ਹੜ੍ਹ ਵੇਲੇ ਚਰਚਾ 'ਚ ਕਿਉਂ ਆਇਆ ਪੰਜਾਂ ਆਬਾਂ 'ਚੋਂ ਇੱਕ 'ਆਬ' ਰਾਵੀ , ਲਹਿੰਦੇ ਅਤੇ ਚੜ੍ਹਦੇ ਪੰਜਾਬ ਲਈ ਕੀ ਹੈ 'ਰਾਵੀ ਦੀ ਕਹਾਣੀ'

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਜੇ ਇੱਥੋਂ ਕਦੇ ਰਾਵੀ ਲੰਘ ਜਾਵੇ
ਹਯਾਤੀ ਪੰਜ-ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ ਵਿੱਚੋਂ ਸਾਹ ਨਿਚੋੜ ਲਾਂ
ਜੇ ਰਾਵੀ ਵਿੱਚ ਪਾਣੀ ਕੋਈ ਨਈਂ
ਤਾਂ ਆਪਣੀ ਕਹਾਣੀ ਕੋਈ ਨਈਂ
ਜੇ ਸੰਗ ਬੇਲੀ ਯਾਰ ਕੋਈ ਨਾ
ਤੇ ਕਿਸੇ ਨੂੰ ਸੁਣਾਣੀ ਕੋਈ ਨਈਂ
ਪਾਕਿਸਤਾਨੀ ਗਾਇਕ ਸੱਜਾਦ ਅਲੀ ਦਾ ਇਹ ਗਾਣਾ ਸ਼ਾਇਦ ਹੀ ਕਿਸੇ ਨੇ ਨਾ ਸੁਣਿਆ ਹੋਵੇ। ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਭਾਰਤ ਵਿੱਚ ਵੀ ਇਹ ਗਾਣਾ ਬੇਹੱਦ ਮਕਬੂਲ ਹੋਇਆ।
ਸੋਸ਼ਲ ਮੀਡੀਆ 'ਤੇ ਇਸ ਗਾਣੇ ਦੀਆਂ ਹਜ਼ਾਰਾਂ ਰੀਲਜ਼ ਹੋਣਗੀਆਂ ਜਿਸ ਨੂੰ ਸਰਹੱਦ ਦੇ ਦੋਹੇਂ ਪਾਸੇ ਦੇ ਪੰਜਾਬ ਦੇ ਲੋਕਾਂ ਵੱਲੋਂ ਬਣਾਇਆ ਗਿਆ ਹੈ।
ਪਰ ਦਹਾਕਿਆਂ ਬਾਅਦ ਇਹ ਗਾਣਾ ਫਿਰ ਤੋਂ ਚਰਚਾ ਵਿੱਚ ਆ ਰਿਹਾ ਹੈ ਜਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਹੜ੍ਹ ਆਏ ਹਨ।
ਇਹ ਤਬਾਹੀਕੁੰਨ ਹੜ੍ਹ ਲੋਕਾਂ ਨੂੰ ਕਾਫੀ ਨਿਰਾਸ਼ ਤਾਂ ਕਰਕੇ ਗਏ ਪਰ ਨਾਲ ਹੀ ਇਨ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਉੱਤੇ ਵੀ ਹੋਈ ਹੈ। ਕਿਸੇ ਨੇ ਤੰਜ ਨਾਲ, ਕਿਸੇ ਨੇ ਕਾਮੇਡੀ ਨਾਲ ਤਾਂ ਕਿਸੇ ਨੇ ਪਿਆਰ ਨਾਲ ਵੀ ਇਸ ਉੱਤੇ ਚਰਚਾ ਕੀਤੀ।

ਤਸਵੀਰ ਸਰੋਤ, Getty Images
ਹੁਣ ਜ਼ਰਾਂ ਇਹ ਪੜ੍ਹੋ...
