ਅਮਰੀਕਾ ਦੀ ਆਈਸੀਈ ਕੀ ਹੈ? ਇਸ ਦੇ ਏਜੰਟਾਂ ਕੋਲ ਤਾਕਤ ਦੀ ਵਰਤੋਂ ਕਰਨ ਦੇ ਕਿਹੜੇ ਅਧਿਕਾਰ ਹਨ?

ਆਈਸੀਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਸੀਈ ਏਜੰਟ ਉਸ ਥਾਂ 'ਤੇ ਮੌਜੂਦ ਹਨ ਜਿੱਥੇ ਉਨ੍ਹਾਂ ਨੇ 7 ਜਨਵਰੀ, 2026 ਨੂੰ ਮਿਨੀਐਪੋਲਿਸ, ਮਿਨੀਸੋਟਾ ਵਿੱਚ ਇੱਕ ਔਰਤ ਨੂੰ ਗੋਲੀ ਮਾਰੀ ਸੀ
    • ਲੇਖਕ, ਕਾਇਲਾ ਐਪਸਟੀਨ
    • ਰੋਲ, ਬੀਬੀਸੀ ਨਿਊਜ਼

ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਏਜੰਟ ਉਸ ਘਟਨਾ ਵਾਲੀ ਥਾਂ 'ਤੇ ਖੜ੍ਹੇ ਹਨ ਜਿੱਥੇ ਇਸਦੇ ਏਜੰਟਾਂ ਨੇ 7 ਜਨਵਰੀ, 2026 ਨੂੰ ਅਮਰੀਕਾ ਦੇ ਮਿਨੀਐਪੋਲਿਸ, ਮਿਨੀਸੋਟਾ ਵਿੱਚ ਦਿਨ-ਦਿਹਾੜੇ 37 ਸਾਲਾ ਰੇਨੀ ਨਿਕੋਲ ਗੁੱਡ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਮਿਨੀਐਪੋਲਿਸ ਵਿੱਚ 37 ਸਾਲਾ ਰੇਨੀ ਨਿਕੋਲ ਗੁੱਡ ਦੀ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਘਟਨਾ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ (ਆਈਸੀਈ) ਦੀਆਂ ਕਾਰਵਾਈਆਂ ਦੀ ਹੁਣ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਟਰੰਪ ਦੇ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਆਈਸੀਈ ਨੇ ਹਜ਼ਾਰਾਂ ਗ੍ਰਿਫਤਾਰੀਆਂ ਕੀਤੀਆਂ ਹਨ, ਜੋ ਅਕਸਰ ਜਨਤਕ ਥਾਵਾਂ 'ਤੇ ਹੋਈਆਂ ਹਨ।

ਇਨ੍ਹਾਂ ਕਾਰਵਾਈਆਂ ਕਾਰਨ ਏਜੰਸੀ ਦੇ ਏਜੰਟ ਦੇਸ ਭਰ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਪਹੁੰਚ ਰਹੇ ਹਨ। ਏਜੰਸੀ ਦੀਆਂ ਇਨ੍ਹਾਂ ਕਾਰਵਾਈਆਂ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਆਈਸੀਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੇ ਜਵਾਬ ਵਜੋਂ ਆਈਸੀਈ ਦਾ ਗਠਨ 2002 ਦੇ 'ਹੋਮਲੈਂਡ ਸਕਿਓਰਿਟੀ ਐਕਟ' ਦੇ ਤਹਿਤ ਕੀਤਾ ਗਿਆ ਸੀ

ਆਈਸੀਈ ਕੀ ਹੈ ਅਤੇ ਇਹ ਕਦੋਂ ਹੋਂਦ ਵਿੱਚ ਆਈ ?

ਟਰੰਪ ਦੀ ਚੋਣ ਮੁਹਿੰਮ ਦਾ ਇੱਕ ਮੁੱਖ ਵਾਅਦਾ 'ਦੇਸ ਨਿਕਾਲਾ' ਦੀ ਇੱਕ ਵਿਆਪਕ ਮੁਹਿੰਮ ਸੀ। ਹੁਣ ਆਈਸੀਈ ਇਸ ਮੁਹਿੰਮ ਦੀ ਅਗਵਾਈ ਕਰ ਰਹੀ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਆਈਸੀਈ, ਇਸ ਦੇ ਬਜਟ ਅਤੇ ਮਿਸ਼ਨ ਨੂੰ ਕਾਫੀ ਵਧਾਇਆ ਹੈ। ਇਹ ਏਜੰਸੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਦੀ ਜਾਂਚ ਕਰਦੀ ਹੈ। ਇਹ ਅਮਰੀਕਾ ਤੋਂ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਬਾਹਰ ਕੱਢਣ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ।

