ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਇਸ਼ਕ-ਮਿਜ਼ਾਜੀ ਤੁਹਾਡੇ ਰਿਸ਼ਤੇ ਲਈ ਇੰਝ ਲਾਭਦਾਇਕ ਹੋ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਵਿਲੀਅਮ ਪਾਰਕ
- ਰੋਲ, ਬੀਬੀਸੀ ਪੱਤਰਕਾਰ
ਕੁਝ ਲੋਕਾਂ ਵਿੱਚ ਇਸ਼ਕ-ਮਿਜ਼ਾਜੀ ਦਾ ਗੁਣ ਕੁਦਰਤੀ ਹੀ ਹੁੰਦਾ ਹੈ। ਜਦਕਿ ਕੁਝ ਲੋਕਾਂ ਨੂੰ ਲਗਦਾ ਹੈ ਕਿ ਇਹ ਉਨ੍ਹਾਂ ਤੋਂ ਨਹੀਂ ਹੁੰਦੀ।
ਆਖਰ ਚੰਗੀ ਤੇ ਮਾੜੀ ਇਸ਼ਕ-ਮਿਜ਼ਾਜੀ ਵਿੱਚ ਕੀ ਫਰਕ ਹੁੰਦਾ ਹੈ? ਕੀ ਤੁਸੀਂ ਇਸ ਨੂੰ ਸਿੱਖ ਕੇ ਵਧੀਆ ਆਸ਼ਿਕ-ਮਿਜ਼ਾਜ ਭਾਈ ਜਾਂ ਬੀਬੀ ਬਣ ਸਕਦੇ ਹੋ?
ਇੱਕ ਰੈਸਟੋਰੈਂਟ ਵਿੱਚ ਇੱਕ ਗਾਹਕ ਚੁੱਪਚੁਪੀਤਾ ਬੈਠਾ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ। ਵੇਟਰ ਕੁੜੀ ਨੇ ਦੇਖਿਆ ਅਤੇ ਉਸ ਕੋਲ ਜਾ ਕੇ ਗੱਲਬਾਤ ਕੀਤੀ।
ਜਲਦੀ ਹੀ ਦੋਵੇਂ ਜਣੇ ਇੰਨੇ ਗੂੜ੍ਹੇ ਗੱਲੀਂ ਪਏ ਕਿ ਸਮਾਂ ਖੰਭ ਲਾ ਕੇ ਉੱਡ ਗਿਆ ਤੇ ਜਿਸ ਦੋਸਤ ਦੀ ਉਡੀਕ ਸੀ ਉਸਦਾ ਚੇਤਾ ਵੀ ਨਾ ਰਿਹਾ।
ਗੁਰਿਟ ਬਿਰੰਬਮ ਇਜ਼ਰਾਈਲ ਦੀ ਰੀਸ਼ਮੈਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, “ਜਦੋਂ ਤੁਹਾਡੇ ਨਾਲ ਕੋਈ ਇਸ਼ਕੀਆ ਲਹਿਜ਼ੇ ਵਿੱਚ ਗੱਲ ਕਰਦਾ ਹੈ ਤਾਂ ਤੁਹਾਡੀ ਆਪਣੇ ਦਿਲਕਸ਼ ਹੋਣ ਦੀ ਧਾਰਨਾ ਮਜ਼ਬੂਤ ਹੁੰਦੀ ਹੈ।"
ਦੂਜੇ ਸ਼ਬਦਾਂ ਵਿੱਚ ਜਿਸ ਨਾਲ ਫਲਰਟ ਕੀਤਾ ਜਾ ਰਿਹਾ ਹੈ ਉਸ ਨੂੰ ਵਧੀਆ ਲਗਦਾ ਹੈ ਅਤੇ ਇਹ ਤੁਹਾਡੇ ਲਈ ਵੀ ਵਧੀਆ ਹੈ।

ਤਸਵੀਰ ਸਰੋਤ, Getty Images
ਸਾਡੀ ਵੇਟਰ ਨਹੀਂ ਜਾਣਦੀ ਕਿ ਜਿਸ ਬੰਦੇ ਨਾਲ ਉਹ ਗੱਲਾਂ ਕਰ ਰਹੀ ਹੈ ਉਹ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੈ।
