

ਟਮਾਟਰ

ਤਸਵੀਰ ਸਰੋਤ, Getty Images/BBC

ਉਹ ਕਹਿੰਦੇ ਹਨ, ''ਇਤਿਹਾਸ 'ਚ ਸਾਹਮਣੇ ਆਉਂਦਾ ਹੈ ਕਿ ਕੁਝ ਸੈਲਾਨੀ ਇਨ੍ਹਾਂ ਪੌਦਿਆਂ ਨੂੰ ਦੱਖਣੀ ਅਮਰੀਕਾ ਤੋਂ ਮੱਧ ਅਮਰੀਕਾ ਲੈ ਗਏ ਸਨ। ਉੱਥੇ ਹੀ ਮਾਇਆ ਸੱਭਿਅਤਾ ਦੇ ਲੋਕ ਟਮਾਟਰਾਂ ਦੀ ਖੇਤੀ ਕਰਨ ਲੱਗੇ।''

''ਹਾਲਾਂਕਿ, ਟਮਾਟਰ ਦੀ ਕਾਸ਼ਤ ਅਸਲ ਵਿੱਚ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਸੀ, ਇਹ ਦੱਸਣ ਲਈ ਕੋਈ ਸਬੂਤ ਉਪਲੱਬਧ ਨਹੀਂ ਹਨ।''

ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੀ ਕਾਸ਼ਤ 500 ਈਸਵੀ ਤੋਂ ਪਹਿਲਾਂ ਹੋਈ ਹੋਵੇਗੀ।

ਟਮਾਟਰ ਯੂਰਪ ਕਿਵੇਂ ਪਹੁੰਚਿਆ

ਟਮਾਟਰ

ਤਸਵੀਰ ਸਰੋਤ, Getty Images

ਖਾਣੇ ਸਬੰਧੀ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਦੋਂ 1490 ਦੇ ਦਹਾਕੇ ਵਿਚ ਯਾਤਰੀ ਕ੍ਰਿਸਟੋਫਰ ਕੋਲੰਬਸ ਦੱਖਣੀ ਅਮਰੀਕਾ ਆਏ ਤਾਂ ਉਸੇ ਦੌਰਾਨ ਯੂਰਪੀ ਲੋਕਾਂ ਨੂੰ ਟਮਾਟਰ ਬਾਰੇ ਪਤਾ ਲੱਗਿਆ।

ਰਵੀ ਨੇ ਆਪਣੇ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਯੂਰਪੀ ਸਾਹਿਤ ਵਿੱਚ ਟਮਾਟਰਾਂ ਦਾ ਸਭ ਤੋਂ ਪਹਿਲਾ ਜ਼ਿਕਰ 1544 ਵਿੱਚ ਇਤਾਲਵੀ ਡਾਕਟਰ ਅਤੇ ਬਨਸਪਤੀ ਵਿਗਿਆਨੀ ਐਂਡਰੀਆ ਮੈਟਿਓਲੀ ਦੁਆਰਾ ਲਿਖੀ "ਹਰਬਲ" ਵਿੱਚ ਮਿਲਦਾ ਹੈ।

ਇਹ ਟਮਾਟਰ ਮੈਡੀਟੇਰੀਅਨ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਆਰਾਮ ਨਾਲ ਉੱਗ ਸਕਦੇ ਹਨ, ਜਿੱਥੋਂ ਦਾ ਤਾਪਮਾਨ ਦੱਖਣੀ ਅਮਰੀਕਾ ਦੇ ਮੌਸਮ ਦੇ ਅਨੁਕੂਲ ਹੈ।

ਰਵੀ ਦੱਸਦੇ ਹਨ ਕਿ ਸ਼ੁਰੂ ਵਿੱਚ ਯੂਰਪ ਵਿੱਚ ਉਗਾਏ ਜਾਣ ਵਾਲੇ ਟਮਾਟਰਾਂ ਦਾ ਰੰਗ ਪੀਲਾ ਹੁੰਦਾ ਸੀ ਅਤੇ ਇਨ੍ਹਾਂ ਨੂੰ ਪੀਲਾ ਸੇਬ ਕਿਹਾ ਜਾਂਦਾ ਸੀ।

