ਯਮਲਾ ਜੱਟ: ਤੂੰਬੀ ਦੀ ਖੋਜ ਕਰਨ ਵਾਲਾ ਲਾਲ ਚੰਦ ਕਿਵੇਂ ‘ਯਮਲਾ ਜੱਟ’ ਬਣਿਆ ਤੇ ਲੋਕਾਂ ਦੇ ਦਿਲਾਂ ’ਚ ਵਸਿਆ

- ਲੇਖਕ, ਮਨਦੀਪ ਸਿੱਧੂ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬੀ ਗਾਇਕੀ ਵਿੱਚ ਜਦੋਂ ਵੀ ਤੂੰਬੀ ਦਾ ਜ਼ਿਕਰ ਆਉਂਦਾ ਹੈ ਤਾਂ ਮਰਹੂਮ ਗਾਇਕ ਯਮਲਾ ਜੱਟ ਦਾ ਨਾਂ ਆਪਣੇ ਆਪ ਹਰ ਕਿਸੇ ਦੀ ਜ਼ਬਾਨ ਉੱਤੇ ਆ ਜਾਂਦਾ ਹੈ।
ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਤੂੰਬੀ ਦੀ ਟੁਣਕਾਰ ਨਾਲ ਗੀਤ ਗਾਉਣ ਵਾਲੇ ਮਰਹੂਮ ਗਾਇਕ ਯਮਲਾ ਜੱਟ ਦਾ ਅਸਲ ਨਾਂ ਲਾਲ ਚੰਦ ਸੀ।
ਕਲਾ ਤੇ ਸੰਗੀਤ ਹਲਕੇ ਉਨ੍ਹਾਂ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਨਾਂ ਨਾਲ ਸਤਿਕਾਰਦੇ ਹਨ।
ਲਾਲ ਚੰਦ ਯਮਲਾ ਜੱਟ ਦਾ ਜਨਮ 28 ਮਾਰਚ 1910 ਨੂੰ ਪਿੰਡ ਈਸਪੁਰ, ਚੱਕ ਨੰਬਰ 384, ਵਿੱਚ ਹੋਇਆ ਸੀ।
ਇਹ ਥਾਂ ਪਾਕਿਸਤਾਨ ਦੇ ਮੌਜੂਦਾ ਜ਼ਿਲ੍ਹਾ ਟੋਭਾ ਟੇਕ ਸਿੰਘ ਵਿੱਚ ਪੈਂਦੀ ਹੈ ਅਤੇ ਉਸ ਵੇਲੇ ਇਹ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ।
ਉਨ੍ਹਾਂ ਦੇ ਪਿਤਾ ਦਾ ਨਾਮ ਖੇੜਾ ਰਾਮ ਝੰਜੋਤਰਾ (ਗਵੱਈਆ) ਅਤੇ ਮਾਤਾ ਦਾ ਨਾਮ ਬੀਬੀ ਹਰਨਾਮ ਕੌਰ ਸੀ।
ਉਨ੍ਹਾਂ ਦੇ ਦਾਦਾ ਝੰਡਾ ਰਾਮ ਵੰਝਲੀ ਵਾਦਕ ਸਨ।
ਲਾਲ ਚੰਦ ਅਜੇ 7 ਸਾਲਾਂ ਦੇ ਬਾਲ ਸਨ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।
ਇਸ ਔਖੀ ਘੜੀ ’ਚੋਂ ਲੰਘਦਿਆਂ ਉਹ ਆਪਣੇ ਪਰਿਵਾਰ ਨਾਲ ਚੱਕ ਚੂਹੜ ਸਿੰਘ ਨੰਬਰ 224 (ਲਾਇਲਪੁਰ) ਰਹਿੰਦੇ ਆਪਣੇ ਨਾਨਾ ਗੂੜ੍ਹਾ ਰਾਮ ਕੋਲ ਆ ਗਏ, ਜਿਨ੍ਹਾਂ ਦੀ ਦੇਖਰੇਖ ਵਿੱਚ ਉਨ੍ਹਾਂ ਦੀ ਪਰਵਰਿਸ਼ ਹੋਈ।

ਤਸਵੀਰ ਸਰੋਤ, Mandeep Singh Sidhu
ਦਰਗਾਹ ਤੋਂ ਮਿਲਿਆ ‘ਵਰਦਾਨ’
ਉਨ੍ਹਾਂ ਦੇ ਪਰਿਵਾਰ ਵਿੱਚ ਇਹ ਮਾਨਤਾ ਹੈ ਕਿ ਲਾਲ ਚੰਦ ਦੀ ਮਾਤਾ ਬੀਬੀ ਹਰਨਾਮ ਕੌਰ ਚੱਕ ਨੰਬਰ 384 ਵਿਖੇ ਪੀਰ ਕਟੋਰੇ ਸ਼ਾਹ ਦੇ ਦਰਬਾਰ ਉੱਤੇ ਸੇਵਾ ਕਰਨ ਜਾਂਦੀ ਸੀ।
ਉਸ ਦੀ ਵਜ੍ਹਾ ਇਹ ਸੀ ਕਿ ਉਨ੍ਹਾਂ ਦੇ ਘਰ ਹੁੰਦਿਆਂ ਹੀ ਔਲਾਦ ਮਰ ਜਾਂਦੀ ਸੀ।
ਇਹ ਕਿਹਾ ਜਾਂਦਾ ਹੈ ਕਿ ਦਰਗਾਹ ਦੇ ਗੱਦੀਨਸ਼ੀਨ ਸਾਈਂ ਨੇ ਇਹ ਬੋਲ ਕੀਤੇ ਸਨ ਕਿ ਤੇਰੇ ਘਰ ਇੱਕ ਅਜਿਹੀ ਔਲਾਦ ਪੈਦਾ ਹੋਵੇਗੀ, ਜਿਸ ਨੂੰ ਦੁਨੀਆ ਸਜਦਾ ਕਰੇਗੀ।
ਉਸ ਔਲਾਦ ਦੇ ਰੂਪ ਵਿੱਚ ਪਹਿਲਾਂ ਯਮਲਾ ਜੱਟ ਤੇ ਫਿਰ ਇਨ੍ਹਾਂ ਦੇ ਭਰਾ ਚੁੰਨੀ ਲਾਲ, ਬਿਹਾਰੀ ਲਾਲ, ਕਮਲਾ ਜੱਟ ਤੇ ਜਾਗਰ ਚੰਦ ਦੀ ਪੈਦਾਇਸ਼ ਹੋਈ।
ਗਾਇਕੀ ਦੀ ਤਾਲੀਮ

