ਹੇਮਕੁੰਟ ਸਾਹਿਬ: ਭੂਚਾਲ, ਆਕਸੀਜਨ ਦੀ ਘਾਟ ਅਤੇ ਬਰਫ਼ਬਾਰੀ ਵਿਚਾਲੇ ਕਿਵੇਂ ਬਣਿਆ ਸੀ ਗੁਰਦੁਆਰਾ?

ਹੇਮਕੁੰਟ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਵਾ ਸਿੰਘ ਦੱਸਦੇ ਹਨ ਕਿ ਪਹਿਲਾਂ ਹੋਈ ਉਸਾਰੀ ਤੋਂ ਇਲਾਵਾ ਹੇਮਕੁੰਟ ਸਾਹਿਬ ਵਿਖੇ ਹੋਰ ਉਸਾਰੀ ਦਾ ਕੰਮ ਬੰਦ ਹੈ, ਸ਼ੈੱਡਜ਼ ਆਦਿ ਲਈ ਪ੍ਰੀ-ਫੈਬਰੀਕੇਟਡ ਕੰਸਟਰੱਕਸ਼ਨ ਕੀਤੀ ਜਾਂਦੀ ਹੈ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜ ਕੋਣਾ ਆਕਾਰ, ਸਟੀਲ ਦੀ ਛੱਤ ਅਤੇ ਇਸ ਦੇ ਕੇਂਦਰ ਵਿੱਚੋਂ ਨਿਕਲਦਾ ਹੋਇਆ ਖੰਡਾ...ਤਕਰੀਬਨ 15,000 ਫੁੱਟ 'ਤੇ ਬਣਿਆ ਹੇਮਕੁੰਟ ਸਾਹਿਬ ਰਵਾਇਤੀ ਗੁਰਦੁਆਰਿਆਂ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੈ।

ਹੇਮਕੁੰਟ ਸਾਹਿਬ ਦੀ ਮੋਜੂਦਾ ਇਮਾਰਤ ਤੋਂ ਪਹਿਲਾਂ ਇੱਥੇ ਇੱਕ ਕਮਰੇ ਦੀ ਉਸਾਰੀ ਸੀ।

ਮੋਜੂਦਾ ਇਮਾਰਤ ਨੂੰ ਬਣਾਉਣ ਦਾ ਕੰਮ 1960ਵਿਆਂ ਦੇ ਅੰਤ ਵਿੱਚ ਸ਼ੁਰੂ ਹੋਇਆ ਤਾਂ ਇਹ ਇਮਾਰਤਸਾਜ਼ਾਂ ਦੇ ਲਈ ਇੱਕ ਵੱਡੀ ਚੁਣੌਤੀ ਸੀ।

ਅਜਿਹੀ ਥਾਂ ਜੋ ਸਾਲ ਦੇ ਬਹੁਤੇ ਮਹੀਨੇ ਬਰਫ਼ ਵਿੱਚ ਢਕੀ ਰਹਿੰਦੀ ਹੈ ਜਿੱਥੇ ਬਰਫ਼ੀਲੇ ਤੂਫ਼ਾਨ ਆਮ ਹਨ ਉੱਥੇ ਇੱਕ ਧਾਰਮਿਕ ਥਾਂ ਬਣਾਉਣਾ ਜਿਸ ਵਿੱਚ ਕਰੀਬ 400 ਲੋਕ ਆ ਸਕਣ ਮੁਸ਼ਕਲ ਹੋਣ ਦੇ ਨਾਲ-ਨਾਲ ਨਿਵੇਕਲਾ ਕੰਮ ਵੀ ਸੀ। ਪਰ ਇਹ ਕਿਵੇਂ ਪੂਰਾ ਹੋਇਆ?

ਇਸ ਬਿਲਡਿੰਗ ਦਾ ਡਿਜ਼ਾਇਨ ਕਿਵੇਂ ਚੁਣਿਆ ਗਿਆ? ਇਸ ਬਿਲਡਿੰਗ ਉੱਤੇ ਕੰਮ ਕਰਨਾ ਕਿੰਨਾ ਮੁਸ਼ਕਲ ਸੀ? ਹੁਣ ਵੀ ਇਸ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ?

