ਅਜਿਹਾ ਮੰਦਰ ਜਿੱਥੇ ਨਵ ਵਿਆਹੇ ਜੋੜੇ ਵਿਆਹ ਦੀ ਪਹਿਲੀ ਰਾਤ ‘ਸੈਕਸ ਬਾਰੇ ਸਿੱਖਿਆ ਲੈਣ ਜਾਂਦੇ’

ਆਂਧਰਾ ਖਜੂਰਾਹੋ

ਤਸਵੀਰ ਸਰੋਤ, LAKKOJUSRINIVAS

ਤਸਵੀਰ ਕੈਪਸ਼ਨ, ਇਹ ਪ੍ਰਾਚੀਨ 'ਰਾਧਾ ਵੇਣੂਗੋਪਾਲ ਸਵਾਮੀ' ਮੰਦਿਰ ਹੈ
    • ਲੇਖਕ, ਲੋਕੁਜੋ ਸ੍ਰੀਨਿਵਾਸਨ
    • ਰੋਲ, ਬੀਬੀਸੀ ਲਈ

ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਇਸ ਮੰਦਿਰ 'ਚ ਭੈਣ-ਭਰਾ ਇਕੱਠੇ ਨਹੀਂ ਜਾਂਦੇ ਹਨ।

ਇਹ ਪ੍ਰਾਚੀਨ 'ਰਾਧਾ ਵੇਣੂਗੋਪਾਲ ਸਵਾਮੀ' ਮੰਦਿਰ ਹੈ, ਜੋ ਆਂਧਰਾ-ਉੜੀਸਾ ਸਰਹੱਦ 'ਤੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਮੇਲਿਯਾਪੁੱਟੀ ਜੰਕਸ਼ਨ 'ਤੇ ਸਥਿਤ ਹੈ।

ਰਾਧਾ ਵੇਣੂਗੋਪਾਲ ਸਵਾਮੀ ਮੰਦਿਰ ਨੂੰ ਆਂਧਰਾ ਖਜੂਰਾਹੋ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਮੰਦਰ ਨਿਰਮਾਣ ਅਤੇ ਮੂਰਤੀ ਕਲਾ ਦੀ ਸੁੰਦਰਤਾ ਵਿੱਚ ਬਹੁਤ ਸਾਰੀਆਂ ਵਿਲੱਖਣ ਵਿਸ਼ੇਸ਼ਤਾਵਾਂ ਹਨ।

ਇਸ ਮੰਦਿਰ ਦੀ ਇਕ ਹੋਰ ਵਿਸ਼ੇਸ਼ਤਾ ਹੈ। ਇਸ ਇਲਾਕੇ ਦੇ ਬਹੁਤ ਸਾਰੇ ਨਵੇਂ ਵਿਆਹੇ ਜੋੜੇ ਵਿਆਹ ਦੀ ਪਹਿਲੀ ਰਾਤ ਇਸ ਮੰਦਿਰ ਵਿੱਚ ਆਉਂਦੇ ਹਨ।

200 ਸਾਲਾਂ ਤੋਂ ਇਹੀ ਰਿਵਾਜ਼ ਚੱਲਿਆ ਆ ਰਿਹਾ ਹੈ। ਮੰਦਿਰ ਦੇ ਨਿਰਮਾਣ ਪਿੱਛੇ ਇੱਕ ਦਿਲਚਸਪ ਇਤਿਹਾਸ ਹੈ।

