ਦਲਿਤ ਭਾਈਚਾਰੇ ਦੇ ਮੁੰਡੇ ਨਾਲ ਵਿਆਹ ਕਰਵਾਉਣ ’ਤੇ ‘ਮਾਪਿਆਂ ਨੇ ਧੀ ਨੂੰ ਰੁੱਖ ਨਾਲ ਬੰਨ ਕੇ ਫਾਹੇ ਲਾਇਆ’ – ਗਰਾਊਂਡ ਰਿਪੋਰਟ

ਨਵੀਨ, ਐਸ਼ਵਰਿਆ
ਤਸਵੀਰ ਕੈਪਸ਼ਨ, ਨਵੀਨ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਜਦਕਿ ਐਸ਼ਵਰਿਆ ਓਬੀਸੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ
    • ਲੇਖਕ, ਪ੍ਰਭਾਕਰ ਥਮਿਲਾਰਾਸੂ
    • ਰੋਲ, ਬੀਬੀਸੀ ਪੱਤਰਕਾਰ

ਤਮਿਲ ਨਾਡੂ ਦੇ ਤੰਜਾਵੁਰ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ‘ਆਨਰ ਕਿਲਿੰਗ’ ਯਾਨਿ ‘ਅਣਖ ਖ਼ਾਤਰ ਕਤਲ’ ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ।

ਹਿੰਦੂ ਪਰਿਵਾਰ ਨਾਲ ਸਬੰਧਤ ਇੱਕ ਕੁੜੀ ਦੇ ਮਾਪਿਆਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਇਸ ਕਰਕੇ ਕਰ ਦਿੱਤਾ ਕਿਉਂਕਿ ਉਸ ਨੇ ਅਨੁਸੂਚਿਤ ਜਾਤੀ ਦੇ ਇੱਕ ਮੁੰਡੇ ਨਾਲ ਵਿਆਹ ਕਰਵਾਇਆ ਸੀ।

ਤੰਜਾਵੁਰ ਜ਼ਿਲ੍ਹੇ ਵਿੱਚ ਪੱਟੂਕੋਟਾਈ ਦੇ ਕੋਲ ਪੈਂਦੇ ਪੂਵਾਲੁਰ ਦੇ ਰਹਿਣ ਵਾਲੇ ਨਵੀਨ ਨਾਮ ਦੇ ਸ਼ਖ਼ਸ ਗੁਆਂਢ ਦੇ ਨੇਵਾਵਿਦੁਤੀ ਪਿੰਡ ਦੀ 19 ਸਾਲ ਦੀ ਕੁੜੀ ਐਸ਼ਵਰਿਆ ਨਾਲ ਪ੍ਰੇਮ ਕਰਦੇ ਸਨ।

ਨਵੀਨ ਦਲਿਤ ਪਰਿਵਾਰ ਵਿੱਚੋਂ ਹਨ।

ਨਵੀਨ ਅਤੇ ਐਸ਼ਵਰਿਆ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਪ੍ਰੇਮ ਸਬੰਧ ਸਨ।

ਦੋਵੇਂ ਪਿਛਲੇ ਦੋ ਸਾਲਾਂ ਤੋਂ ਤਿਰੁਪੁਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਆਵਰਾਪਲਿਅਮ ਦੇ ਵਿਨਿਆਗਰ ਮੰਦਿਰ ਵਿੱਚ 31 ਦਸੰਬਰ ਨੂੰ ਵਿਆਹ ਕਰ ਲਿਆ ਸੀ।

ਅੰਤਰਜਾਤੀ ਵਿਆਹ ਤੋਂ ਐਸ਼ਵਰਿਆ ਦਾ ਪਰਿਵਾਰ ਖ਼ੁਸ਼ ਨਹੀਂ ਸੀ ਅਤੇ ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਤਾਂ ਉਨ੍ਹਾਂ ਨੇ ਜ਼ਬਰਦਸਤੀ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ।

ਕੀ ਹੈ ਮਾਮਲਾ

ਤਿਰੂਪੁਰ
ਤਸਵੀਰ ਕੈਪਸ਼ਨ, ਨਵੀਨ ਪਿਛਲੇ ਦੋ ਸਾਲਾਂ ਤੋਂ ਤਿਰੂਪੁਰ ਦੀ ਇੱਕ ਕੰਪਨੀ ਵਿੱਚ ਕੰਮ ਕਰ ਰਹੇ ਸਨ