ਉਹ ਇਮਾਰਤਸਾਜ਼ ਜਿਸ ਨੇ ਇਹ ਸੰਭਵ ਕੀਤਾ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Hemkunt Publishers

ਤਸਵੀਰ ਕੈਪਸ਼ਨ, ਹੇਮਕੁੰਟ ਸਾਹਿਬ ਦੇ ਪ੍ਰਜੈਕਟ ਲਈ ਸਿਫ਼ਾਰਿਸ਼ ਭਾਰਤੀ ਫੌਜ ਦੇ ਤੱਤਕਾਲੀ ਇੰਜੀਨੀਅਰ-ਇੰਨ-ਚੀਫ਼ ਮੇਜਰ ਜਨਰਲ ਹਰਕੀਰਤ ਸਿੰਘ ਨੇ ਕੀਤੀ ਸੀ

ਹੇਮਕੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਪੈਂਦਾ ਹੈ।

ਹੇਮਕੁੰਟ ਸਾਹਿਬ ਦੀ ਬਿਲਡਿੰਗ ਬਣਾਉਣ ਦੇ ਪ੍ਰੋਜੈਕਟ ਦੀ ਅਗਵਾਈ ਮਨਮੋਹਨ ਸਿੰਘ ਸਿਆਲੀ ਨਾਮ ਦੇ ਇਮਾਰਤਸਾਜ਼ ਵਲੋਂ ਕੀਤੀ ਗਈ ਸੀ।

ਐੱਮਐੱਸ ਸਿਆਲੀ ਨੇ ਚੰਡੀਗੜ੍ਹ ਦੀ ਉਸਾਰੀ ਦੇ ਪ੍ਰੋਜੈਕਟ ਵਿੱਚ ਵੀ ਕੰਮ ਕੀਤਾ ਸੀ, ਕੁਝ ਸਾਲਾਂ ਬਾਅਦ 1964 ਵਿੱਚ ਉਹ ਰੱਖਿਆ ਮੰਤਰਾਲੇ ਵਿੱਚ ਸੀਨੀਅਰ ਆਰਕੀਟੈਕਟ ਵਜੋਂ ਕੰਮ ਕਰਨ ਲੱਗੇ ਸਨ।

ਉਨ੍ਹਾਂ ਦੀ ਇਸ ਪ੍ਰਜੈਕਟ ਲਈ ਸਿਫ਼ਾਰਿਸ਼ ਭਾਰਤੀ ਫੌਜ ਦੇ ਤੱਤਕਾਲੀ ਇੰਜੀਨੀਅਰ-ਇੰਨ-ਚੀਫ਼ ਮੇਜਰ ਜਨਰਲ ਹਰਕੀਰਤ ਸਿੰਘ ਨੇ ਕੀਤੀ ਸੀ।

ਸਿਆਲੀ ਨੂੰ ਇਸ ਪ੍ਰੋਜੈਕਟ ਲਈ ਸਰਕਾਰ ਕੋਲੋਂ ਆਗਿਆ ਮਿਲ ਗਈ ਸੀ।

ਮਨਮੋਹਨ ਸਿੰਘ ਸਿਆਲੀ ਦੇ ਹੇਮਕੁੰਟ ਸਾਹਿਬ ਦੀ ਉਸਾਰੀ ਨਾਲ ਜੁੜੇ ਤਜਰਬੇ 'ਗੁਰਦੁਆਰਾ ਇੰਨ ਦਿ ਹਿਮਾਲਿਆ' ਕਿਤਾਬ ਵਿੱਚ ਦਰਜ ਹਨ, ਉਹ ਇਸ ਕਿਤਾਬ ਦੇ ਸਹਿ ਲੇਖਕ ਵੀ ਹਨ।