ਕੰਧਾਂ 'ਤੇ ਹੋਈ ਮੂਰਤੀਕਲਾ

ਤਸਵੀਰ ਸਰੋਤ, LAKKOJUSRINIVAS

ਤਸਵੀਰ ਕੈਪਸ਼ਨ, ਕੰਧਾਂ 'ਤੇ ਹੋਈ ਮੂਰਤੀਕਲਾ

ਕਲਿੰਗਾ ਆਰਕੀਟੈਕਚਰਲ ਸ਼ੈਲੀ

ਸੜਕ ਤੋਂ ਦੇਖੀਏ ਤਾਂ ਇਹ ਮੰਦਿਰ ਸੋਹਣਾ ਅਤੇ ਆਕਰਸ਼ਕ ਲੱਗਦਾ ਹੈ।

ਡਿਓਢੀ ਨੂੰ ਪਾਰ ਕਰਦਿਆਂ, ਵੱਡੇ ਜਿਹੇ ਵਿਹੜੇ ਵਿੱਚ ਪੱਥਰ ਦੀਆਂ ਪੌੜੀਆਂ ਸ਼ੁਰੂ ਹੁੰਦੀਆਂ, ਜੋ ਮੰਦਿਰ ਦੇ ਪਾਵਨ ਅਸਥਾਨ ਤੱਕ ਜਾਂਦੀਆਂ ਹਨ। ਸਾਰਾ ਵਿਹੜਾ ਸੋਹਣੀ ਮੂਰਤੀਕਲਾ ਨਾਲ ਭਰਿਆ ਹੋਇਆ ਹੈ।

ਮੰਦਿਰ ਦੇ ਚਾਰੇ ਪਾਸੇ ਦੀਵਾਰਾਂ 'ਤੇ ਵੱਖ-ਵੱਖ ਪੱਥਰਾਂ ਦੀ ਨੱਕਾਸ਼ੀ ਦੇਖੀ ਜਾ ਸਕਦੀ ਹੈ। ਹਾਲਾਂਕਿ ਮੰਦਿਰ ਦੀ ਛੱਤ 'ਤੇ ਉੱਕਰੇ ਫੁੱਲਾਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਜਾਪਦੀਆਂ ਹਨ ਪਰ ਨੇੜਿਓਂ ਦੇਖਣ 'ਤੇ ਪਤਾ ਲੱਗਦਾ ਹੈ ਕਿ ਵੱਖੋ-ਵੱਖ ਹਨ।

ਜਦੋਂ ਬੀਬੀਸੀ ਦੀ ਟੀਮ ਉੱਥੇ ਪਹੁੰਚੀ ਤਾਂ ਸ਼ਰਧਾਲੂਆਂ ਦੀ ਕੋਈ ਭੀੜ ਨਹੀਂ ਸੀ। ਦਰਸ਼ਨਾਂ ਤੋਂ ਬਾਅਦ, ਸ਼ਰਧਾਲੂਆਂ ਨੇ ਆਪਣਾ ਜ਼ਿਆਦਾਤਰ ਸਮਾਂ ਮੰਦਿਰ ਦੀਆਂ ਕੰਧਾਂ 'ਤੇ ਲੱਗੀਆਂ ਮੂਰਤੀਆਂ ਨੂੰ ਦੇਖਦੇ ਹੋਏ ਬਿਤਾਇਆ।

ਇਸ ਤੋਂ ਇਲਾਵਾ ਕੁਝ ਲੋਕ ਮੰਦਿਰ ਦੇ ਪੁਜਾਰੀ ਨੂੰ ਉੱਥੋਂ ਦੀਆਂ ਮੂਰਤੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁੱਛ ਰਹੇ ਸਨ।

ਮੰਦਿਰ ਦੇ ਮੁੱਖ ਪੁਜਾਰੀ ਗੋਪੀਨਾਥ ਰਾਠੋ ਨੇ ਬੀਬੀਸੀ ਨੂੰ ਦੱਸਿਆ ਕਿ ਮੰਦਿਰ ਦਾ ਪੂਰਾ ਢਾਂਚਾ ਕਲਿੰਗਾ ਸ਼ੈਲੀ ਦੀ ਆਰਕੀਟੈਕਚਰ ਵਿੱਚ ਹੈ ਅਤੇ ਇਹ ਮੰਦਿਰ 1840 ਵਿੱਚ ਬਣਾਇਆ ਗਿਆ ਸੀ।

