ਪਹਿਲੀ ਦਲਿਤ ਲੇਖਿਕਾ ਮੁਕਤਾ ਸਾਲਵੇ, ਜਿਸ ਨੇ 167 ਸਾਲ ਪਹਿਲਾਂ 14 ਸਾਲ ਦੀ ਉਮਰ 'ਚ ਲਿਖਿਆ ਸੀ ਲੇਖ

ਮੁਕਤਾ ਸਾਲਵੇ

ਤਸਵੀਰ ਸਰੋਤ, PHULE MEMORIAL

    • ਲੇਖਕ, ਵਿਦਿਆ ਕੁਲਕਰਨੀ
    • ਰੋਲ, ਬੀਬੀਸੀ ਮਰਾਠੀ

ਮੁਕਤਾ ਸਾਲਵੇ ਨੂੰ ਮਹਾਰਾਸ਼ਟਰ ਦੀ ਹੀ ਨਹੀਂ ਬਲਕਿ ਦੇਸ਼ ਦੀ ਪਹਿਲੀ ਦਲਿਤ ਔਰਤ ਲੇਖਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪਛਾਣ ਇੱਕ ਲੇਖ ਦੇ ਅਧਾਰ 'ਤੇ ਬਣੀ ਸੀ ਜੋ ਮੁਕਤਾ ਸਾਲਵੇ ਨੇ ਸਿਰਫ਼ 14 ਸਾਲ ਦੀ ਉਮਰ ਵਿੱਚ ਲਿਖਿਆ ਸੀ।

ਇਹ ਘਟਨਾ ਲਗਭਗ 167 ਸਾਲ ਪਹਿਲਾਂ 1855 ਵਿੱਚ ਵਾਪਰੀ ਸੀ। ਦਰਅਸਲ, ਜਦੋਂ ਜੋਤੀਬਾ ਅਤੇ ਸਾਵਿਤਰੀਬਾਈ ਫੂਲੇ ਨੇ ਪੁਣੇ ਵਿੱਚ ਸਕੂਲ ਸ਼ੁਰੂ ਕੀਤਾ ਸੀ, ਮੁਕਤਾ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਸੀ।

ਆਪਣੇ ਪਰਿਵਾਰ ਅਤੇ ਸਮਾਜ ਵਿੱਚ ਮੁਕਤਾ ਨੂੰ ਜਿਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਉਸ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਪੜ੍ਹਾਈ ਦੌਰਾਨ ਇੱਕ ਸਮਝ ਬਣੀ ਅਤੇ ਉਨ੍ਹਾਂ ਨੇ ਦਲਿਤਾਂ ਦੀਆਂ ਸਮੱਸਿਆਵਾਂ 'ਤੇ ਇੱਕ ਲੇਖ ਲਿਖਿਆ।

ਇਸ ਛੋਟੇ ਲੇਖ ਨੂੰ 'ਮਾਂਗ ਮਹਾਰਾਚੇਇਆ ਦੁਖਵਿਸਾਈ' ਜਾਂ ਫਿਰ 'ਆਨ ਦੀ ਸਫਰਿੰਗ ਆਫ ਮਾਂ ਐਂਡ ਮਹਾਰ' ਵਜੋਂ ਜਾਣਿਆ ਜਾਂਦਾ ਹੈ।

ਇਸ ਵਿੱਚ ਮੁਕਤਾ ਨੇ ਨਾ ਸਿਰਫ਼ ਮਾਂਗ ਅਤੇ ਮਹਾਰਾਂ ਦੇ ਦੁੱਖਾਂ ਨੂੰ ਪੇਸ਼ ਕੀਤਾ ਸਗੋਂ ਇਸ ਦੇ ਸਮਾਜਿਕ ਸਰੋਕਾਰਾਂ ਦੀ ਚਰਚਾ ਕਰਦੇ ਹੋਏ ਸਮਾਜਿਕ ਅਸਮਾਨਤਾ ਉੱਤੇ ਤਿੱਖਾ ਹਮਲਾ ਕਰਦਾ ਹੈ।

ਉਸ ਸਮੇਂ ਵੀ ਮੁਕਤਾ ਦੇ ਇਸ ਲੇਖ ਨੂੰ ਬਹੁਤ ਸਲਾਹਿਆ ਗਿਆ ਸੀ ਅਤੇ ਅੱਜ ਵੀ ਮੁਕਤਾ ਦੇ ਲੇਖ ਨੂੰ ਦਲਿਤ ਔਰਤ ਸਾਹਿਤ ਦੀ ਦਿਸ਼ਾ ਵਿੱਚ ਪਹਿਲਾ ਕਦਮ ਮੰਨਿਆ ਜਾਂਦਾ ਹੈ। ਮੁਕਤਾ ਸਾਲਵੇ ਦਾ ਜਨਮ 1840 ਵਿੱਚ ਪੁਣੇ ਵਿੱਚ ਹੋਇਆ ਸੀ।

ਇਹ ਉਹ ਦੌਰ ਸੀ ਜਦੋਂ ਸਮਾਜ ਵਿੱਚ ਜਾਤੀ ਅਸਮਾਨਤਾ ਆਪਣੇ ਸਿਖਰ 'ਤੇ ਸੀ ਅਤੇ ਉੱਚ ਜਾਤੀਆਂ ਦਾ ਦਬਦਬਾ ਸੀ। ਮੁਕਤਾ ਦਾ ਜਨਮ ਉਸ ਦੌਰ ਵਿੱਚ ਅਛੂਤ ਮੰਨੀ ਜਾਣ ਵਾਲੀ 'ਮਾਂਗ' ਜਾਤੀ ਵਿੱਚ ਹੋਇਆ ਸੀ।