ਤਸਵੀਰ ਸਰੋਤ, Mandeep Singh Sidhu
ਬੇਸ਼ੱਕ ਉਨ੍ਹਾਂ ਦੇ ਪਿਤਾ ਖੇੜਾ ਰਾਮ ਅਤੇ ਨਾਨਾ ਗੂੜ੍ਹਾ ਰਾਮ ਉਸ ਵੇਲੇ ਇਲਾਕੇ ਦੇ ਮੰਨੇ ਹੋਏ ਗਵੱਈਏ ਸਨ।
ਪਰ ਨਿੱਕੇ ਹੁੰਦਿਆਂ ਉਨ੍ਹਾਂ ਨੂੰ ਗਾਇਕਾ ਖ਼ੁਰਸ਼ੈਦਾ ਬੇਗਮ ਦੇ ਗਾਏ ਗੀਤ ‘ਅੱਖੀਆਂ ਕਰਮਾਂ ਸੜੀਆਂ ਜਿਹੜੀਆਂ ਨਾਲ ਸੱਜਣ ਦੇ ਲੜੀਆਂ’ ਨੇ ਹੀ ਕਾਇਲ ਕੀਤਾ ਸੀ।
ਫਿਰ ਗਾਇਕੀ ਦੀ ਖਿੱਚ ਉਨ੍ਹਾਂ ਨੂੰ ਪੇਂਡੂ ਖ਼ੇਤਰ ਵੱਲ ਲੈ ਮੁੜੀ, ਜਿੱਥੇ ਗਾਇਕੀ ਦੀ ਕਲਾ ਨਾਲ ਜੁੜੇ ਲੋਕਾਂ ਦੀ ਸੁਹਬਤ ਮਾਣਦਿਆਂ ਦੋਹੜੇ, ਢੋਲੇ ਦੀਆਂ ਵੰਨਗੀਆਂ ਸਿੱਖੀਆਂ।
1930 ਵਿੱਚ ਉਨ੍ਹਾਂ ਨੇ ਪੰਡਿਤ ਸਾਹਿਬ ਦਿਆਲ ਵਾਸੀ ਪਿੰਡ ਸੂਦਕਾਂ ਨੰਗਲ, ਜ਼ਿਲ੍ਹਾ ਸਿਆਲਕੋਟ ਨੂੰ ਉਸਤਾਦ ਧਾਰਿਆ।
ਉਨ੍ਹਾਂ ਕੋਲੋਂ ਕਲਾਸੀਕਲ ਸੰਗੀਤ ਦੀ ਵਿੱਦਿਆ ਹਾਸਿਲ ਕੀਤੀ।
ਚਿਕਾਰਾ ਵਜਾਉਣ ਦੀ ਤਾਲੀਮ ਉਨ੍ਹਾਂ ਆਪਣੇ ਨਾਨਾ ਗੂੜ੍ਹਾ ਰਾਮ ਤੋਂ ਹਾਸਿਲ ਕੀਤੀ ਸੀ।
1938 ਵਿੱਚ 28 ਸਾਲਾਂ ਦੀ ਉਮਰੇ ਲਾਲ ਚੰਦ ਨੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰਬਰ 224, ਪਿੰਡ ਫ਼ਤਹਿ ਦੀਨ ਵਾਸੀ ਚੌਧਰੀ ਮਜੀਦ ਦੀ ਸ਼ਾਗਿਰਦੀ ਕੀਤੀ ਤੇ ਉਨ੍ਹਾਂ ਕੋਲੋਂ ਪੱਕੇ ਰਾਗਾਂ ਦੀ ਸਿੱਖਿਆ ਹਾਸਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਾਤਨ ਸੰਗੀਤਕ ਸਾਜ਼ਾਂ ਨਾਲ ਮੋਹ ਹੋਣ ਸਦਕਾ ਅਲਗੋਜ਼ਾ, ਚਿਮਟਾ, ਘੜਾ, ਥਾਲੀ ਵੀ ਵਜਾਉਣੀ ਸਿੱਖੀ।
ਤੂੰਬੀ ਦਾ ਸਿਰਜਕ
ਪੰਜਾਬੀ ਲੋਕ ਗਾਇਕ ਦੀ ਦੁਨੀਆ ਵਿੱਚ ਲਾਲ ਚੰਦ ਯਮਲਾ ਜੱਟ ਵਾਹਿਦ ਫ਼ਨਕਾਰ ਹਨ, ਜਿਨ੍ਹਾਂ ਨੇ ਪਿੱਤਲ ਦੀ ਕੌਲੀ ਨਾਲ ਤੂੰਬੀ ਵਰਗੇ ਅਮੀਰ ਸਾਜ਼ ਨੂੰ ਈਜਾਦ ਕਰ ਕੇ ਅਮੀਰੀ ਬਖ਼ਸ਼ੀ।
ਇਹ ਤੰਤੀ ਸਾਜ਼ ਤਾਨਪੁਰਾ ਜਾਂ ਤੰਬੂਰਾ ਦਾ ਹੀ ਇੱਕ ਛੋਟਾ ਰੂਪ ਹੈ।
ਉਨ੍ਹਾਂ ਨੇ ਲੋਹੇ ਦੀ ਇੱਕੋ ਹੀ ਤਾਰ ਵਿੱਚੋਂ 7 ਸੁਰਾਂ ਕੱਢਣ ਦਾ ਫ਼ਖ਼ਰਯੋਗ ਰੁਤਬਾ ਹਾਸਲ ਕੀਤਾ।
ਇਸੇ ਕਰ ਕੇ ਹੀ ਉਨ੍ਹਾਂ ਨੂੰ ਤੂੰਬੀ ਵਾਦਕਾਂ ਦਾ ਉਸਤਾਦ ਵੀ ਮੰਨਿਆ ਜਾਂਦਾ ਹੈ।
ਉਨ੍ਹਾਂ ਦੇ ਗਾਏ ਲੋਕ ਗੀਤ ਵਿੱਚ ਵੀ ਤੂੰਬੀ ਦਾ ਸੋਹਣਾ ਜ਼ਿਕਰ ਮੌਜੂਦ ਹੈ ‘ਯਮਲੇ ਜੱਟ ਦੀ ਤੂੰਬੀ ਤੈਨੂੰ ਵਾਜਾਂ ਮਾਰਦੀ...
ਬਾਅਦ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕ ਗਵੱਈਆਂ ਨੇ ਇਸ ਤੂੰਬੀ ਦੀ ਟੁਣਕਾਰ ਨਾਲ ਖ਼ੂਬਸੂਰਤ ਗੀਤ ਗਾ ਕੇ ਨਾਮਣਾ ਖੱਟਿਆ।

ਤਸਵੀਰ ਸਰੋਤ, Mandeep Singh Sidhu
ਵੰਡ ਤੋਂ ਪਹਿਲਾਂ ਅਤੇ ਬਾਅਦ
ਪੰਜਾਬ ਵੰਡ ਤੋਂ ਪਹਿਲਾਂ ਲਾਲ ਚੰਦ ਯਮਲਾ ਜੱਟ ਲਾਇਲਪੁਰ ਦੇ ਪਿੰਡਾਂ ਵਿੱਚ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਰਹਿੰਦੇ ਸਨ। ਉਸ ਵੇਲੇ ਉਹ ਰਿਕਾਰਡਡ ਗਾਇਕ ਨਹੀਂ ਸਨ।
ਉਹ ਅਕਸਰ ਲੋਕ ਅਖਾੜਿਆਂ, ਮੇਲਿਆਂ, ਧਾਰਮਿਕ ਦੀਵਾਨਾਂ ਵਿੱਚ ਜੰਗਨਾਮਾ ਗੁਰੂ ਗੋਬਿੰਦ ਸਿੰਘ, ਵਾਰ ਔਰਰੰਗਜ਼ੇਬ, ਧਾਰਮਿਕ ਵਾਰਾਂ, ਪੂਰਨ ਭਗਤ, ਦਹੂਦ ਬਾਦਸ਼ਾਹ, ਜੈਮਲ ਫੱਤਾ, ਹੀਰ, ਸੱਸੀ, ਮਿਰਜ਼ਾ, ਮਾਹੀਆ, ਢੋਲੇ, ਭੇਟਾਂ ਆਦਿ ਗਾਉਂਦੇ ਸਨ।
ਲਾਇਲਪੁਰ ਰਹਿੰਦਿਆਂ ਇਨ੍ਹਾਂ ਦੇ ਬਜ਼ੁਰਗ ਖੇਤੀਬਾੜੀ ਕਰਦੇ ਸਨ।
1947 ਦੀ ਅਣਹੋਣੀ ਵੰਡ ਸਦਕਾ ਲਾਲ ਚੰਦ ਦਾ ਪਰਿਵਾਰ ਆਪਣੀ ਜੰਮਣ ਭੋਇੰ ਨੂੰ ਸਦੀਵੀ ਖ਼ੈਰਬਾਦ ਕਹਿ ਕੇ ਮਾਲਵੇ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਜਵਾਹਰ ਨਗਰ ਆਣ ਵੱਸਿਆ, ਜੋ ਬਾਅਦ ਵਿੱਚ ‘ਯਮਲਾ ਜੱਟ ਦਾ ਡੇਰਾ’ ਤੇ ਪੰਜਾਬੀ ਫ਼ਨਕਾਰਾਂ ਦਾ ‘ਮੱਕਾ’ ਕਹਿਲਾਇਆ।
ਲਾਲ ਚੰਦ-ਯਮਲਾ ਜੱਟ ਕਿਵੇਂ ਬਣਿਆ