ਮਹਿਲਾ ਪ੍ਰੋਫੈਸਰ ਦੱਸਦੇ ਹਨ ਕਿ ਲੋਕ ਭਾਵੇਂ ਕਿਸੇ ਰਿਸ਼ਤੇ ਵਿੱਚ ਬੱਝੇ ਹੋਣ ਫਿਰ ਵੀ ਦੂਜਿਆਂ ਨਾਲ ਪੇਚੇ ਪਾਉਂਦੇ ਹਨ। ਜਦੋਂ ਇੱਕ ਰਿਸ਼ਤੇ ਨੂੰ ਸਮਾਂ ਹੋ ਜਾਂਦਾ ਹੈ ਤਾਂ ਲੋਕ ਦੂਜਿਆਂ ਬਾਰੇ ਸੋਚਣ ਲਗਦੇ ਹਨ ਜੋ ਕਿ ਕੁਦਰਤੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਪਹਿਲੇ ਰਿਸ਼ਤੇ ਵਿੱਚ ਕੁਝ ਕਮੀ ਹੈ।
ਵੇਟਰ ਕੁੜੀ ਅਤੇ ਗਾਹਕ ਦਰਮਿਆਨ ਹੋ ਰਹੀ ਗੁਫਤਗੂ, ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਫਿਲਹਾਲ ਇਹ ਵੇਟਰ ਕੰਪਿਊਟਰ ਰਾਹੀਂ ਤਿਆਰ ਕੀਤੀ ਗਈ (ਕੰਪਿਊਟਰ ਜਨਰੇਟਡ) ਹੈ ਅਤੇ ਇਹ ਗੱਲਬਾਤ ਵਰਚੂਅਲ ਦੁਨੀਆਂ ਵਿੱਚ ਹੋ ਰਹੀ ਹੈ।
ਪ੍ਰੋਫੈਸਰ ਬਿਰੰਬਮ ਨੇ ਕਦੇ ਇਸ ਤਰ੍ਹਾਂ ਦੀ ਦੁਨੀਆਂ ਦਾ ਸੁਫ਼ਨਾ ਲਿਆ ਸੀ।
ਇਸ਼ਕ ਮਿਜ਼ਾਜੀ ਬਾਰੇ ਪ੍ਰਯੋਗ

ਤਸਵੀਰ ਸਰੋਤ, Getty Images
ਬਿਰੰਬਮ ਨੇ ਸੋਚਿਆ ਕਿ ਜਦੋਂ ਲੋਕ ਲੰਬੇ ਰਿਸ਼ਤਿਆਂ ਵਿੱਚ ਹੁੰਦੇ ਹਨ ਤਾਂ ਉਹ ਇਸ਼ਕ ਮਿਜ਼ਾਜੀ ਬਾਰੇ ਸੋਚਦੇ ਹਨ। ਉਨ੍ਹਾਂ ਨੂੰ ਖਿਆਲ ਆਇਆ ਕਿ ਇਸ ਨਾਲ ਸਾਨੂੰ ਸਾਡੀਆਂ ਕੁਝ ਸਭ ਤੋਂ ਤਬਾਹਕੁੰਨ ਇੱਛਾਵਾਂ ਨੂੰ ਲਗਾਮ ਪਾਉਣ ਵਿੱਚ ਮਦਦ ਮਿਲ ਸਕਦੀ ਹੈ।
ਉਨ੍ਹਾਂ ਨੇ ਸੋਚਿਆ ਕਿ ਜੇ ਕਿਸੇ ਨੂੰ ਫਲਰਟ ਕਰਨ ਲਈ ਵਰਚੂਅਲ ਵਿਅਕਤੀ (ਜਿਵੇਂ ਸਾਡੀ ਵੇਟਰ) ਦੇ ਦਿੱਤਾ ਜਾਵੇ ਤਾਂ ਉਹ ਅਸਲ ਜ਼ਿੰਦਗੀ ਵਿੱਚ ਸ਼ਾਇਦ ਕਿਸੇ ਹੋਰ ਨਾਲ ਅਜਿਹਾ ਨਾ ਕਰੇ।
ਮੈਨੂੰ ਲੱਗਿਆ ਕਿ ਇਸ ਤਰ੍ਹਾਂ (ਵਰਚੂਲ ਥਾਂ) ਦੀ ਥਾਂ ਦਿੱਤੇ ਜਾਣ ਨਾਲ ਸ਼ਾਇਦ ਲੋਕ ਆਪਣੀਆਂ ਇੱਛਾਵਾਂ ਕਾਬੂ ਕਰਕੇ ਆਪਣੇ ਮੌਜੂਦਾ ਰਿਸ਼ਤੇ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਹੋਣਗੇ।
