ਆਲੂ, ਪਿਆਜ਼ ਜਾਂ ਫਿਰ ਲਸਣ ਪੁੰਗਰ ਜਾਣ, ਤਾਂ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ ਜਾਂ ਸੁੱਟ ਦੇਣਾ ਚਾਹੀਦਾ ਹੈ

ਤਸਵੀਰ ਸਰੋਤ, Shutter Stock
- ਲੇਖਕ, ਨਾਜ਼ਨਿਨ ਮੋਟਾਮੈਦੀ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਤੁਸੀਂ ਰਾਤ ਦੇ ਖਾਣੇ ਲਈ ਰਸੋਈ ਵਿੱਚ ਜਾਂਦੇ ਅਤੇ ਆਲੂ ਦੇਖਦੇ ਹੋ ਤਾਂ ਤੁਹਾਨੂੰ ਉਹ ਪੁੰਗਰੇ ਹੋਏ ਮਿਲਦੇ ਹਨ ਤਾਂ ਇੱਕ ਵਾਰ ਤੁਸੀਂ ਸੋਚਾਂ ਵਿੱਚ ਡੁੱਬ ਜਾਂਦੇ ਹੋਵੋਗੇ ਕਿ ਕੀ ਇਨ੍ਹਾਂ ਦੀ ਵਰਤੋਂ ਕਰਨੀ ਹੈ ਜਾਂ ਸੁੱਟ ਦੇਣਾ ਹੀ ਠੀਕ ਹੈ?
ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ ਕਿ ਪਿਆਜ਼, ਆਲੂ ਜਾਂ ਲਸਣ ਪੁੰਗਰਣ ਤੋਂ ਬਾਅਦ ਖਾਣਾ ਚਾਹੀਦਾ ਹੈ ਜਾਂ ਨਹੀਂ।
ਪੁੰਗਰੇ ਹੋਏ ਆਲੂਆਂ ਦਾ ਕੀ ਕਰਨਾ ਹੈ? ਕੀ ਨਹੀਂ ਕਰਨਾ ਚਾਹੀਦਾ? ਆਓ ਜਾਣਦੇ ਹਾਂ।
ਆਲੂ ਪੁੰਗਰਣ ਦਾ ਮਤਲਬ ਹੈ ਕਿ ਇਹ ਇੱਕ ਪੌਦੇ ਵਜੋਂ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੌਦੇ ਵਿੱਚ ਬਦਲਣ ਦੀ ਇਸ ਪ੍ਰਕਿਰਿਆ ਦੌਰਾਨ, ਆਲੂ ਵਿੱਚ ਜ਼ਹਿਰੀਲੇ ਗਲਾਈਕੋਅਲਕਲਾਇਡ ਵਧਣੇ ਸ਼ੁਰੂ ਹੋ ਜਾਂਦੇ ਹਨ। ਗਲਾਈਕੋਅਲਕਲਾਇਡ ਪੌਦਿਆਂ ਨੂੰ ਉੱਲੀ ਅਤੇ ਕੀੜਿਆਂ ਤੋਂ ਬਚਾਉਂਦੇ ਹਨ।
ਇਨ੍ਹਾਂ ਮਿਸ਼ਰਣਾਂ ਵਿੱਚੋਂ ਇੱਕ ਕੰਪਾਊਂਡ ਸੋਲੇਨਿਨ ਹੈ, ਜੋ ਆਲੂਆਂ ਤੋਂ ਇਲਾਵਾ ਟਮਾਟਰ, ਬੈਂਗਣ ਅਤੇ ਸ਼ਿਮਲਾ ਮਿਰਚ ਵਰਗੇ ਪੌਦਿਆਂ ਵਿੱਚ ਪਾਇਆ ਜਾਂਦਾ ਹੈ।
ਆਲੂਆਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਨਾਲ ਸੋਲੇਨਿਨ ਦੀ ਮਾਤਰਾ ਵੀ ਵੱਧ ਜਾਂਦੀ ਹੈ। ਇਸੇ ਕਰਕੇ ਪੁੰਗਰੇ ਹੋਏ ਜਾਂ ਲੰਬੇ ਸਮੇਂ ਤੱਕ ਸਟੋਰ ਕੀਤੇ ਆਲੂ ਨਾ ਸਿਰਫ਼ ਮਨੁੱਖਾਂ ਲਈ ਸਗੋਂ ਜਾਨਵਰਾਂ ਦੀ ਸਿਹਤ ਲਈ ਵੀ ਚੰਗੇ ਨਹੀਂ ਹੁੰਦੇ ਹਨ।
ਕੀ ਤੁਸੀਂ ਪੁੰਗਰੀਆਂ ਹੋਈਆਂ ਸਬਜ਼ੀਆਂ ਖਾ ਸਕਦੇ ਹੋ?

