ਜੇ ਤੁਹਾਡਾ ਮਲ ਪਾਣੀ ਵਿੱਚ ਤੈਰਨ ਲੱਗੇ ਤਾਂ ਇਸ ਤੋਂ ਸਿਹਤ ਦਾ ਇਹ ਰਹੱਸ ਖੁੱਲਦਾ ਹੈ

ਮਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂ ਵਿੱਚ ਸੋਚਿਆ ਗਿਆ ਕਿ ਸਾਡੇ ਮਲ ਦੇ ਤੈਰਨ ਪਿੱਛੇ ਇੱਕ ਕਾਰਨ ਮਲ ਵਿੱਚ ਫੈਟ(ਚਰਬੀ) ਦੀ ਮਾਤਰਾ ਹੋ ਸਕਦੀ ਹੈ
    • ਲੇਖਕ, ਰਿਚਰਡ ਗਰੇ
    • ਰੋਲ, ਬੀਬੀਸੀ ਪੱਤਰਕਾਰ

ਮਨੁੱਖੀ ਮਲ ਕਈ ਵਾਰੀ ਫਲੱਸ਼ ਵਿੱਚ ਤੈਰਦਾ ਕਿਉਂ ਹੈ ਇਸ ਰਾਜ਼ ਤੋਂ ਹੁਣ ਪਰਦਾ ਉੱਠ ਗਿਆ ਹੈ। ਇਸ ਸਵਾਲ ਦਾ ਜਵਾਬ ਸਾਡੇ ਢਿੱਡ ਵਿੱਚ ਰਹਿ ਰਹੇ ਜੀਵਾਣੂਆਂ ਦੀ ਸਿਹਤ ਨਾਲ ਜੁੜਿਆ ਹੋ ਸਕਦਾ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਨਿਕਲੀਏ, ਨਾਗਾਰਾਜਨ ਕੰਨਨ ਇੱਕ ਹੋਰ ਸਵਾਲ ਕਰਦੇ ਹਨ। “ਤੁਹਾਡਾ ਮਲ ਤੈਰਦਾ ਹੈ ਜਾਂ ਡੁੱਬ ਜਾਂਦਾ ਹੈ?”

ਕਿਸੇ ਵੀ ਅਜਨਬੀ ਨੂੰ ਪੁੱਛਣ ਲਈ ਇਹ ਕਿੰਨਾ ਵੀ ਅਜੀਬ ਸਵਾਲ ਕਿਉਂ ਨਾ ਹੋਵੇ ਪਰ ਅਮਰੀਕਾ, ਮਿਨੀਸੋਟਾ ਦੇ ਮਾਇਓ ਕਲੀਨਿਕ ਦੀ ਸਟੈਮ ਸੈੱਲ ਅਤੇ ਕੈਂਸਰ ਬਾਇਓਲੋਜੀ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਵਜੋਂ ਕੰਮ ਕਰਦੇ ਨਾਗਾਰਾਜਨ ਨੂੰ ਇਸ ਸਵਾਲ ਨੇ ਪ੍ਰੇਰਿਆ ਅਤੇ ਉਹ ਇਸ ਦੀ ਖੋਜ ਕਰਨ ਲੱਗੇ।

ਕੰਨਨ ਦੇ ਦਿਨ ਦਾ ਜ਼ਿਆਦਾਤਰ ਸਮਾਂ ਛਾਤੀ ਦੇ ਕੈਂਸਰ ਦੇ ਸੈੱਲ ਅਤੇ ਮੌਲੀਕਿਊਲਰ ਬਣਤਰਾਂ ਦਾ ਕਾਰਨ ਬਣਨ ਵਾਲੀਆਂ ਸੰਰਚਨਾਵਾਂ ਦੇ ਅਧਿਐਨ ਵਿੱਚ ਬੀਤਦਾ ਹੈ।

