ਭਾਰ ਘਟਾਉਣ ਲਈ ਸਿਰਫ਼ ਜੂਸ ਪੀਣਾ ਕਿਵੇਂ ਜਾਨ ਲਈ ਖ਼ਤਰਾ ਹੋ ਸਕਦਾ ਹੈ, ਡਾਇਟਿੰਗ ਵੇਲੇ ਕਿਹੜੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਮੋਹਨ
- ਰੋਲ, ਬੀਬੀਸੀ ਪੱਤਰਕਾਰ
ਤਮਿਲ ਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਕੁਲਾਚਲ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਸਕਤੀਸ਼ਵਰਨ ਨੂੰ 24 ਮਈ ਨੂੰ ਆਪਣੇ ਘਰ ਵਿੱਚ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।
ਜਦੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਕਤੀਸ਼ਵਰਨ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਕਾਲਜ ਜਾਣ ਦੀ ਉਡੀਕ ਵਿੱਚ ਸੀ ਅਤੇ ਕਸਰਤ ਕਰਦੇ ਸਨ।
ਪੁਲਿਸ ਨੇ ਉਨ੍ਹਾਂ ਦੀ ਮੌਤ ਦੇ ਸਬੰਧੀ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸਕਤੀਸ਼ਵਰਨ ਦੇ ਮਾਪਿਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਇੰਟਰਨੈੱਟ ਆਧਾਰਿਤ ਕੁਝ ਤਰਲ ਖੁਰਾਕ ਯਾਨਿ ਲੀਕੁਇੰਡ ਡਾਈਟ ʼਤੇ ਸਨ।
ਡਾਕਟਰ ਸਲਾਹ ਦਿੰਦੇ ਹਨ ਕਿ ਸਿਹਤ ਕਾਰਨਾਂ ਕਰਕੇ ਡਾਇਟਿੰਗ ਕਰਨ ਵਾਲਿਆਂ ਨੂੰ ਸਹੀ ਸਲਾਹ ਲੈਣੀ ਚਾਹੀਦੀ ਹੈ ਅਤੇ ਇਸੇ ਦੀ ਪਾਲਣ ਕਰਨੀ ਚਾਹੀਦੀ ਹੈ।
ਸੀਨੀਅਰ ਡਾਇਟੀਸ਼ੀਅਨ ਰੇਸ਼ਮਾ ਅਲੀਮ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਡਾਇਟਿੰਗ ਬਾਰੇ ਗ਼ਲਤ ਧਾਰਨਾ ਹੈ। ਉਹ ਕਹਿੰਦੀ ਹੈ ਕਿ ਹਰ ਮਹੀਨੇ ਘੱਟੋ-ਘੱਟ 10 ਲੋਕ ਮਾੜੀ ਡਾਈਟ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦੇ ਇਲਾਜ ਲਈ ਉਨ੍ਹਾਂ ਕੋਲ ਆਉਂਦੇ ਹਨ।
ਰੇਸ਼ਮਾ ਦਾ ਕਹਿਣਾ ਹੈ, "ਖਾਣਾ ਨਾ ਖਾਣ ਜਾਂ ਘੱਟ ਖਾਣ ਬਾਰੇ ਨਹੀਂ ਹੈ। ਇੱਕ ਸਹੀ ਡਾਈਟ ਸਹੀ ਮਾਤਰਾ ਵਿੱਚ ਭੋਜਨ ਖਾਣ ਬਾਰੇ ਹੈ।"
