ਇੱਕ ਕਿੱਲੋ ਚੌਲ ਉਗਾਉਣ 'ਚ ਕਿੰਨਾ ਪਾਣੀ ਖ਼ਰਚ ਹੁੰਦਾ ਹੈ, ਕੀ ਝੋਨੇ ਲਈ ਪਾਣੀ ਦੀ ਵੱਧ ਖ਼ਪਤ ਗਲੋਬਲ ਵਾਰਮਿੰਗ ਦੀ ਵਜ੍ਹਾ ਬਣ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਫੂਡ ਚੇਨ ਸ਼ੋਅ
- ਰੋਲ, ਬੀਬੀਸੀ ਨਿਊਜ਼
ਚੌਲ ਦੁਨੀਆਂ ਦੀ ਅੱਧੀ ਆਬਾਦੀ ਲਈ ਇਹ ਨਾ ਸਿਰਫ਼ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ, ਸਗੋਂ ਸੱਭਿਆਚਾਰ, ਰਵਾਇਤਾਂ ਅਤੇ ਵਿੱਤੀ ਨਿਰਭਰਤਾ ਦਾ ਪ੍ਰਤੀਕ ਵੀ ਹੈ।
ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਬੀਬੀਸੀ ਵਰਲਡ ਸਰਵਿਸ ਦੀ ਇੱਕ ਸਰੋਤਾ, ਐਡਰੀਐਨ ਬਿਆਨਕਾ ਵਿਲਾਨੁਏਵਾ ਦਾ ਕਹਿਣਾ ਹੈ, "ਚੌਲ ਸਾਡੇ ਪਕਵਾਨਾਂ ਦੀ ਧੜਕਣ ਹਨ। ਇਸਦੀ ਅਹਿਮੀਅਤ ਮੁੱਖ ਭੋਜਨ ਨਾਲੋਂ ਕਿਤੇ ਜ਼ਿਆਦਾ ਹੈ। ਇਹ ਸਾਡੇ ਸੱਭਿਆਚਾਰ ਦੀ ਨੀਂਹ ਹੈ।"
ਉਹ ਕਹਿੰਦੇ ਹਨ, "ਜ਼ਿਆਦਾਤਰ ਫਿਲੀਪਾਈਨ ਲੋਕ ਦਿਨ ਵਿੱਚ ਤਿੰਨ ਵਾਰ ਚੌਲ ਖਾਂਦੇ ਹਨ, ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ।"
"ਮਿਠਾਈਆਂ ਵਿੱਚ ਵੀ ਚੌਲ ਸ਼ਾਮਲ ਹੁੰਦੇ ਹਨ। ਮੈਨੂੰ ਸਟਿੱਕੀ ਚੌਲ ਬਹੁਤ ਪਸੰਦ ਹਨ ਕਿਉਂਕਿ ਇਹ ਤਕਰੀਬਨ ਹਰ ਰਵਾਇਤੀ ਮਠਿਆਈ ਵਿੱਚ ਹੁੰਦੇ ਹਨ।"
ਪਰ ਹੁਣ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਵੱਧ ਰਿਹਾ ਹੈ ਅਤੇ ਇਸ ਦੇ ਨਾਲ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਸਾਨੂੰ ਚੌਲਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ?


ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਮੁਤਾਬਕ ਖਾਣ ਯੋਗ ਪੌਦਿਆਂ ਦੀਆਂ 50,000 ਤੋਂ ਵੱਧ ਕਿਸਮਾਂ ਹਨ, ਹਾਲਾਂਕਿ ਦੁਨੀਆਂ ਦੀਆਂ 90 ਫ਼ੀਸਦ ਭੋਜਨ ਲੋੜਾਂ ਸਿਰਫ਼ 15 ਫ਼ਸਲਾਂ ਨਾਲ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਚੌਲ, ਕਣਕ ਅਤੇ ਮੱਕੀ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫ਼ਸਲਾਂ ਹਨ।
ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (ਆਈਆਰਆਰਆਈ) ਦੇ ਡਾਇਰੈਕਟਰ ਜਨਰਲ ਡਾਕਟਰ ਇਵਾਨ ਪਿੰਟੋ ਕਹਿੰਦੇ ਹਨ, "ਦੁਨੀਆਂ ਦੀ ਕੁੱਲ ਆਬਾਦੀ ਦਾ 50 ਤੋਂ 56 ਫ਼ੀਸਦ ਆਪਣੇ ਮੁੱਖ ਭੋਜਨ ਲਈ ਚੌਲਾਂ 'ਤੇ ਨਿਰਭਰ ਕਰਦਾ ਹੈ।"

ਤਸਵੀਰ ਸਰੋਤ, Getty Images
ਇਸ ਦਾ ਮਤਲਬ ਹੈ ਕਿ ਤਕਰੀਬਨ ਚਾਰ ਅਰਬ ਲੋਕ ਹਰ ਰੋਜ਼ ਚੌਲ ਆਪਣੇ ਮੁੱਖ ਭੋਜਨ ਵਜੋਂ ਖਾਂਦੇ ਹਨ।
ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਚੌਲ ਵੱਡੇ ਪੱਧਰ 'ਤੇ ਉਗਾਏ ਜਾਂਦੇ ਹਨ।
ਜਦੋਂ ਕਿ ਇਸ ਦੀ ਮੰਗ ਅਫ਼ਰੀਕਾ ਵਿੱਚ ਵੀ ਵੱਧ ਰਹੀ ਹੈ ਅਤੇ ਇਸ ਦੀਆਂ ਕੁਝ ਕਿਸਮਾਂ ਯੂਰਪ ਅਤੇ ਦੱਖਣੀ ਅਮਰੀਕਾ ਵਿੱਚ ਵੀ ਉਗਾਈਆਂ ਜਾਂਦੀਆਂ ਹਨ।


ਤਸਵੀਰ ਸਰੋਤ, Getty Images
ਸਪੇਨ ਦੀ ਬਹੁ-ਰਾਸ਼ਟਰੀ ਕੰਪਨੀ ਐਬਰੋ ਫੂਡਜ਼ ਦੀ ਮਲਕੀਅਤ ਵਾਲੀ ਯੂਕੇ-ਅਧਾਰਤ ਚੌਲਾਂ ਦੀ ਕੰਪਨੀ ਟਿਲਡਾ ਦੇ ਪ੍ਰਬੰਧ ਨਿਰਦੇਸ਼ਕ ਜੀਨ-ਫਿਲਿਪ ਲੈਬੋਰਡੇ ਦੱਸਦੇ ਹਨ, "ਝੋਨੇ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ।"
ਉਹ ਕਹਿੰਦੇ ਹਨ, "ਇੱਕ ਕਿੱਲੋਗ੍ਰਾਮ ਚੌਲ ਉਗਾਉਣ ਲਈ ਤਕਰੀਬਨ 3,000 ਤੋਂ 5,000 ਲੀਟਰ ਪਾਣੀ ਲੱਗਦਾ ਹੈ। ਇਹ ਬਹੁਤ ਜ਼ਿਆਦਾ ਹੈ।"
ਜ਼ਿਆਦਾਤਰ ਚੌਲਾਂ ਦੀਆਂ ਫ਼ਸਲਾਂ ਹੜ੍ਹ-ਸੰਭਾਵੀ ਇਲਾਕਿਆਂ ਵਿੱਚ ਉਗਾਈਆਂ ਜਾਂਦੀਆਂ ਹਨ, ਖ਼ਾਸ ਕਰਕੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ।