11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੇ ਜਵਾਬ ਵਜੋਂ ਆਈਸੀਈ ਦਾ ਗਠਨ 2002 ਦੇ 'ਹੋਮਲੈਂਡ ਸਕਿਓਰਿਟੀ ਐਕਟ' ਦੇ ਤਹਿਤ ਕੀਤਾ ਗਿਆ ਸੀ। ਇਸ ਕਾਨੂੰਨ ਨੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀਐਚਐੱਸ) ਬਣਾਇਆ, ਜਿਸ ਵਿੱਚ ਆਈਸੀਈ ਇੱਕ ਸਹਾਇਕ ਏਜੰਸੀ ਵਜੋਂ ਸ਼ਾਮਲ ਸੀ।

ਆਈਸੀਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਸੀਈ ਦੇਸ਼ ਨਿਕਾਲੇ ਦੀ ਇੱਕ ਵਿਆਪਕ ਮੁਹਿੰਮ ਦੀ ਅਗਵਾਈ ਕਰ ਰਹੀ ਹੈ

ਗ੍ਰਿਫਤਾਰੀ ਲਈ ਆਈਸੀਈ ਏਜੰਟਾਂ ਕੋਲ ਕਿਹੜੀਆਂ ਸ਼ਕਤੀਆਂ ਹਨ?

ਆਈਸੀਈ ਆਪਣੇ ਮਿਸ਼ਨ ਨੂੰ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਨਾਲ ਜੋੜ ਕੇ ਵੇਖਦੀ ਹੈ। ਹਾਲਾਂਕਿ, ਉਨ੍ਹਾਂ ਦੇ ਅਧਿਕਾਰ ਅਮਰੀਕਾ ਦੇ ਆਮ ਸਥਾਨਕ ਪੁਲਿਸ ਵਿਭਾਗ ਨਾਲੋਂ ਵੱਖਰੇ ਹਨ।

ਇਸ ਦੇ ਏਜੰਟਾਂ ਕੋਲ ਉਨ੍ਹਾਂ ਲੋਕਾਂ ਨੂੰ ਰੋਕਣ, ਹਿਰਾਸਤ ਵਿੱਚ ਲੈਣ ਅਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਹੈ ਜਿਨ੍ਹਾਂ 'ਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿਣ ਦਾ ਸ਼ੱਕ ਹੈ।

ਪਰ, ਖਾਸ ਗੱਲ ਇਹ ਹੈ ਕਿ ਉਨ੍ਹਾਂ ਕੋਲ ਅਮਰੀਕੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਨਹੀਂ ਹੈ। ਸਿਵਾਏ ਕੁਝ ਖਾਸ ਹਾਲਤਾਂ ਦੇ, ਜਿਵੇਂ ਕਿ ਜੇ ਕੋਈ ਵਿਅਕਤੀ ਗ੍ਰਿਫਤਾਰੀ ਵਿੱਚ ਦਖ਼ਲ ਦਿੰਦਾ ਹੈ ਜਾਂ ਕਿਸੇ ਅਧਿਕਾਰੀ 'ਤੇ ਹਮਲਾ ਕਰਦਾ ਹੈ।

ਇਸ ਦੇ ਬਾਵਜੂਦ, ਨਿਊਜ਼ ਸੰਸਥਾ 'ਪ੍ਰੋਪਬਲਿਕਾ' (ProPublica) ਦੇ ਅਨੁਸਾਰ, ਟਰੰਪ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੇ ਪਹਿਲੇ ਨੌਂ ਮਹੀਨਿਆਂ ਦੌਰਾਨ 170 ਤੋਂ ਵੱਧ ਅਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਸੰਘੀ ਏਜੰਟਾਂ ਨੇ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਹਿਰਾਸਤ ਵਿੱਚ ਰੱਖਿਆ।