ਹਾਲਾਂਕਿ ਆਪਣੇ ਦਿਨ ਦੀਆਂ ਕੁਝ ਸੀਮਤ ਵਿਹਲੀਆਂ ਘੜੀਆਂ ਵਿੱਚ ਉਨ੍ਹਾਂ ਦਾ ਧਿਆਨ ਇਸ ਸਵਾਲ ਵੱਲ ਹੁੰਦਾ ਹੈ ਕਿ ਕਿਉਂ ਕਈ ਵਾਰ ਮਨੁੱਖੀ ਮਲ ਪਾਣੀ ’ਚ ਤੈਰਨ ਲੱਗ ਜਾਂਦਾ ਹੈ।

ਸਾਡੇ ਵਿੱਚੋਂ ਸਾਰਿਆਂ ਨਾਲ ਜ਼ਿੰਦਗੀ ਵਿੱਚ ਕਦੇ ਨਾ ਕਦੇ ਤਾਂ ਅਜਿਹਾ ਜ਼ਰੂਰ ਹੋਇਆ ਹੋਵੇਗਾ ਕਿ ਮਲ ਕੋਸ਼ਿਸ਼ਾਂ ਦੇ ਬਾਵਜੂਦ ਫਲੱਸ਼ ਵਿੱਚ ਨਹੀਂ ਜਾਂਦਾ।

ਇਹ ਜਾਂ ਤਾਂ ਪਾਣੀ ਉੱਤੇ ਹੀ ਤੈਰਦਾ ਰਹਿੰਦਾ ਹੈ ਜਾਂ ਕਿਸੇ ਰਬੜ ਦੇ ਖਿਡੌਣੇ ਵਾਂਗ ਜ਼ੋਰ ਨਾਲ ਉੱਪਰ ਵੱਲ ਆਉਂਦਾ ਹੈ। ਜਦਕਿ ਕਈ ਵਾਰ ਇਹ ਪਾਣੀ ਵਿੱਚ ਬਿਨਾਂ ਕੋਈ ਨਿਸ਼ਾਨ ਛੱਡਿਆਂ ਰੁੜ੍ਹ ਜਾਂਦਾ ਹੈ ਭਾਵ ਫਲੱਸ਼ ਹੋ ਜਾਂਦਾ ਹੈ।

ਕੰਨਨ ਦਾ ਮੰਨਣਾ ਹੈ ਕਿ ਇਸ ਤੋਂ ਸਾਡੇ ਢਿੱਡ ਵਿੱਚ ਰਹਿ ਰਹੇ ਸੂਖਮ ਬੈਕਟੀਰੀਆ ਦੀ ਸਿਹਤ ਬਾਰੇ ਬਹੁਤ ਹੀ ਕੀਮਤੀ ਜਾਣਕਾਰੀ ਮਿਲ ਸਕਦੀ ਹੈ।

ਕੀ ਕਾਰਨ ਹੋ ਸਕਦਾ ਹੈ

ਮਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਸ ਮਲ ਵਿੱਚ ਗੈਸ ਜ਼ਿਆਦਾ ਹੁੰਦੀ ਹੈ ਉਹ ਤੈਰਦਾ ਹੈ ਅਤੇ ਜਿਸ ਵਿੱਚ ਘੱਟ ਉਹ ਡੁੱਬ ਜਾਂਦਾ ਹੈ

ਸ਼ੁਰੂ ਵਿੱਚ ਸੋਚਿਆ ਗਿਆ ਕਿ ਸਾਡੇ ਮਲ ਦੇ ਤੈਰਨ ਪਿੱਛੇ ਇੱਕ ਕਾਰਨ ਮਲ ਵਿੱਚ ਫੈਟ(ਚਰਬੀ) ਦੀ ਮਾਤਰਾ ਹੋ ਸਕਦੀ ਹੈ।

ਹਾਲਾਂਕਿ 1970 ਦੇ ਦਹਾਕੇ ਦੌਰਾਨ ਮਿਨੀਸੋਟਾ ਯੂਨੀਵਰਸਿਟੀ ਦੇ ਕੁਝ ਆਂਦਰਾਂ ਅਤੇ ਸੰਬੰਧਿਤ ਅੰਗਾਂ ਦੇ ਵਿਕਾਰਾਂ ਦੇ ਮਾਹਰ (ਗੈਸਟ੍ਰੋਐਂਟਰੌਲੋਜਿਸਟ) ਡਾਕਟਰਾਂ ਨੇ ਇਸ ਬਾਰੇ ਕੁਝ ਪ੍ਰਯੋਗ ਕਰਨ ਦਾ ਮਨ ਬਣਾਇਆ।

