ਪੰਜਾਬ ਦਾ ਅਜਿਹਾ ਗੁਰਦੁਆਰਾ ਜੋ ਜੋਤਹੀਣਾਂ ਵੱਲੋਂ ਚਲਾਇਆ ਜਾਂਦਾ, ਇੱਥੇ ਸੰਗੀਤ, ਬਰੇਲ ਲਿੱਪੀ ਅਤੇ ਹੋਰ ਹੁਨਰ ਵੀ ਸਿਖਾਏ ਜਾਂਦੇ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬਰੇਲ ਲਿੱਪੀ ਰਾਹੀਂ ਪਾਠ ਕੀਤਾ ਜਾਂਦਾ ਹੈ, ਜੋਤਹੀਣ ਵਿਦਿਆਰਥੀ ਇੱਥੇ ਹਾਰਮੋਨੀਅਮ ਅਤੇ ਤਬਲਾ ਸਿੱਖਦੇ ਹਨ। ਲੁਧਿਆਣਾ ਵਿਚਲੇ 'ਜੋਤਹੀਣਾਂ ਦੇ ਗੁਰਦੁਆਰੇ' ਦਾ ਕੁਝ ਅਜਿਹਾ ਮਾਹੌਲ ਹੁੰਦਾ ਹੈ।
ਇਸ ਗੁਰਦੁਆਰੇ ਵਿੱਚ ਪਾਠ, ਕੀਰਤਨ ਤੋਂ ਲੈ ਕੇ ਲੰਗਰ ਬਣਾਉਣ ਤੱਕ ਬਹੁਤੀਆਂ ਸੇਵਾਵਾਂ ਜੋਤਹੀਣਾਂ ਵੱਲੋਂ ਹੀ ਨਿਭਾਈਆਂ ਜਾਂਦੀਆਂ ਹਨ।
ਇੱਥੋਂ ਤੱਕ ਕਿ ਇਸ ਦੀ 31 ਮੈਂਬਰੀ ਪ੍ਰਬੰਧਕੀ ਕਮੇਟੀ ਵਿੱਚ 90 ਫ਼ੀਸਦੀ ਅਹੁਦੇਦਾਰ ਜੋਤਰਹੀਣ ਹਨ।
ਇੱਥੇ ਰਹਿੰਦੇ ਕਰੀਬ 45 ਜੋਤਹੀਣਾਂ ਨੂੰ ਸੰਗੀਤ, ਬਰੇਲ ਲਿੱਪੀ ਅਤੇ ਹੋਰ ਹੁਨਰ ਸਿਖਾਏ ਜਾਂਦੇ ਹਨ।
ਗੁਰਦੁਆਰੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ 1964 ਵਿੱਚ ਸਥਾਪਤ ਕੀਤੇ ਗਏ ਇਸ ਗੁਰਦੁਆਰੇ ਨੇ ਕਰੀਬ 1,000 ਜੋਤਹੀਣ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਹੈ।

ਅਜਿਹੀ ਹੀ ਕਹਾਣੀ 24 ਸਾਲਾ ਗੁਰਕੰਵਲ ਸਿੰਘ ਦੀ ਹੈ। ਗੁਰਕੰਵਲ ਉਦੋਂ 17 ਸਾਲਾਂ ਦੇ ਸਨ, ਜਦੋਂ ਹਾਦਸੇ ਵਿੱਚ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਜੋਤ ਚਲੀ ਗਈ ਸੀ।
ਉਹ ਦੱਸਦੇ ਹਨ, "ਹਸਪਤਾਲ ਤੋਂ ਘਰ ਪਹੁੰਚਣ ਤੋਂ ਬਾਅਦ 7 ਸਾਲ ਮੈਂ ਬਹੁਤ ਔਖਿਆਈ ਵਿੱਚ ਕੱਟੇ, ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਾਂਗਾ।"
ਪਟਿਆਲਾ ਦੇ ਪਿੰਡ ਹਰਪਾਲਪੁਰ ਦੇ ਗੁਰਕੰਵਲ ਬੀਤੇ ਕੁਝ ਦਿਨਾਂ ਤੋਂ ਇਸ ਗੁਰਦੁਆਰੇ ਵਿੱਚ ਰਹੇ ਹਨ।
