ਠੰਢੀਆਂ ਹਵਾਵਾਂ ਦਿਲ ਦੀਆਂ ਬਿਮਾਰੀਆਂ ਸਣੇ ਸਿਹਤ 'ਤੇ ਹੋਰ ਕੀ ਗੰਭੀਰ ਅਸਰ ਪਾ ਸਕਦੀਆਂ ਹਨ, ਡਾਕਟਰਾਂ ਤੋਂ ਜਾਣੋ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਲਈ
ਸਰਦੀਆਂ ਦੇ ਮੌਸਮ ਵਿੱਚ ਸਵੇਰੇ ਉੱਠਣਾ, ਤਿਆਰ ਹੋ ਕੇ ਕੰਮ 'ਤੇ ਜਾਣਾ ਕਈ ਲੋਕਾਂ ਨੂੰ ਸਭ ਤੋਂ ਮੁਸ਼ਕਲ ਕੰਮ ਲੱਗਦਾ ਹੈ। ਹਵਾਵਾਂ ਇੰਨੀਆਂ ਸਰਦ ਹੁੰਦੀਆਂ ਹਨ ਕਿ ਰਜ਼ਾਈ ਜਾਂ ਕੰਬਲ ਤੋਂ ਬਾਹਰ ਆਉਣ ਦਾ ਮਨ ਹੀ ਨਹੀਂ ਕਰਦਾ। ਉੱਤਰੀ ਭਾਰਤ ਵਿੱਚ ਕੋਹਰਾ ਅਤੇ ਸਰਦ ਹਵਾਵਾਂ ਲੋਕਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਪਰ ਠੰਢ ਦਾ ਅਸਰ ਸਿਰਫ਼ ਸਾਡੀ ਰੋਜ਼ਾਨਾ ਦੀ ਰੁਟੀਨ ਤੱਕ ਹੀ ਸੀਮਿਤ ਨਹੀਂ ਹੈ। ਕੀ ਤੁਸੀਂ ਜਾਣਦੇ ਹੋ ਕਿ ਠੰਢੀਆਂ ਹਵਾਵਾਂ ਤੁਹਾਡੀ ਸਿਹਤ 'ਤੇ ਸਿੱਧਾ ਅਤੇ ਗੰਭੀਰ ਅਸਰ ਪਾ ਸਕਦੀਆਂ ਹਨ?
ਪੀਆਈਬੀ ਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ 'ਭਾਰਤ ਵਿੱਚ ਆਕਸਮਿਕ ਮੌਤਾਂ ਅਤੇ ਆਤਮਹੱਤਿਆ' ਸਿਰਲੇਖ ਵਾਲੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ 2019 ਤੋਂ 2023 ਦੇ ਦਰਮਿਆਨ ਸ਼ੀਤ ਲਹਿਰ ਦੀ ਚਪੇਟ ਵਿੱਚ ਆਉਣ ਕਾਰਨ ਕੁੱਲ 3,639 ਲੋਕਾਂ ਦੀ ਮੌਤ ਹੋਈ।
ਸਰਦੀਆਂ ਵਿੱਚ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਦਾ ਸਿਹਤ 'ਤੇ ਕੀ ਅਸਰ ਪੈਂਦਾ ਹੈ, ਇਸਨੂੰ ਸਮਝਣ ਲਈ ਬੀਬੀਸੀ ਨਿਊਜ਼ ਹਿੰਦੀ ਨੇ ਕਈ ਸਿਹਤ ਮਾਹਰਾਂ ਨਾਲ ਗੱਲ ਕੀਤੀ।
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਸ਼ੀਤ ਲਹਿਰ ਅਤੇ ਫ੍ਰਾਸਟ ਨਾਲ ਨਜਿੱਠਣ ਲਈ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਰਾਸ਼ਟਰੀ ਗਾਈਡਲਾਈਨਜ਼, 2021 ਵਿੱਚ ਦੱਸਿਆ ਹੈ ਕਿ ਭਾਰਤ ਦੀ ਲਗਭਗ 90.90 ਕਰੋੜ ਆਬਾਦੀ ਅਜਿਹੇ ਇਲਾਕਿਆਂ ਵਿੱਚ ਰਹਿੰਦੀ ਹੈ, ਜਿਨ੍ਹਾਂ ਨੂੰ ਮੁੱਖ ਸ਼ੀਤ ਲਹਿਰ ਖੇਤਰ ਜਾਂ ਕੋਰ ਕੋਲਡ ਵੇਵ ਜ਼ੋਨ ਮੰਨਿਆ ਗਿਆ ਹੈ।