ਤਸਵੀਰ ਸਰੋਤ, Mandeep Singh Sidhu
ਸੰਘਰਸ਼ ਭਰੇ ਦੌਰ ’ਚੋਂ ਲੰਘਦਿਆਂ ਇੱਕ ਦਿਨ ਲਾਲ ਚੰਦ ਦੀ ਮੁਲਾਕਾਤ ਕਵੀ ਪ੍ਰੋਫੈਸਰ ਰਾਮ ਨਰਾਇਣ ਸਿੰਘ ‘ਦਰਦੀ’ ਨਾਲ ਹੋਈ।
ਉਨ੍ਹਾਂ ਨੇ ਲਾਲ ਚੰਦ ਦੀ ਲਗਨ, ਇਮਾਨਦਾਰੀ ਤੇ ਗਾਇਨ ਕਲਾ ਤੋਂ ਪ੍ਰਭਾਵਿਤ ਹੁੰਦਿਆਂ ਆਪਣੇ ਬਾਗ ਵਿੱਚ ਮਾਲੀ ਰੱਖ ਲਿਆ।
ਉਨ੍ਹਾਂ ਤੋਂ ਮਿਲੇ ਉਤਸ਼ਾਹ ਸਦਕਾ ਲਾਲ ਚੰਦ ਨੇ ਧਾਰਮਿਕ ਤੇ ਕਵੀ ਦਰਬਾਰਾਂ ਵਿੱਚ ਵੀ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੇ ਪੋਤਰੇ ਸੁਰੇਸ਼ ਯਮਲਾ ਨੇ ਦੱਸਿਆ ਕਿ ਜਦੋਂ ਪ੍ਰੋਫੈਸਰ ਸਾਹਿਬ ਆਪਣੇ ਸ਼ਾਗਿਰਦਾਂ ਨੂੰ ਕੋਈ ਸਬਕ ਦਿੰਦੇ ਤਾਂ ਉਹ ਝੱਟ ਕਾਪੀਆਂ ਉੱਤੇ ਨੋਟ ਕਰ ਲੈਂਦੇ ਸਨ।
ਉਨ੍ਹਾਂ ਕੋਲ ਬੈਠਾ ਗੁਣਾਂ ਦਾ ਧਨੀ ਲਾਲ ਚੰਦ ਤਾਲੀਮ ਪੱਖੋਂ ਕੋਰਾ ਹੋਣ ਕਰ ਕੇ ਏਧਰ ਓਧਰ ਤੱਕਦਾ ਰਹਿੰਦਾ।
ਦਰਦੀ ਸਾਹਿਬ ਨੇ ਹੱਸਦਿਆਂ ਕਹਿਣਾ, ‘‘ਲਾਲ ਚੰਦਾ ਤੂੰ ਤਾਂ ‘ਕਮਲਾ’ ਏਂ ‘ਯਮਲਾ ਏ’, ਨਿਰਾ ‘ਯਮਲਾ ਜੱਟ’।
ਖ਼ੈਰ! ਨਾਲ ਉਹ ਕਮਲੇ ਤਾਂ ਨਹੀਂ ਸਨ ਪਰ ਯਮਲੇ ਜ਼ਰੂਰ ਸਨ। ਇੰਝ ਹੀ ‘ਯਮਲਾ’ ਤੇ ਫਿਰ ‘ਯਮਲਾ ਜੱਟ’ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ਉੱਤੇ ਜੁੜ ਗਿਆ।
ਕਾਵਿ ਗੁਰੂ
ਲੇਖਣੀ ਵਿੱਚ ਲਾਲ ਚੰਦ ਯਮਲਾ ਜੱਟ ਮਾਰੂਫ਼ ਪੰਜਾਬੀ ਸ਼ਾਇਰ ਲਾਲਾ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਕਵੀ ਲਾਲਾ ਸੁੰਦਰ ਦਾਸ ‘ਆਸੀ’ ਹੁਰਾਂ ਨੂੰ ਆਪਣਾ ਗੁਰੂ ਮੰਨਦੇ ਸਨ।
1948 ਵਿੱਚ ਆਸੀ ਸਾਹਬ ਨਾਲ ਹੋਈ ਮੁਲਾਕਾਤ ਗੁਰੂ ਤੇ ਸ਼ਾਗਿਰਦ ਦੇ ਰੂਪ ਵਿੱਚ ਬਦਲ ਗਈ।
ਲਾਲ ਚੰਦ ਬੇਸ਼ੱਕ ਅਨਪੜ੍ਹ ਸਨ ਪਰ ਆਪਣੇ ਰਚੇ ਗੀਤ ਆਪਣੇ ਸ਼ਾਗਿਰਦਾਂ ਕੋਲੋਂ ਲਿਖਵਾ ਕੇ ਮਹਿਫ਼ੂਜ਼ ਰੱਖਣ ਦਾ ਹੁਨਰ ਉਨ੍ਹਾਂ ਕੋਲ ਜ਼ਰੂਰ ਮੌਜੂਦ ਸੀ।

ਲੋਕ ਗਾਇਕੀ ਦਾ ਆਗ਼ਾਜ਼
ਲੋਕ ਗਾਇਕੀ ਨਾਲ ਰੂਹਾਨੀ ਮੋਹ ਦੇ ਚੱਲਦਿਆਂ ਇਹ ਫ਼ਨਕਾਰ ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਯਾਨੀ ਅਕਾਸ਼ਵਾਣੀ ਨਾਲ ਜੁੜ ਗਏ।
ਅਕਾਸ਼ਵਾਣੀ ਉੱਤੇ ਉਨ੍ਹਾਂ ਦੇ ਗਾਏ ਪਹਿਲੇ ਲੋਕ ਗੀਤ ਦੇ ਬੋਲ ਸਨ ‘ਨਾਜ਼ੁਕ ਪੈਰ ਮਲੂਕ ਸੱਸੀ ਦੇ’ (ਹਾਸ਼ਮ)।
ਇਸ ਦੌਰਾਨ ਹੀ ਇਹ ਦਿਲਕਸ਼ ਤੇ ਰੂਹਾਨੀ ਆਵਾਜ਼ ਮਸ਼ਹੂਰ ਜ਼ਮਾਨਾ ਗ੍ਰਾਮੋਫੋਨ ਕੰਪਨੀ ਐੱਚ. ਐੱਮ. ਵੀ. ਯਾਨੀ ਹਿਜ਼ ਮਾਸਟਰਸ ਵੋਆਇਸ (ਕਲਕੱਤਾ) ਵਾਲਿਆਂ ਦੇ ਕੰਨੀ ਜਾ ਪਈ ਤਾਂ ਉਨ੍ਹਾਂ ਲਾਲ ਚੰਦ ਯਮਲਾ ਜੱਟ ਨੂੰ ਪੱਕੇ ਤੌਰ ਉੱਤੇ ਆਪਣਾ ਗਾਇਕ ਮੁਕੱਰਰ ਕਰ ਲਿਆ।
ਉਨ੍ਹਾਂ ਨੇ ਵੀ ਆਖ਼ਰੀ ਸਾਹਾਂ ਤੱਕ ਐੱਚ. ਐੱਮ. ਵੀ. ਕੰਪਨੀ ਲਈ ਗਾਇਆ।
ਉਨ੍ਹਾਂ ਦੇ ਪੋਤਰੇ ਸੁਰੇਸ਼ ਯਮਲਾ ਦੱਸਣ ਮੁਤਾਬਕ ਜਿਸ ਦਿਨ ਐੱਚ. ਐੱਮ. ਵੀ. ਵਾਲੇ ਉਨ੍ਹਾਂ ਦੀ ਰਿਕਾਰਡਿੰਗ ਕਰਨੀ ਹੁੰਦੀ ਸੀ, ਉਸ ਦਿਨ ਪੂਰਾ ਸਟੂਡੀਓ ਰੰਗੀਨ ਲਾਇਟਾਂ ਨਾਲ ਸਜਾਇਆ ਜਾਂਦਾ ਸੀ ਹਾਂਲਾਕਿ ਇਹ ਵਰਤਾਰਾ ਬਾਕੀ ਫ਼ਨਕਾਰਾਂ ਦੀ ਰਿਕਾਰਡਿੰਗ ਵੇਲੇ ਨਹੀਂ ਹੁੰਦਾ ਸੀ।
ਪੱਥਰ ਦੇ ਤਵੇ ਤੋਂ ਪੈੱਨ ਡਰਾਇਵ ਤੱਕ

