ਖਾਣ-ਪੀਣ ਵਾਲੀਆਂ ਕਿਹੜੀਆਂ ਚੀਜ਼ਾਂ ਬਦਬੂਦਾਰ ਪੇਟ ਦੀ ਗੈਸ ਦੀ ਵਜ੍ਹਾ ਬਣਦੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਬੀਬੀਸੀ ਫ਼ੂਡ
ਕਿਸੇ ਵੀ ਮਨੁੱਖ ਲਈ ਗੈਸ ਪਾਸ ਕਰਨਾ ਇੱਕ ਆਮ ਪ੍ਰਕਿਰਿਆ ਹੈ। ਇੱਕ ਆਮ ਵਿਅਕਤੀ ਦਿਨ ਵਿੱਚ ਪੰਜ ਤੋਂ ਪੰਦਰਾਂ ਵਾਰ ਗੈਸ ਪਾਸ ਕਰਦਾ ਹੈ।
ਦਰਅਸਲ ਜੇਕਰ ਤੁਸੀਂ ਗੈਸ ਨਿਕਲਣ ਨਾਲ ਹੋਣ ਵਾਲੀ ਬੇਅਰਾਮੀ ਜਾਂ ਸ਼ਰਮਿੰਦਗੀ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਜ਼ਿਆਦਾ ਗੈਸ ਨਿਕਲਣਾ ਬਿਹਤਰ ਸਿਹਤ ਦੀ ਨਿਸ਼ਾਨੀ ਮੰਨੀ ਜਾ ਸਕਦੀ ਹੈ।
ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਉਹ ਚੀਜ਼ਾਂ ਖਾ ਰਹੇ ਹੋ ਜੋ ਚੰਗੀ ਸਿਹਤ ਵਿੱਚ ਮਦਦ ਕਰਦੀਆਂ ਹਨ ਪਰ ਨਾਲ ਹੀ ਗੈਸ ਬਣਾਉਂਦੀਆਂ ਹਨ।
ਗੈਸ ਪੈਦਾ ਕਰਨ ਵਾਲੇ ਭੋਜਨ ਆਮ ਤੌਰ 'ਤੇ ਦਿਲ ਲਈ ਚੰਗੇ ਹੋ ਸਕਦੇ ਹਨ। ਇਹ ਫਾਈਬਰ ਨਾਲ ਭਰਪੂਰ ਗੁੰਝਲਦਾਰ ਕਾਰਬੋਹਾਈਡਰੇਟ ਹੁੰਦੇ ਹਨ।
ਸਾਬਤ ਅਨਾਜ, ਬਰਾਉਨ ਰਾਈਸ ਅਤੇ ਸਬਜ਼ੀਆਂ ਨੂੰ ਗੁੰਝਲਦਾਰ ਕਾਰਬੋਹਾਈਡਰੇਟ ਕਿਹਾ ਜਾਂਦਾ ਹੈ ਕਿਉਂਕਿ ਇਹ ਹੌਲੀ-ਹੌਲੀ ਪੱਚਦੇ ਹਨ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ।
ਸਾਡਾ ਸਰੀਰ ਇਨ੍ਹਾਂ ਗੁੰਝਲਦਾਰ ਕਾਰਬੋਹਾਈਡਰੇਟਸ ਨੂੰ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ, ਪਰ ਅੰਤੜੀਆਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਇਨ੍ਹਾਂ ਨੂੰ ਤੋੜ ਦਿੰਦੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਗੈਸ ਬਣਦੀ ਹੈ।
