ਤੰਦਰੁਸਤੀ ਲਈ 10 ਹਜ਼ਾਰ ਕਦਮ ਤੁਰਨ ਦੀ ਲੋੜ ਨਹੀਂ, ਸਿਰਫ਼ ਇੰਨੇ ਕਦਮ ਚੱਲਣ ਨਾਲ ਵੀ ਬਿਮਾਰੀਆਂ ਤੋਂ ਰਹਿ ਸਕਦੇ ਹੋ ਦੂਰ

ਤੁਰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਸਰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਦਿਨ ਵਿੱਚ 10 ਹਜ਼ਾਰ ਕਦਮ ਤੁਰਨਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ (ਸੰਕੇਤਕ ਤਸਵੀਰ)
    • ਲੇਖਕ, ਜੋਸ਼ ਐਲਗਿਨ
    • ਰੋਲ, ਬੀਬੀਸੀ ਨਿਊਜ਼

ਦਿਨ ਵਿੱਚ ਸੱਤ ਹਜ਼ਾਰ ਕਦਮ ਤੁਰਨਾ ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਕਾਫ਼ੀ ਹੋ ਸਕਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਖੋਜ ਦੇ ਅਨੁਸਾਰ, ਸੱਤ ਹਜ਼ਾਰ ਕਦਮਾਂ ਦਾ ਟੀਚਾ ਅਕਸਰ ਦੱਸੇ ਜਾਣ ਵਾਲੇ ਦਸ ਹਜ਼ਾਰ ਕਦਮਾਂ ਨਾਲੋਂ ਸੌਖਾ ਅਤੇ ਹਕੀਕਤ ਦੇ ਨੇੜੇ ਹੈ।

ਲੈਂਸੇਟ ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸੱਤ ਹਜ਼ਾਰ ਕਦਮ ਤੁਰਨ ਨਾਲ ਕੈਂਸਰ, ਡਿਮੈਂਸ਼ੀਆ ਅਤੇ ਦਿਲ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਘਟ ਜਾਂਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਲੋਕਾਂ ਨੂੰ ਰੋਜ਼ਾਨਾ ਆਪਣੇ ਕਦਮ ਗਿਣਨ ਅਤੇ ਆਪਣੀ ਸਿਹਤ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ।

ਦਸ ਹਜ਼ਾਰ ਕਦਮ ਚੱਲਣ ਦੀ ਥਿਓਰੀ ਕਿੱਥੋਂ ਆਈ?

ਤੁਰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਤਾਜ਼ਾ ਅਧਿਐਨ ਮੁਤਾਬਕ, ਦਿਨ 'ਚ ਸੱਤ ਹਜ਼ਾਰ ਕਦਮ ਤੁਰਨਾ ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਕਾਫ਼ੀ ਹੋ ਸਕਦਾ ਹੈ (ਸੰਕੇਤਕ ਤਸਵੀਰ)

ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਡਾਕਟਰ ਮੇਲੋਡੀ ਡਿੰਗ ਕਹਿੰਦੇ ਹਨ ਕਿ ''ਸਾਡੇ ਮਨ 'ਚ ਇਹ ਧਾਰਨਾ ਹੈ ਕਿ ਹਰ ਰੋਜ਼ 10,000 ਕਦਮ ਤੁਰਨਾ ਜ਼ਰੂਰੀ ਹੈ। ਪਰ ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ।''

10,000 ਕਦਮ ਲਗਭਗ ਅੱਠ ਕਿਲੋਮੀਟਰ ਦੇ ਬਰਾਬਰ ਹੁੰਦੇ ਹਨ। ਇਹ ਦੂਰੀ ਹਰੇਕ ਵਿਅਕਤੀ ਲਈ ਵੱਖਰੀ ਹੋ ਸਕਦੀ ਹੈ। ਇਹ ਕਦਮ ਦੀ ਲੰਬਾਈ 'ਤੇ ਨਿਰਭਰ ਕਰਦੀ ਹੈ, ਜੋ ਕਿ ਵਿਅਕਤੀ ਦੇ ਕੱਦ, ਲਿੰਗ ਅਤੇ ਤੁਰਨ ਦੀ ਗਤੀ ਦੇ ਨਾਲ ਬਦਲਦੀ ਹੈ। ਤੇਜ਼ ਤੁਰਨ ਵਾਲੇ ਆਮ ਤੌਰ 'ਤੇ ਲੰਬੇ ਕਦਮ ਰੱਖਦੇ ਹਨ।

