ਸਟੈਫਲੋਨ ਡੌਨ: ਕੌਣ ਹੈ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੀ ਰੈਪਰ ਤੇ ਕੀ ਹੈ ਸਿੱਧੂ ਨਾਲ ਉਸ ਦਾ ਕਨੈਕਸ਼ਨ

ਸਿੱਧੂ ਮੂਸੇਵਾਲਾ ਅਤੇ ਸਟੈਫਲੋਨ ਡੌਨ

ਤਸਵੀਰ ਸਰੋਤ, Stefflon don/instagram

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਬ੍ਰਿਟਿਸ਼-ਜਮਾਈਕਨ ਰੈਪਰ ਸਟੈਫਲੋਨ ਡੌਨ ਪਹੁੰਚੀ ਪਿੰਡ ਮੂਸਾ

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਬ੍ਰਿਟਿਸ਼-ਜਮਾਈਕਨ ਰੈਪਰ ਸਟੈਫਲੋਨ ਡੌਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਪਿੰਡ ਮੂਸਾ ਵਿੱਚ ਮੌਜੂਦ ਸਨ।

ਲੰਡਨ ਤੋਂ ਆਈ ਸਟੈਫਲੋਨ ਨੇ ਸਿੱਧੂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਸਟੈਫਲੋਨ ਡੌਨ ਨੇ ਆਪਣੇ ਨਵੇਂ ਗਾਣੇ ਲਈ ਮੂਸਾ ਪਿੰਡ ਵਿੱਚ ਸ਼ੂਟਿੰਗ ਵੀ ਕੀਤੀ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ, "ਮੈਂ ਸਿੱਧੂ ਨਾਲ ਸ਼ੋਅਜ਼ ਕੀਤੇ ਹਨ। ਉਹ ਬੇਹੱਦ ਸ਼ਾਨਦਾਰ ਇਨਸਾਨ ਸਨ।"

"ਅਸੀਂ ਤਿੰਨ ਗਾਣੇ ਇਕੱਠੇ ਕੀਤੇ ਹਨ ਅਤੇ ਕਈ ਵਾਰ ਸਟੇਜ ਵੀ ਸਾਂਝਾ ਕੀਤਾ ਹੈ। ਉਹ ਲੋਕਾਂ ਵਾਸਤੇ ਖੜ੍ਹਦਾ ਹੁੰਦਾ ਸੀ।"

ਇਨ੍ਹਾਂ ਵਿੱਚੋਂ ਸਾਲ 2019 ਵਿੱਚ ਆਇਆ ਗਾਣਾ '47' ਅਤੇ 'ਇਨਵਿਸੀਬਲ' ਕਾਫੀ ਮਸ਼ਹੂਰ ਹੋਏ ਸਨ।

ਸਟੈਫਲੋਨ ਬੀਬੀਸੀ
ਤਸਵੀਰ ਕੈਪਸ਼ਨ, ਸਟੈਫਲੋਨ ਨੇ ਪਹਿਲੀ ਰਿਕਾਰਡਿੰਗ 9 ਸਾਲ ਦੀ ਉਮਰ ਵਿੱਚ ਕੀਤੀ ਸੀ

ਕੌਣ ਹਨ ਸਟੈਫਲੋਨ ਡੌਨ

ਸਟੈਫਲੋਨ ਦੀ ਆਵਾਜ਼ ਵਿੱਚ ਬਰਤਾਨਵੀ, ਅਮਰੀਕੀ ਅਤੇ ਜਮਾਈਕਨ ਲਹਿਜ਼ੇ ਦਾ ਅਸਰ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਦੀ ਗਾਉਣ ਦੀ ਸ਼ੈਲੀ ਸੰਗੀਤ ਦੇ ਵੱਖ-ਵੱਖ ਰੂਪਾਂ ਵਿੱਚ ਘੁਲ-ਮਿਲ ਜਾਂਦੀ ਹੈ।