ਫਿਟਨੈੱਸ ਮਾਹਰ ਸੁਜਾਤਾ ਦਾ ਕਹਿਣਾ ਹੈ ਕਿ ਕਸਰਤ ਕਰਨ ਵਾਲਿਆਂ ਨੂੰ ਆਪਣੀ ਡਾਇਟਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਕਾਰਡੀਓਲੋਜਿਸਟ ਅਸ਼ੋਕ ਕੁਮਾਰ ਕਹਿੰਦੇ ਹਨ ਕਿ ਜੇਕਰ ਆਪਣੀ ਡਾਈਟ ਦਾ ਸਹੀ ਢੰਗ ਨਾਲ ਖ਼ਿਆਲ ਨਹੀਂ ਰੱਖਦੇ ਤਾਂ ਸਮੱਸਿਆਵਾਂ ਹੋ ਸਕਦੀਆਂ ਹਨ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, "ਇੱਕ ਸੰਤੁਲਿਤ ਖੁਰਾਕ ਸਿਹਤਮੰਦ ਗਤੀਵਿਧੀਆਂ ਦੀ ਕੁੰਜੀ ਹੁੰਦੀ ਹੈ। ਜੇਕਰ ਅਸੀਂ ਕੈਲੋਰੀ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹਾਂ, ਤਾਂ ਇਹ ਖ਼ਤਰਨਾਕ ਹੈ ਕਿਉਂਕਿ ਜਦੋਂ ਸਰੀਰ ਦੀ ਕੈਲੋਰੀ ਦੀ ਮਾਤਰਾ ਘੱਟ ਜਾਂਦੀ ਹੈ, ਤਾਂ ਸਰੀਰ ਜਿਗਰ ਅਤੇ ਮਾਸਪੇਸ਼ੀਆਂ ਵਿੱਚ ਕੈਲੋਰੀ ਨੂੰ ਹਜ਼ਮ ਕਰਨਾ ਸ਼ੁਰੂ ਕਰ ਦਿੰਦਾ ਹੈ।"
ਉਹ ਕਹਿੰਦੇ ਹਨ, "ਕਾਰਬੋਹਾਈਡ੍ਰੇਟ, ਕੈਲੋਰੀ ਅਤੇ ਸੂਖ਼ਮ ਪੌਸ਼ਟਿਕ ਤੱਤ, ਸਭ ਸਹੀ ਮਾਤਰਾ ਵਿੱਚ ਉਪਲਬਧ ਹੋਣੇ ਚਾਹੀਦੇ ਹਨ। ਜਦੋਂ ਇਹ ਅਸੰਤੁਲਿਤ ਹੁੰਦੇ ਹਨ, ਤਾਂ ਮਾਸਪੇਸ਼ੀਆਂ ਟੁੱਟਣ ਲੱਗਦੀਆਂ ਹਨ। ਸਰੀਰ ਵਿੱਚ ਚੰਗੀ ਚਰਬੀ ਵੀ ਸਹੀ ਮਾਤਰਾ ਵਿੱਚ ਮੌਜੂਦ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਭਾਰ ਘਟਾਉਣ ਲਈ ਕਸਰਤ ਕਰਦੇ ਹੋ, ਤਾਂ ਮਾਸਪੇਸ਼ੀਆਂ ਵੀ ਘੱਟ ਜਾਂਦੀਆਂ ਹਨ।"
"ਜਦੋਂ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਤਾਂ ਸਰੀਰ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਨਾਲ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਕਿਸੇ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ, ਤਾਂ ਹਾਲਾਤ ਵਿਗੜ ਸਕਦੇ ਹਨ।"

ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ, ਜੋ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਅਧੀਨ ਕੰਮ ਕਰਦਾ ਹੈ, ਸ਼੍ਰੇਣੀਬੱਧ ਕਰਦਾ ਹੈ ਅਤੇ ਸਿਫ਼ਾਰਸ਼ ਕਰਦਾ ਹੈ ਕਿ ਭਾਰਤੀਆਂ ਨੂੰ ਕਿੰਨੀ ਊਰਜਾ ਦੀ ਲੋੜ ਹੈ।
ਇਸ ਅਨੁਸਾਰ, ਜਿਹੜੇ ਮਰਦ ਜ਼ਿਆਦਾ ਸਰੀਰਕ ਮਿਹਨਤ (ਬੈਠਣ ਦਾ ਕੰਮ) ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਤੀ ਦਿਨ 2,110 ਕਿਲੋ ਕੈਲੋਰੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ, ਜੋ ਮਰਦ ਕੁਝ ਸਰੀਰਕ ਮਿਹਨਤ (ਮੱਧਮ ਕੰਮ) ਕਰਦੇ ਹਨ, ਉਨ੍ਹਾਂ ਨੂੰ ਪ੍ਰਤੀ ਦਿਨ 2,710 ਕਿਲੋ ਕੈਲੋਰੀ ਦੀ ਲੋੜ ਹੁੰਦੀ ਹੈ। ਜੋ ਮਰਦ ਸਖ਼ਤ ਸਰੀਰਕ ਮਿਹਨਤ (ਭਾਰੀ ਕੰਮ) ਕਰਦੇ ਹਨ, ਉਨ੍ਹਾਂ ਨੂੰ ਪ੍ਰਤੀ ਦਿਨ 3,470 ਕਿਲੋ ਕੈਲੋਰੀ ਦੀ ਲੋੜ ਹੁੰਦੀ ਹੈ।
ਬਾਲਗਾਂ ਅਤੇ ਔਰਤਾਂ ਲਈ ਇਸੇ ਤਰ੍ਹਾਂ ਕ੍ਰਮਵਾਰ 1,160, 2,130 ਅਤੇ 2,720 ਕਿਲੋਕੈਲੋਰੀ ਦੀ ਲੋੜ ਹੁੰਦੀ ਹੈ।
ਰੇਸ਼ਮਾ ਕਹਿੰਦੀ ਹੈ ਕਿ ਇਸ ਵਿੱਚ ਹਰ ਤਰ੍ਹਾਂ ਦੇ ਪੌਸ਼ਟਿਕ ਤੱਤ ਸ਼ਾਮਲ ਹੋਣੇ ਚਾਹੀਦੇ ਹਨ।
ਉਨ੍ਹਾਂ ਮੁਤਾਬਕ, "ਸਰੀਰ ਨੂੰ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਕਾਰਬੋਹਾਈਡਰ੍ਰੇਟ, ਫ਼ਲ, ਸਬਜ਼ੀਆਂ, ਅਨਾਜ, ਫਲੀਆਂ, ਗਿਰੀਆਂ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਅੰਡੇ ਜਾਂ ਮਾਸ। ਇਹ ਪੌਸ਼ਟਿਕ ਤੱਤ ਸਿਰਫ਼ ਤਰਲ ਪਦਾਰਥਾਂ ਤੋਂ ਹਾਸਲ ਨਹੀਂ ਕੀਤੇ ਜਾ ਸਕਦੇ।"
"ਜਦੋਂ ਫ਼ਲਾਂ ਨੂੰ ਤਰਲ ਭੋਜਨ ਵਜੋਂ ਖਾਧਾ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਫਾਈਬਰ ਵੀ ਖ਼ਤਮ ਹੋ ਜਾਂਦਾ ਹੈ। ਇਸ ਲਈ, ਇਸ ਫਰੂਟ ਡਾਈਟ ਨਹੀਂ ਕਿਹਾ ਜਾ ਸਕਦਾ। ਇਸਨੂੰ ਜੂਸ ਡਾਈਟ ਕਿਹਾ ਜਾਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਆਈਸੀਐੱਮਆਰ ਵੱਲੋਂ ਸਿਫ਼ਾਰਸ਼ ਕੀਤੀ ਗਈ ਡਾਈਟ
