'ਪਿਆਰ ਵਿੱਚ ਅੰਗਹੀਣਤਾ ਨਹੀਂ ਹੁੰਦੀ', ਅਪਾਹਜ ਮੁੰਡੇ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਨੂੰ ਜਦੋਂ ਲੋਕ ਦਿੰਦੇ ਹਨ ਤਲਾਕ ਦੇਣ ਦੀਆਂ ਸਲਾਹਾਂ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਦੁਨੀਆ ਦੀ ਸੋਚ ਅਪਾਹਜ ਹੈ ਤੇ ਮੈਨੂੰ ਇੱਕ ਅਜਿਹੇ ਜੀਵਨ ਸਾਥੀ ਦੀ ਲੋੜ ਸੀ, ਜਿਸਦੀ ਸੋਚ ਅਪਾਹਜ ਨਾ ਹੋਵੇ।"
ਇਹ ਬੋਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਦੀ ਰਹਿਣ ਵਾਲੀ ਰਾਜਦੀਪ ਕੌਰ ਦੇ ਹਨ।
ਰਾਜਦੀਪ ਦੀ ਕਹਾਣੀ ਬਹੁਤ ਖਾਸ ਅਤੇ ਚੁਣੌਤੀਆਂ ਭਰੀ ਹੈ ਕਿਉਂਕਿ ਉਨ੍ਹਾਂ ਨੇ ਸਮਾਜਿਕ ਰੁਕਾਵਟਾਂ ਨੂੰ ਤੋੜ ਕੇ ਆਪਣੀ ਮੁਹੱਬਤ ਨੂੰ ਚੁਣਿਆ ਹੈ।
ਰਾਜਦੀਪ ਕੌਰ ਨੇ ਕਰੀਬ ਡੇਢ ਸਾਲ ਪਹਿਲਾਂ ਕਿਲ੍ਹਾ ਰਾਏਪੁਰ ਦੇ ਹੀ ਰਹਿਣ ਵਾਲੇ ਕੌਰ ਸਿੰਘ ਨਾਲ ਵਿਆਹ ਕਰਵਾਇਆ। ਕੌਰ ਸਿੰਘ ਅਪਾਹਜ ਹਨ ਤੇ ਆਪਣੇ ਵਰਗੇ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਵੀ ਕਰਦੇ ਹਨ।

ਰਾਜਦੀਪ ਕੌਰ ਨੇ ਕੌਰ ਸਿੰਘ ਦੇ ਇਸੇ ਕੰਮ ਤੋਂ ਹੀ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਚੁਣਿਆ ਪਰ ਇਹ ਸਭ ਸੌਖਾ ਨਹੀਂ ਸੀ। ਇਸ ਦੇ ਲਈ ਉਨ੍ਹਾਂ ਨੂੰ ਪਰਿਵਾਰ, ਰਿਸ਼ਤੇਦਾਰਾਂ ਤੇ ਸਮਾਜ ਦੀ ਨਾਰਾਜ਼ਗੀ ਝੱਲਣੀ ਪਈ।
ਵਿਆਹ ਨੂੰ ਡੇਢ ਸਾਲ ਲੰਘਣ ਦੇ ਬਾਵਜੂਦ ਰਿਸ਼ਤੇਦਾਰਾਂ ਦੀ ਨਾਰਾਜ਼ਗੀ ਬਰਕਰਾਰ ਹੈ ਤੇ ਸਮਾਜ ਦੇ ਮਿਹਣੇ ਉਨ੍ਹਾਂ ਨੂੰ ਅੱਜ ਵੀ ਸੁਣਨੇ ਪੈਂਦੇ ਹਨ। ਲੋਕ ਤਾਂ ਰਾਜਦੀਪ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਤੱਕ ਦੀ ਸਲਾਹ ਦਿੰਦੇ ਹਨ।
ਹਾਲਾਂਕਿ ਰਾਜਦੀਪ ਦਾ ਪਰਿਵਾਰ ਅੱਜ ਉਨ੍ਹਾਂ ਦੇ ਨਾਲ ਹੈ।
ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਨਾਰਾਜ਼ਗੀ