ਇਹ ਰਾਵੀ ਵਿੱਚ ਪਾਣੀ ਬਹੁਤ ਹੈ
ਤੇ ਇਹਦੇ ਕੋਲ ਜਾਣਾ ਮੌਤ ਹੈ
ਜੇ ਯਾਰਾਂ ਪਿੱਛੇ ਲੱਗ ਜਾਓਗੇ
ਤੇ ਰਾਵੀ ਵਿੱਚ ਵੱਗ ਜਾਓਗੇ
ਮੈਂ ਬੈਠਾ ਇਹ ਹੀ ਸੋਚਦਾ ਵਾਂ
ਕਿ ਗੱਡੀ ਸੱਜੇ ਹੱਥ ਮੋੜ ਲਵਾਂ...
ਅਲੀ ਹਸਨ ਸੋਨੂੰ ਨਾਮ ਦੇ ਸੋਸ਼ਲ ਮੀਡੀਆ ਯੂਜ਼ਰ ਦਾ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਅਜਿਹੇ ਕਈ ਗਾਣੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਇਨਫ਼ਲੂਐਂਸਰਜ਼ ਵੱਲੋਂ ਬਣਾਏ ਗਏ ਹਨ ਜਿਸ ਵਿੱਚ ਰਾਵੀ ਦੇ ਪਾਣੀ ਦੇ ਸੈਲਾਬ ਵਿੱਚ ਬਦਲ ਜਾਣ ਉੱਤੇ ਤੰਜ ਕਸੇ ਗਏ ਹਨ।
ਰਾਵੀ ਵਿੱਚ ਪਾਣੀ ਇੰਨਾ ਚੜਿਆ ਹੋਇਆ ਹੈ ਕਿ ਇਸ ਕੋਲ ਜਾਣਾ ਖ਼ਤਰੇ ਤੋਂ ਘੱਟ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਪਾਣੀ ਨਾਲ ਭਰੇ ਰਾਵੀ ਦਰਿਆ ਦੀ ਇੱਕ ਝਲਕ ਵੇਖਣ ਨੂੰ ਜਾ ਰਹੇ ਹਨ।
ਪਰ ਇਸ ਤਬਾਹੀ ਵਿਚਕਾਰ ਹੀ ਇਸ ਨੂੰ ਪਿਆਰ ਅਤੇ ਮਿਲਾਪ ਨਾਲ ਵੀ ਜੋੜਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਤਹਿਸੀਨ ਮਾਇਨਾ ਨਾਮ ਦੀ ਯੂਜ਼ਰ ਵੱਲੋਂ ਰਾਵੀ ਰਾਹੀਂ ਅਧੂਰੇ ਪ੍ਰੇਮ ਦੀ ਕਹਾਣੀ ਨੂੰ ਪੂਰਾ ਕਰਨ ਦੀ ਗੱਲ ਆਖੀ ਗਈ...
ਇਹ ਰਾਵੀ ਪਾਣੀ-ਪਾਣੀ ਹੋ ਗਈ
ਤੇ ਪੂਰੀ ਇਹ ਕਹਾਣੀ ਹੋ ਗਈ
ਤੂੰ ਆ ਕੇ ਗਲੇ ਲਾ ਸੋਹਣਿਆ
ਜੁਦਾਈ ਵੀ ਪੁਰਾਣੀ ਹੋ ਗਈ
ਅੱਖਾਂ 'ਚ ਦਰਿਆ ਘੋਲ ਕੇ
ਮੈਂ ਬੈਠੀ ਤੇਰੀ ਰਾਹ ਖੋਲ੍ਹ ਕੇ...