ਇਨ੍ਹਾਂ ਮਾਮਲਿਆਂ ਵਿੱਚ ਉਹ ਅਮਰੀਕੀ ਸ਼ਾਮਲ ਸਨ ਜਿਨ੍ਹਾਂ 'ਤੇ ਗ਼ੈਰ-ਦਸਤਾਵੇਜ਼ੀ ਪਰਵਾਸੀ ਹੋਣ ਦਾ ਸ਼ੱਕ ਕੀਤਾ ਗਿਆ ਸੀ।

ਆਈਸੀਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਇਤਿਹਾਸਕ ਤੌਰ 'ਤੇ ਉਨ੍ਹਾਂ ਅਧਿਕਾਰੀਆਂ ਨੂੰ ਕਾਫੀ ਛੋਟ ਦਿੱਤੀ ਹੈ ਜੋ ਬਿਨਾਂ ਕਿਸੇ ਪੂਰਵ-ਗਿਆਨ ਦੇ ਮੌਕੇ 'ਤੇ ਤੁਰੰਤ ਫ਼ੈਸਲੇ ਲੈਂਦੇ ਹਨ

ਤਾਕਤ ਦੀ ਵਰਤੋਂ ਲਈ ਆਈਸੀਈ ਕੋਲ ਕਿਹੜੇ ਅਧਿਕਾਰ ਹਨ?

ਆਈਸੀਈ ਦੀ ਤਾਕਤ ਦੀ ਵਰਤੋਂ ਦੀਆਂ ਕਾਰਵਾਈਆਂ ਅਮਰੀਕੀ ਸੰਵਿਧਾਨ, ਅਮਰੀਕੀ ਕਾਨੂੰਨ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਆਪਣੇ ਨੀਤੀ ਨਿਰਦੇਸ਼ਾਂ ਦੇ ਸੁਮੇਲ ਦੁਆਰਾ ਤੈਅ ਹੁੰਦੀਆਂ ਹਨ।

ਵੈਂਡਰਬਿਲਟ ਯੂਨੀਵਰਸਿਟੀ ਲਾਅ ਸਕੂਲ ਵਿਖੇ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਦੇ ਨਿਰਦੇਸ਼ਕ ਕ੍ਰਿਸ ਸਲੋਬੋਗਿਨ ਨੇ ਕਿਹਾ, "ਸੰਵਿਧਾਨ ਦੇ ਤਹਿਤ, ਕਾਨੂੰਨ ਲਾਗੂ ਕਰਨ ਵਾਲੇ ਉਦੋਂ ਹੀ ਜਾਨਲੇਵਾ ਤਾਕਤ ਦੀ ਵਰਤੋਂ ਕਰ ਸਕਦੇ ਹਨ ਜੇਕਰ ਕੋਈ ਵਿਅਕਤੀ ਉਨ੍ਹਾਂ ਲਈ ਜਾਂ ਦੂਜੇ ਲੋਕਾਂ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ, ਜਾਂ ਜੇਕਰ ਉਸ ਵਿਅਕਤੀ ਨੇ ਕੋਈ ਹਿੰਸਕ ਅਪਰਾਧ ਕੀਤਾ ਹੈ।"

ਪਰ ਸੁਪਰੀਮ ਕੋਰਟ ਨੇ ਇਤਿਹਾਸਕ ਤੌਰ 'ਤੇ ਉਨ੍ਹਾਂ ਅਧਿਕਾਰੀਆਂ ਨੂੰ ਕਾਫੀ ਛੋਟ ਦਿੱਤੀ ਹੈ ਜੋ ਬਿਨਾਂ ਕਿਸੇ ਪੂਰਵ-ਗਿਆਨ ਦੇ ਮੌਕੇ 'ਤੇ ਤੁਰੰਤ ਫ਼ੈਸਲੇ ਲੈਂਦੇ ਹਨ।

2023 ਦੇ ਇੱਕ ਡੀਐੱਚਐੱਸ ਨੀਤੀ ਮੀਮੋ ਵਿੱਚ ਕਿਹਾ ਗਿਆ ਹੈ ਕਿ ਸੰਘੀ ਕਾਨੂੰਨ ਲਾਗੂ ਕਰਨ ਵਾਲੇ "ਜਾਨਲੇਵਾ ਤਾਕਤ ਦੀ ਵਰਤੋਂ ਸਿਰਫ਼ ਉਦੋਂ ਹੀ ਕਰ ਸਕਦੇ ਹਨ ਜਦੋਂ ਜ਼ਰੂਰੀ ਹੋਵੇ," ਜਦੋਂ ਕਿਸੇ ਅਧਿਕਾਰੀ ਨੂੰ "ਵਾਜਬ ਵਿਸ਼ਵਾਸ ਹੋਵੇ ਕਿ ਉਹ ਵਿਅਕਤੀ ਉਸ ਲਈ ਜਾਂ ਕਿਸੇ ਹੋਰ ਵਿਅਕਤੀ ਲਈ ਮੌਤ ਜਾਂ ਗੰਭੀਰ ਸਰੀਰਕ ਸੱਟ ਦਾ ਤੁਰੰਤ ਖ਼ਤਰਾ ਪੈਦਾ ਕਰਦਾ ਹੈ।"