ਤਸਵੀਰ ਸਰੋਤ, Mandeep Singh Sidhu
ਉਨ੍ਹਾਂ ਦੀ ਆਵਾਜ਼ ਵਿੱਚ ਪਹਿਲਾ ਤਵਾ 1952 ਵਿੱਚ ਜਾਰੀ ਹੋਇਆ।
ਇਸ ਤਵੇ ਵਿਚਲੇ ਇੱਕ ਗੀਤ ਦੇ ਬੋਲ ਹਨ ‘ਮੈਨੂੰ ਲੈ ਚੱਲ ਨਦੀਓਂ ਪਾਰ ਘੜੇ ਦੇ ਅੱਗੇ ਹੱਥ ਜੋੜਦੀ’। ਇਹ ਗੀਤ ਉਨ੍ਹਾਂ ਆਪਣੇ ਪਿਤਾ ਦੀ ਲੋਕ ਤਰਜ਼ ‘ਤੇਰਾ ਲੁੱਟ ਲਿਆ ਸ਼ਹਿਰ ਭੰਬੋਰ ਸੱਸੀਏ ਬੇਖ਼ਬਰੇ’ ਨੂੰ ਮੁੱਖ ਰੱਖ ਕੇ ਗਾਇਆ ਸੀ।
ਇਸ ਤੋਂ ਬਾਅਦ ਐੱਚਐੱਮਵੀ ਕੰਪਨੀ ਵੱਲੋਂ ਰਿਲੀਜ਼ਸ਼ੁਦਾ 78 ਆਰਪੀਐੱਮ ਦੇ ਰਿਕਾਰਡਾਂ ਉੱਤੇ ਜਾਰੀ ਹੋਏ, ਧਾਰਮਿਕ ਤੇ ਪੰਜਾਬੀ ਲੋਕ ਗੀਤਾਂ ਵਿੱਚ ‘ਓ…ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆ ਸਾਰੀ ਏ’ ਤੇ ਦੂਜੇ ਪਾਸੇ ‘ਓ…ਓਏ ਜੱਗ ਦਿਆ ਚਾਣਨਾ ਤੂੰ ਮੁੱਖ ਨਾ ਲੁਕਾ ਵੇ’, ‘ਓ…ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅੱਲੜ੍ਹਪੁਣੇ ਵਿੱਚ ਲਾਈਆਂ ਤੋੜ ਨਿਭਾਵੀਂ ਵੇ’ ਤੇ ‘ਓ…
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’, ‘ਰਾਂਝਾ ਆਖੇ ਸਹਿਤੀਏ’ ਤੇ ‘ਸਹਿਤੀ ਆਖੇ ਭਾਬੀ’, ‘ਵੰਗਾਂ ਦੇਖ ਕੇ ਤੜਿੱਕ ਗਿਆ ਗਜਰਾ’ ਤੇ ‘ਸਈਓ ਨੀ ਮੇਰੀ ਵੰਗ ਟੁੱਟ ਗਈ’, ‘ਠੰਡੀ ਠੰਡੀ ਵਾਅ ਚੰਨਾਂ ਪੈਂਦੀਆਂ ਫ਼ੁਹਾਰਾਂ ਵੇ ਆਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਮੈਂ’ ਤੇ ‘ਮੇਰਾ ਰਸਤਾ ਰੋਕ ਨਾ ਗੋਰੀਏ’,...
‘ਆਹ ਲੈ ਕੁੰਜੀਆਂ ਤੂੰ ਰੱਖ ਲੈ ਸਰ੍ਹਾਣੇ ਮੈਂ ਚੱਲੀਂ ਪੇਕਿਆਂ ਨੂੰ’ ਤੇ ‘ਓ…ਉਹ ਉੱਚੇ ਨੀਵੇਂ ਝੌਂਪੜੇ ਉਹ ਰੁੱਖਾ ਬਾਝ, ‘ਬੱਲੇ ਬੱਲੇ ਛੜ੍ਹਿਆਂ ਨੂੰ ਕੋਈ ਨਹੀਂ ਪੁੱਛਦਾ’ ਤੇ ‘ਆ ਜਾ ਮੇਰੇ ਹਾਣੀਆਂ’, ‘ਤੂੰਬਾ ਵੱਜਦਾ ਨਾ ਤਾਰ ਦੇ ਬਿਨ੍ਹਾਂ’, ‘ਕਮਲਿਆ ਕੀ ਲੈਣਾ ਕਿਸੇ ਨਾਲ ਕਰ ਕੇ ਪਿਆਰ’ ਆਦਿ।
ਲਾਲ ਚੰਦ ਯਮਲਾ ਜੱਟ ਅਜਿਹਾ ਗਾਇਕ ਸੀ, ਜਿਸ ਨੇ 1952 ਤੋਂ ਆਰਪੀਐੱਮ ਰਾਹੀ ਆਪਣੇ ਗੀਤਾਂ ਦੀ ਰਿਕਾਡਿੰਗ ਕਰਵਾਈ ਅਤੇ ਫੇਰ ਐੱਲਪੀ ਰਿਕਾਰਡ ਤੋਂ ਕੈਸੇਟਾਂ ਤੱਕ ਦਾ ਦਹਾਕਿਆਂ ਲੰਬਾ ਸਫ਼ਰ ਤੈਅ ਕੀਤਾ।
ਉਨ੍ਹਾਂ ਦੇ ਸੈਂਕੜੇ ਗੀਤਾਂ ਤੋਂ ਲੋਕ ਮੁਤਾਸਿਰ ਹੋਏ, ਉਨ੍ਹਾਂ ਦੇ ਜਿੰਨੇ ਮਕਬੂਲ ਧਾਰਮਿਕ ਗੀਤ ਹੋਏ, ਉਵੇਂ ਹੀ ਲੋਕ ਕਥਾਵਾਂ, ਕਿੱਸੇ ਅਤੇ ਸਮਾਜਿਕ ਮੁੱਦਿਆਂ ਵਾਲੇ ਗੀਤਾਂ ਨੇ ਜੱਸ ਖੱਟਿਆ।
ਪੰਜਾਬ ਦੀਆਂ ਅਨੇਕਾਂ ਕੰਪਨੀਆਂ ਨੇ ਯਮਲਾ ਜੱਟ ਦੇ ਮਕਬੂਲ ਗੀਤਾਂ ਦੀਆਂ ਬੇਸ਼ੁਮਾਰ ਕੈਸਟਾਂ ਮਾਰਕੀਟ ’ਚ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸੰਗੀਤ-ਮੱਦਾਹਾਂ ਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਬੜਾ ਪਸੰਦ ਕੀਤਾ।
ਅੱਜ ਵੀ ਉਨ੍ਹਾਂ ਦੇ ਗਾਏ ਗੀਤ ਸੀਡੀਜ਼ ਤੋਂ ਬਾਅਦ ਪੈੱਨ ਡਰਾਈਵ, ਯੂ ਟਿਊਬ ਤੇ ਮੋਬਾਇਲਾਂ ’ਚ ਓਨੀ ਸ਼ਿੱਦਤ ਨਾਲ ਸੁਣੇ ਜਾਂਦੇ ਹਨ ਜਿੰਨੇ ਓਸ ਦੌਰ ਵਿੱਚ ਸੀ।
ਆਲਮ ਲੌਹਾਰ ਤੇ ਯਮਲਾ ਜੱਟ ਦੀ ਮੁਹੱਬਤ

