ਕੀ ਪੰਜਾਬੀ ਫ਼ਿਲਮਾਂ ਵਿੱਚ ਦਲਿਤ ਕਿਰਦਾਰ ਖੂੰਜੇ ਲਗਾਏ ਹੋਏ ਹਨ?

ਲਗਾਨ

ਤਸਵੀਰ ਸਰੋਤ, LAGAAN FILM

    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ

“ਕਚਰਾ, ਇਹ ਖੇਡ ਦੀ ਆਖ਼ਰੀ ਗੇਂਦ ਹੈ..ਸਾਨੂੰ ਹਾਲੇ ਜਿੱਤਣ ਲਈ ਪੰਜ ਦੌੜਾਂ ਦੀ ਲੋੜ ਹੈ। ਤੈਨੂੰ ਹੀ ਗੇਂਦ ਸੀਮਾ ਪਾਰ ਕਰਨੀ ਪੈਣੀ ਹੈ, ਕਚਰਾ। ਨਹੀਂ ਤਾਂ, ਤਿੰਨ ਗੁਣਾ ਟੈਕਸ। ਸਾਡੀ ਸਾਰਿਆਂ ਦੀ ਜ਼ਿੰਦਗੀ ਤੇਰੇ ਹੱਥ ਹੈ, ਕਚਰਾ। ਕੁਝ ਕਰ ਕਚਰਾ।”

ਇਹ ਦ੍ਰਿਸ਼ ਆਮਿਰ ਖਾਨ ਦੀ ਫਿਲਮ ਲਗਾਨ ਦਾ ਹੈ ਜਿਸ ਵਿੱਚ ਕਚਰਾ ਪਿੰਡ ਦਾ ਇੱਕ ਦਲਿਤ ਕਿਰਦਾਰ ਹੈ।

ਜ਼ੋਮੈਟੋ ਕੰਪਨੀ ਨੇ ਹਾਲ ਹੀ 'ਚ ਕਚਰਾ ਦੇ ਕਿਰਦਾਰ ਨੂੰ ਲੈ ਕੇ ਇਕ ਇਸ਼ਤਿਹਾਰ ਕੱਢਿਆ ਸੀ, ਜਿਸ ਨੂੰ ਕਈ ਲੋਕਾਂ ਨੇ ਜਾਤੀਵਾਦੀ ਦੱਸਿਆ ਸੀ। ਇਸ ਤੋਂ ਬਾਅਦ ਕੰਪਨੀ ਨੂੰ ਇਹ ਇਸ਼ਤਿਹਾਰ ਵਾਪਸ ਲੈਣਾ ਪਿਆ।

ਸਵਾਲ ਇਹ ਹੈ ਕਿ ਕੀ 2001 ’ਚ ਆਈ ਲਗਾਨ ਫਿਲਮ ਵਿੱਚ ਜੋ ਕਚਰਾ ਦਾ ਦਲਿਤ ਪਾਤਰ ਸੀ, ਕੀ ਉਹ ਸੱਚੀ ਜਾਤੀਵਾਦੀ ਹਨ?

ਲਗਾਨ ਵਿੱਚ ਕਚਰਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਆਦਿਤਿਆ ਲਾਖੀਆ ਕਹਿੰਦੇ ਹਨ, “ਕਚਰਾ ਇੱਕ ਬਹੁਤ ਮਜ਼ਬੂਤ ਕਿਰਦਾਰ ਹੈ। ਜਦੋਂ ਲਗਾਨ ਰਿਲੀਜ਼ ਹੋਈ ਸੀ ਤਾਂ ਕਿਸੇ ਨੇ ਇਹ ਨਹੀਂ ਕਿਹਾ ਕਿ ਕਚਰਾ ਦੇ ਦਲਿਤ ਪਾਤਰ ਨੂੰ ਅਣਮਨੁੱਖੀ ਢੰਗ ਨਾਲ ਦਰਸਾਇਆ ਗਿਆ ਹੈ।”

ਉਹ ਕਹਿੰਦੇ ਹਨ, “ਅੱਜ 25 ਸਾਲਾਂ ਬਾਅਦ ਇਹ ਅਣਮਨੁੱਖੀ ਕਿਵੇਂ ਹੋ ਗਿਆ? ਇਹ ਪਾਤਰ ਸਾਲ 1893 ਦਾ ਹੈ, ਉਸ ਸਮੇਂ ਦੇ ਹਿਸਾਬ ਨਾਲ ਕਚਰਾ ਬਹੁਤ ਹੀ ਢੁੱਕਵਾਂ ਕਿਰਦਾਰ ਸੀ। ਜ਼ੋਮੈਟੋ ਦੇ ਇਸ਼ਤਿਹਾਰ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਇਹ ਸਹੀ ਹੈ ਕਿ ਇਸ਼ਤਿਹਾਰ ਨੂੰ ਵਾਪਸ ਲੈ ਲਿਆ ਗਿਆ ਹੈ। ਹਾਂ, ਇਹ ਬੁਰਾ ਜ਼ਰੂਰ ਲੱਗਾ ਕਿਉਂਕਿ ਸਾਡੀ ਸੋਚ ਚੰਗੀ ਸੀ।”

ਦਲਿਤਾਂ ਭਾਈਚਾਰੇ ਨੂੰ ਲੈ ਕੇ ਵੱਖਰਾ ਨਜ਼ਰੀਆ ਹੈ?

ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਹਿੰਦੀ ਫਿਲਮ ਮਸਾਨ ਦੇ ਨਿਰਦੇਸ਼ਕ ਨੀਰਜ ਘੇਵਾਨ ਨੇ ਟਵੀਟ ਕੀਤਾ, "ਆਸ਼ੂਤੋਸ਼ ਗੋਵਾਰੀਕਰ ਦੀ ਆਸਕਰ-ਨਾਮਜ਼ਦ ਫਿਲਮ ਲਗਾਨ ਵਿੱਚ ਕਚਰਾ ਦਾ ਕਿਰਦਾਰ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਅਣਮਨੁੱਖੀ ਕਿਰਦਾਰਾਂ ਵਿੱਚੋਂ ਇੱਕ ਹੈ।"

ਚੰਦਰਭਾਨ ਪ੍ਰਸਾਦ ਜਾਰਜ ਮੇਸਨ ਯੂਨੀਵਰਸਿਟੀ, ਅਮਰੀਕਾ ਵਿੱਚ ਇੱਕ ਐਫੀਲੀਏਟ ਸਕਾਲਰ ਹਨ।

ਉਹ ਕਹਿੰਦੇ ਹਨ, “ਪਹਿਲਾਂ ਦਲਿਤਾਂ ਦੇ ਨਾਂ ਇਸ ਤਰ੍ਹਾਂ ਰੱਖੇ ਜਾਂਦੇ ਸਨ ਕਿ ਇਨ੍ਹਾਂ ਨੂੰ ਸੁਣ ਕੇ ਘਿਣ ਆਉਂਦੀ ਸੀ ਜਿਵੇਂ ਕਿ ਪਡੋਹ (ਡਰੇਨੇਜ), ਕਟਵਾਰੂ ਯਾਨੀ ਕਚਰਾ। ਇਸ ਲਈ ਆਮਿਰ ਖਾਨ ਦੀ ਫਿਲਮ ਵਿੱਚ ਜਾਂ ਜ਼ੋਮੈਟੋ ਦੇ ਕਿਰਦਾਰ ਦਾ ਨਾਮ ਜਦੋਂ ਕਚਰਾ ਰੱਖਿਆ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਆਮਿਰ ਖਾਨ ਅਜਿਹਾ ਜਾਣਬੁੱਝ ਕੇ ਨਹੀਂ ਕਰ ਰਹੇ, ਇਹ ਉਹਨਾਂ ਲਈ ਕੁਦਰਤੀ ਸੋਚ ਦਾ ਹਿੱਸਾ ਵੀ ਹੈ, ਇਸ ਨੂੰ ਪਰਮਾਨੈਂਟ ਰੀਕਾਲ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਲਾਂ ਤੋਂ ਚੱਲ ਰਿਹਾ ਹੈ।"

ਲਗਾਨ

ਤਸਵੀਰ ਸਰੋਤ, Neeraj Ghaywan Twitter

ਉਂਜ, ਕਚਰਾ ਦੇ ਕਿਰਦਾਰ ਤੋਂ ਪਰ੍ਹੇ ਇਹ ਵੱਡਾ ਸਵਾਲ ਹੈ ਕਿ ਹਿੰਦੀ ਸਿਨੇਮਾ ਵਿੱਚ ਦਲਿਤ ਭਾਈਚਾਰੇ ਨੂੰ ਕਿਵੇਂ ਦਿਖਾਇਆ ਗਿਆ ਹੈ?

ਜਾਤ ਦੇ ਮੁੱਦਿਆਂ 'ਤੇ ਕਈ ਫਿਲਮਾਂ ਬਣਾ ਚੁੱਕੇ ਨਿਰਦੇਸ਼ਕ ਨਾਗਰਾਜ ਮੁੰਜੇਲੇ ਨੇ 2022 'ਚ ਫਿਲਮ ਝੁੰਡ ਬਣਾਈ ਸੀ, ਜਿਸ 'ਚ ਅੰਬੇਡਕਰ ਵਾਲਾ ਦ੍ਰਿਸ਼ ਕਾਫੀ ਮਸ਼ਹੂਰ ਹੋਇਆ ਸੀ।

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਉਹ ਕਹਿੰਦੇ ਹਨ, "ਸ਼ਾਇਦ ਇਹ ਪਹਿਲੀ ਵਾਰ ਹੈ ਕਿ ਅਮਿਤਾਭ ਬੱਚਨ ਵਰਗਾ ਵੱਡਾ ਹੀਰੋ ਬਾਬਾ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਸੀ। ਇਹ ਮੇਰੇ ਲਈ ਮਾਣ ਵਾਲੀ ਗੱਲ ਸੀ।"

‘ਪੰਜਾਬੀ ਸਿਨਮਾ ’ਤੇ ਇੱਕ ਧਿਰ ਦਾ ਕਬਜਾ’

'ਅੰਨ੍ਹੇ ਘੋੜੇ ਦਾ ਦਾਨ'

ਤਸਵੀਰ ਸਰੋਤ, NFDC/FILM POSTER

ਤਸਵੀਰ ਕੈਪਸ਼ਨ, 'ਅੰਨ੍ਹੇ ਘੋੜੇ ਦਾ ਦਾਨ' ਨਾਵਲ 'ਤੇ ਇਸੇ ਨਾਮ ਹੇਠ ਬਣੀ ਫਿਲਮ ਦਾ ਦ੍ਰਿਸ਼

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲਗਭਗ 33 ਫੀਸਦੀ ਦਲਿਤ ਭਾਈਚਾਰਾ ਹੈ। ਪੰਜਾਬੀ ਸਾਹਿਤ ਵਿੱਚ ਗੁਰਦਿਆਲ ਸਿੰਘ ਦੇ ਨਾਵਲ ‘ਮੜੀ ਦਾ ਦੀਵਾ’ ’ਚ ਦਲਿਤ ਨਾਇਕ ਨਜ਼ਰ ਆਉਂਦਾ ਹੈ, ਪਰ ਕੀ ਪੰਜਾਬੀ ਫ਼ਿਲਮਾਂ ਵਿੱਚ ਇਸ ਬਾਰੇ ਕੋਈ ਬਹਿਸ ਹੁੰਦੀ ਹੈ?