ਐੱਮਟੀਵੀ ਯੂਕੇ ਮੁਤਾਬਕ ਸਟੈਫਲੋਨ ਦਾ ਜਨਮ ਬ੍ਰਿਟੇਨ ਦੇ ਬਰਮਿੰਘਮ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਪੇ ਜਮਾਈਕਾ ਦੇ ਰਹਿਣ ਵਾਲੇ ਸਨ ਅਤੇ ਉਹ 7 ਭੈਣ-ਭਰਾਵਾਂ ਵਿੱਚੋਂ ਵਿਚਕਾਰਲੇ ਹਨ।

ਉਨ੍ਹਾਂ ਦਾ ਅਸਲੀ ਨਾਮ ਸਟੈਫਨੀ ਵਿਕਟੋਰੀਆ ਐਲਨ ਹੈ। ਉਨ੍ਹਾਂ ਨੇ ਡੌਨ ਤਖ਼ੱਲਸ 2015 ਤੋਂ ਲਗਾਇਆ ਹੈ।

ਸਾਲ 2018 ਵਿੱਚ ਬਿਲਬੋਰਡ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਤਖ਼ਲੱਸ ਬਾਰੇ ਗੱਲ ਕਿਹਾ ਸੀ, "ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਫਾਈਵ ਮਾਇਨਸ ਫੋਰ (ਪੰਜ 'ਚੋਂ 4 ਘਟਾ) ਅਤੇ ਮੇਰੇ ਲਈ ਇਸ ਦਾ ਮਤਲਬ ਹੈ ਨੰਬਰ ਇੱਕ ਅਤੇ ਮੇਰੇ ਲਈ ਨੰਬਰ ਇੱਕ ਦਾ ਮਤਲਬ 'ਡੌਨ' ਹੈ।"

ਐੱਮਟੀਵੀ ਯੂਕੇ ਮੁਤਾਬਕ ਸਟੈਫਲੋਨ ਨੇ ਇੱਕ ਦਹਾਕਾ ਨੀਦਰਲੈਂਡ ਵਿੱਚ ਬਿਤਾਇਆ, ਜਿੱਥੇ ਉਨ੍ਹਾਂ ਦੇ ਬੋਲਚਾਲ ਦੇ ਲਹਿਜ਼ੇ ਉੱਤੇ ਅਮਰੀਕੀ ਅਤੇ ਰੋਟਰਡੈਮ ਦਾ ਅਸਰ ਪਿਆ।

ਰੋਟਰਡੈਮ ਇੱਕ ਪਰਵਾਸੀ ਭਾਈਚਾਰਾ ਹੈ, ਜਿਸ ਵਿੱਚ ਮੋਰੱਕਨ, ਤੁਰਕੀ, ਐਂਟੀਲੀਅਨ, ਸੂਰੀਨਾਮੀਜ਼ ਲੋਕ ਸ਼ਾਮਿਲ ਹੁੰਦੇ ਹਨ।

ਸਟੈਫਲੋਨ ਨੇ ਕਿਹਾ, "ਮੈਨੂੰ ਹਰ ਕਿਸਮ ਦੇ ਲੋਕਾਂ ਤੋਂ ਪਿਆਰ ਮਿਲਿਆ ਹੈ ਅਤੇ ਇਸ ਗੱਲ ਦੀ ਸਮਝ ਮਿਲੀ ਹੈ ਕਿ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਿਵੇਂ ਲਿਆ ਜਾ ਸਕਦਾ ਹੈ।"

ਉਹ 14 ਸਾਲ ਦੀ ਉਮਰ ਵਿੱਚ ਪੂਰਬੀ ਲੰਡਨ ਆ ਗਏ ਸਨ।

ਸਿੱਧੂ ਮੂਸੇਵਾਲਾ ਅਤੇ ਸਟੈਫਲੋਨ ਡੌਨ

ਤਸਵੀਰ ਸਰੋਤ, Stefflon don/instagram

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਤੇ ਸਟੈਫਲੋਨ ਨੇ ਕਈ ਸਟੇਜ ਸ਼ੋਅਜ਼ ਵੀ ਕੀਤੇ ਹਨ
ਬੀਬੀਸੀ
  • ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ।
  • 29 ਮਈ 2022 ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ।
  • ਇਸ ਸਾਲ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਸਟੈਫਲੋਨ ਡੌਨ ਉਨ੍ਹਾਂ ਦੇ ਪਿੰਡ ਪਹੁੰਚੇ ਸਨ।
  • ਸਟੈਫਲੋਨ ਡੌਨ ਨੇ ਸਿੱਧੂ ਮੂਸੇਵਾਲਾ ਨਾਲ ਗੀਤ ਗਾਏ ਹਨ ਤੇ ਕਈ ਸ਼ੋਅਜ਼ ਵੀ ਕੀਤੇ ਹਨ।
ਬੀਬੀਸੀ