ਤਸਵੀਰ ਸਰੋਤ, Mandeep Singh Sidhu
ਯਮਲਾ ਜੱਟ ਨੇ ਦੁਨੀਆ ਭਰ ਵਿੱਚ ਆਪਣੀ ਸਾਫ਼ ਤੇ ਸ਼ਫ਼ਾਫ਼ ਲੋਕ ਗਾਇਕੀ ਦੀ ਨੁਮਾਇਸ਼ ਕੀਤੀ।
1976 ਵਿੱਚ ਕੇਨੈਡਾ ਵਿਖੇ ਸੰਗੀਤਕ ਸ਼ੋਅ ਹੋ ਰਹੇ ਸਨ।
ਇੱਕ ਦਿਨ ਪਹਿਲਾਂ ਆਲਮ ਲੌਹਾਰ ਦਾ ਸ਼ੋਅ ਸੀ ਤੇ ਦੂਜੇ ਦਿਨ ਲਾਲ ਚੰਦ ਯਮਲਾ ਜੱਟ ਦਾ।
ਦੂਜੇ ਦਿਨ ਜਦੋਂ ਆਲਮ ਲੌਹਾਰ ਨੂੰ ਯਮਲਾ ਜੱਟ ਦੇ ਸ਼ੋਅ ਪਤਾ ਲੱਗਿਆ ਤਾਂ ਉਨ੍ਹਾਂ ਦਾ ਚਾਅ ਸੰਭਾਲਿਆ ਨਹੀਂ ਜਾ ਰਿਹਾ ਸੀ ਜਾਂ ਕਹਿ ਲਵੋ ਇੱਕ ਫ਼ਨਕਾਰ ਦੀ ਦੂਜੇ ਫ਼ਨਕਾਰ ਪ੍ਰਤੀ ਸੱਚੀ ਮੁਹੱਬਤ।
ਜਦੋਂ ਦੋਵਾਂ ਰੂਹਾਨੀ ਰੂਹਾਂ ਦਾ ਮੇਲ ਹੋਇਆ ਤਾਂ ਉਨ੍ਹਾਂ ਯਮਲਾ ਜੱਟ ਨੂੰ ਆਪਣਾ ਵੱਡਾ ਭਰਾ ਮੰਨ ਲਿਆ ਤੇ ਅਖ਼ੀਰ ਤੱਕ ਇਨ੍ਹਾਂ ਮੁਹੱਬਤਾਂ ਦੇ ਦਰਿਆ ਵਹਿੰਦੇ ਰਹੇ।
ਲ਼ੋਕ ਗਾਇਕੀ ਵਿੱਚ ਖ਼ਾਸ ਪਛਾਣ
ਦਰਮਿਆਨਾ ਕੱਦ, ਸਿਰ ਤੇ ਬੰਨ੍ਹੀ ਤੁਰਲੇ ਤੇ ਫਰਲੇ ਵਾਲੀ ਸੋਹਣੀ ਦਸਤਾਰ, ਪਹਿਰਾਵੇ ’ਚ ਰਵਾਇਤੀ ਚਾਦਰਾ ਕੁੜਤਾ ਤੇ ਹੱਥ ਵਿੱਚ ਫੜ੍ਹੀ ਤੂੰਬੀ ਲਾਲ ਚੰਦ ਯਮਲਾ ਜੱਟ ਦੀ ਸ਼ਾਨਦਾਰ ਸ਼ਖ਼ਸੀਅਤ ਦੀ ਤਰਜਮਾਨੀ ਕਰਦੇ ਸਨ।
ਇਸ ਲਿਬਾਸ ਤੇ ਅੰਦਾਜ਼ ਨੂੰ ਬਾਅਦ ਵਿੱਚ ਪੰਜਾਬ ਦੇ ਅਨੇਕਾਂ ਲੋਕ ਫ਼ਨਕਾਰਾਂ ਨੇ ਕਾਪੀ ਕਰ ਕੇ ਸ਼ੁਹਰਤ ਖੱਟੀ।

ਤਸਵੀਰ ਸਰੋਤ, Mandeep Singh Sidhu
ਪੰਜਾਬੀ ਫ਼ਿਲਮ ਸੰਗੀਤ ਵਿੱਚ ਯੋਗਦਾਨ

ਤਸਵੀਰ ਸਰੋਤ, Mandeep Singh Sidhu
ਪੰਜਾਬੀ ਲੋਕ ਗਾਇਕੀ ਦੇ ਉਸਤਾਦ ਗਾਇਕ ਯਮਲਾ ਜੱਟ ਦੀ ਆਵਾਜ਼ ਦਾ ਸੋਹਣਾ ਇਸਤੇਮਾਲ ਪੰਜਾਬੀ ਫ਼ਿਲਮ ਵਿੱਚ ਵੀ ਕੀਤਾ ਗਿਆ।
ਜਦੋਂ ਫ਼ਿਲਮਸਾਜ਼ ਕੰਵਲ ਬਿਆਲਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਆਸ਼ੂਰਾਜ ਪਿਕਚਰਜ਼, ਬੰਬੇ ਦੇ ਬੈਨਰ ਹੇਠ ਪੰਜਾਬ ਦੇ ਰੂਮਾਨਵੀ ਦਾਸਤਾਨ ਉੱਤੇ ਆਧਾਰਿਤ ਪੰਜਾਬੀ ਫ਼ਿਲਮ ‘ਸੋਹਣੀ ਮਹੀਵਾਲ’ (1984) ਬਣਾਈ ਤਾਂ ਉਨਾਂ ਨੇ ਲਾਲ ਚੰਦ ਦੇ ਮਸ਼ਹੂਰ ਲੋਕ ਗੀਤ ‘ਓ…ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅੱਲੜ੍ਹਪੁਣੇ ਵਿੱਚ ਲਾਈਆਂ ਤੋੜ ਨਿਭਾਵੀਂ ਵੇ’ ਨੂੰ ਫ਼ਿਲਮ ਵਿੱਚ ਸ਼ਾਮਿਲ ਕੀਤਾ।
ਇਹ ਬਾਕਮਾਲ ਗੀਤ ਅਦਾਕਾਰਾ ਦਲਜੀਤ ਕੌਰ (ਸੋਹਣੀ) ਤੇ ਅਰੁਣ ਚੋਪੜਾ (ਮਹੀਵਾਲ) 'ਤੇ ਫ਼ਿਲਮਾਇਆ ਗਿਆ ਸੀ।
ਵਿਆਹ ਅਤੇ ਪਰਿਵਾਰ
ਲਾਲ ਚੰਦ ਯਮਲਾ ਜੱਟ ਦਾ ਵਿਆਹ ਵੰਡ ਤੋਂ ਪਹਿਲਾਂ 1928 ਵਿੱਚ 42 ਚੱਕ ਮੁਲਤਾਨ ਵਿਖੇ ਕੇਸਰ ਚੰਦ ਤੇ ਬੀਬੀ ਕਰਤਾਰੀ ਦੇਵੀ ਦੀ ਧੀ ਰਾਮ ਰੱਖੀ ਨਾਲ ਹੋਇਆ।
ਇਨ੍ਹਾਂ ਦੇ ਘਰ ਪੰਜ ਪੁੱਤਰ ਅਤੇ 2 ਧੀਆਂ ਨੇ ਜਨਮ ਲਿਆ। ਵੱਡਾ ਪੁੱਤਰ ਕਰਤਾਰ ਚੰਦ ਸੀ, ਜਿਸ ਦੇ ਅੱਗਿਓਂ 3 ਪੁੱਤਰ ਸੁਰੇਸ਼ ਯਮਲਾ (ਗਾਇਕ), ਰਜਿੰਦਰ ਯਮਲਾ ਤੇ ਗੋਲਡੀ ਯਮਲਾ ਹੋਏ।
ਉਨ੍ਹਾਂ ਦੇ ਸਾਰੇ ਪੁੱਤਰਾਂ ਅਤੇ ਫੇਰ ਅੱਗੇ ਉਨ੍ਹਾਂ ਦੇ ਬੱਚਿਆਂ ਨੇ ਗਾਇਕੀ ਦੀ ਵਿਰਾਸਤ ਨੂੰ ਅੱਗੇ ਵਧਾਇਆ।
ਬਾਅਦ ਵਿੱਚ ‘ਯਮਲਾ’ ਤਖ਼ੱਲਸ ਬਹੁਤ ਸਾਰੇ ਹੋਰ ਫ਼ਨਕਾਰਾਂ ਨੇ ਆਪਣੇ ਨਾਮ ਨਾਲ ਵਰਤਿਆ, ਜਿਨ੍ਹਾਂ ਦਾ ਤਾਅਲੁਕ ਇਨ੍ਹਾਂ ਦੇ ਪਰਿਵਾਰ ਨਾਲ ਨਹੀਂ ਹੈ।

