'ਮੇਰੀ ਪਤਨੀ ਨੂੰ ਉਸ ਦੇ ਹੀ ਮਾਪਿਆਂ ਨੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ' - ਦੂਸਰੇ ਧਰਮ 'ਚ ਵਿਆਹ ਕਰਨ ਵਾਲੇ ਸ਼ਖ਼ਸ ਦੀ ਆਪਣੀ ਪਤਨੀ ਨੂੰ ਬਚਾਉਣ ਦੀ ਕਹਾਣੀ

- ਲੇਖਕ, ਪ੍ਰਿਯੰਕਾ ਜਗਤਾਪ
- ਰੋਲ, ਬੀਬੀਸੀ ਮਰਾਠੀ
"ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹਾਂ ਤਾਂ ਉਨ੍ਹਾਂ ਨੇ ਮੈਨੂੰ ਕੁੱਟਿਆ। ਉਨ੍ਹਾਂ ਨੇ ਮੇਰੇ ਪੈਰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਦਿੱਤੇ ਤਾਂ ਜੋ ਮੈਂ ਭੱਜ ਕੇ ਉਸ ਕੋਲ ਨਾ ਜਾ ਸਕਾਂ।"
ਛਤਰਪਤੀ ਸੰਭਾਜੀ ਨਗਰ ਦੇ ਰਹਿਣ ਵਾਲੇ ਸ਼ਹਿਨਾਜ਼ ਧਾਗੇ ਨੇ ਬੀਬੀਸੀ ਮਰਾਠੀ ਨੂੰ ਆਪਣੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਉਨ੍ਹਾਂ ਨਾਲ ਜੋ ਕੁਝ ਵੀ ਵਾਪਰਿਆ, ਉਸ ਸਭ ਯੋਜਨਾਬੱਧ ਸੀ।
ਉਨ੍ਹਾਂ ਕਿਹਾ, "ਮੈਨੂੰ ਦੋ ਮਹੀਨਿਆਂ ਲਈ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਮੈਨੂੰ ਕਿਹਾ ਗਿਆ ਕਿ ਮੈਨੂੰ ਆਪਣੀ ਜਾਤੀ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੇਰਾ ਫ਼ੋਨ ਵੀ ਖੋਹ ਲਿਆ।''
ਸ਼ਹਿਨਾਜ਼ ਦੇ ਪਤੀ ਸਾਗਰ ਨੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, "ਉਨ੍ਹਾਂ ਦੋ ਮਹੀਨਿਆਂ ਵਿੱਚ ਜਿਵੇਂ ਮੈਂ ਪਾਗ਼ਲ ਹੋ ਗਿਆ ਸੀ। ਮੈਂ ਬਹੁਤ ਭੱਜ-ਦੌੜ ਕੀਤੀ। ਮੈਂ ਬਹੁਤ ਸਾਰੇ ਲੋਕਾਂ ਕੋਲ ਗਿਆ। ਮੈਂ ਕਮਿਸ਼ਨਰ ਨੂੰ ਇੱਕ ਪੱਤਰ ਭੇਜਿਆ। ਮੈਂ ਅਦਾਲਤ ਵੀ ਗਿਆ।"
"ਉਨ੍ਹਾਂ ਨੇ ਮੇਰੀ ਪਤਨੀ ਅਤੇ ਬੱਚੇ ਨੂੰ ਪੂਰੇ ਦੋ ਮਹੀਨੇ ਇੱਕ ਕਮਰੇ ਵਿੱਚ ਬੰਦ ਰੱਖਿਆ। ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਕਾਨੂੰਨ ਨੇ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਮੇਰੀ ਬਹੁਤ ਮਦਦ ਕੀਤੀ।"

ਸ਼ਹਿਨਾਜ਼ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਇੰਨਾ ਬੁਰਾ ਵਿਵਹਾਰ ਕਰਨਗੇ।
ਬੀਬੀਸੀ ਮਰਾਠੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਅੰਤਰ-ਧਰਮ ਵਿਆਹ ਕਾਰਨ ਕਿੰਨੀਆਂ ਮੁਸ਼ਕਲਾਂ ਆਈਆਂ ਅਤੇ ਇਕੱਠੇ ਰਹਿਣ ਲਈ ਉਨ੍ਹਾਂ ਨੂੰ ਕਿਵੇਂ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਗੱਲ ਕਰਦਿਆਂ ਉਹ ਲਗਾਤਾਰ ਭਾਵੁਕ ਹੋ ਜਾਂਦੇ ਸਨ।
ਦੋ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ, 29 ਜਨਵਰੀ ਨੂੰ, ਸਾਗਰ ਨੇ ਕਾਨੂੰਨ ਦੀ ਮਦਦ ਨਾਲ ਆਪਣੀ 22 ਸਾਲਾ ਪਤਨੀ ਸ਼ਹਿਨਾਜ਼ ਅਤੇ ਸਾਢੇ ਤਿੰਨ ਸਾਲ ਦੇ ਪੁੱਤਰ ਕਾਰਤਿਕ ਨੂੰ ਕਿਵੇਂ ਛੁਡਾਇਆ? ਉਨ੍ਹਾਂ ਨਾਲ ਕੀ-ਕੀ ਹੋਇਆ ਸੀ? ਆਓ ਜਾਣਦੇ ਹਾਂ।
