ਏ-2 ਘਿਓ ਕੀ ਹੈ ਅਤੇ ਕੀ ਇਹ ਸੱਚਮੁੱਚ ਆਮ ਘਿਓ ਨਾਲੋਂ ਜ਼ਿਆਦਾ ਫਾਇਦੇਮੰਦ ਹੈ, ਮਾਹਰਾਂ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
- ਲੇਖਕ, ਦੀਪਕ ਮੰਡਲ
- ਰੋਲ, ਬੀਬੀਸੀ ਪੱਤਰਕਾਰ
ਅੱਜ-ਕੱਲ੍ਹ ਭਾਰਤੀ ਬਾਜ਼ਾਰਾਂ ਵਿੱਚ ਏ-1 ਅਤੇ ਏ-2 ਲੇਬਲ ਵਾਲਾ ਦੁੱਧ, ਘਿਓ, ਮੱਖਣ ਜ਼ੋਰਾਂ-ਸ਼ੋਰਾਂ ਨਾਲ ਵੇਚਿਆ ਜਾ ਰਿਹਾ ਹੈ।
ਖਾਸ ਕਰਕੇ 'ਏ-2' ਘਿਓ ਨੂੰ ਇਸ ਤਰ੍ਹਾਂ ਵੇਚਿਆ ਜਾ ਰਿਹਾ ਹੈ ਕਿ ਇਹ ਆਮ ਦੇਸੀ ਘਿਓ ਨਾਲੋਂ ਸਿਹਤਮੰਦ ਹੈ।
ਬਾਜ਼ਾਰ ਵਿੱਚ ਜੇਕਰ ਆਮ ਦੇਸੀ ਘਿਓ 1000 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵੇਚਿਆ ਜਾ ਰਿਹਾ ਹੈ, ਤਾਂ 'ਏ-2' ਘਿਓ 3000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੇਚਿਆ ਜਾ ਰਿਹਾ ਹੈ।
ਡੇਅਰੀ ਉਤਪਾਦ ਵੇਚਣ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਏ-2 ਘਿਓ ਦੇਸੀ ਗਾਵਾਂ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਲਈ ਇਹ ਵਧੇਰੇ ਲਾਭਦਾਇਕ ਹੈ।
ਕੰਪਨੀਆਂ ਦਾ ਦਾਅਵਾ ਹੈ ਕਿ ਇਸ ਵਿੱਚ ਕੁਦਰਤੀ ਤੌਰ 'ਤੇ ਏ-2 ਬੀਟਾ-ਕੈਸੀਨ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਪ੍ਰੋਟੀਨ ਆਮ ਦੁੱਧ ਵਿੱਚ ਪਾਏ ਜਾਣ ਵਾਲੇ ਏ-1 ਪ੍ਰੋਟੀਨ ਨਾਲੋਂ ਸੌਖਿਆਂ ਪਚ ਜਾਂਦਾ ਹੈ ਅਤੇ ਸਰੀਰ ਵਿੱਚ ਅੰਦਰੂਨੀ ਸੋਜਿਸ਼ (ਇਨਫਲੇਮੇਸ਼ਨ) ਨੂੰ ਘਟਾਉਣ ਵਾਲਾ ਹੁੰਦਾ ਹੈ।

ਤਸਵੀਰ ਸਰੋਤ, Getty Images
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਘਿਓ ਓਮੇਗਾ-3 ਫੈਟੀ ਐਸਿਡ, ਕੰਜੁਗੇਟੇਡ ਲਿਨੋਲੀਕ ਐਸਿਡ (ਸੀਐਲਏ) ਅਤੇ ਵਿਟਾਮਿਨ ਏ, ਡੀ, ਈ ਅਤੇ ਕੇ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਏ-2 ਘਿਓ ਬਾਰੇ ਇੱਕ ਦਾਅਵਾ ਇਹ ਵੀ ਕੀਤਾ ਗਿਆ ਹੈ ਕਿ ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਇਹ ਇਮਿਊਨਿਟੀ ਵਧਾਉਂਦਾ ਹੈ ਅਤੇ ਚਮੜੀ ਦੀ ਰੰਗਤ ਨਿਖਾਰਦਾ ਹੈ।