ਉਸ ਸਮੇਂ ਪ੍ਰਚਲਿਤ ਧਾਰਮਿਕ ਸਿੱਖਿਆ ਕੇਵਲ ਬ੍ਰਾਹਮਣ ਪੁਰਸ਼ਾਂ ਤੱਕ ਹੀ ਸੀਮਤ ਸੀ। ਨਾ ਤਾਂ ਔਰਤਾਂ ਅਤੇ ਨਾ ਹੀ 'ਅਛੂਤਾਂ' ਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਸੀ।

ਹਾਲਾਂਕਿ, ਈਸਾਈ ਮਿਸ਼ਨਰੀਆਂ ਵੱਲੋਂ ਚਲਾਏ ਜਾ ਰਹੇ ਕੁਝ ਸਕੂਲ ਹਿੰਦੂ ਕੁੜੀਆਂ ਲਈ ਖੋਲ੍ਹੇ ਗਏ ਸਨ।

ਮੁਕਤਾ ਸਾਲਵੇ

ਤਸਵੀਰ ਸਰੋਤ, PHULE MEMORIAL

ਤਸਵੀਰ ਕੈਪਸ਼ਨ, ਸਾਵਿਤਰੀਬਾਈ ਫੂਲੇ ਅਤੇ ਫ਼ਾਤਿਮਾ ਸ਼ੇਖ਼

ਪਰ ਸਮਾਜ ਦੇ ਜਿਨ੍ਹਾਂ ਲੋਕਾਂ ਨੂੰ ਹੁਣ ਤੱਕ ਜਾਣਬੁਝ ਕੇ ਸਿੱਖਿਆ ਤੋਂ ਦੂਰ ਰੱਖਿਆ ਗਿਆ ਸੀ, ਉਨ੍ਹਾਂ ਦੀ ਇਨ੍ਹਾਂ ਸਕੂਲਾਂ ਤੱਕ ਪਹੁੰਚ ਨਹੀਂ ਸੀ। ਹਾਲਾਂਕਿ, ਮੁਕਤਾ 11 ਸਾਲ ਦੀ ਉਮਰ ਵਿੱਚ ਸਕੂਲ ਪਹੁੰਚ ਗਈ ਸੀ।

ਦਰਅਸਲ, ਪੁਣੇ ਵਿੱਚ ਜੋਤੀਬਾ ਅਤੇ ਸਾਵਿਤਰੀਬਾਈ ਨੇ ਕੁੜੀਆਂ ਲਈ ਇੱਕ ਸਕੂਲ ਸ਼ੁਰੂ ਕੀਤਾ ਸੀ। ਫੂਲੇ ਜੋੜਾ ਕੁੜੀਆਂ ਲਈ ਵੱਖਰਾ ਸਕੂਲ ਖੋਲ੍ਹਣ ਵਾਲੇ ਪਹਿਲੇ ਭਾਰਤੀ ਸਨ।

ਇਸ ਸਕੂਲ ਵਿੱਚ ਸਾਰੇ ਭਾਈਚਾਰਿਆਂ ਦੀਆਂ ਕੁੜੀਆਂ ਨੂੰ ਦਾਖ਼ਲਾ ਮਿਲ ਰਿਹਾ ਸੀ।

ਉਨ੍ਹਾਂ ਨੇ 1848 ਵਿੱਚ ਪੁਣੇ ਦੇ ਭਿਡੇ ਵਾਡਾ ਵਿੱਚ ਪਹਿਲਾ ਸਕੂਲ ਖੋਲ੍ਹਿਆ ਅਤੇ ਸਾਰੇ ਸਮਾਜਿਕ ਵਿਰੋਧਾਂ ਦੇ ਬਾਵਜੂਦ ਇਸ ਨੂੰ ਜਾਰੀ ਰੱਖਿਆ।

ਪਰ ਫੂਲੇ ਜੋੜੇ ਨੇ ਮਹਿਸੂਸ ਕੀਤਾ ਕਿ ਇੱਕ ਸਕੂਲ ਕਾਫ਼ੀ ਨਹੀਂ ਹੈ। ਸਿੱਖਿਆ ਤੋਂ ਵਾਂਝੇ ਲੋਕਾਂ ਨੂੰ ਸਕੂਲ ਭੇਜਣ ਲਈ ਕਈ ਸਕੂਲਾਂ ਦੀ ਲੋੜ ਸੀ।

ਇਹੀ ਕਾਰਨ ਸੀ ਕਿ ਫੂਲੇ ਜੋੜੇ ਨੇ ਪੁਣੇ ਵਿਚ ਕਈ ਥਾਵਾਂ 'ਤੇ ਸਕੂਲ ਖੋਲ੍ਹੇ। 1851-52 ਵਿਚ ਚਿਪਲੂਨਕਰ ਵਾੜਾ ਵਿਚ ਇਕ ਹੋਰ ਸਕੂਲ ਸ਼ੁਰੂ ਕੀਤਾ। ਉਸੇ ਸਾਲ ਵੇਤਾਲ ਵਿੱਚ ਤੀਜਾ ਸਕੂਲ ਸ਼ੁਰੂ ਕੀਤਾ ਗਿਆ।

ਜੋਤੀਬਾ-ਸਾਵਿਤਰੀਬਾਈ ਦੇ ਸਿੱਖਿਆ ਫੈਲਾਉਣ ਦੇ ਕੰਮ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਵੱਖ-ਵੱਖ ਥਾਵਾਂ 'ਤੇ ਸਕੂਲ ਸਥਾਪਤ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।

ਉਨ੍ਹਾਂ ਵਿੱਚੋਂ ਇੱਕ ਲਾਹੂਜੀ ਸਾਲਵੇ ਸੀ। ਕ੍ਰਾਂਤੀਗੁਰੂ ਉਸਤਾਦ ਵਜੋਂ ਮਸ਼ਹੂਰ ਲਾਹੂਜੀ ਸਾਲਵੇ, ਵੇਤਾਲ ਵਿੱਚ ਇੱਕ ਮਾਰਸ਼ਲ ਆਰਟ ਸਿਖਲਾਈ ਕੇਂਦਰ ਚਲਾਉਂਦੇ ਸਨ।