ਭਾਰਤ ਦੇ ਉੱਤਰੀ ਹਿੱਸੇ, ਖ਼ਾਸ ਕਰਕੇ ਪਹਾੜੀ ਇਲਾਕੇ ਅਤੇ ਉਨ੍ਹਾਂ ਨਾਲ ਜੁੜੇ ਮੈਦਾਨੀ ਖੇਤਰ, ਕੋਰ ਕੋਲਡ ਵੇਵ ਜ਼ੋਨ ਵਿੱਚ ਆਉਂਦੇ ਹਨ। ਇਹ ਜ਼ੋਨ ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਗਾਈਡਲਾਈਨਜ਼ ਮੁਤਾਬਕ ਬੱਚੇ ਅਤੇ ਬਜ਼ੁਰਗ ਇਸਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।
ਐੱਨਡੀਐੱਮਏ ਦੇ ਮੁਤਾਬਕ, ਠੰਢੀਆਂ ਲਹਿਰਾਂ ਦਾ ਸਿਹਤ 'ਤੇ ਗੰਭੀਰ ਅਸਰ ਪੈਂਦਾ ਹੈ। ਭਾਰਤ ਵਿੱਚ 2001 ਤੋਂ 2019 ਦੇ ਵਿਚਾਲੇ ਵੱਖ-ਵੱਖ ਸੂਬਿਆਂ ਵਿੱਚ ਠੰਢ ਕਾਰਨ 4,712 ਲੋਕਾਂ ਦੀ ਮੌਤ ਹੋਈ।

ਸਰਦ ਹਵਾਵਾਂ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ?
ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਮੁੱਖ ਜਰਨਲ ਜੇਏਸੀਸੀ ਵਿੱਚ 2024 ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ। ਇਸਨੂੰ ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ (ਈਐੱਸਸੀ) ਕਾਂਗਰਸ 2024 ਵਿੱਚ ਪੇਸ਼ ਕੀਤਾ ਗਿਆ ਸੀ।
ਇਸ ਵਿੱਚ ਕਿਹਾ ਗਿਆ ਕਿ ਬਹੁਤ ਠੰਢਾ ਮੌਸਮ ਅਤੇ ਅਚਾਨਕ ਆਉਣ ਵਾਲੀਆਂ ਠੰਢੀਆਂ ਲਹਿਰਾਂ ਹਾਰਟ ਅਟੈਕ ਦੇ ਖ਼ਤਰੇ ਨੂੰ ਵਧਾ ਦਿੰਦੀਆਂ ਹਨ। ਅਧਿਐਨ ਮੁਤਾਬਕ, ਖ਼ਾਸ ਗੱਲ ਇਹ ਹੈ ਕਿ ਇਹ ਖ਼ਤਰਾ ਠੰਢ ਲੱਗਣ ਦੇ ਨਾਲ ਹੀ ਨਹੀਂ, ਬਲਕਿ ਠੰਢ ਲੱਗਣ ਤੋਂ 2 ਤੋਂ 6 ਦਿਨ ਬਾਅਦ ਸਭ ਤੋਂ ਜ਼ਿਆਦਾ ਹੁੰਦਾ ਹੈ।
