'ਜੋਤਹੀਣ ਹੋਣਾ ਮੇਰੇ ਪਿਆਰ ਦੇ ਜਜ਼ਬਾਤ ਖ਼ਤਮ ਨਹੀਂ ਕਰਦਾ'
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਇੱਕ ਅਜਿਹੀ ਕਹਾਣੀ ਜਿਸ ਵਿੱਚ ਇੱਕ ਜੋਤਹੀਣ ਕੁੜੀ ਨੇ ਇੱਕ ਹਮਸਫ਼ਰ ਹੋਣ ਦੀ ਚਾਹਤ ਤੇ ਪਿਆਰ ਦੇ ਜਜ਼ਬਾਤਾਂ ਬਾਰੇ ਦੱਸਿਆ।
ਫਿਰ ਕੀ, ਜੇਕਰ ਮੈਂ ਦੇਖ ਨਹੀਂ ਸਕਦੀ? ਚਾਹਤ ਦਾ ਅਹਿਸਾਸ ਤੇ ਇਸ਼ਕ ਦੀ ਲੋੜ ਸਾਰਿਆਂ ਨੂੰ ਹੁੰਦੀ ਹੈ।
ਮੈਨੂੰ ਵੀ ਹੈ। ਓਨੀ ਹੀ ਸ਼ਿੱਦਤ ਨਾਲ, ਜਿਵੇਂ ਤੁਹਾਨੂੰ ਹੈ। ਮੇਰੀ 'ਡਿਜ਼ਾਇਰ' ਦਾ ਮੇਰੀ 'ਡਿਸੈਬਿਲੀਟੀ' ਨਾਲ ਕੋਈ ਸਬੰਧ ਨਹੀਂ ਹੈ। ਬੱਸ ਉਸਨੂੰ ਮਹਿਸੂਸ ਕਰਨ ਦਾ ਮੇਰਾ ਤਜਰਬਾ ਵੱਖਰਾ ਹੈ।
ਦਰਅਸਲ ਬਚਪਨ ਵਿੱਚ ਮੈਂ ਤੁਹਾਡੇ ਵਰਗੀ ਹੀ ਸੀ। ਦੇਖ ਸਕਦੀ ਸੀ। ਇੱਕ ਛੋਟੇ ਸ਼ਹਿਰ ਦੇ 'ਨਾਰਮਲ' ਸਕੂਲ ਵਿੱਚ ਪੜ੍ਹਦੀ ਸੀ।

ਪਰ ਜਦੋਂ ਛੋਟੀ ਸੀ ਤਾਂ ਮੁੰਡਿਆਂ ਦੇ ਨਾਲ ਸਿਰਫ਼ ਦੋਸਤੀ ਦਾ ਰਿਸ਼ਤਾ ਸੀ।
ਨੌਵੀਂ ਜਮਾਤ ਵਿੱਚ ਅਚਾਨਕ ਮੇਰੀਆਂ ਅੱਖਾਂ ਦੀ ਰੌਸ਼ਨੀ ਜਾਣ ਲੱਗੀ ਅਤੇ ਸਾਲ ਦੇ ਅੰਦਰ ਪੂਰੇ ਤਰੀਕੇ ਨਾਲ ਖ਼ਤਮ ਹੋ ਗਈ। ਮੈਨੂੰ 'ਬਲਾਈਂਡ' ਬੱਚਿਆਂ ਦੇ 'ਸਪੈਸ਼ਲ' ਸਕੂਲ ਵਿੱਚ ਦਿੱਲੀ ਭੇਜ ਦਿੱਤਾ ਗਿਆ। ਆਮ ਮੁੰਡਿਆਂ ਦੇ ਨਾਲ ਕੋਈ ਮੇਲਜੋਲ ਨਹੀਂ ਰਿਹਾ।
'ਮੇਰੀ ਚਾਹਤ ਦਾ ਅਪਾਹਜ ਹੋਣ ਨਾਲ ਸਬੰਧ ਨਹੀਂ'
ਫ਼ਿਰ ਕਾਲਜ ਵਿੱਚ ਆਈ। ਫ਼ਿਰ ਤੋਂ ਆਮ ਦੁਨੀਆਂ ਵਿੱਚ ਇੱਕ ਜਵਾਨ ਕੁੜੀ ਦੇ ਸਵਾਲਾਂ ਤੇ ਸੁਪਨਿਆਂ ਦੇ ਨਾਲ।