ਆਂਧਰਾ ਖਜੂਰਾਹੋ

ਤਸਵੀਰ ਸਰੋਤ, LAKKOJUSRINIVAS

ਤਸਵੀਰ ਕੈਪਸ਼ਨ, ਮੰਦਰ ਨੂੰ ਕਲਿੰਗਾ ਸ਼ੈਲੀ ਦੀ ਆਰਕੀਟੈਕਚਰ ਵਿੱਚ ਤਿਆਰ ਕੀਤਾ ਗਿਆ ਹੈ

ਰਾਣੀ ਦੀ ਇੱਛਾ 'ਤੇ ਬਣਵਾਇਆ ਮੰਦਿਰ

ਮੰਦਿਰ ਦੇ ਇਤਿਹਾਸ ਬਾਰੇ ਮੁੱਖ ਪੁਜਾਰੀ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ 1840 ਦੇ ਦਹਾਕੇ ਦੌਰਾਨ ਮੇਲਿਯਾਪੁੱਟੀ ਇਲਾਕਾ ਪਾਰਲਾਮੀਕਿਡੀ ਰਾਜਾ ਵੀਰ ਵੀਰੇਂਦਰ ਪ੍ਰਤਾਪ ਰੁਦਰ ਗਜਪਤੀ ਨਰਾਇਣ ਦੇਵ (ਵੀਰ ਵੀਰੇਂਦਰ ਪ੍ਰਤਾਪ ਰੂਦਰ ਗਜਪਤੀ ਨਰਾਇਣ ਦੇਵ) ਦੇ ਸ਼ਾਸਨ ਅਧੀਨ ਸੀ।

ਪੁਜਾਰੀ ਗੋਪੀਨਾਥ ਰਾਠੋ ਨੇ ਦੱਸਿਆ ਕਿ ਮਹਾਰਾਣੀ ਵਿਸ਼ਨੂੰਪ੍ਰਿਆ ਨੇ ਮਹਾਰਾਜਾ ਨੂੰ ਮੰਦਿਰ ਬਣਾਉਣ ਦੀ ਬੇਨਤੀ ਕੀਤੀ ਸੀ ਤਾਂ ਜੋ ਉਥੇ ਮੂਰਤੀਕਲਾ ਦੀ ਸੁੰਦਰਤਾ ਨਿਖਰ ਸਕੇ ਅਤੇ ਮੰਦਿਰ ਉਨ੍ਹਾਂ ਦੀ ਹੀ ਇੱਛਾ ਅਨੁਸਾਰ ਉਸਾਰਿਆ ਗਿਆ ਸੀ।

ਪੁਜਾਰੀ ਨੇ ਅੱਗੇ ਦੱਸਿਆ, "ਮੰਦਿਰ ਦੀ ਉਸਾਰੀ ਲਈ ਮਹਾਰਾਜਾ ਨੇ ਉੜੀਸਾ ਦੇ ਪੁਰੀ ਤੋਂ ਕਾਰੀਗਰਾਂ ਨੂੰ ਬੁਲਾਇਆ ਸੀ। ਉਨ੍ਹਾਂ ਨੇ ਮੰਦਿਰ ਵਿੱਚ ਮੂਰਤੀਆਂ ਸਥਾਪਤ ਕਰਨ ਦਾ ਹੁਕਮ ਦਿੱਤਾ ਤਾਂ ਜੋ ਮੰਦਿਰ ਵਿੱਚ ਆਉਣ ਵਾਲੇ 64 ਕਲਾਵਾਂ ਬਾਰੇ ਜਾਣ ਸਕਣ।"

"ਇਸ ਲਈ ਚਤੁਸ਼ਸ਼ਠੀ (64) ਕਲਾਵਾਂ ਨਾਲ ਸਬੰਧਤ ਮੂਰਤੀਆਂ ਪੁਰੀ ਵਿੱਚ ਤਰਾਸ਼ ਕੇ ਇੱਥੇ ਲਿਆਂਦੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਮੰਦਿਰ ਦੀ ਚਾਰ ਦੀਵਾਰੀ 'ਤੇ ਰੱਖਿਆ ਅਤੇ ਇਸ ਤਰ੍ਹਾਂ ਮੰਦਿਰ ਦਾ ਨਿਰਮਾਣ ਪੂਰਾ ਕੀਤਾ ਗਿਆ ਸੀ।"

ਮੰਦਿਰ ਵਿੱਚ ਭਗਵਾਨ ਕ੍ਰਿਸ਼ਨ ਨੂੰ ਰਾਧਾ ਵੇਣੂਗੋਪਾਲ ਸਵਾਮੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ।