ਨਵੀਂ ਦਿੱਲੀ ਦੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫ਼ਦਰਜੰਗ ਹਸਪਤਾਲ ਵਿੱਚ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਵਿਭਾਗ ਮੁਖੀ, ਡਾਕਟਰ ਐੱਚਐੱਸ ਇੱਸਰ ਕਹਿੰਦੇ ਹਨ, "ਜਿਵੇਂ ਹੀ ਸਰਦ ਹਵਾਵਾਂ ਸਰੀਰ ਨੂੰ ਲੱਗਦੀਆਂ ਹਨ, ਸਾਡਾ ਸਰੀਰ ਆਪਣੇ ਆਪ ਸਰਵਾਈਵਲ ਮੋਡ ਵਿੱਚ ਚਲਾ ਜਾਂਦਾ ਹੈ। ਇਸ ਦੌਰਾਨ ਸਰੀਰ ਦਾ ਸਿੰਪੈਥੈਟਿਕ ਨਰਵਸ ਸਿਸਟਮ ਸਰਗਰਮ ਹੋ ਜਾਂਦਾ ਹੈ, ਜਿਸ ਨਾਲ ਖ਼ੂਨ ਦੀਆਂ ਨਾੜਾਂ ਸੁੰਗੜਨ ਜਾਂਦੀਆਂ ਹਨ।"
ਉਹ ਕਹਿੰਦੇ ਹਨ ਕਿ ਇਸਦਾ ਸਿੱਧਾ ਅਸਰ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਕਾਰਗੁਜ਼ਾਰੀ 'ਤੇ ਪੈਂਦਾ ਹੈ।
"ਨਤੀਜਾ ਇਹ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਦਿਲ ਨੂੰ ਆਮ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।"
ਡਾਕਟਰ ਇੱਸਰ ਮੁਤਾਬਕ, ਠੰਡ ਵਿੱਚ ਸਰੀਰ ਐਡਰੇਨਾਲਿਨ ਅਤੇ ਕੋਰਟੀਸੋਲ ਵਰਗੇ ਸਟ੍ਰੈਸ ਹਾਰਮੋਨ ਵੀ ਵੱਧ ਮਾਤਰਾ ਵਿੱਚ ਛੱਡਦਾ ਹੈ। ਇਹ ਹਾਰਮੋਨ ਦਿਲ ਦੀ ਧੜਕਨ ਤੇਜ਼ ਕਰਦੇ ਹਨ, ਨਾੜਾਂ ਸੁੰਗੜਦੀਆਂ ਹਨ ।
ਉਹ ਦੱਸਦੇ ਹਨ ਕਿ ਠੰਢੇ ਮੌਸਮ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ, ਜਿਸ ਨਾਲ ਖੂਨ ਥੋੜ੍ਹਾ ਗਾੜਾ ਹੋ ਜਾਂਦਾ ਹੈ।
ਉਹ ਦੱਸਦੇ ਹਨ, "ਸਰਦੀਆਂ ਵਿੱਚ ਪਲੇਟਲੇਟ ਵੱਧ ਸਰਗਰਮ ਹੋ ਜਾਂਦੇ ਹਨ, ਇਸਦਾ ਮਤਲਬ ਹੈ ਕਿ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਮੌਸਮ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਆਮ ਦਿਨਾਂ ਨਾਲੋਂ ਜ਼ਿਆਦਾ ਹੋ ਜਾਂਦਾ ਹੈ।"
ਸਾਹ ਸਬੰਧੀ ਮੁਸ਼ਕਲਾਂ

ਤਸਵੀਰ ਸਰੋਤ, Getty Images