ਰਾਜਦੀਪ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਕੌਰ ਸਿੰਘ ਨਾਲ ਵਿਆਹ ਕਰਾਉਣ ਦੀ ਇੱਛਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਤਾਂ ਸ਼ੁਰੂਆਤ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਸੀ।
ਕੌਰ ਸਿੰਘ ਦੱਸਦੇ ਹਨ ਕਿ ਰਾਜਦੀਪ ਦੇ ਕਈ ਰਿਸ਼ਤੇਦਾਰ ਦੀ ਨਾਰਾਜ਼ਗੀ ਅੱਜ ਵੀ ਇਸ ਹੱਦ ਤੱਕ ਹੈ ਕਿ ਉਨ੍ਹਾਂ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਤੱਕ ਹੋਈਆਂ ਹਨ।

ਉੱਧਰ ਰਾਜਦੀਪ ਮੁਤਾਬਕ ਕੌਰ ਸਿੰਘ ਦੇ ਕਈ ਰਿਸ਼ਤੇਦਾਰ ਤਾਂ ਉਨ੍ਹਾਂ ਨੂੰ ਕੌਰ ਸਿੰਘ ਨਾਲ ਰਿਸ਼ਤਾ ਤੋੜਨ ਤੱਕ ਦੀ ਸਲਾਹ ਦਿੰਦੇ ਹਨ।
''ਕਈ ਲੋਕ ਤੇ ਰਿਸ਼ਤੇਦਾਰ ਕਹਿੰਦੇ ਹਨ ਕਿ ਤੇਰੇ ਵਿੱਚ ਕੀ ਕਮੀ ਹੈ ਜੋ ਤੂੰ ਕੌਰ ਸਿੰਘ ਨਾਲ ਵਿਆਹ ਕਰਵਾਇਆ ਹੈ, ਤੈਨੂੰ ਤਾਂ ਕੋਈ ਵੀ ਮਿਲ ਸਕਦਾ ਹੈ।''
ਕੌਰ ਸਿੰਘ ਅਤੇ ਰਾਜਦੀਪ ਕਹਿੰਦੇ ਹਨ, ''ਸਾਡੇ ਵਿਆਹ ਨੂੰ ਡੇਢ ਸਾਲ ਬੀਤ ਚੁੱਕਾ ਹੈ ਪਰ ਅਜੇ ਵੀ ਸਮਾਜ ਉਨ੍ਹਾਂ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਰਿਹਾ।"
ਕੌਰ ਸਿੰਘ ਕਹਿੰਦੇ ਹਨ ਕਿ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਜਾਂ ਹੋਰਨਾਂ ਲੋਕਾਂ ਨਾਲ ਵਿਚਰਦੇ ਹਨ ਤਾਂ ਅਕਸਰ ਲੋਕ ਇਕੱਲੇ ਵਿੱਚ ਉਨ੍ਹਾਂ ਦੀ ਪਤਨੀ ਤੋਂ ਪੁੱਛਦੇ ਹਨ ਕਿ ਉਨ੍ਹਾਂ ਨੇ ਇੱਕ ਅਪਾਹਜ ਨਾਲ ਵਿਆਹ ਕਿਉਂ ਕਰਵਾਇਆ।
ਜਦੋਂ ਕੌਰ ਸਿੰਘ ਨੂੰ ਪਹਿਲੀ ਵਾਰ ਅਪਾਹਜ ਹੋਣ ਦਾ ਅਹਿਸਾਸ ਹੋਇਆ
ਕੌਰ ਸਿੰਘ ਇੱਕ ਨਿਸ਼ਾਨੇਬਾਜ਼, ਕਿਸਾਨ, ਅਤੇ ਸੋਸ਼ਲ ਵਰਕਰ ਹਨ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਵਸਨੀਕ ਹਨ। ਕਿਲ੍ਹਾ ਰਾਏਪੁਰ ਪਿੰਡ ਭਾਰਤ ਦੀਆਂ "ਰੂਰਲ ਓਲੰਪਿਕ ਖੇਡਾਂ" ਲਈ ਜਾਣਿਆ ਜਾਂਦਾ ਹੈ।
ਕੌਰ ਸਿੰਘ ਇੱਕ ਸਾਲ ਦੀ ਉਮਰ ਤੋਂ ਹੀ ਅਪਾਹਜ ਹਨ, ਬਾਵਜੂਦ ਇਸ ਦੇ ਉਹ ਡਿਸਏਬਲ ਲੋਕਾਂ ਦੀ ਹਰ ਸੰਭਵ ਮਦਦ ਕਰਦੇ ਹਨ ਅਤੇ ਉਨ੍ਹਾਂ ਦੀ ਮਦਦ ਲਈ ਸਹਾਇਤਾ ਕੈਂਪ ਤੱਕ ਲਗਾਉਂਦੇ ਹਨ।
