ਹਲਦੀ ਦੇ ਬਹੁਤ ਸਾਰੇ ਫਾਇਦੇ ਦੱਸੇ ਜਾਂਦੇ ਹਨ, ਪਰ ਕੀ ਇਸ ਤੋਂ ਕੋਈ ਨੁਕਸਾਨ ਵੀ ਹੁੰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਮੇਤ ਲਗਭਗ ਸਾਰੇ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਰਸੋਈਆਂ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅਕਸਰ ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਹਲਦੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ।
ਤੁਹਾਨੂੰ ਇੰਟਰਨੈੱਟ ਤੋਂ ਲੈ ਕੇ ਅਖ਼ਬਾਰਾਂ ਅਤੇ ਵੱਖ-ਵੱਖ ਰਸਾਲਿਆਂ ਤੱਕ ਹਜ਼ਾਰਾਂ ਅਜਿਹੇ ਲੇਖ ਮਿਲਣਗੇ, ਜਿਨ੍ਹਾਂ ਵਿੱਚ ਹਲਦੀ ਨੂੰ ਦਿਲ ਦੀ ਜਲਨ, ਬਦਹਜ਼ਮੀ ਅਤੇ ਸ਼ੂਗਰ, ਡਿਪਰੈਸ਼ਨ, ਅਲਜ਼ਾਈਮਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਲਾਭਦਾਇਕ ਦੱਸਿਆ ਗਿਆ ਹੈ।
ਕੁਝ ਲੇਖਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਂਸਰ ਦਾ ਇਲਾਜ ਵੀ ਹਲਦੀ ਨਾਲ ਕੀਤਾ ਜਾ ਸਕਦਾ ਹੈ।
ਹਲਦੀ ਦੀ ਵਰਤੋਂ ਨਾ ਸਿਰਫ਼ ਭੋਜਨ ਵਿੱਚ ਕੀਤੀ ਜਾਂਦੀ ਹੈ ਬਲਕਿ ਇਸ ਨੂੰ ਚਮੜੀ ਲਈ ਵੀ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ।
ਹਲਦੀ 'ਤੇ ਹੋਈਆਂ ਖੋਜਾਂ

ਤਸਵੀਰ ਸਰੋਤ, Getty Images
ਹਲਦੀ 'ਤੇ ਸੈਂਕੜੇ ਅਧਿਐਨ ਕੀਤੇ ਗਏ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਮੌਜੂਦ ਇੱਕ ਮਿਸ਼ਰਣ ਇਸ ਦੇ ਔਸ਼ਧੀ ਗੁਣਾਂ ਲਈ ਜ਼ਿੰਮੇਵਾਰ ਹੈ ਅਤੇ ਇਹ ਹੈ - ਕਰਕਿਊਮਿਨ।
ਕਰਕਿਊਮਿਨ ਕਾਰਨ ਹੀ ਹਲਦੀ ਦਾ ਰੰਗ ਪੀਲਾ ਹੁੰਦਾ ਹੈ। ਹਲਦੀ ਨੂੰ ਆਮ ਤੌਰ 'ਤੇ ਇੱਕ ਚਮਕਦਾਰ ਪੀਲਾ ਮਸਾਲਾ ਮੰਨਿਆ ਜਾਂਦਾ ਹੈ।