ਗੋਪੀਨਾਥ ਨੇ ਦੱਸਿਆ, “ਇਸ ਮੰਦਿਰ ਦੀਆਂ ਪੌੜੀਆਂ ਤੋਂ ਲੈ ਕੇ ਸਿਖ਼ਰ ਤੱਕ, ਹਰ ਹਿੱਸਾ ਕੁਝ ਨਾ ਕੁਝ ਗਿਆਨ ਦਿੰਦਾ ਹੈ। ਮੰਦਿਰ ਦੀ ਚਾਰ ਦੀਵਾਰੀ 'ਤੇ ਇੱਕ ਫੁੱਟ ਲੰਬੀ ਅਤੇ ਇੱਕ ਫੁੱਟ ਚੌੜੀ ਕਲਾ ਨਾਲ ਸਬੰਧਤ 64 ਮੂਰਤੀਆਂ ਦੇਖੀਆਂ ਜਾ ਸਕਦੀਆਂ ਹਨ।"

"ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਬਹੁਤ ਸਾਰਾ ਸਮਾਂ ਮੰਦਿਰ ਦੇ ਦੁਆਲੇ ਘੁੰਮਦੇ ਅਤੇ ਇਨ੍ਹਾਂ ਮੂਰਤੀਆਂ ਨੂੰ ਦੇਖਦੇ ਹੋਏ ਬਿਤਾਉਂਦੇ ਹਨ।"

ਮੰਦਿਰ ਦੇ ਮੁੱਖ ਪੁਜਾਰੀ ਗੋਪੀਨਾਥ ਰਾਠੋ

ਤਸਵੀਰ ਸਰੋਤ, LAKKOJUSRINIVAS

ਤਸਵੀਰ ਕੈਪਸ਼ਨ, ਮੰਦਿਰ ਦੇ ਮੁੱਖ ਪੁਜਾਰੀ ਗੋਪੀਨਾਥ

ਮੰਦਿਰ ਦੇ ਦਰਸ਼ਨ ਤੋਂ ਬਾਅਦ ਪਹਿਲੀ ਰਾਤ

ਗੋਪੀਨਾਥ ਨੇ ਦੱਸਿਆ ਕਿ ਜੋ ਲੋਕ ਮੰਦਿਰ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੂਰਤੀਆਂ ਦੇ ਰੂਪ ਵਿੱਚ ਤਰਾਸ਼ ਕੇ ਅਤੇ ਸੰਰਚਨਾ ਦਾ ਹਿੱਸਾ ਬਣਾ ਕੇ ਵੈਦਿਕ ਵਿਗਿਆਨ ਅਤੇ 64 ਕਲਾਵਾਂ ਦੇ ਸਾਲ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਨ੍ਹਾਂ ਵਿੱਚ ਰੁਮਾਂਸ ਦੀਆਂ ਮੂਰਤੀਆਂ ਵੀ ਸ਼ਾਮਲ ਹਨ।

ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟਸ ਐਂਡ ਕਲਚਰਲ ਹੈਰੀਟੇਜ (ਆਈਐੱਨਟੀਏਸੀ) ਦੇ ਬੁਲਾਰੇ ਵਵਿਲਾਪੱਲੀ ਜਗਨਨਾਥਨਯੁਡੂ ਨੇ ਦੱਸਿਆ, “ਉਨ੍ਹਾਂ ਦਿਨਾਂ ਵਿੱਚ ਲਿੰਗਕਤਾ ਅਤੇ ਜਿਨਸੀ ਗਿਆਨ ਬਾਰੇ ਬਹੁਤ ਘੱਟ ਜਾਗਰੂਕਤਾ ਸੀ। ਜਿਵੇਂ ਕਿ, ਇਹ ਜਨਤਕ ਚਰਚਾ ਦਾ ਵਿਸ਼ਾ ਵੀ ਨਹੀਂ ਹੈ।"

"ਇਸੇ ਲਈ ਉਨ੍ਹਾਂ ਨੂੰ ਮੰਦਿਰ ਦੀਆਂ ਕੰਧਾਂ 'ਤੇ ਮੂਰਤੀਆਂ ਵਜੋਂ ਉੱਕਰਿਆ ਗਿਆ ਸੀ। ਉਨ੍ਹਾਂ ਦਾ ਇਰਾਦਾ ਹੈ ਕਿ ਜੋ ਲੋਕ ਮੰਦਿਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਰਾਹੀਂ ਜਿਨਸੀ ਗਿਆਨ ਮਿਲੇਗਾ। ਉਹ ਮੂਰਤੀਆਂ ਜ਼ਿਆਦਾਤਰ ਮੰਦਿਰ ਵਿੱਚ ਵੇਖੀਆਂ ਜਾਂਦੀਆਂ ਹਨ।"