ਉਹ ਅਪਾਹਜਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੁਆਉਣ ਲਈ ਥਾਂ-ਥਾਂ ਉੱਤੇ ਕੈਂਪ ਲਗਾਉਂਦੇ ਹਨ।
ਪਰ ਇੱਕ ਸਮੇਂ ਉਨ੍ਹਾਂ ਨੂੰ ਆਪਣੇ ਅਪਾਹਜ ਹੋਣ ਦਾ ਮਲਾਲ ਸੀ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਹ ਆਪਣੇ ਪਿਤਾ ਅਤੇ ਦਾਦੇ ਵਾਂਗ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿੱਚ ਨਹੀਂ ਜਾ ਸਕਦੇ।
ਕੌਰ ਸਿੰਘ ਕਹਿੰਦੇ ਹਨ, "ਮੇਰੇ ਦਾਦਾ ਤੇ ਪਿਤਾ ਫੌਜ ਵਿੱਚ ਸਨ ਇਸ ਲਈ ਮੈਨੂੰ ਵੀ ਆਰਮੀ ਵਿੱਚ ਜਾਣ ਦਾ ਸ਼ੌਕ ਸੀ। ਬਚਪਨ ਵਿੱਚ ਮੈਨੂੰ ਆਪਣੇ ਅਪਾਹਜ ਹੋਣ ਦਾ ਅਹਿਸਾਸ ਨਹੀਂ ਸੀ। ਮੈਨੂੰ ਆਪਣੇ ਅਪਾਹਜ ਹੋਣ ਦਾ ਅਹਿਸਾਸ ਪਹਿਲੀ ਵਾਰ ਦਸਵੀਂ ਕਲਾਸ ਵਿੱਚ ਹੋਇਆ, ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਫੌਜ ਵਿੱਚ ਭਰਤੀ ਨਹੀਂ ਹੋ ਸਕਦਾ।"
ਵਿਆਹ ਤੋਂ ਬਾਅਦ ਜ਼ਿੰਦਗੀ ਕਿਵੇਂ ਦੀ ਹੈ

ਦੋਵਾਂ ਦੇ ਵਿਆਹ ਨੂੰ ਲਗਭਗ ਡੇਢ ਸਾਲ ਬੀਤ ਚੁੱਕਾ ਹੈ ਅਤੇ ਹੁਣ ਦੋਵਾਂ ਦਾ ਇੱਕ ਬੱਚਾ ਵੀ ਹੈ।
ਹੁਣ ਕੌਰ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਸੱਸ ਅਤੇ ਉਨ੍ਹਾਂ ਦੀ ਸਾਲੀ ਹੈ। ਦੋਵੇਂ ਪਰਿਵਾਰ ਇਕੱਠੇ ਕਿਲ੍ਹਾ ਰਾਏਪੁਰ ਵਿੱਚ ਰਹਿੰਦੇ ਹਨ।
ਕੌਰ ਸਿੰਘ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਰਾਜਦੀਪ ਤੇ ਕੌਰ ਸਿੰਘ ਦਾ ਰਿਸ਼ਤਾ
ਕੌਰ ਸਿੰਘ ਆਪਣੀ ਪਤਨੀ ਨੂੰ ਆਪਣਾ ਅਕਸ ਦੱਸਦੇ ਹਨ। ਉਹ ਕਹਿੰਦੇ ਹਨ ਕਿ ਰਾਜਦੀਪ ਬਿਨਾਂ ਬੋਲੇ ਹੀ ਉਨ੍ਹਾਂ ਦੀ ਹਰ ਗੱਲ ਸਮਝ ਲੈਂਦੇ ਹਨ।
ਕੌਰ ਸਿੰਘ ਕਹਿੰਦੇ ਹਨ, "ਮੈਂ ਜਦੋਂ ਵੀ ਕਦੇ ਕੋਰਟ-ਕਚਹਿਰੀ, ਕਿਸੇ ਸਰਕਾਰੀ ਦਫਤਰ ਜਾਂ ਫਿਰ ਦੁਕਾਨ ਉੱਤੇ ਜਾਂਦਾ ਹਾਂ ਤਾਂ ਮੈਨੂੰ ਰਾਜਦੀਪ ਨੂੰ ਕੁਝ ਕਹਿਣਾ ਨਹੀਂ ਪੈਂਦਾ, ਉਹ ਖੁਦ ਹੀ ਮੇਰੀ ਜ਼ੁਬਾਨ ਸਮਝ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ।"
