ਵਣਜਾਰਨ ਕੁੜੀ ਲਈ ਘਰ-ਬਾਰ ਛੱਡ ਕੇ 29 ਸਾਲ ਤੋਂ ਟੱਪਰੀਵਾਸ ਦੀ ਜ਼ਿੰਦਗੀ ਕੱਟ ਰਹੇ ਪਟਿਆਲ਼ਾ ਦੇ 'ਜੋਰਾ ਜੱਟ' ਦੀ ਕਹਾਣੀ

ਤਸਵੀਰ ਸਰੋਤ, Kulveer Singh/BBC
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਮੈਂ ਜਾਤ-ਪਾਤ ਨੂੰ ਨਹੀਂ ਮੰਨਦਾ… ਉਹੀ ਰੋਟੀ ਹੈ ਤੇ ਉਹੀ ਸਰੀਰ ਹੈ…ਬੰਦਾ ਇੱਕੋ ਹੀ ਹੈ।"
ਇਹ ਸ਼ਬਦ ਜੋਰਾ ਸਿੰਘ ਦੇ ਹਨ, ਜਿਨ੍ਹਾਂ ਨੇ ਆਪਣੀ ਪਤਨੀ ਗੁੱਡੋ ਨਾਲ ਵਿਆਹ ਕਰਵਾਉਣ ਲਈ ਇੱਕ ਅਜਿਹਾ ਫ਼ੈਸਲਾ ਲਿਆ ਜਿਸ ਦੀ ਕਹਾਣੀ ਕਿਸੇ ਫ਼ਿਲਮ ਵਰਗੀ ਜਾਪ ਸਕਦੀ ਹੈ।
ਕਰੀਬ 60 ਸਾਲ ਦੇ ਜੋਰਾ ਸਿੰਘ ਇਸ ਵੇਲੇ ਲੁਧਿਆਣਾ ਦੇ ਬੇਰ-ਕਲਾਂ ਪਿੰਡ ਵਿਚਲੀ 'ਗੱਡੀ ਲੁਹਾਰਾਂ' ਦੀ ਬਸਤੀ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦੇ ਹਨ।
ਇੱਥੇ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਹੈ। ਉਨ੍ਹਾਂ ਨੂੰ ਲੋਕ 'ਜੋਰਾ ਜੱਟ' ਆਖ਼ ਕੇ ਬੁਲਾਉਂਦੇ ਹਨ।
ਪਿੰਡ ਦੇ ਨੰਬਰਦਾਰ ਦੇ ਪੁੱਤ ਜੋਰਾ ਸਿੰਘ ਨੇ 22-23 ਸਾਲ ਦੀ ਉਮਰੇ ਆਪਣਾ ਘਰ, ਜ਼ਮੀਨ ਤੇ ਨੰਬਰਦਾਰੀ ਆਪਣੇ ਪਿਆਰ ਤੇ ਹੁਣ ਉਨ੍ਹਾਂ ਦੀ ਪਤਨੀ ਗੁੱਡੋ ਨੂੰ ਹਾਸਲ ਕਰਨ ਲਈ ਛੱਡ ਦਿੱਤੀ ਸੀ।

'ਗੱਡੀ ਲੁਹਾਰ' ਜਾਂ 'ਗਾਡੀ ਲੁਹਾਰ' ਲੋਹੇ ਦਾ ਕੰਮ ਕਰਦੇ ਹਨ, ਇਸ ਕਬੀਲੇ ਨਾਲ ਸਬੰਧ ਰੱਖਦੇ ਲੋਕ ਇੱਕ ਥਾਂ ਘਰ ਬਣਾ ਕੇ ਰਹਿਣ ਦੀ ਥਾਂ ਵੱਖ-ਵੱਖ ਥਾਵਾਂ ਉੱਤੇ ਰਹਿੰਦੇ ਹਨ।
ਪੰਜਾਬ ਵਿੱਚ ਇਨ੍ਹਾਂ ਨੂੰ 'ਗੱਡੀਆਂ ਵਾਲੇ', ਵਣਜਾਰੇ ਜਾਂ ਟੱਪਰੀਵਾਸ ਵੀ ਕਿਹਾ ਜਾਂਦਾ ਹੈ।
ਗੱਡੀ ਲੁਹਾਰਾਂ ਦੀਆਂ ਰਵਾਇਤਾਂ ਮੁਤਾਬਕ ਵਿਆਹ ਤੋਂ ਬਾਅਦ ਮੁੰਡੇ ਦਾ ਕੁੜੀ ਵਾਲਿਆਂ ਦੇ ਘਰ ਕੁਝ ਸਾਲ ਰਹਿਣਾ ਜ਼ਰੂਰੀ ਹੁੰਦਾ ਹੈ।