ਪੰਜਾਬੀ ਫਿਲਮ ‘ਮੌੜ’, ‘ਸਿੰਕਦਰ’ ਅਤੇ ‘ਕਿੱਸਾ ਪੰਜਾਬ’ ਦੇ ਨਿਰਦੇਸ਼ਕ ਜਤਿੰਦਰ ਮੌਹਰ ਕਹਿੰਦੇ ਹਨ, “ਮੁੱਖ ਧਾਰਾ ਦੀਆਂ ਫ਼ਿਲਮਾਂ ਵਿੱਚ ਦਲਿਤ ਕਿਰਦਾਰ ਖੂੰਜੇ ਲਗਾਏ ਹੋਏ ਹਨ। ਉਹ ਦਲਿਤ ਪਾਤਰ ਬਣਾਉਣ ਤੋਂ ਡਰਦੇ ਹਨ। ਪਰ ਓਟੀਟੀ ਪਲੇਟਫਾਰਮ ਉਪਰ ਕੋਈ ਸਿਨੇਮਾ ਵਾਲਾ ਦਵਾਬ ਨਹੀਂ ਹੈ। ਉਹਨਾਂ ਨੂੰ ਕੋਈ ਸੈਂਸਰ ਸਰਟੀਫਿਕੇਟ ਦਾ ਡਰ ਵੀ ਨਹੀਂ ਰਹਿੰਦਾ।”

ਜਤਿੰਦਰ ਮੌਹਰ ਅਨੁਸਾਰ, “ਪੰਜਾਬੀ ਵਿੱਚ ਫ਼ਿਲਮਾਂ ਬਣਾਉਣ ’ਤੇ ਹਾਲੇ ਵੀ ਕਥਿਤ ਉੱਚ ਜਾਤੀ ਦੀ ਮਾਨਸਿਕਤਾ ਭਾਰੂ ਹੈ। ਉਹ ਦਲਿਤ ਨਾਇਕ ਲੈ ਕੇ ਆਉਣਾ ਨਹੀਂ ਚਾਹੁੰਦੇ ਪਰ ਜੇਕਰ ਅਸੀਂ ਸੰਜੀਦਗੀ ਨਾਲ ਫਿਲਮਾਂ ਬਣਾਵਾਂਗੇ ਤਾਂ ਦਲਿਤ ਸਹਾਇਕ ਕਿਰਦਾਰ ਤੋਂ ਹੌਲੀ-ਹੌਲੀ ਨਾਇਕ ਦੇ ਰੋਲ ਵਿੱਚ ਆਉਣਗੇ। ਹਾਲੇ ਪੰਜਾਬੀ ਸਿਨਮੇ ’ਤੇ ਇੱਕ ਧਿਰ ਦਾ ਕਬਜਾ ਹੈ ਪਰ ਇਸ ਨੂੰ ਟੁੱਟਣ ਉਪਰ ਥੋੜਾ ਸਮਾਂ ਲੱਗੇਗਾ”

ਜਤਿੰਦਰ ਮੌਹਰ

ਤਸਵੀਰ ਸਰੋਤ, Jatinder Mauhar Facebook

ਤਸਵੀਰ ਕੈਪਸ਼ਨ, ਜਤਿੰਦਰ ਮੌਹਰ

ਪੰਜਾਬੀ ਫਿਲਮਾਂ ਦੇ ਅਦਾਕਾਰ ਸੈਮੁਅਲ ਜੌਨ ਕਹਿੰਦੇ ਹਨ, “ਪੰਜਾਬੀ ਦੀਆਂ ਕਈ ਫਿਲਮਾਂ ਵਿੱਚ ਦਲਿਤ ਭਾਈਚਾਰੇ ਨਾਲ ਧੱਕੇ ਬਾਰੇ ਦਿਖਾਇਆ ਗਿਆ ਹੈ ਪਰ ਪੰਜਾਬ ਬਾਰੇ ਸਭ ਤੋਂ ਵੱਧੀਆਂ ਫਿਲਮ ‘ਅੰਨੇ ਘੋੜੇ ਦਾ ਦਾਨ’ ਹੈ। ਇਸ ਵਿੱਚ ਜਾਤ ਅਤੇ ਜਮਾਤ ਬਾਰੇ ਗੱਲ ਕੀਤੀ ਗਈ ਹੈ। ਫਿਲਮ ਨੂੰ ਗੋਲਡਨ ਪੀਕਾਨ ਅਵਾਰਡ ਮਿਲਿਆ ਹੈ।”

ਸੈਮੁਅਲ ਜੌਨ ਮੁਤਾਬਕ, “ਪੰਜਾਬ ਦੇ ਸਾਹਿਤ ਵਿੱਚ ਤਾਂ ਬਹੁਤ ਕੁਝ ਲਿਖਿਆ ਗਿਆ ਹੈ ਪਰ ਫਿਲਮਾਂ ਵਿੱਚ ਘੱਟ ਮਿਲਦਾ ਹੈ। ਪੰਜਾਬੀ ਦੇ ਸਿਨੇਮਾ ਵਿੱਚ ਵਪਾਰ ਜਿਆਦਾ ਹੈ, ਇਸ ਵਿੱਚ ਕਾਮੇਡੀ ਅਤੇ ਵਿਆਹਾਂ ਆਦਿ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਸੰਜੀਦਾ ਸਿਨੇਮਾ ਹਾਲੇ ਘੱਟ ਹੈ।”

ਉਹ ਕਹਿਦੇ ਹਨ, “ਫਿਲਮ ‘ਚੰਨ ਪ੍ਰਦੇਸੀ’ ਵਿੱਚ ਨਾਇਕਾ ਨਾਲ ਧੱਕਾ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ‘ਲੌਂਗ ਦਾ ਲਿਸ਼ਕਾਰਾ’ ਵੀ ਬਣੀ ਸੀ।”

