ਪੰਜਾਬੀਆਂ ਦਾ ਪਿੰਡ ਜਿੱਥੇ ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਵੀ ਯੂਟਿਊਬਰ ਹਨ, ʻਸਾਲ ਦੀ ਕਮਾਈ, ਇੱਕ ਦਿਨ ʼਚ ਕਰਦਾ ਹਾਂʼ

- ਲੇਖਕ, ਸ਼ਹਿਜ਼ਾਦ ਮਲਿਕ
- ਰੋਲ, ਬੀਬੀਸੀ ਪੱਤਰਕਾਰ
"ਜਿੰਨੀ ਕਮਾਈ ਮੈਂ ਇੱਕ ਸਾਲ ʼਚ ਕਰਦਾ ਸੀ, ਹੁਣ ਓਨਾਂ ਪੈਸਾ ਮੈਂ ਇੱਕ ਦਿਨ ʼਚ ਕਮਾ ਲੈਂਦਾ ਹਾਂ।"
ਇਹ ਬੋਲ ਹਨ ਪਾਕਿਸਤਾਨੀ ਪੰਜਾਬ ਵਿੱਚ ਪੈਂਦੇ ਪਿੰਡ ਕਾਜ਼ੀ ਅਬਦੁਲ ਰਹਿਮਾਨ ਕੋਰੇਜਾ ਦੇ ਰਹਿਣ ਵਾਲੇ ਹੈਦਰ ਅਲੀ ਦੇ।
ਹੈਦਰ ਅਲੀ ਪਹਿਲਾਂ ਸ਼ਹਿਰ ਰਹੀਮ ਯਾਰ ਖ਼ਾਨ ਦੇ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦੇ ਸਨ ਪਰ ਅੱਜ ਕੱਲ੍ਹ ਇੱਕ ਯੂਟਿਊਬਰ ਹਨ।
ਕਾਜ਼ੀ ਅਬਦੁਲ ਰਹਿਮਾਨ ਕੋਰੇਜਾ ਪਿੰਡ ਰਹੀਮ ਯਾਰ ਖ਼ਾਨ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਪੈਂਦਾ ਹੈ। ਇਸ ਪਿੰਡ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਯੂਟਿਊਬਰ ਹਨ।

ਹੈਦਰ ਅਲੀ ਮੁਤਾਬਕ, ਉਨ੍ਹਾਂ ਦੇ ਪਰਿਵਾਰ ਨੇ ਧਾਰਮਿਕ ਆਧਾਰ ʼਤੇ ਯੂਟਿਊਬ ਚੈਨਲ ਬਣਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਵਿਦਵਾਨਾਂ ਤੋਂ ਫ਼ਤਵਾ ਵੀ ਮੰਗਿਆ।
ਹੁਣ ਉਨ੍ਹਾਂ ਦੇ ਪਿੰਡ ਦੇ ਹਾਲਾਤ ਇਹ ਹਨ ਕਿ ਇੱਥੇ ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਬਹੁਤ ਸਾਰੇ ਲੋਕ ਯੂਟਿਊਬ ਲਈ ਸਮੱਗਰੀ ਬਣਾ ਕੇ ਪੈਸਾ ਕਮਾਉਂਦੇ ਹਨ ਅਤੇ ਪ੍ਰਸਿੱਧੀ ਹਾਸਲ ਕਰ ਰਹੇ ਹਨ।
ਇਸ ਪਿੰਡ ਵਿੱਚ ਇੱਕ ਅਜਿਹਾ ਯੂ-ਟਿਊਬਰ ਵੀ ਹੈ ਜੋ ਆਪਣੀ ਨੌਕਰੀ ਛੱਡ ਕੇ ਦੁਬਈ ਤੋਂ ਵਾਪਿਸ ਆਇਆ ਹੈ ਅਤੇ ਕਈ ਹੋਰਨਾਂ ਨੇ ਇਸ ਕੰਮ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ।