ਜੋਰਾ ਸਿੰਘ ਅੱਗੇ ਵੀ ਗੁੱਡੋ ਨਾਲ ਵਿਆਹ ਕਰਵਾਉਣ ਲਈ ਇਹੀ ਸ਼ਰਤ ਰੱਖੀ ਗਈ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਗੁੱਡੋ ਨਾਲ ਵਿਆਹ ਤੋਂ ਬਾਅਦ 20 ਸਾਲ ਕੁੜੀ ਦੇ ਪਰਿਵਾਰ ਦੇ ਨਾਲ ਹੀ ਰਹਿਣਾ ਪਵੇਗਾ।
ਇਸ ਮਗਰੋਂ ਜੋਰਾ ਸਿੰਘ ਨੇ ਇਸ ਲਿਖਤੀ ਸ਼ਰਤ ਨੂੰ ਪ੍ਰਵਾਨ ਕੀਤਾ ਸੀ।
ਇਸੇ ਸ਼ਰਤ ਨੂੰ ਨਿਭਾਉਂਦਿਆਂ ਉਨ੍ਹਾਂ ਨੂੰ 29 ਸਾਲ ਹੋ ਗਏ ਹਨ ਤੇ ਇੰਨੇ ਸਾਲਾਂ ਵਿੱਚ ਉਨ੍ਹਾਂ ਨੂੰ ਆਪਣੇ ਪਿਛੋਕੜ ਆਪਣੇ ਘਰ ਤੇ ਪਰਿਵਾਰ ਦੀਆਂ ਯਾਦਾਂ ਵੀ ਵਿੱਸਰ ਚੁੱਕੀਆਂ ਹਨ।
ਉਹ ਦੱਸਦੇ ਹਨ ਕਿ ਉਹ ਵਿਆਹ ਤੋਂ ਬਾਅਦ ਕਦੇ ਆਪਣੇ ਪਟਿਆਲਾ ਵਿਚਲੇ ਜੱਦੀ ਪਿੰਡ ਸਮਸ਼ਪੁਰ ਵਿੱਚ ਮੁੜ ਕੇ ਨਹੀਂ ਗਏ।
ਕਿਵੇਂ ਹੋਇਆ ਜੋਰੇ ਦਾ ਗੁੱਡੋ ਨਾਲ ਮੇਲ?
ਗੁੱਡੋ ਅਤੇ ਜੋਰਾ ਦੋਵੇਂ ਹੀ ਚਿੱਟੇ ਅਨਪੜ੍ਹ ਹਨ।
ਜੋਰਾ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਕੋਲ ਕਾਫੀ ਜਾਇਦਾਦ ਸੀ ਅਤੇ ਉਨ੍ਹਾਂ ਦੇ ਪਿਤਾ ਨੰਬਰਦਾਰ ਸਨ।
ਉਹ ਦੱਸਦੇ ਹਨ ਕਿ ਉਹ ਨਿੱਕੇ ਹੁੰਦੇ ਡੰਗਰ ਚਾਰਦੇ ਸਨ ਅਤੇ ਖੇਤੀਬਾੜੀ ਵੱਲ ਉਨ੍ਹਾਂ ਦਾ ਖਿਆਲ ਨਹੀਂ ਸੀ।
ਗੁੱਡੋ ਨੇ ਜੋਰੇ ਨਾਲ ਉਨ੍ਹਾਂ ਦੇ ਮੇਲ ਦੀ ਕਹਾਣੀ ਵੀ ਸਾਨੂੰ ਦੱਸੀ। ਗੁੱਡੋ ਦੱਸਦੇ ਹਨ ਕਿ ਉਨ੍ਹਾਂ ਦੇ ਪੁਰਖ਼ਿਆਂ ਦਾ ਪਿਛੋਕੜ ਰਾਜਸਥਾਨ ਤੋਂ ਹੈ।
ਉਹ ਦੱਸਦੇ ਹਨ, "ਸਾਡਾ ਇਨ੍ਹਾਂ (ਜੋਰਾ) ਦੇ ਘਰ ਦੇ ਨੇੜੇ ਹੀ ਡੇਰਾ ਸੀ, ਇਹ ਉੱਥੋਂ ਲੰਘਦੇ ਹੁੰਦੇ ਸਨ, ਜਿੱਥੇ ਸਾਡਾ ਮੇਲ ਹੋਇਆ।"
ਬੀਤੇ ਸਾਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਅੱਗੇ ਦੱਸਿਆ, "ਉਸ ਵੇਲੇ ਮੇਰੇ ਪਰਿਵਾਰਕ ਮੈਂਬਰਾਂ ਨੇ ਵੀ ਵਿਆਹ ਵਿੱਚ ਸ਼ਮੂਲੀਅਤ ਕੀਤੀ ਸੀ।"
ਉਹ ਦੱਸਦੇ ਹਨ, "ਵਿਆਹ ਵੇਲੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਸੀ, ਸਾਡਾ ਵਿਆਹ ਮਲੌਦ ਖੇੜੀ ਵਿੱਚ ਹੋਇਆ ਸੀ ਜਿੱਥੇ ਕਈ ਲੋਕ ਸ਼ਾਮਲ ਹੋਏ ਸਨ।"
ਉਨ੍ਹਾਂ ਨੂੰ ਆਪਣੇ ਫ਼ੈਸਲੇ ਉੱਤੇ ਕੋਈ ਮਲਾਲ ਨਹੀਂ ਹੈ।