ਦੋ ਜਨਵਰੀ ਨੂੰ ਐਸ਼ਵਰਿਆ ਦੇ ਮਾਪੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤਿਰੂਪੁਰ ਜ਼ਿਲ੍ਹੇ ਦੇ ਪੱਲਾਡਮ ਪੁਲਿਸ ਸਟੇਸ਼ਨ ਪਹੁੰਚੇ ਅਤੇ ਪੁਲਿਸ ਤੋਂ ਇਸ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ।

ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਐਸ਼ਵਰਿਆ ਨੂੰ ਉਨ੍ਹਾਂ ਦੇ ਮਾਪਿਆਂ ਦੇ ਨਾਲ ਭੇਜ ਦਿੱਤਾ।

ਸੱਤ ਜਨਵਰੀ ਨੂੰ ਨਵੀਨ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਅਨੁਸੂਚਿਤ ਜਾਤ ਨਾਲ ਸਬੰਧ ਰੱਖਦੇ ਹਨ ਅਤੇ ਐਸ਼ਵਰਿਆ ਪੱਛੜੀ ਜਾਤ ਨਾਲ ਸਬੰਧ ਰੱਖਦੇ ਹਨ। ਦੋਵਾਂ ਦੇ ਵਿੱਚ ਪੰਜ ਸਾਲਾਂ ਤੋਂ ਪਿਆਰ ਚੱਲ ਰਿਹਾ ਹੈ।

ਨਵੀਨ ਦੀ ਸ਼ਿਕਾਇਤ ਦੇ ਮੁਤਾਬਕ, “ਸ਼ਾਮ ਨੂੰ ਦੋ ਵਜੇ ਐਸ਼ਵਰਿਆ ਦੇ ਪਿਤਾ ਹੋਰ ਰਿਸ਼ਤੇਦਾਰਾਂ ਦੇ ਨਾਲ ਪੁਲਿਸ ਸਟੇਸ਼ਨ ਗਏ, ਅੱਧੇ ਘੰਟੇ ਬਾਅਦ ਹੀ ਪੁਲਿਸ ਪੱਲਾਡਮ ਪੁਲਿਸ ਸਟੇਸ਼ਨ ਤੋਂ ਐਸ਼ਵਰਿਆਂ ਨੂੰ ਉਨ੍ਹਾਂ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਨਾਲ ਲਿਆ ਅਤੇ ਪੁਲਿਸ ਸਟੇਸ਼ਨ ਦੇ ਬਾਹਰ ਖੜ੍ਹੀ ਗੱਡੀ ਵਿੱਚ ਬੈਠ ਕੇ ਚਲੇ ਗਏ।”

ਐਸ਼ਵਰਿਆ ਦੇ ਮਾਪੇ
ਤਸਵੀਰ ਕੈਪਸ਼ਨ, ਪੁਲਿਸ ਨੇ ਐਸ਼ਵਰਿਆ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਨਵੀਨ ਦੀ ਸ਼ਿਕਾਇਤ ਉੱਤੇ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ‘ਨਵੀਨ ਨੂੰ ਸੂਚਨਾ ਮਿਲੀ ਕਿ ਤਿੰਨ ਜਨਵਰੀ ਦੀ ਸਵੇਰ ਨੂੰ ਐਸ਼ਵਰਿਆ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਸਥਾਨਕ ਲੋਕਾਂ ਨੇ ਲੁਕਾ ਕੇ ਲਾਸ਼ ਨੂੰ ਉਸੇ ਵੇਲੇ ਸ਼ਮਸ਼ਾਨ ਵਿੱਚ ਸਾੜ ਦਿੱਤਾ ਸੀ।”

ਪੁਲਿਸ ਨੇ ਵੀ ਆਪਣੀ ਜਾਂਚ ਵਿੱਚ ਕਿਹਾ ਹੈ ਕਿ ਐਸ਼ਵਰਿਆ ਨੂੰ ਉਨ੍ਹਾਂ ਦੇ ਮਾਪਿਆਂ ਨੇ ਨੇਵਾਵਿਦੁਤੀ ਪਿੰਡ ਵਿੱਚ ਇਮਲੀ ਦੇ ਦਰੱਖ਼ਤ ਨਾਲ ਬੰਨ੍ਹ ਕੇ ਲਟਕਾ ਦਿੱਤਾ ਸੀ।

