ਪਟਿਆਲਾ: ਘਰ ਦੀ ਤੀਜੀ ਮੰਜ਼ਿਲ ਉੱਤੇ ਇੱਕ ਬੱਕਰੀ ਰੱਖ ਕੇ ਸ਼ੁਰੂ ਕੀਤੇ ਕੰਮ ਨੂੰ ਦੋ ਭੈਣਾਂ ਨੇ ਕਿਵੇਂ ਸਕੂਲੀ ਪੜ੍ਹਾਈ ਨੇ ਨਾਲ-ਨਾਲ ਵੱਡੇ ਕਾਰੋਬਾਰ 'ਚ ਬਦਲਿਆ

ਬੱਕਰੀਆਂ

ਤਸਵੀਰ ਸਰੋਤ, Gurminder grewal/bbc

ਤਸਵੀਰ ਕੈਪਸ਼ਨ, ਪਟਿਆਲਾ ਦੀਆਂ ਦੋ ਭੈਣਾ ਨੇ ਇੱਕ ਬੱਕਰੀ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ
    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪਟਿਆਲਾ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਮੰਨਤ ਮਹਿਮੀ ਅਤੇ ਏਕਨੂਰ ਪੜ੍ਹਾਈ ਦੇ ਨਾਲ-ਨਾਲ ਬੱਕਰੀਆਂ ਪਾਲਣ ਦਾ ਧੰਦਾ ਕਰਕੇ ਵਾਹੋ-ਵਾਹੀ ਖੱਟ ਰਹੀਆਂ ਹਨ।

ਸਕੂਲ ਦੇ ਨਾਲ-ਨਾਲ ਦੋਵੇਂ ਭੈਣਾਂ ਬੱਕਰੀਆਂ ਦਾ ਫਾਰਮ ਵੀ ਚਲਾ ਰਹੀਆਂ ਹਨ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰਦੀਆਂ ਹਨ।

ਮੰਨਤ ਮਹਿਮੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਕਰੀਆਂ ਪਾਲਣ ਦਾ ਕੰਮ ਕਰਦਿਆਂ ਸਾਢੇ ਚਾਰ ਸਾਲ ਹੋ ਗਏ ਹਨ ।

ਮੰਨਤ 12ਵੀਂ ਕਲਾਸ ਦੀ ਵਿਦਿਆਰਥਣ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇੱਕ ਬੱਕਰੀ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਫੇਰ ਅੱਗੇ-ਅੱਗੇ ਉਨ੍ਹਾਂ ਦੀ ਬ੍ਰੀਡ ਵਧਾਈ ਹੈ।

ਮੰਨਤ ਅਤੇ ਏਕਨੂਰ

ਤਸਵੀਰ ਸਰੋਤ, Gurminder Grewal/BBc

ਤਸਵੀਰ ਕੈਪਸ਼ਨ, ਮੰਨਤ 12ਵੀਂ ਵਿੱਚ ਪੜ੍ਹਦੀ ਹੈ ਅਤੇ ਏਕਨੂਰ ਨੇ ਦਸਵੀਂ ਦੇ ਪੇਪਰ ਦਿੱਤੇ ਹਨ

ਉਹ ਦੱਸਦੇ ਹਨ, "ਦਰਅਸਲ ਮੈਨੂੰ 4-5 ਸਾਲ ਪਹਿਲਾਂ ਬੱਕਰੀ ਦੇ ਦੁੱਧ ਦੀ ਲੋੜ ਪਈ ਸੀ ਕਿਉਂਕਿ ਮੇਰੇ ਸੈੱਲ ਡਾਊਨ ਹੋ ਗਏ ਸਨ। ਫਿਰ ਮੇਰੇ ਪਾਪਾ ਨੂੰ ਕਿਸੇ ਸਲਾਹ ਦਿੱਤੀ ਕਿ ਤੁਸੀਂ ਬੱਕਰੀਆਂ ਲੈ ਕੇ ਆਓ ਅਤੇ ਬੱਚਿਆਂ ਨੂੰ ਉਨ੍ਹਾਂ ਦਾ ਦੁੱਧ ਪਿਆਓ।"

