ਚਿੱਟੇ ਆਂਡੇ ਜਾਂ ਭੂਰੇ ਆਂਡੇ: ਦੋਵਾਂ ਵਿੱਚੋਂ ਕਿਹੜਾ ਬਿਹਤਰ ਹੈ, ਭੂਰੇ ਆਂਡੇ ਮਹਿੰਗੇ ਕਿਉਂ ਹਨ?

ਤਸਵੀਰ ਸਰੋਤ, Getty Images
- ਲੇਖਕ, ਅੰਸ਼ੁਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਜੇਕਰ ਤੁਸੀਂ ਆਂਡਾ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਕਦੇ ਨਾ ਕਦੇ ਚਿੱਟੇ ਅਤੇ ਭੂਰੇ ਆਂਡਿਆਂ ਦੀ ਬਹਿਸ ਬਾਰੇ ਸੁਣਿਆ ਹੋਵੇਗਾ। ਯਾਨੀ ਇਨ੍ਹਾਂ ਫ਼ਾਰਮੀ ਅਤੇ ਦੇਸੀ ਆਂਡਿਆਂ ਦੀ ਬਹਿਸ ਬਾਰੇ।
ਦੋਵਾਂ ਦੀ ਤੁਲਨਾ ਕਰਦੇ ਹੋਏ ਲੋਕ ਅਕਸਰ ਇਹ ਸਵਾਲ ਉਠਾਉਂਦੇ ਹਨ ਕਿ ਕਿਹੜਾ ਆਂਡਾ ਜ਼ਿਆਦਾ ਪੌਸ਼ਟਿਕ ਹੈ, ਚਿੱਟਾ ਜਾਂ ਭੂਰਾ?
ਭੂਰੇ ਅੰਡੇ ਆਮ ਤੌਰ 'ਤੇ ਬਾਜ਼ਾਰ ਵਿੱਚ ਚਿੱਟੇ ਆਂਡਿਆਂ ਨਾਲੋਂ ਮਹਿੰਗੇ ਹੁੰਦੇ ਹਨ, ਇਸ ਲਈ ਇਹ ਸਵਾਲ ਲੋਕਾਂ ਦੇ ਜ਼ਹਿਨ ਵਿੱਚ ਇੱਕ ਬੁਝਾਰਤ ਵਾਂਗ ਆਉਂਦਾ ਹੈ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਭੂਰੇ ਆਂਡੇ ਆਰਗੇਨਿਕ ਹੁੰਦੇ ਹਨ ਅਤੇ ਇਸ ਲਈ ਚਿੱਟੇ ਆਂਡੇ ਨਾਲੋਂ ਵਧੇਰੇ ਪੌਸ਼ਟਿਕ ਹੁੰਦੇ ਹਨ, ਜਦੋਂ ਕਿ ਕੁਝ ਲੋਕ ਇਸਨੂੰ ਸੁਆਦ ਨਾਲ ਵੀ ਜੋੜਦੇ ਹਨ।
ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਭੂਰੇ ਆਂਡੇ ਸੁਆਦੀ ਹੁੰਦੇ ਹਨ ਅਤੇ ਸਿਹਤ ਲਈ ਵਧੇਰੇ ਫ਼ਾਇਦੇਮੰਦ ਹੁੰਦੇ ਹਨ।
ਇਹ ਕੁਝ ਬੁਨਿਆਦੀ ਨੁਕਤੇ ਹਨ ਜਿਨ੍ਹਾਂ ਕਰਕੇ ਇਨ੍ਹਾਂ ਦੋਵੇਂ ਰੰਗਾਂ ਦੇ ਆਂਡਿਆਂ ਦੀ ਤੁਲਨਾ ਕੀਤੀ ਜਾਂਦੀ ਹੈ, ਪਰ ਇਹ ਦਾਅਵੇ ਕਿੰਨੇ ਸੱਚ ਹਨ?

ਤਸਵੀਰ ਸਰੋਤ, Getty Images
ਆਂਡੇ ਦਾ ਰੰਗ ਕਿਸ ਗੱਲ 'ਤੇ ਨਿਰਭਰ ਕਰਦਾ ਹੈ?