ਇਸ ਨੂੰ ਦਿਲ ਦੀਆਂ ਬਿਮਾਰੀਆਂ ਲਈ ਵੀ ਚੰਗਾ ਕਿਹਾ ਗਿਆ ਹੈ। ਡੇਅਰੀ ਕੰਪਨੀਆਂ ਇਹ ਵੀ ਦਾਅਵਾ ਕਰਦੀਆਂ ਹਨ ਕਿ ਇਸ ਘਿਓ ਦਾ ਸੇਵਨ ਕਰਨ ਨਾਲ ਜ਼ਖ਼ਮ ਵੀ ਜਲਦੀ ਠੀਕ ਹੋ ਜਾਂਦੇ ਹਨ।
ਡੇਅਰੀ ਉਤਪਾਦ ਕੰਪਨੀਆਂ ਇਸ ਨੂੰ ਇੱਕ ਨਵੇਂ ਸੁਪਰਫੂਡ ਵਜੋਂ ਵੇਚ ਰਹੀਆਂ ਹਨ।
ਏ-1 ਅਤੇ ਏ-2 ਦੇ ਨਾਮ 'ਤੇ ਡੇਅਰੀ ਉਤਪਾਦਾਂ ਨੂੰ ਵੇਚਣਾ ਕਿੰਨਾ ਸਹੀ?

ਤਸਵੀਰ ਸਰੋਤ, FSSAI
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫਐਸਐਸਏਆਈ) ਨੇ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਲੇਬਲਿੰਗ ਨਾਲ ਦੁੱਧ, ਘਿਓ ਅਤੇ ਮੱਖਣ ਵੇਚਣ ਤੋਂ ਮਨ੍ਹਾ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਏ-2 ਲੇਬਲ ਨਾਲ ਘਿਓ ਵੇਚਣਾ ਗੁੰਮਰਾਹਕੁੰਨ ਹੈ।
ਪਿਛਲੇ ਸਾਲ, ਐਫਐਸਐਸਏਆਈ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਸੀ ਕਿ ਕੰਪਨੀਆਂ ਵੱਲੋਂ ਏ-1 ਜਾਂ ਏ-2 ਲੇਬਲਿੰਗ ਨਾਲ ਦੁੱਧ ਜਾਂ ਡੇਅਰੀ ਉਤਪਾਦਾਂ ਨੂੰ ਵੇਚਣਾ ਨਾ ਸਿਰਫ਼ ਗੁੰਮਰਾਹਕੁੰਨ ਹੈ ਸਗੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਦੇ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾ ਵੀ ਹੈ।
ਐਫਐਸਐਸਏਆਈ ਨੇ ਕੰਪਨੀਆਂ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਏ-1 ਅਤੇ ਏ-2 ਲੇਬਲ ਵਾਲੇ ਆਪਣੇ ਮੌਜੂਦਾ ਉਤਪਾਦਾਂ ਨੂੰ ਖਤਮ ਕਰਨ ਲਈ ਕਿਹਾ ਸੀ।
ਹਾਲਾਂਕਿ, ਐਫਐਸਐਸਏਆਈ ਨੇ ਇੱਕ ਹਫ਼ਤੇ ਦੇ ਅੰਦਰ ਆਪਣੀ ਐਡਵਾਇਜ਼ਰੀ ਹਟਾ ਲਈ ਸੀ।
ਹੁਣ ਸਵਾਲ ਇਹ ਹੈ ਕਿ ਕੀ ਏ-1 ਅਤੇ ਏ-2 ਲੇਬਲ ਵਾਲੇ ਡੇਅਰੀ ਉਤਪਾਦ ਸੱਚਮੁੱਚ ਸਿਹਤ ਲਈ ਵਧੇਰੇ ਫਾਇਦੇਮੰਦ ਹਨ।
ਕੀ ਏ-2 ਘਿਓ, ਆਮ ਘਿਓ ਨਾਲੋਂ ਸਰੀਰ ਲਈ ਵਧੇਰੇ ਫਾਇਦੇਮੰਦ ਹੈ ਅਤੇ ਕੀ ਇਸ ਵਿੱਚ ਵਧੇਰੇ ਔਸ਼ਧੀ ਗੁਣ ਹਨ?