"ਫਿਰ ਅਸੀਂ ਬੱਕਰੀ ਲਿਆਂਦੀ ਅਤੇ ਘਰ ਦੀ ਤੀਜੀ ਮੰਜ਼ਿਲ ʼਤੇ ਰੱਖੀ। ਸਾਡੇ ਲਾਹੇ ਨੂੰ ਦੇਖਦਿਆਂ ਹੋਇਆ ਲੋਕਾਂ ਨੇ ਵੀ ਦੁੱਧ ਮੰਗਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਵੇਚਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਅਦ ਹੀ ਅਸੀਂ ਬਿਜ਼ਨਸ ਸ਼ੁਰੂ ਕਰ ਦਿੱਤਾ।"

ਮੰਨਤ ਦੇ ਪਰਿਵਾਰ ਵਿੱਚ ਪੰਜ ਜੀਅ ਹਨ, ਜਿਨ੍ਹਾਂ ਵਿੱਚ ਮੰਨਤ, ਏਕਨੂਰ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਨਾਨੀ ਹਨ।

ਉਹਨਾਂ ਨੇ ਆਪਣੇ ਫਾਰਮ ਉਪਰ ਇਕ ਮੁਲਾਜ਼ਮ ਵੀ ਰੱਖਿਆ ਹੋਇਆ ਹੈ ਜਿਸ ਨੂੰ ਉਹ ਅਕਸਰ ਚਾਚਾ ਕਹਿ ਕੇ ਬੁਲਾਉਂਦੀਆਂ ਹਨ।

ਮੰਨਤ ਮਹਿਮੀ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਮੰਨਤ ਮਹਿਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦਾ ਸਾਥ ਦੇ ਰਿਹਾ ਹੈ

ਉਹ ਦੱਸਦੇ ਹਨ ਉਹ ਫਾਰਮ ʼਤੇ ਸਵੇਰੇ ਸ਼ਾਮੀ ਜਾਂਦੇ ਹਨ। ਸ਼ਨੀਵਾਰ ਤੇ ਐਤਵਾਰ ਦਾ ਪੂਰਾ ਦਿਨ ਉੱਥੇ ਬਿਤਾਉਂਦੇ ਹਨ ਅਤੇ ਜੂਨ ਦੀਆਂ ਛੁੱਟੀਆਂ ਵੀ ਉਹ ਫਾਰਮ ਵਿੱਚ ਬਿਤਾਉਂਦੇ ਹਨ।

ਮੰਨਤ ਦੱਸਦੇ ਹਨ, ''ਜਦੋਂ ਬੱਕਰੀ ਆਈ ਤਾਂ ਪਹਿਲਾਂ ਲੱਗਾ ਉਨ੍ਹਾਂ ਲਈ ਕੋਈ ਪਾਲਤੂ ਜਾਨਵਰ ਆਇਆ ਪਰ ਹੌਲੀ-ਹੌਲੀ ਸਾਨੂੰ ਆਦਤ ਪੈ ਗਈ ਤੇ ਸਾਰਾ ਕੁਝ ਸਿੱਖਿਆ। ਹੌਲੀ-ਹੌਲੀ ਦੁੱਧ ਚੋਣਾ ਸਿੱਖਿਆ, ਸਾਫ-ਸਫਾਈ ਸਿੱਖੀ ਅਤੇ ਬੱਕਰੀਆਂ ਬਾਰੇ ਮੈਡੀਕਲ ਜਾਣਕਾਰੀ ਵੀ ਹਾਸਲ ਕੀਤੀ।"