ਜਦੋਂ ਮੈਨੂੰ ਸੋਸ਼ਲ ਮੀਡੀਆ ਰਾਹੀਂ ਇਸ ਛੋਟੇ ਜਿਹੇ ਪਿੰਡ ਦੀ ਪ੍ਰਸਿੱਧੀ ਬਾਰੇ ਪਤਾ ਲੱਗਾ ਤਾਂ ਮੈਂ ਇਸ ਪਿੰਡ ਦੀ ਅਸਲੀਅਤ ਜਾਣਨ ਲਈ ਉਤਾਵਲਾ ਹੋ ਗਿਆ ਜਿੱਥੇ ਖੇਤੀਬਾੜੀ ਨਾਲ ਜੁੜੇ ਸਥਾਨਕ ਲੋਕਾਂ ਨੇ ਆਧੁਨਿਕ ਸਮੇਂ ਵਿੱਚ ਕਮਾਈ ਕਰਨ ਦਾ ਇੱਕ ਨਵਾਂ ਜ਼ਰੀਆ ਲੱਭ ਲਿਆ ਹੈ।

ਇਸਲਾਮਾਬਾਦ ਤੋਂ ਲਗਭਗ 800 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮੈਂ ਰਹੀਮ ਯਾਰ ਖ਼ਾਨ ਪਹੁੰਚਿਆ, ਜਿੱਥੇ ਹੈਦਰ ਅਲੀ ਨੇ ਮੈਨੂੰ ਆਪਣਾ ਟਿਕਾਣਾ ਸ਼ੇਅਰ ਕੀਤਾ।
ਇਸੇ ਦੀ ਮਦਦ ਨਾਲ ਮੈਂ 80 ਘਰਾਂ ਵਾਲੇ ਪਿੰਡ ਕਾਜ਼ੀ ਅਬਦੁਲ ਰਹਿਮਾਨ ਕੋਰੇਜਾ ਪਹੁੰਚਿਆ।
ਪੰਜਾਬ ਦਾ ਇਹ ਦੱਖਣੀ ਪ੍ਰਾਂਤ ਸੂਬੇ ਦੇ ਹੋਰਨਾਂ ਪ੍ਰਾਂਤਾਂ ਵਾਂਗ ਜ਼ਿਆਦਾ ਵਿਕਸਿਤ ਨਹੀਂ ਹੈ ਅਤੇ ਇੱਥੇ ਜ਼ਿਆਦਾਤਰ ਕਿਸਾਨ ਖੇਤੀਬਾੜੀ ਕਰਦੇ ਹਨ।
ਪਿੰਡ ਦੇ ਬਹੁਤੇ ਨੌਜਵਾਨ ਅਤੇ ਬੱਚੇ ਗਲੀਆਂ ਵਿੱਚ ਗੱਲਾਂ ਕਰਨ ਵਿੱਚ ਮਸਰੂਫ਼ ਦੇਖੇ ਗਏ। ਨੇੜੇ ਜਾ ਕੇ ਪਤਾ ਲੱਗਾ ਕਿ ਉਹ ਯੂ-ਟਿਊਬ ਲਈ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਵਿੱਚ ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸ਼ਾਮਲ ਸਨ। ਤਿੰਨ ਸਾਲ ਦਾ ਬੱਚਾ ਕੈਮਰੇ ਅੱਗੇ ਇਸ ਤਰ੍ਹਾਂ ਪੇਸ਼ਕਾਰੀ ਦੇ ਰਿਹਾ ਸੀ ਜਿਵੇਂ ਉਹ ਕਾਫੀ ਤਜ਼ਰਬੇਕਾਰ ਹੋਵੇ।
ਇਹ ਉਹ ਥਾਂ ਹੈ ਜਿੱਥੇ ਮੈਂ ਪਹਿਲੀ ਵਾਰ ਹੈਦਰ ਅਲੀ ਨੂੰ ਮਿਲਿਆ ਜੋ ਆਪਣੀ ਟੀਮ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਕਰ ਰਿਹਾ ਸੀ ਅਤੇ ਯੂਟਿਊਬ ਲਈ ਸਕ੍ਰਿਪਟਾਂ ਲਿਖਣ ਵਿੱਚ ਮਸਰੂਫ਼ ਸੀ।
ਯੂ-ਟਿਊਬ ਚੈਨਲ ਦਾ ਵਿਚਾਰ, ਬਦਨਾਮੀ ਅਤੇ ਫ਼ਤਵੇ ਦਾ ਡਰ
ਜਦੋਂ ਮੈਂ ਹੈਦਰ ਅਲੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਯੂਟਿਊਬ ਚੈਨਲ ਬਣਾਉਣ ਦਾ ਵਿਚਾਰ ਕਿਵੇਂ ਆਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਰਹੀਮ ਯਾਰ ਖ਼ਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਤਨਖ਼ਾਹ ਬਹੁਤ ਘੱਟ ਸੀ।