ਉਨ੍ਹਾਂ ਨੇ ਆਪਣੇ ਸਮੇਤ 39 ਹੋਰ ਵਲੰਟੀਅਰਾਂ ਦੇ ਮਲ ਦਾ ਅਧਿਐਨ ਕੀਤਾ। ਪ੍ਰਯੋਗ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਲ ਦੇ ਤੈਰਨ ਦਾ ਕਾਰਨ ਚਰਬੀ ਨਹੀਂ ਸਗੋਂ ਉਸ ਵਿਚਲੀ ਗੈਸ ਹੈ ।

ਉਨ੍ਹਾਂ ਨੇ ਦੇਖਿਆ ਕਿ ਜੇਕਰ ਮਲ ਵਿੱਚੋਂ ਗੈਸ ਖਤਮ ਕਰ ਦਿੱਤੀ ਜਾਵੇ ਤਾਂ ਉਹ ਕਿਸੇ ਇੱਟ ਵਾਂਗ ਡੁੱਬ ਜਾਂਦਾ ਹੈ।

ਉਨ੍ਹਾਂ ਨੇ ਨਤੀਜਾ ਕੱਢਿਆ ਕਿ ਇਸ ਫ਼ਰਕ ਦਾ ਕਾਰਨ ਮਲ ਵਿਚ ਮੌਜੂਦ ਮੀਥੇਨ ਗੈਸ ਦੀ ਮਾਤਰਾ ਵਿਚਲਾ ਅੰਤਰ ਸੀ।

ਜਿਸ ਮਲ ਵਿੱਚ ਗੈਸ ਜ਼ਿਆਦਾ ਹੁੰਦੀ ਹੈ ਉਹ ਤੈਰਦਾ ਹੈ ਅਤੇ ਜਿਸ ਵਿੱਚ ਘੱਟ ਉਹ ਡੁੱਬ ਜਾਂਦਾ ਹੈ।

ਇਸੇ ਤੋਂ ਕੰਨਨ ਨੂੰ ਆਪਣੀ ਖੋਜ ਦਾ ਖੇਤਰ ਮਿਲਿਆ। ਪਿਛਲੇ ਸਾਲਾਂ ਦੌਰਾਨ ਸਾਇੰਸ ਨੇ ਸਾਡੀ ਸਿਹਤ ਵਿੱਚ ਮਾਈਕ੍ਰੋਬਾਇਓਟਾ(ਜੀਵਾਣੂਆਂ) ਦੀ ਅਹਿਮ ਭੂਮਿਕਾ ਬਾਰੇ ਬਹੁਤ ਕੁਝ ਜਾਣਿਆ ਹੈ।

ਇਹ ਸੂਖਮ ਜੀਵਮੋਟਾਪੇ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੱਕ — ਸਾਡੀ ਸਿਹਤ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕਰਦੇ ਹਨ।

ਕੰਨਨ ਨੂੰ ਲਗਦਾ ਹੈ ਕਿ ਸਾਡੇ ਢਿੱਡ ਵਿੱਚ ਰਹਿਣ ਵਾਲੇ 100 ਕਰੋੜ ਸੂਖਮ ਜੀਵ, ਫੰਗੀ, ਅਤੇ ਹੋਰ ਸੂਖਮ ਜੀਵ ਹੀ ਸਾਡੇ ਮਲ ਦੇ ਤੈਰਨ ਜਾਂ ਡੁੱਬਣ ਲਈ ਜ਼ਿੰਮੇਵਾਰ ਹਨ।

ਉਹ ਕਹਿੰਦੇ ਹਨ, “ਸਾਡੇ ਮਲ ਵਿੱਚ ਜ਼ਿਆਦਾਤਰ ਰੂਪ ਵਟਾ ਚੁੱਕੇ ਭੋਜਨ ਦੇ ਅੰਸ਼ ਹੁੰਦੇ ਹਨ ਜੋ ਇੱਕ ਬੈਕਟੀਰੀਆ ਨਾਲ ਭਰਪੂਰ ਪੁੰਜ ਬਣਾਉਂਦੇ ਹਨ।”