ਤਸਵੀਰ ਸਰੋਤ, Shutter Stock
ਡਾ. ਕ੍ਰਿਸ ਬਿਸ਼ਪ, 'ਪਟੇਟੋਜ਼ ਪੋਸਟਹਾਰਵੈਸਟ' ਦੇ ਲੇਖਕ ਅਤੇ ਲਿੰਕਨ ਯੂਨੀਵਰਸਿਟੀ ਵਿੱਚ ਪੋਸਟਹਾਰਵੈਸਟ ਤਕਨਾਲੋਜੀ ਦੇ ਰੀਡਰ ਹਨ।
ਉਹ ਕਹਿੰਦੇ ਹਨ, "ਪੁੰਗਰੇ ਹੋਏ ਆਲੂਆਂ ਵਿੱਚ ਮੌਜੂਦ ਗਲਾਈਕੋਅਲਕਲਾਇਡ ਬਹੁਤ ਖ਼ਤਰਨਾਕ ਹਨ। ਇਹ ਆਲੂ ਨੂੰ ਕੌੜਾ ਬਣਾਉਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਉਲਟੀਆਂ ਹੋ ਸਕਦੀਆਂ ਹਨ।"
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਹ ਆਲੂ ਬਿਲਕੁਲ ਵੀ ਖਾਣ ਯੋਗ ਨਹੀਂ ਹੁੰਦੇ ਅਤੇ ਇੱਥੋਂ ਤੱਕ ਕਿ ਹਰੇ ਹੋ ਗਏ ਆਲੂ ਵੀ ਨਹੀਂ ਖਾਣੇ ਚਾਹੀਦੇ।
ਕ੍ਰਿਸ ਬਿਸ਼ਪ ਨੇ ਕਿਹਾ ਕਿ ਪੁੰਗਰੇ ਹੋਏ ਆਲੂਆਂ ਵਿੱਚ ਗਲਾਈਕੋਅਲਕਲਾਇਡ ਰਸਾਇਣਾਂ ਦੀ ਉੱਚ ਪੱਧਰ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਆਲੂ ਹਰਾ ਹੋ ਜਾਂਦਾ ਹੈ, ਤਾਂ ਇਸ ਨੂੰ ਨਾ ਖਾਣਾ ਬਿਹਤਰ ਹੈ। ਹੁਣ ਜਦੋਂ ਆਲੂ ਪੁੰਗਰੇ ਹੋਏ ਹਨ, ਤਾਂ ਉਹ ਪੁੰਗਰੇ ਹੋਏ ਹਿੱਸੇ ਨੂੰ ਕੱਟ ਕੇ "ਮੇਰੇ ਖ਼ਿਆਲ ਨਾਲ ਬਾਕੀ ਹਿੱਸਾ ਖਾਧਾ ਜਾ ਸਕਦਾ ਹੈ।"
ਬ੍ਰਿਟੇਨ ਦੀ ਫੂਡ ਸਟੈਂਡਰਡ ਏਜੰਸੀ (ਐੱਫਐੱਸਏ) ਇਹ ਵੀ ਕਹਿੰਦੀ ਹੈ ਕਿ ਪੁੰਗਰੇ ਹੋਏ ਆਲੂ ਖਾਧੇ ਜਾ ਸਕਦੇ ਹਨ, ਬਸ਼ਰਤੇ ਕੁਝ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ।
ਐੱਫਐੱਸਏ ਨੇ ਕਿਹਾ, "ਜੇਕਰ ਆਲੂ ਪੁੰਗਰਨ ਤੋਂ ਬਾਅਦ ਵੀ ਠੋਸ ਰਹਿੰਦਾ ਹੈ ਅਤੇ ਸੜਨ ਦੇ ਕੋਈ ਸੰਕੇਤ ਨਹੀਂ ਨਜ਼ਰ ਆਉਂਦੇ ਤਾਂ ਇਸ ਨੂੰ ਖਾਣਾ ਸੁਰੱਖਿਅਤ ਹੈ।"
ਹਾਲਾਂਕਿ, ਐੱਫਐੱਸਏ ਨੇ ਸਲਾਹ ਦਿੱਤੀ ਹੈ ਕਿ ਜੇਕਰ ਆਲੂ ਹਰਾ ਦਿਖਾਈ ਦਿੰਦਾ ਹੈ, ਤਾਂ ਇਸ ਨੂੰ ਸੁੱਟ ਦੇਣਾ ਬਿਹਤਰ ਹੈ। ਹਰਾ ਰੰਗ ਜ਼ਹਿਰੀਲੇ ਪਦਾਰਥਾਂ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਐੱਫਐੱਸਏ ਕਹਿੰਦਾ ਹੈ ਕਿ ਛੋਟੇ ਪੁੰਗਰੇ ਹੋਏ ਆਲੂ ਖਾਧੇ ਜਾ ਸਕਦੇ ਹਨ।