ਤਸਵੀਰ ਸਰੋਤ, Mandeep Singh Sidhu
ਯਮਲਾ ਜੱਟ ਦੇ ਸ਼ਾਗਿਰਦ
ਲਾਲ ਚੰਦ ਯਮਲਾ ਜੱਟ ਦੀ ਸ਼ਾਗਿਰਦੀ ਇਖ਼ਤਿਆਰ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਲੋਕ ਫ਼ਨਕਾਰਾਂ ਵਿੱਚ ਰੌਸ਼ਨ ਲਾਲ ਸਾਗਰ (ਅਮਰ ਨੂਰੀ ਦੇ ਪਿਤਾ), ਜਗਤ ਸਿੰਘ ਜੱਗਾ, ਬੀਬੀ ਨਰਿੰਦਰ ਬੀਬਾ, ਅਮਰਜੀਤ ਗੁਰਦਾਸਪੁਰੀ, ਚਮਨ ਗੁਰਦਾਸਪੁਰੀ, ਪੂਰਨ ਚੰਦ ਹਜਰਾਵਾਂ ਵਾਲਾ, ਗਿਆਨ ਸਿੰਘ ਕੰਵਲ, ਸਵਰਨ ਯਮਲਾ, ਕਰਤਾਰ ਰਮਲਾ, ਜਗੀਰ ਸਿੰਘ ਤਾਲਿਬ ਤੋਂ ਇਲਾਵਾ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦਾ ਨਾਮ ਵੀ ਕਾਬਿਲ-ਏ-ਜ਼ਿਕਰ ਹੈ।
ਸੁਰੇਸ਼ ਯਮਲਾ ਨੇ ਦੱਸਿਆ ਕਿ ਸਾਡੇ ਪਰਿਵਾਰ ਵੱਲੋਂ ਨਿੰਦਰ ਘਗਿਆਣਵੀ ਦੇ ਵਿਸ਼ੇਸ਼ ਸ਼ਹਿਯੋਗ ਨਾਲ ਉਨ੍ਹਾਂ ਦੀ ਨਵੀਂ ਕਿਤਾਬ ‘ਤੂੰਬੀ ਦਾ ਸ਼ਿੰਗਾਰ’ ਛੇਤੀ ਨੁਮਾਇਸ਼ ਕੀਤੀ ਜਾ ਰਹੀ ਹੈ।
ਪੱਗ ਵੱਟ ਭਰਾ
ਸਾਲ 1965 ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਯਮਲਾ ਜੱਟ ਜੀ ਪੱਗ ਵੱਟ ਭਰਾ ਬਣੇ।
ਬਾਅਦ ’ਚ ਪ੍ਰੋਫੈਸਰ ਕਸੇਲ ਨੇ ਉਨ੍ਹਾਂ ਦੇ ਸੰਗਤਿਕ ਸਫ਼ਰ ’ਤੇ ‘ਤੂੰਬੀ ਦੀ ਤਾਰ’ ਤੇ ‘ਤੂੰਬੀ ਦੀ ਪੁਕਾਰ’ ਨਾਮੀ 2 ਕਿਤਾਬਾਂ ਲਿਖੀਆਂ।

ਦੂਰਦਰਸ਼ਨ ਕੇਂਦਰ ਜਲੰਧਰ ਵਿੱਚ ਜਾਣਾ
ਜੇ ਗੱਲ ਦੂਰਦਰਸ਼ਨ ਕੇਂਦਰ ਦੀ ਕਰੀਏ ਤਾਂ 13 ਅਪ੍ਰੈਲ 1979 ਨੂੰ ਦੂਰਦਰਸ਼ਨ ਕੇਂਦਰ ਜਲੰਧਰ ਦਾ ਉਦਘਾਟਨ ਹੋਇਆ।
ਲਾਲ ਚੰਦ ਯਮਲਾ ਜੱਟ ਨੂੰ ਇਹ ਫ਼ਖ਼ਰ ਹਾਸਿਲ ਸੀ ਕਿ ਉਹ ਦੂਰਦਰਸ਼ਨ ਉੱਤੇ ਗਾਉਣ ਵਾਲੇ ਪਹਿਲੇ ਲੋਕ ਗਵੱਈਏ ਸਨ।
ਉਸਤਾਦੀ-ਸ਼ਾਗਿਰਦੀ ਦੀ ਰਸਮ
ਉਨ੍ਹਾਂ ਨਾਲ ਜੁੜੀ ਇੱਕ ਖ਼ਾਸ ਗੱਲ ਇਹ ਹੈ ਕਿ ਉਹ ਉਸਤਾਦੀ-ਸ਼ਾਗਿਰਦੀ ਦੀ ਰਸਮ 15 ਹਾੜ ਵਾਲੇ ਦਿਨ ਹੀ ਕਰਦੇ ਸਨ।
ਉਸ ਦੀ ਖ਼ਾਸ ਵਜ੍ਹਾ ਇਹ ਹੁੰਦੀ ਸੀ ਕਿ ਉਸ ਦਿਨ ਯਮਲਾ ਜੀ ਦੇ ਤਮਾਮ ਸ਼ਾਗਿਰਦ ਇਕੱਠੇ ਹੁੰਦੇ ਸਨ ਕਿ ਤਾਂ ਆਉਣ ਵਾਲੇ ਨਵੇਂ ਸ਼ਾਗਿਰਦ ਨੂੰ ਇਹ ਪਤਾ ਲੱਗ ਸਕੇ ਕਿ ਕਿਹੜੇ ਸ਼ਾਗਿਰਦ ਨੇ ਕਿਸ ਸਾਲ ਉਨ੍ਹਾਂ ਦੀ ਸ਼ਾਗਿਰਦੀ ਇਖ਼ਤਿਆਰ ਕੀਤੀ ਸੀ।
ਇਸ ਰਸਮ ਨੂੰ ਮੱਦੇਨਜ਼ਰ ਰੱਖਦਿਆਂ ਹਰ ਸਾਲ 15 ਹਾੜ ਨੂੰ ਜਵਾਹਰ ਨਗਰ, ਡੇਰਾ ਉਸਤਾਦ ਲਾਲ ਚੰਦ ਯਮਲਾ ਜੱਟ ਉੱਤੇ ਭਾਰੀ ਮੇਲਾ ਲੱਗਦਾ ਹੈ, ਜਿਸ ਵਿੱਚ ਫ਼ਨਕਾਰਾਂ ਤੋਂ ਇਲਾਵਾ ਚਾਹੁੰਣ ਵਾਲਿਆਂ ਦਾ ਭਾਰੀ ਇਕੱਠ ਹੁੰਦਾ ਹੈ।
ਇਹ ਮੇਲਾ ਲਹਿੰਦੇ ਪੰਜਾਬ (ਲਾਹੌਰ) ਵਿੱਚ 14 ਹਾੜ ਨੂੰ ਮਨਾਇਆ ਜਾਂਦਾ ਹੈ।
ਮੁਹੱਬਤੀ ਰੂਹ ਦੇ ਮਾਲਕ
ਸੁਰੇਸ਼ ਯਮਲਾ ਨੇ ਦੱਸਿਆ ਕਿ ਉਨ੍ਹਾਂ ਦੇ ਦਿਲ ਵਿੱਚ ਲੋਕਾਂ ਲਈ ਐਨਾ ਮੋਹ ਸੀ ਕਿ ਜਦੋਂ ਸਾਡੇ ਡੇਰੇ ਯਾਨੀ ਘਰ ਨੇੜਿਓਂ ਕਿਸੇ ਸਬਜ਼ੀ ਵੇਚਣ ਵਾਲੇ ਨੇ ਲੰਘਣਾ ਤਾਂ ਉਨ੍ਹਾਂ ਰੇੜ੍ਹੀ ਉੱਤੇ ਪਈ ਪੂਰੀ ਸਬਜ਼ੀ ਦਾ ਸੌਦਾ ਕਰ ਕੇ ਖ਼ਰੀਦ ਲੈਣੀ ਤੇ ਬਾਅਦ ਵਿੱਚ ਮੁਹੱਲੇ ਦਿਆਂ ਬੱਚਿਆਂ ਹਾਕ ਮਾਰ ਕੇ ਕਹਿ ਦੇਣਾ ਕੇ ਜਿਹਨੂੰ ਜੇਹੜੀ ਸਬਜ਼ੀ ਚਾਹੀਦੀ ਹੈ ਭਾਈ ਉਹ ਮੁਫ਼ਤ ਆ ਕੇ ਲੈ ਜਾ ਸਕਦੇ ਹਨ।
ਮਾਣ-ਸਨਮਾਣ