ਗੀਤਾਂ-ਬੋਲੀਆਂ ਦਾ ਹਿੱਸਾ ਬਣੇ ਇਸੇ ਰਾਵੀ ਦੀ ਹੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ।
ਪੰਜਾਬ ਦੇ 5 ਦਰਿਆਵਾਂ ਵਿੱਚੋਂ ਇੱਕ ਰਾਵੀ ਦਰਿਆ ਜੋ ਕਾਫੀ ਥਾਵਾਂ 'ਤੇ ਸੁੱਕ ਗਿਆ ਸੀ, ਹਾਲ ਹੀ ਵਿੱਚ ਆਏ ਭਾਰੀ ਮੀਂਹ ਕਾਰਨ ਇਸ ਦਾ ਪਾਣੀ ਚੜ੍ਹ ਆਇਆ ਹੈ। ਜਿੱਥੇ ਇੱਕ ਪਾਸੇ ਲੋਕ ਤਬਾਹੀ ਤੋਂ ਪਰੇਸ਼ਾਨ ਹਨ, ਉੱਥੇ ਦੂਜੇ ਪਾਸੇ ਲੋਕ ਵਗਦੀ ਰਾਵੀ ਦੇਖਣ ਆ ਰਹੇ ਹਨ।
ਪੰਜਾਬ ਦੇ ਦਰਿਆ

ਤਸਵੀਰ ਸਰੋਤ, Getty Images
ਪੰਜਾਬ ਯਾਨੀ ਪੰਜ-ਆਬ। ਆਬ ਯਾਨੀ ਪਾਣੀ। ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਸੀ।
ਜੇਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਅਣਵੰਡੇ ਪੰਜਾਬ ਦੇ ਪੰਜ ਦਰਿਆ ਸਨ। ਵੰਡ ਤੋਂ ਬਾਅਦ 5 ਵਿੱਚੋਂ 2 ਦਰਿਆ ਜੇਹਲਮ ਅਤੇ ਚਿਨਾਬ ਪਾਕਿਸਤਾਨ ਦੇ ਹਿੱਸੇ ਆਏ ਅਤੇ ਤਿੰਨ ਦਰਿਆ ਰਾਵੀ, ਬਿਆਸ ਅਤੇ ਸਤਲੁਜ ਭਾਰਤ ਵਿਚਲੇ ਪੰਜਾਬ ਦਾ ਹਿੱਸਾ ਬਣੇ।
ਪੰਜਾਬ ਦੇ ਇਹ ਦਰਿਆ ਪੰਜਾਬ ਦੀ ਸੱਭਿਆਚਾਰਕ ਅਤੇ ਆਰਥਿਕ ਪਛਾਣ ਦਾ ਅਹਿਮ ਹਿੱਸਾ ਹੈ।
ਰਾਵੀ ਦਰਿਆ ਦਾ ਮੁੱਢ ਬੱਝਦਾ ਹੈ ਹਿਮਾਚਲ ਪ੍ਰਦੇਸ਼ ਤੋਂ। ਹਿਮਾਚਲ ਤੋਂ ਜੰਮੂ, ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਹੁੰਦੀ ਹੋਈ ਰਾਵੀ ਪਾਕਿਸਤਾਨ ਪੰਜਾਬ ਦੇ ਚਿਨਾਬ ਦਰਿਆ ਵਿੱਚ ਮਿਲ ਜਾਂਦੀ ਹੈ। ਰਾਵੀ ਨਾਲ ਸਰਹੱਦ ਦੇ ਦੋਵੇਂ ਪਾਸਿਆਂ ਦੇ ਪੰਜਾਬ ਦੇ ਕਿਸਾਨ ਸਿੰਜਾਈ ਕਰਦੇ ਹਨ।