ਅਮਰੀਕਾ

ਆਈਸੀਈ ਕਿੱਥੇ ਕੰਮ ਕਰਦੀ ਹੈ?

ਆਮ ਤੌਰ 'ਤੇ, ਆਈਸੀਈ ਅਮਰੀਕਾ ਦੇ ਅੰਦਰ ਕੰਮ ਕਰਦੀ ਹੈ ਅਤੇ ਇਸਦਾ ਕੁਝ ਸਟਾਫ ਵਿਦੇਸ਼ਾਂ ਵਿੱਚ ਵੀ ਹੈ। ਇਸਦੀ ਸਹਾਇਕ ਏਜੰਸੀ, 'ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ', ਤਕਨੀਕੀ ਤੌਰ 'ਤੇ ਅਮਰੀਕੀ ਸਰਹੱਦਾਂ ਦੀ ਨਿਗਰਾਨੀ ਕਰਦੀ ਹੈ।

ਪਰ ਇਹ ਭੂਮਿਕਾਵਾਂ ਹੁਣ ਕਾਫੀ ਰਲ-ਗੱਡ ਹੋ ਗਈਆਂ ਹਨ, ਕਿਉਂਕਿ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਲਈ ਕਈ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਏਜੰਟ ਲਏ ਹਨ।

ਬਾਰਡਰ ਪੈਟਰੋਲ ਅਧਿਕਾਰੀ ਹੁਣ ਤੇਜ਼ੀ ਨਾਲ ਅਮਰੀਕਾ ਦੇ ਅੰਦਰ ਕੰਮ ਕਰ ਰਹੇ ਹਨ ਅਤੇ ਆਈਸੀਈ ਨਾਲ ਮਿਲ ਕੇ ਛਾਪੇਮਾਰੀ ਵਿੱਚ ਹਿੱਸਾ ਲੈ ਰਹੇ ਹਨ।

ਆਈਸੀਈ ਅਤੇ ਹੋਰ ਏਜੰਸੀਆਂ ਨੇ ਹੋਰ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਭਾਈਵਾਲੀ ਵਿੱਚ ਲਾਸ ਏਂਜਲਸ, ਸ਼ਿਕਾਗੋ ਅਤੇ ਹੁਣ ਮਿਨੀਐਪੋਲਿਸ ਵਰਗੇ ਸ਼ਹਿਰਾਂ ਵਿੱਚ ਸੈਂਕੜੇ ਅਧਿਕਾਰੀ ਤੈਨਾਤ ਕੀਤੇ ਹਨ। 'ਐਸੋਸੀਏਟਿਡ ਪ੍ਰੈਸ' ਦੀ ਰਿਪੋਰਟ ਅਨੁਸਾਰ ਤਾਜ਼ਾ ਕਾਰਵਾਈ ਦੇ ਹਿੱਸੇ ਵਜੋਂ ਮਿਨੀਐਪੋਲਿਸ ਵਿੱਚ 2,000 ਤੱਕ ਸੰਘੀ ਅਧਿਕਾਰੀ ਤਾਇਨਾਤ ਕੀਤੇ ਜਾਣਗੇ।

ਆਈਸੀਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਗੋਲੀ ਮਾਰ ਕੇ ਮਾਰੀ ਗਈ ਰੇਨੀ ਗੁੱਡ ਦੀ ਯਾਦ ਵਿੱਚ ਇੱਕ ਸੋਗ ਸਭਾ ਦੌਰਾਨ ਲੋਕ ਆਈਸੀਈ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ

ਜਿਨ੍ਹਾਂ ਨੂੰ ਆਈਸੀਈ ਹਿਰਾਸਤ 'ਚ ਲੈਂਦੀ ਹੈ, ਉਨ੍ਹਾਂ ਦਾ ਕੀ ਹੁੰਦਾ ਹੈ?