ਭੂਰੇ ਅਤੇ ਚਿੱਟੇ ਦੋਵੇਂ ਤਰ੍ਹਾਂ ਦੇ ਆਂਡੇ ਬਾਜ਼ਾਰ ਵਿੱਚ ਸੌਖਿਆਂ ਮਿਲ ਜਾਂਦੇ ਹਨ, ਪਰ ਸਵਾਲ ਇਹ ਹੈ ਕਿ ਉਨ੍ਹਾਂ ਦੇ ਰੰਗ ਵਿੱਚ ਫ਼ਰਕ ਕਿਉਂ ਹੁੰਦਾ ਹੈ? ਕੀ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਪੋਸ਼ਣ ਵਿੱਚ ਵੀ ਫ਼ਰਕ ਹੈ?
ਮਾਹਰਾਂ ਮੁਤਾਬਕ, ਆਂਡੇ ਦੇ ਛਿਲਕੇ ਦਾ ਰੰਗ ਸਿਰਫ਼ ਮੁਰਗੀ ਦੀ ਨਸਲ 'ਤੇ ਨਿਰਭਰ ਕਰਦਾ ਹੈ।
ਅਮਰੀਕੀ ਮੈਗਜ਼ੀਨ 'ਫੂਡ ਐਂਡ ਵਾਈਨ' ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਆਮ ਤੌਰ 'ਤੇ ਚਿੱਟੇ ਖੰਭਾਂ ਅਤੇ ਚਿੱਟੇ ਕੰਨਾਂ ਵਾਲੀਆਂ ਮੁਰਗੀਆਂ ਚਿੱਟੇ ਆਂਡੇ ਦਿੰਦੀਆਂ ਹਨ, ਜਦੋਂ ਕਿ ਲਾਲ ਖੰਭਾਂ ਅਤੇ ਲਾਲ ਕੰਨਾਂ ਵਾਲੀਆਂ ਨਸਲਾਂ ਭੂਰੇ ਆਂਡੇ ਦਿੰਦੀਆਂ ਹਨ।
ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਪੋਲਟਰੀ ਮਾਹਰ ਅਤੇ ਐਕਸਟੈਂਸ਼ਨ ਮਾਹਰ ਡਾਕਟਰ ਜੋਨਾਥਨ ਮੋਇਲ ਮੁਤਾਬਕ, "ਸ਼ੈੱਲ ਦਾ ਰੰਗ ਨਸਲ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਜੈਨੇਟਿਕ ਹੈ।"
ਯੂਸੀ ਡੇਵਿਸ ਯੂਨੀਵਰਸਿਟੀ ਦੇ ਪੋਲਟਰੀ ਖੋਜਕਰਤਾ ਡਾਕਟਰ ਰਿਚਰਡ ਬਲੈਚਫੋਰਡ ਦੱਸਦੇ ਹਨ ਕਿ ਜ਼ਿਆਦਾਤਰ ਆਂਡਿਆਂ ਦਾ ਮੂਲ ਰੰਗ ਚਿੱਟਾ ਹੁੰਦਾ ਹੈ।
"ਪਰ ਜਦੋਂ ਅੰਡਾ ਮੁਰਗੀ ਦੇ ਪ੍ਰਜਨਨ ਪ੍ਰਣਾਲੀ ਵਿੱਚੋਂ ਲੰਘਦਾ ਹੈ, ਤਾਂ ਕੁਝ ਨਸਲਾਂ ਇਸ ਉੱਤੇ ਰੰਗ ਦੀ ਇੱਕ ਪਰਤ ਜਮ੍ਹਾ ਕਰ ਦਿੰਦੀਆਂ ਹਨ, ਜੋ ਆਂਡੇ ਦੇ ਖੋਲ ਦਾ ਰੰਗ ਬਦਲ ਦਿੰਦੀ ਹੈ।"
ਇਸ ਦਾ ਮਤਲਬ ਹੈ ਕਿ ਆਂਡੇ ਦਾ ਬਾਹਰੀ ਰੰਗ ਮੁਰਗੀ ਦੇ ਜੈਨੇਟਿਕ ਗੁਣਾਂ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ ।
ਇਸ ਤੋਂ ਇਲਾਵਾ, ਮੁਰਗੀਆਂ ਦੀਆਂ ਕੁਝ ਨਸਲਾਂ ਨੀਲੇ ਜਾਂ ਹਰੇ ਰੰਗ ਦੇ ਆਂਡੇ ਵੀ ਦਿੰਦੀਆਂ ਹਨ, ਪਰ ਇਹ ਸਿਰਫ਼ ਉਨ੍ਹਾਂ ਦੇ ਜੈਨੇਟਿਕਸ ਦੇ ਕਾਰਨ ਹੁੰਦਾ ਹੈ।
ਕੀ ਭੂਰੇ ਆਂਡੇ ਵਧੇਰੇ ਪੌਸ਼ਟਿਕ ਹੁੰਦੇ ਹਨ?