ਇਹ ਅਦਰਕ ਦੇ ਪਰਿਵਾਰ ਦਾ ਇੱਕ ਮਸਾਲਾ ਹੁੰਦਾ ਹੈ। ਇਸਦੀ ਕਾਸ਼ਤ ਦੁਨੀਆ ਭਰ ਦੇ ਕਈ ਗਰਮ ਖੇਤਰਾਂ ਵਿੱਚ ਕੀਤੀ ਜਾਂਦੀ ਹੈ।
ਹਲਦੀ ਦੀ ਵਰਤੋਂ ਲੰਬੇ ਸਮੇਂ ਤੋਂ ਇਸਦੇ ਸਿਹਤ ਲਾਭਾਂ ਦੇ ਨਾਲ-ਨਾਲ ਸੁਆਦ ਵਧਾਉਣ ਲਈ ਕੀਤੀ ਜਾਂਦੀ ਰਹੀ ਹੈ।
ਭਾਰਤ ਅਤੇ ਚੀਨ ਵਰਗੇ ਕਈ ਦੇਸ਼ਾਂ ਵਿੱਚ ਸੈਂਕੜੇ ਸਾਲਾਂ ਤੋਂ ਹਲਦੀ ਦੀ ਵਰਤੋਂ ਚਮੜੀ ਦੇ ਰੋਗਾਂ, ਸਾਹ ਦੀਆਂ ਸਮੱਸਿਆਵਾਂ, ਜੋੜਾਂ ਦੇ ਦਰਦ ਅਤੇ ਪਾਚਨ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।
ਭਾਰਤ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦੇ ਅਨੁਸਾਰ, ਹਲਦੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਮੰਤਰਾਲੇ ਨੇ ਇਸ ਦੀ ਇੱਕ ਲੰਬੀ ਸੂਚੀ ਵੀ ਦਿੱਤੀ ਹੈ।
ਚੂਹਿਆਂ 'ਤੇ ਕੀਤੇ ਗਏ ਇੱਕ ਪ੍ਰਯੋਗ ਵਿੱਚ, ਇਹ ਪਾਇਆ ਗਿਆ ਕਿ ਕਰਕਿਊਮਿਨ ਦੀ ਬਹੁਤ ਜ਼ਿਆਦਾ ਮਾਤਰਾ ਉਨ੍ਹਾਂ ਵਿੱਚ ਕਈ ਕਿਸਮਾਂ ਦੇ ਕੈਂਸਰ ਦੇ ਵਾਧੇ ਨੂੰ ਰੋਕਣ ਵਿੱਚ ਸਫ਼ਲ ਰਹੀ।

ਚੂਹਿਆਂ 'ਤੇ ਕੀਤੇ ਗਏ ਇੱਕ ਅਧਿਐਨ ਤੋਂ ਬਾਅਦ, ਵਿਗਿਆਨੀਆਂ ਨੇ ਕਿਹਾ ਹੈ ਕਿ ਹਲਦੀ ਵਿੱਚ ਪਾਏ ਜਾਣ ਵਾਲੇ ਕਰਕਿਊਮਿਨ ਨਾਲ ਸਿਰੋਸਿਸ ਭਾਵ ਜਿਗਰ ਦੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ।
ਇਹ ਅਧਿਐਨ ਬ੍ਰਿਟਿਸ਼ ਮੈਡੀਕਲ ਜਰਨਲ 'ਗਟ' ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ।
ਆਪਣੇ ਅਧਿਐਨ ਵਿੱਚ ਆਸਟ੍ਰੀਆ ਦੇ ਵਿਗਿਆਨੀ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕੀ ਕਰਕਿਊਮਿਨ ਜਿਗਰ ਦੀਆਂ ਬਿਮਾਰੀਆਂ ਨੂੰ ਕੁਝ ਸਮੇਂ ਲਈ ਟਾਲ ਸਕਦਾ ਹੈ ਜਾਂ ਨਹੀਂ। ਇਨ੍ਹਾਂ ਸਥਿਤੀਆਂ ਵਿੱਚ ਪ੍ਰਾਇਮਰੀ ਸਕਲੇਰੋਜ਼ਿੰਗ ਅਤੇ ਪ੍ਰਾਇਮਰੀ ਬਿਲੀਰੀ ਸਿਰੋਸਿਸ ਮੁੱਖ ਹਨ।