ਟਰੰਪ ਦੇ ਦੌਰ ਵਿੱਚ ਦੇਸ ਨਿਕਾਲੇ ਦਿੱਤੇ ਜਾਣ ਦਾ ਪੱਧਰ ਕਾਫੀ ਵੱਡਾ ਰਿਹਾ ਹੈ। ਪ੍ਰਸ਼ਾਸਨ ਨੇ ਦੱਸਿਆ ਕਿ 20 ਜਨਵਰੀ ਤੋਂ 10 ਦਸੰਬਰ 2025 ਦੇ ਵਿਚਕਾਰ 60,5000 ਲੋਕਾਂ ਨੂੰ ਡੀਪੋਰਟ ਕੀਤਾ ਗਿਆ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਕਿ 19 ਲੱਖ ਪਰਵਾਸੀਆਂ ਨੇ "ਸਵੈ-ਇੱਛਾ ਨਾਲ ਦੇਸ ਛੱਡ ਦਿੱਤਾ" ਸੀ।

ਇਹ ਇੱਕ ਵਿਆਪਕ ਜਨਤਕ ਜਾਗਰੂਕਤਾ ਮੁਹਿੰਮ ਤੋਂ ਬਾਅਦ ਹੋਇਆ ਜਿਸ ਵਿੱਚ ਲੋਕਾਂ ਨੂੰ ਗ੍ਰਿਫਤਾਰੀ ਜਾਂ ਹਿਰਾਸਤ ਤੋਂ ਬਚਣ ਲਈ ਆਪਣੇ ਆਪ ਦੇਸ ਛੱਡਣ ਲਈ ਉਤਸ਼ਾਹਿਤ ਕੀਤਾ ਗਿਆ ਸੀ।

ਜੇ ਕਿਸੇ ਪਰਵਾਸੀ ਦਾ ਸਾਹਮਣਾ ਆਈਸੀਈ ਨਾਲ ਹੁੰਦਾ ਹੈ, ਉਸ ਨੂੰ ਕਈ ਤਰ੍ਹਾਂ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਕਿਸੇ ਵਿਅਕਤੀ ਨੂੰ ਅਸਥਾਈ ਤੌਰ 'ਤੇ ਰੱਖਿਆ ਜਾਂਦਾ ਹੈ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ।

ਦੂਜੀਆਂ ਹਾਲਤਾਂ ਵਿੱਚ, ਆਈਸੀਈ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਕਿਸੇ ਵੱਡੇ ਹਿਰਾਸਤੀ ਕੇਂਦਰ ਵਿੱਚ ਭੇਜ ਦਿੰਦੀ ਹੈ। ਇਹ ਕੇਂਦਰ ਪੂਰੇ ਅਮਰੀਕਾ ਵਿੱਚ ਕਈ ਥਾਵਾਂ 'ਤੇ ਹਨ।

ਬਹੁਤ ਸਾਰੇ ਪਰਵਾਸੀ ਹਿਰਾਸਤ ਵਿੱਚ ਰਹਿੰਦਿਆਂ ਕਾਨੂੰਨੀ ਦਰਜੇ ਲਈ ਲੜਾਈ ਜਾਰੀ ਰੱਖਦੇ ਹਨ, ਜੇਕਰ ਉਹ ਅਸਫ਼ਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਅੰਤ ਵਿੱਚ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।

ਸਾਈਰਾਕਿਊਜ਼ ਯੂਨੀਵਰਸਿਟੀ ਦੇ ਸਰਕਾਰੀ ਅੰਕੜਿਆਂ ਦੇ ਸੰਗ੍ਰਹਿ 'ਟ੍ਰਾਂਜੈਕਸ਼ਨਲ ਰਿਕਾਰਡਸ ਐਕਸੈਸ ਕਲੀਅਰਿੰਗਹਾਊਸ' (ਟੀਆਰਏਸੀ) ਦੇ ਇਮੀਗ੍ਰੇਸ਼ਨ ਪ੍ਰੋਜੈਕਟ ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ, 30 ਨਵੰਬਰ 2025 ਤੱਕ ਲਗਭਗ 65,000 ਲੋਕ ਆਈਸੀਈ ਦੀ ਹਿਰਾਸਤ ਵਿੱਚ ਸਨ।