ਪੁਲਿਸ ਨੇ ਬੀਬੀਸੀ ਕੋਲ ਇਹ ਪੁਸ਼ਟੀ ਕੀਤੀ ਕਿ ‘ਐਸ਼ਵਰਿਆ ਨੂੰ ਦਰੱਖ਼ਤ ਉੱਤੇ ਲਟਕਾ ਕੇ ਮਾਰ ਦਿੱਤਾ ਗਿਆ ਸੀ।’

ਐਸ਼ਵਰਿਆ ਦੇ ਪਿੰਡ ਵਾਲੇ ਬੀਬੀਸੀ ਤਮਿਲ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਰਾਜ਼ੀ ਨਹੀਂ ਸਨ ਪਰ ਕੁਝ ਲੋਕਾਂ ਨੇ ਦਿਲ ਨੂੰ ਹੌਲ ਵਾਲੀ ਇਸ ਘਟਨਾ ਬਾਰੇ ਨਾਮ ਨਾ ਜ਼ਾਹਰ ਕਰਦੇ ਹੋਏ ਗੱਲ ਕੀਤੀ।

ਇੱਕ ਪ੍ਰਤੱਖਦਰਸ਼ੀ ਨੇ ਦੱਸਿਆ, “ਬਾਹਰ ਬਹੁਤ ਰੌਲਾ ਪੈ ਰਿਹਾ ਸੀ, ਜਿਸ ਨੂੰ ਸੁਣਕੇ ਅਸੀਂ ਬਾਹਰ ਨਿਕਲੇ, ਕੁੜੀ ਨੂੰ ਘਸੀਟਦੇ ਹੋਏ ਉਹ ਇਮਲੀ ਦੇ ਦਰੱਖ਼ਤ ਤੱਕ ਲੈ ਕੇ ਜਾ ਰਹੇ ਸਨ।”

ਬੇਰਹਿਮੀ ਨਾਲ ਕਤਲ

ਐਸ਼ਵਰਿਆ
ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਐਸ਼ਵਰਿਆ ਦੇ ਪਿਤਾ ਨੇ ਇਮਲੀ ਦੇ ਦਰੱਖ਼ਤ ਦੇ ਥੱਲੀ ਉਨ੍ਹਾਂ ਦਾ ਕਤਲ ਕਰ ਦਿੱਤਾ

ਜਾਂਚ ਦੀ ਅਗਵਾਈ ਕਰਨ ਵਾਲੇ ਸਬ ਇੰਸਪੈਕਟਰ ਨਵੀਨ ਪ੍ਰਸਾਦ ਦੇ ਐਸ਼ਵਰਿਆ ਦੇ ਕਤਲ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਕਿਹਾ ਕਿ ‘ਐਸ਼ਵਰਿਆ ਦੇ ਪਿਤਾ ਪੇਰੂਮਲ ਅਤੇ ਉਨ੍ਹਾਂ ਦੀ ਪਤਨੀ ਰੋਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਦੇ ਦੌਰਾਨ ਪੇਰੂਮਲ ਨੇ ਆਪ ਦੱਸਿਆ ਕਿ ਉਨ੍ਹਾਂ ਨੇ ਇਮਲੀ ਦੇ ਦਰੱਖ਼ਤ ਦੇ ਹੇਠ ਆਪਣੀ ਹੀ ਧੀ ਦਾ ਕਤਲ ਕਿਵੇਂ ਕੀਤਾ ਸੀ।

ਡੀਐੱਸਪੀ ਆਸ਼ੀਸ਼ ਰਾਵਤ ਨੇ ਦੱਸਿਆ, “ਕੁੜੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਉਨ੍ਹਾਂ ਨੇ ਤਿਰੁਪੁਰ ਪੁਲਿਸ ਥਾਣੇ ਤੋਂ ਘਰ ਪਹੁੰਚਣ ਦੇ ਤੁਰੰਤ ਬਾਅਦ, ਸਿੱਧਾ ਕੁੜੀ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਸੀ। ਪੇਰੂਮਲ ਨੇ ਆਪਣੀ ਪਤਨੀ ਨੂੰ ਰੱਸੀ ਅਤੇ ਕੁਰਸੀ ਲਿਆਉਣ ਲਈ ਕਿਹਾ ਸੀ।”