ਇਹ ਧਿਆਨਯੋਗ ਹੈ ਕਿ ਵਰਚੂਅਲ ਰਿਐਲਿਟੀ ਨਾਲ ਤਿਆਰ ਇਸ ਵੇਟਰ ਵਿੱਚ ਬਹੁਤ ਕੁਝ ਨਕਲੀ ਪ੍ਰਤੀਤ ਹੁੰਦਾ ਹੈ। ਉਸਦੇ ਨੈਣ-ਨਕਸ਼ ਨਕਲੀ ਲਗਦੇ ਹਨ ਪਰ ਅਵਾਜ਼ ਅਸਲੀ ਵਰਗੀ ਹੈ। ਹਾਲਾਂਕਿ ਪ੍ਰੋਫੈਸਰ ਨੇ ਜੋ ਰਿਕਾਰਡਿੰਗ ਮੈਨੂੰ ਭੇਜੀ ਉਸ ਮੁਤਾਬਕ ਦੋਵਾਂ ਵਿੱਚ ਪੰਜ ਮਿੰਟ ਲਈ ਜੋ ਗੱਲਬਾਤ ਹੁੰਦੀ ਹੈ ਉਹ ਕਾਫ਼ੀ ਸੁਭਾਵਿਕ ਹੈ।

ਤਸਵੀਰ ਸਰੋਤ, Getty Images
ਇਸ ਵਰਚੂਅਲ ਗੱਲਬਾਤ ਤੋਂ ਬਾਅਦ ਪ੍ਰਯੋਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇੱਕ ਸੁਨੱਖੇ (ਰਵਾਇਤੀ ਮਾਨਕਾਂ ਮੁਤਾਬਕ) ਕਿਸੇ ਅਜਨਬੀ ਨਾਲ ਮਿਲਾਇਆ ਗਿਆ।
ਅਸਲ ਵਿੱਚ ਇਹ ਰਿਸਰਚਰ ਸਨ ਜੋ ਕਿਸੇ ਅਜਿਹੇ ਅਜਨਬੀ ਦਾ ਭੇਸ ਕਰ ਕਰ ਰਹੇ ਸਨ ਜਿਸ ਨੂੰ ਕਿਸੇ ਮਦਦ ਦੀ ਲੋੜ ਹੋਵੇ।
ਪ੍ਰਯੋਗ ਵਿੱਚ ਸ਼ਾਮਲ ਜਿਨ੍ਹਾਂ ਲੋਕਾਂ ਨੇ ਵੇਟਰ ਨਾਲ ਇਸ਼ਕ ਮਿਜ਼ਾਜੀ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਮਿਲੇ ਲੋਕ ਵੇਟਰ ਨਾਲੋਂ ਘੱਟ ਦਿਲਕਸ਼ ਲੱਗੇ।
ਨਤੀਜੇ ਪ੍ਰੋਫੈਸਰ ਦੀ ਪਰਿਕਲਪਨਾ ਮੁਤਾਬਕ ਹੀ ਸਨ ਕਿ ਵਰਚੂਅਲ ਇਸ਼ਕ ਮਿਜ਼ਾਜੀ ਕਾਰਨ ਅਸਲੀ ਲੋਕਾਂ ਨਾਲ ਪੇਚ ਲੜਾਉਣ ਦੀ ਉਨ੍ਹਾਂ ਦੀ ਇੱਛਾ ਮੰਦ ਪੈ ਗਈ ਸੀ।
ਇਨ੍ਹਾਂ ਲੋਕਾਂ ਨੇ ਇਹ ਵੀ ਦੱਸਿਆ ਕਿ ਵੇਟਰ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਆਪਣੇ ਅਸਲੀ ਜੋੜੀਦਾਰ ਨੂੰ ਮਿਲਣ ਦੀ ਇੱਛਾ ਜ਼ਿਆਦਾ ਪੈਦਾ ਹੋਈ।

ਤਸਵੀਰ ਸਰੋਤ, Getty Images
ਪ੍ਰਯੋਗ ਕੀ ਸੀ
ਸਾਇੰਸ ਡਾਇਰੈਕਟ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਪਰਚੇ ਮੁਤਾਬਕ
- ਵਰਚੁਅਲ ਰਿਐਲਿਟੀ ਪੈਰਾਡਾਈਮ ਦੀ ਵਰਤੋਂ ਕਰਕੇ ਦੇਖਿਆ ਗਿਆ:ਕੀ ਵਰਚੂਅਲ ਇਸ਼ਕ ਮਿਜ਼ਾਜੀ ਤੋਂ ਬਾਅਦ ਲੋਕਾਂ ਵਿੱਚ ਦੂਜੇ ਜੋੜੀਦਾਰਾਂ ਪ੍ਰਤੀ ਖਿੱਚ ਵਿੱਚ ਕੋਈ ਫਰਕ ਪੈਂਦਾ ਹੈ ?