ਇਮੀਗ੍ਰੇਸ਼ਨ ਵਕੀਲਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜਦੋਂ ਆਈਸੀਈ ਕਿਸੇ ਨੂੰ ਹਿਰਾਸਤ ਵਿੱਚ ਲੈਂਦੀ ਹੈ, ਤਾਂ ਕਈ ਵਾਰ ਪਰਿਵਾਰਾਂ ਜਾਂ ਵਕੀਲਾਂ ਨੂੰ ਇਹ ਪਤਾ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ ਕਿ ਉਸ ਨੂੰ ਰੱਖਿਆ ਕਿੱਥੇ ਗਿਆ ਹੈ।

ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਆਈਸੀਈ ਏਜੰਟ ਨੇ ਰੇਨੀ ਗੁੱਡ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਕਾਰ ਚਲਾ ਰਹੀ ਸੀ

ਆਈਸੀਈ ਨੂੰ ਕਿਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ?

ਬਹੁਤ ਸਾਰੇ ਭਾਈਚਾਰਿਆਂ ਨੇ ਆਈਸੀਈ ਅਤੇ ਬਾਰਡਰ ਪੈਟਰੋਲ ਵਰਗੀਆਂ ਸਹਿਯੋਗੀ ਏਜੰਸੀਆਂ ਦੀਆਂ ਕਾਰਵਾਈਆਂ ਕਰਦੀਆਂ ਦਾ ਵਿਰੋਧ ਕੀਤਾ ਹੈ।

ਹੁਣ ਨਿਵਾਸੀਆਂ ਲਈ ਗ੍ਰਿਫਤਾਰੀਆਂ ਦੌਰਾਨ ਆਈਸੀਈ ਏਜੰਟਾਂ ਦੀ ਵੀਡੀਓ ਬਣਾਉਣਾ ਆਮ ਗੱਲ ਹੋ ਗਈ ਹੈ। ਕੁਝ ਮੌਕਿਆਂ ਉੱਤੇ ਆਈਸੀਈ ਅਤੇ ਜਨਤਾ ਵਿਚਕਾਰ ਕੁਝ ਟਕਰਾਅ ਹਿੰਸਕ ਰੂਪ ਵੀ ਧਾਰਨ ਕਰ ਚੁੱਕੇ ਹਨ।

ਸ਼ਿਕਾਗੋ, ਇਲੀਨੋਇਸ ਵਿੱਚ ਆਈਸੀਈ ਦੀਆਂ ਕਾਰਵਾਈਆਂ ਦੌਰਾਨ, ਮੀਡੀਆ ਸੰਗਠਨਾਂ ਦੇ ਇੱਕ ਸਮੂਹ ਨੇ ਬਾਰਡਰ ਪੈਟਰੋਲ 'ਤੇ ਮੁਕੱਦਮਾ ਕੀਤਾ।

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਏਜੰਟਾਂ ਨੇ ਪੱਤਰਕਾਰਾਂ, ਧਾਰਮਿਕ ਆਗੂਆਂ ਅਤੇ ਮੁਜ਼ਾਹਰਾਕਾਰੀਆਂ ਵਿਰੁੱਧ ਤਾਕਤ ਦੀ ਗ਼ਲਤ ਵਰਤੋਂ ਕੀਤੀ। ਇੱਕ ਸੰਘੀ ਜੱਜ ਨੇ ਸ਼ਿਕਾਇਤ ਕਰਨ ਵਾਲਿਆਂ ਦਾ ਪੱਖ ਲਿਆ ਸੀ, ਪਰ ਬਾਅਦ ਵਿੱਚ ਇੱਕ ਅਪੀਲੀ ਅਦਾਲਤ ਨੇ ਉਸ ਹੁਕਮ ਨੂੰ ਉਲਟਾ ਦਿੱਤਾ।

ਮਿਨੀਐਪੋਲਿਸ ਦੀ ਗੋਲੀਬਾਰੀ ਪਹਿਲੀ ਅਜਿਹੀ ਘਟਨਾ ਨਹੀਂ ਹੈ ਜਿੱਥੇ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਕੋਈ ਜਣਾ ਗੋਲੀ ਨਾਲ ਜ਼ਖਮੀ ਹੋਇਆ ਹੋਵੇ।