ਸ਼ਹਿਨਾਜ਼ ਦੇ ਮਾਤਾ-ਪਿਤਾ ਜਾਲਨਾ ਜ਼ਿਲ੍ਹੇ ਦੇ ਭੋਕਰਦਨ ਨੇੜੇ ਉਸਮਾਨਪੇਠ ਇਲਾਕੇ ਵਿੱਚ ਰਹਿੰਦੇ ਹਨ। ਸ਼ਹਿਨਾਜ਼ ਆਪਣੇ ਮਾਪਿਆਂ ਦੇ ਘਰ ਗਈ ਪਰ ਉਸ ਮਗਰੋਂ ਆਪਣੇ ਪਤੀ ਕੋਲ ਆਪਣੇ ਸੁਹਰੇ ਘਰ ਨਹੀਂ ਜਾ ਸਕੀ।
ਕਿਉਂਕਿ ਸ਼ਹਿਨਾਜ਼ ਅਤੇ ਉਸ ਦੇ ਪੁੱਤਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਇਸ ਖਦਸ਼ੇ ਤੋਂ ਕਿ ਕਿਤੇ ਉਹ ਭੱਜ ਨਾ ਜਾਣ, ਘਰਦਿਆਂ ਨੇ ਉਨ੍ਹਾਂ ਦੀਆਂ ਲੱਤਾਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਉਨ੍ਹਾਂ 'ਤੇ ਦੋ ਜਿੰਦੇ ਲਗਾ ਦਿੱਤੇ ਸਨ।
ਪਰ ਆਖ਼ਰਕਾਰ, ਦੋ ਮਹੀਨਿਆਂ ਦੀ ਅਣਥੱਕ ਕੋਸ਼ਿਸ਼ ਤੋਂ ਬਾਅਦ, ਪੁਲਿਸ ਅਤੇ ਅਦਾਲਤ ਦੀ ਮਦਦ ਨਾਲ, ਸ਼ਹਿਨਾਜ਼ ਦੇ ਪਤੀ ਸਾਗਰ, ਸ਼ਹਿਨਾਜ਼ ਅਤੇ ਆਪਣੇ ਮੁੰਡੇ ਕਾਰਤਿਕ ਨੂੰ ਇਸ ਕੈਦ ਤੋਂ ਛੁਡਾ ਕੇ ਆਪਣੇ ਘਰ ਵਾਪਸ ਲੈ ਆਏ।

ਕੀ ਹੈ ਮਾਮਲਾ?
ਸ਼ਹਿਨਾਜ਼ ਉਰਫ਼ ਸੋਨਲ ਅਤੇ ਸਾਗਰ ਧਾਗੇ ਦੋਵੇਂ ਪਤੀ-ਪਤਨੀ ਹਨ ਅਤੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਨਿਸਾਰਵਾੜੀ ਵਿੱਚ ਆਪਣੇ ਸਾਢੇ ਤਿੰਨ ਸਾਲ ਦੇ ਪੁੱਤਰ ਕਾਰਤਿਕ ਨਾਲ ਰਹਿੰਦੇ ਹਨ।
ਦੋਵਾਂ ਵਿੱਚ ਪ੍ਰੇਮ ਸਬੰਧ ਸਨ ਅਤੇ ਸਾਲ 2020 ਵਿੱਚ ਉਨ੍ਹਾਂ ਨੇ ਭੱਜ ਕੇ ਵਿਆਹ ਕਰਵਾ ਲਿਆ।
ਕਿਉਂਕਿ ਸ਼ਹਿਨਾਜ਼ ਮੁਸਲਿਮ ਭਾਈਚਾਰੇ ਤੋਂ ਆਉਂਦੇ ਹਨ, ਇਸ ਲਈ ਦੋਵੇਂ ਪਰਿਵਾਰ ਇਸ ਵਿਆਹ ਦੇ ਸਖ਼ਤ ਖ਼ਿਲਾਫ਼ ਸਨ।
ਹਾਲਾਂਕਿ, ਵਿਆਹ ਦੇ ਕੁਝ ਮਹੀਨਿਆਂ ਬਾਅਦ ਸਾਗਰ ਦੇ ਪਰਿਵਾਰ ਦਾ ਗੁੱਸਾ ਸ਼ਾਂਤ ਹੋ ਗਿਆ ਅਤੇ ਪਿਛਲੇ ਇੱਕ ਸਾਲ ਤੋਂ ਸ਼ਹਿਨਾਜ਼ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਵੀ ਕਦੇ-ਕਦਾਈਂ ਉਨ੍ਹਾਂ ਦੇ ਨਿਸਾਰਵਾੜੀ ਘਰ ਆਉਣ ਲੱਗ ਪਏ ਸਨ।
ਇਸ ਲਈ ਸ਼ਹਿਨਾਜ਼ ਅਤੇ ਸਾਗਰ ਨੂੰ ਲੱਗਿਆ ਕਿ ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਸੱਚਮੁੱਚ ਸ਼ੁਰੂ ਹੋ ਗਈ ਹੈ। ਇਸੇ ਲਈ ਸ਼ਹਿਨਾਜ਼ ਆਪਣੇ ਪਤੀ ਸਾਗਰ ਅਤੇ ਛੋਟੇ ਪੁੱਤਰ ਕਾਰਤਿਕ ਨਾਲ ਆਪਣੇ ਪੇਕੇ ਘਰ ਮਿਲਣ ਗਏ ਸਨ।

'ਮੇਰੀ ਮਾਂ ਨੇ ਮਿਲਣ ਬੁਲਾਇਆ ਤੇ ਉੱਥੇ ਹੀ ਕੈਦ ਕਰ ਲਿਆ'
5 ਦਸੰਬਰ 2024 ਨੂੰ, ਸ਼ਹਿਨਾਜ਼ ਦੀ ਮਾਂ ਮੁਮਤਾਜ਼ ਖਾਲਿਦ ਸ਼ਾਹ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਮਿਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੈਰ 'ਤੇ ਪੱਥਰ ਡਿੱਗ ਗਿਆ ਹੈ।