ਤਸਵੀਰ ਸਰੋਤ, Getty Images
ਅਮਰੀਕੀ ਖੇਤੀਬਾੜੀ ਵਿਭਾਗ (ਯੂਐੱਸਡੀਏ) ਦਾ ਕਹਿਣਾ ਹੈ ਕਿ ਪੋਸ਼ਣ ਦੇ ਪੱਧਰ 'ਤੇ ਭੂਰੇ ਅਤੇ ਚਿੱਟੇ ਆਂਡਿਆਂ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਹੈ।
ਸਿਹਤ ਮੁੱਦਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਵੈੱਬਸਾਈਟ ਮੈਡੀਕਲ ਨਿਊਜ਼ ਟੂਡੇ ਮੁਤਾਬਕ, "ਦੋਵਾਂ ਰੰਗਾਂ ਦੇ ਆਂਡਿਆਂ ਵਿੱਚ ਤਕਰੀਬਨ ਇੱਕੋ ਜਿਹੀ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ (ਏ, ਡੀ, ਬੀ12) ਅਤੇ ਖਣਿਜ ਹੁੰਦੇ ਹਨ।"
"ਹਾਲਾਂਕਿ, ਫ੍ਰੀ-ਰੇਂਜ ਅਤੇ ਓਮੇਗਾ-3 ਨਾਲ ਭਰਪੂਰ ਆਂਡਿਆਂ ਵਿੱਚ ਵਧੇਰੇ ਵਿਟਾਮਿਨ ਡੀ ਅਤੇ ਓਮੇਗਾ-3 ਫੈਟੀ ਐਸਿਡ ਹੋ ਸਕਦੇ ਹਨ।"
ਯੂਐੱਸਡੀਏ ਦੇ ਮੁਤਾਬਕ, ਆਂਡਿਆਂ ਦਾ ਆਕਾਰ ਉਨ੍ਹਾਂ ਦੇ ਰੰਗ ਨਾਲੋਂ ਉਨ੍ਹਾਂ ਦੇ ਪੋਸ਼ਣ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।
ਯੂਐੱਸਡੀਏ ਦਾ ਕਹਿਣਾ ਹੈ ਕਿ ਵੱਡੇ ਆਂਡਿਆਂ ਵਿੱਚ ਲਗਭਗ 90 ਕੈਲੋਰੀਆਂ ਅਤੇ 8 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦੋਂ ਕਿ ਦਰਮਿਆਨੇ ਆਂਡਿਆਂ ਵਿੱਚ ਤਕਰੀਬਨ 60 ਕੈਲੋਰੀਆਂ ਅਤੇ 6 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਅਮਰੀਕੀ ਸੰਸਥਾ ਯੂਨਾਈਟਿਡ ਸਟੇਟਸ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ (ਐੱਨਐੱਲਐੱਮ) ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਖੁੱਲ੍ਹ ਕੇ ਘੁੰਮਣ ਵਾਲੀਆਂ ਮੁਰਗੀਆਂ ਤੋਂ ਪੈਦਾ ਹੋਣ ਵਾਲੇ ਆਂਡੇ ਵਿੱਚ ਵਿਟਾਮਿਨ ਡੀ ਦਾ ਪੱਧਰ ਵਧੇਰੇ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਧੁੱਪ ਮਿਲਦੀ ਹੈ।
ਭੂਰੇ ਆਂਡੇ ਮਹਿੰਗੇ ਕਿਉਂ ਹਨ?

ਜੇਕਰ ਦੋਵਾਂ ਆਂਡਿਆਂ ਵਿੱਚ ਮੌਜੂਦ ਪੌਸ਼ਟਿਕ ਤੱਤ ਤਕਰੀਬਨ ਇੱਕੋ ਜਿਹੇ ਹਨ ਤਾਂ ਭੂਰਾ ਆਂਡਾ ਚਿੱਟੇ ਆਂਡੇ ਨਾਲੋਂ ਥੋੜ੍ਹਾ ਮਹਿੰਗਾ ਕਿਉਂ ਹੈ?