ਮੈਂ ਸੋਹਣੀ ਤਾਂ ਲੱਗਣਾ ਚਾਹੁੰਦੀ ਸੀ ਪਰ ਮੁੰਡਿਆਂ ਤੋਂ ਥੋੜ੍ਹੀ ਦੂਰੀ ਵੀ ਬਣਾਏ ਰੱਖਣਾ ਚਾਹੁੰਦੀ ਸੀ।
ਇਸਦਾ ਮੇਰੇ 'ਬਲਾਈਂਡ' ਹੋਣ ਨਾਲ ਕੋਈ ਸਬੰਧ ਨਹੀਂ ਸੀ। ਬੱਸ ਇੱਕ ਕੁੜੀ ਹੋਣ ਦੇ ਨਾਤੇ ਇਹ ਚਾਹੁੰਦੀ ਸੀ, ਜੋ ਸਾਰਿਆਂ ਮੁੰਡਿਆਂ ਦੇ ਲਈ 'ਡਿਜ਼ਾਇਰੇਬਲ' ਹੋਣਾ ਚਾਹੁੰਦੀ ਹੈ ਪਰ ਸਿਰਫ਼ ਇੱਕ ਖ਼ਾਸ ਦੇ ਲਈ 'ਅਵੈਲੇਬਲ'।
'ਹੱਥ ਫੜ੍ਹਨ ਦੇ ਮਾਇਨੇ ਨਹੀਂ ਰਹੇ'
ਸਪੈਸ਼ਲ ਸਕੂਲ ਦੀ ਵਜ੍ਹਾ ਕਰਕੇ ਆਮ ਦੁਨੀਆਂ ਦੇ ਨਾਲ ਮੇਲ-ਜੋਲ ਦੀ ਆਦਤ ਅਤੇ ਸਲੀਕਾ ਵਿਸਰ ਗਿਆ ਸੀ।
ਜਦੋਂ ਦੇਖ ਸਕਦੀ ਸੀ ਤਾਂ ਮੁੰਡਿਆਂ ਦੀ ਨੀਯਤ ਦਾ ਪਤਾ ਲੱਗ ਜਾਂਦਾ ਸੀ ਪਰ ਹੁਣ ਮੁੰਡਿਆਂ ਦੇ ਵਿਚਾਲੇ ਸਵੈ-ਭਰੋਸਾ ਹੀ ਖੋਹ ਜਾਂਦਾ ਸੀ।

ਕੰਟੀਨ , ਕਲਾਸ ਜਾਂ ਲਾਈਬ੍ਰੇਰੀ ਤੱਕ ਜਾਣ ਦੇ ਲਈ ਮਦਦ ਲੈਣਾ ਅਜੀਬ ਲੱਗਦਾ ਸੀ, ਪਰ ਉਹ ਮਜਬੂਰੀ ਬਣ ਗਈ ਸੀ।
ਹੱਥ ਫੜਨਾ ਇੰਨਾ ਆਮ ਸੀ ਕਿ ਪਹਿਲੀ ਵਾਰ ਹੱਥ ਫੜਨ ਦੀ ਕੋਈ ਝਿਜਕ ਜਾਂ ਗਰਮਜੋਸ਼ੀ ਦਾ ਅਹਿਸਾਸ ਮਾਇਨੇ ਹੀ ਨਹੀਂ ਰੱਖਦਾ ਸੀ। ਪਰ ਚਾਹਤ ਬਰਕਰਾਰ ਸੀ।
'ਉਸ ਮੁੰਡੇ ਨੇ ਮੈਨੂੰ ਲੱਭਿਆ'
ਫ਼ਿਰ ਮੈਨੂੰ ਉਹ ਮੁੰਡਾ ਮਿਲਿਆ, ਜਾਂ ਇੰਝ ਕਹੋ ਕਿ ਉਸ ਮੁੰਡੇ ਨੇ ਮੈਨੂੰ ਲੱਭ ਲਿਆ।
ਉਹ 'ਬਲਾਈਂਡ' ਨਹੀਂ ਹੈ। ਪਰ ਉਸ ਨੂੰ ਕਾਫ਼ੀ ਘੱਟ ਦਿਖਾਈ ਦਿੰਦਾ ਹੈ। ਤਕਨੀਕੀ ਤੌਰ 'ਤੇ ਉਹ 'ਪਾਰਸ਼ਲੀ-ਸਾਈਟਿਡ' ਹੈ। ਯਾਨੀ ਉਹ ਮੈਨੂੰ ਦੇਖ ਸਕਦਾ ਹੈ।
