ਪਿਸ਼ਾਬ ਦੇ ਇਨਫੈਕਸ਼ਨ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਕਿਉਂ ਵੱਧ ਹੁੰਦੇ ਹਨ, ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ

ਯੂਟੀਆਈਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਟੀਆਈਜ਼ - ਯੂਰੇਥਰਾ (ਉਹ ਟਿਊਬ ਜਿੱਥੋਂ ਸਾਡਾ ਪਿਸ਼ਾਬ ਨਿਕਲਦਾ ਹੈ), ਬਲੈਡਰ, ਜਾਂ ਕੁਝ ਗੰਭੀਰ ਮਾਮਲਿਆਂ ਵਿੱਚ ਗੁਰਦਿਆਂ ਦੇ ਇਨਫੈਕਸ਼ਨ ਹੁੰਦੇ ਹਨ (ਸੰਕੇਤਕ ਤਸਵੀਰ)
    • ਲੇਖਕ, ਰੇਬੇਕਾ ਥੌਰਨ
    • ਰੋਲ, ਗਲੋਬਲ ਹੈਲਥ

ਪਿਸ਼ਾਬ ਕਰਨ ਦੀ ਬੇਚੈਨੀ ਪਰ ਕੁਝ ਵੀ ਬਾਹਰ ਨਹੀਂ ਆਉਂਦਾ? ਜਦੋਂ ਤੁਸੀਂ ਪਿਸ਼ਾਬ ਕਰਦੇ ਹੋ ਤਾਂ ਜਲਣ ਮਹਿਸੂਸ ਹੁੰਦੀ ਹੈ? ਇਹ ਸਾਰੇ ਯੂਰਿਨ ਟ੍ਰੈਕਸ਼ਨ ਇਨਫੈਕਸ਼ਨ (UTI) ਦੇ ਸਪਸ਼ਟ ਸੰਕੇਤ ਹੋ ਸਕਦੇ ਹਨ ਅਤੇ ਪਲ ਵਿੱਚ ਹੀ ਦਰਦਨਾਕ ਹੋ ਸਕਦੇ ਹਨ।

ਵਿਸ਼ਵ ਪੱਧਰ 'ਤੇ ਅੰਦਾਜ਼ਨ 400 ਮਿਲੀਅਨ ਲੋਕ ਹਰ ਸਾਲ ਯੂਟੀਆਈ ਨਾਲ ਪੀੜਤ ਹੁੰਦੇ ਹਨ।

ਇਹ ਲਾਗ ਪੁਰਸ਼ਾਂ ਅਤੇ ਮਹਿਲਾਵਾਂ (ਬੱਚਿਆਂ ਸਮੇਤ) ਨੂੰ ਪ੍ਰਭਾਵਿਤ ਕਰਦੀ ਹੈ, ਪਰ ਔਰਤਾਂ ਵਿੱਚ ਇਸ ਦੇ ਮਾਮਲੇ ਵਧੇਰੇ ਦੇਖੇ ਜਾਂਦੇ ਹਨ। ਦੁਨੀਆਂ ਭਰ ਦੀਆਂ ਅੱਧੀਆਂ ਔਰਤਾਂ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਯੂਟੀਆਈ ਦਾ ਅਨੁਭਵ ਕਰਦੀਆਂ ਹਨ।

ਇਹ ਲਾਗ ਦੁਨੀਆਂ ਭਰ ਵਿੱਚ ਹੋਣ ਵਾਲੀਆਂ ਸਭ ਤੋਂ ਆਮ ਲਾਗਾਂ ਵਿੱਚੋਂ ਇੱਕ ਹੈ ਅਤੇ ਇਸੇ ਕਾਰਨ ਇਸ ਬਾਰੇ ਸਵਾਲ ਉਠਦੇ ਰਹਿੰਦੇ ਹਨ ਕਿ ਇਸਦਾ ਇਲਾਜ ਕਿਵੇਂ ਕੀਤਾ ਜਾਵੇ।

ਇਸ ਬਾਰੇ ਅਸੀਂ ਕੁਝ ਮਾਹਰਾਂ ਨਾਲ ਗੱਲ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਾਨੂੰ ਇਨ੍ਹਾਂ ਲਾਗਾਂ ਬਾਰੇ ਕੀ ਜਾਣਨ ਦੀ ਜ਼ਰੂਰਤ ਹੈ ਅਤੇ ਅਸੀਂ ਅਜਿਹੀਆਂ ਲਾਗਾਂ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ।

ਯੂਟੀਆਈਜ਼ ਦਾ ਕਾਰਨ ਕੀ ਹੈ

ਯੂਟੀਆਈਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਪੱਧਰ 'ਤੇ ਅੰਦਾਜ਼ਨ 400 ਮਿਲੀਅਨ ਲੋਕ ਹਰ ਸਾਲ ਯੂਟੀਆਈ ਨਾਲ ਪੀੜਤ ਹੁੰਦੇ ਹਨ (ਸੰਕੇਤਕ ਤਸਵੀਰ)