ਡਾਇਟੀਸ਼ੀਅਨ ਅਨੂ ਅਗਰਵਾਲ ਇਸ ਪਿੱਛੇ ਦੋ ਮੁੱਖ ਕਾਰਨ ਦੱਸਦੇ ਹਨ।
ਉਨ੍ਹਾਂ ਮੁਤਾਬਕ, "ਪਹਿਲਾ ਕਾਰਨ ਇਹ ਹੈ ਕਿ ਚਿੱਟੇ ਆਂਡਿਆਂ ਦੇ ਮੁਕਾਬਲੇ ਭੂਰੇ ਆਂਡੇ ਬਾਜ਼ਾਰ ਵਿੱਚ ਘੱਟ ਉਪਲੱਬਧ ਹਨ। ਦੂਜਾ ਕਾਰਨ ਇਹ ਹੈ ਕਿ ਭੂਰੇ ਆਂਡੇ ਦੇਣ ਵਾਲੀਆਂ ਮੁਰਗੀਆਂ ਦੀ ਨਸਲ ਵੱਡੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਵਧੇਰੇ ਭੋਜਨ ਦੀ ਲੋੜ ਹੁੰਦੀ ਹੈ।"
"ਇਸਦਾ ਮਤਲਬ ਹੈ ਕਿ ਉਤਪਾਦਨ ਲਾਗਤ ਵਧਣ ਕਾਰਨ ਉਨ੍ਹਾਂ ਦੀ ਕੀਮਤ ਵੀ ਵਧ ਜਾਂਦੀ ਹੈ।"
ਯੂਐੱਸਡੀਏ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਭੂਰੇ ਆਂਡੇ ਦੇਣ ਵਾਲੀਆਂ ਮੁਰਗੀਆਂ ਜ਼ਿਆਦਾ ਭੋਜਨ ਖਾਂਦੀਆਂ ਹਨ, ਇਸ ਲਈ ਉਹ ਬਾਜ਼ਾਰ ਵਿੱਚ ਵੱਧ ਕੀਮਤ 'ਤੇ ਵਿਕਦੀਆਂ ਹਨ।
ਕੀ ਸੁਆਦ ਵਿੱਚ ਵੀ ਕੋਈ ਫ਼ਰਕ ਹੈ?

ਤਸਵੀਰ ਸਰੋਤ, Getty Images
ਕੁਝ ਲੋਕ ਕਹਿੰਦੇ ਹਨ ਕਿ ਭੂਰੇ ਆਂਡੇ ਦਾ ਸੁਆਦ ਵੱਖਰਾ ਹੁੰਦਾ ਹੈ ਜਦੋਂ ਕਿ ਦੂਜੇ ਪਾਸੇ ਕੁਝ ਲੋਕ ਚਿੱਟੇ ਆਂਡੇ ਪਸੰਦ ਕਰਦੇ ਹਨ।
ਅਮਰੀਕੀ ਮੀਡੀਆ ਸੰਗਠਨ ਹੈਲਥਲਾਈਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, "ਚਿੱਟੇ ਅਤੇ ਭੂਰੇ ਆਂਡੇ ਦੇ ਸੁਆਦ ਵਿੱਚ ਪੌਸ਼ਟਿਕ ਤੱਤਾਂ ਵਾਂਗ ਕੋਈ ਅਹਿਮ ਫ਼ਰਕ ਨਹੀਂ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਆਂਡੇ ਇੱਕੋ ਜਿਹੇ ਸੁਆਦ ਦੇ ਹੁੰਦੇ ਹਨ।'
ਰਿਪੋਰਟ ਮੁਤਾਬਕ, "ਹੋਰ ਕਾਰਕ ਆਂਡੇ ਦੇ ਸੁਆਦ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਵਿੱਚ ਮੁਰਗੀ ਦੀ ਨਸਲ, ਫੀਡ ਦੀ ਕਿਸਮ, ਆਂਡੇ ਦੀ ਤਾਜ਼ਗੀ ਅਤੇ ਖਾਣਾ ਪਕਾਉਣ ਦਾ ਤਰੀਕਾ ਸ਼ਾਮਲ ਹੈ।"
"ਘਰ ਵਿੱਚ ਪਾਲੀਆਂ ਗਈਆਂ ਮੁਰਗੀਆਂ ਦੀ ਖ਼ੁਰਾਕ ਰਵਾਇਤੀ ਤੌਰ 'ਤੇ ਪਾਲੀਆਂ ਗਈਆਂ ਮੁਰਗੀਆਂ ਵਰਗੀ ਨਹੀਂ ਹੁੰਦੀ ਅਤੇ ਖੁਰਾਕ ਆਂਡੇ ਦੇ ਸੁਆਦ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।"
ਕਿਹੜਾ ਆਂਡਾ ਚੁਣਨਾ ਹੈ?