ਵੀਡੀਓ ਕੈਪਸ਼ਨ, ਹੇਮਕੁੰਟ ਸਾਹਿਬ: ਭੂਚਾਲ, ਆਕਸੀਜਨ ਦੀ ਕਮੀ ਵਿਚਾਲੇ ਕਿਵੇਂ ਬਣਿਆ ਸੀ ਗੁਰਦੁਆਰਾ

ਉਸਾਰੀ ਵੇਲੇ ਕੀ-ਕੀ ਦਿੱਕਤਾਂ ਆਈਆਂ

ਇਮਾਰਤਸਾਜ਼ ਮਨਮੋਹਨ ਸਿੰਘ ਸਿਆਲੀ

ਤਸਵੀਰ ਸਰੋਤ, Hemkunt Publishers

ਤਸਵੀਰ ਕੈਪਸ਼ਨ, ਇਮਾਰਤਸਾਜ਼ ਮਨਮੋਹਨ ਸਿੰਘ ਸਿਆਲੀ

ਸਿਆਲੀ ਲਿਖਦੇ ਹਨ, ਹੇਮਕੁੰਟ ਸਾਹਿਬ ਵਿੱਚ ਉਸਾਰੀ ਦਾ ਕੰਮ ਜੁਲਾਈ 1968 ਨੂੰ ਸ਼ੁਰੂ ਹੋਇਆ ਸੀ, ਇਹ ਇੱਕ ਅਜਿਹੀ ਥਾਂ ਹੈ ਜਿੱਥੇ 1 ਸਾਲ ਦੇ ਕੰਮ ਨੂੰ 4 ਸਾਲਾਂ ਦਾ ਸਮਾਂ ਲੱਗਦਾ ਹੈ ਕਿਉਂਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਕੰਮ ਕੀਤਾ ਜਾ ਸਕਦਾ ਹੈ।

ਆਕਸੀਜਨ ਦੀ ਘਾਟ ਕਰਕੇ ਕਾਮਿਆਂ ਉੱਤੇ ਹੀ ਨਹੀਂ ਸਗੋਂ ਮਸ਼ੀਨਾਂ ਉੱਤੇ ਵੀ ਅਸਰ ਪੈਂਦਾ ਹੈ।

ਸਿਆਲੀ ਲਿਖਦੇ ਹਨ ਕਿ ਬਰਫ਼ ਦੀਆਂ ਢਿੱਗਾਂ, ਤੇਜ਼ ਹਵਾਵਾਂ, ਸਰੋਵਰ ਵਿੱਚ ਪਾਣੀ ਵਧਣਾ ਅਤੇ 6.5 ਤੋਂ 7.5 ਰਿਕਟਰ ਸਕੇਲ ਉੱਤੇ ਭੂਚਾਲ ਇੱਥੇ ਆਉਣ ਵਾਲੀਆਂ ਮੁੱਖ ਦਿੱਕਤਾਂ ਵਿੱਚੋਂ ਇੱਕ ਸਨ।

ਪਹਿਲੀ ਚੁਣੌਤੀ ਇਹ ਲੱਭਣ ਦੀ ਸੀ ਕਿ 400-500 ਲੋਕਾਂ ਦੇ ਇਕੱਠ ਲਈ ਗੁਰਦੁਆਰਾ ਕਿਸ ਤਲ(ਥਾਂ) ਉੱਤੇ ਬਣੇਗਾ, ਇਸ ਲਈ ਇੰਨੀ ਉੱਚਾਈ ਉੱਪਰਲੇ ਖੇਤਰ ਉੱਤੇ ਪਹਿਲਾ ਸਰਵੇ ਕੀਤਾ ਗਿਆ।