ਏ-1 ਅਤੇ ਏ-2 ਦੁੱਧ ਜਾਂ ਘਿਓ ਕੀ ਹੈ?

ਤਸਵੀਰ ਸਰੋਤ, Getty Images
ਏ-1 ਅਤੇ ਏ-2 ਵਿੱਚ ਅੰਤਰ ਬੀਟਾ-ਕੈਸੀਨ ਪ੍ਰੋਟੀਨ 'ਤੇ ਅਧਾਰਤ ਹੈ, ਜੋ ਕਿ ਦੁੱਧ ਵਿੱਚ ਪਾਇਆ ਜਾਣ ਵਾਲਾ ਇੱਕ ਪ੍ਰਮੁੱਖ ਪ੍ਰੋਟੀਨ ਹੈ। ਇਹ ਅੰਤਰ ਮੁੱਖ ਤੌਰ 'ਤੇ ਗਾਂ ਦੀ ਨਸਲ 'ਤੇ ਨਿਰਭਰ ਕਰਦਾ ਹੈ।
ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (ਐਨਏਏਐਸ) ਦੇ ਇੱਕ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਟਾ-ਕੈਸੀਨ ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰਮੁੱਖ ਪ੍ਰੋਟੀਨਾਂ ਵਿੱਚੋਂ ਇੱਕ ਹੈ।
ਗਾਂ ਦੇ ਦੁੱਧ ਵਿੱਚ ਕੁੱਲ ਪ੍ਰੋਟੀਨ ਦਾ 95 ਫੀਸਦੀ ਕੈਸੀਨ ਅਤੇ ਵੇਅ ਪ੍ਰੋਟੀਨ ਤੋਂ ਬਣਿਆ ਹੁੰਦਾ ਹੈ। ਬੀਟਾ-ਕੈਸੀਨ ਵਿੱਚ ਅਮੀਨੋ ਐਸਿਡ ਦਾ ਬਹੁਤ ਵਧੀਆ ਸੰਤੁਲਨ ਹੁੰਦਾ ਹੈ।
ਬੀਟਾ-ਕੈਸੀਨ ਦੀਆਂ ਦੋ ਕਿਸਮਾਂ ਹਨ- ਏ-1 ਬੀਟਾ ਕੈਸੀਨ ਜੋ ਯੂਰਪੀਅਨ ਨਸਲ ਦੀਆਂ ਗਾਵਾਂ ਦੇ ਦੁੱਧ ਵਿੱਚ ਵਧੇਰੇ ਪਾਇਆ ਜਾਂਦਾ ਹੈ ਅਤੇ ਏ-2 ਬੀਟਾ ਕੈਸੀਨ ਜੋ ਕੁਦਰਤੀ ਤੌਰ 'ਤੇ ਭਾਰਤੀ ਮੂਲ ਦੀਆਂ ਗਾਵਾਂ ਦੇ ਦੁੱਧ ਵਿੱਚ ਪਾਇਆ ਜਾਂਦਾ ਹੈ।
ਏ-1 ਅਤੇ ਏ-2 ਬੀਟਾ-ਕੈਸੀਨ ਪ੍ਰੋਟੀਨ ਅਮੀਨੋ ਐਸਿਡ ਪੱਧਰ 'ਤੇ ਵੱਖ-ਵੱਖ ਹੁੰਦੇ ਹਨ। ਇਹ ਪ੍ਰੋਟੀਨ ਪਾਚਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਏ-2 ਦੁੱਧ ਨੂੰ ਹਜ਼ਮ ਕਰਨਾ ਆਸਾਨ ਹੋ ਸਕਦਾ ਹੈ ਅਤੇ ਇਸ ਦਾ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ, ਪਰ ਇਸ ਬਾਰੇ ਅਜੇ ਹੋਰ ਖੋਜ ਕਰਨ ਦੀ ਲੋੜ ਹੈ।
ਨਾਕਾਫ਼ੀ ਖੋਜ ਇਹ ਸਾਬਤ ਨਹੀਂ ਕਰ ਸਕੀ ਹੈ ਕਿ ਇਸਦਾ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਹੀ ਪੈਂਦਾ ਹੈ।
ਡੇਅਰੀ ਮਾਹਰ ਏ-2 ਘਿਓ ਬਾਰੇ ਕੀ ਕਹਿ ਰਹੇ?