ਯੂਟੀਆਈਜ਼ - ਯੂਰੇਥਰਾ (ਉਹ ਟਿਊਬ ਜਿੱਥੋਂ ਸਾਡਾ ਪਿਸ਼ਾਬ ਨਿਕਲਦਾ ਹੈ), ਬਲੈਡਰ, ਜਾਂ ਕੁਝ ਗੰਭੀਰ ਮਾਮਲਿਆਂ ਵਿੱਚ ਗੁਰਦਿਆਂ ਦੇ ਇਨਫੈਕਸ਼ਨ ਹੁੰਦੇ ਹਨ।

ਇਹ ਆਮ ਤੌਰ 'ਤੇ ਯੂਰੇਥਰਾ ਰਾਹੀਂ ਪਿਸ਼ਾਬ ਨਲੀ ਵਿੱਚ ਦਾਖਲ ਹੋਣ ਵਾਲੇ ਬੈਕਟੀਰੀਆ ਕਾਰਨ ਹੁੰਦੇ ਹਨ। ਅਕਸਰ ਇਹ ਬੈਕਟੀਰੀਆ - ਜਿਵੇਂ ਕਿ ਈ.ਕੋਲੀ - ਗੁਦਾ ਦੇ ਅੰਦਰ ਅਤੇ ਆਲੇ-ਦੁਆਲੇ ਤੋਂ ਆਉਂਦੇ ਹਨ।

ਮਹਿਲਾਵਾਂ ਅਤੇ ਕੁੜੀਆਂ ਨੂੰ ਯੂਟੀਆਈਜ਼ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਯੂਰੇਥਰਾ ਮਰਦਾਂ ਨਾਲੋਂ ਛੋਟੇ ਹੁੰਦੇ ਹਨ, ਜਿਸ ਨਾਲ ਬੈਕਟੀਰੀਆ ਲਈ ਪਿਸ਼ਾਬ ਨਲੀ ਤੱਕ ਪਹੁੰਚਣਾ ਸੌਖਾ ਹੋ ਜਾਂਦਾ ਹੈ।

ਐਸਟ੍ਰੋਜਨ ਦੇ ਪੱਧਰ ਵਿੱਚ ਗਿਰਾਵਟ ਦੇ ਕਾਰਨ ਪੋਸਟਮੈਨੋਪੌਜ਼ਲ ਔਰਤਾਂ ਨੂੰ (ਜਿਨ੍ਹਾਂ ਨੂੰ ਇੱਕ ਉਮਰ ਤੋਂ ਬਾਅਦ ਪੀਰੀਅਡ ਆਉਣੇ ਬੰਦ ਹੋ ਜਾਂਦੇ ਹਨ) ਯੂਟੀਆਈਜ਼ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਹ ਹਾਰਮੋਨ ਆਮ ਤੌਰ 'ਤੇ ਯੋਨੀ ਖੇਤਰ ਵਿੱਚ ਬੈਕਟੀਰੀਆ ਦੇ ਸਿਹਤਮੰਦ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਜਿਸਦਾ ਅਰਥ ਹੈ ਕਿ ਇਸ ਵਿੱਚ ਆਉਣ ਵਾਲੀ ਕਮੀ ਕਾਰਨ ਕੋਈ ਮਹਿਲਾ ਲਾਗ ਪ੍ਰਤੀ ਵਧੇਰੇ ਕਮਜ਼ੋਰ ਬਣ ਸਕਦੀ ਹੈ।

ਲੱਛਣ ਕੀ ਹਨ?

UTIs ਦੇ ਕੁਝ ਸਭ ਤੋਂ ਆਮ ਲੱਛਣ

ਯੂਟੀਆਈ ਦੇ ਲੱਛਣ ਹਰੇਕ ਵਿਅਕਤੀ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਅਨੁਸਾਰ ਕੁਝ ਸਭ ਤੋਂ ਆਮ ਲੱਛਣਾਂ ਵਿੱਚ ਸ਼ਾਮਲ ਹਨ:

  • ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ (ਡਾਈਸੂਰੀਆ)
  • ਅਚਾਨਕ ਜਾਂ ਆਮ ਨਾਲੋਂ ਜ਼ਿਆਦਾ ਵਾਰ ਪਿਸ਼ਾਬ ਕਰਨ ਦੀ ਜ਼ਰੂਰਤ ਮਹਿਸੂਸ ਹੋਣਾ
  • ਪਿਸ਼ਾਬ ਦਾ ਕਲਾਊਡੀ ਦਿਖਾਈ ਦੇਣਾ
  • ਪਿਸ਼ਾਬ ਵਿੱਚ ਖੂਨ ਆਉਣਾ
  • ਪੇਟ ਦੇ ਹੇਠਲੇ ਹਿੱਸੇ ਜਾਂ ਪਿੱਠ ਵਿੱਚ ਦਰਦ, ਪਸਲੀਆਂ ਦੇ ਹੇਠਾਂ ਦਰਦ
  • ਸਰੀਰ ਦੇ ਤਾਪਮਾਨ 'ਚ ਵਾਧਾ ਜਾਂ ਗਰਮ-ਸਰਦ ਮਹਿਸੂਸ ਕਰਨਾ ਅਤੇ ਕੰਬਣੀ ਛੁੱਟਣਾ
  • ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ

ਯੁਟੀਆਈ ਵਾਲੇ ਬਜ਼ੁਰਗ ਲੋਕਾਂ ਨੂੰ ਵਿਵਹਾਰ ਵਿੱਚ ਤਬਦੀਲੀ ਦਾ ਅਨੁਭਵ ਵੀ ਹੋ ਸਕਦਾ ਹੈ, ਜਿਵੇਂ ਕਿ ਪਰੇਸ਼ਾਨ ਹੋਣਾ ਜਾਂ ਉਲਝਣ ਮਹਿਸੂਸ ਕਰਨਾ।

ਬੱਚਿਆਂ ਵਿੱਚ ਸੌਂਦੇ ਸਮੇਂ ਬਿਸਤਰ ਗਿੱਲਾ ਕਰਨਾ (ਪਿਸ਼ਾਬ ਕਰਨਾ) ਅਤੇ ਉਲਟੀਆਂ ਕਰਨਾ ਵੀ ਯੂਟੀਆਈ ਦਾ ਸੰਕੇਤ ਹੋ ਸਕਦਾ ਹੈ।

ਕੀ ਯੂਟੀਆਈਜ਼ ਆਪਣੇ ਆਪ ਠੀਕ ਹੋ ਸਕਦੇ ਹਨ?

ਯੂਟੀਆਈਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿਲਾਵਾਂ ਅਤੇ ਕੁੜੀਆਂ ਨੂੰ ਯੂਟੀਆਈਜ਼ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਯੂਰੇਥਰਾ ਮਰਦਾਂ ਨਾਲੋਂ ਛੋਟੇ ਹੁੰਦੇ ਹਨ, ਜਿਸ ਨਾਲ ਬੈਕਟੀਰੀਆ ਲਈ ਪਿਸ਼ਾਬ ਨਾਲੀ ਤੱਕ ਪਹੁੰਚਣਾ ਸੌਖਾ ਹੋ ਜਾਂਦਾ ਹੈ (ਸੰਕੇਤਕ ਤਸਵੀਰ)

ਲੰਡਨ ਦੇ ਵਿਟਿੰਗਟਨ ਹਸਪਤਾਲ ਵਿੱਚ ਯੂਰੋਗਾਇਨੇਕੋਲੋਜੀ ਦੇ ਸਲਾਹਕਾਰ ਡਾਕਟਰ ਰਾਜਵਿੰਦਰ ਖਸਾਰੀਆ ਕਹਿੰਦੇ ਹਨ, "ਕੁਝ ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਅਤੇ ਉਨ੍ਹਾਂ ਦਾ ਇਮਿਊਨ ਸਿਸਟਮ ਯੂਟੀਆਈਜ਼ ਨੂੰ ਆਪਣੇ ਆਪ ਠੀਕ ਕਰ ਸਕਦਾ ਹੈ। ਪਰ ਕੁਝ ਮਹਿਲਾਵਾਂ ਨੂੰ ਐਂਟੀਬਾਇਓਟਿਕਸ ਦੀ ਲੋੜ ਪੈਂਦੀ ਹੈ।''

ਕੋਈ ਵੀ ਇਨ੍ਹਾਂ ਦੋ ਸ਼੍ਰੇਣੀਆਂ ਵਿੱਚੋਂ ਇੱਕ ਵਿੱਚ ਕਿਉਂ ਆ ਸਕਦਾ ਹੈ, ਇਸ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ।

ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਰੋਗਾਣੂਨਾਸ਼ਕ ਪ੍ਰਤੀਰੋਧ ਵਧ ਰਿਹਾ ਹੈ, ਇਹ ਖੋਜਕਰਤਾਵਾਂ ਵਿੱਚ ਇੱਕ ਮਹੱਤਵਪੂਰਨ ਸਵਾਲ ਹੈ।