ਕਾਮਿਆਂ ਨੂੰ ਆਈਆਂ ਦਿੱਕਤਾਂ ਬਾਰੇ ਸਿਆਲੀ ਨੇ ਲਿਖਿਆ ਕਿ ਕਦੇ ਅਜਿਹਾ ਵੀ ਸਮਾਂ ਸੀ ਜਦੋਂ ਛੱਤ ਦੇ ਉੱਪਰ ਕੰਮ ਕਰਨ ਵਾਲੇ ਲੋਕਾਂ ਦੀਆਂ ਉਂਗਲਾਂ ਸੁੰਨ ਹੋ ਜਾਂਦੀਆਂ ਸਨ ਪਰ ਉਹ ਫਿਰ ਵੀ ਕੰਮ ਜਾਰੀ ਰੱਖਦੇ ਸਨ।

ਛੱਤ ਅਤੇ ਬਿਲਡਿੰਗ ਦਾ ਡਿਜ਼ਾਇਨ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Hemkunt Publishers

ਤਸਵੀਰ ਕੈਪਸ਼ਨ, ਸਿਆਲੀ ਚਾਹੁੰਦੇ ਸਨ ਕਿ ਇਮਾਰਤ ਇਸ ਤਰੀਕੇ ਦੀ ਹੋਵੇ ਜਿਵੇਂ ਗੁਰਦੁਆਰਾ ਬਰਫ਼ ਦੇ ਵਿੱਚੋਂ ਬਾਹਰ ਵੱਲ ਨੂੰ ਖੁੱਲ੍ਹ ਰਿਹਾ ਹੋਵੇ, ਇਸ ਵਿੱਚੋਂ ਨਿਕਲਦਾ ਖੰਡਾ ਇਹ ਦੱਸੇ ਕਿ ਇਹ ਇੱਕ ਗੁਰਦੁਆਰਾ ਹੈ।

ਛੱਤ ਇਸ ਬਿਲਡਿੰਗ ਦਾ ਸਭ ਤੋਂ ਵੱਖਰਾ ਅਤੇ ਅਹਿਮ ਹਿੱਸਾ ਹੈ। ਕਿਤਾਬ ਮੁਤਾਬਕ ਇਸ ਛੱਤ ਪਿੱਛੇ ਦਾ ਆਈਡੀਆ ਇੱਕ ਨਗ਼ ਜਾਂ ਹੀਰੇ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਵਰ ਕਰਨ ਦੇ ਸਿਧਾਂਤ ਨੂੰ ਦਰਸਾਉਂਦਾ ਹੈ।

ਇਸ ਉੱਤੇ ਐਲੂਮੀਨੀਅਮ ਸ਼ੀਟਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਰੁੱਤਾਂ ਦੇ ਨਾਲ-ਨਾਲ ਅਸਮਾਨ ਵਿੱਚ ਬਦਲਦੇ ਰੰਗ ਇਸ ਛੱਤ ਵਿੱਚ ਲਿਸ਼ਕਦੇ ਦੇਖੇ ਜਾ ਸਕਦੇ ਹਨ ਤੇ ਇਹ ਇੱਕ ਨਗ਼ ਵਾਂਗ ਚਮਕਦੀ ਹੈ।

ਐੱਮਐੱਸ ਸਿਆਲੀ ਲਿਖਦੇ ਹਨ ਕਿ ਇਹ ਛੱਤ ਬਾਕੀ ਦੇ ਗੁਰਦੁਆਰਿਆਂ ਤੋਂ ਕਾਫ਼ੀ ਵੱਖਰੀ ਹੈ, ਪਰ ਵਾਤਾਵਰਣ ਦੇ ਚਲਦਿਆਂ ਇਸ ਨੂੰ ਇਸ ਤਰੀਕੇ ਨਾਲ ਬਣਾਉਣਾ ਲਾਜ਼ਮੀ ਸੀ।

ਉਹ ਚਾਹੁੰਦੇ ਸਨ ਕਿ ਇਮਾਰਤ ਇਸ ਤਰੀਕੇ ਦੀ ਹੋਵੇ ਜਿਵੇਂ ਗੁਰਦੁਆਰਾ ਬਰਫ਼ ਦੇ ਵਿੱਚੋਂ ਬਾਹਰ ਵੱਲ ਨੂੰ ਖੁੱਲ੍ਹ ਰਿਹਾ ਹੋਵੇ, ਇਸ ਵਿੱਚੋਂ ਨਿਕਲਦਾ ਖੰਡਾ ਇਹ ਦੱਸੇ ਕਿ ਇਹ ਇੱਕ ਗੁਰਦੁਆਰਾ ਹੈ।