ਆਓ ਜਾਣਦੇ ਹਾਂ ਕਿ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਗੈਸ ਦਾ ਕਾਰਨ ਬਣਦੀਆਂ ਹਨ, ਕਿਹੜੀਆਂ ਚੀਜ਼ਾਂ ਗੈਸ ਵਿੱਚ ਬਦਬੂ ਪੈਦਾ ਕਰ ਸਕਦੀਆਂ ਹਨ ਅਤੇ ਇਹ ਵੀ ਕਿ ਗੈਸ ਸੰਬੰਧੀ ਸਮੱਸਿਆ ਹੋਣ 'ਤੇ ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ।
1. ਚਰਬੀ ਵਾਲੇ ਭੋਜਨ

ਤਸਵੀਰ ਸਰੋਤ, Getty Images
ਚਰਬੀ ਵਾਲਾ ਭੋਜਨ ਸਰੀਰ ਵਿੱਚ ਪਾਚਨ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ। ਇਸ ਕਾਰਨ ਇਹ ਭੋਜਨ ਅੰਤੜੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ ਅਤੇ ਇਸ ਵਿੱਚ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰਕਿਰਿਆ ਕਾਰਨ, ਗੈਸ ਵਿੱਚੋਂ ਬਦਬੂ ਆਉਣ ਲੱਗਦੀ ਹੈ।
ਉਦਾਹਰਣ ਵਜੋਂ, ਇਹ ਚਰਬੀ ਵਾਲਾ ਮੀਟ ਖਾਣ ਨਾਲ ਹੋ ਸਕਦਾ ਹੈ।
ਚਰਬੀ ਵਾਲਾ ਮੀਟ (ਜਿਵੇਂ ਕਿ ਲਾਲ ਮੀਟ) ਥੋੜ੍ਹਾ ਗੁੰਝਲਦਾਰ ਹੁੰਦਾ ਹੈ ਕਿਉਂਕਿ ਇਹ ਮੈਥੀਓਨਾਈਨ ਨਾਮਕ ਅਮੀਨੋ ਐਸਿਡ ਨਾਲ ਭਰਪੂਰ ਹੁੰਦਾ ਹੈ, ਜਿਸ ਵਿੱਚ ਸਲਫਰ ਮੌਜੂਦ ਹੁੰਦਾ ਹੈ।
ਤੁਹਾਡੀਆਂ ਅੰਤੜੀਆਂ ਵਿੱਚ ਬੈਕਟੀਰੀਆ ਇਸਨੂੰ ਹਾਈਡ੍ਰੋਜਨ ਸਲਫਾਈਡ ਵਿੱਚ ਬਦਲ ਦਿੰਦੇ ਹਨ, ਜੋ ਸੜੇ ਹੋਏ ਆਂਡੇ ਵਰਗੀ ਗੰਧ ਪੈਦਾ ਕਰਦਾ ਹੈ।
ਸਿਰਫ਼ ਮਾਸ ਹੀ ਨਹੀਂ, ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੀ ਗੈਸ ਦੀ ਬਦਬੂ ਵਧਾ ਸਕਦੀਆਂ ਹਨ।
2. ਬੀਨਜ਼

ਤਸਵੀਰ ਸਰੋਤ, Getty Images
ਬੀਨਜ਼ ਅਤੇ ਦਾਲਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਪਰ ਇਨ੍ਹਾਂ ਵਿੱਚ ਰੈਫਿਨੋਜ਼ ਨਾਮਕ ਇੱਕ ਗੁੰਝਲਦਾਰ ਸ਼ੱਕਰ ਵੀ ਹੁੰਦੀ ਹੈ, ਜਿਸਨੂੰ ਸਰੀਰ ਪੂਰੀ ਤਰ੍ਹਾਂ ਪ੍ਰੋਸੈਸ ਨਹੀਂ ਕਰ ਸਕਦਾ।
ਇਹ ਸ਼ੂਗਰ ਸਿੱਧੀ ਅੰਤੜੀਆਂ ਤੱਕ ਪਹੁੰਚਦੀ ਹੈ, ਜਿੱਥੇ ਮੌਜੂਦ ਬੈਕਟੀਰੀਆ ਇਸਨੂੰ ਊਰਜਾ ਵਜੋਂ ਵਰਤਣ ਲਈ ਤੋੜ ਦਿੰਦੇ ਹਨ।