ਰਾਧਾਕੰਤ ਭਾਰਤੀ ਵੱਲੋਂ ਲਿਖੀ ਗਈ ਕਿਤਾਬ 'ਰਿਵਰਜ਼ ਆਫ਼ ਇੰਡੀਆ' ਦੇ ਮੁਤਾਬਕ ਰਾਵੀ ਦੀ ਸ਼ੁਰੂਆਤ ਹੁੰਦੀ ਹੈ ਕੁੱਲੂ ਤੋਂ ਅਤੇ ਫਿਰ ਤ੍ਰਿਕੋਣ ਬਣਾਉਂਦਿਆਂ ਹੋਇਆ ਪੀਰ ਪੰਜਾਲ, ਧੌਲਾਧਰ ਰੇਜੇਂਜ਼ ਤੋਂ ਹੁੰਦੀ ਹੋਈ ਮਾਧੋਪੁਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੁੰਦੀ ਹੈ।
ਆਪਣੇ ਮੁੱਢ ਤੋਂ 376 ਕਿਮੀ ਦਾ ਸਫ਼ਰ ਤੈਅ ਕਰਦਿਆਂ ਅਤੇ ਅੰਮ੍ਰਿਤਸਰ ਤੋਂ 26 ਕਿਮੀ ਦੂਰ ਇਹ ਲਾਹੌਰ ਨੇੜੇ ਪਾਕਿਸਤਾਨ ਵਿੱਚ ਦਾਖ਼ਲ ਹੁੰਦੀ ਹੈ।
ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਰਾਵੀ

ਤਸਵੀਰ ਸਰੋਤ, Getty Images
ਰਾਵੀ ਜੋ ਪੰਜਾਬ ਦੇ ਪੰਜ ਆਬਾਂ 'ਚੋਂ ਇਕ ਆਬ ਹੈ, ਲੋਕਾਂ ਦੀ ਜ਼ਿੰਦਗੀ ਨੂੰ ਚਿਰਾਂ ਤੋਂ ਬਦਲ ਰਹੀ ਹੈ। ਕਈ ਸੱਭਿਆਤਾਵਾਂ ਇਸ ਦੇ ਕੰਢੇ ਆ ਕੇ ਵਸੀਆਂ ਹਨ।
ਪਾਕਿਸਤਾਨ ਵਿੱਚ 'ਰਾਵੀ ਬਚਾਓ' ਨਾਮ ਦੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ।
ਮੁਹਿੰਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਬੰਨਾਂ ਦੇ ਕਾਰਨ ਰਾਵੀ ਕਈ ਥਾਵਾਂ ਤੋਂ ਸੁੱਕ ਗਈ ਹੈ ਅਤੇ ਦੂਜੇ ਪਾਸੇ ਵਿਕਾਸ ਦੇ ਨਾਮ ਉੱਤੇ ਕੀਤੀ ਜਾ ਰਹੀ ਉਸਾਰੀ ਰਾਵੀ ਦਾ ਸਾਹ ਘੁੱਟ ਰਹੀ ਹੈ।
ਰਾਵੀ ਬਚਾਓ ਕਮੇਟੀ ਦੇ ਮੈਂਬਰ ਅਬਾਜ਼ੂਰ ਮਾਧੋ ਕਹਿੰਦੇ ਹਨ ਕਿ ਲੋਕ ਭਾਵੇਂ ਚੜ੍ਹਦੇ ਪੰਜਾਬ ਦੇ ਹੋਣ ਜਾਂ ਲਹਿੰਦੇ ਪੰਜਾਬ ਦੇ ਰਾਵੀ ਨੂੰ ਵੱਸਦਿਆਂ ਹਰ ਕੋਈ ਦੇਖਣਾ ਚਾਹੁੰਦਾ ਹੈ।
