ਕੁਲਦੀਪ ਮਾਣਕ: ਬਠਿੰਡਾ ਦੇ ਜਲਾਲ ਪਿੰਡ ਦੀ ਉਹ ਘਟਨਾ ਜਿਸ ਨੇ ਮਣਕਾ ਨੂੰ ਮਾਣਕ ਬਣਾ ਦਿੱਤਾ

ਕੁਲਦੀਪ ਮਾਣਕ

ਤਸਵੀਰ ਸਰੋਤ, Jazzy B/FB

ਤਸਵੀਰ ਕੈਪਸ਼ਨ, ਕੁਲਦੀਪ ਮਾਣਕ ਦੀ ਪੈਦਾਇਸ਼ 15 ਨਵੰਬਰ 1951 ਨੂੰ ਹੋਈ ਸੀ
    • ਲੇਖਕ, ਮਨਦੀਪ ਸਿੰਘ ਸਿੱਧੂ
    • ਰੋਲ, ਫ਼ਿਲਮ ਇਤਿਹਾਸਕਾਰ

ਪੰਜਾਬੀ ਦੀਆਂ ਲੋਕ ਗਥਾਵਾਂ ਅਤੇ ਕਿੱਸਿਆਂ ਨੂੰ ਆਪਣੀ ਬੁਲੰਦ ਅਵਾਜ਼ ਰਾਹੀਂ ਗਾ ਕੇ ਲੋਕ ਦਿਲਾਂ ਵਿੱਚ ਮਖ਼ਸੂਸ ਜਗ੍ਹਾ ਬਣਾਉਣ ਵਾਲੇ ਗਾਇਕ ਸਨ ਕੁਲਦੀਪ ਮਾਣਕ।

ਪੂਰੀ ਦੁਨੀਆ ’ਚ ਪੰਜਾਬੀ ਲੋਕ ਗਾਇਕੀ ਦਾ ਝੰਡਾ ਫ਼ਹਿਰਾਉਣ ਵਾਲੇ ਕੁਲਦੀਪ ਮਾਣਕ ਦੀ ਪੈਦਾਇਸ਼ 15 ਨਵੰਬਰ 1951 ਨੂੰ ਹੋਈ ਸੀ। ਉਹ ਮਾਲਵੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਦੇ ਇੱਕ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ ਸਨ।

ਉਨ੍ਹਾਂ ਦੇ ਪਿਤਾ ਦਾ ਨਾਮ ਨਿੱਕੇ ਖ਼ਾਨ ਤੇ ਮਾਤਾ ਦਾ ਨਾਮ ਬਚਨੀ ਸੀ। ਮਾਣਕ ਦਾ ਅਸਲ ਨਾਮ ਮੁਹੰਮਦ ਲਤੀਫ਼ ਸੀ, ਜਿਸ ਨੂੰ ਘਰ ਦੇ ‘ਲੱਧਾ’ ਅਤੇ ਪਿੰਡ ਵਾਲੇ ਮੁਹੰਮਦ ਲਤੀਫ਼ ‘ਮਣਕਾ’ ਕਹਿ ਕੇ ਮੁਖ਼ਾਤਿਬ ਹੁੰਦੇ ਸਨ।

ਮਣਕੇ ਤੋਂ ਮਾਣਕ ਕਿਵੇਂ ਬਣੇ

1964 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਫ਼ਰੀਦਕੋਟ ਦੇ ਖੇਡ ਮੇਲੇ ਵਿੱਚ ਭਾਗ ਲੈਣ ਪਹੁੰਚੇ ਸਨ।

ਉਨ੍ਹਾਂ ਦੀ ਆਮਦ ਵਿੱਚ ਮਣਕੇ ਨੇ ਇੱਕ ਲੋਕ ਗੀਤ ਸੁਣਾਇਆ, ਜਿਸ ਦੇ ਬੋਲ ਸਨ ‘ਜੱਟਾ ਓਏ ਜੱਟਾ ਭੋਲ਼ਿਆ ਜੱਟਾ, ਤੇਰੇ ਸਿਰ ਵਿੱਚ ਪੈਂਦਾ ਘੱਟਾ, ਅੱਖਾਂ ਖੋਲ੍ਹ ਓਏ, ਵਿਹਲੜ ਬੰਦੇ ਮੌਜਾਂ ਮਾਣਦੇ’।

ਇਸ ਗੀਤ ਤੋਂ ਮੁਤਾਸਿਰ ਹੁੰਦਿਆਂ ਉਨ੍ਹਾਂ ਨੇ ਕਿਹਾ ਇਹ ‘ਮਣਕਾ’ ਨਹੀਂ ‘ਮਾਣਕ’ ਹੈ, ‘ਕੁਲ’ ਦਾ ‘ਦੀਪ’ ਹੈ।

ਉਸ ਤੋਂ ਬਾਅਦ ਸਕੂਲ ਅਧਿਆਪਕ ਨੇ ਸਕੂਲ ਦੇ ਰਿਕਾਰਡ ਵਿੱਚ ਉਸ ਦਾ ਨਾਮ ਬਦਲ ਕੇ ਕੁਲਦੀਪ ਮਾਣਕ ਦਰਜ ਕਰ ਦਿੱਤਾ।

ਇਸ ਤੋਂ ਬਾਅਦ ਮਾਣਕ ਨੇ ਲੋਕ ਮੌਸੀਕੀ ਦੀ ਦੁਨੀਆ ਵਿੱਚ ਜੋ ਇਤਿਹਾਸ ਸਿਰਜਿਆ ਉਸ ਤੋਂ ਸਭ ਵਾਕਿਫ਼ ਹਨ।

ਕੁਲਦੀਪ ਮਾਣਕ ਨੇ ਦੱਸਵੀਂ ਤੱਕ ਤਾਲੀਮ ਪਿੰਡ ਦੇ ਹਾਈ ਸਕੂਲ ਤੋਂ ਹਾਸਿਲ ਕੀਤੀ।

ਸਕੂਲ ਅਧਿਆਪਕਾਂ ਵੱਲੋਂ ਮਿਲੀ ਗਾਉਣ ਦੀ ਹੱਲਾਸ਼ੇਰੀ ਨੇ ਉਸ ਨੂੰ ਉਸਤਾਦ ਖ਼ੁਸ਼ੀ ਮੁਹੰਮਦ ਕੱਵਾਲ (ਭੁੱਟੀਵਾਲਾ) ਦੇ ਚਰਨੀਂ ਲਾ ਦਿੱਤਾ, ਜਿਸ ਕੋਲੋਂ ਉਨ੍ਹਾਂ ਨੇ ਮੌਸੀਕੀ ਦੇ ਫ਼ਨ ਦਾ ਫ਼ੈਜ਼ ਹਾਸਲ ਕੀਤਾ।

ਸੰਗੀਤ ਦੀ ਦੁਨੀਆ ਨੂੰ ਪੱਕੇ ਤੌਰ ਉੱਤੇ ਸਮਰਪਿਤ ਹੁੰਦਿਆ ਸੰਗੀਤ ਦੇ ਗੜ੍ਹ ਲੁਧਿਆਣਾ ਦਾ ਰੁਖ਼ ਕੀਤਾ। ਇੱਥੇ ਪਹੁੰਚ ਕੇ ਮਾਣਕ ਮਾਲਵੇ ਦੇ ਮਕਬੂਲ ਆਵਾਮੀ ਫ਼ਨਕਾਰ ਹਰਚਰਨ ਗਰੇਵਾਲ ਹੁਰਾਂ ਦੀ ਸੰਗੀਤਕ ਮੰਡਲੀ ਨਾਲ ਤੂੰਬੀ ਵਜਾਉਣ ਲੱਗ ਪਿਆ।