10 ਹਜ਼ਾਰ ਕਦਮਾਂ ਦਾ ਅੰਕੜਾ 1960 ਦੇ ਦਹਾਕੇ ਵਿੱਚ ਜਾਪਾਨ ਵਿੱਚ ਇੱਕ ਮਾਰਕੀਟਿੰਗ ਮੁਹਿੰਮ ਤੋਂ ਆਇਆ ਸੀ। 1964 ਦੇ ਟੋਕੀਓ ਓਲੰਪਿਕ ਤੋਂ ਪਹਿਲਾਂ ਇੱਕ ਪੈਡੋਮੀਟਰ ਲਾਂਚ ਕੀਤਾ ਗਿਆ ਸੀ - 'ਮੈਨਪੋ-ਕੇ', ਜਿਸਦਾ ਅਰਥ ਹੁੰਦਾ ਹੈ - 10,000 ਕਦਮ।

ਡਾਕਟਰ ਡਿੰਗ ਕਹਿੰਦੇ ਹਨ ਕਿ ਇਹ ਅੰਕੜਾ 'ਸੰਦਰਭ ਤੋਂ ਹਟਾ ਕੇ' ਇੱਕ ਗੈਰ-ਰਸਮੀ ਦਿਸ਼ਾ-ਨਿਰਦੇਸ਼ ਬਣ ਗਿਆ, ਜਿਸ ਦਾ ਸੁਝਾਅ ਅੱਜ ਵੀ ਬਹੁਤ ਸਾਰੇ ਫਿਟਨੈਸ ਟਰੈਕਰ ਅਤੇ ਐਪਸ ਦਿੰਦੇ ਹਨ।

ਇਹ ਵੀ ਪੜ੍ਹੋ-

ਲੈਂਸੇਟ ਵਿੱਚ ਪ੍ਰਕਾਸ਼ਿਤ ਇਸ ਖੋਜ 'ਚ ਦੁਨੀਆਂ ਭਰ ਦੇ 1.6 ਲੱਖ ਤੋਂ ਵੱਧ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਜੋ ਲੋਕ ਰੋਜ਼ਾਨਾ 2,000 ਕਦਮ ਤੁਰਦੇ ਸਨ, ਉਨ੍ਹਾਂ ਦੀ ਤੁਲਨਾ ਵਿੱਚ 7000 ਕਦਮ ਤੁਰਨ ਵਾਲਿਆਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਘੱਟ ਖ਼ਤਰਾ ਪਾਇਆ ਗਿਆ:

  • ਦਿਲ ਸਬੰਧਿਤ ਬਿਮਾਰੀਆਂ: 25 ਫੀਸਦੀ ਘੱਟ
  • ਕੈਂਸਰ: 6 ਫੀਸਦੀ ਘੱਟ
  • ਡਿਮੈਂਸ਼ੀਆ: 38 ਫੀਸਦੀ ਘੱਟ
  • ਡਿਪਰੈਸ਼ਨ: 22 ਫੀਸਦੀ ਘੱਟ
ਕਿੰਨੇ ਹਜ਼ਾਰ ਕਦਮ ਤੁਰਨਾ ਜ਼ਰੂਰੀ

ਹਾਲਾਂਕਿ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੁਝ ਅੰਕੜੇ ਘੱਟ ਸਟੀਕ ਹੋ ਸਕਦੇ ਹਨ, ਕਿਉਂਕਿ ਉਹ ਸੀਮਤ ਅਧਿਐਨਾਂ ਤੋਂ ਲਏ ਗਏ ਹਨ।