ਮੰਨਤ ਦੱਸਦੇ ਹਨ, "ਫਾਰਮ ਵਿੱਚ 95 ਤੋਂ ਉੱਤੇ ਬੱਕਰੀਆਂ ਹਨ ਅਤੇ ਇਹ ਇੱਕ ਵਿਸ਼ੇਸ਼ ਬ੍ਰੀਡ ਸਾਨਨ ਹਨ। ਅਸੀਂ ਦੁੱਧ ਵੀ ਵੇਚਦੇ ਹਾਂ, ਬ੍ਰੀਡ ਵੀ ਵੇਚਦੇ ਹਾਂ ਅਤੇ ਉਸ ਦੁੱਧ ਤੋਂ ਬਣਨ ਵਾਲੇ ਹੋਰ ਉਤਪਾਦ ਜਿਵੇਂ ਕਿ ਘਿਓ, ਮੱਖਣ ਆਦਿ ਵੀ ਵੇਚਦੇ ਹਾਂ।"

ਮੰਨਤ ਆਖਦੇ ਹਨ, "ਸਾਨੂੰ ਆਪਣੇ ਕਾਰੋਬਾਰ ਵੱਲ ਆਉਣਾ ਚਾਹੀਦਾ ਹੈ। ਖ਼ਾਸ ਕਰਕੇ ਕੁੜੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।"

ਮੰਨਤ ਅਤੇ ਏਕਨੂ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਛੁੱਟੀ ਵਾਲੇ ਦਿਨ ਦੋਵੇਂ ਭੈਣਾਂ ਫਾਰਮ ਸਾਂਭਦੀਆਂ ਹਨ
ਇਹ ਵੀ ਪੜ੍ਹੋ-

ਕਿੰਨਾ ਖਰਚਾ ਅਤੇ ਕਿੰਨੀ ਆਮਦਨ

ਮੰਨਤ ਦੱਸਦੇ ਹਨ ਕਿ ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸ਼ੁਰੂਆਤੀ 2-3 ਸਾਲ ਆਪਣਾ ਹੀ ਖਰਚਾ ਲਗਾਉਣਾ ਪੈਂਦਾ ਹੈ ਅਤੇ ਇਸ ਕਾਰੋਬਾਰ ਦੀ ਖੂਬਸੂਰਤੀ ਇਹ ਹੈ ਕਿ ਤੁਸੀਂ ਇੱਕ ਬੱਕਰੀ ਤੋਂ ਸ਼ੁਰੂ ਕਰ ਸਕਦੇ ਹੋ।

"ਇੱਕ ਬੱਕਰੀ ਦੋ ਸਾਲ ਵਿੱਚ ਤਿੰਨ ਵਾਰੀ ਬੱਚੇ ਦਿੰਦੀ ਹੈ ਅਤੇ ਇਸ ਨਾਲ ਸਟੌਕ ਵਧਦਾ ਹੈ। ਇਸ ਤਰ੍ਹਾਂ ਇਹ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।"

ਖਰਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਖਰਚਾ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਇਸ ਦਾ ਰੱਖ-ਰਖਾਅ ਕਿਵੇਂ ਕਰਦੇ ਹੋ।

ਉਹ ਦੱਸਦੇ ਹਨ ਕਿ ਇਸ ਕਾਰੋਬਾਰ ਵਿੱਚ ਇੰਨੀ ਕੁ ਕਮਾਈ ਹੋਣ ਲੱਗ ਪਈ ਹੈ ਕਿ ਅਸੀਂ ਸਿਰਫ਼ ਇਸ ਫਾਰਮ ਦੇ ਸਿਰ ʼਤੇ ਵੀ ਰਹਿ ਸਕਦੇ ਹਾਂ।

ਬੱਕਰੀਆਂ

ਤਸਵੀਰ ਸਰੋਤ, Gurminder grewal/bbc

ਤਸਵੀਰ ਕੈਪਸ਼ਨ, ਏਕਨੂਰ ਦੱਸਦੇ ਹਨ ਕਿ ਉਨ੍ਹਾਂ ਦਾ ਫਾਰਮ 600 ਗਜ ਵਿੱਚ ਬਣਿਆ ਹੋਇਆ ਹੈ

ਏਕਨੂਰ ਨੇ ਦਸਵੀਂ ਦੇ ਪੇਪਰ ਦਿੱਤੇ ਹਨ ਅਤੇ ਉਹ ਦੱਸਦੇ ਹਨ, ''ਜਦੋਂ ਅਸੀਂ ਦੇਖਿਆ ਕਿ ਬੱਕਰੀ ਦੇ ਦੁੱਧ ਦੀ ਮੰਗ ਵਧ ਰਹੀ ਹੈ ਤਾਂ ਅਸੀਂ ਦੋਵਾਂ ਭੈਣਾਂ ਨੇ ਸੋਚਿਆ ਕਿ ਕਿਉਂ ਨਾ ਇਸ ਦਾ ਕਾਰੋਬਾਰ ਕੀਤਾ ਜਾਵੇ।"