ਕੁਲਦੀਪ ਮਾਣਕ

ਤਸਵੀਰ ਸਰੋਤ, Mandeep Singh Sidhu

ਲੋਕ ਗਾਇਕੀ ਦਾ ਆਗ਼ਾਜ਼

ਇੰਝ ਹੀ ਸੰਘਰਸ਼ ਭਰੇ ਦੌਰ ’ਚੋਂ ਲੰਘਦਿਆਂ ਕੁਲਦੀਪ ਮਾਣਕ ਦੀ ਜ਼ਿੰਦਗ਼ੀ ਵਿੱਚ ਇੱਕ ਖ਼ੂਬਸੂਰਤ ਮੋੜ ਆਇਆ, ਜਿਸ ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ।

ਇੱਕ ਦਿਨ ਹਰਚਰਨ ਗਰੇਵਾਲ ਨੇ ਸਾਥੀ ਗਾਇਕਾ ਸੁਰਿੰਦਰ ਸੀਮਾ ਨਾਲ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਾਉਣ ਦਿੱਲੀ ਜਾਣਾ ਸੀ।

ਸਬੱਬ ਨਾਲ ਉਹ ਮਾਣਕ ਨੂੰ ਵੀ ਆਪਣੇ ਨਾਲ ਲੈ ਗਏ। ਉੱਥੇ ਗਰੇਵਾਲ ਦੇ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਸੀ ਕਿ ਉਹ ਰੋਟੀ ਖਾਣ ਚਲੇ ਗਏ।

ਰਿਕਾਰਡਿੰਗ ਸਟੂਡੀਓ ਵਿੱਚ ਬੈਠਾ 17 ਸਾਲਾ ਮਾਣਕ ਕੋਈ ਗੀਤ ਗੁਣ-ਗੁਣਾ ਰਿਹਾ ਸੀ। ਜਦੋਂ ਇਹ ਆਵਾਜ਼ ਕੋਲੰਬੀਆ ਕੰਪਨੀ ਦੇ ਰਿਕਾਰਡਿੰਗ ਡਾਇਰੈਕਟਰ ਦੇ ਕੰਨੀ ਪਈ ਤਾਂ ਉਹ ਬੜੇ ਮੁਤਾਸਰ ਹੋਏ।

ਉਨ੍ਹਾਂ ਆਖਿਆ ‘ਕਾਕਾ ਤੂੰ ਗਾ ਵੀ ਲੈਨਾਂ ਏਂ’, ਹਾਂ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਸੁਰਿੰਦਰ ਸੀਮਾ ਨਾਲ ਉਸ ਦੇ 2 ਗੀਤਾਂ ਦੀ ਰਿਕਾਰਡਿੰਗ ਕਰ ਲਈ।

ਸਾਲ 1968 ਵਿੱਚ ਗ੍ਰਾਮੋਫੋਨ ਕੰਪਨੀ ਕੋਲੰਬੀਆ (78 ਆਰਪੀਐੱਮ/ ਜੀਈ 39601) ਵੱਲੋਂ ਰਿਲੀਜ਼ਸ਼ੁਦਾ ਇਨ੍ਹਾਂ ਗੀਤਾਂ ’ਚੋਂ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਦੇ ਬੋਲ ਹਨ-

‘ਚਿੱਟਿਆਂ ਦੰਦਾਂ 'ਤੇ ਪੈ ਗਈ ਬਰੇਤੀ ਡੂੰਘੇ ਪੈ ਗਏ ਘਾਸੇ-ਲੌਂਗ ਕਰਾ ਮਿੱਤਰਾ ਮੱਛਲੀ ਪਾਉਣਗੇ ਮਾਪੇ’

ਜੈਜ਼ੀ ਬੀ ਅਤੇ ਕੁਲਦੀਪ ਮਾਣਕ

ਤਸਵੀਰ ਸਰੋਤ, Jazzy B/FB

ਤਸਵੀਰ ਕੈਪਸ਼ਨ, ਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਉਸਤਾਦ ਧਾਰਿਆ ਸੀ

...ਤੇ ਦੂਜਾ ਬਾਬੂ ਸਿੰਘ ਮਾਨ ਦਾ ਲਿਖਿਆ

‘ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਇਆ ਖੰਡ ਦੀ ਪੁੜੀ-ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ’

ਇਨ੍ਹਾਂ ਦੋਵਾਂ ਗੀਤਾਂ ਤਰਜ਼ਾਂ ਨਾਮੀ ਸੰਗੀਤਕਾਰ ਕੇਸਰ ਸਿੰਘ ਨਰੂਲਾ (ਪਿਤਾ ਜਸਪਿੰਦਰ ਨਰੂਲਾ) ਨੇ ਤਾਮੀਰ ਕੀਤੀਆਂ ਸਨ।

ਇਹ ਮਾਣਕ ਦੇ ਗਾਇਕੀ ਸਫ਼ਰ ਦਾ ਪਹਿਲਾ ਪੱਥਰ ਦਾ ਰਿਕਾਰਡ ਸੀ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ।

ਜਿੱਥੇ ਇਸ ਰਿਕਾਰਡ ਦੀ ਰਿਲੀਜ਼ ਨੇ ਮਾਣਕ ਨੂੰ ਢੇਰ ਖ਼ੁਸ਼ੀ ਦਿੱਤੀ ਉੱਥੇ ਦੂਜੇ ਪਾਸੇ ਹਰਚਰਨ ਗਰੇਵਾਲ ਵੱਲੋਂ ਮਿਲੇ ਗਾਲ੍ਹਾਂ ਦੇ ਗੱਫ਼ੇ ਨੇ ਥੋੜ੍ਹਾ ਨਿਰਾਸ਼ ਵੀ ਕੀਤਾ।

ਖ਼ੈਰ! ਨਾਲ ਇਹ ਸੋਹਣਾ ਸਬੱਬ ਗਰੇਵਾਲ ਕਰ ਕੇ ਹੀ ਤਾਂ ਬਣਿਆ ਸੀ, ਜੋ ਆਪ ਆਹਲੇ ਪਾਏ ਦੇ ਲੋਕ ਗਵੱਈਏ ਸਨ।

ਲਿਹਾਜ਼ਾ ਮਾਣਕ ਨੇ ਇਸ ਗੱਲ ਨੂੰ ਬਾਹਲਾ ਦਿਲ ਉੱਤੇ ਨਹੀਂ ਲਾਇਆ, ਸਗੋਂ ਖ਼ਾਮੋਸ਼ੀ ਨਾਲ ਮਿਹਨਤ ਕਰਦਿਆਂ ਨਾਮ ਤੇ ਸ਼ੋਹਰਤ ਕਮਾਈ।

ਕੁਲਦੀਪ ਮਾਣਕ

ਤਸਵੀਰ ਸਰੋਤ, Mandeep Singh Sidhu/BBC

ਕੁਲਦੀਪ ਮਾਣਕ ਦੀ ਆਵਾਜ਼ ਤੇ ਗ੍ਰਾਮੋਫ਼ੋਨ ਰਿਕਾਰਡਜ਼-

ਕੁਲਦੀਪ ਮਾਣਕ ਦਾ ਪਹਿਲਾ 45 ਆਰਪੀਐੱਮ ਦਾ ਈਪੀ ਰਿਕਾਰਡ (ਈਐੱਮਓਈ 10543) 1973 ਵਿੱਚ ਓਡੀਅਨ ਕੰਪਨੀ ਨੇ ‘ਪੰਜਾਬ ਦੀਆਂ ਲੋਕ ਗਥਾਵਾਂ’ ਦੇ ਨਾਮ ਹੇਠ ਜਾਰੀ ਕੀਤਾ ਸੀ। ਇਸ ਰਿਕਾਰਡ ’ਚ ਹਰਦੇਵ ਦਿਲਗੀਰ ਦੇ ਲਿਖੇ ਗੀਤ ‘ਜੈਮਲ ਫੱਤਾ’, ‘ਦੁੱਲਾ ਭੱਟੀ’, ‘ਹੀਰ ਦੀ ਕਲੀ’ ਤੇ ‘ਰਾਜਾ ਰਸਾਲੂ’ ਸਨ, ਇਨ੍ਹਾਂ ਦਾ ਸੰਗੀਤ ਰਾਮ ਸਰਨ ਦਾਸ ਨੇ ਤਿਆਰ ਕੀਤਾ ਸੀ।