ਕੁੱਲ ਮਿਲਾ ਕੇ, ਖੋਜ ਦੱਸਦੀ ਹੈ ਕਿ ਦਿਨ ਵਿੱਚ ਚਾਰ ਹਜ਼ਾਰ ਕਦਮ ਤੁਰਨ ਨਾਲ ਵੀ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਸਿਹਤ ਮਿਲਦੀ ਹੈ ਜੋ ਸਿਰਫ਼ ਦੋ ਹਜ਼ਾਰ ਕਦਮ ਤੁਰਦੇ ਹਨ।

ਜ਼ਿਆਦਾਤਰ ਬਿਮਾਰੀਆਂ ਲਈ, ਸੱਤ ਹਜ਼ਾਰ ਕਦਮਾਂ ਤੋਂ ਬਾਅਦ ਫਾਇਦੇ ਸਥਿਰ ਹੋ ਜਾਂਦੇ ਹਨ, ਪਰ ਦਿਲ ਦੀ ਚੰਗੀ ਸਿਹਤ ਲਈ ਉਸ ਤੋਂ ਵੱਧ ਤੁਰਨ ਦੇ ਵੀ ਵਾਧੂ ਫਾਇਦੇ ਹਨ।

ਕਿੰਨੇ ਹਜ਼ਾਰ ਕਦਮ ਤੁਰਨਾ ਜ਼ਰੂਰੀ ਹਨ?

ਕਿੰਨੇ ਹਜ਼ਾਰ ਕਦਮ ਤੁਰਨਾ ਜ਼ਰੂਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਐਨ ਦੀ ਅਗਵਾਈ ਕਰਨ ਵਾਲੇ ਡਾਕਟਰ ਕਹਿੰਦੇ ਹਨ ਕਿ 10 ਹਜ਼ਾਰ ਕਦਮ ਤੁਰਨ ਵਾਲੇ ਤੱਥ ਦਾ ਕੋਈ ਵਿਗਿਆਨਿਕ ਸਬੂਤ ਨਹੀਂ ਹੈ (ਸੰਕੇਤਕ ਤਸਵੀਰ)

ਜ਼ਿਆਦਾਤਰ, ਕਸਰਤ ਸਬੰਧੀ ਦਿਸ਼ਾ-ਨਿਰਦੇਸ਼ ਇਸ ਗੱਲ 'ਤੇ ਕੇਂਦਰਿਤ ਹੁੰਦੇ ਹਨ ਕਿ ਲੋਕ ਕਿੰਨੀ ਦੇਰ ਤੱਕ ਸਰੀਰਕ ਗਤੀਵਿਧੀ ਕਰਦੇ ਹਨ, ਨਾ ਕਿ ਉਹ ਕਿੰਨੇ ਕਦਮ ਚੁੱਕਦੇ ਹਨ।

ਉਦਾਹਰਣ ਵਜੋਂ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਕਹਿੰਦਾ ਹੈ ਕਿ ਬਾਲਗਾਂ ਨੂੰ ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦੀ ਦਰਮਿਆਨੀ ਕਸਰਤ ਜਾਂ 75 ਮਿੰਟ ਦੀ ਤੇਜ਼ ਕਸਰਤ ਕਰਨੀ ਚਾਹੀਦੀ ਹੈ।

ਡਾਕਟਰ ਡਿੰਗ ਕਹਿੰਦੇ ਹਨ ਕਿ ਇਹ ਸਲਾਹ ਬਹੁਤ ਸਾਰੇ ਲੋਕਾਂ ਲਈ ਸਮਝਣੀ ਔਖੀ ਹੋ ਸਕਦੀ ਹੈ ਪਰ ਮੌਜੂਦਾ ਦਿਸ਼ਾ-ਨਿਰਦੇਸ਼ ਮਹੱਤਵਪੂਰਨ ਹਨ।