“ਇਸ ਤੋਂ ਬਾਅਦ ਉਨ੍ਹਾਂ ਨੇ ਧੀ ਨੂੰ ਕਿਹਾ ਕਿ ਉਹ ਫਾਹਾ ਆਪ ਗਲੇ ਵਿੱਚ ਪਾਵੇ, ਜਦੋਂ ਉਨ੍ਹਾਂ ਨੇ ਰੱਸੀ ਨੂੰ ਕੱਟਿਆ ਤਾਂ ਇਹ ਦੇਖਿਆ ਕਿ ਐਸ਼ਵਰਿਆ ਜ਼ਿੰਦਾ ਸੀ। ਇਸ ਤੋਂ ਬਾਅਦ ਪਿਤਾ ਨੇ ਉਸ ਦਾ ਗਲਾ ਘੁੱਟ ਦਿੱਤਾ। ਪੇਰੂਮਲ ਨੇ ਪੁਲਿਸ ਦੇ ਸਾਹਮਣੇ ਅਜਿਹਾ ਕਰਕੇ ਦਿਖਾਇਆ।”

ਪੁਲਿਸ ਹੁਣ ਇਸ ਅਪਰਾਧ ਵਿੱਚ ਸਹਿਯੋਗ ਕਰਨ ਵਾਲੇ ਲੋਕਾਂ ਅਤੇ ਇਸ ਬਾਰੇ ਪਹਿਲਾਂ ਯੋਜਨਾ ਬਣਾਏ ਜਾਣ ਦੀ ਸੰਭਾਵਨਾ ਦੀ ਪੜਤਾਲ ਕਰ ਰਹੀ ਹੈ।

ਸਕੂਲੀ ਦਿਨਾਂ ਤੋਂ ਸੀ ਜਾਣ-ਪਛਾਣ

ਇਸ ਭਿਆਨਕ ਘਟਨਾ ਦੀਆਂ ਜੜ੍ਹਾਂ ਇਨ੍ਹਾਂ ਦੋਵਾਂ ਦੇ ਸਕੂਲ ਦੇ ਦਿਨਾਂ ਤੱਕ ਜਾਂਦੀਆਂ ਹਨ।

ਐਸ਼ਵਰਿਆ ਦੇ ਪਤੀ ਨਵੀਨ ਨੇ ਕਿਹਾ ਕਿ ਪਿੰਡ ਜਾਂਦੇ ਹੋਏ ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਕਿਹਾ ਕਿ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।

ਬਾਅਦ ਵਿੱਚ ਸਥਾਨਕ ਪੁਲਿਸ ਸਟੇਸ਼ਨ ਵਿੱਚ ਸਾਡੀ ਮੁਲਾਕਾਤ ਨਵੀਨ ਦੇ ਪਿਤਾ ਭਾਸਕਰ ਨਾਲ ਹੋਈ, ਜਿਨ੍ਹਾਂ ਨੇ ਪੂਰੀ ਘਟਨਾ ਦੇ ਬਾਰੇ ਵਿੱਚ ਦੱਸਿਆ।

ਉਨ੍ਹਾਂ ਨੇ ਕਿਹਾ, “ਜਦੋਂ ਨਵੀਨ ਨੌਂਵੀ ਜਮਾਤ ਵਿੱਚ ਸਨ ਤਾਂ ਮੈਨੂੰ ਚੇਤਾਵਨੀ ਦਿੱਤੀ ਗਈ, ਇਸ ਦੇ ਬਾਵਜੂਦ ਕਿ ਉਹ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਸਨ, ਬੱਸ ਵਿੱਚ ਜਾਣ ਸਮੇਂ ਦੋਵੇਂ ਮਿਲਦੇ ਸਨ ਅਤੇ ਆਖ਼ਰਕਾਰ ਉਨ੍ਹਾਂ ਵਿੱਚ ਪਿਆਰ ਹੋ ਗਿਆ।”

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਵੱਖ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਦੋਵਾਂ ਦੇ ਵਿੱਚ ਪਿਆਰ ਵੱਧਦਾ ਗਿਆ ਅਤੇ ਅਖੀਰ ਵਿੱਚ ਦੋਵਾਂ ਨੇ ਵਿਆਹ ਕਰ ਲਿਆ।

ਇਸ ਘਟਨਾ ਨਾਲ ਨੇਵਾਵਿਦੁਤੀ ਅਤੇ ਪੂਵਾਲੁਰ ਪਿੰਡਾਂ ਵਿੱਚ ਓਬੀਸੀ ਅਤੇ ਦਲਿਤ ਭਾਈਚਾਰੇ ਵਿਚਕਾਰ ਤਣਾਅ ਵਧਣ ਨਾਲ ਸੁਰੱਖਿਆ ਵਧਾਅ ਦਿੱਤੀ ਗਈ ਹੈ।