ਤਸਵੀਰ ਸਰੋਤ, Mandeep Singh Sidhu
ਲਾਲ ਚੰਦ ਯਮਲਾ ਜੱਟ ਨੂੰ 1956 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਗੋਲਡ ਮੈਡਲ, 1987 ਵਿੱਚ ਪੰਜਾਬ ਆਰਟ ਕੌਂਸਲ ਵੱਲੋਂ ਪੰਜਾਬ ਰਾਜ ਦਾ ਪੁਰਸਕਾਰ, 20 ਅਕਤੂਬਰ 1988 ਨੂੰ ਪ੍ਰੋਫੈਸਰ ਮੋਹਨ ਸਿੰਘ ਫ਼ਾਊਂਡੇਸ਼ਨ ਵੱਲੋਂ ਪੁਰਸਕਾਰ, 10 ਜਨਵਰੀ 1989 ਨੂੰ ਰਵਿੰਦਰਾਲਯਾ ਭਵਨ ਲਖਨਊ ਵਿਖੇ ਰਾਸ਼ਟਰਪਤੀ ਸ੍ਰੀ ਆਰ. ਵੈਂਕਟਾਰਮਨ ਦੁਆਰਾ ‘ਭਾਰਤੀ ਸੰਗੀਤ ਨਾਟਕ ਫ਼ਾਊਂਡੇਸ਼ਨ ਐਵਾਰਡ ਨਾਲ ਸਨਮਾਨਿਆ ਗਿਆ।
ਇਸ ਤੋਂ ਇਲਾਵਾ ਯੂਕੇ ਦੇ ਫ਼ਨਕਾਰਾਂ ਵੱਲੋਂ 24 ਨਵੰਬਰ 1989 ਨੂੰ ਲਾਲ ਚੰਦ ਯਮਲਾ ਜੱਟ ਦੀ ਸ਼ਾਨ ’ਚ ਕਰਵਾਈ ਗਈ ਢਾਈ ਘੰਟੇ ਦੀ ਮਿਲਣੀ ਦੌਰਾਨ ‘ਲਾਲ ਚੰਦ ਅਭਿਨੰਦਨ’ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਸਾਢੇ 5 ਤੋਲੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਅੰਤਲਾ ਸਮਾਂ

ਤਸਵੀਰ ਸਰੋਤ, Mandeep Singh Sidhu
7 ਦਸੰਬਰ 1990 ਨੂੰ ਘਰ ਵਿੱਚ ਫ਼ਰਸ਼ ਉੱਤੇ ਤਿਲਕ ਕੇ ਡਿੱਗ ਪਏ, ਜਿਸ ਕਾਰਣ ਚੂਲੇ ਉੱਤੇ ਸਖ਼ਤ ਸੱਟ ਲੱਗੀ।
ਕੁੱਝ ਸਮੇਂ ਬਾਅਦ ਦਿਲ ਦਾ ਦੌਰਾ ਪੈ ਗਿਆ।
ਫਿਰ ਉਹ ਇੱਕ ਸਾਲ ਤੱਕ ਬਿਸਤਰੇ ਤੋਂ ਉੱਠ ਨਾ ਸਕੇ।
ਪੰਜਾਬੀ ਲੋਕ ਸੰਗੀਤ ਦਾ ਇੱਹ ਦਰਵੇਸ਼ ਗਾਇਕ 20 ਦਸੰਬਰ 1991 ਨੂੰ 81 ਸਾਲਾਂ ਦੀ ਬਜ਼ੁਰਗ ਉਮਰੇ ਇਸ ਜਹਾਨੋਂ ਤੋਂ ਚਲੇ ਗਏ।
ਉਨ੍ਹਾਂ ਦੀ ਮੌਤ ਜਵਾਹਰ ਨਗਰ ਲੁਧਿਆਣਾ ਵਿਚਲੇ ਉਨ੍ਹਾਂ ਦੇ ਘਰ ਵਿੱਚ ਹੋਈ ਸੀ।
ਉਹ ਸੰਗੀਤ ਦਾ ਅਮੀਰ ਵਿਰਸਾ ਪਿੱਛੇ ਛੱਡ ਗਏ ਜੋ ਰਹਿੰਦੀਆਂ ਸਦੀਆਂ ਤੀਕਰ ਲੋਕ ਚੇਤਿਆਂ ’ਚ ਮਿਠਾਸ ਘੋਲਦਾ ਰਹੇਗਾ।
ਸਾਲ 2018 ਵਿੱਚ ਪਾਕਿਸਤਾਨ ਦੇ ਕਲਾਕਾਰ ਉਸਮਾਨ ਗੌਰੀ ਨੇ ਲਾਲ ਚੰਦ ਯਮਲਾ ਜੱਟ ਦੇ ਮਸਹੂਰ ਗੀਤ ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’ ਨੂੰ ਆਧੁਨਿਕ ਤਰੀਕੇ ਨਾਲ ਨਵੇਂ ਸਿਰਿਓਂ ‘ਸੁਨੋ ਫ਼ਲਿੱਪ’ ਰਾਹੀਂ ਪੇਸ਼ ਕੀਤਾ।
ਇਹ ‘ਟਿਕਟੌਕ’ ਤੇ ਰੱਜ ਕੇ ਵਾਇਰਲ ਹੋਇਆ, ਜਿਸ ਉੱਤੇ ਬਾਲੀਵੁੱਡ ਦੇ ਫ਼ਨਕਾਰਾਂ ਨੇ ਬਹੁਤ ਸਾਰੇ ਵੀਡੀਓ ਬਣਾ ਕੇ ਯਮਲਾ ਜੱਟ ਨੂੰ ਨਵੀਂ ਪੀੜ੍ਹੀ ਵਿੱਚ ਵੀ ਮਸ਼ਹੂਰ ਕਰ ਦਿੱਤਾ।
ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹਸਤੀਆਂ ਦੇ ਖ਼ਿਆਲਾਤ

ਤਸਵੀਰ ਸਰੋਤ, Mandeep Singh Sidhu
ਪੰਜਾਬੀ ਖੋਜਗੜ੍ਹ ਲਲਿਆਣੀ, ਮੁਸਤਫ਼ਾਬਾਦ, ਜ਼ਿਲ੍ਹਾ ਕਸੂਰ ਦੇ ਡਾਇਰੈਕਟਰ ਇਕਬਾਲ ਕੈਸਰ ਕਹਿੰਦੇ ਹਨ ਕਿ ਲਾਲ ਚੰਦ ਯਮਲਾ ਜੱਟ ਜਿੰਨੇ ਮਕਬੂਲ ਚੜ੍ਹਦੇ ਪੰਜਾਬ ’ਚ ਹਨ ਉਸ ਤੋਂ ਕਿਤੇ ਮਜ਼ੀਦ ਉਹ ਲਹਿੰਦੇ ਪੰਜਾਬ (ਲਾਹੌਰ) ਵਿੱਚ ਹਨ।
ਇਸ ਬਾਬਤ ਗੱਲ ਕਰਦਿਆਂ ਇਕਬਾਲ ਕੈਸਰ ਹੁਰਾਂ ਦੱਸਿਆ ਕਿ ਵਰ੍ਹਿਆਂ ਤੋਂ ਉਹ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦੇ ਮੁਰੀਦ ਰਹੇ ਹਨ।
“ਉਨ੍ਹਾਂ ਦੇ ਲੋਕ ਗੀਤ ਅੱਜ ਵੀ ਸਾਡੇ ਪੰਜਾਬ ਦੇ ਵਿਆਹਾਂ, ਘਰਾਂ ਤੇ ਬੱਸਾਂ ਵਿੱਚ ਆਮ ਸੁਣਾਈ ਦਿੰਦੇ ਹਨ।”
ਉਨ੍ਹਾਂ ਆਖਿਆ ਯਮਲਾ ਸਾਹਬ ਵੱਡੇ ਗਵੱਈਏ ਸਨ ਅਤੇ ਪੰਜਾਬੀ ਗਾਇਕੀ ਤੇ ਪੰਜਾਬੀ ਬੋਲੀ ਨੂੰ ਉਨ੍ਹਾਂ ਉੱਤੇ ਬੜਾ ਮਾਣ ਹੈ।
ਨਿੰਦਰ ਘੁਗਿਆਣਵੀ ਨੇ ਲ਼ਿਖੀਆਂ 4 ਕਿਤਾਬਾਂ