ਇਹ ਤਰੀਕਾ ਚੌਲਾਂ ਦੀ ਕਾਸ਼ਤ ਲਈ ਅਨੁਕੂਲ ਮੰਨਿਆ ਜਾਂਦਾ ਹੈ ਪਰ ਇਹ ਘੱਟ ਆਕਸੀਜਨ ਵਾਲਾ ਵਾਤਾਵਰਣ ਬਣਾਉਂਦਾ ਹੈ, ਜਿਸ ਨੂੰ ਐਨਾਇਰੋਬਿਕ ਸਥਿਤੀਆਂ ਕਿਹਾ ਜਾਂਦਾ ਹੈ।
ਡਾਕਟਰ ਇਵਾਨ ਪਿੰਟੋ ਮੁਤਾਬਕ, "ਜਦੋਂ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਉੱਥੇ ਮੌਜੂਦ ਸੂਖ਼ਮ ਜੀਵ ਵੱਡੀ ਮਾਤਰਾ ਵਿੱਚ ਮੀਥੇਨ ਗੈਸ ਪੈਦਾ ਕਰਦੇ ਹਨ।"
ਕੌਮਾਂਤਰੀ ਊਰਜਾ ਏਜੰਸੀ ਮੁਤਾਬਕ, ਮੀਥੇਨ ਇੱਕ ਸ਼ਕਤੀਸ਼ਾਲੀ ਗ੍ਰੀਨ ਹਾਊਸ ਗੈਸ ਹੈ, ਜੋ ਕੁੱਲ ਵਿਸ਼ਵ ਤਾਪਮਾਨ ਵਾਧੇ ਦੇ ਤਕਰੀਬਨ 30 ਫ਼ੀਸਦ ਲਈ ਜ਼ਿੰਮੇਵਾਰ ਹੈ।
ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦਾ ਅੰਦਾਜ਼ਾ ਹੈ ਕਿ ਚੌਲਾਂ ਦਾ ਉਤਪਾਦਨ ਵਿਸ਼ਵ ਖੇਤੀਬਾੜੀ ਖੇਤਰ ਤੋਂ ਕੁੱਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਦਾ ਤਕਰੀਬਨ 10 ਫ਼ੀਸਦ ਬਣਦਾ ਹੈ।


ਤਸਵੀਰ ਸਰੋਤ, Getty Images
ਟਿਲਡਾ ਘੱਟ ਪਾਣੀ ਨਾਲ ਝੋਨਾ ਉਗਾਉਣ ਲਈ ਇੱਕ ਨਵੀਂ ਤਕਨੀਕ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ 'ਅਲਟਰਨੇਟ ਵੈਟਿੰਗ ਐਂਡ ਡ੍ਰਾਇੰਗ' (ਏਡਬਲਿਊਡੀ) ਕਿਹਾ ਜਾਂਦਾ ਹੈ।
ਇਸ ਤਕਨੀਕ ਵਿੱਚ ਖੇਤ ਦੀ ਸਤ੍ਹਾ ਤੋਂ 15 ਸੈਂਟੀਮੀਟਰ ਹੇਠਾਂ ਇੱਕ ਪਾਈਪ ਲਗਾਈ ਜਾਂਦੀ ਹੈ। ਪੂਰੇ ਖੇਤ ਵਿੱਚ ਲਗਾਤਾਰ ਪਾਣੀ ਭਰਨ ਦੀ ਬਜਾਏ, ਕਿਸਾਨ ਪਾਈਪ ਦੇ ਅੰਦਰਲਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਣ 'ਤੇ ਸਿੰਚਾਈ ਕਰਦੇ ਹਨ।
ਟਿਲਡਾ ਦੇ ਪ੍ਰਬੰਧ ਨਿਰਦੇਸ਼ਕ ਜੀਨ-ਫਿਲਿਪ ਲੈਬੋਰਡੇ ਦੱਸਦੇ ਹਨ, "ਆਮ ਤੌਰ 'ਤੇ ਇੱਕ ਫ਼ਸਲੀ ਚੱਕਰ ਦੌਰਾਨ 25 ਸਿੰਜਾਈਆਂ ਦੀ ਲੋੜ ਹੁੰਦੀ ਹੈ, ਪਰ ਏਡਬਲਿਊਡੀ ਤਕਨਾਲੋਜੀ ਨਾਲ ਇਸ ਨੂੰ 20 ਤੱਕ ਘਟਾਇਆ ਜਾ ਸਕਦਾ ਹੈ।"
"ਪੰਜ ਸਿੰਜਾਈਆਂ ਨੂੰ ਬਚਾਉਣ ਨਾਲ, ਨਾ ਸਿਰਫ਼ ਪਾਣੀ ਦੀ ਬੱਚਤ ਹੁੰਦੀ ਹੈ, ਸਗੋਂ ਮੀਥੇਨ ਦੇ ਨਿਕਾਸ ਨੂੰ ਵੀ ਘਟਾਇਆ ਜਾਂਦਾ ਹੈ।"