ਸਾਗਰ ਧਾਗੇ ਕਹਿੰਦੇ ਹਨ, "ਮੇਰੀ ਵੱਡੀ ਸਾਲੀ ਦੇ ਬੱਚਾ ਹੋਇਆ ਹੈ ਤੇ ਉਨ੍ਹਾਂ ਦੀ ਸੱਸ (ਸ਼ਹਿਨਾਜ਼ ਦੀ ਮਾਂ) ਨੂੰ ਕੰਮ-ਕਾਜ ਲਈ ਮਦਦ ਚਾਹੀਦੀ ਸੀ, ਇਸ ਲਈ ਉਨ੍ਹਾਂ ਨੇ ਸਾਨੂੰ ਮਿਲਣ ਬੁਲਾਇਆ। ਅਸੀਂ ਵੀ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਜਾਣ ਕੇ ਮਿਲਣ ਚਲੇ ਗਏ।''
"ਉੱਥੇ ਜਾਣ ਤੋਂ ਬਾਅਦ, ਉਨ੍ਹਾਂ ਨੇ ਮੇਰੇ ਨਾਲ ਬਹੁਤ ਮਿੱਠੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਖਾਣਾ ਖੁਆਇਆ। ਫਿਰ ਸਾਰੇ ਮੈਨੂੰ ਕਹਿਣ ਲੱਗੇ ਕਿ 'ਤੁਸੀਂ ਜਾ ਸਕਦੇ ਹੋ, ਪਰ ਸਾਡੀ ਧੀ ਨੂੰ ਤਿੰਨ-ਚਾਰ ਦਿਨ ਸਾਡੇ ਕੋਲ ਹੀ ਰਹਿਣ ਦਿਓ। ਇਸ ਲਈ, ਮੈਂ ਆਪਣੇ ਪੁੱਤਰ ਅਤੇ ਪਤਨੀ ਨੂੰ ਉੱਥੇ ਛੱਡ ਕੇ ਸੰਭਾਜੀ ਨਗਰ ਵਾਪਸ ਆ ਗਿਆ।"
"ਬਾਅਦ ਵਿੱਚ ਜਦੋਂ ਮੈਂ ਬੱਸ ਵਿੱਚ ਬੈਠਾ, ਮੈਨੂੰ ਮੇਰੀ ਪਤਨੀ ਦਾ ਫ਼ੋਨ ਆਇਆ। ਉਹ ਫ਼ੋਨ 'ਤੇ ਕੁਝ ਹੋਰ ਕਹਿ ਰਹੀ ਸੀ। ਮੈਨੂੰ ਥੋੜ੍ਹਾ ਸ਼ੱਕ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਹਿ ਰਹੀ ਹੈ, ਅਚਾਨਕ ਕੀ ਹੋਇਆ। ਉਸਨੇ ਕਿਹਾ ਕਿ ਉਹ ਮੈਨੂੰ ਬਾਅਦ ਵਿੱਚ ਫ਼ੋਨ ਕਰੇਗੀ ਅਤੇ ਤੁਰੰਤ ਕਾਲ ਕੱਟ ਦਿੱਤੀ। ਫਿਰ ਉਸ ਦਾ ਫ਼ੋਨ ਬੰਦ ਹੋ ਗਿਆ।"
"ਇਸ ਤੋਂ ਬਾਅਦ, ਮੈਂ ਦੋ ਦਿਨ ਉਸ ਦੇ ਫੋਨ ਦੀ ਉਡੀਕ ਕਰਦਾ ਰਿਹਾ, ਪਰ ਉਸਨੇ ਫੋਨ ਨਹੀਂ ਕੀਤਾ। ਉਸਦੇ ਪਿਤਾ ਨੇ ਉਸਦਾ ਫੋਨ ਲੈ ਲਿਆ ਸੀ ਅਤੇ ਬੰਦ ਕਰ ਦਿੱਤਾ ਸੀ।
ਇਸ ਦੌਰਾਨ, ਦੋ ਦਿਨ ਬਾਅਦ, 7 ਦਸੰਬਰ ਨੂੰ ਸਾਗਰ ਆਪਣੀ ਪਤਨੀ ਅਤੇ ਬੱਚੇ ਨੂੰ ਲੈਣ ਲਈ ਆਪਣੇ ਸਹੁਰੇ ਘਰ ਵਾਪਸ ਗਏ।
ਉਹ ਦੱਸਦੇ ਹਨ, "ਜਦੋਂ ਮੈਂ ਉਨ੍ਹਾਂ ਨੂੰ ਵਾਪਸ ਲੈਣ ਗਿਆ ਤਾਂ ਸ਼ਹਿਨਾਜ਼ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਕੁੱਟਿਆ। ਉਨ੍ਹਾਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।"
"ਜਦੋਂ ਉਨ੍ਹਾਂ ਨੇ ਮੈਨੂੰ ਦੇਖਿਆ, ਮੇਰਾ ਛੋਟਾ ਜਿਹਾ ਮੁੰਡਾ ਮੇਰੇ ਵੱਲ ਭੱਜ ਕੇ ਆਇਆ। ਮੈਂ ਉਸਨੂੰ ਚੁੱਕਿਆ, ਪਰ ਉਨ੍ਹਾਂ ਨੇ ਤੁਰੰਤ ਉਸਨੂੰ ਮੇਰੀਆਂ ਕੋਲੋਂ ਖੋਹ ਲਿਆ ਅਤੇ ਮੈਨੂੰ ਬਾਹਰ ਧੱਕਾ ਦੇ ਦਿੱਤਾ।"
ਸਾਗਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਸਾਗਰ ਨਾਲ ਵਾਪਸ ਨਹੀਂ ਭੇਜਣਗੇ ਕਿਉਂਕਿ ਉਨ੍ਹਾਂ ਦਾ ਧਰਮ ਸਾਡੇ ਤੋਂ ਵੱਖਰਾ ਹੈ।

'ਉਨ੍ਹਾਂ ਨੇ ਮੇਰੇ ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ'
ਸਾਗਰ ਨੂੰ ਉਨ੍ਹਾਂ ਦੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਸੀ। ਪਰ ਸ਼ਹਿਨਾਜ਼ ਅਤੇ ਉਨ੍ਹਾਂ ਦਾ ਪੁੱਤਰ ਕਾਰਤਿਕ ਉੱਥੇ ਹੀ ਸਨ। ਬਾਅਦ ਵਿੱਚ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਪੈ ਗਿਆ ਸੀ।