ਲਾਹੂਜੀ ਸਾਲਵੇ ਦੀ ਪੋਤੀ ਮੁਕਤਾ ਸਾਲਵੇ ਸੀ, ਜੋ ਫੂਲੇ ਜੋੜੇ ਦੇ ਤੀਜੇ ਸਕੂਲ ਦੀ ਵਿਦਿਆਰਥਣ ਬਣੀ। ਮੁਕਤਾ ਸਕੂਲ ਜਾਣ ਵਾਲੀ ਮਹਾਰ ਅਤੇ ਮਾਂਗ ਭਾਈਚਾਰੇ ਦੀ ਪਹਿਲੀ ਕੁੜੀ ਸੀ। ਉਸਨੇ 11 ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ।

'ਮਹਾਰ ਅਤੇ ਮਾਂਗ ਭਾਈਚਾਰਿਆਂ ਦੀ ਪੀੜਾ' ਦੇ ਮੁੱਦੇ 'ਤੇ ਉਨ੍ਹਾਂ ਦਾ ਪ੍ਰਸਿੱਧ ਲੇਖ 1855 ਵਿਚ ਪ੍ਰਕਾਸ਼ਿਤ ਹੋਇਆ ਸੀ।

ਉਹ ਸਿਰਫ਼ ਤਿੰਨ ਸਾਲ ਹੀ ਸਕੂਲ ਵਿੱਚ ਰਹੀ। ਚੌਦਾਂ ਸਾਲ ਦੀ ਉਮਰ ਵਿੱਚ ਲਿਖੇ ਇਸ ਲੇਖ ਨਾਲ ਉਨ੍ਹਾਂ ਦਾ ਨਾਂ ਇਤਿਹਾਸ ਵਿੱਚ ਅਮਰ ਹੋ ਗਿਆ।

ਇਹ ਨਾ ਸਿਰਫ਼ ਦਲਿਤ ਔਰਤ ਵੱਲੋਂ ਲਿਖੀ ਗਈ ਪਹਿਲੀ ਪੁਸਤਕ ਵਜੋਂ ਮਹੱਤਵਪੂਰਨ ਹੈ, ਸਗੋਂ ਇਸ ਦੀ ਸਮੱਗਰੀ ਅੱਜ ਵੀ ਵਿਚਾਰਨਯੋਗ ਹੈ।

ਉਸ ਦੇ ਲੇਖ ਦਾ ਹਰ ਸ਼ਬਦ ਮੁਕਤਾ ਦੇ ਸਮੇਂ ਵਿਚ ਅਛੂਤ ਮੰਨੀਆਂ ਜਾਂਦੀਆਂ ਜਾਤਾਂ ਦੀ ਸਮਾਜਿਕ ਸਥਿਤੀ ਨੂੰ ਉਜਾਗਰ ਕਰਦਾ ਹੈ।

ਇਸ ਲੇਖ ਵਿਚ ਉਹ ਰੱਬ ਨੂੰ ਸੰਬੋਧਿਤ ਕਰਦੇ ਹੋਏ 'ਮਹਾਰਾਂ ਅਤੇ ਮਾਂਗਾਂ ਅਤੇ ਪੀੜਾਂ' ਬਾਰੇ ਗੱਲ ਕਰਦੀ ਹੈ। ਅਸਲ ਵਿੱਚ, ਉਹ ਰੱਬ ਨੂੰ ਸ਼ਿਕਾਇਤ ਕਰਦੀ ਹੈ ਕਿ ਇਨ੍ਹਾਂ ਭਾਈਚਾਰਿਆਂ ਨੂੰ ਧਾਰਮਿਕ ਪ੍ਰਣਾਲੀ ਤੋਂ ਬਾਹਰ ਕਿਉਂ ਸਮਝਿਆ ਜਾਂਦਾ ਹੈ।

ਬ੍ਰਾਹਮਣ ਵਿਵਸਥਾ ਦੀ ਵਾਗਡੋਰ ਸਾਂਭਣ ਵਾਲੇ ਬ੍ਰਾਹਮਣ ਭਾਈਚਾਰੇ ਨੂੰ ਇਹ ਪਾਖੰਡੀ ਮੰਨਦੇ ਹੋਏ ਕਹਿੰਦੀ ਹੈ, “ਬ੍ਰਾਹਮਣ ਕਹਿੰਦੇ ਹਨ ਕਿ ਵੇਦ ਸਾਡੇ ਹਨ ਅਤੇ ਸਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਸਾਡੇ ਕੋਲ ਕੋਈ ਧਾਰਮਿਕ ਪੁਸਤਕ ਨਹੀਂ ਹੈ।"

“ਜੇ ਵੇਦ ਬ੍ਰਾਹਮਣਾਂ ਲਈ ਹਨ ਤਾਂ ਵੇਦਾਂ ਅਨੁਸਾਰ ਵਿਹਾਰ ਕਰਨਾ ਬ੍ਰਾਹਮਣਾਂ ਦਾ ਧਰਮ ਹੈ, ਜੇ ਅਸੀਂ ਧਾਰਮਿਕ ਪੁਸਤਕਾਂ ਨੂੰ ਵੇਖਣ ਲਈ ਆਜ਼ਾਦ ਨਹੀਂ ਹਾਂ, ਤਾਂ ਸਪਸ਼ਟ ਹੈ ਕਿ ਅਸੀਂ ਧਰਮ ਰਹਿਤ ਹਾਂ, ਹੈ ਨਾ?”