'ਲਾਸ ਏਂਜਲਸ ਟਾਈਮਜ਼' ਦੀ ਰਿਪੋਰਟ ਅਨੁਸਾਰ ਅਕਤੂਬਰ ਵਿੱਚ ਲਾਸ ਏਂਜਲਸ ਵਿੱਚ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ ਜਿੱਥੇ ਏਜੰਟਾਂ ਨੇ ਡਰਾਈਵਰਾਂ 'ਤੇ ਗੋਲੀਆਂ ਚਲਾਈਆਂ ਸਨ। ਡੀਐੱਚਐੱਸ ਨੇ ਦੋਵਾਂ ਮਾਮਲਿਆਂ ਵਿੱਚ ਕਿਹਾ ਕਿ ਡਰਾਈਵਰਾਂ ਨੇ ਆਪਣੇ ਵਾਹਨਾਂ ਨਾਲ ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ।

ਆਈਸੀਈ ਅਧਿਕਾਰੀਆਂ ਅਤੇ ਹੋਰ ਇਮੀਗ੍ਰੇਸ਼ਨ ਏਜੰਟਾਂ ਦੀ ਆਪਣੀ ਕਾਰਵਾਈ ਦੌਰਾਨ ਮਾਸਕ ਪਾਉਣ ਕਾਰਨ ਆਲੋਚਨਾ ਕੀਤੀ ਗਈ ਹੈ। ਡੀਐੱਚਐੱਸ ਅਧਿਕਾਰੀਆਂ ਨੇ ਇਸ ਦੇ ਬਚਾਅ ਵਿੱਚ ਕਿਹਾ ਹੈ ਕਿ ਇਹ ਏਜੰਟਾਂ ਦੀ ਨਿੱਜੀ ਜਾਣਕਾਰੀ ਜਨਤਕ ਹੋਣ ਜਾਂ ਪਰੇਸ਼ਾਨ ਕੀਤੇ ਜਾਣ ਤੋਂ ਬਚਾਉਂਦਾ ਹੈ।

ਆਈਸੀਈ ਅਤੇ ਦੇਸ ਨਿਕਾਲੇ ਬਾਰੇ ਅਮਰੀਕੀਆਂ ਦਾ ਕੀ ਰੁਖ਼ ਹੈ?

ਸਰਵੇਖਣਾਂ ਅਨੁਸਾਰ, ਟਰੰਪ ਦੀਆਂ ਇਮੀਗ੍ਰੇਸ਼ਨ ਕਾਰਵਾਈਆਂ ਬਾਰੇ ਅਮਰੀਕੀਆਂ ਦੇ ਵਿਚਾਰ ਕਾਫ਼ੀ ਰਲੇ-ਮਿਲੇ ਹਨ।

ਗ਼ੈਰ-ਪੱਖਪਾਤੀ 'ਪਿਊ ਰਿਸਰਚ ਸੈਂਟਰ' ਦੇ ਅਕਤੂਬਰ 2025 ਦੇ ਇੱਕ ਸਰਵੇਖਣ ਅਨੁਸਾਰ, ਅੱਧੇ ਤੋਂ ਵੱਧ ਅਮਰੀਕੀ ਮੰਨਦੇ ਹਨ ਕਿ ਕੁਝ ਹੱਦ ਤੱਕ ਦੇਸ ਨਿਕਾਲਾ ਜ਼ਰੂਰੀ ਹੈ। ਇਹ ਗਿਣਤੀ ਲਗਭਗ ਓਨੀ ਹੀ ਹੈ ਜਿੰਨੀ ਪਿਊ ਨੇ ਪਿਛਲੇ ਮਾਰਚ ਵਿੱਚ ਪਾਈ ਸੀ।

ਇਹੀ ਸਰਵੇਖਣ ਇਹ ਵੀ ਦਰਸਾਉਂਦਾ ਹੈ ਕਿ ਅਮਰੀਕੀ ਟਰੰਪ ਦੇ ਤਰੀਕਿਆਂ ਬਾਰੇ ਚਿੰਤਤ ਹਨ।

ਸਰਵੇਖਣ ਅਨੁਸਾਰ, 53% ਅਮਰੀਕੀ ਬਾਲਗ ਮੰਨਦੇ ਹਨ ਕਿ ਟਰੰਪ ਪ੍ਰਸ਼ਾਸਨ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਕੱਢਣ ਲਈ "ਬਹੁਤ ਜ਼ਿਆਦਾ" ਕਰ ਰਿਹਾ ਹੈ। ਲਗਭਗ 36% ਲੋਕਾਂ ਨੇ ਇਸ ਪਹੁੰਚ ਦੀ ਹਮਾਇਤ ਕੀਤੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)