ਇਨ੍ਹਾਂ ਦੋਵਾਂ ਸਥਿਤੀਆਂ ਵਿੱਚ ਜਿਗਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਵਿਗਿਆਨੀਆਂ ਨੇ ਕਿਹਾ ਕਿ ਇਸ ਨਾਲ ਘਾਤਕ ਜਿਗਰ ਸਿਰੋਸਿਸ ਵੀ ਹੋ ਸਕਦਾ ਹੈ।
ਇਸ ਅਧਿਐਨ ਦੇ ਮੁਖੀ ਆਸਟ੍ਰੀਆ ਦੇ ਗ੍ਰਾਜ਼ ਵਿੱਚ ਮੈਡੀਕਲ ਯੂਨੀਵਰਸਿਟੀ ਵਿੱਚ ਗੈਸਟ੍ਰੋਐਂਟਰੌਲੋਜੀ ਅਤੇ ਹੈਪੇਟੋਲੋਜੀ (ਜਿਗਰ ਦਾ ਅਧਿਐਨ) ਦੇ ਮਾਈਕਲ ਟਰਨਰ ਸਨ।
ਇਸ ਤੋਂ ਪਹਿਲਾਂ ਦੇ ਅਧਿਐਨਾਂ ਵਿੱਚ ਕਿਹਾ ਗਿਆ ਸੀ ਕਿ ਹਲਦੀ ਆਪਣੇ ਐਂਟੀ-ਇਨਫਲਾਮੇਟਰੀ ਅਤੇ ਐਂਟੀਆਕਸੀਡੈਂਟ ਗੁਣਾਂ ਕਾਰਨ ਕੁਝ ਬਿਮਾਰੀਆਂ ਨਾਲ ਆਸਾਨੀ ਨਾਲ ਲੜ ਸਕਦੀ ਹੈ।
ਹਲਦੀ ਨਾਲ ਜੁੜੇ ਫਾਇਦੇ

ਤਸਵੀਰ ਸਰੋਤ, Getty Images
ਪਰ ਹਲਦੀ ਵਿੱਚ ਸਿਰਫ਼ ਦੋ ਤੋਂ ਤਿੰਨ ਫੀਸਦ ਕਰਕਿਊਮਿਨ ਹੁੰਦਾ ਹੈ ਅਤੇ ਜਦੋਂ ਅਸੀਂ ਇਸ ਨੂੰ ਖਾਂਦੇ ਹਾਂ, ਤਾਂ ਇਹ ਸਾਡੇ ਸਰੀਰ ਅੰਦਰ ਓਨੀ ਮਾਤਰਾ ਵਿੱਚ ਵੀ ਨਹੀਂ ਲੀਨ ਹੁੰਦਾ।
ਹਾਲਾਂਕਿ, ਬਹੁਤ ਘੱਟ ਲਿਖਤੀ ਅਧਿਐਨਾਂ ਨੇ ਦੱਸਿਆ ਹੈ ਕਿ ਭੋਜਨ ਵਿੱਚ ਹਲਦੀ ਦੀ ਆਮ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ।
ਬੰਗਲੁਰੂ ਸਥਿਤ ਡਾਕਟਰ ਅਤੇ ਪੋਸ਼ਣ ਮਾਹਰ ਅਤਰੇਆ ਨਿਹਾਰਚੰਦਰ ਕਹਿੰਦੀ ਹੈ, "ਹਲਦੀ 'ਤੇ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਗਈਆਂ ਹਨ। ਅਸੀਂ ਕਿਸੇ ਵੀ ਪੜਾਅ ਦੇ ਕੈਂਸਰ ਦੇ ਮਰੀਜ਼ਾਂ ਨੂੰ ਜਾਨਵਰਾਂ ਦੇ ਉਤਪਾਦ ਜਾਂ ਡੇਅਰੀ ਉਤਪਾਦ ਨਹੀਂ ਦਿੰਦੇ।"