ਗੁਰਕੰਵਲ ਸਿੰਘ ਲਈ ਬੀਤੇ ਸਾਲ ਮਾਯੂਸੀ ਭਰੇ ਸਨ ਪਰ ਉਹ ਦੱਸਦੇ ਹਨ ਕਿ ਇਸ ਗੁਰਦੁਆਰੇ ਵਿੱਚ ਆ ਕੇ ਉਨ੍ਹਾਂ ਦੇ ਚਿਹਰੇ ਉੱਤੇ ਹਾਸਾ ਵਾਪਸ ਆ ਗਿਆ ਹੈ। ਇੱਥੇ ਉਨ੍ਹਾਂ ਨੂੰ ਹਾਣੀ ਵੀ ਮਿਲੇ ਹਨ ਅਤੇ ਦੋਸਤ ਵੀ।
ਉਹ ਕਹਿੰਦੇ ਹਨ, "ਇੱਥੇ ਪਹੁੰਚ ਕੇ ਮੈਂ ਬਹੁਤ ਕੁਝ ਸਿੱਖਿਆ ਹੈ, ਮੈਂ ਸੰਗੀਤ ਸਿੱਖ ਰਿਹਾ ਹਾਂ ਅਕੇ ਕੰਪਿਊਟਰ ਸਿੱਖਾਂਗਾ। ਇਹ ਇੱਕ ਵੱਖਰਾ ਸੰਸਾਰ ਹੈ, ਬਾਹਰਲੀ ਦੁਨੀਆਂ ਤੋਂ ਕਿਤੇ ਚੰਗਾ।"
"ਇੱਥੇ ਰਹਿੰਦੇ ਲੋਕਾਂ ਨੂੰ ਵੇਖ ਕੇ ਮੈਨੂੰ ਹੌਂਸਲਾ ਮਿਲਦਾ ਹੈ, ਬੀਤਿਆ ਸਮਾਂ ਲੰਘ ਗਿਆ ਹੈ ਅਤੇ ਹੁਣ ਮੈਂ ਆਪਣਾ ਕੱਲ੍ਹ ਤਾਂ ਸਵਾਰ ਸਕਦਾ ਹਾਂ।"

ਕਦੋਂ ਤੇ ਕਿਵੇਂ ਬਣਿਆ 'ਜੋਤਹੀਣਾਂ ਦਾ ਗੁਰਦੁਆਰਾ'?
ਲੁਧਿਆਣਾ ਦੇ ਦਸ਼ਮੇਸ਼ ਨਗਰ ਵਿੱਚ ਗਿੱਲ ਰੋਡ 'ਤੇ ਪੈਂਦਾ ਇਹ ਗੁਰਦੁਆਰਾ ਗਿਆਨੀ ਲਛਮਣ ਸਿੰਘ ਗੰਧਰਵ ਵੱਲੋਂ ਸਾਲ 1964 ਵਿੱਚ ਸਥਾਪਿਤ ਕੀਤਾ ਗਿਆ ਸੀ।
ਗਿਆਨੀ ਲਛਮਣ ਸਿੰਘ ਗੰਧਰਵ ਦਾ ਜਨਮ ਸਾਲ 1902 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਹਿਮੂਦਪੁਰਾ ਵਿਖੇ ਹੋਇਆ ਸੀ। 4 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ
ਲਛਮਣ ਸਿੰਘ ਨੇ ਭਾਰਤ-ਪਾਕ ਵੰਡ ਤੋਂ ਪਹਿਲਾਂ ਕੀਰਤਨ ਵਿੱਚ ਕਾਫ਼ੀ ਨਾਮਣਾ ਖੱਟਿਆ ਸੀ।
ਇਸ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੋਤਹੀਣ ਲੋਕਾਂ ਨੂੰ ਕੰਮ ਨਾ ਮਿਲਣ ਕਰਕੇ ਭੀਖ਼ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜੋਤਹੀਣਾਂ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਇਸ ਗੁਰਦੁਆਰੇ ਦੀ ਸ਼ੁਰੂਆਤ ਕੀਤੀ।
ਇਸ ਗੁਰਦੁਆਰੇ ਵਿੱਚ ਬਰੇਲ ਲਿਪੀ ਵਿੱਚ ਛਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹੈ।