ਤਸਵੀਰ ਸਰੋਤ, Getty Images
ਬੀਬੀਸੀ ਹਿੰਦੀ ਨੇ ਕੁਝ ਮਾਹਰਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਏ-2 ਘਿਓ ਸੱਚਮੁੱਚ ਆਮ ਘਿਓ ਨਾਲੋਂ ਜ਼ਿਆਦਾ ਫਾਇਦੇਮੰਦ ਹੈ ਜਾਂ ਇਸ ਬਾਰੇ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾ ਰਹੇ ਹਨ।
ਸਾਡੇ ਸਵਾਲ ਦੇ ਜਵਾਬ ਵਿੱਚ, ਅਮੂਲ ਦੇ ਸਾਬਕਾ ਐਮਡੀ ਅਤੇ ਹੁਣ ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਆਰਐਸ ਸੋਢੀ ਨੇ ਕਿਹਾ, "ਮੈਂ ਇਸ ਮਾਰਕੀਟਿੰਗ ਤਮਾਸ਼ੇ ਨੂੰ ਦੇਖ ਰਿਹਾ ਹਾਂ। ਖਾਸ ਕਰਕੇ ਔਨਲਾਈਨ ਮਾਰਕੀਟ ਪਲੇਸੇਜ਼ 'ਤੇ। ਜਿੱਥੇ ਮਸ਼ਹੂਰ ਕੋ-ਆਪਰੇਟਿਵ ਅਤੇ ਕੰਪਨੀਆਂ ਆਪਣਾ ਵਧੀਆ ਤੋਂ ਵਧੀਆ ਘਿਓ 600 ਰੁਪਏ ਤੋਂ 1000 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵੇਚ ਰਹੀਆਂ ਹਨ।''
''ਉੱਥੇ ਹੀ, ਏ-2 ਦਾ ਲੇਬਲ ਲਗਾ ਕੇ ਉਸੇ ਤਰ੍ਹਾਂ ਦਾ ਘਿਓ ਦੋ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵੇਚਿਆ ਜਾ ਰਿਹਾ ਹੈ। ਇਸਦਾ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰ ਹੋ ਰਿਹਾ ਹੈ। ਕੁਝ ਇਸ ਨੂੰ ਬਿਲੋਨਾ ਘਿਓ ਕਹਿ ਕੇ ਵੇਚ ਰਿਹਾ ਹੈ ਤਾਂ ਕੋਈ ਇਸ ਨੂੰ ਦੇਸੀ ਨਸਲ ਦੀ ਗਾਂ ਦੇ ਦੁੱਧ ਤੋਂ ਬਣਿਆ ਸਿਹਤਮੰਦ ਘਿਓ ਕਹਿ ਕੇ।''
ਆਰਐਸ ਸੋਢੀ ਨੇ ਕਿਹਾ, "ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਵਾਂ ਕਿ ਏ-1 ਅਤੇ ਏ-2 ਇੱਕ ਕਿਸਮ ਦਾ ਪ੍ਰੋਟੀਨ ਹੈ, ਜੋ ਫੈਟੀ ਐਸਿਡ ਚੇਨ ਨਾਲ ਜੁੜਿਆ ਹੁੰਦਾ ਹੈ। ਹੁਣ ਇਸ ਗੱਲ 'ਤੇ ਬਹਿਸ ਚੱਲ ਰਹੀ ਹੈ ਕਿ ਕਿਹੜਾ ਚੰਗਾ ਹੈ, ਤਾਂ ਮੈਂ ਦੱਸ ਦੇਵਾਂ ਕਿ ਇਸ ਗੱਲ ਦਾ ਕੋਈ ਵਿਗਿਆਨਿਕ ਸਬੂਤ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਚੰਗਾ ਹੈ।''
''ਇਹ ਬਹਿਸ ਦਾ ਵਿਸ਼ਾ ਹੈ ਹੀ ਨਹੀਂ। ਪਰ ਏ-2 ਨੂੰ ਬਿਹਤਰ ਦੱਸਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਇਹ ਬੀਟਾ-ਕੈਸੀਨ ਪ੍ਰੋਟੀਨ ਦੇ ਦੋ ਪ੍ਰਕਾਰ ਹਨ, ਜਿਨ੍ਹਾਂ ਵਿੱਚ ਅੰਤਰ ਇਸ ਪ੍ਰੋਟੀਨ ਚੇਨ ਦੇ 67ਵੇਂ ਅਮੀਨੋ ਐਸਿਡ ਵਿੱਚ ਬਦਲਾਅ ਕਾਰਨ ਹੁੰਦਾ ਹੈ।''