ਇਸ ਤੋਂ ਇਲਾਵਾ ਉਹ ਆਪਣੇ ਧਰਮ ਬਾਰੇ ਵੀ ਰੱਬ ਤੋਂ ਸਵਾਲ ਪੁੱਛਦੀ ਹੈ।

ਉਹ ਲੇਖ ਵਿਚ ਲਿਖਦੀ ਹੈ, “ਹੇ ਭਗਵਾਨ, ਸਾਨੂੰ ਦੱਸੋ ਕਿ ਤੁਸੀਂ ਕਿਸ ਧਰਮ ਨਾਲ ਸਬੰਧਤ ਹੋ, ਤੁਸੀਂ ਕਿਹੜਾ ਧਰਮ ਚੁਣਿਆ ਹੈ, ਤਾਂ ਜੋ ਅਸੀਂ ਸਾਰੇ ਇਸ ਦਾ ਬਰਾਬਰ ਅਨੁਭਵ ਕਰ ਸਕੀਏ।"

"ਪਰ ਜਿਸ ਧਰਮ ਦਾ ਅਨੁਭਵ ਕੇਵਲ ਇੱਕ ਫਿਰਕਾ ਹੀ ਕਰੇ ਤਾਂ ਇਹ ਅਤੇ ਇਸ ਵਰਗੇ ਹੋਰ ਧਰਮਾਂ ਨੂੰ ਧਰਤੀ ਤੋਂ ਨਸ਼ਟ ਹੋ ਜਾਣਾ ਚਾਹੀਦਾ ਹੈ। ਅਜਿਹੇ ਧਰਮ 'ਤੇ ਮਾਣ ਕਰਨ ਦਾ ਖ਼ਿਆਲ ਵੀ ਸਾਡੇ ਮਨ ਵਿਚ ਨਾ ਆਵੇ।"

ਲੇਖ

ਤਸਵੀਰ ਸਰੋਤ, PHULE MEMORIAL

ਲੇਖ ਦੀ ਤਿੱਖੀ ਭਾਸ਼ਾ

ਜਨਮ ਦੇ ਆਧਾਰ ’ਤੇ ਵਿਸ਼ੇਸ਼ ਸਮਾਜਿਕ ਰੁਤਬਾ ਹਾਸਲ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਮੁਕਤਾ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਧਰਮ ਦਾ ਕੰਮ ਮਨੁੱਖਤਾ ਅਤੇ ਬਰਾਬਰੀ ਨੂੰ ਕਾਇਮ ਰੱਖਣਾ ਹੋਣਾ ਚਾਹੀਦਾ ਹੈ।

ਪੇਸ਼ਵਾ ਯੁੱਗ ਦੀ ਸਮਾਜਿਕ ਸਥਿਤੀ ਦਾ ਵਰਣਨ ਕਰਦਿਆਂ ਮੁਕਤਾ ਦੀ ਕਲਮ ਹੋਰ ਗੂੰਜਦੀ ਹੈ।

ਪੇਸ਼ਵਾ ਕਾਲ ਦੀ ਬੇਇਨਸਾਫ਼ੀ ਅਤੇ ਬ੍ਰਾਹਮਣਾਂ ਵੱਲੋਂ ਅਛੂਤਾਂ ਦੇ ਪ੍ਰਤੀ ਕੀਤੇ ਜਾਣ ਵਾਲੇ ਅਣਮਨੁੱਖੀ ਵਿਹਾਰ ਅਤੇ ਜਾਨਵਰਾਂ ਨਾਲੋਂ ਹੀ ਹੀਣ ਵਿਹਾਰ 'ਤੇ ਰੌਸ਼ਨੀ ਪਾਉਂਦੇ ਹੋਏ ਮੁਕਤਾ ਨੇ ਲਿਖਿਆ ਹੈ, "ਬ੍ਰਾਹਮਣਾਂ ਨੇ ਸਾਨੂੰ ਮਨੁੱਖਾਂ ਨੂੰ ਗਾਵਾਂ-ਮੱਝਾਂ ਨਾਲੋਂ ਨੀਵਾਂ ਸਮਝਿਆ ਹੈ।''

''ਸੁਣੋ, ਬਾਜੀਰਾਓ ਦੇ ਰਾਜ ਦੌਰਾਨ ਸਾਡੇ ਨਾਲ ਗਧਿਆਂ ਵਰਗਾ ਸਲੂਕ ਕੀਤਾ ਜਾਂਦਾ ਸੀ। ਉਹ ਕਹਿੰਦੇ ਸਨ ਕਿ ਲੰਗੜੇ ਗਧੇ ਨੂੰ ਨਾ ਮਾਰੋ, ਪਰ ਇਹ ਕਹਿਣ ਵਾਲਾ ਕੋਈ ਨਹੀਂ ਸੀ ਕਿ ਮਾਂਗਾਂ ਜਾਂ ਮਹਾਰਾਂ ਨੂੰ ਨਾ ਮਾਰੋ।"

ਪੇਸ਼ਵਾ ਕਾਲ ਦੀ ਆਲੋਚਨਾ

ਉਸ ਦੌਰ ਵਿੱਚ ਵਿੱਦਿਆ ਨੂੰ ਬ੍ਰਾਹਮਣਾਂ ਦਾ ਵਿਸ਼ੇਸ਼ ਅਧਿਕਾਰ ਮੰਨਿਆ ਜਾਂਦਾ ਸੀ। ਅਜਿਹੀ ਸਥਿਤੀ ਵਿੱਚ ਹੇਠਲੇ ਪੱਧਰ ’ਤੇ ਸਮਝੀਆਂ ਜਾਂਦੀਆਂ ਜਾਤਾਂ ਕਿਸ ਤਰ੍ਹਾਂ ਗਿਆਨ ਸਿੱਖਣ ਤੋਂ ਵਾਂਝੀਆਂ ਰਹਿ ਗਈਆਂ, ਇਹ ਭਾਵਨਾ ਮੁਕਤਾ ਦੀਆਂ ਲਿਖਤਾਂ ਵਿੱਚ ਪ੍ਰਗਟ ਹੁੰਦੀ ਹੈ।

ਉਹ ਲਿਖਦੀ ਹੈ, "ਜੇ ਅਛੂਤਾਂ ਨੂੰ ਰਾਜੇ ਦੇ ਦਰਵਾਜ਼ੇ ਵਿੱਚੋਂ ਲੰਘਣ ਦੀ ਮਨਾਹੀ ਹੈ ਤਾਂ ਉਨ੍ਹਾਂ ਨੂੰ ਗਿਆਨ ਸਿੱਖਣ ਦੀ ਆਜ਼ਾਦੀ ਕਿੱਥੋਂ ਮਿਲੇਗੀ?"