- ਤਿੰਨ ਅਧਿਐਨਾਂ ਵਿੱਚ ਲੋਕਾਂ ਨੂੰ ਇੱਕ ਵਰਚੁਅਲ ਏਜੰਟ ਨਾਲ ਇੱਕ ਖਾਸ ਸਥਿਤੀ ਵਿੱਚ ਫਲਰਟ ਕਰਨ ਦਾ ਮੌਕਾ ਦਿੱਤਾ ਗਿਆ।
- ਇਸ ਪ੍ਰਯੋਗ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਉਹ ਇਸ ਤਜਰਬੇ ਤੋਂ ਬਾਅਦ ਦੂਜੇ ਲੋਕਾਂ ਨਾਲ ਫਲਰਟ ਕਰਨ ਦੀ ਇੱਛਾ ਨੂੰ ਕੰਟਰੋਲ ਕਰਨ ਲਈ ਪ੍ਰੇਰਿਤ ਹੋਏ ਹਨ।
- ਪ੍ਰਯੋਗ ਤੋਂ ਬਾਅਦ ਲੋਕਾਂ ਨੂੰ ਆਪਣੇ ਸਾਥੀ ਦੀ ਜ਼ਿਆਦਾ ਇੱਛਾ ਮਹਿਸੂਸ ਹੋਈ ਅਤੇ ਹੋਰ ਬਦਲਾਂ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਵਿੱਚ ਵੀ ਕਮੀ ਆਈ।
- ਅਸਲ ਜ਼ਿੰਦਗੀ ਦੇ ਰੁਮਾਨੀ ਰਿਸ਼ਤਿਆਂ ਉੱਪਰ ਵਰਚੂਅਲ ਤਜਰਬਿਆਂ ਦੇ ਅਸਰ ਨੂੰ ਦਿਖਾਉਣ ਵਾਲਾ ਇਹ ਪਹਿਲਾ ਅਧਿਐਨ ਹੈ।
ਰਿਸ਼ਤਿਆਂ ਵਿੱਚ ਮਜ਼ਬੂਤੀ
ਬਰਿੰਬਮ ਮੁਤਾਬਕ ਅਜਨਬੀਆਂ ਨਾਲ ਕੀਤੀ ਇਸ਼ਕ ਮਿਜ਼ਾਜੀ ਅਸਲੀ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ। ਹਾਲਾਂਕਿ ਇਸ ਵਿੱਚ ਬਹੁਤ ਧਿਲਕਣਬਾਜ਼ੀ ਹੈ।
ਆਪਣੀਆਂ ਅਤੇ ਆਪਣੇ ਜੋੜੀਦਾਰ ਦੀਆਂ ਹੱਦਾਂ ਨੂੰ ਸਮਝਦੇ ਹੋਏ ਇਸ਼ਕ ਮਿਜ਼ਾਜੀ ਕਰਨਾ ਜ਼ਰੂਰੀ ਹੈ, ਕੀਤੀ ਜਾ ਸਕਦੀ ਹੈ। ਹਾਲਾਂਕਿ ਇੱਕ ਗੈਰ-ਨੁਕਸਾਨਦੇਹ ਇਸ਼ਕ ਮਿਜ਼ਾਜੀ ਅਤੇ ਰਿਸ਼ਤੇ ਵਿੱਚ ਧੋਖਾ ਕਰਨ ਵੱਲ ਵਧ ਜਾਣ ਵਿੱਚ ਬਹੁਤ ਮਹੀਨ ਫਰਕ ਹੈ।
ਇਸ ਨੂੰ ਲਾਗਸ਼ੀਲ ਬੇਵਫਾਈ ਕਹਿੰਦੇ ਹਨ। ਜਦੋਂ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਜੋੜੀਦਾਰ ਭਟਕ ਰਿਹਾ ਹੈ ਤਾਂ ਤੁਸੀਂ ਖੁਦ ਵੀ ਭਟਕਣਾ ਚਾਹੁੰਦੇ ਹੋ।