ਫਿਰ ਉਨ੍ਹਾਂ ਨੇ ਆਪਣੀ ਛੇ ਸਾਲ ਦੀ ਨੌਕਰੀ ਨੂੰ ਅਲਵਿਦਾ ਕਿਹਾ ਅਤੇ ਬਹੁਤ ਸੋਚਣ ਤੋਂ ਬਾਅਦ, ਆਪਣਾ ਯੂ-ਟਿਊਬ ਚੈਨਲ ਖੋਲ੍ਹਿਆ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਧਾਰਮਿਕ ਹੈ, ਇਸ ਲਈ ਉਹ ਇਸ ਵਿਚਾਰ ਦਾ ਸਖ਼ਤ ਵਿਰੋਧ ਕਰ ਰਹੇ ਸਨ ਅਤੇ ਕਿਹਾ ਗਿਆ ਸੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਪਰਿਵਾਰ ਦੀ ਬਦਨਾਮੀ ਹੋਵੇਗੀ।
ਹਾਲਾਂਕਿ, ਮਾਮਲਾ ਇੱਥੇ ਹੀ ਨਹੀਂ ਖ਼ਤਮ ਹੋਇਆ। ਹੈਦਰ ਅਲੀ ਨੇ ਕਿਹਾ ਕਿ ਪਰਿਵਾਰ ਨੂੰ ਮਨਵਾਉਣ ਲਈ ਉਨ੍ਹਾਂ ਸਥਾਨਕ ਵਿਦਵਾਨਾਂ ਕੋਲੋਂ ਫ਼ਤਵਾ ਮੰਗਿਆ ਕਿ ਇਹ ਇਸਲਾਮ ਦੇ ਖ਼ਿਲਾਫ਼ ਨਹੀਂ ਅਤੇ ਨਾ ਹੀ ਇਸ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੋਵੇਗਾ, ਇਸ ਲਈ ਇਹ ਯੂਟਿਊਬ ਚੈਨਲ ਖੋਲ੍ਹ ਸਕਦੇ ਹਨ।
ਹੈਦਰ ਅਲੀ ਅਨੁਸਾਰ ਉਨ੍ਹਾਂ ਨੇ ਆਪਣੇ ਚੈਨਲ ਲਈ ਛੇ ਮਹੀਨੇ ਸਖ਼ਤ ਮਿਹਨਤ ਕੀਤੀ ਅਤੇ ਫਿਰ ਉਨ੍ਹਾਂ ਦੇ ਚੈਨਲ ਦਾ ਮੋਨੇਟਾਈਜੇਸ਼ਨ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੇ ਚੈਨਲ ਤੋਂ ਹੋਣ ਵਾਲੀ ਕਮਾਈ ਦੇ ਹਿਸਾਬ ਨਾਲ ਉਹ ਇੱਕ ਦਿਨ ਵਿੱਚ ਓਨੀ ਕਮਾਈ ਕਰ ਲੈਂਦੇ ਹਨ ਜਿੰਨੀ ਉਹ ਸਰਕਾਰੀ ਨੌਕਰੀ ʼਤੇ ਰਹਿੰਦੇ ਹੋਏ ਇੱਕ ਸਾਲ ਵਿੱਚ ਕਰਦੇ ਸਨ।
ਹੈਦਰ ਦਾ ਕਹਿਣਾ ਹੈ ਕਿ ਇਹ ਕੋਈ ਇੱਕ ਦਿਨ ਵਿੱਚ ਨਹੀਂ ਹੋਇਆ ਸੀ, ਉਨ੍ਹਾਂ ਨੂੰ ਇਸ ਲਈ ਦਿਨ-ਰਾਤ ਮਿਹਨਤ ਕਰਨੀ ਪਈ, ਸਰਕਾਰੀ ਨੌਕਰੀ ਨਾਲੋਂ ਵੀ ਕਿਤੇ ਜ਼ਿਆਦਾ।
ਜੇਕਰ ਤੁਸੀਂ ਹੈਦਰ ਅਲੀ ਦੇ ਚੈਨਲ ਨੂੰ ਦੇਖੋਗੇ ਤਾਂ ਤੁਹਾਨੂੰ ਅਜਿਹੇ ਵੀਡੀਓ ਮਿਲਣਗੇ ਜਿਨ੍ਹਾਂ ਵਿੱਚ ਇੱਕ ਮਾਨਵਤਾਵਾਦੀ ਸੰਦੇਸ਼ ਹੈ, ਹਾਸੇ-ਮਜ਼ਾਕ ਦੀ ਸਮੱਗਰੀ ਹੈ ਅਤੇ ਉਹ ਵੀਡੀਓ ਹਨ ਜੋ ਪਿੰਡ ਦੀ ਜ਼ਿੰਦਗੀ ਨੂੰ ਦਰਸਾਉਂਦੇ ਹਨ।

ਗੋਲਡ ਅਤੇ ਸਿਲਵਰ ਬਟਨ