ਰਹਿਤ ਮਰਿਆਦਾ ਤਹਿਤ ਜੋਤਰਹੀਣ ਰਾਗੀਆਂ ਵੱਲੋਂ ਬਰੇਲ ਲਿੱਪੀ ਵਿੱਚ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਅਤੇ ਕੀਰਤਨ ਵੀ ਕੀਤਾ ਜਾਂਦਾ ਹੈ।
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਨਾਮ ਦੇ ਇਸ ਗੁਰਦੁਆਰੇ ਤੋਂ ਸੰਗੀਤ ਅਤੇ ਹੋਰ ਹੁਨਰ ਸਿੱਖੇ ਜੋਤਹੀਣ ਵਿਦਿਆਰਥੀ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਤਮ-ਨਿਰਭਰ ਹੋ ਕੇ ਜ਼ਿੰਦਗੀ ਜਿਉਂ ਰਹੇ ਹਨ।
ਸਮੇਂ ਦੇ ਨਾਲ-ਨਾਲ ਗੁਰਦੁਆਰਾ ਹੁਣ ਇੱਕ ਅਜਿਹੀ ਥਾਂ ਬਣ ਗਿਆ ਹੈ ਜਿੱਥੇ ਰਹਿੰਦੇ ਜੋਤਹੀਣ ਇੱਕ ਪਰਿਵਾਰ ਬਣ ਗਏ ਹਨ।
ਇੱਥੇ ਰਹਿੰਦੇ ਕਈ ਵਿਦਿਆਰਥੀ ਉਚੇਰੀ ਵਿੱਦਿਆ ਵੀ ਹਾਸਲ ਕਰ ਰਹੇ ਹਨ।
'ਹੁਣ ਜੋ ਮਾਣ ਮਿਲ ਰਿਹਾ ਸ਼ਾਇਦ ਕਦੇ ਨਾ ਮਿਲਦਾ'

ਜਸਪ੍ਰੀਤ ਸਿੰਘ ਇਸ ਗੁਰਦੁਆਰੇ ਵਿੱਚ ਕੀਰਤਨ ਕਰਨ ਦੇ ਨਾਲ-ਨਾਲ ਇੱਕ ਗੁਰਦੁਆਰੇ ਵਿੱਚ ਕੀਰਤਨ ਸਿਖਾਉਣ ਦੀ ਡਿਊਟੀ ਵੀ ਕਰਦੇ ਹਨ।
ਉਹ ਦੱਸਦੇ ਹਨ, "ਮੈਂ ਇਸ ਗੁਰਦੁਆਰੇ ਵਿੱਚ 1989 ਵਿੱਚ ਆਉਣਾ ਸ਼ੁਰੂ ਕੀਤਾ, ਮੈਂ ਸਮਝਦਾ ਹਾਂ ਕਿ ਉਸ ਮਗਰੋਂ ਜਿਹੜੀ ਮਾਣ ਵਾਲੀ ਜ਼ਿੰਦਗੀ ਮੈਂ ਬਤੀਤ ਕੀਤੀ ਹੈ, ਉਹ ਇਸ ਗੁਰਦੁਆਰੇ ਬਿਨਾਂ ਸੰਭਵ ਨਹੀਂ ਹੋਣੀ ਸੀ।"
ਜਸਪ੍ਰੀਤ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ, ਉਨ੍ਹਾਂ ਨੇ ਬਚਪਨ ਵਿੱਚ ਸ਼ਾਸਤਰੀ ਸੰਗੀਤ ਸਿੱਖਿਆ ਸੀ।
ਉਹ ਦੱਸਦੇ ਹਨ ਕਿ ਗੁਰਦੁਆਰੇ ਵਿੱਚ ਆ ਕੇ ਉਨ੍ਹਾਂ ਨੇ ਗੁਰਮਤਿ ਸੰਗੀਤ ਸਿੱਖਿਆ ਤੇ ਫ਼ਿਰ ਸਿੱਖ ਧਰਮ ਧਾਰਨ ਕਰ ਲਿਆ।
ਉਨ੍ਹਾਂ ਦਾ ਪੁਰਾਣਾ ਨਾਮ ਪਰਮਿੰਦਰ ਕੁਮਾਰ ਸੀ।

ਗੁਰਦੁਆਰੇ ਵਿੱਚ ਕੀ-ਕੀ ਸਿੱਖਦੇ ਹਨ ਜੋਤਹੀਣ?