ਇਹ ਵੀ ਪੜ੍ਹੋ-

ਚੂਹਿਆਂ 'ਤੇ ਕੀਤੇ ਅਧਿਐੱਨ ਵਿੱਚ ਕੀ ਸਾਹਮਣੇ ਆਇਆ

ਮਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਪਣੀ ਧਾਰਨਾ ਦੀ ਜਾਂਚ ਲਈ ਉਨ੍ਹਾਂ ਨੇ ਮਾਇਓ ਕਲੀਨਿਕ ਦੀ ਪ੍ਰਯੋਗਸ਼ਾਲਾ ਵਿੱਚ ਅਤਿ ਦੇ ਸ਼ੁੱਧ ਚੌਗਿਰਦੇ ਵਿੱਚ ਪਾਲੇ ਗਏ ਚੂਹਿਆਂ ਦੀਆਂ ਮੀਂਗਣਾਂ ਦਾ ਅਧਿਐਨ ਕੀਤਾ। ਇਨ੍ਹਾਂ ਚੂਹਿਆਂ ਦੇ ਢਿੱਡ ਵਿੱਚ ਕੋਈ ਵੀ ਬੈਕਟੀਰੀਆ ਨਹੀਂ ਸੀ।

ਆਪਣੇ ਪ੍ਰੀਖਣਾਂ ਵਿੱਚ ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਚੂਹਿਆਂ ਦੀਆਂ ਮੀਂਗਣਾਂ ਤੁਰੰਤ ਹੀ ਪਾਣੀ ਵਿੱਚ ਡੁੱਬ ਗਈਆਂ ਜਦਕਿ ਢਿੱਡ ਵਿੱਚ ਬੈਕਟੀਰੀਆ ਵਾਲੇ ਚੂਹਿਆਂ ਦੀਆਂ 50% ਮੀਂਗਣਾਂ ਡੁੱਬਣ ਤੋਂ ਪਹਿਲਾਂ ਤੈਰਦੀਆਂ ਰਹੀਆਂ।

ਹੋਰ ਧਿਆਨ ਨਾਲ ਦੇਖੇ ਤੋਂ ਕਾਰਨ ਬਿਲਕੁਲ ਸਪਸ਼ਟ ਹੋ ਗਿਆ।

ਉਹ ਕਹਿੰਦੇ ਹਨ, “ਕੀਟਾਣੂ-ਰਹਿਤ ਮਲ ਵਿੱਚ ਭੋਜਨ ਦੇ ਇੰਨੇ ਮਹੀਨ ਕਣ ਹੁੰਦੇ ਹਨ ਜੋ ਖੁਰਦਬੀਨ ਵਿੱਚ ਵੀ ਦੇਖਣੇ ਮੁਸ਼ਕਿਲ ਹੋਣ। ਇਸ ਦੀ ਸੰਘਣਤਾ ਸੂਖਣ ਜੀਵਾਂ ਨਾਲ ਭਰਭੂਰ ਮਲ ਨਾਲੋਂ ਜ਼ਿਆਦਾ ਹੁੰਦੀ ਹੈ।”

ਫਿਰ ਉਨ੍ਹਾਂ ਨੇ ਜਰਮ-ਮੁਕਤ ਚੂਹਿਆਂ ਦੀਆਂ ਆਂਦਰਾਂ ਵਿੱਚ ਵੀ ਸਧਾਰਨ ਚੂਹਿਆਂ ਵਾਲੇ ਬੈਕਟੀਰੀਆ ਰੱਖੇ ਅਤੇ ਨਤੀਜੇ ਵਜੋਂ ਉਨ੍ਹਾਂ ਦੀਆਂ ਮੀਂਗਣਾਂ ਵੀ ਤੈਰਨ ਲੱਗ ਪਈਆਂ।