"ਜੇਕਰ ਕੋਈ ਅਛੂਤ ਪੜ੍ਹ ਸਕਦਾ ਅਤੇ ਬਾਜੀਰਾਓ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਆਖਦਾ ਹੈ ਕਿ ਇਹ ਇੱਕ ਮਹਾਰ ਅਤੇ ਮਾਂਗ ਹੈ ਅਤੇ ਕੀ ਉਹ ਪੜ੍ਹ ਰਿਹਾ ਹੈ? ਕੌਣ ਉਸਨੂੰ ਨੌਕਰੀ ਦੇਵੇਗਾ ਅਤੇ ਉਹ ਇਹ ਕਹਿ ਕੇ ਉਸ ਨੂੰ ਸਜ਼ਾ ਦੇਵੇਗਾ।"

ਮੁਕਤਾ ਆਪਣੇ ਲੇਖ ਵਿੱਚ ਸਵਾਲ ਚੁੱਕਦੀ ਹੈ ਕਿ ਪੜ੍ਹਾਈ 'ਤੇ ਪਾਬੰਦੀ ਲੱਗਣ ਦੇ ਬਾਵਜੂਦ, ਅਛੂਤ ਹੋਣ ਦਾ ਤਿਰਸਕਾਰ ਝੱਲਣ 'ਤੇ ਅਤੇ ਰੁਜ਼ਗਾਰ ਨਾਲੋਂ ਵਾਂਝੇ ਹੋਣ ਨਾਲ ਦਲਿਤਾਂ ਦੀ ਹਾਲਤ ਕਿਵੇਂ ਸੁਧਰੇਗੀ ।

"ਅਫਸੋਸ ਦੀ ਗੱਲ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਸਮਾਜ ਦੀ ਇਹ ਹਕੀਕਤ ਅੱਜ ਵੀ ਪੂਰੀ ਤਰ੍ਹਾਂ ਨਹੀਂ ਬਦਲੀ ਹੈ।"

ਲੇਖ

ਤਸਵੀਰ ਸਰੋਤ, Getty Images

ਬ੍ਰਾਹਮਣ ਸਮਾਜ ਸੁਧਾਰਕਾਂ ਦੀ ਤਾਰੀਫ਼

ਮੁਕਤਾ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਦਲਿਤ ਸਮਾਜ ਦੀਆਂ ਔਰਤਾਂ ਨੂੰ ਗਰੀਬੀ ਦੇ ਨਾਲ ਜਾਤੀਗਤ ਅਸਮਾਨਤਾ ਅਤੇ ਲਿੰਗਕ ਅਸਮਾਨਤਾ ਦੀ ਦੋਹਰੀ-ਤਿਹਰੀ ਮਾਰ ਝੱਲਣੀ ਪੈਂਦੀ ਹੈ।

ਉਨ੍ਹਾਂ ਨੇ ਲਿਖਿਆ ਹੈ, "ਜਿਸ ਵੇਲੇ ਸਾਡੀਆਂ ਔਰਤਾਂ ਬੱਚਿਆਂ ਨੂੰ ਜਨਮ ਦਿੰਦੀਆਂ ਹਨ, ਉਨ੍ਹਾਂ ਦੇ ਘਰਾਂ ਵਿੱਚ ਛੱਤ ਤੱਕ ਨਹੀਂ ਹੁੰਦੀ ਹੈ, ਤਾਂ ਗਰਮੀ, ਬਾਰਿਸ਼ ਅਤੇ ਹਨੇਰੀ ਕਾਰਨ ਉਹ ਕਿੰਨੀਆਂ ਦੁਖੀ ਹੁੰਦੀਆਂ ਹੋਣਗੀਆਂ।"

"ਮਹਾਂਮਾਰੀ ਦੌਰਾਨ ਉਨ੍ਹਾਂ ਨਾਲ ਕੀ ਬੀਤਦਾ ਹੋਵੇਗਾ, ਇਸ 'ਤੇ ਆਪਣੇ ਅਨੁਭਵ ਨਾਲੋਂ ਵਿਚਾਰ ਕਰੋ। ਜੇਕਰ ਕਿਸੇ ਦਿਨ ਉਨ੍ਹਾਂ ਨੂੰ ਕੋਈ ਰੋਗ ਹੋ ਜਾਵੇ ਤਾਂ ਉਹ ਦਵਾਈ ਅਤੇ ਡਾਕਟਰ ਲਈ ਪੈਸੇ ਕਿੱਥੋ ਲਿਆਉਣਗੀਆਂ? ਤੁਹਾਡੇ ਵਿੱਚੋਂ ਕਿਹੜਾ ਸੰਭਾਵੀ ਡਾਕਟਰ ਹੈ ਜੋ ਮੁਫ਼ਤ ਦਵਾਈ ਦੇਵੇਗਾ।"

ਪੇਸ਼ਵਾ ਕਾਲ ਦੌਰਾਨ ਹੋਣ ਵਾਲੇ ਜਾਤੀ ਸ਼ੋਸ਼ਣ ਤੋਂ ਲੈ ਕੇ ਉਹ ਬ੍ਰਿਟਿਸ਼ ਕਾਲ ਵਿੱਚ ਬਦਲਾਅ ਤੱਕ ਨੂੰ ਰੇਖਾਂਕਿਤ ਕਰਦੀ ਹੈ। ਮੁਕਤਾ ਸਾਲਵੇ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਅੰਗਰੇਜ਼ਾਂ ਦੇ ਕਾਰਨ ਸਮਾਜ ਵਿੱਚ ਜਾਤ-ਪਾਤ ਦਾ ਡੰਕਾ ਘੱਟ ਗਿਆ ਸੀ।