ਰਾਜਦੀਪ ਵੀ ਕਹਿੰਦੇ ਹਨ ਕਿ ਕਈ ਥਾਵਾਂ ਉੱਤੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਲੋੜ ਹੈ।
ਰਾਜਦੀਪ ਕਹਿੰਦੇ ਹਨ ਕਿ ਉਹ ਦਿਲੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ।
ਦੋਵਾਂ ਦੀ ਮੁਲਾਕਾਤ ਕਿੱਥੇ ਤੇ ਕਿਵੇਂ ਹੋਈ

ਰਾਜਦੀਪ ਦੱਸਦੇ ਹਨ ਕਿ ਉਨ੍ਹਾਂ ਦੀ ਮੁਲਾਕਾਤ ਲੁਧਿਆਣਾ ਜ਼ਿਲ੍ਹੇ ਦੇ ਹੀ ਇਕ ਪਿੰਡ ਵਿੱਚ ਅਪਾਹਜਾਂ ਦੀ ਮਦਦ ਲਈ ਲੱਗੇ ਇੱਕ ਕੈਂਪ ਵਿੱਚ ਹੋਈ ਸੀ।
ਕੌਰ ਸਿੰਘ ਦੀ ਅਗਵਾਈ ਵਿੱਚ ਇਹ ਸਹਾਇਤਾ ਕੈਂਪ ਲਗਾਇਆ ਗਿਆ ਸੀ ਅਤੇ ਰਾਜਦੀਪ ਇਸ ਕੈਂਪ ਵਿੱਚ ਵਾਲੰਟੀਅਰ ਦੇ ਰੂਪ ਵਿੱਚ ਪਹੁੰਚੇ ਸਨ।
ਰਾਜਦੀਪ ਕੌਰ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਸਹੇਲੀ ਜ਼ਰੀਏ ਇਹ ਮੁਲਾਕਾਤ ਹੋਈ ਸੀ, ਜਿਸ ਨੇ ਉਨ੍ਹਾਂ ਨੂੰ ਇਸ ਸਹਾਇਤਾ ਕੈਂਪ ਵਿੱਚ ਯੋਗਦਾਨ ਪਾਉਣ ਲਈ ਕਿਹਾ ਸੀ।
ਰਾਜਦੀਪ ਮੁਤਾਬਕ, "ਮੇਰੀ ਇੱਕ ਸਹੇਲੀ ਸੀ। ਉਹ ਹੁਣ ਦੁਬਈ ਵਿੱਚ ਰਹਿੰਦੇ ਹਨ। ਉਹ ਕੌਰ ਸਿੰਘ ਨਾਲ ਸਹਾਇਤਾ ਕੈਂਪਾਂ ਦਾ ਪ੍ਰਬੰਧ ਕਰਵਾਉਣ ਲਈ ਮਦਦ ਕਰਦੇ ਸਨ। ਸਹਾਇਤਾ ਕੈਂਪਾਂ ਦਾ ਕੰਮ ਜ਼ਿਆਦਾ ਹੋਣ ਕਰਕੇ ਉਸ ਨੂੰ ਮਦਦ ਦੀ ਲੋੜ ਸੀ। ਇਸ ਲਈ ਉਹ ਮੈਨੂੰ ਨਾਲ ਲੈ ਗਈ। ਇੱਥੇ ਹੀ ਮੈਂ ਪਹਿਲੀ ਵਾਰ ਕੌਰ ਸਿੰਘ ਨੂੰ ਮਿਲੀ ਸੀ।"
ਪਿਆਰ ਦੀ ਸ਼ੁਰੂਆਤ ਕਿਵੇਂ ਹੋਈ
ਰਾਜਦੀਪ ਕੌਰ ਦੱਸਦੇ ਹਨ ਕਿ ਪਹਿਲੀ ਮੁਲਾਕਾਤ ਦੌਰਾਨ ਹੀ ਉਸ ਨੂੰ ਕੌਰ ਸਿੰਘ ਦਾ ਸੁਭਾਅ ਪਸੰਦ ਆ ਗਿਆ ਸੀ। ਉਨ੍ਹਾਂ ਨੇ ਕੌਰ ਸਿੰਘ ਨੂੰ ਅਪਾਹਜਾਂ ਦੀ ਮਦਦ ਕਰਦੇ ਦੇਖਿਆ ਤਾਂ ਉਹ ਪ੍ਰਭਾਵਿਤ ਹੋ ਗਏ।
ਰਾਜਦੀਪ ਦੱਸਦੇ ਹਨ, "ਕੌਰ ਸਿੰਘ ਮੈਨੂੰ ਪਹਿਲੀ ਮੁਲਾਕਾਤ ਵਿੱਚ ਹੀ ਪਸੰਦ ਆ ਗਏ ਸਨ। ਜਦੋਂ ਮੈਂ ਉਨ੍ਹਾਂ ਨੂੰ ਅਪਾਹਜਾਂ ਦੀ ਮਦਦ ਕਰਦਿਆਂ ਦੇਖਿਆ ਸੀ ਪਰ ਜੀਵਨ ਸਾਥੀ ਬਣਾਉਣ ਦਾ ਫ਼ੈਸਲਾ ਮੈਂ ਉਸ ਦਿਨ ਲਿਆ ਜਦੋਂ ਇਨ੍ਹਾਂ ਨੇ ਮੇਰੀ ਮਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।"