ਉਹ ਕਹਿੰਦੇ ਹਨ, "ਸਾਡਾ ਜੀਵਨ ਹੀ ਰਾਵੀ ਨਾਲ ਜੁੜਿਆ ਹੋਇਆ ਹੈ। ਅਸੀਂ ਰਾਵੀ ਨੂੰ ਮਹਿਜ਼ ਦਰਿਆ ਨਹੀਂ, ਇੱਕ ਜਿਉਂਦੀ ਜਾਗਦੀ ਹਸਤੀ ਮੰਨਦੇ ਹਾਂ। ਬਾਬਾ ਨਾਨਕ ਨੇ ਰਾਵੀ ਕੰਢੇ ਆਪਣ ਜੀਵਨ ਬਸਰ ਕੀਤਾ। ਪੀਰਾ-ਫਕੀਰਾਂ ਦਾ ਰਿਸ਼ਤਾ ਹੈ ਇਸ ਰਾਵੀ ਨਾਲ।"
"ਕਾਨੂੰਨਗਿਰੀ ਅਤੇ ਪੰਜਾਬ ਦੀ ਵੰਡ ਨੇ ਦਰਿਆਵਾਂ ਨੂੰ ਵੰਡਿਆ, ਉਨ੍ਹਾਂ ਨਾਲ ਜ਼ੁਲਮ ਕੀਤਾ। ਪਰ ਕੁਦਰਤ ਉੱਤੇ ਪਹਿਰੇ ਨਹੀਂ ਲਗਾਏ ਜਾ ਸਕਦੇ। ਦਰਿਆ ਵੱਗਦੇ ਹੀ ਚੰਗੇ ਲੱਗਦੇ ਹਨ। ਉਨ੍ਹਾਂ ਨੂੰ ਰੋਕ ਕੇ ਅਸੀਂ ਪੂਰੀ ਵੱਸੋਂ ਨੂੰ ਬਰਬਾਦ ਕਰਦੇ ਹਾਂ।"
ਉਨ੍ਹਾਂ ਦੱਸਿਆ ਕਿ ਲਾਹੌਰ ਨੇੜੇ ਰਾਵੀ ਦਰਿਆ ਲਈ ਇੱਕ ਮੇਲਾ ਹਰ ਸਾਲ ਲੱਗਦਾ ਹੈ। ਰਾਵੀ ਲਈ ਦੁਆਵਾਂ ਕੀਤੀਆਂ ਜਾਂਦੀਆਂ ਹਨ ਅਤੇ ਦੀਵੇ ਬਾਲੇ ਜਾਂਦੇ ਹਨ। ਦਰਿਆ ਦੇ ਆਜ਼ਾਦ ਹੋਣ ਦੀ ਆਸ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਦੂਜੇ ਪਾਸੇ, ਵਾਟਰ ਵਾਰੀਅਰ ਪੰਜਾਬ ਦੇ ਫਾਊਂਡਰ ਡਾਕਟਰ ਮਨਜੀਤ ਸਿੰਘ ਵੀ ਰਾਵੀ ਨੂੰ ਲੈ ਕੇ ਭਾਵੁਕ ਨਜ਼ਰ ਆਉਂਦੇ ਹਨ।
ਉਹ ਕਹਿੰਦੇ ਹਨ, "ਹੜਾਂ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਮਨ ਤਾਂ ਪਰੇਸ਼ਾਨ ਹੁੰਦਾ ਹੈ ਪਰ ਵਾਤਾਵਰਨ ਪ੍ਰੇਮੀ ਦੇ ਤੌਰ ਉਹ ਰਾਵੀ ਨੂੰ ਮੁੜ ਵਗਦਾ ਦੇਖਣਾ ਚਾਹੁੰਦੇ ਹਨ।"
ਉਹ ਕਹਿੰਦੇ ਹਨ ਕਿ ਰਾਵੀ ਦੇ ਰਾਹ ਵਿੱਚ ਅਸੀਂ ਆਏ ਹਾਂ ਅਤੇ ਕੁਦਰਤ ਦੀ ਰਾਹ ਵਿੱਚ ਨਹੀਂ ਆਇਆ ਜਾਂਦਾ।