- ਸਬਜ਼ੀਆਂ: 400 ਗ੍ਰਾਮ
- ਫ਼ਲ: 100 ਗ੍ਰਾਮ
- ਫਲ਼ੀਦਾਰ, ਅੰਡੇ ਜਾਂ ਮਾਸ - 85 ਗ੍ਰਾਮ
- ਮੇਵੇ ਅਤੇ ਬੀਜ - 35 ਗ੍ਰਾਮ
- ਚਰਬੀ ਅਤੇ ਤੇਲ - 27 ਗ੍ਰਾਮ
- ਅਨਾਜ ਅਤੇ ਪੌਸ਼ਟਿਕ ਤੱਤ - 250 ਗ੍ਰਾਮ
ਰੇਸ਼ਮਾ ਕਹਿੰਦੀ ਹੈ ਕਿ ਇਹ ਔਸਤ ਸਿਫ਼ਾਰਸ਼ ਕੀਤੀ ਮਾਤਰਾ ਹੈ। ਇਹ ਕਸਰਤ ਕਰਨ ਵਾਲੇ ਦੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਧਾਰ ਤੇ ਵੱਖੋ-ਵੱਖਰਾ ਹੁੰਦੀ ਹੈ।
ਸੁਜਾਤਾ ਨੇ ਇੱਕ ਉਦਾਹਰਣ ਦਿੰਦੇ ਹੋਏ ਸਮਝਾਇਆ ਕਿ ਜੋ ਲੋਕ ਤੀਬਰ ਕਸਰਤ ਕਰਦੇ ਹਨ ਉਨ੍ਹਾਂ ਨੂੰ ਵਧੇਰੇ ਪ੍ਰੋਟੀਨ ਦੀ ਲੋੜ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਵਾਧੂ ਪ੍ਰੋਟੀਨ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਡਾਕਟਰੀ ਦੁਨੀਆ ਵਿੱਚ, ਔਨਲਾਈਨ ਅਪਣਾਈਆਂ ਜਾ ਰਹੀਆਂ ਖਾਣ ਸਬੰਧੀ ਆਦਤਾਂ ਨੂੰ ਫੈਡ ਡਾਈਟ ਕਿਹਾ ਜਾਂਦਾ ਹੈ।
ਰੇਸ਼ਮੀ ਕਹਿੰਦੀ ਹੈ, "ਜੇ ਤੁਸੀਂ ਦੋ ਦਿਨਾਂ ਲਈ ਤਰਲ ਪਦਾਰਥ ਲੈਂਦੇ ਹੋ, ਤਾਂ ਤੁਹਾਡਾ ਕੁਝ ਭਾਰ ਘੱਟ ਜਾਵੇਗਾ। ਪਰ ਇਸ ਨਾਲ ਕੁਝ ਹੋਰ ਸਮੱਸਿਆਵਾਂ ਵੀ ਪੈਦਾ ਹੋਣਗੀਆਂ।"
ਉਹ ਅੱਗੇ ਕਹਿੰਦੀ ਹੈ, "ਇੱਕ ਵਿਅਕਤੀ ਦੀ ਸਿਹਤਮੰਦ ਸਰੀਰਕ ਗਤੀਵਿਧੀ ਲਈ ਠੋਸ ਭੋਜਨ ਅਤੇ ਤਰਲ ਭੋਜਨ ਦੋਵੇਂ ਜ਼ਰੂਰੀ ਹਨ। ਜੇਕਰ ਕੋਈ ਸਿਰਫ਼ ਤਰਲ ਭੋਜਨ ਲੈਂਦਾ ਹੈ, ਤਾਂ ਉਸ ਦੇ ਦਿਮਾਗ਼ ਸਬੰਧੀ ਜਾਂ ਸਰੀਰਕ ਕੰਮ ਕਰਨੇ ਮੁਸ਼ਕਲ ਹੋ ਜਾਣਗੇ।"
"ਜੇਕਰ ਕੋਈ ਠੋਸ ਭੋਜਨ ਨਹੀਂ ਲੈਂਦਾ, ਤਾਂ ਸਰੀਰ ਵਿੱਚ ਚਰਬੀ ਅਤੇ ਮਾਸਪੇਸ਼ੀਆਂ ਦੀ ਮਾਤਰਾ ਘੱਟ ਜਾਵੇਗੀ। ਸਰੀਰ ਨੂੰ ਵਿਟਾਮਿਨ ਸੀ ਜਾਂ ਪੋਟਾਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲਣਗੇ।"

ਤਸਵੀਰ ਸਰੋਤ, Getty Images
ਜੋ ਲੋਕ ਡਾਈਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?