ਗੁਰਦੁਆਰੇ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਾਹਲ ਦੱਸਦੇ ਹਨ ਕਿ ਗੁਰਦੁਆਰਾ ਸਿਰਫ਼ ਸਿੱਖਾਂ ਲਈ ਹੀ ਨਹੀਂ ਹੈ, ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ।
ਉਹ ਦੱਸਦੇ ਹਨ, "ਜੋਤਹੀਣ ਲੋਕ ਇੱਥੇ ਭਰਾਵਾਂ ਵਾਂਗ ਰਹਿੰਦੇ ਹਨ, ਉਹ ਆਪਣੇ ਰੋਜ਼ਾਨਾ ਦੇ ਕੰਮ ਆਪਣੇ ਆਪ ਕਰਦੇ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ ਅਤੇ ਚੁਣੌਤੀਆਂ ਨਾਲ ਇਕੱਠੇ ਮੁਕਾਬਲਾ ਕਰਦੇ ਹਨ।"
ਉਹ ਦੱਸਦੇ ਹਨ,"ਇਸ ਗੁਰਦੁਆਰਾ ਸਾਹਿਬ ਤੋਂ ਪੜ੍ਹ ਚੁੱਕੇ ਕਈ ਵਿਦਿਆਰਥੀ ਜੋਤਹੀਣਾਂ ਲਈ ਰਾਖਵੇਂਕਰਨ ਰਾਹੀਂ ਸਰਕਾਰੀ ਨੌਕਰੀ ਵਿੱਚ ਵੀ ਜਾ ਚੁੱਕੇ ਹਨ ਅਤੇ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਕਰ ਰਹੇ ਹਨ।"
ਉਹ ਅੱਗੇ ਕਹਿੰਦੇ ਹਨ, "ਇੱਥੋਂ ਕਰੀਬ 1000 ਜੋਤਹੀਣ ਵਿਦਿਆਰਥੀ ਸਿੱਖਿਆ ਹਾਸਲ ਕਰ ਚੁੱਕੇ ਹਨ।"
"ਕਈ ਨੇਤਰਹੀਣ ਨੌਜਵਾਨ ਇਸ ਗੁਰਦੁਆਰੇ ਵਿੱਚ ਰਹਿ ਕੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਹ ਆਪਣੇ ਘਰ ਨੂੰ ਛੱਡਕੇ ਗੁਰਦੁਆਰਾ ਵਿੱਚ ਇਸ ਲਈ ਰਹਿੰਦੇ ਹਨ ਕਿਉਂਕਿ ਇੱਥੇ ਉਹ ਸਹਿਜ ਮਹਿਸੂਸ ਕਰਦੇ ਹਨ। "
ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰੇ ਵਿੱਚ ਸਿਰਫ਼ ਮੁੰਡਿਆਂ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ ਜਦਕਿ ਨੇਤਰਹੀਣ ਕੁੜੀਆਂ ਦੇ ਰਹਿਣ ਵਾਸਤੇ ਅੰਮ੍ਰਿਤਸਰ ਸ਼ਹਿਰ ਵਿੱਚ ਪ੍ਰਬੰਧ ਕੀਤਾ ਗਿਆ ਹੈ।
ਗੁਰਪ੍ਰੀਤ ਸਿੰਘ ਅੱਗੇ ਦੱਸਦੇ ਹਨ ਸ਼ੁਰੂਆਤ ਵਿੱਚ ਜੋਤਹੀਣ ਬੱਚਿਆਂ ਨੂੰ ਇੱਥੇ ਸੰਗੀਤ ਦੀ ਸਿੱਖਿਆ ਦੇ ਨਾਲ-ਨਾਲ ਕੁਰਸੀਆਂ ਬੁਣਨ ਅਤੇ ਦਰੀਆਂ ਬੁਣਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ।