ਪ੍ਰੋਫੈਸਰ ਮੁਤਾਬਕ ਸ਼ਖਸ਼ੀਅਤ ਦੇ ਕੁਝ ਖਾਸ ਗੁਣ ਹੁੰਦੇ ਹਨ ਜਿਸ ਕਾਰਨ ਕੁਝ ਲੋਕ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਬੇਵਫਾ ਹੁੰਦੇ ਹਨ। ਮਿਸਾਲ ਵਜੋਂ ਸਵੈ-ਕੇਂਦਰਿਤ ਲੋਕ (ਨਾਰਸਿਸਟ) ਅਤੇ ਜਿਹੜੇ ਲੋਕ ਆਪਣੇ ਸੰਬੰਧਾਂ ਬਾਰੇ ਅਹਿਸਾਸੇ-ਕਮਤਰੀ ਦੇ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੇ ਵੀ ਧੋਖਾ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਪ੍ਰੋਫੈਸਰ ਦੱਸਦੇ ਹਨ ਕਿ ਕਿਸੇ ਦੇ “ਉਤੇਜਿਤ ਕਰਨ ਵਾਲਾ ਵਿਹਾਰ ਕਦੋਂ ਬੇਵਫਾਈ ਵੱਲ ਵਧ ਜਾਵੇ ਇਸ ਦੀ ਪੇਸ਼ੇਨਗੋਈ ਕਰਨ ਲਈ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ।”
ਹਾਲਾਂਕਿ ਸਾਵਧਾਨੀ ਨਾਲ ਕੀਤੀ ਗਈ ਇਸ਼ਕ ਮਿਜ਼ਾਜੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਤਾਂ ਕੁਝ ਲੋਕ ਆਪਣੇ ਆਪ ਨੂੰ ਇਸ ਵਿੱਚ ਵਧੀਆ ਨਹੀਂ ਸਮਝਦੇ। 7000 ਰੈਡਿਟ ਵਰਤੋਂਕਾਰਾਂ ਉੱਪਰ ਕੀਤੇ ਇੱਕ ਸਰਵੇਖਣ ਮੁਤਾਬਕ ਲਗਭਗ 43% ਮਰਦਾਂ ਮੁਤਾਬਕ ਇਸ਼ਕ ਮਿਜ਼ਾਜੀ ਦੇ ਹੁਨਰ ਵਿੱਚ ਮਾੜਾ ਹੋਣਾ ਉਨ੍ਹਾਂ ਦੇ ਇਕੱਲੇ ਹੋਣ ਦਾ ਪੰਜਵਾਂ ਵੱਡਾ ਕਾਰਨ ਸੀ।
ਖੁਸ਼ਕਿਸਮਤੀ ਨਾਲ ਇਸ਼ਕ ਮਿਜ਼ਾਜੀ ਸਿੱਖੀ ਜਾ ਸਕਦੀ ਹੈ। ਇਸ਼ਕ ਮਿਜ਼ਾਜੀ ਦੀ ਤਿੰਨ ਘੰਟਿਆਂ ਦੀ ਸਿਖਲਾਈ, ਜਿਸ ਵਿੱਚ ਸਵੈ-ਭਰੋਸੇ ਨਾਲ ਗੱਲਬਾਤ ਕਰਨਾ ਸ਼ਾਮਲ ਸੀ ਹਾਸਲ ਕਰਨ ਤੋਂ ਬਾਅਦ ਲੋਕਾਂ ਨੇ ਇਸ਼ਕ ਮਿਜ਼ਾਜੀ ਅਤੇ ਘੁਲਣ-ਮਿਲਣ ਦੇ ਸਕੇਲ ਵਿੱਚ ਵਧੀਆ ਅੰਕ ਹਾਸਲ ਕੀਤੇ।
ਇਸ਼ਕ-ਮਿਜ਼ਾਜੀ ਦੇ ਢੰਗ

ਤਸਵੀਰ ਸਰੋਤ, Getty Images
ਫੈਲ ਕੇ ਬੈਠਣ ਨਾਲ (ਜਿਵੇਂ ਖੁੱਲ੍ਹ ਕੇ ਬੈਠਣ ਦੀ ਮੁਦਰਾ, ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਸਿੱਧਾ ਝਾਕਣਾ, ਅਤੇ ਆਪਣਾ ਸਿਰ ਚੁੱਕਣਾ) ਇਸਤਰੀਆਂ ਅਤੇ ਮਰਦਾਂ ਦੋਵਾਂ ਦੀ ਖਿੱਚ ਵਧਾਉਂਦਾ ਹੈ। ਅਜਿਹਾ ਸ਼ਾਇਦ ਇਸ ਲਈ ਹੈ ਕਿ ਅਸੀਂ ਫੈਲ ਕੇ ਬੈਠਣ ਨੂੰ ਰੋਅਬ ਨਾਲ ਜੋੜ ਕੇ ਦੇਖਦੇ ਹਾਂ। ਹਾਲਾਂਕਿ ਫੈਲ ਕੇ ਇੱਕ ਹੱਦ ਤੱਕ ਹੀ ਬੈਠਣਾ ਚਾਹੀਦਾ ਹੈ, ਨਹੀਂ ਤਾਂ ਕੁਝ ਲੋਕ ਨਾਰਾਜ਼ ਵੀ ਹੋ ਸਕਦੇ ਹਨ।