ਟਮਾਟਰਾਂ ਨੂੰ ਜ਼ਹਿਰੀਲਾ ਸਮਝਿਆ ਜਾਂਦਾ ਸੀ

ਟਮਾਟਰ

ਤਸਵੀਰ ਸਰੋਤ, Getty Images

ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਪਹਿਲਾਂ-ਪਹਿਲ ਬ੍ਰਿਟੇਨ ਵਿੱਚ ਟਮਾਟਰਾਂ ਨੂੰ ਜ਼ਹਿਰੀਲੇ ਫ਼ਲ ਮੰਨਿਆ ਜਾਂਦਾ ਸੀ। ਇਸ ਦਾ ਕਾਰਨ ਇਹ ਸੀ ਕਿ ਇਸ ਦੇ ਪੌਦਿਆਂ ਦੇ ਪੱਤੇ ਕੁਝ "ਘਾਤਕ'' ਪੌਦਿਆਂ ਨਾਲ ਮਿਲਦੇ-ਜੁਲਦੇ ਹਨ।

ਰਵੀ ਨੇ ਦੱਸਿਆ ਹੈ ਕਿ ਉਸ ਦੌਰ ਵਿੱਚ ਜ਼ਿਆਦਾਤਰ ਟਮਾਟਰਾਂ ਦਾ ਇਤੇਮਾਲ ਮੇਜ਼ ਨੂੰ ਸਜਾਉਣ ਲਈ ਕੀਤਾ ਜਾਂਦਾ ਸੀ। 1800 ਦੇ ਦਹਾਕੇ ਵਿੱਚ ਵੀ ਅਮਰੀਕਾ 'ਚ ਟਮਾਟਰ ਨੂੰ ਲੈ ਕੇ ਬਹੁਤ ਸਾਰੇ ਖਦਸ਼ੇ ਜਤਾਏ ਜਾਂਦੇ ਰਹੇ ਹਨ।

ਇਸ ਤੋਂ ਇਲਾਵਾ, ਟਮਾਟਰ ਨੂੰ "ਜ਼ਹਿਰੀਲਾ ਸੇਬ" ਵੀ ਕਿਹਾ ਜਾਂਦਾ ਸੀ। ਕੁਝ ਕਿਤਾਬਾਂ ਵਿੱਚ ਤਾਂ ਅਜਿਹੇ ਜ਼ਿਕਰ ਵੀ ਮਿਲਦੇ ਹਨ ਕਿ ਟਮਾਟਰ ਖਾਣ ਵਾਲੇ ਕੁਝ ਅਮੀਰ ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਇਹ ਝੂਠੀਆਂ ਖਬਰਾਂ ਹਨ।

ਰਵੀ ਦੱਸਦੇ ਹਨ, ''ਉਨ੍ਹਾਂ ਮੌਤਾਂ ਦਾ ਕਾਰਨ ਬਾਅਦ ਵਿੱਚ ਉਨ੍ਹਾਂ ਦੁਆਰਾ ਵਰਤੇ ਗਏ 'ਪਿਊਟਰ' ਭਾਂਡਿਆਂ ਨੂੰ ਪਾਇਆ ਗਿਆ (ਜਿਨ੍ਹਾਂ ਨੂੰ ਉਸ ਸਮੇਂ ਸ਼ੀਸ਼ਾ (ਲੈੱਡ) ਮਿਲਾ ਕੇ ਬਣਾਇਆ ਜਾਂਦਾ ਸੀ, ਜੋ ਕਿ ਮਨੁੱਖਾਂ ਲਈ ਖਤਰਨਾਕ ਹੁੰਦਾ ਹੈ।''

ਰਵੀ ਨੇ ਖੋਜ ਪੱਤਰ 'ਚ ਦੱਸਿਆ ਹੈ ਕਿ ''ਟਮਾਟਰ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਐਸਿਡ ਸ਼ੀਸ਼ੇ ਨਾਲ ਪ੍ਰਤੀਕਿਰਿਆ ਕਰਦਾ ਹੈ, ਜੋ ਭੋਜਨ ਦੇ ਜ਼ਹਿਰੀਲੇ ਬਣਨ ਦਾ ਕਾਰਨ ਬਣਦਾ ਹੈ।''