'ਸੰਗੀਤ ਜ਼ਰੀਏ ਰੁਜ਼ਗਾਰ ਦਾ ਰਾਹ'
ਇੱਥੇ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਇਕਬਾਲ ਸਿੰਘ ਨੇ ਆਪ ਵੀ ਇਸੇ ਗੁਰਦੁਆਰੇ ਵਿੱਚ ਰਹਿੰਦਿਆਂ ਸੰਗੀਤ ਸਿੱਖਿਆ।
ਉਹ ਲੁਧਿਆਣਾ ਵਿੱਚਲੇ ਜੋਤਹੀਣਾਂ ਦੇ ਸਰਕਾਰੀ ਸਕੂਲ ਵਿੱਚ ਸੰਗੀਤ ਦੇ ਅਧਿਆਪਕ ਹਨ।
ਉਹ ਦੱਸਦੇ ਹਨ, "ਦਸਵੀਂ ਕਲਾਸ ਪਾਸ ਕਰਨ ਮਗਰੋਂ ਮੈਂ 1983 ਵਿੱਚ ਇਸ ਗੁਰਦੁਆਰੇ ਦਾ ਹਿੱਸਾ ਬਣ ਗਿਆ ਸੀ।"
ਉਹ ਦੱਸਦੇ ਹਨ, "ਇੱਥੇ ਰਹਿ ਕੇ ਹੀ ਮੈਂ ਆਪਣੀ ਸਕੂਲ ਦੀ ਰਹਿੰਦੀ ਪੜ੍ਹਾਈ ਪੂਰੀ ਕੀਤੀ ਅਤੇ ਐੱਮਏ ਦੀ ਡਿਗਰੀ ਹਾਸਲ ਕੀਤੀ।"
ਉਨ੍ਹਾਂ ਦੱਸਿਆ, "ਚੰਡੀਗੜ੍ਹ ਵਿੱਚ ਸਥਿਤ ਪ੍ਰਾਚੀਨ ਕਲਾ ਕੇਂਦਰ ਵਿੱਚ ਡਿਪਲੋਮਾ ਪੂਰਾ ਕਰਨ ਮਗਰੋਂ ਨੇਤਰਹੀਣਾਂ ਨੂੰ ਨੌਕਰੀ ਮਿਲਦੀ ਹੈ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਰਹਿੰਦੇ ਬੱਚੇ ਉਹ ਡਿਪਲੋਮਾ ਹਾਸਲ ਕਰਨ।"
ਉੱਤਰ ਪ੍ਰਦੇਸ਼ ਦੇ ਪਿਛੋਕੜ ਵਾਲੇ ਸ਼ਹਿਜਾਦ ਆਲਮ ਵੀ ਸਾਲ 2017 ਤੋਂ ਇਸ ਗੁਰਦੁਆਰੇ ਵਿੱਚ ਰਹਿ ਰਹੇ ਹਨ।
ਗੁਰਦੁਆਰੇ ਵਿੱਚ ਕੀਰਤਨ ਕਰਨ ਵਾਲੇ ਜਸਪ੍ਰੀਤ ਕਹਿੰਦੇ ਹਨ ਕਿ ਜੋ ਸੁੱਖ ਸਹੂਲਤਾਂ ਨੇਤਰਹੀਣਾ ਨੂੰ ਇਸ ਸਥਾਨ ਉੱਤੇ ਮਿਲਦੀਆਂ ਹਨ।ਉਹ ਕਿਸੇ ਵੀ ਹੋਰ ਸਥਾਨ ਉੱਤੇ ਉਪਲਬਧ ਨਹੀਂ ਹੋ ਸਕਦੀਆਂ।
ਉਹ ਅੱਗੇ ਦੱਸਦੇ ਹਨ, "ਜਿਵੇਂ ਅਸੀ ਆਪਸ ਵਿੱਚ ਭਾਈਚਾਰਕ ਤੌਰ ਉੱਤੇ ਇੱਥੇ ਵਿਚਰ ਸਕਦੇ ਹਾਂ ਉਹ ਕਿਤੇ ਹੋਰ ਸੰਭਵ ਨਹੀਂ ਹੈ। ਨਾ ਤਾਂ ਸਾਡੇ ਪਰਿਵਾਰਕ ਮੈਂਬਰ ਉਸ ਤਰ੍ਹਾਂ ਸਾਡੀਆਂ ਸਮੱਸਿਆਵਾਂ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਅਸੀਂ ਉਨ੍ਹਾਂ ਨਾਲ ਸਾਂਝੀਆਂ ਕਰ ਸਕਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