ਤਸਵੀਰ ਸਰੋਤ, Getty Images
ਸਾਲ 2024 ਵਿੱਚ ਟਿਲਡਾ ਨੇ ਇਸ ਤਕਨਾਲੋਜੀ ਦੀ ਵਰਤੋਂ 50 ਤੋਂ ਵਧਾ ਕੇ 1,268 ਕਿਸਾਨਾਂ ਤੱਕ ਕਰ ਦਿੱਤੀ। ਨਤੀਜੇ ਕਾਫ਼ੀ ਉਤਸ਼ਾਹਜਨਕ ਸਨ।
ਲੈਬੋਰਡ ਕਹਿੰਦੇ ਹਨ, "ਅਸੀਂ ਪਾਣੀ ਦੀ ਖਪਤ 27 ਫ਼ੀਸਦ, ਬਿਜਲੀ 28 ਫ਼ੀਸਦ ਅਤੇ ਖਾਦ ਦੀ ਖਪਤ 25 ਫ਼ੀਸਦ ਘਟਾ ਦਿੱਤੀ ਹੈ। ਇਸ ਦੇ ਬਾਵਜੂਦ ਫ਼ਸਲ ਉਤਪਾਦਨ ਵਿੱਚ 7 ਫ਼ੀਸਦ ਦਾ ਵਾਧਾ ਹੋਇਆ ਹੈ।"
ਉਹ ਅੱਗੇ ਕਹਿੰਦੇ ਹਨ, "ਇਹ ਸਿਰਫ਼ ਜ਼ਿਆਦਾ ਨਿਵੇਸ਼ ਕਰ ਕੇ ਜ਼ਿਆਦਾ ਕਮਾਉਣ ਬਾਰੇ ਨਹੀਂ ਹੈ, ਸਗੋਂ ਘੱਟ ਨਿਵੇਸ਼ ਕਰਕੇ ਜ਼ਿਆਦਾ ਕਮਾਉਣ ਨਾਲ ਵੀ ਜੁੜਿਆ ਹੋਇਆ ਹੈ।"
ਲੈਬੋਰਡ ਮੁਤਾਬਕ, ਮੀਥੇਨ ਦੇ ਨਿਕਾਸ ਵਿੱਚ 45 ਫ਼ੀਸਦ ਦੀ ਕਮੀ ਵੀ ਦੇਖੀ ਗਈ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਿੰਚਾਈ ਦੀ ਜ਼ਰੂਰਤ ਨੂੰ ਹੋਰ ਘਟਾਇਆ ਜਾ ਸਕਦਾ ਹੈ ਤਾਂ ਮੀਥੇਨ ਦੇ ਨਿਕਾਸ ਵਿੱਚ 70 ਫ਼ੀਸਦ ਦੀ ਕਮੀ ਸੰਭਵ ਹੈ।


ਤਸਵੀਰ ਸਰੋਤ, Getty Images
ਭਾਵੇਂ ਚੌਲਾਂ ਨੇ ਅਰਬਾਂ ਲੋਕਾਂ ਨੂੰ ਭੋਜਨ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਖ਼ਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਵਿਕਸਤ ਕੀਤੀਆਂ ਗਈਆਂ ਆਈ-ਆਰ-8 ਵਰਗੀਆਂ ਉੱਚ-ਉਪਜ ਵਾਲੀਆਂ ਕਿਸਮਾਂ ਰਾਹੀਂ, ਜਲਵਾਯੂ ਪਰਿਵਰਤਨ ਹੁਣ ਇਸ ਦੇ ਉਤਪਾਦਨ ਲਈ ਇੱਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਜਿਨ੍ਹਾਂ ਖੇਤਰਾਂ ਵਿੱਚ ਇਹ ਕਿਸਮਾਂ ਉਗਾਈਆਂ ਜਾਂਦੀਆਂ ਹਨ, ਉੱਥੇ ਗਰਮੀ, ਸੋਕਾ, ਭਾਰੀ ਬਾਰਿਸ਼ ਅਤੇ ਹੜ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਭਾਰਤ ਵਿੱਚ 2024 ਦੇ ਚੌਲਾਂ ਦੇ ਸੀਜ਼ਨ ਦੌਰਾਨ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਦੋਂ ਕਿ ਬੰਗਲਾਦੇਸ਼ ਵਿੱਚ ਅਕਸਰ ਅਤੇ ਵੱਡੇ ਪੱਧਰ 'ਤੇ ਹੜ੍ਹ ਫ਼ਸਲਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ।