ਉਹ ਲਿਖਦੇ ਹਨ ਕਿ ਸਟੀਲ ਦਾ ਢਾਂਚਾ ਜਿਸ ਉੱਤੇ ਸਾਰੀ ਬਿਲਡਿੰਗ ਸੀ, ਬਣਾਉਣਾ ਕਾਫੀ ਲਾਜ਼ਮੀ ਸੀ। ਇਸ ਨੂੰ ਇਸ ਤਰੀਕੇ ਤਿਆਰ ਕੀਤਾ ਗਿਆ ਕਿ ਸੀਪੇਜ (ਪਾਣੀ ਚੋਣ) ਦੀ ਸੰਭਾਵਨਾ ਨਾ ਹੋਵੇ।

ਕਿਤਾਬ ਮੁਤਾਬਕ ਹੇਮਕੁੰਟ ਸਾਹਿਬ ਦੀ ਬਿਲਡਿੰਗ ਦੇ ਦੋ ਸੈਕਸ਼ਨ ਹਨ ਇੱਕ ਸਟੀਲ ਦਾ ਅਤੇ ਦੂਜਾ ਕੰਕਰੀਟ ਦਾ, ਦੋਵੇਂ ਇੱਕ ਦੂਜੇ ਤੋਂ ਸੁਤੰਤਰ ਹਨ ਅਤੇ ਇੱਕ-ਦੂਜੇ ਉੱਤੇ ਵਾਧੂ ਲੋਡ ਨਹੀਂ ਪਾਉਂਦੇ।

ਥਾਂ ਦੀ ਚੋਣ ਕਿਵੇਂ ਹੋਈ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Hemkunt Publishers

ਤਸਵੀਰ ਕੈਪਸ਼ਨ, ਇਮਾਰਤ ਦੀ ਨੀਂਹ ਲਈ ਸਟੀਲ 1 ਟਨ ਭਾਰ ਵਾਲੀਆਂ ਸਟੀਲ ਪਲੇਟਾਂ ਨੂੰ ਕਰੀਬ 15 ਕਿਲੋਮੀਟਰ ਤੱਕ – 4800 ਫੁੱਟ ਤੋਂ 15,210 ਫੁੱਟ ਤੱਕ ਦੇ ਅਸਮਤਲ ਰਾਹ ਤੋਂ ਹਥੀਂ ਲੈ ਕੇ ਜਾਣ ਦੀ ਲੋੜ ਸੀ

ਥਾਂ ਦੀ ਚੋਣ ਲਈ ਹਵਾਵਾਂ ਦੇ ਰੁੱਖ਼ ਅਤੇ ਬਰਫ਼ੀਲੀਆਂ ਢਿੱਗਾਂ ਦੇ ਰਾਹ ਬਾਰੇ ਜਾਣਕਾਰੀ ਹੋਣੀ ਵੀ ਲਾਜ਼ਮੀ ਸੀ।

ਇਹ ਫੈ਼ਸਲਾ ਕੀਤਾ ਗਿਆ ਕਿ ਗੁਰਦੁਆਰਾ ਬਣਾਉਣ ਲਈ ਇੱਕ ਪਹਾੜੀ ਦੇ ਨੇੜਲੀ ਥਾਂ ਬਿਹਤਰ ਹੋਵੇਗੀ ਜਿਸ ਨਾਲ ਇਸ ਦਾ ਬਰਫ਼ੀਲੀਆਂ ਢਿੱਗਾਂ ਤੋਂ ਵੀ ਬਚਾਅ ਹੋ ਸਕੇਗਾ।