ਇਸ ਪ੍ਰਕਿਰਿਆ ਵਿੱਚ ਹਾਈਡ੍ਰੋਜਨ, ਮੀਥੇਨ ਅਤੇ ਕਈ ਵਾਰ ਬਦਬੂਦਾਰ ਗੰਧਕ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ।
3 ਆਂਡੇ

ਤਸਵੀਰ ਸਰੋਤ, Getty Images
ਆਮ ਵਿਸ਼ਵਾਸ ਦੇ ਉਲਟ ਆਂਡੇ ਜ਼ਿਆਦਾਤਰ ਲੋਕਾਂ ਵਿੱਚ ਗੈਸ ਦਾ ਕਾਰਨ ਨਹੀਂ ਬਣਦੇ। ਹਾਲਾਂਕਿ ਉਨ੍ਹਾਂ ਵਿੱਚ ਮੈਥੀਓਨਾਈਨ ਨਾਮ ਦਾ ਇੱਕ ਅਮੀਨੋ ਐਸਿਡ ਹੁੰਦਾ ਹੈ, ਜੋ ਕਿ ਸਲਫਰ ਨਾਲ ਭਰਪੂਰ ਹੁੰਦਾ ਹੈ।
ਇਸ ਲਈ ਜੇਕਰ ਤੁਸੀਂ ਬਦਬੂਦਾਰ ਗੈਸ ਤੋਂ ਬਚਣਾ ਚਾਹੁੰਦੇ ਹੋ ਤਾਂ ਗੈਸ ਪੈਦਾ ਕਰਨ ਵਾਲੀਆਂ ਬੀਨਜ਼ (ਜਿਵੇਂ ਰਾਜਮਾਂਹ ਤੇ ਲੋਬੀਆ) ਅਤੇ ਚਰਬੀ ਵਾਲੇ ਮੀਟ ਦੇ ਨਾਲ ਆਂਡੇ ਖਾਣ ਤੋਂ ਪਰਹੇਜ਼ ਕਰ ਸਕਦੇ ਹੋ।
ਜੇਕਰ ਆਂਡੇ ਖਾਣ ਨਾਲ ਪੇਟ ਫੁੱਲਣ ਜਾਂ ਗੈਸ ਦੀ ਸਮੱਸਿਆ ਹੁੰਦੀ ਹੈ, ਤਾਂ ਸੰਭਾਵਿਤ ਤੌਰ 'ਤੇ ਤੁਹਾਨੂੰ ਆਂਡੇ ਤੋਂ ਐਲਰਜੀ ਹੋ ਸਕਦੀ ਹੈ।
4. ਪਿਆਜ਼

ਤਸਵੀਰ ਸਰੋਤ, Getty Images
ਪਿਆਜ਼, ਆਰਟੀਚੋਕ, ਲਸਣ ਅਤੇ ਹਰੇ ਪਿਆਜ਼ ਵਿੱਚ ਫ੍ਰਕਟੇਨ ਨਾਮ ਦਾ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ।
ਇਹ ਇੱਕ ਅਜਿਹਾ ਤੱਤ ਹੈ ਜੋ ਗੈਸ ਪੈਦਾ ਕਰਦਾ ਹੈ ਅਤੇ ਪੇਟ ਫੁੱਲਣ ਦਾ ਕਾਰਨ ਬਣ ਸਕਦਾ ਹੈ।

5. ਦੁੱਧ ਅਤੇ ਡੇਅਰੀ ਉਤਪਾਦ

ਤਸਵੀਰ ਸਰੋਤ, Getty Images
ਗਾਂ ਅਤੇ ਬੱਕਰੀ ਦੇ ਦੁੱਧ ਵਿੱਚ ਲੈਕਟੋਜ਼ ਨਾਮ ਦੀ ਇੱਕ ਕਿਸਮ ਦੀ ਸ਼ੂਗਰ ਹੁੰਦੀ ਹੈ, ਜੋ ਗੈਸ ਦਾ ਕਾਰਨ ਬਣ ਸਕਦੀ ਹੈ।
ਦੁਨੀਆਂ ਭਰ ਵਿੱਚ ਤਕਰੀਬਨ 65 ਫ਼ੀਸਦ ਬਾਲਗ ਆਬਾਦੀ ਕਿਸੇ ਨਾ ਕਿਸੇ ਪੱਧਰ 'ਤੇ ਲੈਕਟੋਜ਼ ਪਚਾ ਨਹੀਂ ਪਾਉਂਦੀ।
ਅਜਿਹੇ ਲੋਕਾਂ ਨੂੰ ਦੁੱਧ ਜਾਂ ਹੋਰ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
6. ਕਣਕ ਅਤੇ ਸਾਬਤ ਅਨਾਜ