ਸੈਮੁਅਲ ਮੁਤਾਬਕ, “ਓਟੀਟੀ ਨਾਲ ਦਰਸ਼ਕਾਂ ਲਈ ਘੇਰਾ ਖੁੱਲ ਗਿਆ ਹੈ। ਇਸ ਨਾਲ ਸਿਨੇਮਾ ਵਿੱਚ ਵੀ ਓਟੀਟੀ ਦੇ ਮੁਕਾਬਲੇ ਚੰਗੇ ਵਿਸ਼ੇ ਲੈ ਕੇ ਆਉਣੇ ਪੈਣਗੇ। ਫਿਲਮਾਂ ਦਾ ਪੱਧਰ ਉੱਚਾ ਚੁੱਕਾਣਾ ਪਵੇਗਾ ਕਿਉਂਕਿ ਹਾਸੇ ਠੱਠੇ ਵਾਲੀਆਂ ਫਿਲਮਾਂ ਚੱਲ ਨਹੀਂ ਰਹੀਆਂ।”

ਲਗਾਨ

ਤਸਵੀਰ ਸਰੋਤ, Getty Images

ਅਛੂਤ ਕੁੜੀ ਤੋਂ ਸੁਜਾਤਾ ਤੱਕ

ਜਾਤ-ਪਾਤ ਅਤੇ ਸਿਨੇਮਾ ਨੂੰ ਸਮਝਣ ਲਈ ਭਾਰਤ ਵਿੱਚ ਸਿਨੇਮਾ ਦੇ ਇਤਿਹਾਸ ਉੱਤੇ ਝਾਤ ਮਾਰਨੀ ਪਵੇਗੀ।

ਇਸ ਮੌਕੇ ਸਾਲ 1936 ਵਿੱਚ ਆਜ਼ਾਦੀ ਤੋਂ ਪਹਿਲਾਂ ਬਣੀ ਅਛੂਤ ਕੁੜੀ ਦੀ ਯਾਦ ਆਉਂਦੀ ਹੈ ਜਿਸ ਵਿੱਚ ਅਸ਼ੋਕ ਕੁਮਾਰ ਉੱਚ ਜਾਤੀ ਨਾਲ ਸਬੰਧਤ ਸਨ ਅਤੇ ਦੇਵਿਕਾ ਰਾਣੀ ਇੱਕ ਦਲਿਤ ਲੜਕੀ ਸੀ। ਇਸ ਕਾਰਨ ਦੋਵਾਂ ਦਾ ਵਿਆਹ ਨਹੀਂ ਹੋ ਸਕਦਾ ਸੀ।

ਫਿਲਮ ਦੇ ਅੰਤ 'ਚ ਰੇਲਵੇ ਟ੍ਰੈਕ ਦੇ ਕੋਲ ਦੇਵਿਕਾ ਦੇ ਪਤੀ ਅਤੇ ਅਸ਼ੋਕ ਕੁਮਾਰ ਵਿਚਕਾਰ ਜ਼ਬਰਦਸਤ ਲੜਾਈ ਹੁੰਦੀ ਹੈ। ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਟਰੇਨ ਦੇਵਿਕਾ ਨੂੰ ਕੱਟ ਜਾਂਦੀ ਹੈ। ਜਾਤੀਵਾਦ ਦੀ ਕੀਮਤ ਆਖਿਰ ਦਲਿਤ ਕੁੜੀ ਹੀ ਅਦਾ ਕਰਦੀ ਹੈ।

ਜਦੋਂ ਬਿਮਲ ਰਾਏ ਨੇ 1959 ਵਿਚ ਆਜ਼ਾਦ ਭਾਰਤ ਵਿਚ ਜਾਤ-ਪਾਤ 'ਤੇ ਸੁਜਾਤਾ ਫਿਲਮ ਬਣਾਈ ਤਾਂ ਉਸ ਵਿਚ ਹੀਰੋਇਨ ਨੂਤਨ ਨੂੰ ਇਕ ਧੀ ਦੀ ਭੂਮਿਕਾ ਦਿੱਤੀ ਗਈ, ਜਿਸ ਨੂੰ ਇਕ ਬ੍ਰਾਹਮਣ ਪਰਿਵਾਰ ਨੇ ਗੋਦ ਲਿਆ ਹੋਇਆ ਹੈ। ਪਰ ਮਾਂ ਨੂਤਨ ਨੂੰ ਕਦੇ ਵੀ ਦਿਲੋਂ ਸਵੀਕਾਰ ਨਹੀਂ ਕਰ ਸਕੀ ਕਿਉਂਕਿ ਉਹ ‘ਅਛੂਤ’ ਪਰਿਵਾਰ ਵਿੱਚੋਂ ਸੀ।

ਅਖੀਰ ਵਿੱਚ ਨੂਤਨ ਦੀ ਮਾਂ ਨੇ ਉਸਨੂੰ ਇਸ ਤੋਂ ਬਾਅਦ ਸਵੀਕਾਰ ਕੀਤਾ ਜਦੋਂ ਨੂਤਨ ਆਪਣਾ ਖੂਨ ਦੇ ਕੇ ਆਪਣੀ ਮਾਂ ਦੀ ਜਾਨ ਬਚਾਉਂਦੀ ਹੈ।

ਖੁਦ ਨੂੰ ਸਵੀਕਾਰਯੋਗ ਬਣਾਉਣ ਲਈ ਨੂਤਨ ਨੂੰ ਆਪਣੇ ਆਪ ਨੂੰ 'ਚੰਗਾ' ਸਾਬਤ ਕਰਨਾ ਪੈਂਦਾ ਹੈ।

ਆਦਿਤਿਆ ਲਾਖਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਦਿਤਿਆ ਲਾਖਿਆ

ਯੋਗ ਦਲਿਤ ਕਿਰਦਾਰਾਂ ਦੀ ਕਮੀ ਤਾਂ ਨਹੀਂ ਹੈ..