ਉਹ ਯੂਨੀਵਰਸਿਟੀ ਵਿੱਚ ਮੇਰਾ ਸੀਨੀਅਰ ਸੀ। ਅਤੇ ਇਸ ਨਾਤੇ ਕੁਝ ਦੋਸਤਾਂ ਨੇ ਸਾਨੂੰ ਮਿਲਵਾਇਆ।
ਉਸਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਉਸ ਪਹਿਲੀ ਮੁਲਾਕਾਤ ਵਿੱਚ ਹੀ ਉਸਨੇ ਮੈਨੂੰ ਗਰਲਫ੍ਰੈਂਡ ਬਣਾਉਣ ਦਾ ਮਨ ਬਣਾ ਲਿਆ ਸੀ। ਪਰ ਮੈਂ ਇਸ ਤੋਂ ਅਣਜਾਣ ਸੀ। ਪਹਿਲਾਂ ਸਿਰਫ਼ ਦੋਸਤੀ ਹੋਈ।
'ਅਸੀਂ ਮਿਲਣ ਲਈ ਮਿਲਣ ਲੱਗੇ'
ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਕਦੇ ਕੌਫੀ ਲਈ, ਕਦੇ ਕਿਤਾਬ ਖਰੀਦਣਾ, ਕਦੇ ਬੱਸ ਇੰਝ ਹੀ ਨਾਲ ਚੱਲਣ ਦੇ ਬਹਾਨੇ ਉਹ ਮਿਲਦਾ ਰਿਹਾ।
ਫ਼ਿਰ ਅਸੀਂ ਬਿਨਾ ਕਿਸੇ ਬਹਾਨੇ ਮਿਲਣ ਲੱਗੇ। ਸਿਰਫ਼ ਮਿਲਣ ਦੇ ਲਈ ਮਿਲਣ ਲੱਗੇ।
ਮੈਂ ਮੈਟਰੋ ਵਿੱਚ ਸਫ਼ਰ ਕਰਦੀ ਅਤੇ ਉਹ ਮੈਨੂੰ ਮੈਟਰੋ ਸਟੇਸ਼ਨ ਦੇ ਬਾਹਰ ਮਿਲ ਜਾਂਦਾ।

ਫ਼ਿਰ ਨਾਲ ਹੀ ਦਿੱਲੀ ਯੂਨੀਵਰਸਿਟੀ ਦੇ ਰਿੱਜ ਇਲਾਕੇ ਵਿੱਚ ਜਾਂਦੇ।
ਜੰਗਲ ਜਿਹਾ ਇਹ ਇਲਾਕਾ ਸਾਡੇ ਵਰਗੇ ਕਈ ਜੋੜਿਆਂ ਲਈ ਇਕਾਂਤ ਵਿੱਚ ਵਕਤ ਬਿਤਾਉਣ ਦੀਆਂ ਪਸੰਦੀਦਾ ਥਾਂਵਾਂ ਵਿੱਚੋਂ ਇੱਕ ਸੀ।
'ਹਮੇਸ਼ਾ ਡਰ ਲੱਗਦਾ ਸੀ'
ਦੋਸਤੀ ਤੋਂ ਇਸ ਮੁਹੱਬਤ ਦੇ ਰਿਸ਼ਤ ਤੱਕ ਪਹੁੰਚਣ ਵਿੱਚ, ਤੇ ਉਸ 'ਤੇ ਵਿਸ਼ਵਾਸ ਕਾਇਮ ਕਰਨ ਵਿੱਚ ਮੈਨੂੰ ਪੂਰਾ ਇੱਕ ਸਾਲ ਲੱਗਿਆ।
ਇਸਦੇ ਬਾਵਜੂਦ ਅਸੀਂ ਜਦੋਂ ਵੀ ਬਾਹਰ ਮਿਲਦੇ ਤਾਂ ਕਦੇ ਵੀ ਮਨ ਸ਼ਾਂਤ ਨਹੀਂ ਹੁੰਦਾ ਸੀ।