ਤਸਵੀਰ ਸਰੋਤ, Getty Images
ਫ੍ਰਕਟੇਨ ਇੱਕ ਕਿਸਮ ਦਾ ਫਾਈਬਰ ਹੈ ਜੋ ਗੈਸ ਬਣਾਉਂਦਾ ਹੈ ਅਤੇ ਸਾਬਤ ਅਨਾਜ ਵਿੱਚ ਪਾਇਆ ਜਾਂਦਾ ਹੈ।
ਓਟਸ ਅਤੇ ਕਣਕ ਦੇ ਉਤਪਾਦਾਂ ਜਿਵੇਂ ਕਿ ਬਰੈੱਡ, ਪਾਸਤਾ ਅਤੇ ਹੋਰ ਸਾਬਤ ਅਨਾਜ ਦਾ ਸੇਵਨ ਕਰਨ ਨਾਲ ਵੀ ਗੈਸ ਹੋ ਸਕਦੀ ਹੈ।
ਇਸ ਤੋਂ ਇਲਾਵਾ, ਕਣਕ, ਜੌਂ ਅਤੇ ਰਾਈ ਵਰਗੇ ਕੁਝ ਸਾਬਤ ਅਨਾਜਾਂ ਵਿੱਚ ਗਲੂਟਨ ਹੁੰਦਾ ਹੈ।
ਜੇਕਰ ਤੁਹਾਡਾ ਸਰੀਰ ਗਲੂਟਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਗੈਸ ਜਾਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
7. ਬਰੋਕਲੀ, ਫੁੱਲ ਗੋਭੀ ਅਤੇ ਪੱਤਾ ਗੋਭੀ

ਤਸਵੀਰ ਸਰੋਤ, Getty Images
ਪੱਤਾਗੋਭੀ, ਬਰੋਕਲੀ, ਫੁੱਲ ਗੋਭੀ, ਸਪ੍ਰਾਊਟਸ ਅਤੇ ਹੋਰ ਹਰੀਆਂ ਪੱਤੇਦਾਰ ਸਬਜ਼ੀਆਂ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ।
ਇਨ੍ਹਾਂ ਸਬਜ਼ੀਆਂ ਨੂੰ ਪਚਾਉਣਾ ਸਰੀਰ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਪਰ ਅੰਤੜੀਆਂ ਵਿੱਚ ਮੌਜੂਦ ਬੈਕਟੀਰੀਆ ਇਸ ਫਾਈਬਰ ਨੂੰ ਊਰਜਾ ਵਜੋਂ ਵਰਤਦੇ ਹਨ।
ਇਸ ਪ੍ਰਕਿਰਿਆ ਵਿੱਚ ਗੈਸ ਬਣਦੀ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਰੂਸੀਫੇਰਸ ਸਬਜ਼ੀਆਂ, ਜਿਵੇਂ ਕਿ ਬੰਦ ਗੋਭੀ, ਫੁੱਲ ਗੋਭੀ ਅਤੇ ਬਰੋਕਲੀ ਵਿੱਚ ਵੀ ਗੰਧਕ ਹੁੰਦਾ ਹੈ, ਜੋ ਗੈਸ ਦੀ ਗੰਧ ਨੂੰ ਵਧਾ ਸਕਦਾ ਹੈ।
8. ਫਲ

ਤਸਵੀਰ ਸਰੋਤ, Getty Images
ਸੇਬ, ਅੰਬ ਅਤੇ ਨਾਸ਼ਪਾਤੀ ਵਰਗੇ ਫ਼ਲਾਂ ਵਿੱਚ ਕੁਦਰਤੀ ਸ਼ੂਗਰ ਫਰੂਟੋਜ਼ ਦੀ ਮਾਤਰਾ ਵਧੇਰੇ ਹੁੰਦੀ ਹੈ।