ਚੰਦਰਭਾਨ ਪ੍ਰਸਾਦ ਇਹ ਸਵਾਲ ਵੀ ਉਠਾਉਂਦੇ ਹਨ ਕਿ ਜਦੋਂ ਫਿਲਮਾਂ 'ਚ ਦਲਿਤ ਕਿਰਦਾਰ ਦੀ ਗੱਲ ਆਉਂਦੀ ਹੈ ਤਾਂ ਉਸ ਦਾ ਅਕਸ ਇਹ ਕਿਉਂ ਹੈ ਕਿ ਉਹ ਕਮਜ਼ੋਰ ਹੈ, ਅਸਫਲ ਹੈ, ਬੁੱਲ੍ਹ ਫਟੇ ਹੋਏ ਹਨ ਅਤੇ ਬੇਨੂਰ ਚਿਹਰਾ ਹੈ ਅਤੇ ਨਾਮ ਕਚਰਾ ਹੈ। ਪਰ ਕਿਉਂ ਦਲਿਤ ਸੋਹਣਾ ਨਹੀਂ ਹੋ ਸਕਦਾ? ਉਹ ਇੱਕ ਜੇਤੂ ਕਿਰਦਾਰ ਨਹੀਂ ਹੋ ਸਕਦਾ?

ਉਨ੍ਹਾਂ ਅਨੁਸਾਰ ਦਲਿਤਾਂ ਦੇ ਸ਼ੋਸ਼ਣ ਨੂੰ ਦਰਸਾਉਣਾ ਅਸਲੀਅਤ ਨੂੰ ਦਰਸਾਉਂਦਾ ਹੈ, ਪਰ ਇਹ ਅਸਲੀਅਤ ਵਿਅਕਤੀਗਤ ਹੈ।

ਆਪਣੀ ਦਲੀਲ ਨੂੰ ਸਮਝਾਉਂਦੇ ਹੋਏ ਉਹ ਕਹਿੰਦੇ ਹਨ, "ਕੀ ਭਾਰਤ ਦੇ ਇਤਿਹਾਸ ਵਿੱਚ ਕੋਈ ਵੀ ਸਫਲ, ਯੋਗ ਦਲਿਤ ਆਈਕਨ ਨਹੀਂ ਹੈ ਜਿਸ 'ਤੇ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ? ਬਾਬੂ ਜਗਜੀਵਨ ਰਾਮ ਭਾਰਤ ਦੇ ਇੱਕ ਚੋਟੀ ਦੇ ਨੇਤਾ ਰਹੇ ਹਨ, ਬੈਟਲ ਆਫ਼ ਕੋਹਿਮਾ ਵਿੱਚ ਚਮਾਰ ਰੈਜੀਮੈਂਟ ਦਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਰਵਿਦਾਸ ਨੇ ਬਹਿਸਾਂ ਵਿੱਚ ਸਭ ਨੂੰ ਹਰਾਇਆ ਸੀ। ਇਹ ਸਾਰੇ ਵੀ ਤਾਂ ਹਨ।”

ਅੰਕੁਰ ਫਿਲਮ ਨੇ ਬਗਾਵਤ ਦਾ ਬੀਜ ਬੀਜਿਆ ਸੀ

ਅਸਲ ਵਿਚ 70 ਅਤੇ 80 ਦੇ ਦਹਾਕੇ ਵਿਚ ਜਦੋਂ ਸਮਾਨਾਂਤਰ ਸਿਨੇਮਾ ਮਜ਼ਬੂਤ ਸੀ ਤਾਂ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਜਿਨ੍ਹਾਂ ਵਿਚ ਦਲਿਤਾਂ ਦੇ ਸ਼ੋਸ਼ਣ ਨੂੰ ਨੇੜਿਓਂ ਦਿਖਾਇਆ ਗਿਆ।

ਸ਼ਿਆਮ ਬੈਨੇਗਲ ਦੀ 1974 ਦੀ ਫਿਲਮ ਅੰਕੁਰ ਵਿੱਚ, ਸ਼ਬਾਨਾ ਆਜ਼ਮੀ (ਲਕਸ਼ਮੀ) ਅਤੇ ਉਸ ਦਾ ਗੂੰਗੇ ਸ਼ਰਾਬੀ ਪਤੀ ਜਾਤ, ਲਿੰਗ ਅਤੇ ਸ਼ਕਤੀ ਦੇ ਨਾਮ 'ਤੇ ਸ਼ੋਸ਼ਣ ਦਾ ਚਿਹਰਾ ਹਨ।

ਪਿੰਡ ਦਾ ਨੌਜਵਾਨ ਜ਼ਿਮੀਂਦਾਰ ਪੜ੍ਹਿਆ-ਲਿਖਿਆ ਹੈ, ਉਹ ਸ਼ਬਾਨਾ ਨੂੰ ਰਸੋਈ ਵਿਚ ਆਪਣਾ ਖਾਣਾ ਪਕਾਉਣ ਲਈ ਰੱਖਦਾ ਹੈ ਜਦੋਂ ਕਿ ਪਿੰਡ ਵਾਲੇ ਇਸ ਦੇ ਵਿਰੁੱਧ ਹਨ। ਪਰ ਜ਼ਿਮੀਂਦਾਰ ਨੂੰ ਇੱਕ ਦਲਿਤ ਔਰਤ ਦੇ ਬੱਚੇ ਦਾ ਪਿਤਾ ਬਨਣਾ ਮਨਜ਼ੂਰ ਨਹੀਂ। ਬਾਅਦ ਵਿਚ ਜਦੋਂ ਲਕਸ਼ਮੀ ਦਾ ਪਤੀ ਪਿੰਡ ਆਉਂਦਾ ਹੈ ਤਾਂ ਜ਼ਿਮੀਂਦਾਰ ਉਸ ਨੂੰ ਕੋੜਿਆਂ ਨਾਲ ਕੁੱਟਵਾਉਂਦਾ ਹੈ।