ਦੇਖਿਆ ਗਿਆ ਕਿ ਕਿ ਜਦੋਂ ਚੂਹਿਆਂ ਨੂੰ ਮਨੁੱਖੀ ਬੈਕਟੀਰੀਆ (ਦਾਨੀਆਂ ਤੋਂ ਲਏ ਗਏ) ਵੀ ਦਿੱਤੇ ਗਏ ਤਾਂ ਵੀ ਉਨ੍ਹਾਂ ਦੀਆਂ ਮੀਂਗਣਾਂ ਤੈਰਾਨ ਲੱਗੀਆਂ।

ਮਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੰਨਨ ਕਹਿੰਦੇ ਹਨ, “ਲਗਦਾ ਹੈ ਜਦੋਂ ਇਹ ਬੈਕਟੀਰੀਆ ਢਿੱਡ ਵਿੱਚ ਸੈੱਟ ਹੋ ਕੇ ਬੈਠ ਜਾਂਦੇ ਹਨ ਤਾਂ ਇਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਉਹ ਹੈ ਮਲ ਤੈਰਾਉਣਾ ਹੈ ਫਿਰ ਇਹ ਬੈਕਟੀਰੀਆ ਕਿਸੇ ਵੀ ਪ੍ਰਜਾਤੀ ਤੋਂ ਵੀ ਆਏ ਹੋਣ।”

ਚੂਹਿਆਂ ਦੀਆਂ ਮੀਂਗਣਾਂ ਦੇ ਅਧਿਐਨ ਤੋਂ ਉਨ੍ਹਾਂ ਨੇ ਦੇਖਿਆ ਕਿ ਮਲ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਵਿੱਚ 10 ਕਿਸਮ ਦੇ ਬੈਕਟੀਰੀਆ ਅਜਿਹੇ ਹਨ ਜੋ ਗੈਸ ਪੈਦਾ ਕਰਨ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹਨ।

ਇਨ੍ਹਾਂ ਵਿੱਚੋਂ ਪ੍ਰਮੁੱਖ ਹੈ ਬੈਕਟੀਰੋਡਿਸ ਓਵੇਟਸ ਜੋ ਕਿ ਕਾਰਬੋਹਾਈਡਰੇਟਸ ਨੂੰ ਤੋੜਨ ਦੀ ਪ੍ਰਕਿਰਿਆ ਦੌਰਾਨ ਗੈਸ ਪੈਦਾ ਕਰਦਾ ਹੈ।ਮਨੁੱਖਾਂ ਵਿੱਚ ਢਿੱਡ ਦੀ ਗੈਸ ਦੀ ਜ਼ਿਆਦਾਤਰ ਵਜ੍ਹਾ ਇਹੀ ਬੈਕਟੀਰੀਆ ਹੁੰਦਾ ਹੈ।

ਹਾਲਾਂਕਿ ਚੂਹਿਆਂ ਉੱਪਰ ਖੋਜ ਦੇ ਨਤੀਜਿਆਂ ਬਾਰੇ ਸਾਵਧਾਨੀ ਜ਼ਰੂਰੀ ਹੈ। ਇਹ ਨਤੀਜੇ ਮਨੁੱਖਾਂ ਲਈ ਕਿੰਨੇ ਕੁ ਪ੍ਰਸੰਗਿਕ ਹਨ ਇਸ ਦੀ ਪੁਸ਼ਟੀ ਅਜੇ ਕੀਤੀ ਜਾਣੀ ਰਹਿੰਦੀ ਹੈ।

ਜੀਵਨ ਜਾਚ ਵੀ ਹੋ ਸਕਦੀ ਹੈ ਕਾਰਨ

ਜੀਵਨ ਜਾਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਡੇ ਢਿੱਡ ਦੇ ਵਸਨੀਕ ਬੈਕਟੀਰੀਆ ਦੀ ਅਬਾਦੀ ਨੂੰ ਕਈ ਕਾਰਕ ਪ੍ਰਭਾਵਿਤ ਕਰ ਸਕਦੇ ਹਨ