ਇਸ ਚੁਣੌਤੀ ਨਾਲ ਨਜਿੱਠਣ ਲਈ ਆਈਆਰਆਰਆਈ (ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ) ਹੱਲ ਲੱਭਣ ਲਈ ਆਪਣੇ ਜੀਨ ਬੈਂਕ ਵਿੱਚ ਸੁਰੱਖਿਅਤ 1,32,000 ਚੌਲਾਂ ਦੀਆਂ ਕਿਸਮਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ।
ਇੱਕ ਮਹੱਤਵਪੂਰਨ ਪ੍ਰਾਪਤੀ ਵਿੱਚ ਵਿਗਿਆਨੀਆਂ ਨੇ ਇੱਕ ਜੀਨ ਲੱਭਿਆ ਹੈ ਜੋ ਪੌਦੇ ਨੂੰ 21 ਦਿਨਾਂ ਤੱਕ ਪਾਣੀ ਦੇ ਹੇਠਾਂ ਜਿਉਂਦਾ ਰੱਖ ਸਕਦਾ ਹੈ।
ਡਾ. ਪਿੰਟੋ ਦੱਸਦੇ ਹਨ, "ਇਹ ਕਿਸਮਾਂ ਹੜ੍ਹਾਂ ਦੀਆਂ ਸਥਿਤੀਆਂ ਵਿੱਚ ਲੰਬੇ ਸਮੇਂ ਤੱਕ ਜਿਉਂਦੀਆਂ ਰਹਿ ਸਕਦੀਆਂ ਹਨ ਅਤੇ ਉਪਜ 'ਤੇ ਵੀ ਕੋਈ ਅਸਰ ਨਹੀਂ ਪੈਂਦਾ।"
ਉਹ ਕਹਿੰਦੇ ਹਨ ਕਿ ਬੰਗਲਾਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਜਿਹੀਆਂ ਕਿਸਮਾਂ ਪ੍ਰਸਿੱਧ ਹੋ ਰਹੀਆਂ ਹਨ।


ਤਸਵੀਰ ਸਰੋਤ, Getty Images
ਕੁਝ ਦੇਸ਼ਾਂ ਨੇ ਚੌਲਾਂ ਦੀ ਖਪਤ ਘਟਾਉਣ ਦੀ ਕੋਸ਼ਿਸ਼ ਕੀਤੀ ਹੈ।
ਬੰਗਲਾਦੇਸ਼ ਵਿੱਚ ਜਦੋਂ ਲਗਭਗ 15 ਸਾਲ ਪਹਿਲਾਂ ਚੌਲਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ, ਤਾਂ ਸਰਕਾਰ ਨੇ ਆਲੂਆਂ ਨੂੰ ਇੱਕ ਬਦਲ ਵਜੋਂ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ।
ਢਾਕਾ ਵਿੱਚ ਰਹਿਣ ਵਾਲੇ ਸ਼ਰੀਫ ਸ਼ਬੀਰ ਕਹਿੰਦੇ ਹਨ, "ਸਾਨੂੰ ਆਲੂ ਪਸੰਦ ਹਨ ... ਪਰ ਮੈਂ ਚੌਲਾਂ ਦੀ ਬਜਾਏ ਪੂਰੇ ਭੋਜਨ ਲਈ ਸਿਰਫ਼ ਆਲੂ ਖਾਣ ਦੀ ਕਲਪਨਾ ਵੀ ਨਹੀਂ ਕਰ ਸਕਦਾ।"
ਚੀਨ ਨੇ ਵੀ 2015 ਵਿੱਚ ਇੱਕ ਅਜਿਹੀ ਹੀ ਮੁਹਿੰਮ ਸ਼ੁਰੂ ਕੀਤੀ ਅਤੇ ਆਲੂਆਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ 'ਸੁਪਰਫੂਡ' ਵਜੋਂ ਉਤਸ਼ਾਹਿਤ ਕੀਤਾ।