"ਅਸੀਂ ਦੇਖਦੇ ਸੀ ਕਿ ਬੱਕਰੀ ਦੀ ਦੇਖਭਾਲ ਮੰਮੀ ਕਰਦੇ ਸੀ ਅਤੇ ਉਸ ਦੀਆਂ ਮੇਂਗਣਾ ਤੇ ਦੁੱਧ ਵੀ ਚੌਂਦੇ ਸਨ ਤੇ ਸਾਨੂੰ ਵੀ ਇਸ ਵਿੱਚ ਦਿਲਚਸਪੀ ਵਧ ਗਈ।"

ਏਕਨੂਰ ਦੱਸਦੇ ਹਨ ਕਿ ਉਨ੍ਹਾਂ ਦਾ ਫਾਰਮ 600 ਗਜ ਵਿੱਚ ਬਣਿਆ ਹੋਇਆ ਹੈ, ਜਿਸ ਨੂੰ ਹੁਣ ਪੂਰਾ ਪਰਿਵਾਰ ਮਿਲ ਕੇ ਸਾਂਭਦਾ ਹੈ।

ਏਕਨੂਰ ਦੱਸਦੇ ਹਨ, "ਸਭ ਤੋਂ ਪਹਿਲਾਂ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਵਿੱਚ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ ਅਤੇ ਇਹ ਕਾਰੋਬਾਰ ਸਬਰ ਦੀ ਵੀ ਬਹੁਤ ਮੰਗ ਕਰਦਾ ਹੈ। ਤੁਹਾਡੇ ਅੰਦਰ ਬਹੁਤ ਜ਼ਿਆਦਾ ਸਬਰ ਹੋਣਾ ਚਾਹੀਦਾ ਹੈ।"

ਉਹ ਦੱਸਦੇ ਹਨ ਕਿ ਪਹਿਲੇ ਦੋ ਸਾਲ ਕਰੀਬ ਆਪਣੀ ਜੇਬ੍ਹ ਵਿੱਚੋਂ ਹੀ ਪੈਸਾ ਖਰਚ ਹੁੰਦਾ ਹੈ। ਇਸ ਲਈ ਸਿਖਲਾਈ ਲੈਣਾ ਵੀ ਬਹੁਤ ਜ਼ਰੂਰੀ ਹੈ।

ਹਰਭਜਨ ਸਿੰਘ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਹਰਭਜਨ ਸਿੰਘ ਆਖਦੇ ਹਨ ਕਿ ਜਦੋਂ ਬੱਚਿਆਂ ਨੇ ਇੱਛਾ ਜ਼ਾਹਿਰ ਕੀਤੀ ਤਾਂ ਉਹ ਖੁਸ਼ ਹੋਏ ਸਨ

ਪਿਤਾ ਦਾ ਸਹਿਯੋਗ

ਮੰਨਤ ਦੇ ਪਿਤਾ ਹਰਭਜਨ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਹਨ ਅਤੇ ਮਾਤਾ ਗ੍ਰਹਿਣੀ ਹਨ।

ਹਰਭਜਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਕਾਰੋਬਾਰ ਸਬੱਬੀ ਹੀ ਸ਼ੁਰੂ ਕੀਤਾ। ਉਨ੍ਹਾਂ ਮੁਤਾਬਕ, "ਸਾਲ 2019 ਵਿੱਚ ਮੇਰੀਆਂ ਧੀਆਂ ਬਿਮਾਰ ਸਨ ਅਤੇ ਕਿਸੇ ਨੇ ਕਿਹਾ ਕਿ ਬੱਕਰੀ ਲੈ ਆਓ।"