ਇਹ ਸਭ ਦੇਖ ਕੇ ਫਿਲਮ ਦੇ ਆਖਰੀ ਸੀਨ 'ਚ ਇਕ ਬੱਚਾ ਜ਼ਿਮੀਂਦਾਰ ਦੇ ਘਰ 'ਤੇ ਪੱਥਰ ਸੁੱਟਦਾ ਹੈ ਅਤੇ ਭੱਜ ਜਾਂਦਾ ਹੈ। ਫਿਲਮ ਅੰਕੁਰ ਦੇ ਇਸ ਆਖ਼ਰੀ ਸੀਨ ਦਾ ਇੱਕ ਅਰਥ ਇਹ ਸਮਝਿਆ ਜਾ ਸਕਦਾ ਹੈ ਕਿ ਸ਼ੋਸ਼ਣ ਖ਼ਿਲਾਫ਼ ਬਗਾਵਤ ਦਾ ਅੰਕੁਰ ਪੁੰਗਰ ਗਿਆ ਹੈ।

ਦਲਿਤ ਪਾਤਰਾਂ ਦੇ ਚਿੱਤਰਣ 'ਤੇ ਸਵਾਲ ਖੜ੍ਹੇ ਕੀਤੇ ਜਾ ਸਕਦੇ ਹਨ, ਪਰ 80 ਦੇ ਦਹਾਕੇ ਤੱਕ ਇਹ ਕਿਰਦਾਰ ਫਿਲਮਾਂ 'ਚ ਜ਼ਰੂਰ ਦੇਖੇ ਜਾਂਦੇ ਸਨ।

ਮਸਾਨ

ਤਸਵੀਰ ਸਰੋਤ, Massan

ਫਿਲਮਾਂ ਵਿੱਚੋਂ ਗਾਇਬ ਹੁੰਦੇ ਦਲਿਤ ਕਿਰਦਾਰ

ਪਰ 90 ਦੇ ਦਹਾਕੇ ਤੱਕ ਜਿਵੇਂ-ਜਿਵੇਂ ਹਿੰਦੀ ਸਿਨੇਮਾ ਗਲੋਬਲ ਹੋਣ ਲੱਗਾ ਤਾਂ ਬੈਂਡਿਟ ਕੁਈਨ ਵਰਗੀਆਂ ਫ਼ਿਲਮਾਂ ਨੂੰ ਛੱਡ ਕੇ ਇਹ ਕਿਰਦਾਰ ਅਲੋਪ ਹੋਣ ਲੱਗੇ।

ਫਿਲਮ ਦਾਮੁਲ ਬਣਾਉਣ ਵਾਲੇ ਪ੍ਰਕਾਸ਼ ਝਾਅ ਨੇ 2011 ਵਿੱਚ ਫਿਲਮ ਆਰਕਸ਼ਣ ਬਣਾਈ ਸੀ।

ਫਿਰ ਸ਼ਾਇਦ ਪਹਿਲੀ ਵਾਰ ਜਾਂ ਲੰਬੇ ਸਮੇਂ ਬਾਅਦ, ਇੱਕ ਮੁੱਖ ਧਾਰਾ ਦੇ ਹੀਰੋ ਸੈਫ ਅਲੀ ਖਾਨ ਨੂੰ ਆਧੁਨਿਕ ਹਿੰਦੀ ਸਿਨੇਮਾ ਵਿੱਚ ਇੱਕ ਦਲਿਤ ਨਾਇਕ ਦੀ ਭੂਮਿਕਾ ਮਿਲੀ, ਜੋ ਪੜ੍ਹਿਆ-ਲਿਖਿਆ, ਕਾਬਲ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦਾ ਹੈ।

ਫ਼ਿਲਮਾਂ ਤੋਂ ਗਾਇਬ ਹੋਏ ਦਲਿਤ ਕਿਰਦਾਰ

ਤਸਵੀਰ ਸਰੋਤ, PAAR

ਮਸਾਨ ਤੋਂ ਨਿਊਟਨ: ਪੜ੍ਹਿਆ-ਲਿਖਿਆ, ਮਜ਼ਬੂਤ ਦਲਿਤ ਨਾਇਕ

ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਹਰੀਸ਼ ਐਸ ਵਾਨਖੇੜੇ ਦਲਿਤ ਸਿਨੇਮਾ 'ਤੇ ਲਿਖਦੇ ਰਹੇ ਹਨ।

ਉਹ ਕਹਿੰਦਾ ਹੈ, "ਸੀਮਾਵਾਂ ਦੇ ਬਾਵਜੂਦ, ਹਿੰਦੀ ਫਿਲਮਾਂ ਵਿੱਚ ਇੱਕ ਬਦਲਾਅ ਨਜ਼ਰ ਆ ਰਿਹਾ ਹੈ। ਜਿਵੇਂ ਫਿਲਮ ਨਿਊਟਨ ਨੂੰ ਹੀ ਲਓ। ਰਾਜਕੁਮਾਰ ਰਾਓ ਨੂੰ ਅਮਿਤ ਮਸੂਰਕਰ ਦੀ ਫ਼ਿਲਮ ਵਿੱਚ ਇੱਕ ਨਵੀਂ ਕਿਸਮ ਦੇ ਦਲਿਤ ਹੀਰੋ ਵਜੋਂ ਪੇਸ਼ ਕੀਤਾ ਗਿਆ ਹੈ। ਉਹ ਪੜ੍ਹਿਆ-ਲਿਖਿਆ ਹੈ, ਫਿਲਮ ਵਿਚ ਨਾਇਕ ਸੰਵਿਧਾਨ ਵਿਚ ਦਿੱਤੇ ਮਹੱਤਵਪੂਰਨ ਕੰਮ ਕਰਦਾ ਹੈ ਭਾਵ ਚੋਣਾਂ ਕਰਵਾਉਣਾ, ਸਰਕਾਰੀ ਅਧਿਕਾਰੀ ਹੋਣ ਦੇ ਨਾਤੇ ਉਹ ਕਮਜ਼ੋਰ ਨਹੀਂ ਹੈ, ਉਹ ਨੈਤਿਕ ਹੈ, ਭ੍ਰਿਸ਼ਟ ਨਹੀਂ ਹੈ। ਰਾਜਕੁਮਾਰ ਨੂੰ ਉਹੀ ਰੋਲ ਦਿੱਤਾ ਗਿਆ ਸੀ ਜੋ ਅਮਿਤਾਭ ਨੇ ਹੀਰੋਇਜ਼ਮ ਜ਼ੰਜੀਰ ਵਿੱਚ ਦਿਖਾਇਆ ਸੀ।”