ਹਰ ਵਕਤ ਲੱਗਦਾ ਸੀ ਕਿ ਕੋਈ ਸਾਨੂੰ ਦੇਖ ਰਿਹਾ ਹੈ, ਕੋਈ ਜਾਨਣ ਵਾਲਾ, ਮੇਰੇ ਪਰਿਵਾਰ ਦਾ ਕੋਈ ਸ਼ਖ਼ਸ। ਜੋ ਦੇਖ ਸਕਦੇ ਹਨ ਉਨ੍ਹਾਂ ਦੇ ਲਈ ਇਹ ਕਾਫ਼ੀ ਸੌਖਾ ਹੁੰਦਾ ਹੈ। ਚੋਰ ਅੱਖ ਨਾਲ ਆਲੇ-ਦੁਆਲੇ ਦੇ ਲੋਕਾਂ 'ਤੇ ਨਜ਼ਰ ਰੱਖ ਲੈਂਦੇ ਹਨ।
ਮੇਰਾ ਬੁਆਏਫ੍ਰੈਂਡ ਮੇਰਾ ਧਿਆਨ ਰੱਖਦਾ ਸੀ। ਪਰ ਮੈਂ ਖੁਦ ਨਹੀਂ ਦੇਖ ਸਕਦੀ ਸੀ। ਇਸ ਲਈ ਹਮੇਸ਼ਾ 'ਐੱਕਸਪੋਜ਼ਡ' ਲੱਗਦਾ ਸੀ।
ਡਰ ਬਣਿਆ ਰਹਿੰਦਾ ਸੀ, ਕਿ ਕਿਤੇ ਫੜੇ ਨਾ ਜਾਈਏ।
ਪਰ ਮਿਲਣਾ-ਜੁਲਣਾ ਫਿਰ ਵੀ ਘੱਟ ਨਹੀਂ ਕੀਤਾ। ਚਾਹਤ ਵੀ ਅਜਿਹੀ ਸੀ।
ਉਨ੍ਹਾਂ ਪਲਾਂ ਦਾ ਅਹਿਸਾਸ ਭਾਵੇਂ ਡਰ ਦੀ ਵਜ੍ਹਾ ਕਰਕੇ ਅਧੂਰਾ ਰਹਿੰਦਾ ਪਰ ਨਾ ਹੋਣ ਤੋਂ ਬੇਹਤਰ ਸੀ।
'ਮੈਨੂੰ ਧੋਖਾ ਮਿਲਿਆ'
ਆਖਿਰ ਮੇਰੇ ਬੁਆਏਫ੍ਰੈਂਡ ਨੂੰ ਹੋਸਟਲ ਮਿਲ ਗਿਆ। ਅਸੀਂ ਉੱਥੇ ਮਿਲਣ ਲੱਗੇ। ਹੋਸਟਲ ਵਿੱਚ ਮੈਨੂੰ ਉਸਦੇ ਨਾਲ ਮਹਿਫੂਜ਼ ਮਹਿਸੂਸ ਹੋਣ ਲੱਗਿਆ।
ਪਰ ਇਹ 'ਫੇਰੀਟੇਲ' ਨਹੀਂ ਹੈ, ਜ਼ਿੰਦਗੀ ਦੀ ਸੱਚਾਈ ਕਹਾਣੀਆਂ ਤੋਂ ਪਰੇ ਹੁੰਦੀ ਹੈ।
ਕੁਝ ਵਕਤ ਬਾਅਦ ਮੇਰੇ ਦੋਸਤਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਲੜਕੀ ਦੇ ਨਾਲ ਵੀ ਉੰਨਾਂ ਹੀ ਕਰੀਬ ਹੈ, ਜਿਵੇਂ ਮੇਰੇ ਨਾਲ। ਮੈਂ ਉਸ ਤੋਂ ਪੁੱਛਿਆ ਤਾਂ ਉਹ ਝੂਠ ਬੋਲਦਾ ਰਿਹਾ। ਮੇਰੇ ਲਈ ਸੱਚ ਦਾ ਪਤਾ ਲਗਾਉਣਾ ਮੁਸ਼ਕਿਲ ਸੀ।

ਮੈਂ ਕਿਸੇ ਆਮ ਕੁੜੀ ਵਾਂਗ ਉਸਦਾ ਫੋਨ ਚੈੱਕ ਨਹੀਂ ਕਰ ਸਕਦੀ ਸੀ, ਨਾ ਹੀ ਅਚਾਨਕ ਉਸਦੇ ਹੋਸਟਲ ਜਾ ਕੇ ਉਸਦਾ ਕਮਰਾ ਫਰੋਲ ਸਕਦੀ ਸੀ।