ਉਨ੍ਹਾਂ ਦਾ ਕਹਿਣਾ ਹੈ ਕਿ ਏ-2 ਘਿਓ ਦੀ ਪੌਸ਼ਟਿਕਤਾ ਅਤੇ ਤਥਾ ਕਥਿਤ ਚਿਕਿਤਸਕ ਗੁਣਾਂ ਬਾਰੇ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾ ਰਹੇ ਹਨ।
ਸੋਢੀ ਕਹਿੰਦੇ ਹਨ, ''ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਘਿਓ ਵਸਾ (ਫੈਟ) ਤੋਂ ਇਲਾਵਾ ਕੁਝ ਨਹੀਂ ਹੈ। ਇਸ ਵਿੱਚ 99.5 ਪ੍ਰਤੀਸ਼ਤ ਫੈਟ ਹੁੰਦਾ ਹੈ। ਬਾਕੀ ਹੋਰ ਚੀਜ਼ਾਂ ਹਨ। ਇਸ ਵਿੱਚ ਪ੍ਰੋਟੀਨ ਨਹੀਂ ਹੁੰਦਾ, ਇਸ ਲਈ ਤੁਸੀਂ ਇਹ ਦਾਅਵਾ ਕਿਵੇਂ ਕਰ ਸਕਦੇ ਹੋ ਕਿ ਮੇਰੇ ਘਿਓ ਵਿੱਚ ਏ2 ਪ੍ਰੋਟੀਨ ਹੈ ਅਤੇ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੈ।''
ਸੋਢੀ ਦੀ ਨਜ਼ਰ ਵਿੱਚ ਇਹ ਕੁਝ ਨਹੀਂ ਸਿਰਫ ਲੋਕਾਂ ਨੂੰ ਮੂਰਖ ਬਣਾਉਣਾ ਹੈ। ਇਸਦੀ ਮਾਰਕੀਟਿੰਗ ਕਰਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।
ਹਾਲਾਂਕਿ, ਉਹ ਇਹ ਵੀ ਕਹਿੰਦੇ ਹਨ ਕਿ ਏ2 ਘਿਓ ਵੇਚਣ ਵਾਲੇ ਬਹੁਤ ਸਾਰੇ ਬ੍ਰਾਂਡ ਆਏ ਅਤੇ ਚਲੇ ਗਏ। ਉਨ੍ਹਾਂ ਲਈ ਬਾਜ਼ਾਰ ਵਿੱਚ ਟਿਕਣਾ ਮੁਸ਼ਕਲ ਹੈ। ਕਿਉਂਕਿ ਇਹ ਕੰਪਨੀਆਂ ਮਾਰਕੀਟਿੰਗ 'ਤੇ ਬਹੁਤ ਖਰਚ ਕਰਦੀਆਂ ਹਨ ਅਤੇ ਇਸ ਕਾਰਨ ਉਹ ਬਾਜ਼ਾਰ ਤੋਂ ਬਾਹਰ ਹੋ ਜਾਂਦੀਆਂ ਹਨ।
ਸਿਹਤ ਮਾਹਿਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਸਿਹਤ ਮਾਹਿਰ ਵੀ ਇਸ ਦਾਅਵੇ 'ਤੇ ਸਵਾਲ ਉਠਾ ਰਹੇ ਹਨ ਕਿ ਏ-2 ਘਿਓ ਦੇ ਨਾਮ 'ਤੇ ਵੇਚਿਆ ਜਾਣ ਵਾਲਾ ਘਿਓ ਆਮ ਘਿਓ ਨਾਲੋਂ ਜ਼ਿਆਦਾ ਫਾਇਦੇਮੰਦ ਹੈ।
ਦਿੱਲੀ ਦੇ ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼ ਦੇ ਸੀਨੀਅਰ ਡਾਇਟੀਸ਼ੀਅਨ ਡਾਕਟਰ ਵਿਭੂਤੀ ਰਸਤੋਗੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਏ-2 ਘਿਓ ਦੇ ਨਾਮ 'ਤੇ ਵੇਚਿਆ ਜਾਣ ਵਾਲਾ ਘਿਓ ਆਮ ਘਿਓ ਨਾਲੋਂ ਜ਼ਿਆਦਾ ਫਾਇਦੇਮੰਦ ਹੋਣ ਦਾ ਦਾਅਵਾ ਜਦੋਂ ਤੱਕ ਵਿਗਿਆਨਕ ਤੌਰ 'ਤੇ ਸਾਬਤ ਨਹੀਂ ਹੁੰਦਾ, ਉਦੋਂ ਤੱਕ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਹ ਘਿਓ ਬਿਹਤਰ ਹੈ?"