ਉਹ ਆਪਣੇ ਲੇਖ ਵਿੱਚ ਸਮਾਜ ਸੁਧਾਰਕ ਬ੍ਰਾਹਮਣਾਂ ਦੇ ਕੰਮਾਂ ਦੀ ਸ਼ਲਾਘਾ ਵੀ ਕਰਦੀ ਹੈ। ਉਨ੍ਹਾਂ ਨੇ ਲਿਖਿਆ ਹੈ, "ਮੈਨੂੰ ਇਹ ਲਿਖਦਿਆਂ ਬਹੁਤ ਹੈਰਾਨੀ ਹੋ ਰਹੀ ਹੈ ਕਿ ਹੁਣ ਇੱਕ ਚਮਤਕਾਰ ਵਾਲੀ ਗੱਲ ਹੋ ਗਈ ਹੈ ਕਿ ਨਿਰਪੱਖ ਅਤੇ ਦਿਆਲੂ ਅੰਰਗੇਜ਼ ਸਰਕਾਰ ਸ਼ਾਸਨ ਕਰਨ ਆ ਗਈ ਹੈ।"

"ਜੋ ਬ੍ਰਾਹਮਣ ਸਾਨੂੰ ਮੁਸੀਬਤ ਦੇ ਰਹੇ ਸਨ, ਹੁਣ ਮੇਰੇ ਪਿਆਰੇ ਉਹੀ ਦੇਸ਼ ਵਾਸੀ, ਸਾਨੂੰ ਕਸ਼ਟ ਤੋਂ ਬਾਹਰ ਕੱਢਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਪਰ ਸਾਰੇ ਬ੍ਰਾਹਮਣ ਅਜਿਹੇ ਨਹੀਂ ਹਨ। ਜਿਨ੍ਹਾਂ ਦੇ ਵਿਚਾਰ ਸ਼ੈਤਾਨਾਂ ਵਾਂਗ ਹਨ ਉਹ ਸਾਡੇ ਨਾਲ ਪਹਿਲਾਂ ਵਾਂਗ ਹੀ ਨਫ਼ਰਤ ਕਰਦੇ ਹਨ।"

ਆਪਣੇ ਲੇਖ ਵਿੱਚ ਮੁਕਤਾ ਦਲਿਤਾਂ ਨੂੰ ਸਿੱਖਿਅਤ ਹੋਣ ਦੀ ਅਪੀਲ ਵੀ ਕਰਦੀ ਹੈ, ਉਹ ਲਿਖਦੀ ਹੈ ਕਿ 'ਅਗਿਆਨਤਾ ਦੂਰ ਕਰੋ, ਪੁਰਾਣੀਆਂ ਮਾਨਤਾਵਾਂ 'ਤੇ ਅੜੇ ਨਾ ਰਹੋ ਅਤੇ ਅਨਿਆਂ ਨੂੰ ਬਰਦਾਸ਼ਤ ਨਾ ਕਰੋ।'

ਮੁਕਤਾ ਸਾਲਵੇ ਦੀ ਇਹ ਲਿਖਤ ਵਾਰ-ਵਾਰ ਪੜ੍ਹਨ ਯੋਗ ਹੈ।

ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਸਿਰਫ਼ ਤਿੰਨ ਸਾਲ ਦੀ ਪੜ੍ਹਾਈ ਵਾਲੀ 14 ਸਾਲ ਦੀ ਕੁੜੀ ਇੰਨੀ ਸਪੱਸ਼ਟਤਾ ਨਾਲ ਕਿਵੇਂ ਲਿਖ ਸਕਦੀ ਹੈ।

ਉਸ ਦੀਆਂ ਲਿਖਤਾਂ ਵਿਚ ਵਿਸਥਾਰ ਦੇ ਨਾਲ-ਨਾਲ ਵੇਰਵੇ ਵੀ ਸ਼ਾਮਲ ਹਨ। ਇਸ ਦਾ ਸਿਹਰਾ ਫੂਲੇ ਜੋੜੇ ਦੀ ਸਿੱਖਿਆ ਨੂੰ ਜਿੰਨਾ ਦਿੱਤਾ ਜਾਂਦਾ ਹੈ, ਓਨਾਂ ਹੀ ਮੁਕਤਾ ਦੀ ਚਤੁਰਾਈ ਅਤੇ ਪ੍ਰਤਿਭਾ ਨੂੰ ਵੀ ਦਿੱਤਾ ਜਾਂਦਾ ਹੈ।

ਫੂਲੇ ਜੋੜੇ ਨੇ ਉਸ ਨੂੰ ਨਾ ਸਿਰਫ਼ ਸਿੱਖਿਆ ਦਿੱਤੀ ਸਗੋਂ ਉਸ ਵਿੱਚ ਸੱਚ ਦੀ ਖੋਜ ਕਰਨ ਦੀ ਪ੍ਰਵਿਰਤੀ ਵੀ ਵਿਕਸਿਤ ਕੀਤੀ।

ਮੁਕਤਾ ਸਾਲਵੇ

ਤਸਵੀਰ ਸਰੋਤ, SAVITRIBAI PHULE SMARAK

ਜਦੋਂ ਲੇਖ ਜਨਤਕ ਤੌਰ 'ਤੇ ਪੜ੍ਹਿਆ ਗਿਆ

ਫੂਲੇ ਜੋੜੇ ਨੇ ਮੁਕਤਾ ਨੂੰ ਸਵੈ-ਜਾਗਰੂਕਤਾ ਅਤੇ ਸਥਿਤੀ ਪ੍ਰਤੀ ਜਾਗਰੂਕਤਾ ਸਿਖਾਈ ਅਤੇ ਉਸ ਨੂੰ ਧਾਰਮਿਕ ਪ੍ਰਣਾਲੀ 'ਤੇ ਸਵਾਲ ਉਠਾਉਣਾ ਵੀ ਸਿਖਾਇਆ। ਇਸ ਨੂੰ ਅਸਲ ਮਿਆਰੀ ਸਿੱਖਿਆ ਮੰਨਿਆ ਜਾ ਸਕਦਾ ਹੈ।