ਰਾਜਦੀਪ ਦੱਸਦੇ ਹਨ, "ਇੱਕ ਦਿਨ ਦੇਰ ਰਾਤ ਅਚਾਨਕ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ। ਮੈਂ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਮਦਦ ਮੰਗੀ, ਪਰ ਸਭ ਨੇ ਰਾਤ ਦਾ ਹਵਾਲਾ ਦੇ ਕੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਮੈਂ ਆਪਣੀ ਭੈਣ ਦੇ ਕਹਿਣ ਉੱਤੇ ਕੌਰ ਸਿੰਘ ਨਾਲ ਸੰਪਰਕ ਕੀਤਾ।"

"ਉਹ ਆਪਣੀ ਮਾਂ ਨਾਲ ਤੁਰੰਤ ਸਾਡੀ ਮਦਦ ਕਰਨ ਲਈ ਪਹੁੰਚ ਗਏ ਅਤੇ ਮਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਸ ਨਾਲ ਮੇਰੀ ਮਾਂ ਦੀ ਜਾਨ ਬਚ ਗਈ।"
ਕੌਰ ਸਿੰਘ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਰਾਜਦੀਪ ਨਾਲ ਕੈਂਪ ਵਿੱਚ ਪਹਿਲੀ ਮੁਲਾਕਾਤ ਹੋਈ ਸੀ ਤਾਂ ਉਸ ਦਿਨ ਰਾਜਦੀਪ ਨੇ ਤੇ ਉਨ੍ਹਾਂ ਨੇ ਆਪਣੇ ਫੋਨ ਨੰਬਰ ਇੱਕ ਦੂਜੇ ਨਾਲ ਬਦਲ ਲਏ ਸਨ।
"ਇਸ ਮਗਰੋਂ ਰਾਜਦੀਪ ਨੇ ਮੈਨੂੰ ਕਈ ਲੋਕਾਂ ਦੀ ਮਦਦ ਕਰਨ ਲਈ ਕਿਹਾ ਅਤੇ ਮੈਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ।"
ਹੁਣ ਰਾਜਦੀਪ ਤੇ ਕੌਰ ਸਿੰਘ ਦੋਵੇਂ ਮਿਲ ਕੇ ਸਮਾਜ ਸੇਵੀ ਵਜੋਂ ਕੰਮ ਕਰਦੇ ਹਨ।
ਲੋੜਵੰਦਾਂ ਦੀ ਮਦਦ ਕਰਨ ਦਾ ਫਲ਼ ਮਿਲਿਆ
ਰਾਜਦੀਪ ਕੌਰ ਨਾਲ ਵਿਆਹ ਹੋਣ ਬਾਰੇ ਕੌਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੋੜਵੰਦਾਂ ਦੀ ਸੇਵਾ ਕਰਨ ਦਾ ਫਲ਼ ਮਿਲਿਆ ਹੈ।
"ਰਾਜਦੀਪ ਮੇਰੀ ਸਮਾਜ ਸੇਵਾ ਦੀ ਭਾਵਨਾ ਤੋਂ ਹੀ ਪ੍ਰਭਾਵਿਤ ਹੋਏ ਸਨ। ਮੇਰੀ ਇੱਛਾ ਸੀ ਕਿ ਮੇਰਾ ਜੀਵਨ ਸਾਥੀ ਵੀ ਅਜਿਹਾ ਹੋਵੇ ਜੋ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖਦਾ ਹੋਵੇ ਅਤੇ ਅਜਿਹਾ ਹੀ ਹੋਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