“ਤੁਸੀਂ ਉਸ ਦੀ ਜਾਤ ਦਾ ਹੀ ਅੰਦਾਜ਼ਾ ਲਗਾ ਸਕਦੇ ਹੋ। ਤੁਸੀਂ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਉਸ ਦੇ ਕਮਰੇ ਵਿੱਚ ਦੇਖ ਸਕਦੇ ਹੋ। ਜਦੋਂ ਉਹ ਵਿਆਹ ਦਾ ਪ੍ਰਸਤਾਵ ਠੁਕਰਾ ਦਿੰਦਾ ਹੈ ਤਾਂ ਉਸ ਨੂੰ ਘਰੋਂ ਝਿੜਕਿਆ ਜਾਂਦਾ ਹੈ ਕਿ ਉਸ ਨੂੰ ਬ੍ਰਾਹਮਣ ਜਾਂ ਠਾਕੁਰ ਲੜਕੀ ਨਹੀਂ ਮਿਲੇਗੀ। ਸਭ ਤੋਂ ਮਹੱਤਵਪੂਰਨ ਦਲਿਤ ਔਰਤਾਂ ਦੇ ਚਿੱਤਰਣ ਵਿੱਚ ਤਬਦੀਲੀ ਹੈ।”

ਨਿਉਟਨ

ਤਸਵੀਰ ਸਰੋਤ, NEWTON

“ਵੈਬ ਸੀਰੀਜ਼ 'ਦਹਾਦ ਅਤੇ ਕਟਹਲ' 'ਚ ਇਹ ਔਰਤਾਂ ਪੁਲਿਸ 'ਚ ਹਨ, ਉਨ੍ਹਾਂ ਦੀ ਆਪਣੀ ਸ਼ਾਨ ਹੈ ਅਤੇ ਉਹ ਤਾਕਤਵਰ ਹਨ।''

ਇਸਦੀ ਇੱਕ ਮਿਸਾਲ 2015 ਵਿੱਚ ਨੀਰਜ ਘੇਵਾਨ ਦੀ ਫਿਲਮ ਮਸਾਨ ਵਿੱਚ ਵੀ ਦੇਖਣ ਨੂੰ ਮਿਲਦੀ ਹੈ, ਜਿਸ ਵਿੱਚ ਹੀਰੋ ਵਿੱਕੀ ਕੌਸ਼ਲ (ਦੀਪਕ) ਨੇ ਡੋਮ ਭਾਈਚਾਰੇ ਦੇ ਇੱਕ ਲੜਕੇ ਦੀ ਭੂਮਿਕਾ ਨਿਭਾਈ ਸੀ, ਜਿਸਦਾ ਪਰਿਵਾਰ ਲਾਸ਼ਾਂ ਨੂੰ ਸਾੜਨ ਦਾ ਕੰਮ ਕਰਦਾ ਹੈ ਪਰ ਉਹ ਇੰਜੀਨੀਰਿੰਗ ਕਰਕੇ ਜਾਤ ਦੇ ਬੰਧਨ ਤੋਂ ਦੂਰ ਜਾਣਾ ਚਹੁੰਦਾ ਹੈ।

ਸਾਲ 2019 ਵਿੱਚ ਆਰਟੀਕਲ-15 ਵਿੱਚ ਵੀ ਜਾਤ ਅਤੇ ਲਿੰਗ ਨੂੰ ਲੈ ਕੇ ਸਵਾਲ ਉਠਾਏ ਗਏ ਹਨ।

ਫਿਲਮ ਦੇ ਇੱਕ ਸੀਨ ਵਿੱਚ ਆਯੁਸ਼ਮਾਨ ਖੁਰਾਨਾ ਜੋ ਪੁਲਿਸ ਅਫਸਰ ਬਣਿਆ, ਆਪਣੇ ਸੀਨੀਅਰ ਨੂੰ ਪੁੱਛਦਾ ਹੈ- “ਸਰ, ਇਹ ਤਿੰਨ ਕੁੜੀਆਂ ਆਪਣੀ ਦਿਹਾੜੀ ਵਿੱਚ ਸਿਰਫ਼ ਤਿੰਨ ਰੁਪਏ ਵਾਧਾ ਮੰਗ ਰਹੀਆਂ ਸਨ, ਤੁਸੀਂ ਜੋ ਮਿਨਰਲ ਵਾਟਰ ਪੀ ਰਹੇ ਹੋ, ਉਸ ਦੀਆਂ ਦੋ ਜਾਂ ਤਿੰਨ ਘੁੰਟਾ ਦੇ ਬਰਾਬਰ ਹੈ। ਉਹਨਾਂ ਦੀ ਇਸ ਗਲਤੀ ਕਾਰਨ, ਰੇਪ ਹੋ ਗਿਆ ਸਰ। ਉਹਨਾਂ ਨੂੰ ਮਾਰ ਕੇ ਦਰੱਖਤ 'ਤੇ ਲਟਕਾ ਦਿੱਤਾ ਗਿਆ ਤਾਂ ਕਿ ਸਾਰੀ ਜਾਤ ਆਪਣੇ ਰੁਤਬੇ ਨੂੰ ਯਾਦ ਰੱਖੇ।”

ਹਾਲਾਂਕਿ, ਅਜੈ ਬ੍ਰਹਮਾਤਮਾਜ ਇਹ ਸਵਾਲ ਵੀ ਉਠਾਉਂਦੇ ਹਨ ਕਿ ਅੱਜ ਵੀ ਹਿੰਦੀ ਫਿਲਮਾਂ ਵਿੱਚ ਦਲਿਤਾਂ ਦਾ ਰੱਖਿਅਕ ਉੱਚ ਜਾਤੀ ਵਿੱਚੋਂ ਹੀ ਕਿਉਂ ਹੈ, ਜਿਵੇਂ ਕਿ ਆਰਟੀਕਲ-15 ਵਿੱਚ ਵੀ ਹੋਇਆ ਸੀ।