"ਜਿਵੇਂ-ਜਿਵੇਂ ਕਰਦੇ ਗਏ ਬੱਚਿਆਂ ਵਿੱਚ ਦਿਲਚਸਪੀ ਵਧਦੀ ਗਈ ਅਤੇ ਇਨ੍ਹਾਂ ਨੇ ਉਸ ਨੂੰ ਕਿੱਤੇ ਵਜੋਂ ਅਪਨਾਉਣ ਦੀ ਇੱਛਾ ਪ੍ਰਗਟਾਈ ਤਾਂ ਮੈਨੂੰ ਬਹੁਤ ਵਧੀਆ ਲੱਗਾ। ਮੈਂ ਪੂਰਾ ਸਹਿਯੋਗ ਦਿੱਤਾ ਅਤੇ ਹੁਣ ਪੜ੍ਹਾਈ ਦੇ ਨਾਲ-ਨਾਲ ਇਸ ਨੂੰ ਵੀ ਦੇਖ ਰਹੀਆਂ ਹਨ।"

"ਮੈਨੂੰ ਮਾਣ ਹੈ ਕਿ ਇਨ੍ਹਾਂ ਮੇਰਾ ਨਾਮ ਰੌਸ਼ਨ ਕੀਤਾ। ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਹਿਯੋਗ ਦੇਣ। ਸਾਨੂੰ ਕੁਝ ਨਾ ਕੁਝ ਕਰਨ ਦਾ ਮੌਕਾ ਬੱਚਿਆਂ ਨੂੰ ਦੇਣਾ ਚਾਹੀਦਾ ਹੈ।"

ਰਵਿੰਦਰ ਕੌਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਮਾਤਾ ਰਵਿੰਦਰ ਕੌਰ ਪਹਿਲਾਂ ਸਾਰਾ ਕੰਮ ਆਪ ਕਰਦੇ ਹੁੰਦੇ ਸਨ

ਬੱਕਰੀਆਂ ਦਾ ਖਾਣਾ

ਉਨ੍ਹਾਂ ਦੇ ਮਾਤਾ ਰਵਿੰਦਰ ਕੌਰ ਆਖਦੇ ਹਨ, "ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੈ। ਜੇ ਤੁਸੀਂ ਪੂਰੇ ਤਨ-ਮਨ ਨਾਲ ਉਸ ਕੰਮ ਵਿੱਚ ਲੱਗੇ ਹੋਏ ਤਾਂ ਪ੍ਰਮਾਤਮਾ ਵੀ ਤੁਹਾਡਾ ਪੂਰਾ ਸਾਥ ਦਿੰਦਾ ਹੈ।"

ਉਹ ਆਖਦੇ ਹਨ ਕਿ ਪਹਿਲੇ ਦੋ-ਢਾਈ ਸਾਲ ਤਾਂ ਕੋਈ ਬੱਚਤ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਆਪਣੇ ਕੋਲੋਂ ਹੀ ਲਗਾਉਣਾ ਪੈਂਦਾ ਹੈ।

ਜਾਨਵਰਾਂ ਦਾ ਪਾਲਣ-ਪੋਸ਼ਣ ਤੇ ਉਨ੍ਹਾਂ ਦਾ ਰੱਖ-ਰਖਾਅ ਆਪ ਹੀ ਕਰਨਾ ਪੈਂਦਾ ਹੈ।

ਉਹ ਦੱਸਦੇ ਹਨ, "ਉਨ੍ਹਾਂ ਦੇ ਉਤਪਾਦ, ਦੁੱਧ, ਘਿਓ, ਸਾਬਣ ਅਤੇ ਬ੍ਰੀਡ ਦਾ ਪ੍ਰੋਸੈਸ ਹੌਲੀ-ਹੌਲੀ ਹੁੰਦਾ ਹੈ। ਸਬਰ ਨਾਲ ਕੰਮ ਕਰਨਾ ਪੈਂਦਾ ਹੈ।"