ਸ਼ਹਿਨਾਜ਼ ਕਹਿੰਦੇ ਹਨ, "ਜਦੋਂ ਸਾਗਰ ਮੈਨੂੰ ਲੈਣ ਆਇਆ, ਉਦੋਂ ਹੀ ਇਹ ਸਭ ਕਰਨਾ ਦਾ ਫੈਸਲਾ ਕਰ ਲਿਆ ਗਿਆ ਸੀ। ਉਨ੍ਹਾਂ (ਘਰਦਿਆਂ) ਨੇ ਬਿਲਕੁਲ ਉਹੀ ਕੀਤਾ। ਉਨ੍ਹਾਂ ਨੇ ਮੈਨੂੰ ਥੱਲੇ ਦੱਬ ਲਿਆ। ਬੱਚੇ ਨੂੰ ਖੋਹ ਲਿਆ।''
"ਫਿਰ ਮੈਂ ਸਭ ਕੁਝ ਸਮਝ ਗਈ ਅਤੇ ਫਿਰ ਮੈਂ ਸਾਗਰ ਨੂੰ ਕਿਹਾ ਕਿ ਉਹ ਮੈਨੂੰ ਇਸ ਤਰ੍ਹਾਂ ਨਹੀਂ ਭੇਜਣਗੇ। ਤੁਸੀਂ ਪਹਿਲਾਂ ਪੁਲਿਸ ਸਟੇਸ਼ਨ ਜਾਓ ਅਤੇ ਸ਼ਿਕਾਇਤ ਦਰਜ ਕਰਵਾਓ।"
ਸਾਗਰ ਕਹਿੰਦੇ ਹਨ, "ਫਿਰ ਮੈਂ ਪੁਲਿਸ ਕੋਲ ਗਿਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਕਿਉਂਕਿ ਤੁਸੀਂ ਅੰਤਰ-ਧਰਮ ਵਿਆਹ ਕੀਤਾ ਹੈ, ਇਸ ਲਈ ਸਾਨੂੰ ਅਦਾਲਤ ਦੀ ਮਦਦ ਨਾਲ ਅੱਗੇ ਵਧਣਾ ਪਵੇਗਾ। ਫਿਰ ਮੈਂ ਇੱਕ ਵਕੀਲ ਨਾਲ ਗੱਲ ਕੀਤੀ ਅਤੇ ਅਦਾਲਤ ਦੀ ਮਦਦ ਮੰਗੀ। ਉਸ ਸਮੇਂ ਮੇਰੇ ਮਾਤਾ-ਪਿਤਾ ਵੀ ਮੇਰੇ ਨਾਲ ਸਨ।"
ਸ਼ਹਿਨਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਸਭ ਕੁਝ ਹੋਵੇਗਾ। ਪਿਛਲੇ ਇੱਕ ਸਾਲ ਤੋਂ, ਉਹ ਸਾਰੇ ਇੱਕ-ਦੂਜੇ ਨੂੰ ਮਿਲ ਰਹੇ ਸਨ ਅਤੇ ਫ਼ੋਨ 'ਤੇ ਗੱਲਾਂ ਕਰ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਸਭ ਕੁਝ ਠੀਕ ਹੋ ਗਿਆ ਹੈ।
ਉਹ ਕਹਿੰਦੇ ਹਨ, "ਮੈਂ ਕਹਿੰਦੀ ਰਹੀ ਕਿ ਮੈਂ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹਾਂ, ਇਸ ਲਈ 10 ਦਿਨਾਂ ਬਾਅਦ ਉਨ੍ਹਾਂ ਨੇ ਮੇਰੀਆਂ ਲੱਤਾਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ। ਉਨ੍ਹਾਂ ਨੇ ਇਸ 'ਤੇ ਦੋ ਜਿੰਦੇ ਲਗਾ ਦਿੱਤੇ।"
"ਜਦੋਂ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਜਾਣਾ ਚਾਹੁੰਦੀ ਹਾਂ, ਤਾਂ ਉਸ ਨੇ ਮੈਨੂੰ ਕੁੱਟਿਆ। ਉਹ ਮੇਰਾ ਵਿਆਹ ਵੀ ਮੇਰੀ ਜਾਤ ਦੇ ਮੁੰਡੇ ਨਾਲ ਕਰਵਾਉਣਾ ਚਾਹੁੰਦੇ ਸਨ। ਸ਼ੁਰੂ ਵਿੱਚ, ਉਨ੍ਹਾਂ ਨੇ ਮੇਰੇ ਪੁੱਤਰ ਨੂੰ ਵੀ ਮੇਰੇ ਤੋਂ ਦੂਰ ਰੱਖਿਆ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਮੇਰੇ ਪੁੱਤਰ ਨੂੰ ਮੇਰੇ ਕੋਲ ਨਹੀਂ ਰੱਖਿਆ, ਤਾਂ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂਗੀ।''

'ਮੈਨੂੰ ਲੈਣ ਲਈ ਪੁਲਿਸ ਨੂੰ ਭੇਜੋ'
ਇਸ ਸਮੇਂ ਦੌਰਾਨ, ਸ਼ਹਿਨਾਜ਼ ਅਤੇ ਸਾਗਰ ਕੋਲ ਇੱਕ ਦੂਜੇ ਨਾਲ ਸੰਪਰਕ ਕਰਨ ਦਾ ਕੋਈ ਰਸਤਾ ਨਹੀਂ ਸੀ ਕਿਉਂਕਿ ਸ਼ਹਿਨਾਜ਼ ਦਾ ਫ਼ੋਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਖੋਹ ਲਿਆ ਸੀ। ਪਰ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਸਾਗਰ ਨੂੰ ਫ਼ੋਨ ਕੀਤਾ ਅਤੇ ਆਪਣੇ 'ਤੇ ਹੋ ਰਹੇ ਸਾਰੇ ਤਸ਼ੱਦਦ ਬਾਰੇ ਦੱਸਿਆ।