ਅੰਕੁਰ

ਤਸਵੀਰ ਸਰੋਤ, ANKUR

ਅਜੈ ਬ੍ਰਹਮਤਮਾਜ ਦਾ ਮੰਨਣਾ ਹੈ ਕਿ ਜਾਤ-ਪਾਤ 'ਤੇ ਵਧੀਆ ਫਿਲਮਾਂ ਤਾਮਿਲ ਅਤੇ ਮਲਿਆਲਮ ਵਿਚ ਬਣ ਰਹੀਆਂ ਹਨ ਕਿਉਂਕਿ ਉਨ੍ਹਾਂ ਵਿਚ ਦਲਿਤ ਚੇਤਨਾ ਹੈ ਜੋ ਹਿੰਦੀ ਫਿਲਮਾਂ ਵਿਚ ਨਜ਼ਰ ਨਹੀਂ ਆਉਂਦੀ।

2021 ਦੀ ਤਾਮਿਲ ਫਿਲਮ ਕਰਨਨ ਇੱਕ ਸੀਨ ਨਾਲ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਬੱਚਾ ਗੁੱਸੇ ਵਿੱਚ ਇੱਕ ਬੱਸ 'ਤੇ ਪੱਥਰ ਸੁੱਟਦਾ ਹੈ ਕਿਉਂਕਿ ਉਸਦੀ ਜਾਤ ਦੇ ਕਾਰਨ ਪਿੰਡ ਵਿੱਚ ਕੋਈ ਵੀ ਬੱਸ ਨਹੀਂ ਰੁਕਦੀ, ਇੱਥੋਂ ਤੱਕ ਕਿ ਗਰਭਵਤੀ ਔਰਤਾਂ ਲਈ ਵੀ ਨਹੀਂ। ਇਹ ਦ੍ਰਿਸ਼ ਸਾਨੂੰ 1974 ਦੇ ਅੰਕੁਰ ਵਿੱਚ ਜ਼ਿੰਮੇਦਾਰ ਦੇ ਘਰ 'ਤੇ ਪੱਥਰ ਸੁੱਟਣ ਵਾਲੇ ਛੋਟੇ ਮੁੰਡੇ ਵੱਲ ਵੀ ਲੈ ਜਾਂਦਾ ਹੈ।

ਕੀ ਇਨ੍ਹਾਂ ਪਾਤਰਾਂ ਨੂੰ ਜਾਤ-ਪਾਤ ਤੋਂ ਪਰ੍ਹੇ ਨਿਰਪੱਖ ਦਿਖਾਉਣਾ ਕੋਈ ਸਕਾਰਾਤਮਕ ਕਦਮ ਹੈ ਜਾਂ ਜਾਤ-ਪਾਤ ਦੇ ਸ਼ੋਸ਼ਣ 'ਤੇ ਲਗਾਤਾਰ ਸਵਾਲ ਉਠਾਉਂਦੇ ਰਹਿਣਾ ਫਿਲਮ ਨਿਰਮਾਤਾਵਾਂ ਦੀ ਜ਼ਰੂਰੀ ਜ਼ਿੰਮੇਵਾਰੀ ਹੈ?

ਹਰੀਸ਼ ਐੱਸ ਵਾਨਖੇੜੇ ਦਾ ਮੰਨਣਾ ਹੈ, “ਭਾਵੇਂ ਨਵੀਂਆਂ ਫ਼ਿਲਮਾਂ ਵਿੱਚ ਮਜ਼ਬੂਤ ਦਲਿਤ ਕਿਰਦਾਰ ਦਿਖਾਏ ਜਾ ਰਹੇ ਹਨ, ਅਜਿਹਾ ਨਹੀਂ ਹੈ ਕਿ ਉਹ ਪਾਤਰ ਦਲਿਤਾਂ ਦੇ ਮੁੱਦਿਆਂ ਤੋਂ ਨਿਰਪੱਖ ਹੋ ਗਏ ਹਨ। ਪ੍ਰਕਾਸ਼ ਝਾਅ ਦੀ ਫਿਲਮ 'ਪਰੀਕਸ਼ਾ' ਦਲਿਤ ਪਿਤਾ ਦੀਆਂ ਮੁਸ਼ਕਿਲਾਂ ਹਨ ਅਤੇ ਉਸ ਦੀਆਂ ਇੱਛਾਵਾਂ ਵੀ ਹਨ। ਇਹ ਕੋਈ ਵੱਡੀ ਤਬਦੀਲੀ ਨਹੀਂ ਹੈ, ਪਰ ਸਿਨੇਮਾ ਹੌਲੀ-ਹੌਲੀ ਲੋਕਤੰਤਰੀ ਹੋ ਰਿਹਾ ਹੈ।”

ਪਰ ਅਜੈ ਬ੍ਰਹਮਤਾਜ ਜਵਾਬ ਵਿੱਚ ਸਵਾਲ ਕਰਦੇ ਹਨ ਕਿ ਹਿੰਦੀ ਫ਼ਿਲਮਾਂ ਵਿੱਚ ਅੱਜ ਵੀ ਦਲਿਤ ਕਿਰਦਾਰਾਂ ਨੂੰ ਨਾਇਕ ਦਾ ਰੁਤਬਾ ਕਿਉਂ ਨਹੀਂ ਮਿਲਿਆ? ਵਿੱਕੀ ਕੌਸ਼ਲ ਨੇ ਜਦੋਂ ਮਸਾਨ ਕੀਤੀ ਤਾਂ ਉਹ ਨਵੇਂ ਸਨ, ਪਰ ਕੀ ਅੱਜ ਕੋਈ ਮੁੱਖ ਧਾਰਾ ਦਾ ਹੀਰੋ ਦਲਿਤ ਕਿਰਦਾਰ ਨਿਭਾਏਗਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)