1976 ਵਿੱਚ ਗ੍ਰਾਮੋਫ਼ੋਨ ਕੰਪਨੀ ਈਐੱਮਆਈ (ਇੰਡੀਆ) ਨੇ ਕੁਲਦੀਪ ਮਾਣਕ ਦੇ ਗਾਏ 11 ਗੀਤਾਂ ਦਾ ਐੱਲ. ਪੀ. ਰਿਕਾਰਡ (ਈਏਐਸਡੀ 1716) ‘ਤੂੰਬੀ ਉੱਤੇ ਪੰਜਾਬ ਦੇ ਅਮਰ ਗੀਤ’ ਸਿਰਲੇਖ ਹੇਠ ਜਾਰੀ ਕੀਤਾ।

ਹਰਦੇਵ ਦਿਲਗੀਰ ਦੇ ਲਿਖੇ ਤੇ ਕੇਸਰ ਸਿੰਘ ਨਰੂਲਾ ਦੇ ਸੰਗੀਤਬੱਧ ਕੀਤੇ ਕੁਝ ਮਸ਼ਹੂਰ ਜ਼ਮਾਨਾ ਗੀਤ ‘ਚਿੱਠੀਆਂ ਸਾਹਿਬਾ ਜੱਟੀ ਨੇ’, ‘ਝੂਟਦੀਆਂ ਮਲਕੀ ਨਾਲ ਮੁਟਿਆਰਾਂ ਪੀਘਾਂ ਝੂਟਦੀਆਂ’, ‘ਇੱਕ ਜੋਗੀ ਟਿੱਲਿਓਂ ਆ ਗਿਆ’, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’ ਆਦਿ ਤੋਂ ਇਲਾਵਾ ‘ਤੇਰੇ ਟਿੱਲੇ ’ਚੋਂ ਉਹ ਸੂਰਤ ਦੀਂਹਦੀ ਆ ਹੀਰ ਦੀ’ (ਕਲੀ) ਗੀਤ ਬੜਾ ਹਿੱਟ ਹੋਇਆ।

1978 ਗ੍ਰਾਮੋਫ਼ੋਨ ਕੰਪਨੀ ਇਨਰੀਕੋ ਨੇ ਕੁਲਦੀਪ ਮਾਣਕ ਦੀ ਆਵਾਜ਼ ’ਚ 12 ਗੀਤਾਂ ਦਾ ਐੱਲਪੀ ਰਿਕਾਰਡ (2442-5041) ‘ਪੰਜਾਬ ਦੇ ਲੋਕ ਗੀਤ-ਇਸ਼ਕ ਤੰਦੂਰ ਹੱਡਾਂ ਦਾ ਬਾਲਣ’ ਦੇ ਸਿਰਲੇਖ ਹੇਠ ਜਾਰੀ ਕੀਤਾ।

ਕੁਲਦੀਪ ਮਾਣਕ

ਤਸਵੀਰ ਸਰੋਤ, Jazzy B/FB

ਤਸਵੀਰ ਕੈਪਸ਼ਨ, ਕੁਲਦੀਪ ਮਾਣਕ ਨੂੰ ਮਾਣਕ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸੀ

ਵੇਦ ਸੇਠੀ ਦੇ ਸੰਗੀਤ ’ਚ ਹਰਦੇਵ ਦਿਲਗੀਰ ਦੇ ਲਿਖੇ ਕੁਝ ਦਿਲਕਸ਼ ਗੀਤਾਂ ਦੇ ਬੋਲ ਹਨ ‘ਪੁੰਨ ਖੱਟ ਦੇ, ਮਿਲਾ ਦੇ ਜੱਟੀ ਹੀਰ ਜੋਗੀਆ’, ‘ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰ੍ਹਾਣਾ ਲਾ ਕੇ’, ‘ਲੱਧੀ ਨੂੰ ਮੇਹਰੂ ਪੋਸਤੀ ਗੱਲ ਖਰੀ ਸੁਣਾਵੇ ਉਹ ਮੈਂ ਨਹੀਂ ਜਾਣਾ ਜੰਝ ਨੂੰ ਤੇਰਾ ਦੁੱਲਾ ਜਾਵੇ’ ਆਦਿ।

1979 ਵਿੱਚ ਈਐੱਮਆਈ ਕੰਪਨੀ (ਈਸੀਐੱਸਡੀ 3024) ਨੇ ‘ਪੰਜਾਬੀ ਫ਼ੋਕ ਟੇਲਸ-ਪੰਜਾਬੀ ਕਿੱਸੇ’ ਦੇ ਸਿਰਲੇਖ ਹੇਠ ਐੱਲਪੀ ਰਿਕਾਰਡ ਜਾਰੀ ਕੀਤਾ।

ਇਸ ਰਿਕਾਰਡ ’ਚ ਚਰਨਜੀਤ ਅਹੂਜਾ ਦੇ ਸੰਗੀਤ ’ਚ ਕੁਲਦੀਪ ਮਾਣਕ ਨੇ ਹਰਦੇਵ ਦਿਲਗੀਰ, ਦਲੀਪ ਸਿੰਘ ਸਿੱਧੂ ਤੇ ਗੁਰਮੁੱਖ ਸਿੰਘ ਗਿੱਲ ਦੇ ਲਿਖੇ 11 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ, ਜਿਨ੍ਹਾਂ ’ਚ ਉਨ੍ਹਾਂ ਦਾ ਗਾਇਆ ‘ਨੀ ਪੁੱਤ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ ਓ ਤੇਰੀ ਅੱਖਾਂ ਮੂਹਰੇ ਨੱਚਦੀ ਸੂਰਤ ਪਿਆਰੀ’ ਬੜਾ ਹਿੱਟ ਹੋਇਆ।

1979 ਵਿੱਚ ਕੈਪਕੋ (ਕੇਆਰ 5511) ਕੰਪਨੀ ਨੇ ‘ਪੰਜਾਬੀ ਲੋਕ ਗੀਤ’ ਦੇ ਨਾਮ ਨਾਲ ਜਾਰੀ ਕੀਤਾ। ਇਹ ਕੁਲਦੀਪ ਮਾਣਕ ਦਾ ਗੁਲਸ਼ਨ ਕੋਮਲ ਨਾਲ ਆਇਆ ਪਹਿਲਾ ਦੋਗਾਣਾ ਰਿਕਾਰਡ ਸੀ, ਜਿਸ ਦੇ ਗੀਤਾਂ ‘ਬਣ-ਥਣ ਕੇ ਤੂੰ ਕੱਤਣ ਬੈਠ ਗਈ ਪੱਟਿਆ ਪੁੱਤ ਬੇਗਾਨਾ’, ‘ਵੇ ਮੁੰਡਿਆ ਹਾਣ ਦਿਆ’, ‘ਕਿਤੋਂ ਆਜਾ ਬਾਬਲਾ ਵੇ ਦੁੱਖੜੇ ਸੁਣਲੈ ਧੀ ਦੇ ਆ ਕੇ’, ‘ਸੁਣ ਨੀ ਕੁੜੀਏ ਸੁਣ ਨੀ ਹਾਣਨੇ’, ‘ਘਰੇ ਚੱਲ ਕੱਢੂੰ ਰੜਕਾਂ’ ਤੇ ‘ਕੱਢਣਾ ਰੂਮਾਲ ਦੇ ਗਿਆ’ ਆਦਿ ਨਗ਼ਮਾਤ ਨੇ ਹੱਦ ਦਰਜਾ ਮਕਬੂਲੀਅਤ ਹਾਸਿਲ ਕੀਤੀ।