ਗੋਪੀਨਾਥ ਨੇ ਕਿਹਾ, "ਮੇਲਿਯਾਪੁੱਟੀ ਦੇ ਨਾਲ-ਨਾਲ ਲਗਭਗ 50 ਪਿੰਡਾਂ ਦੇ ਨਵ-ਵਿਆਹੇ ਜੋੜੇ ਵਿਆਹ ਦੀ ਰਾਤ ਤੋਂ ਪਹਿਲਾਂ ਇਸ ਮੰਦਿਰ ਵਿੱਚ ਆਉਂਦੇ ਹਨ। ਮੰਦਿਰ ਦੇ ਆਲੇ-ਦੁਆਲੇ ਤਿੰਨ ਵਾਰ ਪ੍ਰਦੱਖਣਾ ਕੀਤੀ ਜਾਂਦੀ ਹੈ। ਉਸ ਵੇਲੇ ਕਾਮੁਕਤਾ ਨਾਲ ਸਬੰਧਤ ਮੂਰਤੀਆਂ ਵੀ ਨੂੰ ਮਿਲਦੀਆਂ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਿਵਾਇਤ ਹੈ, ਜੋ ਉਦੋਂ ਸ਼ੁਰੂ ਹੋਈ ਸੀ ਜਦੋਂ ਮੰਦਿਰ ਬਣਿਆ ਸੀ ਤੇ ਅੱਜ ਤੱਕ ਚੱਲੀ ਆ ਰਹੀ ਹੈ।

ਮੂਰਤੀਕਲਾ

ਤਸਵੀਰ ਸਰੋਤ, LAKKOJUSRINIVAS

'ਭੈਣ-ਭਰਾ ਇਕੱਠੇ ਮੰਦਿਰ ਨਹੀਂ ਜਾ ਸਕਦੇ'

ਗੋਪੀਨਾਥ ਨੇ ਇਸ ਦਾ ਕਾਰਨ ਦੱਸਿਆ ਕਿ ਕਿਉਂ ਭੈਣ-ਭਰਾ ਮੰਦਿਰ ਵਿੱਚ ਇਕੱਠੇ ਨਹੀਂ ਆ ਸਕਦੇ।

ਉਨ੍ਹਾਂ ਨੇ ਕਿਹਾ, "ਮੰਦਿਰ ਦੀਆਂ ਕੰਧਾਂ 'ਤੇ ਰੋਮਾਂਟਿਕ ਪੋਜ਼ ਵਾਲੀਆਂ ਮੂਰਤੀਆਂ ਹਨ। ਜਿਸ ਕਾਰਨ ਮੰਦਿਰ 'ਚ ਆਉਣ ਵਾਲੇ ਨੌਜਵਾਨ ਅਤੇ ਮੁਟਿਆਰਾਂ ਨੂੰ ਕੁਝ ਸ਼ਰਮ ਮਹਿਸੂਸ ਹੁੰਦੀ ਹੈ। ਕਈ ਵਾਰ ਭੈਣ-ਭਰਾ ਮੰਦਿਰ 'ਚ ਆ ਜਾਂਦੇ ਅਤੇ ਫਿਰ ਸ਼ਰਮਿੰਦਾ ਹੁੰਦੇ ਹਨ।"

"ਇਸ ਲਈ, ਉਸ ਵੇਲੇ ਇੱਕ ਨਿਯਮ ਸੀ ਕਿ ਉਹ ਇਕੱਠੇ ਮੰਦਿਰ ਵਿੱਚ ਨਾ ਆਉਣ। ਇਸ ਕਾਰਨ ਕਈ ਨੌਜਵਾਨ ਅਤੇ ਔਰਤਾਂ ਬਾਹਰੋਂ ਅਰਦਾਸ ਕਰ ਕੇ ਹੀ ਚਲੇ ਜਾਂਦੇ ਹਨ।"