ਦਰਅਸਲ, 1990 ਦੇ ਦਹਾਕੇ ਤੱਕ, ਚੀਨ ਦੁਨੀਆਂ ਦਾ ਮੋਹਰੀ ਆਲੂ ਉਤਪਾਦਕ ਬਣ ਗਿਆ ਸੀ, ਅਤੇ ਦੇਸ਼ ਦੇ ਕਈ ਹਿੱਸਿਆਂ ਨੇ ਆਲੂਆਂ ਨੂੰ ਮੁੱਖ ਭੋਜਨ ਵਜੋਂ ਅਪਣਾਉਣ ਲੱਗ ਪਏ ਸਨ। ਹਾਲਾਂਕਿ, ਇਹ ਮੁਹਿੰਮ ਸਫ਼ਲ ਨਹੀਂ ਹੋਈ।
ਲੰਡਨ ਦੀ ਐੱਸਓਏਐੱਸ ਲੰਡਨ ਯੂਨੀਵਰਸਿਟੀ ਦੇ ਇੱਕ ਮਾਨਵ-ਵਿਗਿਆਨੀ ਜੈਕਬ ਕਲੇਨ ਦੱਸਦੇ ਹਨ, "ਦੱਖਣ-ਪੱਛਮ ਅਤੇ ਉੱਤਰ-ਪੱਛਮੀ ਚੀਨ ਵਿੱਚ ਕਈ ਵਾਰ ਆਲੂਆਂ ਨੂੰ ਮੁੱਖ ਭੋਜਨ ਵਜੋਂ ਖਾਧਾ ਜਾਂਦਾ ਹੈ।"
ਪਰ ਉਹ ਅੱਗੇ ਕਹਿੰਦੇ ਹਨ, "ਬਹੁਤ ਸਾਰੇ ਖੇਤਰਾਂ ਵਿੱਚ ਆਲੂ ਗਰੀਬੀ ਨਾਲ ਜੁੜੇ ਹੋਏ ਹਨ।"
ਕਲੇਨ ਕਹਿੰਦੇ ਹਨ, "ਦੱਖਣ-ਪੱਛਮੀ ਚੀਨ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਆਪਣਾ ਬਚਪਨ ਆਲੂ ਖਾ ਕੇ ਬਿਤਾਇਆ। ਦਰਅਸਲ, ਆਲੂ ਖਾਣ ਨਾਲ ਇੱਕ ਕਿਸਮ ਦਾ ਸਮਾਜਿਕ ਅਪਮਾਨ ਜੁੜਿਆ ਹੋਇਆ ਹੈ।"


ਤਸਵੀਰ ਸਰੋਤ, Getty Images
ਵਿਸ਼ਵ ਪੱਧਰ 'ਤੇ ਚੌਲ ਆਮ ਲੋਕਾਂ ਦੇ ਜੀਵਨ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ। ਇਹ ਸੁਆਦੀ, ਤਿਆਰ ਕਰਨ ਵਿੱਚ ਅਤੇ ਸਟੋਰ ਕਰਨ ਵਿੱਚ ਆਸਾਨ ਹੈ ਅਤੇ ਇਸ ਨੂੰ ਕਿਤੇ ਵੀ ਲੈ ਕੇ ਜਾ ਸਕਦੇ ਹੋ।
ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਸਾਲ ਦੁਨੀਆਂ ਭਰ ਵਿੱਚ ਲਗਭਗ 52 ਕਰੋੜ ਟਨ ਚੌਲ ਖਪਤ ਕੀਤੇ ਜਾਂਦੇ ਹਨ।
ਫਿਲੀਪੀਨਜ਼ ਤੋਂ ਐਡਰੀਆਨ ਬਿਆਂਕਾ ਵਿਲਾਨੁਏਵਾ ਮੰਨਦੇ ਹਨ ਕਿ ਉਹ ਚੌਲ ਖਾਣਾ ਘੱਟ ਕਰ ਸਕਦੀ ਹੈ ਪਰ ਇਸ ਨੂੰ ਛੱਡ ਨਹੀਂ ਸਕਦੀ।
ਉਹ ਕਹਿੰਦੀ ਹੈ, "ਭਾਵੇਂ ਮੈਂ ਚੌਲ ਨਾ ਵੀ ਖਾਣਾ ਚਾਹਾ, ਜਦੋਂ ਮੈਂ ਕਿਸੇ ਦੇ ਘਰ ਜਾਂ ਪਾਰਟੀ ਵਿੱਚ ਜਾਂਦੀ ਹਾਂ, ਤਾਂ ਉਹ ਹਮੇਸ਼ਾ ਚੌਲਾਂ ਦੇ ਪਕਵਾਨ ਪਰੋਸਦੇ ਹਨ।"
"ਮੈਨੂੰ ਲੱਗਦਾ ਹੈ ਕਿ ਮੈਂ ਚੌਲ ਖਾਣਾ ਘੱਟ ਕਰ ਦੇਵਾਂਗੀ, ਪਰ ਇਸ ਨੂੰ ਪੂਰੀ ਤਰ੍ਹਾਂ ਖਾਣਾ ਬੰਦ ਕਰਨਾ ਮੁਸ਼ਕਲ ਹੈ ਕਿਉਂਕਿ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