ਕੁਲਦੀਪ ਮਾਣਕ

ਤਸਵੀਰ ਸਰੋਤ, Mandeep Singh Sidhu

ਮਾਲਵੇ ਤੋਂ ਵਿਦੇਸ਼ੀ ਮੁਲਕਾਂ ਤੱਕ ਮਕਬੂਲੀਅਤ

ਹੁਣ ਮਾਣਕ ਦੀ ਮਕਬੂਲੀਅਤ ਦਾ ਆਲਮ ਇਹ ਸੀ ਕਿ ਉਸ ਦੇ ਗੀਤਾਂ ਦੀ ਗੂੰਜ ਮਾਲਵਾ, ਮਾਝਾ, ਦੁਆਬਾ ਹੀ ਨਹੀਂ ਵਿਦੇਸ਼ੀ ਧਰਤ ਉੱਤੇ ਵੀ ਬਰਾਬਰ ਪੈ ਰਹੀ ਸੀ।

ਲਿਹਾਜ਼ਾ 1980 ਵਿੱਚ ਈਐੱਮਆਈ, ਐੱਚਐੱਚਐੱਮਵੀ (ਈਸੀਐੱਸਡੀ 3035) ਕੰਪਨੀ ਨੇ ਕੁਲਦੀਪ ਮਾਣਕ ਦੀ ਆਵਾਜ਼ ’ਚ ‘ਕੁਲਦੀਪ ਮਾਣਕ’ ਦੇ ਨਾਮ ਹੇਠ 12 ਗੀਤਾਂ ਦਾ ਐੱਲਐੱਪੀ ਰਿਕਾਰਡ ਜਾਰੀ ਕੀਤਾ, ਜਿਸ ਦਾ ਸੰਗੀਤ ਚਰਨਜੀਤ ਅਹੂਜਾ ਨੇ ਮੁਰੱਤਿਬ ਕੀਤਾ।

ਰਿਕਾਰਡ ਦੇ ਚੰਦ ਮਸ਼ਹੂਰ ਗੀਤ ‘ਜਿਓਣਾ ਮੋੜ ਘੋੜੀ ਤੇ ਫ਼ਰਾਰ ਹੋ ਗਿਆ’, ‘ਜਾ ਕਹਿ ਦੇ ਸਾਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ’ ਤੋਂ ਇਲਾਵਾ ਮਾਂ ਦੀ ਅਜ਼ਮਤ ਦਰਸਾਉਂਦਾ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’ ਅਮਰ ਗੀਤ ਦਾ ਦਰਜਾ ਰੱਖਦਾ ਹੈ।

ਇਸ ਤੋਂ ਬਾਅਦ ਕੁਲਦੀਪ ਮਾਣਕ ਦੀ ਆਵਾਜ਼ ਅਤੇ ਸੰਗੀਤ ’ਚ ਬਰਮਿੰਘਮ ਦੀ ਏਸ਼ੀਅਨ ਰਿਕਾਰਡ (ਐੱਮਐੱਸ 181 ਏ) ਕੰਪਨੀ ਨੇ ‘ਦਿਲਾਂ ਦੇ ਸੌਦੇ’ ਦੇ ਸਿਰਲੇਖ ਹੇਠ ਈਪੀ ਰਿਕਾਰਡ ਜਾਰੀ ਕੀਤਾ।

ਇਸ ਰਿਕਾਰਡ ’ਚ ਕੁਲਦੀਪ ਮਾਣਕ ਤੇ ਮੋਹਣ (ਨਮਾਣਾ ਗਰੁੱਪ) ਨੇ ਇਕੱਠਿਆਂ ਗੀਤ ਪੇਸ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਦੇ ਹਰ ਸਾਲ ਦਰਜਨਾਂ ਗੀਤ ਰਿਕਾਰਡ ਹੋਏ ਤੇ ਲੋਕਾਂ ਦੇ ਦਿਲ਼ਾਂ ਵਿੱਚ ਘਰ ਕਰਦੇ ਰਹੇ।

ਗ੍ਰਾਮੋਫੋਨ ਰਿਕਾਰਡਾਂ ਦੇ ਬੰਦ ਹੋਣ ਤੋਂ ਬਾਅਦ ਆਡੀਓ ਕੈਸਟਾਂ ਦਾ ਦੌਰ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਕੁਲਦੀਪ ਮਾਣਕ ਦੀਆਂ ਬੇਸ਼ੁਮਾਰ ਆਡੀਓ ਕੈਸਟਾਂ ਮਾਰਕੀਟ ’ਚ ਨੁਮਾਇਸ਼ ਹੋਈਆਂ, ਜਿਨ੍ਹਾਂ ਨੂੰ ਸੰਗੀਤ-ਮੱਦਾਹਾਂ ਨੇ ਮਣਾ ਮੂੰਹੀਂ ਮੋਹ ਦਿੱਤਾ।

ਕੈਸਟਾਂ ਦਾ ਯੁੱਗ ਖ਼ਤਮ ਹੁੰਦਿਆਂ ਅੱਜ ਦੀ ਨਸਲ ਉਨ੍ਹਾਂ ਦੇ ਗੀਤ ਆਡੀਓ ਸੀਡੀਜ਼, ਪੈੱਨ ਡਰਾਈਵ ਤੋਂ ਬਾਅਦ ਯੂ-ਟਿਓੂਬ ਤੇ ਮੋਬਾਇਲਾਂ ਵਿੱਚ ਸੁਣ ਰਹੀ ਹੈ।

ਕੁਲਦੀਪ ਮਾਣਕ

ਤਸਵੀਰ ਸਰੋਤ, Mandeep Singh Sidhu/BBc

ਇਹ ਵੀ ਪੜ੍ਹੋ-

ਪੰਜਾਬੀ ਸਿਨਮੇ ’ਚ ਕੁਲਦੀਪ ਮਾਣਕ ਦੀ ਚੜ੍ਹਤ

ਮਾਲਵੇ ਦੀ ਲੋਕ ਗਾਇਕੀ ਵਿੱਚ ਕੁਲਦੀਪ ਮਾਣਕ ਮਸ਼ਹੂਰ ਤੇ ਮਸਰੂਫ਼ ਗਾਇਕ ਸੀ, ਜਿਸ ਦੇ ਨਗ਼ਮਾਤ ਹਰ ਸ਼ਖ਼ਸ਼ ਦੀ ਜ਼ੁਬਾਂ ਉੱਤੇ ਸਨ। ਲਿਹਾਜ਼ਾ ਪੰਜਾਬ ਦੇ ਫ਼ਿਲਮਕਾਰਾਂ ਨੇ ਵੀ ਉਸ ਦੀ ਸਫ਼ਲਤਾ ਤੇ ਆਵਾਜ਼ ਨੂੰ ਰੱਜ ਕੇ ਕੈਸ਼ ਕੀਤਾ।

ਜਦੋਂ ਬਲਦੇਵ ਸਿੰਘ ਦਾਨੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸਨਰਾਈਜ਼ ਇੰਟਰਪ੍ਰਾਈਜਸ, ਬੰਬੇ ਦੇ ਬੈਨਰ ਹੇਠ ਬੂਟਾ ਸਿੰਘ ਸ਼ਾਦ ਦੀ ਹਿਦਾਇਤਕਾਰੀ ਹੇਠ ਪੰਜਾਬੀ ਫ਼ਿਲਮ ‘ਸੈਦਾਂ ਜੋਗਣ’ (1979) ਬਣਾਈ ਤਾਂ ਫ਼ਿਲਮ ਦੇ ਸੰਗੀਤਕਾਰ ਤੇ ਮਾਰੂਫ਼ ਲੋਕ ਗਾਇਕ ਮੁਹੰਮਦ ਸਦੀਕ ਨੇ ਕੁਲਦੀਪ ਮਾਣਕ ਨੂੰ ਨਵੇਂ ਗਾਇਕ ਵਜੋਂ ਪੇਸ਼ ਕੀਤਾ।