ਇਸ ਤੋਂ ਇਲਾਵਾ ਕੁਝ ਕਿਸਮਾਂ ਦੇ ਸੇਬਾਂ ਅਤੇ ਨਾਸ਼ਪਾਤੀ ਵਿੱਚ ਵੀ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਬਹੁਤ ਸਾਰੇ ਲੋਕਾਂ ਨੂੰ ਫ੍ਰਕਟੋਜ਼ ਨੂੰ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ।
ਜਦੋਂ ਅਜਿਹੇ ਲੋਕ ਇਹ ਮਿੱਠੇ ਫ਼ਲ ਖਾਂਦੇ ਹਨ, ਤਾਂ ਉਨ੍ਹਾਂ ਨੂੰ ਗੈਸ ਜਾਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਇਸ ਸ਼ੂਗਰ ਨੂੰ ਪੂਰੀ ਤਰ੍ਹਾਂ ਨਹੀਂ ਤੋੜ ਸਕਦਾ।
ਹਾਲਾਂਕਿ, ਫ੍ਰਕਟੋਜ਼ ਅਸਹਿਣਸ਼ੀਲਤਾ ਲੈਕਟੋਜ਼ ਅਸਹਿਣਸ਼ੀਲਤਾ ਜਿੰਨੀ ਆਮ ਨਹੀਂ ਹੈ।
ਕੀ ਗੈਸ ਨੂੰ ਪਾਸ ਹੋਣ ਤੋਂ ਰੋਕਿਆ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਫਲ, ਸਬਜ਼ੀਆਂ ਅਤੇ ਦਾਲਾਂ ਗੈਸ ਦਾ ਕਾਰਨ ਬਣ ਸਕਦੀਆਂ ਹਨ, ਪਰ ਗੈਸ ਤੋਂ ਬਚਣ ਦੀ ਕੋਸ਼ਿਸ਼ ਕਰਨ ਨਾਲੋਂ ਇਨ੍ਹਾਂ ਨੂੰ ਨਿਯਮਿਤ ਤੌਰ 'ਤੇ ਖਾਣਾ ਜ਼ਿਆਦਾ ਜ਼ਰੂਰੀ ਹੈ।
ਜੇਕਰ ਤੁਸੀਂ ਪਹਿਲਾਂ ਜ਼ਿਆਦਾ ਫਾਈਬਰ ਨਹੀਂ ਖਾ ਰਹੇ ਸੀ ਅਤੇ ਅਚਾਨਕ ਇਸਦੀ ਮਾਤਰਾ ਵਧਾ ਦਿੰਦੇ ਹੋ, ਤਾਂ ਪੇਟ ਵਿੱਚ ਬੇਅਰਾਮੀ ਅਤੇ ਗੈਸ ਬਣਨ ਦੀ ਸੰਭਾਵਨਾ ਵੱਧ ਸਕਦੀ ਹੈ।
ਇਸ ਲਈ ਆਪਣੀ ਖੁਰਾਕ ਵਿੱਚ ਫਾਈਬਰ ਹੌਲੀ-ਹੌਲੀ ਸ਼ਾਮਲ ਕਰੋ, ਤਾਂ ਜੋ ਸਰੀਰ ਇਸਦੀ ਆਦਤ ਪਾ ਸਕੇ ਅਤੇ ਇਸਦਾ ਕੋਈ ਮਾੜਾ ਪ੍ਰਭਾਵ ਨਾ ਪਵੇ।
ਜ਼ਿਆਦਾ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਘੱਟ ਜਾਂਦੀ ਹੈ, ਜੋ ਕਿ ਗੈਸ ਬਣਨ ਦਾ ਇੱਕ ਵੱਡਾ ਕਾਰਨ ਹੈ।
ਜੇਕਰ ਮਲ ਲੰਬੇ ਸਮੇਂ ਤੱਕ ਅੰਤੜੀਆਂ ਵਿੱਚ ਰਹਿੰਦਾ ਹੈ, ਤਾਂ ਇਹ ਹੌਲੀ-ਹੌਲੀ ਫਰਮੈਂਟ ਹੋਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਜ਼ਿਆਦਾ ਮਾਤਰਾ ਵਿੱਚ ਗੈਸ ਪੈਦਾ ਹੁੰਦੀ ਹੈ ਅਤੇ ਇਸ ਨਾਲ ਤੇਜ਼ ਬਦਬੂ ਆ ਸਕਦੀ ਹੈ।