ਤਸਵੀਰ ਸਰੋਤ, Mandeep Singh Sidhu
ਉਨ੍ਹਾਂ ਦੀ ਸ਼ਾਗਿਰਦੀ ਦਾ ਵੱਡਾ ਮਾਣ ਖੱਟਣ ਵਾਲੇ ਮਾਲਵੇ ਦੇ ਪ੍ਰਸਿੱਧ ਲੇਖਕ ਤੇ ਗਾਇਕ ਨਿੰਦਰ ਘੁਗਿਆਣਵੀ ਨੇ ਉਨ੍ਹਾਂ ਨਾਲ ਬਿਤਾਏ ਆਪਣੇ ਖ਼ੂਬਸੂਰਤ ਪਲਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਨਿੰਦਰ ਨੇ ਉਨ੍ਹਾਂ ਦੀ ਸ਼ਾਗਿਰਦੀ 28 ਜੂਨ 1988 ਨੂੰ ਇਖ਼ਤਿਆਰ ਕਰ ਲਈ ਸੀ।
ਉਨ੍ਹਾਂ ਦੱਸਿਆ, "ਹੁਣ ਤੱਕ ਉਨ੍ਹਾਂ ਉੱਤੇ 4 ਕਿਤਾਬਾਂ ਲਿਖ ਚੁੱਕਿਆ ਹਾਂ, ਜਿਨ੍ਹਾਂ ’ਚੋਂ ਇੱਕ ਕਿਤਾਬ ‘ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ ਅਤੇ ਇੱਕ ਕਿਤਾਬ ਹਿੰਦੀ ਵਿੱਚ ਹੈ ‘ਵੋਹ ਥਾ ਜੱਟ ਯਮਲਾ’ (ਇੱਕ ਜੀਵਨੀ)।"
"ਮੈਂ ਤੂੰਬੀ ਨਾਲ ਰੇਡੀਓ ਤੇ ਟੈਲੀਵਿਜ਼ਨ ਉੱਤੇ ਉਨ੍ਹਾਂ ਦੇ ਗਾਏ ਗੀਤ ਵੀ ਗਾਉਂਦਾ ਰਿਹਾ ਹਾਂ। ਉਹ ਰੂਹਾਨੀ ਗਾਇਕੀ ਵਾਲੇ ਫ਼ਕੀਰ ਤਬੀਅਤ ਫ਼ਨਕਾਰ ਸਨ।"
ਉਨ੍ਹਾਂ ਦੱਸਿਆ, "ਮੈਂ ਉਨ੍ਹਾਂ ਦੇ ਪੋਤਰੇ ਦੀ ਉਮਰ ਦਾ ਸੀ ਤੇ ਮੈਨੂੰ ਉਨ੍ਹਾਂ ਵਿੱਚ ਹਮੇਸ਼ਾ ਆਪਣੇ ਦਾਦੇ ਦਾ ਝਲਕਾਰਾ ਮਿਲਿਆ ਹੈ। ਨਿੰਦਰ ਨੇ ਦੱਸਿਆ ਕਿ ਲੰਬਾ ਸਮਾਂ ਉਨ੍ਹਾਂ ਦੀ ਸੁਹਬਤ ਮਾਣਦਿਆਂ ਜੋ ਕੁੱਝ ਜ਼ੁਬਾਨੀ ਸੁਣਦਾ ਸੀ ਉਨ੍ਹਾਂ ਨੂੰ ਕਿਤਾਬਾਂ ਵਿੱਚ ਢਾਲ ਕੇ ਸੰਭਾਲ ਲਿਆ।"
ਉਨ੍ਹਾਂ ਕਿਹਾ, "ਇੱਕ ਉਨ੍ਹਾਂ ਦੀ ਵੱਡੀ ਗੱਲ ਇਹ ਸੀ ਕਿ ਉਹ ਭਵਿੱਖਮੁਖੀ ਬੰਦੇ ਸਨ ਤੇ ਭਵਿੱਖਬਾਣੀ ਕਰਦੇ ਸਨ। ਉਨ੍ਹਾਂ ਦੇ 50-60 ਸਾਲ ਪਹਿਲਾਂ ਲਿਖੇ ਗੀਤ ਅੱਜ ਸੱਚੇ ਸਿੱਧ ਹੋ ਰਹੇ ਹਨ।"
ਉਨ੍ਹਾਂ ਦੱਸਿਆ ਕਿ ਉਹ ਸਕੈਨਰ ਬਹੁਤ ਤਕੜੇ ਸੀ ਕਿ ਜਿਹੜਾ ਬੰਦਾ ਆਇਆ ਹੈ ਇਹ ਕਿਸ ਪੱਧਰ ਦਾ ਹੈ ਤੇ ਉਹ ਕਲਾ ਨੂੰ ਸਮਰਪਿਤ ਹੈ ਜਾਂ ਨਹੀਂ। ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੀ ਖ਼ਾਸ ਗੱਲ ਇਹ ਸੀ ਕਿ ਉਹ ਪੈਸਿਆਂ ਨੂੰ ਪਿਆਰ ਨਹੀਂ ਸੀ ਕਰਦੇ।
ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਜਿੱਥੇ ਕਿਤੇ ਕਿਸੇ ਮੁੰਡੇ, ਕੁੜੀ ਦਾ ਵਿਆਹ ਹੁੰਦਾ ਉੱਥੇ ਪੈਸੇ ਦੇ ਆਉਂਦੇ ਸਨ ਅਤੇ ਜਿਹੜੇ ਗਾਇਕੀ ਦੇ ਪੈਸੇ ਕੱਠੇ ਹੁੰਦੇ ਸੀ ਸ਼ਗਨ ਦੇ ਰੂਪ ਵਿੱਚ ਪਾ ਆਉਂਦੇ ਸਨ।
ਉਨ੍ਹਾਂ ਦੱਸਿਆ, "ਮੈਂ 12-13 ਵਰ੍ਹਿਆਂ ਦਾ ਸੀ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਕਾਕਾ ਤੂੰ ਬੜੀ ਤਰੱਕੀ ਕਰੇਂਗਾ। ਤੇਰੀਆਂ ਅੱਖਾਂ ਦੇ ਵਿਚਲੀ ਲਿਸ਼ਕ ਤੇ ਮੱਥੇ ਦੀ ਚਮਕ ਦੱਸਦੀ ਹੈ ਤੇਰਾ ਵੱਡਾ ਨਾਮ ਹੋਵੇਗਾ।"
ਅੱਜ ਨਿੰਦਰ ਆਪਣੀ ਲੇਖਣੀ ਤੇ ਲਿਆਕਤ ਸਦਕਾ ਆਹਲਾ ਮੁਕਾਮ ਤੇ ਹਨ।

ਤਸਵੀਰ ਸਰੋਤ, Mandeep Singh Sidhu
ਲਾਲ ਚੰਦ ਯਮਲਾ ਜੱਟ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਉਨਾਂ ਦੇ ਪੋਤਰੇ ਸੁਰੇਸ਼ ਯਮਲਾ, ਵਿਜੈ ਯਮਲਾ ਤੇ ਅਮਿਤ ਯਮਲਾ ਉਸੇ ਅੰਦਾਜ਼ ਵਿੱਚ ਅੱਗੇ ਵਧਾ ਰਹੇ ਹਨ।
ਉਹ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਦਾਦਾ ਲਾਲ ਚੰਦ ਯਮਲਾ ਜੱਟ ਜੀ ਦੀ ਪੰਜਾਬੀ ਗਾਇਕੀ ਨੂੰ ਦਿੱਤੀ ਵੱਡੀ ਦੇਣ ਸਦਕਾ ‘ਸ਼ਿਰੋਮਣੀ ਗਾਇਕ’ ਦੇ ਖ਼ਿਤਾਬ ਨਾਲ ਨਿਵਾਜਣ ਦੇ ਇਲਾਵਾ ‘ਪਦਮਸ਼੍ਰੀ ਐਵਾਰਡ’ ਵੀ ਜ਼ਰੂਰ ਦਿੱਤਾ ਜਾਵੇ।
ਮਨਦੀਪ ਸਿੰਘ ਸਿੱਧੂ ਫ਼ਿਲਮ ਇਤਿਹਾਸਕਾਰ ਹਨ।