ਮਾਣਕ ਦੇ ਗਾਏ ਪਹਿਲੇ ਫ਼ਿਲਮੀ ਗੀਤ ਦੇ ਬੋਲ ਸਨ ‘ਅੱਛਾ ਜਾ…ਆਹ ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ ਸਾਥੋਂ ਨੀ ਮੱਝੀਂ ਚਾਰ ਹੁੰਦੀਆਂ’ (ਨਾਲ ਕਰਤਾਰ ਰਮਲਾ, ਕੇਵਲ ਜਲਾਲ)।

ਇਸ ਗੀਤ ਦਾ ਖ਼ੂਬਸੂਰਤ ਫ਼ਿਲਮਾਂਕਣ ਅਦਾਕਾਰ ਸਤੀਸ਼ ਕੌਲ, ਆਰ. ਐੱਸ. ਰੰਗੀਲਾ ਤੇ ਸਾਥੀਆਂ ਉੱਤੇ ਸਟੇਜ ਤੇ ਹੋਇਆ ਸੀ।

ਸ਼ਿਆਮ ਲਾਲ ਬੰਸੀਵਾਲ (ਨਾਲ ਵਰਿੰਦਰ) ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਜਿਓਤੀ ਫ਼ਿਲਮਜ਼, ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਵਰਿੰਦਰ ਦੀ ਹਿਦਾਇਤਕਾਰੀ ਹੇਠ ਪੰਜਾਬੀ ਫ਼ਿਲਮ ‘ਲੰਬੜਦਾਰਨੀ’ (1980) ਬਣਾਈ ਤਾਂ ਫ਼ਿਲਮ ਦੇ ਮਾਰੂਫ਼ ਸੰਗੀਤਕਾਰ ਸਰਦੂਲ ਕਵਾਤੜਾ ਨੇ ਦੇਵ ਥਰੀਕੇਵਾਲਾ ਦੇ ਲਿਖੇ 2 ਗੀਤ ਕੁਲਦੀਪ ਮਾਣਕ ਕੋਲੋਂ ਗਵਾਏ, ਜਿਨ੍ਹਾਂ ’ਚ ਪਹਿਲਾ ਗੀਤ ‘ਨਿੱਤ ਬੰਬਿਓਂ ਪਠਾਨਕੋਟ ਜਾਵੇ ਨੀ ਯਾਰਾਂ ਦਾ ਟਰੱਕ ਬੱਲੀਏ’ ਸੀ, ਜੋ ਇਸ ਫ਼ਿਲਮ ਦਾ ਸ਼ੁਰੂਆਤੀ ਗੀਤ ਤੇ ਦੂਜਾ ਜੁਗਨੀ’ ਗੀਤ ਅਖਾੜੇ ਦੇ ਰੂਪ ਵਿੱਚ ਕੁਲਦੀਪ ਮਾਣਕ (ਪਸਮੰਜ਼ਰ ’ਚ ਵਰਿੰਦਰ ਤੇ ਅਰੂਨਾ ਇਰਾਨੀ) ’ਤੇ ਫ਼ਿਲਮਾਇਆ ਗਿਆ ਸੀ।

ਇੱਕ ਸਾਲ ਬਾਅਦ ਇਹ ਫ਼ਿਲਮ ਹਿੰਦੀ ’ਚ ‘ਖੇਲ ਮੁਕੱਦਰ ਕਾ’ (1981) ਦੇ ਨਾਮ ਹੇਠ ਡੱਬ ਹੋਈ ਸੀ।

ਬਲਬੀਰੋ ਭਾਬੀ

ਤਸਵੀਰ ਸਰੋਤ, Mandeep Singh Sidhu

ਤਸਵੀਰ ਕੈਪਸ਼ਨ, ਬਲਬੀਰੋ ਭਾਬੀ ਦੀ ਪੋਸਟਰ

ਪੰਜਾਬੀ ਫਿਲਮਾਂ ਦਾ ਤਜਰਬਾ

ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਮਾਣਕ ਨੇ ਪੰਜਾਬੀ ਫ਼ਿਲਮਾਂ ’ਚ ਪੈਸਾ ਲਾਉਣ ਬਾਰੇ ਵੀ ਸੋਚਿਆ। ਆਪਣੇ ਕਰੀਬੀ ਫ਼ਨਕਾਰ ਮਿੱਤਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਉਨ੍ਹਾਂ ਆਪਣੇ ਨਵੇਂ ਫ਼ਿਲਮਸਾਜ਼ ਅਦਾਰੇ ਬੀਐੱਚਕੇਜੀ (ਭੁੱਲਾ ਰਾਮ ਚੰਨ-ਹਰਦੇਵ ਦਿਲਗੀਰ-ਕੁਲਦੀਪ ਮਾਣਕ-ਗੁਰਚਰਨ ਪੋਹਲੀ) ਪ੍ਰੋਡਕਸ਼ਨਸ, ਬੰਬੇ ਦੀ ਸਥਾਪਨਾ ਕੀਤੀ, ਜਿਸ ਦੇ ਬੈਨਰ ਹੇਠ ਉਨ੍ਹਾਂ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਬਲਬੀਰੋ ਭਾਬੀ’ (1981) ਬਣਾਈ।

ਫ਼ਿਲਮ ਦੇ ਅਦਾਕਾਰ ਤੇ ਹਿਦਾਇਤਕਾਰ ਵਰਿੰਦਰ ਸਨ। ਇਹ ਬਤੌਰ ਸੰਗੀਤਕਾਰ ਕੁਲਦੀਪ ਮਾਣਕ ਦੀ ਪਹਿਲੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ਵਿੱਚ ਕੁਲਦੀਪ ਮਾਣਕ ਨੇ ‘ਮਾਣਕ’ ਦਾ ਕਿਰਦਾਰ ਨਿਭਾਉਣ ਦੇ ਨਾਲ-ਨਾਲ 5 ਗੀਤ ਵੀ ਗਾਏ।

3 ਗੀਤ ਦੇਵ ਥਰੀਕੇਵਾਲਾ ਦੇ ਲਿਖੇ ‘ਦਾਤਾ ਦੇ ਭਗਤ ਸੂਰਮੇ ਜਿਊਂਦੇ ਜੱਗ ਰਹਿੰਦੇ ਨੇ’, ‘ਵੇ ਤੂੰ ਸੱਦਿਆ ਦੁਪਹਿਰੇ ਆਈ ਵੇ’ (ਨਾਲ ਦਿਲਰਾਜ ਕੌਰ), ‘ਸੁੱਚਿਆ ਵੇ ਭਾਬੀ ਤੇਰੀ ਘੂਕਰ ਨੇ ਕੱਲ੍ਹੀ ਘੇਰੀ’ ਤੋਂ ਇਲਾਵਾ ਚੰਨ ਗੁਰਾਇਆਂ ਵਾਲੇ ਦਾ ਲਿਖਿਆ ਤੇ ਕੁਲਦੀਪ ਮਾਣਕ ’ਤੇ ਫ਼ਿਲਮਾਇਆ ‘ਸੁੱਚੇ ਯਾਰ ਬਿਨ੍ਹਾਂ ਮੇਰਾ ਜੀ ਨੀ ਲੱਗਦਾ ਕੱਲ੍ਹੀ ਦਾ’ (ਕਲੀ) ਗੀਤ ਬੇਹੱਦ ਮਕਬੂਲ ਹੋਇਆ।