ਮੁਕਤਾ ਦਾ ਇਹ ਲੇਖ 1855 ਵਿੱਚ ‘ਗਿਆਨੋਦਿਆ’ ਵਿੱਚ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਕਈ ਪਾਠਕਾਂ ਤੱਕ ਪਹੁੰਚਿਆ।

ਪਹਿਲਾ ਭਾਗ 15 ਫਰਵਰੀ (ਪਹਿਲਾ ਭਾਗ) ਅਤੇ ਦੂਜਾ ਭਾਗ 1 ਮਾਰਚ (ਦੂਜਾ ਭਾਗ) ਨੂੰ ਪ੍ਰਕਾਸ਼ਿਤ ਹੋਇਆ। ਬਾਅਦ ਵਿਚ ਇਸ ਲੇਖ ਦੇ ਜਵਾਬ ਵਿਚ ਦੋ ਚਿੱਠੀਆਂ ਵੀ ਛਪੀਆਂ।

ਉਸ ਸਮੇਂ ਗਿਆਨੋਦਿਆ ਈਸਾਈ ਮਿਸ਼ਨਰੀਆਂ ਦਾ ਹਫ਼ਤਾਵਾਰੀ ਅਖ਼ਬਾਰ ਸੀ। ਉਸੇ ਸਾਲ ਇਹ ਲੇਖ ਬ੍ਰਿਟਿਸ਼ ਸਰਕਾਰ ਦੀ ਤਰਫੋਂ ਬੰਬਈ ਸਟੇਟ ਐਜੂਕੇਸ਼ਨਲ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਮੁਕਤਾ ਨੂੰ ਵੀ ਇਸ ਲੇਖ ਨੂੰ ਭਾਰੀ ਭੀੜ ਦੇ ਸਾਹਮਣੇ ਇਹ ਲੇਖ ਪੜ੍ਹਨ ਦਾ ਮੌਕਾ ਮਿਲਿਆ।

ਜੋਤੀਬਾ ਦਾ ਸਨਮਾਨ ਸਮਾਰੋਹ ਵਿਸ਼ਰਾਮਬਾਗ ਵਾੜਾ ਵਿਖੇ ਪੂਨਾ ਕਾਲਜ ਦੇ ਪ੍ਰਿੰਸੀਪਲ, ਸਰਕਾਰੀ ਜੇਲ੍ਹ ਦੇ ਮੁਖੀ ਅਤੇ ਫੂਲੇ ਦੇ ਵਿਦਿਅਕ ਕਾਰਜਾਂ ਦੇ ਸ਼ੁਭਚਿੰਤਕ ਮੇਜਰ ਕੈਂਡੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

ਉੱਥੇ ਮੁਕਤਾ ਨੇ ਕਰੀਬ ਤਿੰਨ ਹਜ਼ਾਰ ਲੋਕਾਂ ਦੀ ਹਾਜ਼ਰੀ ਵਿੱਚ ਆਪਣਾ ਲੇਖ ਪੜ੍ਹਿਆ। ਇਹ ਸੁਣ ਕੇ ਮੇਜਰ ਕੈਂਡੀ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਉਸਦੀ ਤਾਰੀਫ ਕੀਤੀ ਅਤੇ ਮੁਕਤਾ ਨੂੰ ਚਾਕਲੇਟ ਤੋਹਫੇ ਵਿੱਚ ਦਿੱਤੀ।

ਤਾਂ ਮੁਕਤਾ ਨੇ ਕਿਹਾ, "ਸਰ, ਸਾਨੂੰ ਚਾਕਲੇਟ ਨਹੀਂ ਚਾਹੀਦੀ, ਸਾਨੂੰ ਲਾਇਬ੍ਰੇਰੀ ਚਾਹੀਦੀ ਹੈ।"

ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਕਿ ਉਸ ਸਮੇਂ ਇੱਕ ਦਲਿਤ ਕੁੜੀ ਲਈ ਕਿਤਾਬਾਂ ਅਤੇ ਲਾਇਬ੍ਰੇਰੀ ਦੀ ਮੰਗ ਕਰਨਾ ਕਿੰਨਾ ਅਸਾਧਾਰਨ ਰਿਹਾ ਹੋਵੇਗਾ।

ਮੁਕਤਾ ਸਾਲਵੇ

ਤਸਵੀਰ ਸਰੋਤ, GOVERNMENT OF MAHARASHTRA

ਪਹਿਲੀ ਦਲਿਤ ਔਰਤ ਲੇਖਕ

ਲੇਖ ਵਿੱਚ ਮੁਕਤਾ ਸਾਲਵੇ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਸਮਾਜਿਕ ਚੇਤਨਾ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨਿਆ ਗਿਆ।

ਬਹੁਜਨਾਂ ਦੀ ਜਾਗਰੂਕਤਾ ਲਈ ਕੰਮ ਕਰਨ ਵਾਲੇ ਮਹਾਤਮਾ ਫੂਲੇ, ਬਾਬਾ ਪਦਮਜੀ ਅਤੇ ਰੈਵਰੈਂਡ ਮਰੇ ਮਿਸ਼ੇਲ ਨੇ ਕਈ ਥਾਵਾਂ 'ਤੇ ਮੁਕਤਾ ਸਾਲਵੇ ਦੇ ਲੇਖ ਦਾ ਜ਼ਿਕਰ ਕੀਤਾ ਹੈ।