ਦਿੱਲੀ ਦੇ ਰਾਮ ਮਨੋਹਰ ਲੋਹਿਆ ਹਸਪਤਾਲ ਵਿੱਚ ਮੈਡੀਸਿਨ ਡਿਪਾਰਟਮੈਂਟ ਦੇ ਡਾਇਰੈਕਟਰ, ਡਾਕਟਰ ਪੁਲਿਨ ਕੁਮਾਰ ਗੁਪਤਾ ਕਹਿੰਦੇ ਹਨ, "ਠੰਢ ਵੱਧਣ ਨਾਲ ਸਰੀਰ ਆਪਣੇ ਮਹੱਤਵਪੂਰਨ ਅੰਗਾਂ ਜਿਵੇਂ ਦਿਮਾਗ, ਦਿਲ ਅਤੇ ਲੀਵਰ ਨੂੰ ਖੂਨ ਦੀ ਸਪਲਾਈ ਕਾਇਮ ਰੱਖਣਾ ਚਾਹੁੰਦਾ ਹੈ। ਇਸ ਲਈ ਸਰੀਰ ਦੀਆਂ ਬਾਹਰੀ ਨਾੜਾਂ, ਸਕਿਨ ਅਤੇ ਹੱਥਾਂ-ਪੈਰਾਂ ਦੀਆਂ ਛੋਟੀਆਂ ਨਾੜਾਂ ਸੁੰਗੜ ਜਾਂਦੀਆਂ ਹਨ।"
ਇਸ ਨਾਲ ਹੱਥਾਂ-ਪੈਰਾਂ ਅਤੇ ਉਂਗਲੀਆਂ ਵਿੱਚ ਖੂਨ ਘੱਟ ਪਹੁੰਚਦਾ ਹੈ। ਕਈ ਲੋਕਾਂ ਦੀਆਂ ਉਂਗਲੀਆਂ ਜਾਂ ਹੱਥ-ਪੈਰ ਨੀਲੇ ਹੋ ਜਾਂਦੇ ਹਨ, ਜਿਸਨੂੰ ਰੇਨੌਡਸ ਫੈਨੋਮੇਨਨ ਕਿਹਾ ਜਾਂਦਾ ਹੈ।
ਜੇ ਇਹ ਹਾਲਤ ਲੰਬੇ ਸਮੇਂ ਤੱਕ ਰਹੇ, ਤਾਂ ਖੂਨ ਦੀ ਘਾਟ ਕਾਰਨ ਟੀਸ਼ੂ (ਸੈੱਲ) ਮਰਨ ਲੱਗਦੇ ਹਨ, ਜਿਸਨੂੰ ਫ੍ਰਾਸਟਬਾਈਟ ਜਾਂ ਠੰਢ ਤੋਂ ਗੈਂਗਰੀਨ ਕਿਹਾ ਜਾਂਦਾ ਹੈ। ਇਸ ਵਿੱਚ ਤੇਜ਼ ਦਰਦ ਹੋ ਸਕਦਾ ਹੈ ਜਾਂ ਉਹ ਹਿੱਸਾ ਸੁੰਨ ਹੋ ਸਕਦਾ ਹੈ। ਸਭ ਤੋਂ ਜ਼ਿਆਦਾ ਖ਼ਤਰਾ ਕੰਨ, ਨੱਕ ਅਤੇ ਉਂਗਲੀਆਂ ਨੂੰ ਹੁੰਦਾ ਹੈ।
ਡਾਕਟਰ ਗੁਪਤਾ ਨੇ ਸਰਦੀਆਂ ਵਿੱਚ ਸਾਹ ਸਬੰਧੀ ਸਮੱਸਿਆਵਾਂ ਬਾਰੇ ਵੀ ਗੱਲ ਕੀਤੀ।
ਉਹ ਦੱਸਦੇ ਹਨ, "ਠੰਢ ਵਿੱਚ ਸਖ਼ਤ ਅਤੇ ਸੁੱਕੀ ਹਵਾ ਸਾਹ ਦੀਆਂ ਨਲੀਆਂ ਨੂੰ ਇਰੀਟੇਟ ਕਰਦੀ ਹੈ। ਇਸ ਨਾਲ ਖੰਘ ਵਧ ਜਾਂਦੀ ਹੈ ਅਤੇ ਬ੍ਰੋਂਕਾਇਟਿਸ ਦੇ ਅਟੈਕ ਤੇਜ਼ ਹੋ ਜਾਂਦੇ ਹਨ।"
ਠੰਢੀ ਹਵਾ ਅਸਥਮਾ ਨੂੰ ਟ੍ਰਿਗਰ ਕਰਦੀ ਹੈ ਅਤੇ ਏਅਰਵੇਜ਼ ਸੁੰਗੜਨ ਕਾਰਨ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।
ਸਰਦੀਆਂ ਵਿੱਚ ਲੋਕ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਸਾਹ ਦੀਆਂ ਨਲੀਆਂ ਵਿੱਚ ਮੌਜੂਦ ਮਿਊਕਸ ਸੁੱਕ ਜਾਂਦਾ ਹੈ। ਇਹ ਮਿਊਕਸ ਬੈਕਟੀਰੀਆ ਅਤੇ ਵਾਇਰਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਪਰ ਸੁੱਕਣ ਕਾਰਨ ਇਹ ਕੰਮ ਠੀਕ ਤਰੀਕੇ ਨਾਲ ਨਹੀਂ ਹੁੰਦਾ।