ਕਈ ਵਾਰ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਭੂਰੇ ਆਂਡੇ ਚਿੱਟੇ ਆਂਡਿਆਂ ਨਾਲੋਂ ਵਧੇਰੇ ਜੈਵਿਕ ਹੁੰਦੇ ਹਨ।
ਹਾਲਾਂਕਿ ਅਮਰੀਕਨ ਐੱਗ ਬੋਰਡ ਦੇ ਸੰਚਾਰ ਨਿਰਦੇਸ਼ਕ ਮਾਰਕ ਡ੍ਰੇਸਨਰ ਇਸ ਦਾਅਵੇ ਤੋਂ ਇਨਕਾਰ ਕਰਦੇ ਹਨ ।
ਉਹ ਕਹਿੰਦੇ ਹਨ, "ਭੂਰੇ ਆਂਡੇ ਵਧੇਰੇ ਸਿਹਤਮੰਦ ਜਾਂ 'ਕੁਦਰਤੀ' ਮੰਨੇ ਜਾਂਦੇ ਹਨ, ਪਰ ਅਜਿਹਾ ਨਹੀਂ ਹੈ।"
"ਸਾਰੇ ਆਂਡੇ ਸਿਹਤ ਲਈ ਚੰਗੇ ਹੁੰਦੇ ਹਨ। ਜੈਵਿਕ ਆਂਡੇ ਚਿੱਟੇ ਅਤੇ ਭੂਰੇ ਦੋਵੇਂ ਹੋ ਸਕਦੇ ਹਨ, ਪਰ ਇਹ ਸੋਚਣਾ ਗ਼ਲਤ ਹੈ ਕਿ ਸਾਰੇ ਭੂਰੇ ਆਂਡੇ ਆਰਗੈਨਿਕ ਹਨ।"
ਕੁੱਲ ਮਿਲਾ ਕੇ ਲੋਕਾਂ ਨੂੰ ਰੰਗ 'ਤੇ ਧਿਆਨ ਦੇਣ ਦੀ ਬਜਾਇ ਆਂਡੇ ਖਰੀਦਦੇ ਸਮੇਂ ਉਨ੍ਹਾਂ ਦੀ ਤਾਜ਼ਗੀ ਅਤੇ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਆਂਡੇ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ :
- ਸਾਫ਼ ਬਿਨ੍ਹਾਂ ਟੁੱਟੇ ਛਿਲਕਿਆਂ ਵਾਲੇ ਆਂਡੇ ਚੁਣੋ।
- ਉਹ ਆਂਡੇ ਨਾ ਖ਼ਰੀਦੋ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੋਵੇ।
- ਜ਼ਰੂਰਤਾਂ ਅਤੇ ਬਜਟ ਦੇ ਮੁਤਾਬਕ ਸਹੀ ਆਕਾਰ ਦੇ ਆਂਡੇ ਚੁਣੋ।
- ਖਰੀਦਣ ਤੋਂ ਬਾਅਦ ਆਂਡਿਆਂ ਨੂੰ ਤੁਰੰਤ ਫਰਿੱਜ ਵਿੱਚ ਰੱਖੋ।
- ਆਂਡੇ ਚੁਣਦੇ ਸਮੇਂ ਜਾਣੋ ਕੇ ਇਹ ਕਿੰਨੇ ਤਾਜ਼ੇ ਹਨ ਅਤੇ ਆਏ ਕਿਸ ਫ਼ਾਰਮ ਤੋਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