132 ਮਿੰਟ ਦੀ ਇਹ ਕਾਮਯਾਬ ਫ਼ਿਲਮ 18 ਜੂਨ 1982 ਨੂੰ ਮਾਲਵਾ ਸਿਨਮਾ, ਪਟਿਆਲਾ ਵਿਖੇ ਨੁਮਾਇਸ਼ ਹੋਈ।

ਸੀਆਰ ਬੱਸੀ ਤੇ ਸ੍ਰੀਮਤੀ ਸੰਤੋਸ਼ ਰਾਣੀ ਦੇ ਫ਼ਿਲਮਸਾਜ਼ ਅਦਾਰੇ ਕਲਾਦੀਪ ਮੂਵੀਜ਼, ਨਵੀਂ ਦਿੱਲੀ ਦੇ ਬੈਨਰ ਹੇਠ ਪਵਨ ਦੇਵ ਦੀ ਹਿਦਾਇਤਕਾਰੀ ’ਚ ਬਣੀ ਪੰਜਾਬੀ ਫ਼ਿਲਮ ‘ਵੇਹੜਾ ਲੰਬੜਾਂ ਦਾ’ (1982) ’ਚ ਸੰਗੀਤਕਾਰ ਸੁਰਿੰਦਰ ਕੋਹਲੀ ਨੇ ਸ਼ਬਾਬ ਅਲਾਵਲਪੁਰੀ ਦਾ ਲਿਖਿਆ ਇੱਕ ਗੀਤ ਮਾਣਕ ਕੋਲੋਂ ਗਵਾਇਆ ‘ਗਲ ਪਾ ਇਸ਼ਕੇ ਦੀ ਮਾਲ਼ਾ ਜੋਗਨ ਵਿਲਕ ਰਹੀ’ ਜੋ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ (ਲਾਹੌਰ) ਉੱਤੇ ਫ਼ਿਲਮਾਇਆ ਬਿਹਤਰੀਨ ਗੀਤ ਸੀ।

14 ਅਕਤੂਬਰ 1983 ਨੂੰ ਇਹ ਫ਼ਿਲਮ ਜੋਸ਼ੀ ਪੈਲੇਸ ਸਿਨਮਾ, ਫ਼ਿਰੋਜ਼ਪੁਰ ਸ਼ਹਿਰ ਵਿਖੇ ਪਰਦਾਪੇਸ਼ ਹੋਈ।

ਦਰਸ਼ਨ ਬੱਗਾ ਦੇ ਫ਼ਿਲਮਸਾਜ਼ ਅਦਾਰੇ ਡੀਐੱਮ ਇੰਟਰਪ੍ਰਾਈਜ਼ਸ, ਬੰਬੇ ਦੀ ਸਤੀਸ਼ ਭਾਖੜੀ ਦੀ ਹਿਦਾਇਤਕਾਰੀ ’ਚ ਬਣੀ ਪੰਜਾਬੀ ਫ਼ਿਲਮ ‘ਬੱਗਾ ਡਾਕੂ’ (1983) ਜਿਸ ਵਿੱਚ ‘ਬੱਗਾ ਡਾਕੂ’ ਦਾ ਟਾਈਟਲ ਰੋਲ ਦਰਸ਼ਨ ਬੱਗਾ ਨੇ ਨਿਭਾਇਆ ਸੀ।

ਇਸ ਫ਼ਿਲਮ ’ਚ ਸੰਗੀਤਕਾਰ ਸਰਦੂਲ ਕਵਾਤੜਾ ਨੇ ਇੱਕ ਵਾਰ ਫਿਰ ਮਾਣਕ ਕੋਲੋਂ ਇੱਕੋ ਗੀਤ ਗਵਾਇਆ ‘ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’।

ਇਹ ਗੀਤ ‘ਡਾਕੂ’ ਦਾ ਕਿਰਦਾਰ ਨਿਭਾ ਰਹੇ ਦਰਸ਼ਨ ਬੱਗਾ ਉੱਤੇ ਟੱਪਿਆਂ ਦੇ ਰੂਪ ਵਿੱਚ ਫ਼ਿਲਮਾਇਆ ਗਿਆ ਸੀ। 145 ਮਿੰਟ ਦੀ ਇਹ ਫ਼ਿਲਮ 24 ਜੂਨ 1983 ਨੂੰ ਚਾਂਦ ਸਿਨਮਾ, ਲੁਧਿਆਣਾ ਵਿਖੇ ਰਿਲੀਜ਼ ਹੋਈ।

ਕੁਲਦੀਪ ਮਾਣਕ

ਤਸਵੀਰ ਸਰੋਤ, Shakti Mank

ਐੱਲਐਸ ਪਾਹਲ ਦੇ ਫ਼ਿਲਮਸਾਜ਼ ਅਦਾਰੇ ਪਾਹਲ ਬ੍ਰਦਰਜ਼ ਪ੍ਰੋਡਕਸ਼ਨਸ, ਬੰਬੇ ਦੇ ਬੈਨਰ ਹੇਠ ਜਦੋਂ ਕੰਵਲ ਬਿਆਲਾ ਨੇ ਪੰਜਾਬੀ ਫ਼ਿਲਮ ‘ਰੂਪ ਸ਼ਕੀਨਨ ਦਾ’ (1983) ਬਣਾਈ।

ਇਸ ਫ਼ਿਲਮ ਵਿੱਚ ਸੰਗੀਤਕਾਰ ਚਰਨਜੀਤ ਅਹੂਜਾ ਨੇ ਦੇਵ ਕਰਨੈਲ ‘ਲਾਲਾਂਵਾਲੇ’ ਦੇ ਲਿਖੇ 2 ਗੀਤ ਕੁਲਦੀਪ ਮਾਣਕ ਕੋਲੋਂ ਗਵਾਏ, ਜਿਨ੍ਹਾਂ ਦੇ ਬੋਲ ਹਨ ‘ਓਹਦਾ ਗੋਰਾ ਚਿੱਟਾ ਰੰਗ…ਰੂਪ ਸ਼ੁਕੀਨਨ ਦਾ ਹਾਏ ਤਾਬ ਝੱਲੀ ਨਾ ਜਾਵੇ’ ਤੇ ਦੂਜਾ ਅਦਾਕਾਰ ਸਤੀਸ਼ ਕੋਲ (ਨਾਲ ਦਲਜੀਤ ਕੌਰ) ਉੱਤੇ ਫ਼ਿਲਮਾਇਆ ‘ਓ ਲਾਲ ਲੀੜੀਆਂ ’ਚ ਬੈਠੀ ਨੀ ਤੂੰ ਮੱਘਦੀ ਸ਼ਗਨਾਂ ਦਾ ਚੂੜਾ ਪਾ ਲਿਆ ਨੀ’।

131 ਮਿੰਟ ਦੀ ਇਹ ਫ਼ਿਲਮ 30 ਸਤੰਬਰ 1983 ਨੂੰ ਜੋਸ਼ੀ ਪੈਲੇਸ ਸਿਨਮਾ, ਫ਼ਿਰੋਜ਼ਪੁਰ ਸ਼ਹਿਰ ਵਿਖੇ ਨੁਮਾਇਸ਼ ਹੋਈ।