ਉਨ੍ਹਾਂ ਕਿਹਾ, "ਡਿਜ਼ਾਸਟਰ (ਤਬਾਹੀ) ਅਤੇ ਡੈਮ ਇੱਕ ਦੂਜੇ ਦੇ ਪੂਰਕ ਹਨ। ਸਰਕਾਰਾਂ ਦੀ ਸਿਆਸਤ ਦਰਮਿਆਨ ਕੁਦਰਤ ਫ਼ਸ ਗਈ ਹੈ।"
ਉਹ ਕਹਿੰਦੇ ਹਨ ਕਿ ਸਾਰੇ ਦਰਿਆ ਮੁੜ ਸੁਰਜੀਤ ਹੋਣੇ ਚਾਹੀਦੇ ਹਨ।
ਪੀਏਯੂ ਦੇ ਰਿਟਾਇਰਡ ਪ੍ਰੋਫੈਸਰ ਡਾਕਟਰ ਗੁਰਦੇਵ ਸਿੰਘ ਹੀਰਾ, ਜੋ ਪਾਣੀ ਦੇ ਮੁੱਦਿਆਂ ਉੱਤੇ ਸੰਘਰਸ਼ ਵੀ ਕਰ ਰਹੇ ਹਨ, ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਜਿਨ੍ਹਾਂ ਪਾਣੀ ਰਾਵੀ ਦਰਿਆ ਵਿੱਚ ਚੜ੍ਹਿਆ ਹੈ, ਉਨ੍ਹਾਂ ਪਿਛਲੇ ਕਰੀਬ 100 ਸਾਲਾਂ ਵਿੱਚ ਵੀ ਨਹੀਂ ਆਇਆ ਹੋਵੇਗਾ।
"ਸਾਲ 1988 ਦੌਰਾਨ ਆਏ ਹੜ੍ਹਾਂ ਵਿੱਚ ਵੀ ਅਜਿਹੇ ਹਾਲਾਤ ਨਹੀਂ ਸੀ। ਪਰ ਇਸ ਵਾਰ ਤਾਂ ਰਾਵੀ ਜਲਥਲ ਹੋਈ ਹੈ।"
ਉਨ੍ਹਾਂ ਦੱਸਿਆ ਕਿ ਰਾਵੀ ਮੀਂਹ ਦੇ ਪਾਣੀ ਉੱਤੇ ਨਿਰਭਰ ਹੈ। ਮੀਂਹ ਦੇ ਪਾਣੀ ਦੀ ਕਮੀ ਹੋਵੇ ਤਾਂ ਰਾਵੀ ਕਈ ਥਾਵਾਂ ਉੱਤੇ ਕਰੀਬ ਸੁੱਕ ਜਾਂਦੀ ਹੈ। ਪਰ ਚੰਗੇ ਮੀਂਹ ਦੀ ਆਮਦ ਨਾਲ ਰਾਵੀ ਦੀ ਰੌਣਕ ਮੁੜ ਆਉਂਦੀ ਹੈ।
ਉਨ੍ਹਾਂ ਕਿਹਾ, "ਪਰ ਇਸ ਵਾਰ ਤਾਂ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਰਾਵੀ ਦਾ ਪਾਣੀ ਚੜ੍ਹ ਆਇਆ ਹੈ। ਪਰ ਰਾਵੀ ਦੀ ਰੌਣਕ ਕਿੰਨੀਂ ਦੇਰ ਰਹੇਗੀ, ਇਹ ਹਾਲੇ ਕਹਿਣਾ ਔਖਾ ਹੈ।"
ਰਾਵੀ ਦੇ ਇਤਿਹਾਸਕ ਪੰਨ੍ਹੇ

ਤਸਵੀਰ ਸਰੋਤ, Getty Images