ਇਸਦਾ ਅਸਰ ਆਨ-ਲਾਈਨ ਅਤੇ ਆਫ-ਲਾਈਨ ਦੋਵਾਂ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਹੁੰਦਾ ਹੈ। ਤਸਵੀਰ ਵਿੱਚ ਤੁਹਾਡੇ ਵੱਲੋਂ ਘੇਰੀ ਥਾਂ ਨਾਲ ਤੁਹਾਡੀ ਸੰਭਾਵਨਾ ਵਧ-ਘਟ ਸਕਦੀ ਹੈ।
ਹਾਲਾਂਕਿ ਬਕਨਿਲ ਯੂਨੀਵਰਸਿਟੀ ਅਮਰੀਕਾ ਵਿੱਚ ਮਨੋਵਿਗਿਆਨ ਦੀ ਮਹਿਲਾ ਪ੍ਰੋਫੈਸਰ ਟੀ, ਜੋਲ ਵੇਡ ਦੱਸਦੇ ਹਨ ਕਿ ਅਕਸਰ ਅਸੀਂ ਫੈਲ ਕੇ ਬੈਠਣ ਬਾਰੇ ਹਮੇਸ਼ਾ ਹੀ ਸਾਵਧਾਨ ਨਹੀਂ ਹੁੰਦੇ। ਬਿਨਾਂ ਕਹੇ (ਨਾਨ-ਵਰਬਲ ਤਰੀਕੇ ਨਾਲ) ਆਪਣਾ ਪ੍ਰਭਾਵ ਪਾਉਣ ਵਿੱਚ, ਕਿਸੇ ਥਾਂ ਵਿੱਚ ਆਪਣੇ-ਆਪ ਨੂੰ ਸਹਿਜ ਅਤੇ ਅਧਿਕਾਰਪੂਰਨ ਦਿਖਾਉਣਾ ਵੀ ਸ਼ਾਮਲ ਹੋ ਸਕਦਾ ਹੈ।
ਕੈਨੇਡਾ ਦੀ ਮੈਰੀਜ਼ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਮੈਰੀਆਨੇ ਫਿਸ਼ਰ ਦੱਸਦੇ ਹਨ ਕਿ ਭਾਵੇਂ ਕਿ ਇਸ਼ਕ ਮਿਜ਼ਾਜੀ ਜ਼ਾਹਰਾ ਵਿਹਾਰ ਲੱਗ ਸਕਦਾ ਹੈ ਪਰ ਇਹ ਲੁਕਵਾਂ ਵੀ ਹੋ ਸਕਦਾ ਹੈ। ਇਸ ਵਿੱਚ ਉਹ ਵਿਹਾਰ ਵੀ ਸ਼ਾਮਲ ਹੋ ਸਕਦੇ ਹਨ ਜੋ ਕਿਸੇ ਪਾਸਿਓਂ ਵੀ ਇਸ਼ਕ ਮਿਜ਼ਾਜੀ ਨਾ ਲਗਦੇ ਹੋਣ।
ਉਹ ਦੱਸਦੇ ਹਨ, ਲੋਕ ਅਕਸਰ ਬਿਨਾਂ ਬੋਲੇ ਫਲਰਟ ਕਰਦੇ ਹਨ, ਜਿਵੇਂ ਆਪਣੇ ਵਾਲਾਂ ਵਿੱਚ ਹੱਥ ਫੇਰ ਕੇ। ਉਹ ਕਹਿੰਦੇ ਹਨ ਕਿ ਇਸ ਵਿਹਾਰ ਨੂੰ “ਸੈਲਫ-ਗਰੂਮਿੰਗ” ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈ, “ਮੈਂ ਖੁਦ ਨੂੰ ਤੁਹਾਡੇ ਲਈ ਹੋਰ ਦਿਲਕਸ਼ ਬਣਾ ਰਿਹਾ ਹਾਂI”