ਭਾਸਕਰ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਹੀ ਪੁਰਮੂਮਲ ਅਤੇ ਉਨ੍ਹਾਂ ਦੇ ਵਿੱਚ ਆਪਸ ਜਾਣ-ਪਛਾਣ ਸੀ।

ਪੁਲਿਸ
ਤਸਵੀਰ ਕੈਪਸ਼ਨ, ਪੁਲਿਸ ਨੇ ਪਿੰਡ ਵਿੱਚ ਸੁਰੱਖਿਆ ਵਧਾਅ ਦਿੱਤੀ ਹੈ

ਕੀ ਵੱਟਸਐਪ ਵੀਡੀਓ ਕਾਰਨ ਬਣੀ

ਲੋਕ ਦੱਸਦੇ ਹੈ ਕਿ ਨਵੀਨ ਅਤੇ ਐਸ਼ਵਰਿਆ ਦੇ ਵਿਆਹ ਦੇ ਵੱਟਸਐਪ ਵੀਡੀਓ ਨੇ ਹਾਲਾਤ ਨੂੰ ਕਾਬੂ ਤੋਂ ਬਾਹਰ ਕਰ ਦਿੱਤਾ।

ਵੱਟਸਐਪ ਦੇ ਜ਼ਰੀਏ ਇਸ ਵਿਆਹ ਦੀ ਚਾਰੇ ਪਾਸੇ ਹੋਣ ਲੱਗੀ, ਇਸ ਨੇ ਸਮਾਜਿਕ ਤਣਾਅ ਨੂੰ ਵਧਾਇਆ।

ਇਹ ਘਟਨਾ ਇਸ ਇਲਾਕੇ ਵਿੱਚ ਗਹਿਰੇ ਡੂੰਘੇ ਤੌਰ 'ਤੇ ਬੈਠੀ ਪੁਰਾਣੀ ਨਫ਼ਰਤ ਉੱਤੇ ਵੀ ਰੌਸ਼ਨੀ ਪਾਉਂਦੀ ਹੈ।

ਪੂਵਾਲੁਰ ਦੇ ਤਮਿਲਚੇਲਵੀ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਹਾਲਾਤ ਕਿਹੋ ਜਿਹੇ ਸੀ।

ਉਨ੍ਹਾਂ ਨੇ ਕਿਹਾ, "ਦਲਿਤ ਅਤੇ ਓਬੀਸੀ ਭਾਈਚਾਰੇ ਦੇ ਵਿੱਚ ਅਜਿਹੇ ਪ੍ਰੇਮ ਵਿਆਹ ਪਹਿਲਾਂ ਵੀ ਹੋਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਕਦੇ ਪਿੰਡ ਵਾਪਸ ਨਹੀਂ ਆਏ।"

"ਸਾਡੇ ਪਿੰਡ ਵਿੱਚ ਬਹੁਤ ਲੋਕਾਂ ਨੂੰ ਅਜਿਹੇ ਵਿਆਹਾਂ ਦੇ ਬਾਰੇ ਵਿੱਚ ਪਤਾ ਤੱਕ ਨਹੀਂ ਹੈ, ਪਰ ਇਸ ਮਾਮਲੇ ਵਿੱਚ ਵਟਸਐਪ ਵੀਡੀਓ ਤੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ।"

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਸ ਘਟਨਾ ਦੇ ਪਿੱਛੇ ਇਹ ਇੱਕ ਵੱਡਾ ਕਾਰਨ ਰਿਹਾ।"

ਪੁਲਿਸ
ਤਸਵੀਰ ਕੈਪਸ਼ਨ, ਪੁਲਿਸ ਨੇ ਕੁੜੀ ਨੂੰ ਮਾਪਿਆਂ ਨਾਲ ਭੇਜ ਦਿੱਤਾ ਸੀ

ਪੁਲਿਸ ਦੀ ਕਾਰਵਾਈ ਉੱਤੇ ਸਵਾਲ

ਇਸ ਭਿਆਨਕ ਘਟਨਾ ਵਿੱਚ ਪੁਲਿਸ ਦੀ ਭੂਮਿਕਾ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਨਵੀਨ ਦਾ ਇਲਜ਼ਾਮ ਹੈ ਕਿ ਐਸ਼ਵਰਿਆ ਨੂੰ ਪੁਲਿਸ ਥਾਣੇ ਤੋਂ ਜ਼ਬਰਦਸਤੀ ਲਿਜਾਂਦਾ ਗਿਆ ਅਤੇ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਧਮਕੀ ਵੀ ਦਿੱਤੀ।