ਇਮਾਰਤ ਦੀ ਨੀਂਹ ਲਈ 1 ਟਨ ਭਾਰ ਵਾਲੀਆਂ ਸਟੀਲ ਪਲੇਟਾਂ ਨੂੰ ਕਰੀਬ 15 ਕਿਲੋਮੀਟਰ ਤੱਕ – 4800 ਫੁੱਟ ਤੋਂ 15,210 ਫੁੱਟ ਤੱਕ ਦੇ ਅਸਮਤਲ ਰਾਹ ਤੋਂ ਹਥੀਂ ਲੈ ਕੇ ਜਾਣ ਦੀ ਲੋੜ ਸੀ।

ਐੱਮਐੱਸ ਸਿਆਲੀ ਦੀ ਕਿਤਾਬ ਮੁਤਾਬਕ ਕਰਨਲ ਸੇਠੀ ਨੇ ਇਸ ਲਈ ਇੱਕ ਬੈਂਡ(ਵਿੰਗ) ਤਿਆਰ ਕੀਤਾ ਅਤੇ ਇੱਕ ਪਾਸੇ ਤੋਂ 8 ਤੋਂ 10 ਲੋਕਾਂ ਵੱਲੋਂ ਇਨ੍ਹਾਂ ਨੂੰ ਚੁੱਕ ਕੇ ਉੱਪਰ ਪਹੁੰਚਾਇਆ ਗਿਆ।

ਹੇਮਕੁੰਟ ਸਾਹਿਬ ਵਿੱਚ ਲੱਗਣ ਵਾਲੇ ਬਿਲਡਿੰਗ ਮਟੀਰੀਅਲ ਦੀ ਸਟੀਕ ਮਿਣਤੀ ਲਈ ਇੱਕ ਅਸਥਾਈ ਢਾਂਚਾ ਗੁਰਦੁਆਰਾ ਰਕਾਬਗੰਜ ਵਿੱਚ ਖੜ੍ਹਾ ਕੀਤਾ ਗਿਆ ਸੀ।

ਹੇਮਕੁੰਟ ਗੁਰਦੁਆਰੇ ਵਿੱਚ ਬੀਤੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਸੇਵਾ ਸਿੰਘ ਦੱਸਦੇ ਹਨ ਕਿ ਗੁਰਦੁਆਰੇ ਦੀ ਉਸਾਰੀ ਦਾ ਕੰਮ ਸਾਲ 1992 ਵਿੱਚ ਮੁਕੰਮਲ ਹੋਇਆ ਸੀ।

ਹੇਮਕੁੰਟ ਸਾਹਿਬ

ਅੱਠ ਕੋਣੀ ਬਿਲਡਿੰਗ ਦੀ ਥਾਂ 5 ਪੰਜ ਕੋਣੀ ਬਿਲਡਿੰਗ ਕਿਉਂ?

ਸਿਆਲੀ ਲਿਖਦੇ ਹਨ ਕਿ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਬਿਲਡਿੰਗ 'ਔਕਟੈਗਨਲ' ਹੋਣੀ ਚਾਹੀਦੀ ਸੀ ਪਰ ਇਹ ਸਿੱਖ ਧਰਮ ਦੇ ਸਿਧਾਤਾਂ ਦੇ ਮੁਤਾਬਕ ਨਾ ਹੋਣ ਕਰਕੇ ਹੇਮਕੁੰਟ ਟਰੱਸਟ ਵੱਲੋਂ ਇਸ ਦੀ ਹਾਮੀ ਨਹੀਂ ਭਰੀ ਗਈ ਸੀ।

ਫਿਰ ਇਸ ਗੱਲ ਉੱਤੇ ਸਮਝੌਤਾ ਹੋਇਆ ਕਿ ਬਿਲਡਿੰਗ ਅੱਠਭੁਜ ਹੋਣ ਦੀ ਥਾਂ ਪੈਂਟਾਗਨਲ ਭਾਵ ਕਿ ਪੰਜਕੋਣੀ ਹੋਵੇਗੀ।