ਯੂਟੀਆਈਜ਼ ਉਨ੍ਹਾਂ ਪ੍ਰਮੁੱਖ ਬਿਮਾਰੀਆਂ ਵਿੱਚੋਂ ਹਨ, ਜਿਨ੍ਹਾਂ ਲਈ ਐਂਟੀਬਾਇਓਟਿਕਸ ਦੀ ਲੋੜ ਪੈਂਦੀ ਹੈ ਅਤੇ ਇੱਕ ਅਜਿਹਾ ਇਲਾਜ ਲੱਭਣਾ ਜਿਸ ਵਿੱਚ ਐਂਟੀਬਾਇਓਟਿਕਸ ਦੀ ਲੋੜ ਨਾ ਹੋਵੇ, ਇੱਕ ਅਹਿਮ ਟੀਚਾ ਹੈ।

ਡਾਕਟਰ ਕੈਥਰੀਨ ਕੀਨਨ ਨੇ ਪੂਰਬੀ ਅਫਰੀਕਾ ਦੇ ਤਨਜ਼ਾਨੀਆ, ਕੀਨੀਆ ਅਤੇ ਯੂਗਾਂਡਾ ਵਿੱਚ ਡਰੱਗ ਰੋਧਕ ਯੂਟੀਆਈ ਦੀ ਖੋਜ ਕੀਤੀ ਹੈ - ਯੂਟੀਆਈ ਦੀ ਉਹ ਸਥਿਤੀ ਜਿਸ ਵਿੱਚ ਆਮ ਤੌਰ 'ਤੇ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਪ੍ਰਭਾਵੀ ਨਹੀਂ ਹੁੰਦੀਆਂ।

ਉਨ੍ਹਾਂ ਨੇ ਜਿਨ੍ਹਾਂ ਵਿਅਕਤੀਆਂ ਦਾ ਸਰਵੇਖਣ ਕੀਤਾ ਜੋ ਇੱਕ ਸਿਹਤ ਸੰਭਾਲ ਕਲੀਨਿਕ ਵਿੱਚ ਆਏ ਸਨ ਅਤੇ ਉਨ੍ਹਾਂ ਦੇ ਪਿਸ਼ਾਬ ਨੂੰ ਜਾਂਚ ਲਈ ਭੇਜਿਆ ਗਿਆ ਸੀ। ਉਨ੍ਹਾਂ ਵਿੱਚੋਂ ਲਗਭਗ ਅੱਧਿਆਂ ਨੂੰ ਮਲਟੀ-ਡਰੱਗ ਰੋਧਕ ਲਾਗ ਸੀ।

ਔਰਤਾਂ ਆਪਣੇ ਦੋਸਤਾਂ-ਮਿੱਤਰਾਂ ਨਾਲ ਆਪਣੇ ਲੱਛਣਾਂ ਬਾਰੇ ਚਰਚਾ ਕਰਨ ਜਾਂ ਜ਼ਰੂਰੀ ਦੇਖਭਾਲ ਦੀ ਮੰਗ ਕਰਨ ਤੋਂ ਗੁਰੇਜ਼ ਕਰਦੀਆਂ ਹਨ ਅਤੇ ਇਸਦਾ ਕਾਰਨ ਸ਼ਰਮ ਅਤੇ ਕਲੰਕ ਵਾਲੀ ਭਾਵਨਾ ਹੋ ਸਕਦਾ ਹੈ।

ਡਾਕਟਰ ਕੀਨਨ ਕਹਿੰਦੇ ਹਨ, "ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਲੁਕਾਉਂਦੀਆਂ ਹਨ ਕਿਉਂਕਿ ਸੋਚਦੀਆਂ ਹਨ ਕਿ ਉਨ੍ਹਾਂ ਦੇ ਲੱਛਣ ਉਨ੍ਹਾਂ ਨੂੰ (ਦੋਸਤਾਂ-ਮਿੱਤਰਾਂ ਤੋਂ) ਦੂਰ ਕਰ ਸਕਦੇ ਹਨ ਜਾਂ ਕੁਝ ਹੋਰ, ਕਿਉਂਕਿ ਉਨ੍ਹਾਂ ਨੇ ਸ਼ਾਇਦ ਮੁੱਖ ਤੌਰ 'ਤੇ ਸੋਚਿਆ ਹੁੰਦਾ ਹੈ ਕਿ ਇਹ ਸ਼ਾਇਦ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨਾਲ ਸਬੰਧਤ ਹੈ ਜਾਂ ਇਹ ਲਾਗ ਉਨ੍ਹਾਂ ਨੂੰ ਉਨ੍ਹਾਂ ਦੇ ਪਾਰਟਨਰ ਤੋਂ ਹੋਈ ਹੋਣੀ ਅਤੇ ਇਸਦਾ ਮਤਲਬ ਹੋ ਸਕਦਾ ਹੈ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼।"