ਉੱਥੇ ਹੀ ਐੱਨਵੀ ਜੋਸ਼ੀ ਨੇ 1868 ਵਿੱਚ ਛਪੀ ਆਪਣੀ ਪੁਸਤਕ ‘ਪੁਣੇ ਵਰਣਨ’ ਵਿੱਚ ਮੁਕਤਾ ਦੇ ਲੇਖ ਦਾ ਇੱਕ ਹਿੱਸਾ ਛਾਪਿਆ ਸੀ।

ਮੂਲ ਰੂਪ ਵਿੱਚ ਮਰਾਠੀ ਵਿੱਚ ਲਿਖੇ ਗਏ ਇਸ ਲੇਖ ਦਾ ਅੰਗਰੇਜ਼ੀ ਅਨੁਵਾਦ ਸੂਸੀ ਥਾਰੂ ਅਤੇ ਕੇ ਕੇ ਲਲਿਤਾ ਨੇ ਕੀਤਾ ਸੀ ਅਤੇ ਅਨੁਵਾਦ 1991 ਵਿੱਚ ਪ੍ਰਕਾਸ਼ਿਤ 'ਵੂਮੈਨ ਰਾਈਟਿੰਗ ਇਨ ਇੰਡੀਆ: 600 ਬੀਸੀ ਟੂ ਪ੍ਰੈਜ਼ੈਂਟ' ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।

ਅੱਜ ਵੀ ਮੁਕਤਾ ਸਾਲਵੇ ਦਾ ਮੂਲ ਲੇਖ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਦੇ ਨਾਲ ਇੰਟਰਨੈੱਟ 'ਤੇ ਉਪਲਬਧ ਹੈ।

'ਮਾਂਗ ਅਤੇ ਮਹਾਰਾਂ ਦਾ ਪੀੜਾ' ਲੇਖ ਲਿਖਣ ਵਾਲੀ ਚੌਦਾਂ ਸਾਲਾਂ ਦੀ ਮੁਕਤਾ ਸਾਲਵੇ ਨੂੰ ਪਹਿਲੀ ਦਲਿਤ ਔਰਤ ਲੇਖਕ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ, ਪਰ ਇਸ ਲੇਖ ਤੋਂ ਬਾਅਦ ਉਸ ਨੇ ਅੱਗੇ ਕੀ ਲਿਖਿਆ ਜਾਂ ਉਨ੍ਹਾਂ ਦਾ ਜੀਵਨ ਕਿਸ ਤਰ੍ਹਾਂ ਰਿਹਾ, ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ 'ਤੇ ਮਰਾਠੀ ਇਤਿਹਾਸਕਾਰਾਂ ਦੀ ਨਜ਼ਰ ਵੀ ਨਹੀਂ ਗਈ ਹੋਵੇਗੀ ਕਿਉਂਕਿ ਉਸ ਸਮੇਂ ਦੇ ਜ਼ਿਆਦਾਤਰ ਇਤਿਹਾਸਕਾਰ ਉੱਚ ਜਾਤੀਆਂ ਨਾਲ ਸਬੰਧਤ ਸਨ।

ਦਲਿਤ ਸਾਹਿਤ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਮੁਕਤਾ ਸਾਲਵੇ ਦੇ ਲੇਖ ਦੇ ਪ੍ਰਕਾਸ਼ਨ ਤੋਂ ਲਗਭਗ ਸੌ ਸਾਲ ਬਾਅਦ 1950 ਵਿੱਚ ਸ਼ੁਰੂ ਹੁੰਦੀ ਹੈ।

ਐੱਸਜੀ ਮਾਲੀ ਅਤੇ ਹਰੀ ਨਰਕੇ ਵਰਗੇ ਵਿਦਵਾਨਾਂ ਦਾ ਮੰਨਣਾ ਹੈ ਕਿ ਮੁਕਤਾ ਸਾਲਵੇ ਦਾ ਕੰਮ ਇਤਿਹਾਸ ਵਿੱਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਔਰਤਾਂ ਜਾਂ ਦਲਿਤਾਂ ਦੇ ਕੰਮ ਨੂੰ ਯੋਜਨਾਬੱਧ ਢੰਗ ਨਾਲ ਨਜ਼ਰਅੰਦਾਜ਼ ਕੀਤਾ ਗਿਆ ਹੈ।

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਅੰਗਰੇਜ਼ਾਂ ਕਾਰਨ ਹੀ ਮੁਕਤਾ ਸਾਲਵੇ ਦਾ ਪਹਿਲਾ ਅਤੇ ਇਕਲੌਤਾ ਲੇਖ ਬਚਿਆ ਹੋਇਆ ਹੈ।

ਇਸ ਲੇਖ ਨੂੰ ਪੜ੍ਹਨਾ ਅੱਜ ਵੀ ਚੁਣੌਤੀਪੂਰਨ ਅਤੇ ਪ੍ਰੇਰਨਾਦਾਇਕ ਹੈ। ਇਹੀ ਕਾਰਨ ਹੈ ਕਿ ਮੁਕਤਾ ਸਾਲਵੇ ਬਾਰੇ ਬਹੁਤਾ ਪਤਾ ਨਾ ਹੋਣ ਦੇ ਬਾਵਜੂਦ ਉਸ ਦੇ ਪਹਿਲੀ ਦਲਿਤ ਔਰਤ ਲੇਖਕ ਹੋਣ ਬਾਰੇ ਕੋਈ ਵਿਵਾਦ ਨਹੀਂ ਹੈ।

(ਲੇਖਿਕਾ ਫੋਟੋਗ੍ਰਾਫਰ, ਫਿਲਮਾ ਨਿਰਮਾਤਾ ਅਤੇ ਔਰਤਾਂ ਦੇ ਮੁੱਦਿਆਂ ਦੀ ਵਿਦਵਾਨ ਹੈ। ਇਸ ਲੇਖ ਵਿੱਚ ਸਾਂਝੇ ਕੀਤੇ ਵਿਚਾਰ ਲੇਖਿਕਾ ਦੇ ਨਿੱਜੀ ਵਿਚਾਰ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)