ਲਾਈਨ

ਭਾਰਤ ਕਿਵੇਂ ਪਹੁੰਚਿਆ ਟਮਾਟਰ

ਟਮਾਟਰ

ਤਸਵੀਰ ਸਰੋਤ, Getty Images

ਭੋਜਨ ਇਤਿਹਾਸਕਾਰ ਕੇਟੀ ਅਚਾਈਆ ਨੇ ਆਪਣੀ ਕਿਤਾਬ 'ਇੰਡੀਅਨ ਫੂਡ: ਏ ਹਿਸਟੋਰੀਕਲ ਕੰਪੈਨੀਅਨ' ਵਿੱਚ ਦੱਸਿਆ ਹੈ ਕਿ ਭਾਰਤ ਵਿੱਚ ਟਮਾਟਰ ਨੂੰ ਪਹਿਲੀ ਵਾਰ ਪੁਰਤਗਾਲੀ ਲੋਕ ਲੈ ਕੇ ਆਏ ਸਨ।

ਕੇਤੀ ਆਪਣੀ ਕਿਤਾਬ 'ਚ ਦੱਸਦੇ ਹਨ, "ਟਮਾਟਰ, ਮੱਕੀ, ਐਵੋਕਾਡੋ, ਕਾਜੂ ਅਤੇ ਸ਼ਿਮਲਾ ਮਿਰਚ ਵਰਗੀਆਂ ਬਹੁਤ ਸਾਰੀਆਂ ਫਸਲਾਂ ਪੁਰਤਗਾਲੀ ਭਾਰਤ ਵਿੱਚ ਲੈ ਕੇ ਆਏ ਸਨ।''

ਰਵੀ ਕਹਿੰਦੇ ਹਨ, "ਇੱਥੋਂ ਦਾ ਤਾਪਮਾਨ ਟਮਾਟਰ ਦੀ ਫ਼ਸਲ ਲਈ ਬਿਲਕੁਲ ਢੁਕਵਾਂ ਹੈ। ਭਾਰਤੀ ਮਿੱਟੀ ਵੀ ਇਸ ਲਈ ਢੁਕਵੀਂ ਹੈ।''

ਉਹ ਅੱਗੇ ਕਹਿੰਦੇ ਹਨ, ''ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਭਾਰਤ ਵਿੱਚ ਇਸ ਨੂੰ ਸਭ ਤੋਂ ਪਹਿਲਾਂ ਕਿੱਥੇ ਉਗਾਇਆ ਗਿਆ। ਪਰ ਬ੍ਰਿਟਿਸ਼ ਸ਼ਾਸਨ ਦੌਰਾਨ, ਇਸ ਫਸਲ ਦੇ ਖੇਤੀ ਦਾ ਇਲਾਕਾ ਕਾਫੀ ਵਧ ਗਿਆ ਸੀ। ਇਸ ਫਸਲ ਦਾ ਜ਼ਿਆਦਾਤਰ ਹਿੱਸਾ ਬ੍ਰਿਟਿਸ਼ ਲੋਕਾਂ ਕੋਲ ਜਾਂਦਾ ਸੀ।''

ਟਮਾਟਰ ਸਾਡੇ ਖਾਣੇ ਦਾ ਇੰਨਾ ਅਹਿਮ ਹਿੱਸਾ ਕਿਵੇਂ ਬਣੇ

ਟਮਾਟਰ

ਤਸਵੀਰ ਸਰੋਤ, Getty Images

ਭੋਜਨ ਇਤਿਹਾਸਕਾਰ ਡਾਕਟਰ ਪੂਰਨਾਚੰਦੂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਦੱਖਣੀ-ਭਾਰਤੀ ਥਾਲੀ ਵਿੱਚ ਟਮਾਟਰ ਦੀ ਅਹਿਮੀਅਤ ਇੰਨੀ ਵੱਧ ਗਈ।

ਉਹ ਕਹਿੰਦੇ ਹਨ, "ਸਾਡੇ ਦੇਸ਼ ਵਿੱਚ ਟਮਾਟਰਾਂ ਦਾ ਇਤਿਹਾਸ ਕੋਈ ਦੋ ਸੌ ਸਾਲ ਤੋਂ ਵੱਧ ਦਾ ਨਹੀਂ ਹੈ। ਹਾਈਬ੍ਰਿਡ ਟਮਾਟਰ ਦੇ ਆਉਣ ਤੋਂ ਬਾਅਦ ਇਨ੍ਹਾਂ ਦੀ ਖਪਤ ਬਹੁਤ ਵਧ ਗਈ ਹੈ। ਹੁਣ ਟਮਾਟਰ ਤੋਂ ਬਿਨਾਂ ਖਾਣਾ ਪਕਾਉਣ ਬਾਰੇ ਸੋਚਣਾ ਵੀ ਔਖਾ ਹੈ।''