ਹਾਲਾਂਕਿ ਪੱਲਾਡਮ ਡੀਐੱਸਪੀ ਵਿਜੈਕੁਮਾਰ ਨੇ ਸਫ਼ਾਈ ਦਿੱਤੀ ਕਿ ‘ਐਸ਼ਵਰਿਆ ਨੇ ਆਪਣੀ ਮਰਜ਼ੀ’ ਨਾਲ ਮਾਪਿਆਂ ਦੇ ਨਾਲ ਜਾਣਾ ਪ੍ਰਵਾਨ ਕੀਤਾ ਸੀ।

ਉਹ ਕਹਿੰਦੇ ਹਨ, “ਐਸ਼ਵਰਿਆ ਦੀ ਸਹਿਮਤੀ ਤੋਂ ਬਾਅਦ ਹੀ ਅਸੀਂ ਉਨ੍ਹਾਂ ਨੂੰ ਮਾਪਿਆਂ ਦੇ ਨਾਲ ਭੇਜਿਆ ਸੀ।”

ਪਰ ਇਸ ਅਣਖ ਖ਼ਾਤਰ ਹੋਏ ਕਥਿਤ ਕਤਲ ਦਾ ਵਿਵਾਦ ਵਧ ਗਿਆ ਹੈ।

ਇੱਕ ਵਿਆਹੀ ਕੁੜੀ ਨੂੰ ਉਸ ਦੇ ਪਰਿਵਾਰ ਵਾਲਿਆਂ ਨਾਲ ਭੇਜਣ ਦੇ ਲਈ ਪੱਲਾਡਮ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮੁਰੂਗਿਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਤਮਿਲ ਨਾਡੂ ਵਿੱਚ ਅਣਖ ਖ਼ਾਤਰ ਕਤਲ

ਤਮਿਲ ਨਾਡੂ ਵਿੱਚ ਇਸ ਤੋਂ ਪਹਿਲਾਂ ਵੀ ਅਣਖ ਖ਼ਾਤਰ ਕਤਲ ਹੋਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਉਡੁਮਾਲਾਈਪੇਟ ਸ਼ੰਕਰ, ਓਮਾਲੁਰ ਗੋਕੁਲਰਾਜ, ਤਿਰੁਵਰੁਰ ਅਬਿਰਾਮੀ, ਤਿਰੁਨੇਲਵੇਲੀ ਕਲਪਨਾ, ਨਾਗਾਪਟਿਨਮ ਅਮਿਰਥਵੱਲੀ, ਕਨਗੀ ਮੁਰੁਗੇਸਨ ਦੇ ਮਾਮਲੇ ਚਰਚਾ ਵਿੱਚ ਰਹੇ ਹਨ।

ਤਮਿਲ ਨਾਡੂ ਦੇ ਸਮਾਜਿਕ ਕਾਰਕੁਨ ਕਥੀਰ ਦਲਿਤਾਂ ਦੇ ਖ਼ਿਲਾਫ਼ ਹੋਣ ਵਾਲੀ ਹਿੰਸਾ ਉੱਤੇ ਲਗਾਤਾਰ ਨਜ਼ਰ ਰੱਖਦੇ ਹਨ। ਉਨ੍ਹਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ 2022 ਵਿੱਚ ਪਿਆਰ ਅਤੇ ਵਿਆਹ ਦੇ ਕਾਰਨ ਹੋਏ ਕਤਲਾਂ ਦਾ ਬਿਓਰਾ ਦਿੱਤਾ ਗਿਆ ਹੈ।

ਇਸ ਰਿਪੋਰਟ ਦੇ ਮੁਤਾਬਕ, “ਹਰ ਸਾਲ 120-150 ਕਤਲ ਹੁੰਦੇ ਹਨ, ਇਨ੍ਹਾਂ ਸਾਰਿਆਂ ਨੂੰ ਬਰਬਰ ਕਤਲ ਮੰਨਿਆ ਜਾਣਾ ਚਾਹੀਦਾ ਹੈ।”

ਕਥੀਰ ਸਮੇਤ ਤਮਿਲਨਾਡੂ ਦੇ ਕਈ ਹੋਰ ਸਮਾਜਿਕ ਕਾਰਕੁਨ ਅਤੇ ਅਣਖ ਖਾਤਰ ਕਤਲ ਦੇ ਲਈ ਇੱਕ ਵੱਖਰੇ ਸਖ਼ਤ ਕਾਨੂੰਨ ਦੀ ਮੰਗ ਕਰਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)