ਹੀਟਰ ਚਲਾਉਣ ਨਾਲ ਘਰ ਦੀ ਹਵਾ ਹੋਰ ਵੀ ਖ਼ੁਸ਼ਕ ਹੋ ਜਾਂਦੀ ਹੈ, ਜਿਸ ਨਾਲ ਅਸਥਮਾ ਅਤੇ ਬ੍ਰੋਂਕਾਇਟਿਸ ਦੀਆਂ ਤਕਲੀਫ਼ਾਂ ਵੱਧ ਜਾਂਦੀਆਂ ਹਨ।
ਠੰਢ ਦਾ ਮੌਸਮ ਵਾਇਰਸ ਅਤੇ ਬੈਕਟੀਰੀਆ ਜਿਵੇਂ ਇੰਫਲੂਐਂਜ਼ਾ, ਨਿਮੋਨੀਆ ਦੇ ਵਿਕਾਸ ਲਈ ਅਨੁਕੂਲ ਹੁੰਦਾ ਹੈ, ਜਦਕਿ ਠੰਢ ਕਾਰਨ ਇਮੀਯੂਨਿਟੀ ਵੀ ਥੋੜ੍ਹੀ ਕਮਜ਼ੋਰ ਹੋ ਜਾਂਦੀ ਹੈ। ਵਾਇਰਸ ਸਰਦੀਆਂ ਵਿੱਚ ਜ਼ਿਆਦਾ ਸਰਗਰਮ ਰਹਿੰਦੇ ਹਨ, ਜਿਸ ਨਾਲ ਇਨਫੈਕਸ਼ਨ ਆਸਾਨੀ ਨਾਲ ਫੈਲਦਾ ਹੈ।
ਸਭ ਤੋਂ ਜ਼ਿਆਦਾ ਖ਼ਤਰੇ ਵਿੱਚ ਕੌਣ?

ਤਸਵੀਰ ਸਰੋਤ, Getty Images
ਡਾਕਟਰ ਇੱਸਰ ਮੁਤਾਬਕ, ਸਰਦ ਹਵਾਵਾਂ ਨਾਲ ਸਭ ਤੋਂ ਜ਼ਿਆਦਾ ਖ਼ਤਰਾ ਉਨ੍ਹਾਂ ਨੂੰ ਹੁੰਦਾ ਹੈ ਜਿਨ੍ਹਾਂ ਦਾ ਦਿਲ ਪਹਿਲਾਂ ਹੀ ਕਮਜ਼ੋਰ ਹੈ, ਖ਼ਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਾ ਹੋ।
ਬਜ਼ੁਰਗਾਂ ਵਿੱਚ ਪਹਿਲਾਂ ਹੀ ਇਮੀਊਨਿਟੀ ਕਮਜ਼ੋਰ ਹੁੰਦੀ ਹੈ, ਇਸ ਲਈ ਠੰਢ ਵਿੱਚ ਇਨਫੈਕਸ਼ਨ ਜਿਵੇਂ ਨਿਮੋਨੀਆ, ਫਲੂ, ਸਾਹ ਦੀਆਂ ਮੁਸ਼ਕਲਾਂ, ਅਸਥਮਾ-ਸੀਓਪੀਡੀ (ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜੀਜ਼) ਦਾ ਖ਼ਤਰਾ ਵੱਧ ਜਾਂਦਾ ਹੈ।
ਡਾਇਬਿਟੀਜ਼ ਵਾਲਿਆਂ ਵਿੱਚ ਬਲੱਡ ਸ਼ੂਗਰ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ, ਕਿਉਂਕਿ ਸਰਦੀਆਂ ਵਿੱਚ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ ਅਤੇ ਖਾਣ-ਪੀਣ ਵੀ ਪ੍ਰਭਾਵਿਤ ਹੁੰਦਾ ਹੈ।
ਘੱਟ ਭਾਰ ਵਾਲੇ ਜਾਂ ਕਿਡਨੀ ਸਬੰਧੀ ਸਮੱਸਿਆਵਾਂ ਵਾਲੇ ਲੋਕਾਂ ਵਿੱਚ ਠੰਢ ਦਿਲ ਅਤੇ ਕਿਡਨੀ 'ਤੇ ਵਾਧੂ ਦਬਾਅ ਪਾ ਸਕਦੀ ਹੈ।
ਸਰਦੀਆਂ ਵਿੱਚ ਲੋਕ ਕਿਹੜੀਆਂ ਗ਼ਲਤੀਆਂ ਕਰਦੇ ਹਨ?