9 ਸਾਲ ਦੀ ਉਮਰ ਵਿੱਚ ਪਹਿਲੀ ਰਿਕਾਡਿੰਗ

ਮੁਢਲੀ ਸਿੱਖਿਆ ਦੌਰਾਨ ਹੀ ਸਟੈਫਲੋਨ ਨੇ ਗਾਣਾ ਗਾਉਣਾ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।

ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਟੈਫਲੋਨ ਡੌਨ ਨੇ ਦੱਸਿਆ ਕਿ 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਸੰਘਦੇ ਹੋਏ ਰਿਕਾਰਡਿੰਗ ਸਟੂਡੀਓ ਵਿੱਚ ਪ੍ਰਵੇਸ਼ ਕੀਤਾ ਸੀ।

ਉਨ੍ਹਾਂ ਇਸ ਦੌਰਾਨ ਯੂਨੀਕ ਨਾਮ ਦੇ ਰੈਪਰ ਲਈ 'ਹਾਰਡ ਨੌਕ ਲਾਈਫ' ਸਟਾਈਲ ਹੁਕ ਗਾਇਆ ਸੀ।

ਇਸ ਤੋਂ ਬਾਅਦ 1990 ਦੇ ਦਹਾਕੇ ਦੀ ਮਹਿਲਾ ਐੱਮਸੀ ਖ਼ਾਸ ਕਰਕੇ ਲਿਲ ਕਿਮ ਦੀ ਬੇਬਾਕੀ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

ਉਹ ਇਕੱਲੇ ਗਾਉਣ ਵਿੱਚ ਪੂਰੀ ਤਰ੍ਹਾਂ ਕਦੇ ਵੀ ਸਹਿਜ ਮਹਿਸੂਸ ਨਹੀਂ ਕਰਦੀ ਸੀ।

ਉਨ੍ਹਾਂ ਨੇ ਰਿਮਿਕਸਸ ਰਿਲੀਜ਼ ਕਰਨ ਤੋਂ ਪਹਿਲਾਂ ਮੁਫ਼ਤ ਕਮਿਊਨਿਟੀ ਸਟੂਡੀਓਜ਼ ਵਿੱਚ ਆਪਣੀ ਕਲਾ ਨੂੰ ਨਿਖਰਾਨ ਲਈ ਕਈ ਸਾਲ ਬਿਤਾਏ ਸਨ।

ਫਿਰ ਉਨ੍ਹਾਂ ਨੇ ਰਾਏ ਸਰੇਮੰਰਡ ਦੇ 'ਨੋ ਟਾਈਪ' ਵਰਗੇ ਟਰੈਕਾਂ ਦੇ ਰੀਮਿਕਸ ਰਿਲੀਜ਼ ਕੀਤੇ ਸਨ।

ਸਟੈਫਲੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਫਲੋਨ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੈ

ਸਾਲ 2015 ਵਿੱਚ ਲੰਡਨ ਦੇ ਰੈਪਰ ਸੈਕਸ਼ਨ ਬੁਆਏਜ਼ ਦੁਆਰਾ "ਲੌਕ ਆਰਫ" ਦਾ ਰੀਮਿਕਸ ਰਿਲੀਜ਼ ਕੀਤਾ ਤਾਂ ਉਸ ਵੇਲੇ ਉਨ੍ਹਾਂ ਨੂੰ ਆਪਣੀ ਕਾਮਯਾਬੀ 'ਤੇ ਕੋਈ ਸ਼ੱਕ ਨਹੀਂ ਸੀ।