ਹਾਲਾਂਕਿ, ਜੇਕਰ ਆਲੂ ਬਹੁਤ ਨਰਮ ਜਾਂ ਸੁੱਕਾ ਹੈ, ਤਾਂ ਇਸ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋਵੇਗੀ ਅਤੇ ਪਕਾਉਣ 'ਤੇ ਇਸ ਦਾ ਸੁਆਦ ਚੰਗਾ ਨਹੀਂ ਹੋਵੇਗਾ।

ਤਸਵੀਰ ਸਰੋਤ, Getty Images/BBC
ਸੋਲਨਿਨ ਕੀ ਹੁੰਦਾ ਹੈ
ਕੁਝ ਮਾਹਰ ਕਹਿੰਦੇ ਹਨ ਕਿ ਪੁੰਗਰੇ ਹੋਏ ਆਲੂ ਖਾਣ ਬਾਰੇ ਵਧੇਰੇ ਸਾਵਧਾਨ ਰਹਿਣਾ ਬਿਹਤਰ ਹੈ।
ਯੂਨੀਵਰਸਿਟੀ ਆਫ਼ ਈਸਟ ਐਂਗਲੀਆ ਦੀ ਪ੍ਰੋਫੈਸਰ ਕੈਥੀ ਮਾਰਟਿਨ ਕਹਿੰਦੀ ਹੈ ਕਿ ਜਿਹੜੇ ਆਲੂ ਹਰੇ ਹੋ ਗਏ ਹਨ ਅਤੇ ਪੁੰਗਰੇ ਹੋਏ ਹਨ, ਉਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਆਲੂਆਂ ਨੂੰ ਰੌਸ਼ਨੀ ਵਿੱਚ ਰੱਖਣ ਨਾਲ (ਜੋ ਉਗਣ ਲੱਗਦੇ ਹਨ) ਜ਼ਹਿਰੀਲੇ ਸੋਲਨਿਨ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖਾਂ ਅਤੇ ਜਾਨਵਰਾਂ, ਖ਼ਾਸ ਕਰਕੇ ਬਿੱਲੀਆਂ ਅਤੇ ਕੁੱਤਿਆਂ ਲਈ ਘਾਤਕ ਹੋ ਸਕਦਾ ਹੈ।
"ਜਿਹੜੇ ਆਲੂ ਕੱਚੇ ਨਹੀਂ ਹਨ, ਉਨ੍ਹਾਂ ਵਿੱਚ ਸੋਲਨਿਨ ਦਾ ਪੱਧਰ ਘੱਟ ਹੁੰਦਾ ਹੈ। ਕਿਸੇ ਨੂੰ ਵੀ ਕੱਚਾ ਆਲੂ ਨਹੀਂ ਖਾਣਾ ਚਾਹੀਦਾ।''
ਪ੍ਰੋਫੈਸਰ ਮਾਰਟਿਨ ਕਹਿੰਦੇ ਹਨ ਕਿ ਜੋ ਆਲੂ ਹਰੇ ਨਹੀਂ ਹਨ, ਉਨ੍ਹਾਂ ਵਿੱਚ ਵੀ ਸੋਲਨਿਨ ਦਾ ਪੱਧਰ ਘੱਟ ਹੁੰਦਾ ਹੈ। ਇਸੇ ਕਰ ਕੇ ਕਿ ਤੁਹਾਨੂੰ ਕੱਚਾ ਆਲੂ ਨਹੀਂ ਖਾਣਾ ਚਾਹੀਦਾ।
ਮਾਰਟਿਨ ਕਹਿੰਦੇ ਹਨ, "ਕਿਉਂਕਿ ਸੋਲਨਿਨ ਜ਼ਹਿਰੀਲਾ ਹੋ ਸਕਦਾ ਹੈ। ਇਹ ਭੋਜਨ ਦੇ ਜ਼ਹਿਰ ਦਾ ਖ਼ਤਰਾ ਪੈਦਾ ਕਰਦਾ ਹੈ। ਹਾਲਾਂਕਿ ਬਹੁਤ ਘੱਟ, ਸੋਨਿਨ ਦੇ ਕੁਝ ਮਾਮਲੇ ਸਾਹਮਣੇ ਆਏ ਹਨ। 1970 ਦੇ ਦਹਾਕੇ ਦੇ ਅਖ਼ੀਰ ਵਿੱਚ, ਯੂਕੇ ਵਿੱਚ 78 ਸਕੂਲੀ ਬੱਚਿਆਂ ਨੂੰ ਹਰੇ ਆਲੂ ਖਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।"