ਜੋਰਾ ਸਿੰਘ ਦੱਸਦੇ ਹਨ ਕਿ ਗੁੱਡੋ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਮੇਲ-ਜੋਲ ਵਧਿਆ ਤੇ ਉਨ੍ਹਾਂ ਵਿੱਚ ਗੂੜ੍ਹੀ ਮੁਹੱਬਤ ਹੋ ਗਈ।
ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਵਿਆਹ ਦਾ ਫ਼ੈਸਲਾ ਲਿਆ ਸੀ ਤਾਂ ਸ਼ੁਰੂਆਤ ਵਿੱਚ ਮਾਪੇ ਨਹੀਂ ਮੰਨੇ ਸਨ।
ਪਰ ਉਨ੍ਹਾਂ ਦੀ ਜ਼ਿੱਦ ਅੱਗੇ ਉਨ੍ਹਾਂ ਦੇ ਮਾਪਿਆਂ ਦੀ ਸਖ਼ਤੀ ਪਿਘਲ ਗਈ।
ਉਹ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਗੱਡੀ ਲੁਹਾਰਾਂ ਨਾਲ ਰਹਿਣ ਦੀ ਸ਼ਰਤ ਉਨ੍ਹਾਂ ਨੇ ਸਭ ਕੁਝ ਜਾਣਦਿਆਂ ਕਬੂਲੀ ਸੀ ਤੇ ਉਨ੍ਹਾਂ ਨੂੰ ਵੀ ਇਸ ਦਾ ਕਿਸੇ ਕਿਸਮ ਦਾ ਪਛਤਾਵਾ ਨਹੀਂ ਹੈ।

ਤਸਵੀਰ ਸਰੋਤ, Kulveer Singh/BBC
ਕਿਵੇ ਲੰਘੀ ਜ਼ਿੰਦਗੀ?
ਦੋਵਾਂ ਦੇ ਵਿਆਹ ਨੂੰ 29 ਸਾਲ ਹੋ ਗਏ ਹਨ। ਗੁੱਡੋ ਅਤੇ ਜੋਰਾ ਸਿੰਘ ਦੇ 4 ਪੁੱਤਰ ਅਤੇ 2 ਧੀਆਂ ਹਨ।
ਉਨ੍ਹਾਂ ਦੇ ਇੱਕ ਵੱਡੇ ਪੁੱਤਰ ਦਾ ਵਿਆਹ ਹੋ ਚੁੱਕਾ ਹੈ, ਜੋ ਕਿ ਆਪਣੀ ਪਤਨੀ ਦੇ ਪਰਿਵਾਰ ਨਾਲ ਰਹਿੰਦਾ ਹੈ।
ਜੋਰਾ ਸਿੰਘ ਦੱਸਦੇ ਹਨ ਕਿ ਉਹ ਸ਼ੁਰੂਆਤ ਵਿੱਚ ਪਸ਼ੂ-ਪਾਲਣ ਦਾ ਕੰਮ ਕਰਦੇ ਸਨ।
ਉਹ ਅੱਗੇ ਦੱਸਦੇ ਹਨ, "ਗੁੱਡੋ ਅਤੇ ਉਨ੍ਹਾਂ ਦਾ ਪਰਿਵਾਰ ਲੋਹੇ ਦਾ ਕੰਮ ਕਰਦੇ ਸਨ।"
ਉਹ ਦੱਸਦੇ ਹਨ ਕਿ ਉਹ ਪਿਛਲੇ 29 ਸਾਲਾਂ ਚ ਪਸ਼ੂਆਂ ਦੇ ਵਪਾਰ ਅਤੇ ਲੋਹੇ ਦੇ ਭਾਂਡੇ ਅਤੇ ਸੰਦ ਬਣਾਉਣ ਦਾ ਕੰਮ ਕਰਦੇ ਰਹੇ ਹਨ।
ਉਹ ਦੱਸਦੇ ਹਨ ਕਿ ਆਧੁਨਿਕਤਾ ਦੇ ਆਉਣ ਅਤੇ ਪਲਾਸਟਿਕ ਦੇ ਭਾਂਡੇ ਵਧਣ ਕਾਰਨ ਉਨ੍ਹਾਂ ਦਾ ਕੰਮ ਕਾਫੀ ਘੱਟ ਗਿਆ ਹੈ ਤੇ ਉਹ ਹੁਣ ਉਨ੍ਹਾਂ ਦਾ ਗੁਜ਼ਾਰਾ ਕਾਫੀ ਮੁਸ਼ਕਲ ਨਾਲ ਚਲਦਾ ਹੈ।
ਜੋਰਾ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਪਛਾਣ ਪੱਤਰ ਨਹੀਂ ਬਣਿਆ ਹੈ, ਚਾਹੇ ਉਹ ਅਧਾਰ ਕਾਰਡ ਹੋਵੇ ਜਾਂ ਰਾਸ਼ਨ ਕਾਰਡ।