"ਦੂਜੀ ਗੱਲ ਇਹ ਹੈ ਕਿ ਜੇਕਰ ਤੁਸੀਂ ਦਾਅਵਾ ਕਰਦੇ ਹੋ ਕਿ ਇਸ ਕਿਸਮ ਦਾ ਘਿਓ ਮਸ਼ੀਨ ਦੁਆਰਾ ਨਹੀਂ ਕੱਢਿਆ ਜਾਂਦਾ ਹੈ, ਤਾਂ ਸਵਾਲ ਇਹ ਹੈ ਕਿ ਦੁੱਧ ਵਿੱਚੋਂ ਏ-2 ਪ੍ਰੋਟੀਨ ਕਿਵੇਂ ਕੱਢਿਆ ਜਾ ਰਿਹਾ ਹੈ। ਅਜਿਹਾ ਕਰਨਾ ਸੰਭਵ ਨਹੀਂ ਹੈ।''
''ਅਸਲ ਗੱਲ ਇਹ ਹੈ ਕਿ ਜਦੋਂ ਤੱਕ ਏ2 ਘਿਓ ਵਿਗਿਆਨਕ ਤੌਰ 'ਤੇ ਆਮ ਘਿਓ ਨਾਲੋਂ ਵਧੇਰੇ ਲਾਭਦਾਇਕ ਸਾਬਤ ਨਹੀਂ ਹੁੰਦਾ, ਉਦੋਂ ਤੱਕ ਇਸਨੂੰ ਮਾਰਕੀਟਿੰਗ ਦਾ ਤਮਾਸ਼ਾ ਹੀ ਕਹਾਂਗੇ। ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਆਇਆ ਹੈ ਕਿ ਏ2 ਪ੍ਰੋਟੀਨ ਬਿਹਤਰ ਹੈ।''
ਡਾਕਟਰ ਰਸਤੋਗੀ ਇਹ ਵੀ ਕਹਿੰਦੇ ਹਨ ਕਿ ਘਿਓ ਪ੍ਰੋਟੀਨ ਲਈ ਨਹੀਂ ਖਾਧਾ ਜਾਂਦਾ। ਜਦਕਿ ਏ2 ਦੇ ਘਿਓ ਨੂੰ ਪ੍ਰੋਟੀਨ ਦੇ ਨਾਮ 'ਤੇ ਵੇਚਿਆ ਜਾ ਰਿਹਾ ਹੈ। ਘਿਓ ਵਿੱਚ ਪ੍ਰੋਟੀਨ ਤਾਂ ਬਸ ਨਾਮ ਦਾ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਕੰਪਨੀਆਂ ਦਾਅਵਾ ਕਰ ਰਹੀਆਂ ਹਨ ਕਿ ਆਯੁਰਵੇਦ ਦੇ ਅਨੁਸਾਰ, ਏ2 ਘਿਓ ਵਧੇਰੇ ਲਾਭਦਾਇਕ ਹੈ। ਜਦਕਿ ਆਯੁਰਵੇਦ ਅਜਿਹਾ ਕੋਈ ਦਾਅਵਾ ਨਹੀਂ ਕਰਦਾ ਕਿ ਤਥਾ ਕਥਿਤ ਏ2 ਘਿਓ ਖਾਣਾ ਸਿਹਤ ਲਈ ਬਿਹਤਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