ਥੋੜ੍ਹੇ ਜਿਹੇ ਸੋਲਨਿਨ ਵਾਲੇ ਆਲੂ ਖਾਣ ਨਾਲ ਉਲਟੀਆਂ ਅਤੇ ਦਸਤ ਹੋ ਸਕਦੇ ਹਨ। ਇਹ ਪੇਟ ਵਿੱਚ ਗੰਭੀਰ ਸੋਜ ਦਾ ਕਾਰਨ ਵੀ ਬਣ ਸਕਦਾ ਹੈ।
ਪਰ ਗੰਭੀਰ ਮਾਮਲਿਆਂ ਵਿੱਚ, ਇਹ ਚੱਕਰ ਆਉਣੇ, ਉਲਝਣ, ਕਮਜ਼ੋਰੀ ਅਤੇ ਧੁੰਦਲੀ ਨਜ਼ਰ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਇਹ ਹੋਸ਼ ਗੁਆਉਣ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਮਾਰਟਿਨ ਆਖਦੇ ਹਨ ਕਿ ਇਹ ਲੱਛਣ ਜ਼ਹਿਰੀਲੇ ਆਲੂ ਖਾਣ ਦੇ ਮਿੰਟਾਂ ਜਾਂ ਦਿਨਾਂ ਦੇ ਅੰਦਰ ਪ੍ਰਗਟ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਪੁੰਗਰੇ ਹੋਏ ਆਲੂਆਂ ਨੂੰ ਸਾਂਭਣ ਬਾਰੇ ਅਹਿਮ ਗੱਲਾਂ
- ਜੇਕਰ ਪੁੰਗਰਿਆਂ ਹੋਇਆ ਹਿੱਸਾ ਘੱਟ ਹੈ ਤਾਂ ਉਸ ਨੂੰ ਕੱਟਿਆ ਜਾ ਸਕਦਾ ਹੈ।
- ਜੇਕਰ ਪੁੰਗਰੇ ਹੋਏ ਆਲੂ ਇੱਕ ਇੰਚ ਤੋਂ ਵੱਧ ਲੰਬੇ ਹਨ ਜਾਂ ਆਲੂ ਨਰਮ ਹੋ ਗਿਆ ਹੈ, ਤਾਂ ਇਸ ਨੂੰ ਸੁੱਟ ਦੇਣਾ ਚਾਹੀਦਾ ਹੈ।
- ਆਲੂ ਦਾ ਹਰਾ ਹਿੱਸਾ ਕੱਟ ਦੇਣਾ ਚਾਹੀਦਾ ਹੈ। ਕਿਉਂਕਿ ਇਹ ਜ਼ਿਆਦਾ ਜ਼ਹਿਰੀਲਾ ਹੈ।
- ਜੇਕਰ ਤੁਸੀਂ ਆਲੂ 'ਤੇ ਸੜਨ ਜਾਂ ਉੱਲੀ ਦੇਖਦੇ ਹੋ, ਤਾਂ ਇਸ ਨੂੰ ਸੁੱਟ ਦੇਣਾ ਬਿਹਤਰ ਹੈ।
- ਜੇਕਰ ਤੁਸੀਂ ਪੁੰਗਰੇ ਹੋਏ ਆਲੂ ਲਗਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪੁੰਗਰੇ ਹੋਏ ਹਿੱਸੇ ਨੂੰ ਨਹੀਂ ਕੱਟਣਾ ਚਾਹੀਦਾ, ਸਗੋਂ ਆਲੂਆਂ ਨੂੰ ਉਨ੍ਹਾਂ ਦੇ ਨਾਲ ਲਗਾਉਣਾ ਚਾਹੀਦਾ ਹੈ।
- ਗਰਭਵਤੀ ਔਰਤਾਂ, ਦੁੱਧ ਪਿਆਉਣ ਵਾਲੀਆਂ ਮਾਵਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਇਸ ਕਿਸਮ ਦੇ ਆਲੂ ਨੂੰ ਖਾਣ ਤੋਂ ਬਚਣਾ ਸਭ ਤੋਂ ਵਧੀਆ ਹੈ।

ਤਸਵੀਰ ਸਰੋਤ, Getty Images
ਆਲੂ ਕਿਵੇਂ ਸਟੋਰ ਕਰੀਏ?