ਸਾਲ 2020 ਵਿੱਚ ਬੀਬੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼ ਲਾਹੌਰ ਡਾਇਰੀ ਵਿੱਚ ਕਵੀ ਅਤੇ ਲੇਖਕ ਸੂਫੀ ਮੁਸ਼ਤਾਕ ਨੇ ਦੱਸਿਆ ਸੀ, "ਰਾਵੀ ਦਾ ਪੁਰਾਣਾ ਨਾਮ ਹੀਰਾਵਤੀ ਹੈ। ਪੰਜਾਬ ਦੀ ਛੋਟੀ ਨਦੀ ਹੈ। ਇਸ ਦੇ ਕਿਨਾਰੇ ਪੰਜਾਬ ਦੇ ਕਦੀਮ ਸ਼ਹਿਰ ਆਬਾਦ ਹੋਏ। ਹੜਪਾ, ਤੁਲੰਬਾ, ਮੁਲਤਾਨ ਤੇ ਲਾਹੌਰ।"
"ਰਾਵੀ ਸੋਨਾ ਤੇ ਚਨਾਬ ਚਾਂਦੀ.. ਯਾਨੀ ਇਸ ਦਾ ਪਾਣੀ ਸੋਨੇ ਵਰਗਾ ਜ਼ਰਖੇਜ਼ ਹੈ। ਬਾਬਾ ਨਾਨਕ ਨੇ ਰਾਵੀ ਨੇੜੇ ਹੀ ਆਪਣਾ ਆਖ਼ਰੀ ਵੇਲਾ ਗੁਜ਼ਾਰਿਆ।"
"ਮੁਗਲਾਂ ਨੇ ਜਦੋਂ ਲਾਹੌਰ ਵਿੱਚ ਆਪਣੀ ਰਾਜਧਾਨੀ ਬਣਾਈ, ਫਿਰ ਰਾਵੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਰੰਗ-ਮਹਿਲ, ਬਾਗ ਅਤੇ ਮਕਬਰੇ ਵੀ ਬਣਵਾਏ।"
ਪਰ ਹੁਣ ਰਾਵੀ ਦੇ ਜੋ ਹਾਲਾਤ ਹਨ ਉਸ ਨੂੰ ਸ਼ਾਇਰ ਅਤੇ ਲੇਖਕ ਆਪੋ-ਆਪਣੇ ਤਰੀਕੇ ਨਾਲ ਬਿਆਨ ਕਰਦੇ ਹਨ।
ਪਾਕਿਸਤਾਨੀ ਸ਼ਾਇਰ ਅਫ਼ਜ਼ਲ ਸਾਹਿਰ ਰਾਵੀ ਬਾਰੇ ਇਓਂ ਬਿਆਨਦੇ ਹਨ
ਇੱਕ ਵੇਲਾ ਸੀ ਮੇਰਾ ਖੁੱਲ੍ਹ ਖਲਾਰਾ ਸੀ ਮੀਲਾਂ ਤਾਈਂ
ਇੱਕ ਇਹ ਵੇਲਾ ਸੁੰਗੜ ਕੇ ਮੈਂ ਕੁੰਝ ਲਈਆਂ ਨੇ ਬਾਈਂ
ਮੈਂ ਇੱਕ ਵਾਰੀ ਵੇਚ-ਵਟਕ ਤੇ ਵੰਡ ਦਾ ਜ਼ਹਿਰ ਵੀ ਫੱਕਿਆ
ਮੈਂ ਇੱਕ ਵਾਰੀ ਆਪਣੇ ਪਾਣੀ ਦਾ ਲਹੂ ਬਣਿਆ ਵੀ ਤੱਕਿਆ
ਮੈਂ ਹਾਂ ਜੀਵਨ ਦੇਵਨ ਹਾਰਾ ਸਪਤ ਸਿੰਧ ਕਾ ਹਾਨੀ
ਮੈਨੂੰ ਤਿੱਬਤ ਕਾਂਗੜਿਆਂ ਦੀ ਜੂਹ ਚੋਂ ਮਿਲਿਆ ਪਾਣੀ
ਮੇਰੇ ਮਨ 'ਤੇ ਬੈਠ ਫਕੀਰਾਂ ਲਿਖੀ ਪ੍ਰੇਮ ਕਹਾਣੀ
ਮੈਂ ਸਮਿਆਂ ਨੂੰ ਸਾਰਾਂ ਵੰਡੀਆਂ ਕੀਤੇ ਚਿੱਤ ਅਗਾਹ
ਵੇ ਲੋਕੋਂ ਮੈਂ ਰਾਵੀ ਦਰਿਆ....
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