"ਸਾਡੇ ਕੋਲ ਲੋਕ ਅਜਿਹੀਆਂ ਗੱਲਾਂ ਕਹਿ ਰਹੇ ਸਨ ਜਿਵੇਂ 'ਮੈਨੂੰ ਨਹੀਂ ਪਤਾ ਕਿ ਮੇਰੇ ਸਰੀਰ ਵਿੱਚ ਕੀ ਗਲਤ ਹੈ, ਮੈਂ ਬਸ ਸੜੀ ਹੋਈ ਹਾਂ'। (ਉਹ) ਵਾਕਈ ਇਸ ਕਿਸਮ ਦੇ ਕਲੰਕ ਅਤੇ ਨਿਰਾਸ਼ਾ ਦੀ ਭਾਵਨਾ ਨੂੰ ਦਰਸਾਉਂਦੇ ਹਨ।"

ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ ਦੇ ਅਨੁਸਾਰ, ਯੂਟੀਆਈਜ਼ ਵਾਲੇ 50% ਤੋਂ ਵੱਧ ਮਰੀਜ਼ ਚਿੰਤਾ ਅਤੇ ਡਿਪਰੈਸ਼ਨ ਵਰਗੇ ਮਨੋਵਿਗਿਆਨਕ ਲੱਛਣਾਂ ਦਾ ਅਨੁਭਵ ਕਰਦੇ ਹਨ।

ਕੀ ਯੂਟੀਆਈਜ਼ ਛੂਤਕਾਰੀ ਹਨ?

ਸਿਸਟਾਈਟਸ (ਬਲੈਡਰ ਦੀ ਸੋਜ) ਆਮ ਤੌਰ 'ਤੇ ਈ. ਕੋਲੀ ਬੈਕਟੀਰੀਆ ਕਾਰਨ ਹੁੰਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਸਟਾਈਟਸ (ਬਲੈਡਰ ਦੀ ਸੋਜ) ਆਮ ਤੌਰ 'ਤੇ ਈ. ਕੋਲੀ ਬੈਕਟੀਰੀਆ ਕਾਰਨ ਹੁੰਦੀ ਹੈ (ਸੰਕੇਤਕ ਤਸਵੀਰ)

ਹਾਲਾਂਕਿ ਯੂਟੀਆਈਜ਼ ਨੂੰ ਇੱਕ ਛੂਤ ਵਾਲੀ ਬਿਮਾਰੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਪਰ ਉਹ ਛੂਤ ਵਾਲੇ ਨਹੀਂ ਹਨ ਅਤੇ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨਹੀਂ ਹਨ।

ਹਾਲਾਂਕਿ, ਜਿਣਸੀ ਸਬੰਧ ਬਣਾਉਣ ਸਮੇਂ ਬੈਕਟੀਰੀਆ ਤੁਹਾਡੇ ਗੁਦਾ ਤੋਂ ਤੁਹਾਡੇ ਮੂਤਰ ਮਾਰਗ ਵੱਲ ਵਧ ਸਕਦੇ ਹਨ ਅਤੇ ਯੂਟੀਆਈ ਹੋਣ ਦਾ ਜੋਖਮ ਵਧ ਸਕਦਾ ਹੈ।

ਐਨਐਚਐਸ, ਜਿਣਸੀ ਸਬੰਧਾਂ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਪਿਸ਼ਾਬ ਕਰਨ ਦੀ ਸਿਫ਼ਾਰਸ਼ ਕਰਦਾ ਹੈ ਤਾਂ ਜੋ ਕਿਸੇ ਵੀ ਬੈਕਟੀਰੀਆ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਮੂਤਰ ਨਲੀ ਸਾਫ ਰਹਿ ਸਕੇ।

ਵਾਰ-ਵਾਰ ਯੂਟੀਆਈਜ਼ ਦੇ ਮਾਮਲਿਆਂ ਵਿੱਚ ਡਾਕਟਰ ਇੱਕ ਐਂਟੀਬਾਇਓਟਿਕ ਲਿਖ ਸਕਦੇ ਹਨ ਜੋ ਤੁਸੀਂ ਜਿਣਸੀ ਸਬੰਧਾਂ ਤੋਂ ਤੁਰੰਤ ਬਾਅਦ ਲੈਂਦੇ ਹੋ।

ਯੂਟੀਆਈਜ਼ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ?

ਯੂਟੀਆਈਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ ਯੂਟੀਆਈਜ਼ ਨੂੰ ਇੱਕ ਛੂਤ ਵਾਲੀ ਬਿਮਾਰੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਪਰ ਉਹ ਛੂਤ ਵਾਲੇ ਨਹੀਂ ਹਨ ਅਤੇ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨਹੀਂ ਹਨ (ਸੰਕੇਤਕ ਤਸਵੀਰ)

ਯੂਟੀਆਈਜ਼ ਦਾ ਨਿਦਾਨ ਕਰਨ ਲਈ "ਗੋਲਡ ਸਟੈਂਡਰਡ" ਮਿਡ-ਸਟ੍ਰੀਮ ਯੂਰੀਨ ਕਲਚਰ ਟੈਸਟ ਕੀਤਾ ਜਾਂਦਾ ਹੈ। ਮਰੀਜ਼ ਦੇ ਪਿਸ਼ਾਬ ਦਾ ਇੱਕ ਨਮੂਨਾ ਜਾਂਚ ਲਈ ਇੱਕ ਲੈਬ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਉਹ ਜਾਂਚਦੇ ਹਨ ਕਿ ਕਲਚਰ ਪਲੇਟ 'ਤੇ ਪਿਸ਼ਾਬ ਵਿੱਚ ਕਿਹੜੇ ਬੈਕਟੀਰੀਆ ਵਧਦੇ ਹਨ।

ਇਸ ਨਤੀਜੇ ਦੇ ਆਧਾਰ 'ਤੇ ਡਾਕਟਰ ਇਹ ਫੈਸਲਾ ਕਰਦੇ ਹਨ ਕਿ ਕਿਹੜਾ ਐਂਟੀਬਾਇਓਟਿਕ, ਜੇਕਰ ਕੋਈ ਲੋੜੀਂਦਾ ਹੈ, ਮਰੀਜ਼ ਦੇ ਇਲਾਜ ਲਈ ਸਭ ਤੋਂ ਵਧੀਆ ਹੋਵੇਗਾ।

ਹਾਲਾਂਕਿ, ਕੁਝ ਮਾਹਰ ਚੇਤਾਵਨੀ ਦਿੰਦੇ ਹਨ ਕਿ ਯੂਟੀਆਈਜ਼ ਲਈ ਕਲਚਰ ਟੈਸਟ ਪੁਰਾਣੇ ਹੋ ਗਏ ਹਨ ਅਤੇ ਡਾਕਟਰਾਂ ਨੂੰ ਮਰੀਜ਼ ਦੇ ਲੱਛਣਾਂ ਅਤੇ ਡਾਕਟਰੀ ਇਤਿਹਾਸ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।

ਯੂਰੀਨ ਕਲਚਰ ਟੈਸਟ 1950 ਦੇ ਦਹਾਕੇ ਵਿੱਚ ਐਡਵਰਡ ਕਾਸ ਨਾਮ ਦੇ ਇੱਕ ਵਿਗਿਆਨੀ ਦੁਆਰਾ ਵਿਕਸਤ ਕੀਤਾ ਗਿਆ ਸੀ, ਜੋ ਕਿ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ ਦੀ ਇੱਕ ਕਿਸਮ) ਤੋਂ ਪੀੜਤ ਗਰਭਵਤੀ ਔਰਤਾਂ ਤੋਂ ਪ੍ਰਾਪਤ ਡੇਟਾ ਦੇ ਅਧਾਰ 'ਤੇ ਈਜਾਦ ਕੀਤਾ ਗਿਆ ਸੀ।

ਡਾਕਟਰ ਖਸਾਰੀਆ ਕਹਿੰਦੇ ਹਨ, "ਅਸੀਂ ਇਹੀ ਮਿਆਰ ਉਨ੍ਹਾਂ ਔਰਤਾਂ 'ਤੇ ਲਾਗੂ ਕੀਤਾ ਹੈ ਜੋ ਗਰਭਵਤੀ ਨਹੀਂ ਹਨ, ਹਰ ਉਮਰ ਦੀਆਂ ਔਰਤਾਂ, ਮਰਦ, ਬੱਚੇ, ਨੌਜਵਾਨ, ਹਰ ਕਿਸਮ ਦੇ ਲੋਕਾਂ 'ਤੇ ਲਾਗੂ ਕੀਤਾ।"

ਜੇਕਰ ਤੁਹਾਨੂੰ ਯੂਟੀਆਈਜ਼ ਹੋਣ ਦਾ ਸ਼ੱਕ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਵਾਰ-ਵਾਰ ਹੋਣ ਵਾਲੇ ਯੂਟੀਆਈਜ਼ ਨੂੰ ਕਿਵੇਂ ਰੋਕ ਸਕਦੇ ਹਾਂ?