ਉਹ ਦੱਸਦੇ ਹਨ, "ਮੈਂ ਆਪਣੀ ਮਾਸੀ ਦਾ ਮੋਬਾਈਲ ਫ਼ੋਨ ਚਾਰਜਿੰਗ 'ਤੇ ਲੱਗਿਆ ਦੇਖਿਆ। ਇਹ ਦੇਖ ਕੇ ਕਿ ਘਰ ਵਿੱਚ ਹੋਰ ਕੋਈ ਨਹੀਂ ਸੀ, ਮੈਂ ਚੁੱਪ-ਚਾਪ ਆਪਣੇ ਪਤੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਮੇਰੇ ਨਾਲ ਹੋ ਰਹੀ ਹਰ ਗੱਲ ਦੱਸੀ।"
ਸਾਗਰ ਕਹਿੰਦੇ ਹਨ ਕਿ ਇੰਨੇ ਦਿਨਾਂ ਬਾਅਦ ਆਪਣੀ ਪਤਨੀ ਦੀ ਆਵਾਜ਼ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਰਾਹਤ ਮਹਿਸੂਸ ਹੋਈ।
ਉਹ ਕਹਿੰਦੇ ਹਨ, "ਉਸਨੇ ਮੈਨੂੰ ਦੋ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਦੋ ਮਿੰਟ ਲਈ ਫ਼ੋਨ ਕੀਤਾ। ਉਸਨੇ ਮੈਨੂੰ ਫ਼ੋਨ 'ਤੇ ਕਿਹਾ ਕਿ ਮੈਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ। ਤੁਸੀਂ ਜਲਦੀ ਤੋਂ ਜਲਦੀ ਕੁਝ ਕਰੋ ਅਤੇ ਮੈਨੂੰ ਲੈਣ ਲਈ ਪੁਲਿਸ ਦੀ ਗੱਡੀ ਭੇਜੋ।''
"ਫਿਰ ਮੈਂ ਉਸਨੂੰ ਦੱਸਿਆ ਕਿ ਮੈਂ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ। ਪੁਲਿਸ ਜਲਦੀ ਹੀ ਤੁਹਾਨੂੰ ਲੈਣ ਆਵੇਗੀ। ਮੈਂ ਤੁਹਾਨੂੰ ਰਿਹਾਅ ਕਰਵਾਉਣ ਲਈ ਜ਼ੋਰ ਲਗਾਇਆ ਹੋਇਆ ਹੈ। ਫਿਰ ਕੋਈ ਕਮਰੇ ਵਿੱਚ ਆਇਆ ਅਤੇ ਉਸਨੇ ਫ਼ੋਨ ਕੱਟ ਦਿੱਤਾ। ਸਾਡੀ ਦੁਬਾਰਾ ਗੱਲ ਨਹੀਂ ਹੋ ਸਕੀ।"

ਕਿਵੇਂ ਹੋਈ ਸ਼ਹਿਨਾਜ਼ ਦੀ ਵਾਪਸੀ
ਸ਼ਹਿਨਾਜ਼ ਲਈ ਉਸ ਜਗ੍ਹਾ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਸੀ ਜਿੱਥੇ ਉਹ ਫਸ ਗਈ ਸੀ। ਉਨ੍ਹਾਂ ਦੇ ਪਰਿਵਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰ੍ਹਾਂ ਉਹ ਵਾਪਸ ਨਾ ਜਾ ਸਕਣ।
ਸ਼ਹਿਨਾਜ਼ ਕਹਿੰਦੇ ਹਨ, "ਮੇਰੇ ਉੱਥੋਂ ਜਾਣ ਤੋਂ ਪਹਿਲਾਂ ਵੀ ਇੱਕ ਵਾਰ ਪੁਲਿਸ ਮੈਨੂੰ ਅਦਾਲਤ ਵਿੱਚ ਲੈ ਜਾਣ ਲਈ ਆਈ ਸੀ।''
"ਉਸ ਸਮੇਂ ਮੇਰੀ ਮਾਂ ਨੇ ਪੁਲਿਸ ਦੀ ਗੱਡੀ ਦੇਖੀ। ਉਸਨੇ ਤੁਰੰਤ ਘਰ ਨੂੰ ਅੰਦਰੋਂ ਬੰਦ ਕਰ ਦਿੱਤਾ। ਜਦੋਂ ਮੈਂ ਉਸਨੂੰ ਦੱਸਿਆ ਕਿ ਮੈਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ, ਤਾਂ ਉਸਨੇ ਮੈਨੂੰ ਚੁੱਪ ਰਹਿਣ ਅਤੇ ਰੌਲਾ ਨਾ ਪਾਉਣ ਲਈ ਕਿਹਾ। ਬਾਅਦ ਵਿੱਚ, ਜਦੋਂ ਪੁਲਿਸ ਦੀ ਗੱਡੀ ਚਲੀ ਗਈ, ਤਾਂ ਉਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ।"
ਸ਼ਹਿਨਾਜ਼ ਨੇ ਅੱਗੇ ਦੱਸਿਆ, "ਉਨ੍ਹਾਂ ਸਾਰਿਆਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਹਾਂ। ਮੇਰੇ ਪਿਤਾ ਨੇ ਕਿਹਾ ਕਿ ਉਹ ਮੈਨੂੰ ਸਿਰਫ਼ ਤਾਂ ਹੀ ਜਾਣ ਦੇਣਗੇ ਜੇਕਰ ਮੈਂ ਅਦਾਲਤ ਵਿੱਚ ਉਨ੍ਹਾਂ ਵੱਲੋਂ ਗਵਾਹੀ ਦੇਵਾਂਗੀ।''