ਹੈਦਰ ਅਲੀ ਨੂੰ ਯੂਟਿਊਬ ਤੋਂ ਦੋ ਗੋਲਡ ਅਤੇ ਛੇ ਸਿਲਵਰ ਬਟਨ ਮਿਲੇ ਹਨ ਅਤੇ ਉਨ੍ਹਾਂ ਦੇ ਚੈਨਲ ਦੇ 10 ਲੱਖ ਸਬਸਕ੍ਰਾਈਬਰ ਹਨ।
ਧਿਆਨ ਰਹੇ ਕਿ ਜੇਕਰ ਕੋਈ ਚੈਨਲ 10 ਲੱਖ ਸਬਸਕ੍ਰਾਈਬਰਸ ਤੱਕ ਪਹੁੰਚ ਜਾਂਦਾ ਹੈ ਤਾਂ ਉਸ ਚੈਨਲ ਦੇ ਮਾਲਕ ਨੂੰ ਯੂਟਿਊਬ ਦੁਆਰਾ ਗੋਲਡ ਬਟਨ ਦਿੱਤਾ ਜਾਂਦਾ ਹੈ, ਜਦਕਿ ਜੇਕਰ ਕਿਸੇ ਚੈਨਲ ਦੇ ਇੱਕ ਲੱਖ ਸਬਸਕ੍ਰਾਈਬਰ ਹੋਣ ʼਤੇ ਉਸ ਨੂੰ ਸਿਲਵਰ ਬਟਨ ਦਿੱਤਾ ਜਾਂਦਾ ਹੈ।
ਹੈਦਰ ਅਲੀ ਅਨੁਸਾਰ ਜਦੋਂ ਉਨ੍ਹਾਂ ਦਾ ਯੂ-ਟਿਊਬ ਚੈਨਲ ਕਾਫੀ ਮਿਹਨਤ ਤੋਂ ਬਾਅਦ ਕਮਾਈ ਕਰਨ ਲੱਗਾ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਰ ਲੋਕ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਹਨ।
ਇਸ ਤਰ੍ਹਾਂ ਹੈਦਰ ਅਲੀ ਨੇ ਦੂਜਿਆਂ ਨੂੰ ਮੁਢਲੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਅਨੁਸਾਰ ਹੁਣ ਸ਼ਾਇਦ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿਸ ਦਾ ਮੈਂਬਰ ਯੂਟਿਊਬ ਲਈ ਸਮੱਗਰੀ ਤਿਆਰ ਨਾ ਕਰਦਾ ਹੋਵੇ।
ਇਸ ਪਿੰਡ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇੱਥੇ ਰਹਿਣ ਵਾਲੇ 90 ਫੀਸਦ ਲੋਕ ਇੱਕੋ ਭਾਈਚਾਰੇ ਨਾਲ ਸਬੰਧਤ ਹਨ।
ਹੈਦਰ ਅਲੀ ਨੇ ਕਿਹਾ ਕਿ ਹਰ ਕਿਸੇ ਦਾ ਆਪਣਾ ਯੂਟਿਊਬ ਚੈਨਲ ਨਹੀਂ ਹੁੰਦਾ ਪਰ ਉਹ ਉਨ੍ਹਾਂ ਦੀ ਟੀਮ ਦਾ ਹਿੱਸਾ ਹਨ ਜਿਸ ਨੂੰ ਉਹ ਹਰ ਵੀਡੀਓ ਲਈ ਮਹੀਨਾਵਾਰ ਤਨਖ਼ਾਹ ਤੋਂ ਇਲਾਵਾ ਕੁਝ ਪੈਸੇ ਦਿੰਦੇ ਹਨ।

ਵਿਦੇਸ਼ ਦੀ ਨੌਕਰੀ ਛੱਡ ਕੇ ਆਏ ਰੁਮਾਨ
ਰੁਮਾਨ ਅਹਿਮਦ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹੈ ਅਤੇ ਤਿੰਨ ਸਾਲ ਪਹਿਲਾਂ ਆਰਥਿਕ ਤੰਗੀ ਕਾਰਨ ਚੰਗੇ ਭਵਿੱਖ ਦੀ ਭਾਲ ਵਿੱਚ ਦੁਬਈ ਚਲੇ ਗਏ ਸਨ।
ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਦੁਬਈ ਵਿੱਚ ਰਹਿਣਾ ਵੀ ਮੁਸ਼ਕਲ ਸੀ ਕਿਉਂਕਿ ਪਰਿਵਾਰ ਨੂੰ ਵੀ ਖਰਚਾ ਭੇਜਣਾ ਪੈਂਦਾ ਸੀ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਇੱਕ ਦੋਸਤ ਨਾਲ ਸਲਾਹ ਕੀਤੀ ਜਿਸ ਨੇ ਉਨ੍ਹਾਂ ਨੂੰ ਪਾਕਿਸਤਾਨ ਵਾਪਸ ਆਉਣ ਲਈ ਕਿਹਾ।
ਪਰ ਰੁਮਾਨ ਅਹਿਮਦ ਮੁਤਾਬਕ ਪਰਿਵਾਰ ਨੂੰ ਉਨ੍ਹਾਂ ਦੇ ਵਾਪਸ ਆਉਣ ਦਾ ਫ਼ੈਸਲਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਲਈ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦੇ ਤਾਅਨੇ ਵੀ ਸੁਣੇ।
ਫਿਰ ਰੁਮਾਨ ਨੇ ਇੱਕ ਦੋਸਤ ਦੀ ਸਲਾਹ 'ਤੇ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ। ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਚੈਨਲ ਦਾ ਮੋਨੇਟਾਈਜੇਸ਼ਨ ਹੋ ਗਿਆ ਅਤੇ ਹੁਣ ਉਨ੍ਹਾਂ ਕੋਲ ਸੋਨੇ ਦਾ ਬਟਨ ਵੀ ਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਆਪਣੀ ਕਾਰ ਤੋਂ ਇਲਾਵਾ ਹੋਰ ਵੀ ਜਾਇਦਾਦ ਹੈ।
ਰੁਮਾਨ ਅਹਿਮਦ ਨੇ ਚੈਨਲ ਨੂੰ ਚਲਾਉਣ ਲਈ ਦਸ ਲੋਕਾਂ ਦੀ ਟੀਮ ਤਿਆਰ ਕੀਤੀ ਹੈ ਜੋ ਵੱਖ-ਵੱਖ ਵਿਸ਼ਿਆਂ 'ਤੇ ਕੰਮ ਕਰਦੇ ਹਨ ਅਤੇ ਇਹ ਸਾਰੇ ਇੱਕੋ ਪਿੰਡ ਨਾਲ ਸਬੰਧਤ ਹਨ।

ਛੇ ਸਾਲਾਂ ਤੋਂ ਵੱਧ ਦੀ ਤਨਖਾਹ 6 ਮਹੀਨਿਆਂ ਵਿੱਚ
ਜ਼ਹੀਰ-ਉਲ-ਹੱਕ ਪੇਸ਼ੇ ਤੋਂ ਸਕੂਲ ਅਧਿਆਪਕ ਹਨ ਅਤੇ ਇੱਕ ਸਰਕਾਰੀ ਸਕੂਲ ਵਿੱਚ ਮੱਧ ਵਰਗ ਦੇ ਬੱਚਿਆਂ ਨੂੰ ਵਿਗਿਆਨ ਪੜ੍ਹਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੌਕ ਸੀ ਪਰ ਸਰਕਾਰੀ ਨੌਕਰੀ ਕਾਰਨ ਉਹ ਯੂਟਿਊਬ ਦਾ ਕੰਮ ਨਹੀਂ ਕਰ ਸਕੇ।
ਪਰ ਫਿਰ ਆਰਥਿਕ ਸਥਿਤੀ ਕਾਰਨ ਉਨ੍ਹਾਂ ਨੇ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਯੂਟਿਊਬ ਚੈਨਲ ਬਣਾਇਆ।