ਇੱਕ ਇੰਟਰਵਿਊ ਵਿੱਚ ਉਹ ਹੱਸਦੀ ਹੋਈ ਕਹਿੰਦੀ ਹੈ, "ਮੈਨੂੰ ਪਰਵਾਹ ਨਹੀਂ ਸੀ ਕਿ ਕਿਸੇ ਨੇ ਕੀ ਕਿਹਾ, ਇਹ ਰੋਸ਼ਨੀ ਸੀ। ਇਹੀ ਫਰਕ ਹੈ।"

ਸੈਕਸ਼ਨ ਬੁਆਏਜ਼ ਡੌਨ ਦੇ ਕੰਮ ਨਾਲ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਟੈਫਲੋਨ ਦੇ ਨਾਲ ਇੱਕ ਨਵਾਂ ਵੀਡੀਓ ਸ਼ੂਟ ਕੀਤਾ ਤਾਂ ਜੋ ਵੀ ਗਾਣਾ ਉਹ ਗਾਏ, ਉਸ ਵਿੱਚ ਉਸ ਦੀ ਛਾਪ ਜ਼ਰੂਰ ਨਜ਼ਰ ਆਏ।

ਹੁਣ ਸਟੈਫਲੋਨ ਆਪਣੇ ਗਾਣਿਆਂ ਦਾ ਸਹਿ-ਨਿਰਦੇਸ਼ਨ ਵੀ ਕਰਦੀ ਹੈ।

ਸਟੈਫਲੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਫਲੋਨ ਨੇ ਸਿੱਧੂ ਮੂਸੇਵਾਲਾ ਨਾਲ ਤਿੰਨ ਗਾਣੇ ਕੀਤੇ ਹਨ

ਕਿਹੜੇ ਗਾਣੇ ਉਨ੍ਹਾਂ ਦੇ ਮਸ਼ਹੂਰ ਹੋਏ

ਸਟੈਫਲੋਨ ਡੌਨ ਨੇ ਹੁਣ ਤੱਕ ਆਪਣੇ ਸੰਗੀਤ ਦੇ ਸਫ਼ਰ ਵਿੱਚ ਕਈ ਮਸ਼ਹੂਰ ਗੀਤ ਦਿੱਤੇ ਹਨ.

ਸਾਲ 2017 ਵਿੱਚ ਉਨ੍ਹਾਂ ਦਾ ਜੈਕਸ ਜੌਨਸ ਦੇ ਨਾਲ ‘ਸਾਂਭਾ ਹਾਊਸ ਰੋਂਪ’, 'ਇੰਸਟ੍ਰਕਸ਼ਨ', ਬਿੱਲਬੋਰਡ ਦੇ ਹੌਟ ਡਾਂਸ/ਇਲੈਕਟ੍ਰਾਨਿਕ ਸੌਂਗਸ ਚਾਰਟ 'ਤੇ 22 'ਤੇ ਰਿਹਾ ਸੀ।

ਉਨ੍ਹਾਂ ਦਾ ਸਿੰਗਲ ਡੈਬਿਊ, ‘ਦਿ ਲਿਥੇ’ ਤੇ 'ਹਰਟਿਨ ਮੀ' ਵੀ ਬਿੱਲ ਬੋਰਡ ਦੇ ਮੇਨਸਟ੍ਰੀਮ ਆਰ ਐਂਡ ਬੀ/ਹਿਪ-ਪੋਪ ਚਾਰਟ 'ਤੇ ਸਾਲ 2023 ਵਿੱਚ ਨੰਬਰ 23 'ਤੇ ਪਹੁੰਚ ਗਿਆ ਸੀ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦਾ ਪਿਛੋਕੜ ਜਾਣੋ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ

ਸਿੱਧੂ ਮੂਸੇਵਾਲਾ ਦੇ ਸਟੈਫਲੋਨ ਨਾਲ ਗਾਣੇ

ਸਟੈਫਲੋਨ ਡੌਨ ਨੇ ਸਿੱਧੂ ਮੂਸੇਵਾਲਾ ਨਾਲ ਸਾਲ 2019 ਵਿੱਚ '47' ਗਾਣਾ ਕੱਢਿਆ ਸੀ।

ਇਸ ਤੋਂ ਇਲਾਵਾ ਸਟੈਫਲੋਨ ਨੇ ਉਨ੍ਹਾਂ ਦੇ ਗਾਣੇ 'ਇਨਵਿਸੀਬਲ' ਵਿੱਚ ਰੈਪ ਕੀਤਾ ਸੀ।

ਸਟੈਫਲੋਨ ਡੌਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਸੀ।

ਸਟੈਫਲੋਨ ਨਾਲ ਵਿਵਾਦ ਵੀ ਜੁੜੇ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਲਈ ਤਾਂ ਉਨ੍ਹਾਂ ਨੂੰ ਮਾਫੀ ਵੀ ਮੰਗਣੀ ਪਈ ਸੀ