"ਅਸੀਂ ਉਨ੍ਹਾਂ ਨੂੰ ਸਬਜ਼ੀਆਂ ਜਾਂ ਫਲ ਦਿੰਦੇ ਹਾਂ। ਅਜਿਹੇ ਮਰੀਜ਼ਾਂ ਲਈ ਹਲਦੀ ਕੀਟਾਣੂਆਂ ਨੂੰ ਮਾਰਨ ਅਤੇ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੀ ਹੈ।"
ਉਨ੍ਹਾਂ ਦਾ ਕਹਿਣਾ ਹੈ, "ਭਾਰਤੀ ਖਾਣੇ ਵਿੱਚ ਆਮ ਤੌਰ ʼਤੇ ਹਲਦੀ ਮਿਲਾਈ ਜਾਂਦੀ ਹੈ ਕਿਉਂਕਿ ਇਹ ਪਾਚਨ ਵਿੱਚ ਮਦਦ ਕਰਦੀ ਹੈ। ਹਲਦੀ ਪ੍ਰਦੂਸ਼ਣ ਕਾਰਨ ਸਰੀਰ ʼਤੇ ਹੋਣ ਵਾਲੇ ਅਸਰ ਨਾਲ ਲੜਨ ਵਿੱਚ ਮਦਦ ਕਰਦੀ ਹੈ।"
"ਦੁਨੀਆਂ ਦੇ ਕਈ ਦੇਸ਼ਾਂ ਵਿੱਚ ਹਲਦੀ ਰੋਜ਼ਾਨਾ ਦੇ ਖਾਣੇ ਵਿੱਚ ਨਹੀਂ ਮਿਲਾਈ ਜਾਂਦੀ ਤਾਂ ਉਹ ਇਸਦੇ ਬਦਲੇ ਹਲਦੀ ਦੀਆਂ ਗੋਲੀਆਂ ਲੈਂਦੇ ਹਨ।"

ਤਸਵੀਰ ਸਰੋਤ, Getty Images
ਡਾ. ਅਤਰੇਆ ਨਿਹਾਰਚੰਦਰ ਕਹਿੰਦੀ ਹੈ, "ਆਮ ਤੌਰ 'ਤੇ ਰੋਜ਼ਾਨਾ ਇੱਕ ਚਮਚ ਹਲਦੀ ਜਾਂ ਅੱਠ ਗ੍ਰਾਮ ਤੱਕ ਹਲਦੀ ਲੈਣਾ ਸੁਰੱਖਿਅਤ ਹੁੰਦਾ ਹੈ।"
ਉਹ ਦੱਸਦੀ ਹੈ, "ਜੇ ਅਸੀਂ ਇਸਨੂੰ ਹੋਰ ਬਾਰੀਕੀ ਨਾਲ ਵੇਖੀਏ, ਤਾਂ ਇੱਕ ਕਿਲੋਗ੍ਰਾਮ ਸਰੀਰ ਦੇ ਭਾਰ ਲਈ ਰੋਜ਼ਾਨਾ 1.4 ਮਿਲੀਗ੍ਰਾਮ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਹੈ। ਯਾਨੀ, ਜੇਕਰ ਕਿਸੇ ਦਾ ਭਾਰ 60 ਕਿਲੋਗ੍ਰਾਮ ਹੈ, ਤਾਂ ਉਹ ਲਗਭਗ 8.4 ਗ੍ਰਾਮ ਹਲਦੀ ਦਾ ਸੇਵਨ ਕਰ ਸਕਦਾ ਹੈ।"
ਭਾਰਤ ਵਿੱਚ ਵਿਆਹਾਂ ਵਿੱਚ ਅਜਿਹੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹਲਦੀ ਦੇ ਗੁਣਾਂ ਦੇ ਕਾਰਨ, ਇਸ ਨੂੰ ਕਈ ਸੁੰਦਰਤਾ ਉਤਪਾਦਾਂ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈ।
ਪੋਸ਼ਣ ਮਾਹਰ ਡਾ. ਸੀਮਾ ਗੁਲਾਟੀ ਕਹਿੰਦੀ ਹੈ ਕਿ ਹਲਦੀ ਵਿੱਚ ਐਂਟੀ ਇਨਫਲਾਮੇਟਰੀ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜਿਸ ਕਾਰਨ ਇਹ ਕਈ ਤਰ੍ਹਾਂ ਦੇ ਚਮੜੀ ਦੇ ਇਨਫੈਕਸ਼ਨਾਂ ਵਿੱਚ ਵੀ ਲਾਭਦਾਇਕ ਹੈ।