ਉਹ ਦੱਸਦੇ ਹਨ, “ਕਿਉਂਕਿ ਮੰਦਰ ਵਿੱਚ ਜ਼ਿਆਦਾਤਰ ਸੈਕਸ ਨਾਲ ਸਬੰਧਤ ਮੂਰਤੀਆਂ ਸਨ, ਇਸ ਲਈ ਭੈਣ-ਭਰਾ ਦੇ ਆਉਣ 'ਤੇ ਪਾਬੰਦੀਆਂ ਸਨ। ਵਰਤਮਾਨ ਵਿੱਚ ਅਜਿਹੇ ਕੋਈ ਨਿਯਮ ਨਹੀਂ ਹਨ।"

"ਪਰ ਕੁਝ ਲੋਕ ਅਜੇ ਵੀ ਇਸ ਨੂੰ ਸਦੀਆਂ ਪੁਰਾਣੀ ਰੀਤ ਸਮਝਦੇ ਹੋਏ ਇਸ ਦੀ ਪਾਲਣਾ ਕਰਦੇ ਹਨ। ਅਤੇ ਕਈਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਹੋਲੀ ਦੇ ਸਾਲਾਨਾ ਤਿਉਹਾਰ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਮੰਦਿਰ ਵਿੱਚ ਆਉਂਦੇ ਹਨ।"

ਆਂਧਰਾ ਖਜੂਰਾਹੋ

ਤਸਵੀਰ ਸਰੋਤ, LAKKOJUSRINIVAS

ਮੂਰਤੀਕਲਾ ਦੀ ਸੁੰਦਰਤਾ

ਗੋਪੀਨਾਥ ਨੇ ਕਿਹਾ ਕਿ ਇੱਕ ਮੰਦਿਰ ਨੂੰ 'ਆਂਧਰਾ ਖਜੂਰਾਹੋ' ਕਿਹਾ ਜਾਂਦਾ ਸੀ, ਹੁਣ ਇਹ ਪੁਕਾਰ ਘੱਟ ਸੁਣਾਈ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਇੱਥੇ ਚੱਟਾਨਾਂ ਹਨ ਜੋ ਕ੍ਰਿਸ਼ਨ ਜੀ ਦੇ ਜੀਵਨ ਦੇ ਕਈ ਪਲਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਮੂਰਤੀਕਲਾ ਦੀ ਸੁੰਦਰਤਾ ਦਾ ਨਾਂ ਸੁਣਦਿਆਂ ਹੀ ਮੇਲਿਯਾਪੁੱਟੀ ਰਾਧਾ ਵੇਣੂਗੋਪਾਲ ਸਵਾਮੀ ਮੰਦਿਰ ਦਾ ਨਾਂ ਆਉਂਦਾ ਹੈ, ਇਸ ਲਈ ਇਸ ਨੂੰ ਆਂਧਰਾ ਦਾ ਖਜੂਰਾਹੋ ਕਿਹਾ ਜਾਂਦਾ ਹੈ।

ਇਕ ਹੋਰ ਪੁਜਾਰੀ ਸਤਿਆਨਾਰਾਇਣ ਰਾਠੋ ਨੇ ਦੱਸਿਆ ਕਿ ਮੰਦਿਰ ਦੀ ਇੱਕ ਹੋਰ ਖ਼ਾਸ ਵਿਸ਼ੇਸ਼ਤਾ ਹੈ।

ਮੰਦਿਰ ਦੀ ਛੱਤ 'ਤੇ ਪੱਥਰ ਦੇ 64 ਫੁੱਲ ਮਿਲੇ ਹਨ। ਹਾਲਾਂਕਿ ਉਹ ਸਾਰੇ ਇੱਕੋ ਜਿਹੇ ਦਿਖਾਈ ਦਿੰਦੇ ਹਨ, ਪਰ ਨੇੜਿਓਂ ਝਾਤ ਮਾਰਨ 'ਤੇ ਪਤਾ ਲੱਗਦਾ ਹੈ ਕਿ ਹਰ ਇੱਕ ਬਲਿਕੁਲ ਵੱਖਰਾ ਹੈ। ਇਹ 64 ਕਲਾਵਾਂ ਦੇ ਪ੍ਰਤੀਕ ਹਨ। ਇਲਾਕੇ ਵਿੱਚ ਕਿਸੇ ਹੋਰ ਮੰਦਿਰ ਵਿੱਚ ਇਸ ਤਰ੍ਹਾਂ ਦੀ ਆਰਕੀਟੈਕਚਰ ਸ਼ੈਲੀ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)