ਸ਼ਹਿਨਾਜ਼ ਨੂੰ 12 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਹਾਲਾਂਕਿ, ਸ਼ਹਿਨਾਜ਼ ਦੇ ਪਿਤਾ ਇਕੱਲੇ ਹੀ ਅਦਾਲਤ ਵਿੱਚ ਪੇਸ਼ ਹੋਏ। ਉਸ ਸਮੇਂ ਉਨ੍ਹਾਂ ਨੇ ਸਾਗਰ ਨੂੰ ਕਿਹਾ ਸੀ ਕਿ ਉਹ ਕੁਝ ਵੀ ਕਰ ਲਵੇ, ਉਹ ਕੁੜੀ ਨੂੰ ਵਾਪਸ ਨਹੀਂ ਭੇਜਣਗੇ।
ਜਿਸ ਦਿਨ ਸ਼ਹਿਨਾਜ਼ ਆਪਣੇ ਪੇਕਿਆਂ ਦੇ ਘਰੋਂ ਰਿਹਾਅ ਹੋਈ, ਉਸ ਦਿਨ ਨੂੰ ਯਾਦ ਕਰਦਿਆਂ ਸਾਗਰ ਕਹਿੰਦੇ ਹਨ, "29 ਜਨਵਰੀ ਨੂੰ, ਜਿਸ ਦਿਨ ਮੇਰੀ ਪਤਨੀ ਅਤੇ ਪੁੱਤਰ ਨੂੰ ਉੱਥੋਂ ਛੁਟੇ, ਮੈਂ ਸੰਭਾਜੀਨਗਰ ਕੰਮ 'ਤੇ ਗਿਆ ਹੋਇਆ ਸੀ।''
"ਮੈਨੂੰ ਭੋਖਰਦਨ ਤੋਂ ਪੁਲਿਸ ਸਬ-ਇੰਸਪੈਕਟਰ ਬੀਟੀ ਸਹਾਣੇ ਦਾ ਫ਼ੋਨ ਆਇਆ ਅਤੇ ਉਨ੍ਹਾਂ ਕਿਹਾ ਕਿ ਅੱਜ ਅਸੀਂ ਸ਼ਹਿਨਾਜ਼ ਨੂੰ ਔਰੰਗਾਬਾਦ ਅਦਾਲਤ ਵਿੱਚ ਪੇਸ਼ ਕਰਾਂਗੇ।"
"ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ 3 ਫਰਵਰੀ ਦੀ ਤਾਰੀਖ਼ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਹੈ। ਤੁਸੀਂ ਇੱਥੇ ਆ ਜਾਓ।"
"ਫਿਰ ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਉੱਥੋਂ ਅਸੀਂ ਸਿੱਧੇ ਅਦਾਲਤ ਗਏ। ਅਦਾਲਤ ਨੇ ਸਾਡੇ ਹੱਕ ਵਿੱਚ ਫੈਸਲਾ ਸੁਣਾਇਆ।"
ਇਸ ਤਰ੍ਹਾਂ ਸ਼ਹਿਨਾਜ਼ ਦੀ ਘਰ ਵਾਪਸੀ ਪੱਕੀ ਹੋ ਗਈ।

ਤਸਵੀਰ ਸਰੋਤ, Getty Images
ਸ਼ਹਿਨਾਜ਼ ਨੂੰ ਲੈਣ ਆਈ ਪੁਲਿਸ 'ਤੇ ਮਾਂ ਨੇ ਪੱਥਰ ਸੁੱਟੇ
ਜਦੋਂ ਪੁਲਿਸ ਸ਼ਹਿਨਾਜ਼ ਨੂੰ ਉਨ੍ਹਾਂ ਦੇ ਪੇਕਿਆਂ ਦੇ ਘਰ ਲੈਣ ਗਈ ਤਾਂ ਉਨ੍ਹਾਂ ਦੀ ਮਾਂ ਅਤੇ ਭੈਣ ਨੇ ਪੁਲਿਸ ਦਾ ਸਖ਼ਤ ਵਿਰੋਧ ਕੀਤਾ।
ਸ਼ਹਿਨਾਜ਼ ਦੱਸਦੇ ਹਨ, "ਮੈਂ ਚੁੱਲ੍ਹੇ ਕੋਲ ਬੈਠੀ ਖਾਣਾ ਬਣਾ ਰਹੀ ਸੀ। ਮੇਰਾ ਖਾਣਾ ਬਣਾਉਣ ਦਾ ਮਨ ਨਹੀਂ ਸੀ, ਇਸ ਲਈ ਮੈਂ ਬੈਠੀ ਕੰਮ ਕਰ ਰਹੀ ਸੀ। ਫਿਰ ਮੈਂ ਦਰਵਾਜ਼ੇ ਤੋਂ ਇੱਕ ਪੁਲਿਸ ਦੀ ਗੱਡੀ ਆਉਂਦੀ ਦੇਖੀ। ਇਸਨੂੰ ਦੇਖਣ ਤੋਂ ਬਾਅਦ ਮੈਂ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਕਿਹਾ।"
"ਪੁਲਿਸ ਮੇਰੇ ਕੋਲ ਆਈ ਅਤੇ ਮੈਨੂੰ ਮੇਰਾ ਨਾਮ ਪੁੱਛਿਆ। ਜਦੋਂ ਉਨ੍ਹਾਂ ਨੇ ਮੁੰਡੇ ਨੂੰ ਮੇਰੇ ਕੋਲ ਬੈਠਾ ਦੇਖਿਆ, ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਉਹ ਤੁਹਾਡਾ ਪੁੱਤਰ ਹੈ। ਮੈਂ ਕਿਹਾ ਹਾਂ। ਫਿਰ ਉਨ੍ਹਾਂ ਨੇ ਕਿਹਾ ਕਿ ਚੱਲੋ। ਉਨ੍ਹਾਂ ਨੇ ਮੇਰਾ ਹੱਥ ਫੜ੍ਹਿਆ ਅਤੇ ਮੈਨੂੰ ਉੱਥੋਂ ਕੱਢ ਲਿਆ।"
ਸ਼ਹਿਨਾਜ਼ ਮੁਤਾਬਕ, ਇਹ ਪੂਰੀ ਘਟਨਾ ਦੇਖ ਕੇ ਉਨ੍ਹਾਂ ਮਾਂ ਬਹੁਤ ਗੁੱਸੇ ਵਿੱਚ ਆ ਗਈ ਅਤੇ ਉਨ੍ਹਾਂ ਨੇ ਪੁਲਿਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।
ਇਹ ਦੇਖ ਕੇ ਕਿ ਹੁਣ ਸ਼ਹਿਨਾਜ਼ ਨੂੰ ਰੋਕਣਾ ਲਗਭਗ ਅਸੰਭਵ ਸੀ, ਸ਼ਹਿਨਾਜ਼ ਦੀ ਭੈਣ ਨੇ ਉਨ੍ਹਾਂ ਦੇ ਨਿੱਕੇ ਜਿਹੇ ਪੁੱਤਰ ਨੂੰ ਫੜ੍ਹ ਲਿਆ। ਫਿਰ ਉਨ੍ਹਾਂ ਦੀ ਮਾਂ ਨੇ ਪੁਲਿਸ ਨੂੰ ਧਮਕੀ ਦਿੰਦੇ ਹੋਏ ਕਿਹਾ, "ਮੇਰੇ ਬੱਚੇ ਨੂੰ ਇਕੱਲਾ ਛੱਡ ਦਿਓ ਅਤੇ ਉਸਨੂੰ ਲੈ ਜਾਓ।"