ਕੰਨਨ ਮੰਨਦੇ ਹਨ ਕਿ ਮਲ ਦਾ ਤਰਨਾ ਜਾਂ ਡੁੱਬਣਾ ਸਾਡੇ ਢਿੱਡ ਵਿੱਚ ਰਹਿੰਦੇ ਬੈਕਟੀਰੀਆ ਦੀ ਅਬਾਦੀ ਵਿੱਚ ਆਏ ਬਦਲਾਅ ਦਾ ਸੰਕੇਤ ਹੋ ਸਕਦਾ ਹੈ।

ਕਿਹੜੀ ਕਿਸਮ ਦੇ ਬੈਕਟੀਆ ਵਧੇ ਜਾਂ ਘਟੇ ਹਨ, ਇਸ ਨਾਲ ਢਿੱਡ ਵਿੱਚ ਬੈਕਟੀਰੀਆ ਦੀਆਂ ਕਿਸਮਾਂ ਦੇ ਅਨੁਪਾਤ ਵਿੱਚ ਫੇਰ-ਬਦਲ ਕਰਕੇ ਇਸ ਸਵਾਲ ਦਾ ਉੱਤਰ ਤਲਾਸ਼ਿਆ ਜਾ ਸਕਦਾ ਹੈ।

ਕੰਨਨ ਕਹਿੰਦੇ ਹਨ, “ਹਾਲਾਂਕਿ ਮਲ ਤੈਰਦੀ ਹੈ ਜਾਂ ਡੁੱਬਦੀ ਹੈ ਹੁਣ ਇਸ ਵਿਸ਼ੇ ਉੱਪਰ ਖੋਜ ਕਰਨ ਲਈ ਪੈਸੇ (ਫੰਡਿੰਗ) ਦਾ ਇੰਤਜ਼ਾਮ ਕਰਨਾ ਕੋਈ ਸੌਖਾ ਕੰਮ ਤਾਂ ਨਹੀਂ ਹੈ।”

ਸਾਡੇ ਢਿੱਡ ਦੇ ਵਸਨੀਕ ਬੈਕਟੀਰੀਆ ਦੀ ਅਬਾਦੀ ਨੂੰ ਕਈ ਕਾਰਕ ਪ੍ਰਭਾਵਿਤ ਕਰ ਸਕਦੇ ਹਨ। ਜਿਵੇਂ—ਸਿਗਰਟ ਨੋਸ਼ੀ, ਸਾਡੀ ਖੁਰਾਕ, ਤਣਾਅ ਅਤੇ ਕਈ ਕਿਸਮ ਦੀਆਂ ਦਵਾਈਆਂ ਜੋ ਅਸੀਂ ਸਮੇਂ-ਸਮੇਂ ’ਤੇ ਲੈਂਦੇ ਰਹਿੰਦੇ ਹਾਂ।

ਕੰਨਨ ਹੁਣ ਉਨ੍ਹਾਂ ਹਾਲਤਾਂ ਬਾਰੇ ਜਾਨਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਇਹ ਗੈਸ ਪੈਦਾ ਕਰਨ ਵਾਲੇ ਬੈਕਟੀਰੀਆ ਇੰਨੇ ਵਧਦੇ-ਫੁਲਦੇ ਹਨ।

“ਤੁਸੀਂ ਭਾਵੇਂ ਕਿਸ ਸਮਾਜਿਕ ਇਕੱਠ ਵਿੱਚ ਹੋਵੋ ਜਾਂ ਕਿਸੇ ਪੁਲਾੜ ਯਾਤਰਾ ਉੱਤੇ। ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਤਾਂ ਕਦੇ ਵੀ ਨਹੀਂ ਬੈਠਣਾ ਚਾਹੋਗੇ ਜਿਸਦੇ ਢਿੱਡ ਵਿੱਚ ਇਹ ਗੈਸ ਪੈਦਾ ਕਰਨ ਵਾਲੇ ਕੀੜੇ ਰਹਿੰਦੇ ਹੋਣ।”

ਇਹ ਇੱਕ ਗੰਦਾ ਕੰਮ ਹੈ ਪਰ ਕਿਸੇ ਨੇ ਤਾਂ ਕਰਨਾ ਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)