ਡਾਕਟਰ ਇੱਸਰ ਮੁਤਾਬਕ, ਸਰਦੀਆਂ ਵਿੱਚ ਕਈ ਲੋਕ ਸਵੇਰੇ ਉੱਠਦੇ ਹੀ ਬਿਨਾਂ ਵਾਰਮ-ਅਪ ਦੇ ਬਾਹਰ ਨਿਕਲ ਜਾਂਦੇ ਹਨ ਜਾਂ ਅਚਾਨਕ ਭਾਰੀ ਐਕਸਰਸਾਈਜ਼ ਜਾਂ ਕੰਮ ਸ਼ੁਰੂ ਕਰ ਦਿੰਦੇ ਹਨ। ਇਹ ਸਰੀਰ ਲਈ ਖ਼ਤਰਨਾਕ ਹੁੰਦਾ ਹੈ, ਕਿਉਂਕਿ ਠੰਢ ਨਾਲ ਖੂਨ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਵੱਧ ਜਾਂਦੀ ਹੈ।
ਅਚਾਨਕ ਭਾਰੀ ਕੰਮ ਜਾਂ ਐਕਸਰਸਾਈਜ਼ ਨਾਲ ਦਿਲ ਅਤੇ ਦਿਮਾਗ਼ 'ਤੇ ਵਾਧੂ ਦਬਾਅ ਪੈਂਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ, ਖ਼ਾਸ ਕਰਕੇ ਹਾਈਪਰਟੈਂਸ਼ਨ, ਦਿਲ ਦੀ ਬਿਮਾਰੀ ਜਾਂ ਡਾਇਬਿਟੀਜ਼ ਵਾਲੇ ਮਰੀਜ਼ਾਂ ਵਿੱਚ।
ਡਾਕਟਰ ਇੱਸਰ ਕਹਿੰਦੇ ਹਨ ਕਿ ਬਿਨਾਂ ਡਾਕਟਰ ਦੀ ਸਲਾਹ ਦਵਾਈ ਨਾ ਬਦਲੋ ਅਤੇ ਨਾ ਬੰਦ ਕਰੋ।

ਠੰਢੀਆਂ ਹਵਾਵਾਂ ਤੋਂ ਖ਼ੁਦ ਨੂੰ ਕਿਵੇਂ ਬਚਾਇਆ ਜਾਵੇ?
ਡਾਕਟਰ ਗੁਪਤਾ ਕਹਿੰਦੇ ਹਨ, "ਸਰਦੀਆਂ ਵਿੱਚ ਲੋਕ ਅਕਸਰ ਇੱਕ ਮੋਟੀ ਜੈਕੇਟ ਜਾਂ ਸਵੈਟਰ ਪਾ ਕੇ ਨਿਕਲਦੇ ਹਨ, ਪਰ ਵਧੀਆ ਹੈ ਕਿ ਕਈ ਪਰਤਾਂ ਵਾਲੇ ਕੱਪੜੇ ਪਹਿਨੇ ਜਾਣ, ਜਿਵੇਂ ਇਨਰ, ਉਸ ਦੇ ਉੱਪਰ ਸ਼ਰਟ, ਫਿਰ ਸਵੈਟਰ ਅਤੇ ਅੰਤ ਵਿੱਚ ਜੈਕੇਟ। ਕਿਉਂਕਿ ਹਰ ਪਰਤ ਵਿੱਚ ਹਵਾ ਫਸ ਜਾਂਦੀ ਹੈ ਅਤੇ ਹਵਾ ਹੀਟ ਦੀ ਖ਼ਰਾਬ ਕੰਡਕਟਰ ਹੁੰਦੀ ਹੈ। ਇਹ ਸਰੀਰ ਦੀ ਗਰਮੀ ਬਾਹਰ ਜਾਣ ਤੋਂ ਰੋਕਦੀ ਹੈ, ਜਿਸ ਨਾਲ ਵਧੇਰੇ ਸੁਰੱਖਿਆ ਮਿਲਦੀ ਹੈ।"
ਉਹ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਜੈਕੇਟ ਨਾਲ ਟੋਪੀ ਵੀ ਪਹਿਨਣੀ ਚਾਹੀਦੀ ਹੈ ਤਾਂ ਕਿ ਕੰਨ ਕਵਰ ਰਹਿਣ। ਪਾਰਕ ਵਿੱਚ ਨੰਗੇ ਪੈਰ ਨਾ ਚੱਲੋ, ਜੇ ਚੱਲਣਾ ਹੋਵੇ ਤਾਂ ਜੁੱਤੇ ਅਤੇ ਮੌਜ਼ੇ ਪਹਿਨੋ।