ਸਟੈਫਲੋਨ ਨੇ 'ਪ੍ਰਿਟੀ ਗਰਲ' ਨਾਮ ਦੇ ਇੱਕ ਵੀਡੀਓ ਲਈ ਕਿਸੇ ਪ੍ਰਾਈਵੇਟ ਸਕੂਲ ਦੇ ਗਰਾਉਂਡ ਦੀ ਵਰਤੋਂ ਨੂੰ ਲੈ ਕੇ ਮੁਆਫ਼ੀ ਮੰਗੀ ਸੀ।

ਦਰਅਸਲ, ਸਾਲ 2018 ਵਿੱਚ ਬਣੇ ਇਸ ਗਾਣੇ ਲਈ ਇੱਕ ਪ੍ਰਾਈਵੇਟ ਸਕੂਲ ਦਾ ਕਹਿਣਾ ਸੀ ਕਿ ਉਸ ਦੇ ਗਰਾਊਂਡ ਦੀ 'ਬੇਹੱਦ ਅਣਉਚਿਤ' ਤਰੀਕੇ ਨਾਲ ਵਰਤੋਂ ਹੋਈ ਸੀ।

ਇਸ ਗਾਣੇ ਦੇ ਇੱਕ ਸੀਨ ਵਿੱਚ ਰੈਪਰ ਨੂੰ ਭੰਗ ਪੀਂਦੇ ਹੋਏ ਦਿਖਾਇਆ ਗਿਆ ਹੈ ਅਤੇ ਉਸ ਨੂੰ ਇੱਕ ਹੋਰ ਵਿਦਿਆਰਥੀ ਨੂੰ ਗਾਲਾਂ ਕੱਢਦੇ ਹੋਏ ਵੀ ਦੇਖਿਆ ਜਾ ਸਕਦਾ ਹੈ।

ਸਕੂਲ ਨੂੰ ਵੀ ਇਸ ਗਾਣੇ ਕਰਕੇ ਮੁਆਫ਼ੀ ਮੰਗਣੀ ਪਈ ਸੀ।

ਸਟੈਫਲੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਫਲੋਨ ਨਾਲ ਕਈ ਵਿਵਾਦ ਵੀ ਜੁੜੇ ਹਨ

ਸਟੈਫਲੋਨ ਡੌਨ ਨੇ 2013 ਦੇ ਇੱਕ ਟਵੀਟ ਲਈ ਮੁਆਫ਼ੀ ਮੰਗੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਭੂਰੇ ਰੰਗ ਦੀਆਂ ਕੁੜੀਆਂ ਨੂੰ ਕੁਝ ਬਦਲਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਦੀ ਚਮੜੀ ਦਾ ਰੰਗ ਬਦਲਣਾ ਚਾਹੁਣਗੀਆਂ।"

ਹਾਲਾਂਕਿ, ਪਹਿਲਾਂ ਤਾਂ ਉਹ ਨਾ-ਨੁੱਕਰ ਕਰਦੇ ਰਹੇ ਪਰ ਬਾਅਦ ਵਿੱਚ ਉਨ੍ਹਾਂ ਨੇ ਇੱਕ ਮੁਆਫ਼ੀਨਾਮੇ ਵਾਲੀ ਪੋਸਟ ਕੀਤੀ ਸੀ ਜਿਸ ਦੀ ਵੀ ਬਾਅਦ ਵਿੱਚ ਆਲੋਚਨਾ ਹੋਈ ਸੀ।

ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਸੀ, "ਜੇ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਮੁਆਫ਼ੀ ਮੰਗਦੀ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)