ਹਾਲਾਂਕਿ, ਪੁਲਿਸ ਨੇ ਕਾਰਤਿਕ ਅਤੇ ਸ਼ਹਿਨਾਜ਼ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾਇਆ ਅਤੇ ਦੋਵਾਂ ਨੂੰ ਭੋਖਰਦਨ ਪੁਲਿਸ ਸਟੇਸ਼ਨ ਲੈ ਗਈ।

ਤਸਵੀਰ ਸਰੋਤ, Getty Images
'ਮੇਰੀ ਪਤਨੀ ਬਾਬਾ ਸਾਹਿਬ ਦੇ ਲਿਖੇ ਕਾਨੂੰਨ ਸਦਕਾ ਵਾਪਸ ਆ ਸਕੀ'
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਿਸਨੇ ਮਦਦ ਕੀਤੀ, ਇਸ ਬਾਰੇ ਗੱਲ ਕਰਦੇ ਹੋਏ ਸਾਗਰ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਅਦਾਲਤ ਅਤੇ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ। ਇਸ ਮਾਮਲੇ ਤੋਂ ਬਾਅਦ, ਮੈਨੂੰ ਕਾਨੂੰਨ 'ਤੇ ਪੂਰਾ ਵਿਸ਼ਵਾਸ ਹੋ ਗਿਆ ਹੈ।"
ਉਨ੍ਹਾਂ ਕਿਹਾ, "ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਕਾਨੂੰਨ ਦਾ ਧੰਨਵਾਦ, ਮੈਨੂੰ ਆਪਣੀ ਪਤਨੀ ਅਤੇ ਪੁੱਤਰ ਵਾਪਸ ਮਿਲ ਗਏ।"
"ਜੇਕਰ ਸਾਨੂੰ ਆਪਣਾ ਕਾਨੂੰਨ ਪਤਾ ਹੈ, ਤਾਂ ਅਸੀਂ ਇਸਦੀ ਵਰਤੋਂ ਕਰ ਸਕਦੇ ਹਾਂ। ਜੇਕਰ ਇੰਨਾ ਵੱਡਾ ਜ਼ੁਲਮ ਹੋ ਰਿਹਾ ਹੈ, ਤਾਂ ਸਾਨੂੰ ਕੋਲ ਕਾਨੂੰਨ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਣਾ ਚਾਹੀਦਾ। ਮੇਰੇ ਲਈ, ਇਹੀ ਕਾਨੂੰਨ ਆਖਰੀ ਸਹਾਰਾ ਸੀ।"
ਸਾਗਰ ਦਾ ਮੰਨਣਾ ਹੈ ਕਿ ਮਹਾਰਾਸ਼ਟਰ ਵਿੱਚ ਅੰਤਰ-ਧਰਮ ਵਿਆਹਾਂ ਨੂੰ ਲੈ ਕੇ ਇੰਨਾ ਵਿਵਾਦ ਨਹੀਂ ਹੋਣਾ ਚਾਹੀਦਾ।
ਉਹ ਕਹਿੰਦੇ ਹਨ, "ਅਸੀਂ ਬਹੁਤ ਕੁਝ ਸਹਿਣ ਕੀਤਾ ਹੈ। ਮੇਰੇ ਪੁੱਤਰ ਦਾ ਪਹਿਲਾ ਜਨਮਦਿਨ ਵੀ ਜੇਲ੍ਹ ਵਿੱਚ ਮਨਾਇਆ ਗਿਆ ਸੀ। ਮੇਰੇ ਪੁੱਤਰ ਨੇ ਜੇਲ੍ਹ ਵਿੱਚ ਹੀ ਆਪਣਾ ਇੱਕ ਸਾਲ ਪੂਰਾ ਕੀਤਾ ਹੈ। ਜਦੋਂ ਉਹ ਤਿੰਨ ਮਹੀਨਿਆਂ ਦਾ ਸੀ, ਤਾਂ ਸਾਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ।"
"ਅਸੀਂ ਭੱਜ ਕੇ 2020 ਵਿੱਚ ਵਿਆਹ ਕਰਵਾ ਲਿਆ। ਉਸ ਸਮੇਂ ਸ਼ਹਿਨਾਜ਼ 18 ਸਾਲ ਦੀ ਸੀ। ਹਾਲਾਂਕਿ, ਉਸਦੇ ਮਾਪਿਆਂ ਨੇ ਉਸਨੂੰ ਨਾਬਾਲਗ ਘੋਸ਼ਿਤ ਕਰਨ ਲਈ ਗਲਤ ਜਨਮ ਮਿਤੀ ਵਾਲੇ ਦਸਤਾਵੇਜ਼ ਦਿਖਾ ਕੇ ਮੇਰੇ ਖਿਲਾਫ ਕੇਸ ਦਾਇਰ ਕੀਤਾ।"
"ਮੈਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਫਿਰ ਸ਼ਹਿਨਾਜ਼ ਨੇ ਕਿਹਾ, ਮੈਨੂੰ ਵੀ ਜੇਲ੍ਹ ਵਿੱਚ ਪਾ ਦਿਓ। ਫਿਰ ਮੇਰੀ ਪਤਨੀ ਨੂੰ ਸੁਧਾਰ ਘਰ ਵਿੱਚ ਪਾ ਦਿੱਤਾ ਗਿਆ। ਅਸੀਂ ਤਿੰਨੋਂ ਲਗਭਗ 9 ਮਹੀਨੇ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਸਾਨੂੰ ਬਰੀ ਕਰ ਦਿੱਤਾ ਗਿਆ।"

ਪੁਲਿਸ ਨੇ ਕੀ ਕਿਹਾ?