ਸਵੇਰੇ-ਸ਼ਾਮ ਜੌਗਿੰਗ ਜਾਂ ਐਕਸਰਸਾਈਜ਼ ਲਈ ਬਾਹਰ ਨਾ ਨਿਕਲੋ। ਸਰਦੀਆਂ ਵਿੱਚ ਤਾਪਮਾਨ ਘੱਟ ਹੋਣ ਨਾਲ ਪ੍ਰਦੂਸ਼ਣ ਅਤੇ ਸਮੌਗ ਹੇਠਾਂ ਆ ਜਾਂਦੇ ਹਨ, ਜੋ ਸਾਹ ਸਬੰਧੀ ਮੁਸ਼ਕਲਾਂ ਵਧਾਉਂਦਾ ਹੈ।
ਜੇ ਬਾਹਰ ਜਾਣਾ ਹੋਵੇ ਤਾਂ ਦੁਪਹਿਰ ਨੂੰ ਜਾਓ ਜਾਂ ਮਾਸਕ ਪਾ ਕੇ ਨਿਕਲੋ। ਦਸਤਾਨੇ ਜ਼ਰੂਰ ਪਹਿਨੋ, ਖ਼ਾਸ ਕਰਕੇ ਦੋਪਹੀਆ ਵਾਹਨ, ਰਿਕਸ਼ਾ ਜਾਂ ਸਾਇਕਲ ਚਲਾਉਣ ਵਾਲੇ।
ਡਾਕਟਰ ਗੁਪਤਾ ਦੱਸਦੇ ਹਨ ਕਿ ਠੰਢ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਿੰਨਾ ਹੋ ਸਕੇ ਘਰ ਦੇ ਅੰਦਰ ਰਹਿਣਾ। ਬਾਹਰ ਜਾਣਾ ਬਹੁਤ ਜ਼ਰੂਰੀ ਹੋਵੇ ਤਾਂ ਬਹੁਤ ਸਾਰੀਆਂ ਪਰਤਾਂ ਵਾਲੇ ਕੱਪੜੇ ਪਹਿਨੋ।
ਉਹ ਸਲਾਹ ਦਿੰਦੇ ਹਨ ਕਿ ਘਰ ਗਰਮ ਕਰਨ ਲਈ ਅੰਗੀਠੀ ਬਿਲਕੁਲ ਨਾ ਜਲਾਓ, ਕਿਉਂਕਿ ਇਸ ਨਾਲ ਕਾਰਬਨ ਮੋਨੋਕਸਾਈਡ ਬਣਦਾ ਹੈ, ਜੋ ਬਿਨਾਂ ਪਤਾ ਲੱਗੇ ਨੀਂਦ ਵਿੱਚ ਮੌਤ ਦਾ ਕਾਰਨ ਬਣ ਸਕਦਾ ਹੈ।
ਜ਼ਿਆਦਾਤਰ ਇਲੈਕਟ੍ਰਿਕ ਹੀਟਰ ਹਵਾ ਵਿੱਚੋਂ ਨਮੀ ਖਿੱਚ ਲੈਂਦੇ ਹਨ, ਜਿਸ ਨਾਲ ਖੰਘ, ਗ਼ਲੇ ਵਿੱਚ ਖਰਾਸ਼ ਅਤੇ ਸਾਹ ਨਾਲ ਜੁੜੀਆਂ ਤਕਲੀਫ਼ ਸਕਦੀਆਂ ਹਨ।
ਉਹ ਸਾਵਧਾਨੀ ਵਜੋਂ ਸਾਰੀ ਰਾਤ ਹੀਟਰ ਚਲਾਉਣ ਦੀ ਥਾਂ ਕੁਝ ਸਮੇਂ ਲਈ ਹੀ ਚਲਾਉਣ ਦੀ ਸਲਾਹ ਦਿੰਦੇ ਹਨ।
ਇਸ ਦੇ ਨਾਲ ਹੀ ਖਿੜਕੀ ਜਾਂ ਦਰਵਾਜ਼ਾ ਥੋੜ੍ਹਾ ਖੁੱਲਾ ਰੱਖ ਕੇ ਕਮਰੇ ਵਿੱਚ ਵੈਂਟੀਲੇਸ਼ਨ ਬਣਾਈ ਰੱਖਣ ਦੀ ਵੀ ਸਲਾਹ ਦਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