ਫਿਰ ਇੱਕ ਦਿਨ ਮੈਨੂੰ ਸੋਸ਼ਲ ਮੀਡੀਆ ਦੀ ਇੱਕ 'ਚੈਟ' ਮਿਲੀ ਜਿਸਨੂੰ ਉਹ 'ਡਿਲੀਟ' ਕਰਨਾ ਭੁੱਲ ਗਿਆ ਸੀ।
'ਬੁਆਏਫ੍ਰੈਂਡ ਨਹੀਂ, ਤਾਂ ਕੀ ਫਰਕ ਪੈਂਦਾ ਹੈ'
ਮੇਰੇ ਕੰਪਿਊਟਰ 'ਤੇ ਲੱਗੇ 'ਸਕ੍ਰੀਨ ਰੀਡਿੰਗ ਸਾਫਟਵੇਅਰ' ਨਾਲ ਮੈਂ ਉਸਨੂੰ ਪੜ੍ਹ ਸਕੀ ਅਤੇ ਸਾਫ਼ ਹੋ ਗਿਆ ਕਿ ਮੇਰੇ ਨਾਲ ਧੋਖਾ ਹੋਇਆ ਹੈ।
ਧੋਖਾ ਕਿਸੇ ਲਈ ਵੀ ਮੁਸ਼ਕਿਲ ਹੋ ਸਕਦਾ ਹੈ ਪਰ ਮੇਰੇ ਲਈ ਉਹ ਮੇਰੀ 'ਡਿਸੇਬਿਲੀਟੀ' ਦਾ ਫਾਇਦਾ ਚੁੱਕ ਕੇ ਕੀਤਾ ਗਿਆ ਧੋਖਾ ਸੀ।
ਮੇਰੇ ਬੁਆਏਫ੍ਰੈਂਡ ਨੇ ਮੈਨੂੰ ਕਮਜ਼ੋਰ ਸਾਬਿਤ ਕਰ ਦਿੱਤਾ ਸੀ।
ਮੇਰਾ ਦਿਲ ਤਾਂ ਟੁੱਟਿਆ ਹੀ ਸੀ, ਆਤਮ ਵਿਸ਼ਵਾਸ ਟੁਕੜੇ-ਟੁਕੜੇ ਹੋ ਗਿਆ ਸੀ।
ਮੈਂ ਦਿੱਲੀ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਹਾਂ, ਕੌਮੀ ਪੱਧਰ ਦੀ ਐਥਲੀਟ ਹਾਂ ਅਤੇ ਆਪਣੇ ਹੋਸਟਲ ਦੀ 'ਪ੍ਰੈਜ਼ੀਡੈਂਟ' ਵੀ।
ਮੇਰੇ ਦੋਸਤ ਨੇ ਕਿਹਾ ਕਿ 'ਬਲਾਈਂਡ' ਹੁੰਦਿਆਂ ਇੰਨ੍ਹਾਂ ਕੁਝ ਹਾਸਿਲ ਕਰ ਲਿਆ ਹੈ, ਇਸ ਲਈ ਹੁਣ ਬੁਆਏਫ੍ਰੈਂਡ ਨਹੀਂ ਵੀ ਰਿਹਾ ਤਾਂ ਕੀ ਫ਼ਰਕ ਪੈਂਦਾ ਹੈ।

ਪਰ ਫ਼ਰਕ ਪੈਂਦਾ ਹੈ, ਹਰ ਇਨਸਾਨ ਦੀ ਜ਼ਿੰਦਗੀ ਵਿੱਚ ਪਿਆਰ ਦਾ ਵੱਖਰਾ ਕੋਨਾ ਹੁੰਦਾ ਹੈ।
ਬਾਕੀ ਸਾਰਿਆਂ ਤੋਂ ਪਰੇ, ਉਹ ਇੱਕ ਵੱਖਰੀ ਚਾਹਤ ਹੈ ਅਤੇ ਉਸਦੇ ਬਿਨਾ ਮੈਂ ਅਧੂਰਾ ਅਤੇ ਖੋਖਲਾ ਮਹਿਸੂਸ ਕਰ ਰਹੀ ਸੀ।
ਫ਼ਿਰ ਇੱਕ ਨਵਾਂ ਰਿਸ਼ਤਾ