ਹਾਲਾਂਕਿ ਫਲਰਟਿੰਗ ਦੇ ਤਰੀਕਿਆਂ ਵਿੱਚ ਲਿੰਗਕ ਫਰਕ ਦੇਖੇ ਗਏ ਹਨ। ਜੋ ਲੋਕ ਕੁਦਰਤੀ ਰੂਪ ਵਿੱਚ ਮਰਦ ਹਨ ਜਾਂ ਮਰਦਾਵਾਂ ਸਮਝਦੇ ਹਨ ਉਹ ਖੁੱਲ੍ਹੇ ਰੂਪ ਵਿੱਚ ਫਲਰਟ ਕਰਦੇ ਹਨ। ਜਦਕਿ ਜੋ ਲੋਕ ਕੁਦਰਤੀ ਰੂਪ ਵਿੱਚ ਔਰਤਾਂ ਹਨ ਜਾਂ ਇਸਤਰੀ ਸੁਭਾਅ ਰੱਖਦੇ ਹਨ ਉਹ ਲੁਕਵੇਂ ਅਤੇ ਬਿਨਾਂ ਬੋਲੇ ਫਲਰਟ ਕਰਦੇ ਹਨ।
ਹਾਲਾਂਕਿ ਜੇ ਤੁਸੀਂ ਆਪਣੇ ਸਾਥੀ ਨਾਲ ਬੈਠੇ ਹੋ ਅਤੇ ਕੋਈ ਆਕੇ ਉਸ ਨਾਲ ਮਸਖਰੀਆਂ ਕਰਨ ਲੱਗੇ ਤਾਂ ਤੁਸੀਂ ਆਪਣੇ ਸਾਥੀ ਦੇ ਮੋਢੇ ਉੱਤੇ ਹੱਥ ਰੱਖ ਕੇ ਨਵੇਂ ਆਉਣ ਵਾਲੇ ਨੂੰ ਬਿਨ ਬੋਲਿਆਂ ਹੀ ਦੱਸ ਸਕਦੇ ਹੋ ਕਿ, ਕੋਈ ਫਾਇਦਾ ਨਹੀਂ।
ਖੁਦ ਨੂੰ ਕਿਸੇ ਦੀ ਮਸਖਰੀਆਂ ਤੋਂ ਲਾਂਭੇ ਕਰਨ ਦਾ ਇੱਕ ਤਰੀਕਾ ਵਿਅਕਤੀ ਵੱਲ ਆਪਣਾ ਪੂਰਾ ਧਿਆਨ ਨਾ ਦੇਣਾ ਵੀ ਹੈ। ਕਿਉਂਕਿ ਜਦੋਂ ਤੱਕ ਤੁਸੀਂ ਪੂਰੀ ਤਵੱਜੋ ਨਹੀਂ ਦਿਓਗੇ ਉਹ ਆਪਣਾ ਹੁਨਰ ਨਹੀਂ ਦਿਖਾ ਸਕਣਗੇ। ਆਖਰ ਤੁਹਾਡਾ ਧਿਆਨ ਹਾਸਲ ਕਰਨ ਲਈ ਹੀ ਤਾਂ ਪਾਪੜ ਵੇਲੇ ਜਾ ਰਹੇ ਸਨ।

ਤਸਵੀਰ ਸਰੋਤ, Getty Images
ਫਲਰਟ ਦੀਆਂ ਹੋਰ ਖੁੱਲ੍ਹੀਆਂ ਤਕਨੀਕਾਂ ਵਿੱਚ “ਬੌਂਡਿੰਗ ਸਿਗਨਲਸ” ਸ਼ਾਮਲ ਹੁੰਦੇ ਹਨ। ਇਸ ਵਿੱਚ ਅੱਖਾਂ ਮਿਲਾਉਣਾ, ਕਲਾਵੇ ਵਿੱਚ ਲੈਣਾ, ਚੁਟਕਲਿਆਂ ਉੱਤੇ ਹੱਸਣਾ, ਅਤੇ ਖਾਣਾ ਸਾਂਝਾ ਕਰਨਾ ਵੀ ਸ਼ਾਮਲ ਹੁੰਦਾ ਹੈ। ਇਹ ਅਜਿਹਾ ਵਿਹਾਰ ਹੈ ਜੋ ਅਸੀਂ ਅਕਸਰ ਅਜਨਬੀਆਂ ਨਾਲ ਨਹੀਂ ਕਰਦੇ।
ਪ੍ਰੋਫੈਸਰ ਵੇਡ ਦੱਸਦੇ ਹਨ ਕਿ ਫਲਰਟਿੰਗ ਦੇ ਸੂਖਮ ਉਦਾਹਰਣ ਮਦਦਗਾਰ ਹੋ ਸਕਦੇ ਹਨ। ਵੇਡ ਮੁਤਾਬਕ ਜੇ ਫਲਰਟ ਕਰਨ ਵਾਲੇ ਨੂੰ ਲੱਗੇ ਕਿ ਉਸਦੀ ਦਾਲ ਗਲਣ ਵਾਲੀ ਨਹੀਂ ਤਾਂ ਉਹ ਆਪਣਾ ਵਿਹਾਰ ਉੱਥੇ ਹੀ ਰੋਕ ਸਕਦਾ ਹੈ।
ਆਮ ਕਰਕੇ ਪੁਰਸ਼ ਰੁਮਾਂਟਿਕ ਦਿਲਚਸਪੀ ਤੋਂ ਬਹੁਤ ਜ਼ਿਆਦਾ ਉਮੀਦ ਕਰ ਲੈਂਦੇ ਹਨ। ਉਹ ਅਕਸਰ ਮਿੱਤਰਤਾ ਨੂੰ ਖਿੱਚ ਸਮਝ ਲੈਂਦੇ ਹਨ। ਜਦਕਿ ਔਰਤਾਂ ਵਿੱਚ ਇਸਦਾ ਉਲਟਾ ਹੁੰਦਾ ਹੈ। ਇਸੇ ਕਰਕੇ ਸ਼ਾਇਦ ਉਨ੍ਹਾਂ ਦੇ ਸੰਬੰਧ ਵਿੱਚ “ਫਰੈਂਡ ਜ਼ੋਨ” ਦਾ ਸੰਕਲਪ ਘੜਿਆ ਗਿਆ।