ਬੱਕਰੀਆਂ

ਤਸਵੀਰ ਸਰੋਤ, Gurminder grewal/bbc

"ਦੁੱਧ ਸਾਡੇ ਘਰੋਂ ਹੀ ਵਿਕ ਜਾਂਦਾ ਹੈ। ਬਾਕੀ ਸੋਸ਼ਲ ਮੀਡੀਆ ਉੱਤੇ ਵੀ ਇਸ ਕੰਮ ਬਾਰੇ ਪ੍ਰਚਾਰ ਕਰਦੇ ਹਾਂ। ਇਸ ਤਰ੍ਹਾਂ ਹੀ ਅਸੀਂ ਬ੍ਰੀਡ ਵੀ ਵੇਚਦੇ ਹਾਂ।"

ਬੱਕਰੀਆਂ ਦੀ ਵੈਸਟੇਜ ਬਾਰੇ ਉਹ ਆਖਦੇ ਹਨ, "ਬੱਕਰੀਆਂ ਦੀਆਂ ਮੇਂਗਣਾ ਨੂੰ ਚੁੱਕਣਾ ਬਹੁਤ ਸੌਖਾ ਹੈ। ਉਨ੍ਹਾਂ ਨੂੰ ਸੁਕਾ ਕੇ ਉਸ ਤੋਂ ਰੇਅ ਬਣਦੀ ਹੈ, ਜਿੰਨਾਂ ਦੀ ਪੈਕਿੰਗ ਹੁੰਦੀ ਹੈ। ਇਹ ਵਿਕਦੀ ਹੈ, ਨਰਸਰੀਆਂ ਵਿੱਚ ਜਾਂਦੀ ਹੈ, ਘਰੋਂ ਵੀ ਵਿਕਦੀ ਹੈ। ਜਿੱਥੇ ਆਮ ਰੇਅ ਅਸੀਂ ਅੱਧਾ ਕਿਲੋ ਪਾਉਂਦੇ ਹਾਂ, ਉੱਥੇ ਹੀ ਇਹ ਰੇਅ ਪਾਈਆ ਪੈਂਦਾ ਹੈ।"

ਉਨ੍ਹਾਂ ਦੇ ਚਾਰੇ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਬੱਕਰੀਆਂ ਦਾ ਸਾਰਾ ਚਾਰਾ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਉਗਾਇਆ ਹੈ। ਇਸ ਵਿੱਚ ਸੁਆਂਜਨੇ, ਗੋਪੀ-ਕਿਸ਼ਨ ਘਾਹ, ਸਿਸਮੇਨੀਆ ਅਤੇ ਬਾਕੀ ਮੌਸਮ ਦੇ ਹਿਸਾਬ ਨਾਲ ਫਲੀਦਾਰ ਬੂਟੇ ਲਗਾਏ ਜਾਂਦੇ ਹਨ।

ਕੀ ਕਹਿੰਦੇ ਹਨ ਮਾਹਰ

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪਟਿਆਲੇ ਦੀਆਂ ਇਹ ਦੋ ਭੈਣਾਂ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਚਲਾ ਰਹੀਆਂ ਹਨ ਅਤੇ ਮੁਨਾਫਾ ਖੱਟ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ, "ਉਨ੍ਹਾਂ ਨੂੰ ਪਰਿਵਾਰ ਵੱਲੋਂ ਸਹਿਯੋਗ ਮਿਲਦਾ ਹੈ ਪਰੰਤੂ ਇਸ ਬੱਕਰੀ ਫਾਰਮ ਨੂੰ ਦੋਵੇਂ ਭੈਣਾਂ ਆਪ ਚਲਾ ਰਹੀਆਂ ਹਨ।"

ਉਹ ਆਖਦੇ ਹਨ, "ਬੱਕਰੀ ਅਤੇ ਭੇਡਾਂ ਪਾਲਣ ਦਾ ਧੰਦਾ ਲਾਭਦਾਇਕ ਹੈ ਅਤੇ ਹੋਰ ਲੋਕ ਵੀ ਇਸ ਧੰਦੇ ਨੂੰ ਸਿੱਖ ਕੇ ਇਸ ਤੋਂ ਲਾਭ ਉਠਾ ਸਕਦੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)