ਇਸੇ ਅਧੂਰੇਪਨ ਦੇ ਵਿਚਾਲੇ ਮੈਨੂੰ ਮੇਰਾ ਦੂਜਾ ਬੁਆਏਫ੍ਰੈਂਡ ਮਿਲਿਆ।
ਉਹ 'ਨਾਰਮਲ' ਹੈ। ਆਮ ਲੋਕਾਂ ਵਾਂਗ ਮੈਨੂੰ ਦੇਖ ਸਕਦਾ ਹੈ। ਸ਼ਾਇਦ ਇਹ ਵੀ ਖਿੱਚ ਦੀ ਇੱਕ ਵਜ੍ਹਾ ਬਣੀ।
ਪਰ ਸ਼ਾਇਦ ਇਸੇ ਕਰਕੇ ਉਹ ਮੈਨੂੰ ਚੰਗੇ ਤਰੀਕੇ ਨਾਲ ਸਮਝ ਨਹੀਂ ਪਾਉਂਦਾ।
ਮੇਰਾ ਉਸ ਤਰੀਕੇ ਨਾਲ ਖਿਆਲ ਨਹੀਂ ਰੱਖਦਾ, ਜਿਵੇਂ ਮੈਂ ਚਾਹੁੰਦੀ ਹਾਂ।
ਹੱਥ ਫੜਕੇ ਪਾਰਟੀ ਵਿੱਚ ਲੈ ਤਾਂ ਜਾਂਦਾ ਹੈ ਪਰ ਫਿਰ ਦੋਸਤਾਂ ਦੇ ਨਾਲ ਗੱਲਬਾਤ ਦਾ ਹਿੱਸਾ ਨਹੀਂ ਬਣਾਉਂਦਾ।

ਮੈਂ ਇੱਕ ਕੋਨੇ ਵਿੱਚ ਰਹਿੰਦੀ ਹਾਂ, ਜਿਵੇਂ ਕੋਈ ਚੀਜ਼ ਪਈ ਹੋਏ।
ਉਸ ਸਮਝਦਾਰ ਹੈ, ਮੇਰੇ ਤੋਂ ਉਮਰ ਵਿੱਚ ਵੱਡਾ ਸੀ ਅਤੇ ਪੜ੍ਹਾਈ ਵਿੱਚ ਤੇਜ਼।
ਪਰ ਸਮਝ ਨਹੀਂ ਆਉਂਦਾ ਕਿ ਸਾਡੇ ਰਿਸ਼ਤੇ ਵਿੱਚ 'ਰੋਮਾਂਟਿਕ' ਪਿਆਰ ਜ਼ਿਆਦਾ ਹੈ ਜਾਂ ਹਮਦਰਦੀ।
ਅਜਿਹਾ ਲੱਗਣ ਲੱਗਿਆ ਕਿ ਮੈਂ ਦੇਖ ਨਹੀਂ ਸਕਦੀ, ਇਸਲਈ ਮੇਰੀ ਜ਼ਿੰਦਗੀ ਵਿੱਚ ਮੁਹੱਬਤ ਦਾ ਸੱਚਾ ਅਹਿਸਾਸ ਨਹੀਂ ਹੋਵੇਗਾ। ਪਰ ਇਹ ਰਿਸ਼ਤਾ ਤੋੜ ਵੀ ਨਹੀਂ ਪਾ ਰਹੀ, ਕਿਉਂਕਿ ਅੱਖਾਂ ਵਿੱਚ ਰੌਸ਼ਣੀ ਨਾ ਸਹੀ ਇਸ਼ਕ ਦੀ ਚਾਹਤ ਵਿੱਚ ਦਿਲ ਤੁਹਾਡੇ ਵਾਂਗ ਹੀ ਧੜਕ ਰਿਹਾ ਹੈ।
(ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨਾਲ ਗੱਲਬਾਤ ਤੇ ਆਧਾਰਿਤ ਇੱਕ ਜੋਤਹੀਣ ਕੁੜੀ ਦੀ ਸੱਚੀ ਕਹਾਣੀ)
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)