ਉਨ੍ਹਾਂ ਕਿਹਾ, "ਕੁਝ ਲੋਕ ਤੈਰਾਕੀ ਕਰਦੇ ਹਨ, ਸਾਈਕਲ ਚਲਾਉਂਦੇ ਹਨ ਜਾਂ ਉਨ੍ਹਾਂ ਦੀਆਂ ਅਜਿਹੀਆਂ ਸਰੀਰਕ ਸੀਮਾਵਾਂ ਹੁੰਦੀਆਂ ਹਨ, ਜਿਸ ਕਾਰਨ ਉਹ ਜ਼ਿਆਦਾ ਨਹੀਂ ਚੱਲ ਸਕਦੇ।

ਪਰ ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਹਰ ਰੋਜ਼ ਕਿੰਨੇ ਕਦਮ ਚੁੱਕਣੇ ਚਾਹੀਦੇ ਹਨ, ਇਸ ਬਾਰੇ ਵੀ ਸਲਾਹ ਦਿੱਤੀ ਜਾ ਸਕਦੀ ਹੈ, ਤਾਂ ਜੋ ਉਹ ਦਿਨ ਭਰ ਵੱਖ-ਵੱਖ ਤਰੀਕਿਆਂ ਨਾਲ ਐਕਟਿਵ ਰਹਿਣ ਬਾਰੇ ਸੋਚਣ।

ਕਿੰਨੇ ਹਜ਼ਾਰ ਕਦਮ ਤੁਰਨਾ ਜ਼ਰੂਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਜ਼ਿਆਦਾ ਤੁਰਨਾ ਹਮੇਸ਼ਾ ਬਿਹਤਰ ਹੈ ਪਰ ਲੋਕਾਂ ਨੂੰ ਕਿਸੇ ਖਾਸ ਟੀਚੇ ਬਾਰੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ (ਸੰਕੇਤਕ ਤਸਵੀਰ)

ਬਰੂਨਲ ਯੂਨੀਵਰਸਿਟੀ, ਲੰਡਨ ਦੇ ਡਾਕਟਰ ਡੈਨੀਅਲ ਬੇਲੀ ਦਾ ਕਹਿਣਾ ਹੈ ਕਿ ਇਹ ਅਧਿਐਨ ਇਸ "ਮਿੱਥ" ਨੂੰ ਚੁਣੌਤੀ ਦਿੰਦਾ ਹੈ ਕਿ ਰੋਜ਼ 10,000 ਕਦਮ ਤੁਰਨਾ ਜ਼ਰੂਰੀ ਹੈ।

ਉਨ੍ਹਾਂ ਅਨੁਸਾਰ, ਵਧੇਰੇ ਸਰਗਰਮ ਲੋਕਾਂ ਲਈ ਦਸ ਹਜ਼ਾਰ ਕਦਮ ਇੱਕ ਚੰਗਾ ਟੀਚਾ ਹੋ ਸਕਦਾ ਹੈ, ਪਰ ਬਾਕੀ ਲੋਕਾਂ ਲਈ ਪੰਜ ਤੋਂ ਸੱਤ ਹਜ਼ਾਰ ਕਦਮ ਇੱਕ ਵਧੇਰੇ ਆਸਾਨ ਅਤੇ ਪ੍ਰਾਪਤ ਕਰਨ ਯੋਗ ਟੀਚਾ ਹੈ।

ਯੂਨੀਵਰਸਿਟੀ ਆਫ਼ ਪੋਰਟਸਮਾਊਥ ਦੇ ਡਾਕਟਰ ਐਂਡਰਿਊ ਸਕਾਟ ਦਾ ਵੀ ਮੰਨਣਾ ਹੈ ਕਿ ਕਦਮਾਂ ਦੀ ਸਟੀਕ ਸੰਖਿਆ ਜ਼ਰੂਰੀ ਨਹੀਂ ਹੈ।

ਉਹ ਕਹਿੰਦੇ ਹਨ, "ਜ਼ਿਆਦਾ ਤੁਰਨਾ ਹਮੇਸ਼ਾ ਬਿਹਤਰ ਹੈ ਅਤੇ ਲੋਕਾਂ ਨੂੰ ਕਿਸੇ ਖਾਸ ਟੀਚੇ ਬਾਰੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਉਨ੍ਹਾਂ ਦਿਨਾਂ ਵਿੱਚ ਜਦੋਂ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)