ਇਸ ਲਈ ਹਰ ਖਾਣੇ ਦੇ ਨਾਲ ਕੁਝ ਤਰਲ ਪਦਾਰਥ ਲੈਣ ਦੀ ਕੋਸ਼ਿਸ਼ ਕਰੋ ਅਤੇ ਦਿਨ ਭਰ ਪਾਣੀ ਜਾਂ ਹੋਰ ਤਰਲ ਪਦਾਰਥ ਪੀਂਦੇ ਰਹੋ ਤਾਂ ਜੋ ਸਰੀਰ ਵਿੱਚ ਪਾਣੀ ਦਾ ਪੱਧਰ ਬਰਕਰਾਰ ਰਹੇ।
ਯੂਕੇ ਦੀ ਰਾਸ਼ਟਰੀ ਸਿਹਤ ਸੇਵਾ ਗੈਸ ਅਤੇ ਪੇਟ ਫੁੱਲਣ ਤੋਂ ਰਾਹਤ ਪਾਉਣ ਲਈ ਪੁਦੀਨੇ ਦੀ ਚਾਹ ਪੀਣ ਦੀ ਸਿਫਾਰਸ਼ ਕਰਦੀ ਹੈ।
ਦੂਜੇ ਪਾਸੇ, ਕਾਰਬੋਨੇਟਿਡ ਡਰਿੰਕਸ (ਜਿਵੇਂ ਕਿ ਕੋਲਡ ਡਰਿੰਕਸ) ਵਿੱਚ ਪਹਿਲਾਂ ਹੀ ਗੈਸ ਹੁੰਦੀ ਹੈ। ਇਨ੍ਹਾਂ ਨੂੰ ਜ਼ਿਆਦਾ ਪੀਣ ਨਾਲ ਡਕਾਰ ਆਉਂਦਾ ਹੈ ਅਤੇ ਸਰੀਰ ਵਿੱਚੋਂ ਜ਼ਿਆਦਾ ਗੈਸ ਨਿਕਲਦੀ ਹੈ।
ਬਬਲਗੰਮ ਚਬਾਉਣ, ਸੂਪ ਜਾਂ ਅਨਾਜ ਜਲਦੀ-ਜਲਦੀ ਖਾਣ ਨਾਲ ਵੀ ਗੈਸ ਹੋ ਸਕਦੀ ਹੈ।
ਜੇਕਰ ਤੁਸੀਂ ਖਾਂਦੇ ਜਾਂ ਪੀਂਦੇ ਸਮੇਂ ਹਵਾ ਨਿਗਲਦੇ, ਤਾਂ ਇਹ ਸਰੀਰ ਵਿੱਚੋਂ ਜਾਂ ਤਾਂ ਡਕਾਰ ਦੇ ਰੂਪ ਵਿੱਚ ਜਾਂ ਗੈਸ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ।
ਕੀ ਤੁਹਾਨੂੰ ਗੈਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ

ਤਸਵੀਰ ਸਰੋਤ, Getty Images
ਜ਼ਿਆਦਾਤਰ ਮਾਮਲਿਆਂ ਵਿੱਚ ਗੈਸ ਬਣਨਾ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ।
ਗੈਸ ਬਣਨ ਦੇ ਬਹੁਤ ਸਾਰੇ ਆਮ ਅਤੇ ਨੁਕਸਾਨ ਰਹਿਤ ਕਾਰਨ ਹਨ ਜਿਨ੍ਹਾਂ ਲਈ ਕਿਸੇ ਜਾਂਚ ਜਾਂ ਇਲਾਜ ਦੀ ਲੋੜ ਨਹੀਂ ਹੁੰਦੀ।
ਹਾਲਾਂਕਿ, ਕੁਝ ਮਾਮਲਿਆਂ ਵਿੱਚ ਜ਼ਿਆਦਾ ਗੈਸ ਬਣਨਾ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦੀ ਹੈ।
ਜੇਕਰ ਤੁਹਾਨੂੰ ਕੋਈ ਸ਼ੱਕ ਜਾਂ ਚਿੰਤਾਵਾਂ ਹਨ, ਤਾਂ ਫ਼ੌਰਨ ਆਪਣੇ ਡਾਕਟਰ ਦੀ ਸਲਾਹ ਲਵੋ।
ਇਸ ਤੋਂ ਇਲਾਵਾ ਕੁਝ ਦਵਾਈਆਂ ਲੈਣ ਨਾਲ ਵੀ ਬਦਬੂਦਾਰ ਗੈਸ ਹੋ ਸਕਦੀ ਹੈ। ਇਹ ਇੱਕ ਸੰਭਾਵੀ ਮਾੜਾ ਪ੍ਰਭਾਵ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