ਭੋਖਰਦਨ ਪੁਲਿਸ ਦੇ ਸਬ ਇੰਸਪੈਕਟਰ ਬੀਟੀ ਸਹਾਣੇ ਦੇ ਅਨੁਸਾਰ, ਅਲਾਪੁਰ ਦਾ ਇਹ ਪਰਿਵਾਰ ਕੁਝ ਸਮੇਂ ਲਈ ਔਰੰਗਾਬਾਦ ਦੇ ਨਿਸਾਰਵਾੜੀ ਵਿੱਚ ਰਿਹਾ ਸੀ। ਇਹ ਉਹ ਥਾਂ ਹੈ ਜਿੱਥੇ ਸ਼ਹਿਨਾਜ਼ ਅਤੇ ਸਾਗਰ ਮਿਲੇ ਸਨ। ਬਾਅਦ ਵਿੱਚ ਉਹ ਭੱਜ ਗਏ ਅਤੇ ਪ੍ਰੇਮ ਵਿਆਹ ਕਰਵਾ ਲਿਆ।
ਇਸ ਦੌਰਾਨ, ਵਿਆਹ ਦੇ ਪੰਜ ਸਾਲ ਬਾਅਦ, ਕੁੜੀ ਦੇ ਮਾਪਿਆਂ ਨੇ ਦੋਵਾਂ ਨੂੰ ਪਿੰਡ ਬੁਲਾਇਆ। ਉਨ੍ਹਾਂ ਨੇ ਕੁੜੀ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਅਤੇ ਉਸਨੂੰ ਘਰ ਵਿੱਚ ਬੰਦ ਕਰ ਦਿੱਤਾ। ਉਸਦੇ ਪਤੀ ਨੇ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ।
ਇਸ ਮਗਰੋਂ, ਅਦਾਲਤ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਪੀੜਤਾ ਅਤੇ ਉਸ ਦੇ ਸਾਢੇ ਤਿੰਨ ਸਾਲ ਦੇ ਪੁੱਤਰ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ। ਪੁਲਿਸ ਉਨ੍ਹਾਂ ਦੇ ਘਰ ਗਈ ਪਰ ਉਨ੍ਹਾਂ ਨੇ ਪੁਲਿਸ ਵਿਰੋਧ ਕੀਤਾ। ਇਸ ਲਈ ਸ਼ਹਿਨਾਜ਼ ਨੂੰ ਘਰੋਂ ਬਾਹਰ ਕੱਢਣ ਲਈ ਪੁਲਿਸ ਨੂੰ ਤਾਕਤ ਦੀ ਵਰਤੋਂ ਵੀ ਕਰਨੀ ਪਈ।
ਉਨ੍ਹਾਂ ਦੱਸਿਆ, "ਸ਼ਹਿਨਾਜ਼ ਨੂੰ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ। ਅਸੀਂ ਉਸਨੂੰ ਪੁਲਿਸ ਸਟੇਸ਼ਨ ਲੈ ਕੇ ਆਂਦਾ, ਬੇੜੀਆਂ ਖੋਲ੍ਹੀਆਂ ਅਤੇ ਉਸਨੂੰ ਆਜ਼ਾਦ ਕਰਵਾਇਆ। ਬਾਅਦ ਵਿੱਚ ਅਦਾਲਤ ਦੇ ਹੁਕਮਾਂ 'ਤੇ ਉਸਨੂੰ ਉਸਦੇ ਪਤੀ ਦੇ ਹਵਾਲੇ ਕਰ ਦਿੱਤਾ ਗਿਆ।"
ਹੁਣ ਸ਼ਹਿਨਾਜ਼ ਸੁਰੱਖਿਅਤ ਹੈ ਅਤੇ ਅਦਾਲਤ ਨੇ ਉਸਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਮਾਮਲੇ ਵਿੱਚ ਸ਼ਹਿਨਾਜ਼ ਦੇ ਪਰਿਵਾਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਸ਼ਹਿਨਾਜ਼ ਦੀ ਮਾਂ ਮੁਮਤਾਜ਼ ਬੇਗਮ, ਪਿਤਾ ਖਾਲਿਦ ਸ਼ਾਹ ਸਿਕੰਦਰ ਸ਼ਾਹ, ਸ਼ਾਹੀਨ ਸ਼ਕੀਰ ਸ਼ਾਹ ਅਤੇ ਜ਼ਾਕਿਰ ਖਾਲਿਦ ਸ਼ਾਹ ਵਿਰੁੱਧ ਕਾਨੂੰਨੀ ਕਾਰਵਾਈ ਚੱਲ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