ਕੁਝ ਸਮੇਂ ਵਿੱਚ ਉਨ੍ਹਾਂ ਦੇ ਚੈਨਲ ਦਾ ਵੀ ਮੋਨੇਟਾਈਜੇਸ਼ਨ ਹੋ ਗਿਆ ਅਤੇ ਜ਼ਹੀਰ-ਉਲ-ਹੱਕ ਅਨੁਸਾਰ, ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਇਸ ਚੈਨਲ ਤੋਂ ਇੰਨੇ ਪੈਸੇ ਮਿਲ ਜਾਂਦੇ ਹਨ ਜਿੰਨਾ ਉਹ ਆਪਣੀ ਛੇ ਸਾਲਾਂ ਦੀ ਨੌਕਰੀ ਦੌਰਾਨ ਵੀ ਨਹੀਂ ਕਮਾ ਸਕੇ।
ਜ਼ਹੀਰ-ਉਲ-ਹੱਕ ਨੂੰ ਯੂਟਿਊਬ ਤੋਂ ਗੋਲਡ ਬਟਨ ਵੀ ਮਿਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਲੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਸ਼ਹਿਰ ਦੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਜਦਕਿ ਘਰ ਦੀ ਵੀ ਮੁਰੰਮਤ ਕਰਵਾਈ ਹੈ।
80 ਸਾਲਾ ਯੂਟਿਊਬਰ

ਆਮ ਤੌਰ 'ਤੇ ਪਾਕਿਸਤਾਨ ਵਿੱਚ, ਜੇਕਰ ਕੋਈ ਵਿਅਕਤੀ 80 ਸਾਲ ਦਾ ਹੋ ਜਾਂਦਾ ਹੈ, ਤਾਂ ਉਹ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਂਦਾ ਹੈ, ਪਰ ਹੈਦਰ ਅਲੀ ਦੀ ਟੀਮ ਵਿੱਚ ਇੱਕ 80 ਸਾਲਾ ਵਿਅਕਤੀ ਨਜ਼ੀਰ ਅਹਿਮਦ ਸ਼ਾਮਲ ਹਨ, ਜੋ ਨਾ ਸਿਰਫ਼ ਫਿਲਮਾਂ ਵਿੱਚ ਹਿੱਸਾ ਲੈਂਦੇ ਹਨ, ਸਗੋਂ ਯੂਟਿਊਬ ਸਮੱਗਰੀ ਤਿਆਰ ਕਰਨ ਵਿੱਚ ਵੀ ਮਦਦ ਕਰਦੇ ਹਨ।
ਨਜ਼ੀਰ ਅਹਿਮਦ ਨੇ ਦੱਸਿਆ ਕਿ ਪਹਿਲਾਂ ਉਹ ਘਰ ਬੈਠਦੇ ਸਨ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਰੁਟੀਨ ਘਰ ਤੋਂ ਮਸਜਿਦ ਅਤੇ ਮਸਜਿਦ ਤੋਂ ਘਰ ਤੱਕ ਖ਼ਤਮ ਹੁੰਦਾ ਸੀ।
ਪਰ ਪਿਛਲੇ ਇੱਕ ਸਾਲ ਤੋਂ ਉਹ ਹੈਦਰ ਅਲੀ ਨਾਲ ਵੀ ਜੁੜੇ ਹੋਏ ਹਨ ਅਤੇ ਨਾ ਸਿਰਫ਼ ਚੰਗੀ ਆਮਦਨੀ ਹੈ ਬਲਕਿ ਉਨ੍ਹਾਂ ਸਮਾਂ ਵੀ ਬਿਹਤਰ ਢੰਗ ਨਾਲ ਬਤੀਤ ਹੁੰਦਾ ਹੈ।
ਪਿੰਡ ਦੇ ਬਜ਼ੁਰਗ ਵੀ ਉਦੋਂ ਬਹੁਤ ਖੁਸ਼ ਹੁੰਦੇ ਹਨ ਜਦੋਂ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਜਾਂ ਉਸਾਰੂ ਕੰਮਾਂ ਵਿੱਚ ਲੱਗੇ ਹੁੰਦੇ ਹਨ ਅਤੇ ਹੁਣ ਉਹ ਆਪਣੇ ਬੱਚਿਆਂ ਨੂੰ ਝਿੜਕਣ ਦੀ ਬਜਾਏ ਆਪਣੇ ਕੰਮ ਵਿੱਚ ਸੁਧਾਰ ਕਰਨ ਦੀ ਸਲਾਹ ਵੀ ਦਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