ਪੂਜਾ ਫ਼ਿਲਮਸ ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲਾਜੋ’ (1983) ਵਿੱਚ ਸੰਗੀਤਕਾਰ ਕਮਲ ਕਾਂਤ ਨੇ ਚੰਨ ਗੁਰਾਇਆਂ ਵਾਲਾ ਦਾ ਲਿਖਿਆ ਇੱਕ ਗੀਤ ਮਾਣਕ ਤੋਂ ਗਵਾਇਆ ‘ਇਨਸਾਫ਼ ਦੀ ਕੁਰਸੀ ’ਤੇ ਬਹਿ ਕੇ’, ਜਿਸ ਦੇ ਪਸਮੰਜ਼ਰ ਵਿੱਚ ਸੁਧਾ ਚੋਪੜਾ, ਮਨੂੰ ਸ਼ਰਮਾ ਤੇ ਪਰਵਿੰਦਰ ਕੈਨ ਮੌਜੂਦ ਸਨ। 147 ਮਿੰਟ ਦੀ ਇਹ ਫ਼ਿਲਮ 17 ਜੂਨ 1983 ਨੂੰ ਲਕਸ਼ਮੀ ਪੈਲੇਸ, ਲੁਧਿਆਣਾ ਵਿਖੇ ਪਰਦਾਪੇਸ਼ ਹੋਈ।

ਮਹਿੰਦਰ ਕੈਲੇ, ਦਰਸ਼ਨ ਗਰੇਵਾਲ ਦੇ ਫ਼ਿਲਮਸਾਜ਼ ਅਦਾਰੇ ਦਸ਼ਮੇਸ਼ ਆਰਟ ਪ੍ਰੋਡਕਸ਼ਨਸ, ਲੁਧਿਆਣਾ ਜਦੋਂ ਸਤੀਸ਼ ਭਾਖੜੀ ਦੀ ਹਿਦਾਇਤਕਾਰੀ ਹੇਠ ਰੂਮਾਨਵੀ ਦਾਸਤਾਨ ਉੱਤੇ ਆਧਾਰਿਤ ਪੰਜਾਬੀ ਫ਼ਿਲਮ ‘ਸੱਸੀ ਪੁਨੂੰ’ (1983) ਬਣਾਈ ਤਾਂ ਮਾਰੂਫ਼ ਮੌਸੀਕਾਰ ਰਵੀ ਨੇ ਮੁਨਸਿਫ਼ ਦਾ ਲਿਖਿਆ ਇੱਕ ਗੀਤ ਕੁਲਦੀਪ ਮਾਣਕ ਕੋਲੋਂ ਗਵਾਇਆ।

ਫ਼ਿਲਮ ਦੀ ਸ਼ੁਰੂਆਤ ਵਿੱਚ ਫ਼ਕੀਰ ਬਾਬੇ ਉੱਪਰ ਫ਼ਿਲਮਾਏ ਅਤੇ ਹਰਦੇਵ ਦਿਲਗੀਰ ਦੇ ਲਿਖੇ ਇਸ ਪੁਰਸੋਜ਼ ਗੀਤ ਦੇ ਬੋਲ ਹਨ ‘ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜ੍ਹੀ ਨਦੀ ਵਿੱਚ ਜਾਵੇ’।

148 ਮਿੰਟ ਦੀ ਇਹ ਫ਼ਿਲਮ 29 ਅਗਸਤ 1986 ਨੂੰ ਚੰਦਾ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ।

ਦਲਵਿੰਦਰ ਸੋਹਲ, ਅਸ਼ੋਕ ਵਰਮਾ ਤੇ ਸਵਰਨਜੀਤ ਸਿੰਘ ਦੇ ਫ਼ਿਲਮਸਾਜ਼ ਅਦਾਰੇ ਸੋਹਲ ਪ੍ਰੋਡਕਸ਼ਨਸ, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮਾਵਾਂ ਠੰਡੀਆਂ ਛਾਵਾਂ’ (1984) ’ਚ ਸੰਗੀਤਕਾਰ ਸੁਰਿੰਦਰ ਕੋਹਲੀ ਨੇ ਦੇਵ ਥਰੀਕੇ ਵਾਲੇ ਦਾ ਲਿਖਿਆ ਇੱਕੋ ਗੀਤ ‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ (ਨਾਲ ਕੁਲਦੀਪ ਕੌਰ) ਜੋ ਫ਼ਿਲਮ ’ਚ ਕੁਲਦੀਪ ਮਾਣਕ ਤੇ ਕੁਲਦੀਪ ਕੌਰ ਉੱਤੇ ਅਖਾੜੇ ਦੇ ਰੂਪ ਵਿੱਚ ਪੇਸ਼ ਕੀਤਾ ਸੀ।

ਕੁਲਦੀਪ ਮਾਣਕ

ਤਸਵੀਰ ਸਰੋਤ, Shakti manak

159 ਮਿੰਟ ਦੀ ਇਹ ਫ਼ਿਲਮ 7 ਸਤੰਬਰ 1984 ਨੂੰ ਜਗਤ ਸਿਨਮਾ, ਚੰਡੀਗੜ੍ਹ ਵਿਖੇ ਨੁਮਾਇਸ਼ ਹੋਈ।

ਕੰਵਲ ਬਿਆਲਾ ਦੇ ਫ਼ਿਲਮਸਾਜ਼ ਅਦਾਰੇ ਆਸ਼ੂਰਾਜ ਪਿਕਚਰਸ, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਫ਼ਿਲਮ ‘ਸੋਹਣੀ ਮਹੀਵਾਲ’ (1984) ’ਚ ਸੁਰਿੰਦਰ ਕੋਹਲੀ ਨੇ ਕੁਲਦੀਪ ਮਾਣਕ ਕੋਲੋਂ 2 ਗੀਤ ਗਵਾਏ ‘ਜੇ ਮੈਂ ਗ਼ਮ ਕਰਾਂ ਤੇ ਮੈਂ ਮਰ ਜਾਵਾਂ’ ਤੇ ਦੂਜਾ ‘ਘਰ ਤੋਂ ਟੁਰਨ ਲੱਗੀ ਸੋਹਣੀ…ਇਸ਼ਕੇ ਦਾ ਰੋਗ’, ਜਿਨ੍ਹਾਂ ਦੇ ਪਸਮੰਜ਼ਰ ’ਚ ਦਲਜੀਤ (ਸੋਹਣੀ) ਤੇ ਅਰੁਣ ਚੋਪੜਾ (ਮਹੀਵਾਲ) ਮੌਜੂਦ ਸਨ।

111 ਮਿੰਟ ਦੀ ਇਹ ਫ਼ਿਲਮ 13 ਜੁਲਾਈ 1984 ਨੂੰ ਗਗਨ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਪਰ ਨਾਕਾਮ ਰਹੀ।

ਫ਼ਿਲਮਸਾਜ਼ ਸ. ਰਾਏ ਸਿੰਘ, ਯੋਗਰਾਜ ਸਿੰਘ ਤੇ ਸ਼ਾਮ ਸਿੰਘ ਨੇ ਸਾਂਝੇ ਸਹਿਯੋਗ ਨਾਲ ਮਾਤਾ ਗੁਰਨਾਮ ਕੌਰ ਕੰਬਾਈਨਸ, ਬੰਬੇ ਦੇ ਬੈਨਰ ਹੇਠ ਜਰਨੈਲ ਸਿੰਘ ਦੀ ਹਿਦਾਇਤਕਾਰੀ ’ਚ ਪੰਜਾਬੀ ਫ਼ਿਲਮ ‘ਜੱਟ ਸੁੱਚਾ ਸਿੰਘ ਸੂਰਮਾ’ (1993) ਬਣਾਈ।

ਇਸ ਫ਼ਿਲਮ ਵਿੱਚ ਸੰਗੀਤਕਾਰ ਸੁਰਿੰਦਰ ਬਚਨ ਨੇ ਪ੍ਰੀਤ ਮਹਿੰਦਰ ਤਿਵਾੜੀ ਦਾ ਲਿਖਿਆ ਇੱਕ ਗੀਤ ਕੁਲਦੀਪ ਮਾਣਕ ਕੋਲੋਂ ਗਵਾਇਆ ‘ਤੈਨੂੰ ਵੇਖ ਕੇ ਮਿੱਤਰਾ ਵੇ ਛਿੜ ਗਈਆਂ ਸੀਨੇ ਦੇ ਵਿੱਚ ਤਾਰਾਂ’, ਜਿਸ ਦੇ ਪਸਮੰਜ਼ਰ ਵਿੱਚ ਨੀਨਾ ਸਿੱਧੂ ਤੇ ਯੋਗਰਾਜ ਮੌਜੂਦ ਸਨ।