ਕੀ ਹਲਦੀ ਖਾਣ ਦਾ ਕੋਈ ਨੁਕਸਾਨ ਵੀ ਹੈ

ਤਸਵੀਰ ਸਰੋਤ, Getty Images
ਆਮ ਤੌਰ 'ਤੇ, ਰਵਾਇਤੀ ਤਰੀਕੇ ਨਾਲ ਢੁਕਵੀਂ ਮਾਤਰਾ ਵਿੱਚ ਹਲਦੀ ਦਾ ਸੇਵਨ ਸੁਰੱਖਿਅਤ ਹੁੰਦਾ ਹੈ। ਹਾਲਾਂਕਿ, ਭੋਜਨ ਵਿੱਚ ਬਹੁਤ ਜ਼ਿਆਦਾ ਹਲਦੀ ਦਾ ਸੇਵਨ ਕਰਨਾ ਜਾਂ ਬਹੁਤ ਜ਼ਿਆਦਾ ਗੋਲੀਆਂ ਲੈਣਾ ਮਾੜੇ ਪ੍ਰਭਾਵ ਪਾ ਸਕਦਾ ਹੈ।
ਬਹੁਤ ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਜੀਅ ਕੱਚਾ ਹੋਣਾ, ਉਲਟੀਆਂ, ਐਸਿਡ ਰਿਫਲਕਸ (ਛਾਤੀ ਅਤੇ ਗਲੇ ਵਿੱਚ ਜਲਣ), ਪੇਟ ਖ਼ਰਾਬ ਹੋਣਾ, ਦਸਤ ਜਾਂ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪੋਸ਼ਣ ਮਾਹਰ ਡਾ. ਸੀਮਾ ਗੁਲਾਟੀ ਕਹਿੰਦੀ ਹੈ, "ਜੇਕਰ ਕਿਸੇ ਨੂੰ ਹਲਦੀ ਨਾਲ ਨਿੱਜੀ ਸਮੱਸਿਆ ਹੈ, ਤਾਂ ਇਹ ਵੱਖਰੀ ਗੱਲ ਹੈ, ਪਰ ਜੇਕਰ ਹਲਦੀ ਤੈਅ ਮਾਤਰਾ ਵਿੱਚ ਲਈ ਜਾਂਦੀ ਹੈ, ਤਾਂ ਹੁਣ ਤੱਕ ਕੋਈ ਨੁਕਸਾਨ ਨਹੀਂ ਦੇਖਿਆ ਗਿਆ ਹੈ।"
ਖੂਨ 'ਤੇ ਕਰਕਿਊਮਿਨ ਦੇ ਪ੍ਰਭਾਵ ਅਤੇ ਐਸਪਰੀਨ ਦੇ ਨਾਲ ਇਸ ਦੀ ਵਰਤੋਂ ਦੇ ਸੰਭਾਵਿਤ ਨਤੀਜਿਆਂ 'ਤੇ ਵੀ ਕਈ ਅਧਿਐਨ ਕੀਤੇ ਗਏ ਹਨ।
ਸੀਮਾ ਗੁਲਾਟੀ ਕਹਿੰਦੀ ਹੈ, "ਇਸ ਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਨਾਲ ਕਈ ਵਾਰ ਗੈਸਟ੍ਰਿਕ ਸਮੱਸਿਆਵਾਂ ਜਾਂ ਐਸਪਰੀਨ ਵਰਗੇ ਪ੍ਰਭਾਵ ਹੋ ਸਕਦੇ ਹਨ।"
ਡਾ. ਅਤਰੇਆ ਦੇ ਅਨੁਸਾਰ, ਐਸਪਰੀਨ ਵਰਗੀਆਂ ਦਵਾਈਆਂ ਲੈਣ ਵਾਲੇ ਲੋਕਾਂ ਨੂੰ ਹਲਦੀ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਖੂਨ ਪਤਲਾ ਹੋਣ ਦੀ ਸਮੱਸਿਆ ਵਾਲੇ ਲੋਕਾਂ ਨੂੰ ਵੀ ਹਲਦੀ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