ਰੇਸ਼ਮਾ ਕਹਿੰਦੀ ਹੈ ਕਿ ਕਿਸੇ ਵਿਅਕਤੀ ਨੂੰ ਡਾਈਟ ਦੀ ਸਿਫ਼ਾਰਸ਼ ਸਿਰਫ਼ ਉਸ ਦੀ ਸਿਹਤ ਸਥਿਤੀ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ।
ਉਨ੍ਹਾਂ ਮੁਤਾਬਕ, "ਅਸੀਂ ਕਿਸੇ ਵਿਅਕਤੀ ਲਈ ਡਾਈਟ ਦੀ ਸਿਫ਼ਾਰਸ਼ ਸਿਰਫ਼ ਉਸ ਦੇ ਖੂਨ ਦੇ ਟੈਸਟ ਦੇ ਨਤੀਜਿਆਂ, ਕੋਲੈਸਟ੍ਰੋਲ ਦੇ ਪੱਧਰ, ਫੇਫੜਿਆਂ ਅਤੇ ਗੁਰਦੇ ਦੀਆਂ ਸਥਿਤੀਆਂ, ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀਆਂ ਅਤੇ ਉਸ ਦੇ ਪਰਿਵਾਰ ਵਿੱਚ ਜੈਨੇਟਿਕ ਸਮੱਸਿਆਵਾਂ ਨੂੰ ਜਾਣਨ ਤੋਂ ਬਾਅਦ ਹੀ ਕਰ ਸਕਦੇ ਹਾਂ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣਾ ਚਾਹੁੰਦਾ ਹੈ, ਤਾਂ ਉਸ ਨੂੰ ਸਹੀ ਢੰਗ ਨਾਲ ਸਿਖਲਾਈ ਪ੍ਰਾਪਤ ਲੋਕਾਂ ਤੋਂ ਸਲਾਹ ਲੈਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, "ਠੋਸ ਭੋਜਨ ਖਾਣਾ ਮਨੁੱਖੀ ਸਰੀਰ ਦੀ ਬਣਤਰ ਦਾ ਇੱਕ ਬੁਨਿਆਦੀ ਹਿੱਸਾ ਹੈ। ਠੋਸ ਭੋਜਨ ਤੋਂ ਬਿਨਾਂ, ਸਰੀਰ ਕੁਝ ਹਜ਼ਮ ਨਹੀਂ ਕਰ ਸਕਦਾ। ਨਤੀਜੇ ਵਜੋਂ, ਸਰੀਰ ਆਪਣੇ ਟਿਸ਼ੂਆਂ ਨੂੰ ਹਜ਼ਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਉਹ ਥਾਂ ਹੈ ਜਿੱਥੇ ਕੋਲਾਈਟਿਸ ਵਰਗੀਆਂ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।"

ਕਸਰਤ ਕਰਨ ਵਾਲੇ ਕਿਵੇਂ ਡਾਈਟ ਕਰ ਸਕਦੇ ਹਨ?
ਸੁਜਾਤਾ ਕਹਿੰਦੇ ਹਨ ਕਿ ਇਹ ਠੀਕ ਉਸੇ ਤਰ੍ਹਾਂ ਜਿਵੇਂ ਮੈਡੀਕਲ ਸਥਿਤੀ ਵਿੱਚ ਤੁਸੀਂ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਨਹੀਂ ਖਾ ਸਕਦੇ ਠੀਕ ਉਸੇ ਤਰ੍ਹਾਂ ਸਟੀਕ ਜਾਣਕਾਰੀ ਅਤੇ ਸਲਾਹ ਤੋਂ ਬਿਨਾਂ ਡਾਈਟਿੰਗ ਵੀ ਨਹੀਂ ਕਰਨੀ ਚਾਹੀਦੀ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, "ਸੋਸ਼ਲ ਮੀਡੀਆ ਨੂੰ ਦੇਖ ਕੇ ਖਾਣ-ਪੀਣ ਦੀਆਂ ਆਦਤਾਂ ਅਤੇ ਪੈਟਰਨਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੈ। ਅੱਜਕੱਲ੍ਹ, ਬਹੁਤ ਸਾਰੇ ਲੋਕ ਦਿਨ ਵਿੱਚ ਦੋ ਵਾਰ ਜਾਂ ਸ਼ਾਇਦ ਦਿਨ ਵਿੱਚ ਇੱਕ ਵਾਰ ਹੀ ਖਾਂਦੇ ਹਨ। ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਦੋਂ ਇਸ ਨੂੰ ਨਾਲ ਜੋੜ ਦਿੱਤਾ ਜਾਂਦਾ ਹੈ, ਤਾਂ ਸਮੱਸਿਆਵਾਂ ਵਧ ਜਾਂਦੀਆਂ ਹਨ।"