ਉਹ ਕਹਿੰਦੇ ਹਨ ਕਿ ਟਮਾਟਰ ਨੇ ਸਬਜ਼ੀਆਂ ਵਿੱਚ ਪੈਣ ਵਾਲੀ ਇਮਲੀ ਦੀ ਥਾਂ ਲੈ ਲਈ ਹੈ। ਇਸੇ ਕਾਰਨ ਇਨ੍ਹਾਂ ਦਾ ਇਸਤੇਮਾਲ ਬਹੁਤ ਵਧ ਗਿਆ ਹੈ।

ਪੂਰਨਾਚੰਦੂ ਮੁਤਾਬਕ, ਇਸ ਦੀ ਕੀਮਤ ਇਮਲੀ ਨਾਲੋਂ ਘੱਟ ਹੈ ਤੇ ਇਹ ਵੱਖ-ਵੱਖ ਪ੍ਰਕਾਰ ਦੇ ਖਾਣਿਆਂ ਦੇ ਸੁਆਦ ਵਿੱਚ ਸੁਖਾਲੇ ਹੀ ਰਚ-ਵੱਸ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਅਹਿਮੀਅਤ ਹੋਰ ਵਧੀ ਹੈ। ਇਹ ਸਭ ਕੁਝ ਪਿਛਲੇ 30 ਸਾਲਾਂ 'ਚ ਹੀ ਹੋਇਆ ਹੈ।''

ਟਮਾਟਰ ਦੀਆਂ ਕੀਮਤਾਂ ਵਧਣ ਬਾਰੇ ਉਹ ਕਹਿੰਦੇ ਹਨ ਕਿ ਉਤਪਾਦਨ ਉਸ ਪੱਧਰ 'ਤੇ ਨਾ ਵਧਣ ਕਾਰਨ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ।

ਟਮਾਟਰ

ਤਸਵੀਰ ਸਰੋਤ, Getty Images

ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਭੋਜਨ ਇਤਿਹਾਸਕਾਰ ਪੁਸ਼ਪੇਸ਼ ਪੰਤ ਨੇ ਕਿਹਾ ਕਿ ਉੱਤਰ ਭਾਰਤੀ ਪਕਵਾਨਾਂ ਵਿੱਚ ਟਮਾਟਰ ਦਾ ਇਸਤੇਮਾਲ ਵਧਣ ਦਾ ਕਾਰਨ ਹਨ ਪੰਜਾਬੀ ਪਕਵਾਨ।

ਉਹ ਕਹਿੰਦੇ ਹਨ, "ਕਿਸੇ ਸਮੇਂ ਤੇਲਗੂ ਸੂਬਿਆਂ ਜਾਂ ਯੂਪੀ ਵਿੱਚ ਟਮਾਟਰਾਂ ਦੀ ਅਜਿਹੀ ਖਪਤ ਨਹੀਂ ਸੀ ਹੁੰਦੀ ਸੀ। ਪਰ ਪੰਜਾਬੀ ਢਾਬਿਆਂ ਕਾਰਨ ਟਮਾਟਰ ਵਾਲੀਆਂ ਸਬਜ਼ੀਆਂ ਸਾਰੇ ਪਾਸੇ ਮਿਲਣ ਲੱਗੀਆਂ।''

ਪੁਸ਼ਪੇਸ਼ ਪੰਤ ਦੱਸਦੇ ਹਨ, ''ਕੀ ਤੁਸੀਂ ਕਦੇ ਟਮਾਟਰ ਦਾ ਡੋਸਾ ਖਾਧਾ ਹੈ? ਨਹੀਂ, ਦੱਖਣ ਵਿੱਚ ਲਾਲ ਰੰਗ ਵਾਲੇ ਪਦਾਰਥਾਂ ਨੂੰ ਤਾਮਸਿਕ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਮੰਦਰਾਂ ਵਿੱਚ ਵੀ ਨਹੀਂ ਕੀਤੀ ਜਾਂਦੀ। ਰਾਜਸਥਾਨ ਵਿੱਚ ਵੀ ਇਸੇ ਤਰ੍ਹਾਂ ਹੈ। ਕਸ਼ਮੀਰ ਵਿੱਚ ਵੀ ਅਜਿਹਾ ਹੀ ਹੈ।"