ਮਨਮੋਹਨ ਸਿੰਘ ਸਿਆਲੀ ਲਿਖਦੇ ਹਨ, "ਉਨ੍ਹਾਂ ਨੇ 5 ਦੀ ਸਿੱਖ ਧਰਮ ਵਿੱਚ ਅਹਿਮੀਅਤ ਨੂੰ ਵੇਖਦਿਆਂ 5 ਕੋਣੀ ਇਮਾਰਤ ਬਾਰੇ ਸੋਚਿਆ, ਸਿੱਖ ਧਰਮ ਵਿੱਚ 5 ਤਖ਼ਤ ਹਨ, 5 ਪਿਆਰੇ ਹਨ ਅਤੇ ਪੰਜ ਕਕਾਰ ਹਨ।"

ਕਿਵੇਂ ਹੁੰਦੀ ਹੈ ਸਾਂਭ ਸੰਭਾਲ

ਹੇਮਕੁੰਟ
ਤਸਵੀਰ ਕੈਪਸ਼ਨ, ਹੇਮਕੁੰਟ ਸਾਹਿਬ ਦੀ ਮੋਜੂਦਾ ਇਮਾਰਤ ਬਣਾਉਣ ਦਾ ਕੰਮ 1960ਵਿਆਂ ਦੇ ਅੰਤ ਵਿੱਚ ਸ਼ੁਰੂ ਹੋਇਆ

ਹਰ ਸਾਲ ਹੇਮਕੁੰਟ ਸਾਹਿਬ ਦੇ ਰਸਤੇ ਤੋਂ ਬਰਫ਼ ਹਟਾਏ ਜਾਣ ਦਾ ਕੰਮ ਭਾਰਤੀ ਫੌਜ ਦੀ ਇੰਡੀਪੈਂਡੈਂਟ ਇੰਜੀਨੀਅਰ ਰੈਜੀਮੈਂਟ ਵੱਲੋਂ ਕੀਤਾ ਜਾਂਦਾ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪੀਆਰਓ ਬੁੱਧੀ ਸਿੰਘ ਪਿਛਲੇ ਕਰੀਬ 35 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ।

ਉਹ ਦੱਸਦੇ ਹਨ ਕਿ ਕਈ ਮਹੀਨਿਆਂ ਤੱਕ ਬਰਫ਼ ਥੱਲੇ ਦੱਬੇ ਰਹਿਣ ਤੋਂ ਬਾਅਦ ਹੋਈ ਟੁੱਟ-ਭੱਜ ਦੀ ਰਿਪੇਅਰ ਕੀਤੀ ਜਾਂਦੀ ਹੈ ਅਤੇ ਲੋੜ ਮੁਤਾਬਕ ਚੀਜ਼ਾਂ ਬਦਲੀਆਂ ਜਾਂਦੀਆਂ ਹਨ, ਪਰ ਬਿਲਡਿੰਗ ਦੀ ਮਜ਼ਬੂਤੀ ਓਵੇਂ ਬਰਕਰਾਰ ਹੈ।

ਉਹ ਕਹਿੰਦੇ ਹਨ ਕਿ ਸੰਗਤ ਦੀ ਸਹੂਲਤ ਦੇ ਲਈ ਨੇੜੇ ਹੋਰ ਲੋੜੀਂਦੀ ਉਸਾਰੀ ਕੀਤੀ ਗਈ ਹੈ।

ਸੇਵਾ ਸਿੰਘ ਦੱਸਦੇ ਹਨ ਕਿ ਪਹਿਲਾਂ ਹੋਈ ਉਸਾਰੀ ਤੋਂ ਇਲਾਵਾ ਹੇਮਕੁੰਟ ਸਾਹਿਬ ਵਿਖੇ ਹੋਰ ਉਸਾਰੀ ਦਾ ਕੰਮ ਬੰਦ ਹੈ, ਸ਼ੈੱਡਜ਼ ਆਦਿ ਲਈ ਪ੍ਰੀ-ਫੈਬਰੀਕੇਟਡ ਕੰਸਟਰੱਕਸ਼ਨ ਕੀਤੀ ਜਾਂਦੀ ਹੈ।