ਮਾਸਪੇਸ਼ੀਆਂ ਦੇ ਨੁਕਸਾਨ ਦੇ ਖ਼ਤਰਿਆਂ ਵੱਲ ਇਸ਼ਾਰਾ ਕਰਦੇ ਹੋਏ, ਉਨ੍ਹਾਂ ਕਿਹਾ, "ਜੇਕਰ ਤੁਸੀਂ ਭਾਰ ਘਟਾਉਣ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਦੇ ਹੋ, ਤਾਂ ਤੁਹਾਡੇ ਸਰੀਰ ਵਿੱਚੋਂ ਬਹੁਤ ਸਾਰੀ ਮਾਸਪੇਸ਼ੀਆਂ ਅਤੇ ਚਰਬੀ ਖ਼ਤਮ ਹੋ ਜਾਵੇਗੀ। ਇਨ੍ਹਾਂ ਵਿੱਚੋਂ ਸਭ ਤੋਂ ਖ਼ਤਰਨਾਕ ਦਿਲ ਦੀਆਂ ਮਾਸਪੇਸ਼ੀਆਂ ਦਾ ਨੁਕਸਾਨ ਹੈ। ਇੱਥੇ ਹੀ ਦਿਲ ਸਬੰਧੀ ਸਮੱਸਿਆਵਾਂ ਵਧ ਜਾਣਗੀਆਂ।"
ਉਨ੍ਹਾਂ ਕਿਹਾ ਕਿ ਸਿਰਫ਼ ਡਾਈਟ ਹੀ ਨਹੀਂ, ਸਗੋਂ ਕਸਰਤ ਦੀ ਵੀ ਸਿਫਾਰਸ਼ ਵਿਅਕਤੀ ਦੀ ਉਮਰ, ਭਾਰ, ਸਿਹਤ ਅਤੇ ਹੋਰ ਕਈ ਕਾਰਕਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
"ਮਨੁੱਖੀ ਸਰੀਰ ਮੋਟੇ ਤੌਰ 'ਤੇ ਤਿੰਨ ਸ਼੍ਰੇਣੀਆਂ ਵਿੱਚ ਆਉਂਦੇ ਹਨ। ਕੁਝ ਲੋਕਾਂ ਦਾ ਸਰੀਰ ਪਤਲਾ ਹੁੰਦਾ ਹੈ, ਕੁਝ ਦੇ ਸਰੀਰ ਵਿੱਚ ਜ਼ਿਆਦਾ ਚਰਬੀ ਹੁੰਦੀ ਹੈ ਅਤੇ ਕੁਝ ਦੇ ਸਰੀਰ ਵਿੱਚ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ।"
"ਜੇਕਰ ਕਿਸੇ ਨੂੰ ਜੈਨੇਟਿਕ ਦਿਲ ਦੀ ਬਿਮਾਰੀ ਹੈ, ਤਾਂ ਉਸ ਨੂੰ ਤੀਬਰ ਕਾਰਡੀਓ-ਅਧਾਰਤ ਕਸਰਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਵਿਅਕਤੀ ਦੀ ਸਮੁੱਚੀ ਸਿਹਤ, ਮੌਜੂਦਾ ਸਮੱਸਿਆਵਾਂ ਅਤੇ ਪਰਿਵਾਰ ਵਿੱਚ ਜੈਨੇਟੀਕਲ ਸਮੱਸਿਆਵਾਂ ਦੇ ਆਧਾਰ 'ਤੇ ਢੁਕਵੀਆਂ ਕਸਰਤਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।"
ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਜਿਸ ਤਣਾਅ ਦਾ ਸਾਹਮਣਾ ਕਰਦਾ ਹੈ ਉਹ ਵੀ ਕਸਰਤਾਂ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਇਸ ਸਬੰਧ ਵਿੱਚ ਕਿਹਾ, "ਇੱਕ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਤਣਾਅ ਹੁੰਦਾ ਹੈ, ਉਸ 'ਤੇ ਕਿਸ ਤਰ੍ਹਾਂ ਦਾ ਕੰਮ ਦਾ ਦਬਾਅ ਹੁੰਦਾ ਹੈ, ਉਹ ਕਿੰਨੀ ਡੂੰਘੀ ਨੀਂਦ ਲੈਂਦਾ ਹੈ, ਉਸ ਦੀ ਨਿੱਜੀ ਮਾਨਸਿਕਤਾ, ਉਸ ਦਾ ਸਮਾਜਿਕ ਦਾਇਰਾ ਕਿਹੋ ਜਿਹਾ ਹੈ, ਇਹ ਸਭ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