ਉਹ ਅੱਗੇ ਕਹਿੰਦੇ ਹਨ, "ਪਰ ਅੱਜ ਸਥਿਤੀ ਬਹੁਤ ਬਦਲ ਗਈ ਹੈ। ਅੰਗਰੇਜ਼ਾਂ ਦੇ ਪ੍ਰਭਾਵ ਕਾਰਨ, ਇਹ ਸਬਜ਼ੀ ਤੋਂ ਚਟਣੀ ਤੱਕ ਹਰ ਜਗ੍ਹਾ ਦਿਖਾਈ ਦਿੰਦੇ ਹਨ।''

''ਮੋਮੋਜ਼, ਪਕੌੜੀਆਂ ਅਤੇ ਬਰਗਰ ਸਭ ਵਿੱਚ ਟਮਾਟਰ ਦੀ ਚਟਣੀ ਜਾਂ ਸੌਸ ਮਿਲਦੀ ਹੈ। ਹੁਣ ਦੱਖਣ ਵਿੱਚ ਵੀ ਡੋਸੇ ਲਾਲ ਚਟਨੀ ਪਰੋਸੀ ਜਾਂਦੀ ਹੈ। ਇਹ ਟਮਾਟਰਾਂ ਦੀ ਹੁੰਦੀ ਹੈ।''

ਟਮਾਟਰ ਉਤਪਾਦਨ 'ਚ ਭਾਰਤ ਦੂਜੇ ਸਥਾਨ 'ਤੇ

ਟਮਾਟਰ

ਤਸਵੀਰ ਸਰੋਤ, Getty Images

ਅੱਜ, ਭਾਰਤ ਦੁਨੀਆਂ ਵਿੱਚ ਟਮਾਟਰ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਨੈਸ਼ਨਲ ਹਾਰਟੀਕਲਚਰ ਬੋਰਡ ਦਾ ਅੰਦਾਜ਼ਾ ਹੈ ਕਿ 2022 ਵਿੱਚ ਟਮਾਟਰ ਦੀ ਪੈਦਾਵਾਰ 20 ਮਿਲੀਅਨ ਟਨ ਤੋਂ ਵੱਧ ਰਹੀ।

ਸੂਬਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ 14.63 ਫੀਸਦੀ ਟਮਾਟਰ, ਆਂਧਰਾ ਪ੍ਰਦੇਸ਼ ਵਿੱਚ 10.92 ਫੀਸਦੀ ਅਤੇ ਕਰਨਾਟਕ ਵਿੱਚ 10.23 ਫੀਸਦੀ ਟਮਾਟਰ ਉਗਾਇਆ ਜਾਂਦਾ ਹੈ।

ਜਿੱਥੋਂ ਤੱਕ ਕੀਮਤਾਂ ਦਾ ਸਵਾਲ ਹੈ, ਖਪਤਕਾਰ ਮਾਮਲਿਆਂ ਦੇ ਕੇਂਦਰੀ ਮੰਤਰੀ ਰੋਹਿਤ ਕੁਮਾਰ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਕੀਮਤਾਂ 'ਚ ਹੋਇਆ ਇਹ ਭਾਰੀ ਵਾਧਾ ਅਸਥਾਈ ਹੈ ਅਤੇ ਜਲਦ ਹੀ ਕੀਮਤਾਂ ਵਿੱਚ ਗਿਰਾਵਟ ਆ ਜਾਵੇਗੀ।

ਉਨ੍ਹਾਂ ਕਿਹਾ, "ਅਚਾਨਕ ਮੀਂਹ ਕਾਰਨ ਕੁਝ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਹੋਰ ਥਾਵਾਂ 'ਤੇ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੰਗ ਅਤੇ ਸਪਲਾਈ 'ਚ ਆਏ ਇਸ ਪਾੜੇ ਕਾਰਨ ਕੀਮਤਾਂ ਵਿੱਚ ਅਸਥਾਈ ਵਾਧਾ ਹੋਇਆ ਹੈ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)