ਕਰੈਨਬੇਰੀ ਜੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰੈਨਬੇਰੀ ਜੂਸ ਸਿਹਤਮੰਦ, ਗੈਰ-ਗਰਭਵਤੀ ਔਰਤਾਂ ਵਿੱਚ ਵਾਰ-ਵਾਰ ਯੂਟੀਆਈ ਹੋਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ (ਸੰਕੇਤਕ ਤਸਵੀਰ)

ਅਨੁਮਾਨ ਹੈ ਕਿ 25% ਔਰਤਾਂ ਜਿਨ੍ਹਾਂ ਨੂੰ ਘੱਟੋ-ਘੱਟ ਇੱਕ ਯੂਟੀਆਈ ਹੋਇਆ ਹੈ, ਉਨ੍ਹਾਂ ਨੂੰ ਵਾਰ-ਵਾਰ ਯੂਟੀਆਈ ਦਾ ਅਨੁਭਵ ਹੋ ਸਕਦਾ ਹੈ- ਛੇ ਮਹੀਨਿਆਂ ਵਿੱਚ ਘੱਟੋ-ਘੱਟ ਦੋ ਵਾਰ, ਜਾਂ ਸਾਲ ਵਿੱਚ ਤਿੰਨ ਵਾਰ। ਬਹੁਤ ਸਾਰੀਆਂ ਔਰਤਾਂ ਨੂੰ ਹੋਰ ਵੀ ਜ਼ਿਆਦਾ ਵਾਰ ਯੂਟੀਆਈ ਦਾ ਅਨੁਭਵ ਹੁੰਦਾ ਹੈ।

ਹਾਲਾਂਕਿ ਕੁਝ ਸਬੂਤ ਹਨ ਕਿ ਕਰੈਨਬੇਰੀ ਜੂਸ ਸਿਹਤਮੰਦ, ਗੈਰ-ਗਰਭਵਤੀ ਔਰਤਾਂ ਵਿੱਚ ਵਾਰ-ਵਾਰ ਯੂਟੀਆਈ ਹੋਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ, ਪਰ ਹੋਰ ਅਧਿਐਨਾਂ ਨੇ ਕੋਈ ਮਹੱਤਵਪੂਰਨ ਲਾਭ ਨਹੀਂ ਦਿਖਾਇਆ ਹੈ।

ਯੂਟੀਆਈ ਨੂੰ ਰੋਕਣ ਲਈ ਐਨਐਚਐਸ ਵਲੋਂ ਲੋਕਾਂ ਨੂੰ ਹੇਠ ਲਿਖੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ:

  • ਟਾਇਲਟ ਦੀ ਵਰਤੋਂ ਕਰਦੇ ਸਮੇਂ ਅੱਗੇ ਤੋਂ ਪਿੱਛੇ ਵੱਲ ਨੂੰ ਪੂੰਝੋ
  • ਜਣਨ ਅੰਗਾਂ ਨੂੰ ਸਾਫ਼ ਅਤੇ ਸੁੱਕਾ ਰੱਖੋ
  • ਬਹੁਤ ਸਾਰੇ ਤਰਲ ਪਦਾਰਥ ਪੀਓ, ਖਾਸ ਕਰਕੇ ਪਾਣੀ ਤਾਂ ਜੋ ਤੁਸੀਂ ਦਿਨ ਭਰ ਨਿਯਮਿਤ ਤੌਰ 'ਤੇ ਪਿਸ਼ਾਬ ਕਰੋ ਅਤੇ ਪਿਆਸ ਨਾ ਮਹਿਸੂਸ ਹੋਵੇ
  • ਜਿਣਸੀ ਸਬੰਧਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਯੋਨੀ ਦੇ ਆਲੇ ਦੁਆਲੇ ਦੀ ਚਮੜੀ ਨੂੰ ਪਾਣੀ ਨਾਲ ਧੋਵੋ
  • ਜਿਣਸੀ ਸਬੰਧਾਂ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਪਿਸ਼ਾਬ ਕਰੋ
  • ਡਾਇਪਰ ਜਾਂ ਇਨਕੰਟੀਨੈਂਸ ਪੈਡ ਗੰਦੇ ਹੋਣ 'ਤੇ ਤੁਰੰਤ ਬਦਲੋ
  • ਸੁੱਤੀ ਕਪੜੇ ਦੇ ਅੰਡਰਵੀਅਰ ਪਹਿਨੋ

ਇੰਗਲੈਂਡ ਵਿੱਚ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ (NICE) ਔਰਤਾਂ ਵਿੱਚ ਵਾਰ-ਵਾਰ ਯੂਟੀਆਈ ਨੂੰ ਰੋਕਣ ਲਈ ਇੱਕ ਵਿਕਲਪ ਵਜੋਂ ਰੋਜ਼ਾਨਾ ਘੱਟ-ਡੋਜ਼ ਵਾਲੀ ਐਂਟੀਬਾਇਓਟਿਕਸ ਲੈਣ ਦੀ ਸਿਫ਼ਾਰਸ਼ ਕਰਦਾ ਹੈ।