ਜੋਰਾ ਸਿੰਘ ਅਤੇ ਗੁੱਡੋ ਦੇ ਛੇ ਬੱਚਿਆਂ ਵਿੱਚੋਂ ਵੀ ਕਿਸੇ ਦਾ ਕੋਈ ਅਧਾਰ ਕਾਰਡ ਨਹੀਂ ਹੈ।
ਉਹ ਗਿਲਾ ਕਰਦੇ ਹਨ ਕਿ 'ਗੱਡੀ ਲੁਹਾਰ' ਸਰਕਾਰੀ ਸਹੂਲਤਾਂ ਤੋਂ ਵੀ ਵਾਂਝੇ ਹਨ। ਉਹ ਕਹਿੰਦੇ ਹਨ, "ਗੱਡੀ ਲੁਹਾਰ ਤਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੇ।"
ਜੋਰਾ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਅਤੇ ਭਰਾ ਦੋਵਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਦੇ ਚਾਚੇ-ਤਾਏ ਹੀ ਬਚੇ ਹਨ।
ਵਾਪਸ ਨਾ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹ ਦੱਸਦੇ ਹਨ ਕਿ ਉਹ ਆਪਣੀ ਵਿਆਹ ਤੋਂ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਕਿਸੇ ਵੀ ਰੂਪ ਵਿੱਚ ਮੁੜ ਵਾਪਸ ਨਹੀਂ ਜਾਣਾ ਚਾਹੁੰਦੇ।
ਉਹ ਦੱਸਦੇ ਹਨ ਕਿ ਉਹ ਇੰਨੇ ਸਾਲ ਪਿੰਡ ਵਾਪਸ ਇਸੇ ਲਈ ਨਹੀਂ ਗਏ ਕਿਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਦੇ ਉਲਟ ਕੁਝ ਸੁਣਨਾ ਨਾ ਪੈ ਜਾਵੇ।

ਤਸਵੀਰ ਸਰੋਤ, Kulveer Singh/BBC
ਗੱਡੀ ਲੁਹਾਰ ਕੌਣ ਹੁੰਦੇ ਹਨ?
ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਕਿਰਪਾਲ ਕਜ਼ਾਕ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ 'ਗੱਡੀ ਲੁਹਾਰਾਂ ਦਾ ਸਭਿਆਚਾਰ' ਮੁਤਾਬਕ ਇਸ ਕਬੀਲੇ ਦਾ ਸਬੰਧ ਰਾਜਸਥਾਨ ਦੇ ਚਿਤੌਰਗੜ੍ਹ ਨਾਲ ਹੈ।
ਗੱਡੀ ਲੁਹਾਰਾਂ ਦੇ ਵਿਸ਼ਵਾਸ ਮੁਤਾਬਕ ਰਾਜਪੂਤ ਰਾਜਾ ਮਹਾਰਾਣਾ ਪ੍ਰਤਾਪ ਦੀ ਮੁਗਲ ਬਾਦਸ਼ਾਹ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਉਨ੍ਹਾਂ ਨੇ 'ਟੱਪਰੀਵਾਸ' ਜੀਵਨ ਦੀ ਸ਼ੁਰੂਆਤ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