ਆਲੂਆਂ ਨੂੰ ਸੁੱਕੀਆਂ, ਹਨੇਰੀਆਂ ਥਾਵਾਂ (3-10°C ਤਾਪਮਾਨ) ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਸਟੋਰੇਜ ਤੋਂ ਪਹਿਲਾਂ ਉਨ੍ਹਾਂ ਨੂੰ ਧੋਣਾ ਨਹੀਂ ਚਾਹੀਦਾ। ਉਨ੍ਹਾਂ ਨੂੰ ਧੋਣ ਨਾਲ ਉਹ ਜਲਦੀ ਸੜ੍ਹ ਜਾਣਗੇ।
ਆਲੂਆਂ ਨੂੰ ਪਿਆਜ਼ ਤੋਂ ਦੂਰ ਰੱਖਣਾ ਚਾਹੀਦਾ ਹੈ। ਇਹ ਗੈਸ ਅਤੇ ਨਮੀ ਦੋਵੇਂ ਛੱਡਦੇ ਹਨ। ਇਹ ਉਨ੍ਹਾਂ ਨੂੰ ਜਲਦੀ ਪੁੰਗਰਨ ਵਿੱਚ ਮਦਦ ਕਰੇਗਾ।

ਤਸਵੀਰ ਸਰੋਤ, Shutter Stock
ਪੁੰਗਰੇ ਹੋਏ ਪਿਆਜ਼ ਅਤੇ ਲਸਣ ਬਾਰੇ ਕੀ?
ਪਿਆਜ਼ ਅਤੇ ਲਸਣ ਦੀਆਂ ਵੱਖੋ-ਵੱਖਰੀਆਂ ਉਗਣ ਦੀਆਂ ਸਥਿਤੀਆਂ ਹੁੰਦੀਆਂ ਹਨ।
ਪ੍ਰੋਫੈਸਰ ਮਾਰਟਿਨ ਕਹਿੰਦੇ ਹਨ ਕਿ ਪਿਆਜ਼ ਅਤੇ ਲਸਣ ਨੂੰ ਆਮ ਤੌਰ 'ਤੇ ਆਲੂਆਂ ਨਾਲੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪੁੰਗਰੇ ਹੋਏ ਆਲੂਆਂ ਵਾਂਗ ਖ਼ਤਰਨਾਕ ਨਹੀਂ ਹਨ।
"ਉਹ ਬਲਬਾਂ ਵਿੱਚ ਸਟੋਰ ਕੀਤੇ ਪੌਸ਼ਟਿਕ ਤੱਤਾਂ ਤੋਂ ਉੱਗਦੇ ਹਨ। ਹਾਲਾਂਕਿ, ਉਨ੍ਹਾਂ ਦਾ ਸੁਆਦ ਵਧੇਰੇ ਕੌੜਾ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਬਣਤਰ ਨਰਮ ਹੋ ਸਕਦੀ ਹੈ।"
ਮਾਹਰ ਪਿਆਜ਼ ਅਤੇ ਲਸਣ ਨੂੰ ਠੰਢੀ, ਹਨੇਰੀ, ਸੁੱਕੀ ਜਗ੍ਹਾ ਜਿਵੇਂ ਕਿ ਰਸੋਈ (3-10°C) ਵਿੱਚ ਸਟੋਰ ਕਰਨ ਦੀ ਸਿਫਾਰਸ਼ ਕਰਦੇ ਹਨ।
- ਉਨ੍ਹਾਂ ਨੂੰ ਸੀਲਬੰਦ ਪਲਾਸਟਿਕ ਬੈਗਾਂ ਵਿੱਚ ਸਟੋਰ ਕਰਨ ਤੋਂ ਬਚੋ।
- ਹਵਾ ਦੇ ਗੇੜ ਲਈ ਜਾਲੀ ਜਾਂ ਕਾਗਜ਼ ਦੇ ਬੈਗਾਂ ਦੀ ਵਰਤੋਂ ਕਰੋ।
- ਆਲੂਆਂ ਵਾਂਗ, ਹਮੇਸ਼ਾ ਕਿਸੇ ਵੀ ਪਿਆਜ਼ ਜਾਂ ਲਸਣ ਨੂੰ ਨਹੀਂ ਖਾਣਾ ਚਾਹੀਦਾ, ਜੋ ਉੱਲੀ, ਕੋਮਲਤਾ ਜਾਂ ਬਦਬੂ ਦੇ ਸੰਕੇਤ ਦਿਖਾਉਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