ਉਹ ਦੱਸਦੇ ਹਨ ਹੇਮਕੁੰਟ ਸਾਹਿਬ ਦਾ ਖੇਤਰ ਨੰਦਾ ਦੇਵੀ ਬਾਇਓਰਿਜ਼ਕਵ ਫੌਰੈਸਟ ਏਰੀਏ 'ਚ ਆਉਂਦਾ ਹੈ।

ਹੇਮਕੁੰਟ ਸਾਹਿਬ ਦਾ ਇਤਿਹਾਸ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਨੇ ਕੀਤੀ ਸੀ

ਪੀਆਈਬੀ ਦੇ ਮੁਤਾਬਕ ਹੇਮਕੁੰਟ ਸਾਹਿਬ ਨੂੰ ਸ਼ਰਧਾਲੂਆਂ ਲਈ ਮਈ ਮਹੀਨੇ ਦੇ ਅਖ਼ੀਰ ਵਿੱਚ ਖੋਲ੍ਹਿਆ ਜਾਂਦਾ ਹੈ ਅਤੇ ਤਕਰੀਬਨ 1.5 ਤੋਂ 2 ਲੱਖ ਲੋਕ ਹੇਮਕੁੰਟ ਸਾਹਿਬ ਗੁਰਦੁਆਰੇ ਆਉਂਦੇ ਹਨ।

ਇਹ ਯਾਤਰਾ ਅਕਤੂਬਰ ਤੱਕ ਜਾਰੀ ਰਹਿੰਦੀ ਹੈ।

ਇਸ ਦੌਰਾਨ ਸੈਲਾਨੀ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ, ਯੂਨੈਸਕੋ ਦੀ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਇੱਕ ਕੌਮੀ ਪਾਰਕ ਤੇ ਫੁੱਲਾਂ ਦੀ ਘਾਟੀ ਦਾ ਨਜ਼ਾਰਾ ਵੀ ਲੈਂਦੇ ਹਨ।

ਹੇਮਕੁੰਟ ਸਾਹਿਬ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਵੈ-ਜੀਵਨੀ ਬਿਰਤਾਂਤ ਬਚਿਤ੍ਰ ਨਾਟਕ ਵਿੱਚ ਹੇਮਕੁੰਟ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ 'ਸੱਤ ਬਰਫ਼ ਦੀਆਂ ਚੋਟੀਆਂ ਨਾਲ ਸਜਿਆ ਹੋਇਆ' ਸਥਾਨ ਸੀ।

ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਨੇ ਕੀਤੀ ਸੀ।

ਮੋਦਨ ਸਿੰਘ ਭਾਰਤੀ ਫੌਜ ਦੀ ਬੰਗਾਲ ਸੈੱਪਰਸ ਰੈਜੀਮੈਂਟ ਵਿੱਚ ਰਹਿ ਚੁੱਕੇ ਸਨ।

ਸਿੱਖ ਲੇਖਕ ਅਤੇ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਸ਼ਖਸੀਅਤ ਭਾਈ ਵੀਰ ਸਿੰਘ ਨੇ ਪਹਿਲਾਂ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਦੀ ਮਦਦ ਨਾਲ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਬਾਅਦ ਵਿੱਚ ਹੇਮਕੁੰਟ ਵਿਖੇ ਇੱਕ ਗੁਰਦੁਆਰਾ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਅਹਿਮ ਭੂਮਿਕਾ ਨਿਭਾਈ।

6,000 ਫੁੱਟ ਉੱਤੇ ਗੋਵਿੰਦਘਾਟ ਅਤੇ 10,500 ਫੁੱਟ ਉੱਤੇ ਗੋਵਿੰਦ ਧਾਮ ਸਣੇ ਹੇਮਕੁੰਟ ਦੇ ਰਸਤੇ ਵਿੱਚ ਗੁਰਦੁਆਰਿਆਂ ਦੀ ਉਸਾਰੀ ਹੋਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)