ਔਰਤਾਂ ਅਤੇ ਮਰਦਾਂ ਦੀ ਦੋਸਤੀ ਅਤੇ ਰੁਮਾਨੀਅਤ ਨੂੰ ਨਿਖੇੜਨ ਵਾਲੀ ਬਾਰੀਕ ਲਸ਼ਮਣ ਰੇਖਾ ਹੈ। ਦੇਖਿਆ ਗਿਆ ਹੈ ਕਿ ਅਸਕਰ ਮਰਦ ਇਸ ਰੇਖਾ ਨੂੰ ਲੰਘਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਨ।
ਮੁਸਕਰਾਉਣ ਦੀ ਮਿਸਾਲ ਹੀ ਲਓ। ਪ੍ਰੋਫੈਸਰ ਫਿਸ਼ਰ ਦੱਸਦੇ ਹਨ, “ਮੁਸਕਰਾਉਣਾ ਕੈਨੇਡੀਅਨ ਸੱਭਿਆਚਾਰ ਵਿੱਚ ਆਮ ਹੈ। ਹਾਲਾਤ ਨੂੰ ਠੀਕ ਕਰਨ ਲਈ ਅਕਸਰ ਹੀ ਮੁਸਕਰਾਇਆ ਜਾਂਦਾ ਹੈ। ਜਦਕਿ ਪੁਰਸ਼ਾਂ ਵੱਲ ਦੇਖ ਕੇ ਕੋਈ ਮਹਿਲਾ ਮੁਸਕਰਾਟ ਦਿੰਦੀ ਹੈ ਤਾਂ ਉਹ ਸਮਝਦੇ ਹਨ, ਓਹ ਉਸ ਨੂੰ ਮੇਰੇ ਵਿੱਚ ਦਿਲਚਸਪੀ ਹੈ।"
ਮਰਦਾਂ ਦੀ ਇਸ ਕਮਜ਼ੋਰੀ ਦਾ ਕਈ ਕੰਪਨੀਆਂ ਨੇ ਔਰਤਾਂ ਨੂੰ ਮੂਹਰਲੀਆਂ ਭੂਮਿਕਾਵਾਂ ਵਿੱਚ ਰੱਖ ਕੇ ਫਾਇਦਾ ਚੁੱਕਿਆ ਹੈ। ਜਿਵੇਂ ਕਿ ਰੈਸਟੋਰੈਂਟ ਵਿੱਚ ਮੇਜ਼ਬਾਨ।
ਅਮਰੀਕਾ ਵਿੱਚ ਅਜਿਹੇ ਵੀ ਮੁਕੱਦਮੇ ਹੋਏ ਹਨ ਜਿੱਥੇ ਔਰਤਾਂ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਮਸਖਰੀਆਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਲੋਕਾਂ ਨਾਲ ਹੱਸ ਕੇ ਗੱਲ ਕਰਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਕਾਮੁਕ ਸਮਝ ਲਿਆ ਜਾਂਦਾ ਹੈ।
ਦੇਖਿਆ ਗਿਆ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਔਰਤਾਂ ਇਸ਼ਕ ਮਿਜ਼ਾਜੀ ਦਾ ਸ਼ਿਕਾਰ ਜ਼ਿਆਦਾ ਬਣਦੀਆਂ ਹਨ।
ਇਸ ਲਈ ਇਹ ਜਾਨਣਾ ਠੀਕ ਰਹੇਗਾ ਕਿ ਸਾਡੀ ਵਰਚੂਅਲ ਵੇਟਰ ਕੁੜੀ ਵਾਕਈ ਉਸ ਗਾਹਕ ਵਿੱਚ ਦਿਲਚਸਪੀ ਲੈ ਰਹੀ ਸੀ ਜਾਂ ਸਿਰਫ਼ ਇੱਕ ਵਧੀਆ ਵੇਟਰ ਹੋਣ ਦਾ ਫਰਜ਼ ਨਿਭਾ ਰਹੀ ਸੀ?