ਹੋਰ ਵਿਕਲਪਾਂ ਵਿੱਚ ਯੋਨੀ ਐਸਟ੍ਰੋਜਨ ਅਤੇ ਮੇਥੇਨਾਮਾਈਨ ਹਿਪਿਊਰੇਟ (ਇੱਕ ਦਵਾਈ ਜੋ ਤੁਹਾਡੇ ਪਿਸ਼ਾਬ ਲਈ ਇੱਕ ਐਂਟੀਸੈਪਟਿਕ ਵਜੋਂ ਕੰਮ ਕਰਦੀ ਹੈ ਅਤੇ ਇੱਕ ਐਂਟੀਬਾਇਓਟਿਕ ਨਹੀਂ ਹੈ) ਸ਼ਾਮਲ ਹਨ।

ਪੁਰਾਣੇ ਯੂਟੀਆਈਜ਼ ਕੀ ਹਨ?

ਯੂਟੀਆਈਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨੁਮਾਨ ਹੈ ਕਿ 25% ਔਰਤਾਂ ਜਿਨ੍ਹਾਂ ਨੂੰ ਘੱਟੋ-ਘੱਟ ਇੱਕ ਯੂਟੀਆਈ ਹੋਇਆ ਹੈ, ਉਨ੍ਹਾਂ ਨੂੰ ਵਾਰ-ਵਾਰ ਯੂਟੀਆਈ ਦਾ ਅਨੁਭਵ ਹੋ ਸਕਦਾ ਹੈ (ਸੰਕੇਤਕ ਤਸਵੀਰ)

ਵਾਰ-ਵਾਰ ਯੂਟੀਆਈਜ਼ ਦੇ ਨਾਲ, ਪੁਰਾਣੇ ਯੂਟੀਆਈਜ਼ ਬਾਰੇ ਵੀ ਜਾਗਰੂਕਤਾ ਵਧ ਰਹੀ ਹੈ, ਜਿਸ ਵਿੱਚ ਲੋਕ ਰੋਜ਼ਾਨਾ UTI ਦੇ ਲੱਛਣਾਂ ਦਾ ਅਨੁਭਵ ਕਰਦੇ ਹਨ।

ਖੋਜ ਨੇ ਦਿਖਾਇਆ ਹੈ ਕਿ ਕੁਝ ਮਾਮਲਿਆਂ ਵਿੱਚ ਬੈਕਟੀਰੀਆ ਬਲੈਡਰ ਦੀ ਪਰਤ 'ਤੇ ਹਮਲਾ ਕਰ ਸਕਦੇ ਹਨ ਅਤੇ ਸਰੀਰ ਦੇ ਸੈੱਲਾਂ ਅੰਦਰ ਲੁਕ ਸਕਦੇ ਹਨ।

ਬੈਕਟੀਰੀਆ ਬਲੈਡਰ ਦੀ ਕੰਧ ਨਾਲ ਵੀ ਚਿਪਕ ਸਕਦੇ ਹਨ ਅਤੇ ਇੱਕ ਬਾਇਓਫਿਲਮ ਨਾਮਕ ਸੁਰੱਖਿਆ ਪਰਤ ਦੇ ਹੇਠਾਂ ਲੁਕ ਸਕਦੇ ਹਨ, ਜਿਸ ਨਾਲ ਉਹ ਸਰੀਰ ਦੀ ਇਮਿਊਨ ਪ੍ਰਤੀਕਿਰਿਆ ਅਤੇ ਐਂਟੀਬਾਇਓਟਿਕਸ ਤੋਂ ਬਚ ਸਕਦੇ ਹਨ।

ਡਾਕਟਰ ਖਸਾਰੀਆ ਅਤੇ ਹੋਰ ਖੋਜਕਰਤਾ ਇਹ ਜਾਣਨ ਲਈ ਉਤਸੁਕ ਹਨ ਕਿ ਕਿਸੇ ਨੂੰ ਵਾਰ-ਵਾਰ ਜਾਂ ਪੁਰਾਣੇ ਯੂਟੀਆਈਜ਼ ਕਿਵੇਂ ਅਤੇ ਕਿਉਂ ਹੁੰਦੇ ਹਨ।

"ਸਾਨੂੰ ਲੱਗਦਾ ਹੈ ਕਿ ਬਹੁਤ ਸਾਰੀ ਜਾਣਕਾਰੀ ਅਜੇ ਪਤਾ ਲਗਾਉਣਾ ਬਾਕੀ ਹੈ ਕਿਉਂਕਿ ਯੂਟੀਆਈਜ਼ 'ਤੇ ਵਧੇਰੇ ਖੋਜ ਨਹੀਂ ਹੋਈ ਹੈ। ਔਰਤਾਂ ਦੀ ਸਿਹਤ 'ਤੇ ਕਾਫ਼ੀ ਖੋਜ ਨਹੀਂ ਹੋਈ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)