ਡੀਸੀ ਮਿੱਤਲ ਦੇ ਫ਼ਿਲਮਸਾਜ਼ ਅਦਾਰੇ ਜੀਐੱਮ ਜੀ ਫ਼ਿਲਮਸ, ਬੰਬੇ ਦੀ ਡੀਸੀ ਮਿੱਤਲ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸੂਰਮਾ ਭਗਤ’ (1993) ’ਚ ਸੰਗੀਤਕਾਰ ਮੋਹਿੰਦਰ ਬਾਵਰਾ ਦੇ ਸੰਗੀਤ ’ਚ ਅਲਬੇਲ ਬਰਾੜ ਦਾ ਲਿਖਿਆ ਇੱਕ ਗੀਤ ‘ਜਦੋਂ ਚੜ੍ਹਦੀ ਜਵਾਨੀ ਗੱਲਾਂ ਹੋਣ ਅਸਮਾਨੀ, ਮੱਲੋ-ਮੱਲੀ ਹਾਣੀਆਂ ਨਾਲ ਪਿਆਰ ਪੈਂਦੇ ਨੇ’ (ਕੁਲਦੀਪ ਮਾਣਕ) ਫ਼ਿਲਮ ਦੀ ਸ਼ੁਰੂਆਤ ’ਚ ਅਖਾੜਾ ਰੂਪ ’ਚ ਮਾਣਕ (ਨਾਲ ਅਲਬੇਲ ਬਰਾੜ) ’ਤੇ ਹੀ ਫ਼ਿਲਮਾਇਆ ਗਿਆ ਹਿੱਟ ਗੀਤ ਸੀ ਪਰ ਇਹ ਫ਼ਿਲਮ ਫ਼ਲਾਪ ਰਹੀ।

ਡੀਪੀ ਅਰਸ਼ੀ (ਸਾਥੀ ਇਕਬਾਲ ਢਿੱਲੋਂ) ਦੇ ਫ਼ਿਲਮਸਾਜ਼ ਅਦਾਰੇ ਦਲਜੀਤ ਆਰਟਸ, ਬੰਬੇ ਦੀ ਹਰਿੰਦਰ ਗਿੱਲ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਬਗਾਵਤ’ (1995) ’ਚ ਸੰਗੀਤਕਾਰ ਅਤੁੱਲ ਸ਼ਰਮਾ ਨੇ ਗੁਰਦਾਸ ਮਾਨ ਦਾ ਲਿਖਿਆ ਇੱਕ ਅਖਾੜਾ ਗੀਤ ‘ਦਾਰੂ ਬਿਨ੍ਹਾਂ ਨਾ ਕਿਤੇ ਵੀ ਗੱਲ ਚੱਲਦੀ’ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਨੇ ਗਾਇਆ ਤੇ ਉਨ੍ਹਾਂ ਉੱਤੇ ਹੀ ਫ਼ਿਲਮਾਇਆ ਗਿਆ ਸੀ।

147 ਮਿੰਟ ਦੀ ਇਹ ਫ਼ਿਲਮ 2 ਫਰਵਰੀ 1995 ਨੂੰ ਬੰਬੇ ਤੋਂ ਸੈਂਸਰ ਹੋਈ।

ਕੁਲਦੀਪ ਮਾਣਕ

ਤਸਵੀਰ ਸਰੋਤ, Shakti Manak

ਮਨਜੀਤ ਸਰਾਂ ਦੇ ਫ਼ਿਲਮਸਾਜ਼ ਅਦਾਰੇ ਮਨਪ੍ਰੀਤ ਫ਼ਿਲਮਸ, ਬੰਬੇ ਦੀ ਮਨਜੀਤ ਸਰਾਂ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕਬਜ਼ਾ’ (1996) ਵਿੱਚ ਮਾਣਕ ਦਾ ਮਕਬੂਲ ਪੰਜਾਬੀ ਗੀਤ ‘ਤੇਰੇ ਟਿੱਲੇ ਤੋਂ ਓਹ ਸੂਰਤ ਦੀਂਹਦੀ ਆ ਹੀਰ ਦੀ’ ਸ਼ਾਮਿਲ ਕੀਤਾ ਗਿਆ ਸੀ, ਜਿਸ ਦੇ ਪਸਮੰਜ਼ਰ ’ਚ ਯੋਗਰਾਜ ਸਿੰਘ ਤੇ ਰਜਿੰਦਰ ਰੂਬੀ ਮੌਜੂਦ ਸਨ।

ਸ਼ਸ਼ੀ ਰਾਜ (ਸਾਥੀ ਹਰਜਾਪ ਸਿੰਘ ਹੀਰਾ) ਦੇ ਫ਼ਿਲਮਸਾਜ਼ ਅਦਾਰੇ ਸ਼ਸ਼ੀ ਰਾਜ ਫ਼ਿਲਮਸ, ਬੰਬੇ ਦੀ ਸ਼ਸ਼ੀ ਰਾਜ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੋਰਾ ਜੱਟ’ (1997) ਦਾ ਸੰਗੀਤ ਕੁਲਦੀਪ ਮਾਣਕ ਨੇ ਦਿੱਤਾ ਸੀ

ਓਂਕਾਰ ਸਿੰਘ ਦੇ ਫ਼ਿਲਮਸਾਜ਼ ਅਦਾਰੇ ਡੀ. ਡੀ ਇੰਟਰਪ੍ਰਾਈਜਸ, ਬੰਬੇ ਦਿਲਦਾਰ ਦੁਆਬਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲੰਬੜਦਾਰ’ (1997) ’ਚ ਸੰਗੀਤਕਾਰ ਕੁਲਜੀਤ ਨੇ ਕੁਲਦੀਪ ਮਾਣਕ ਕੋਲੋਂ ਇੱਕੋ ਗੀਤ ਗਵਾਇਆ, ਜਿਸ ਦੇ ਬੋਲ ਹਨ ‘ਜੱਟਾਂ ਦੇ ਜ਼ਮੀਨਾਂ ਨਾਲ ਝਗੜੇ…ਲੰਬੜਦਾਰਾਂ ਦਾ ਬਦਲਾ’ ਜੋ ਫ਼ਿਲਮ ਦਾ ਸਿਰਲੇਖ ਗੀਤ ਸੀ।

1994 ਵਿੱਚ ਡਾ. ਐੱਸਡੀ ਨੰਦਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨੰਦਾ ਪ੍ਰੋਡਕਸ਼ਨਸ, ਬੰਬੇ ਦੇ ਬੈਨਰ ਹੇਠ ਜਗਜੀਤ (ਚੂਹੜ ਚੱਕ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਜੱਟ ਯੋਧੇ’ ਸ਼ੁਰੂ ਕੀਤੀ।

ਫ਼ਿਲਮ ਦੇ ਗੀਤ ਚੰਨ ਗੁਰਾਇਆਂ ਵਾਲਾ ਤੇ ਸ਼ਮਸ਼ੇਰ ਸੰਧੂ ਨੇ ਤਹਿਰੀਰ ਕੀਤੇ। ਸੁਰਿੰਦਰ ਬਚਨ ਦੇ ਸੰਗੀਤ ਵਿੱਚ ਮਾਣਕ ਨੇ ਸਿਰਫ਼ ਇੱਕੋ ਗੀਤ ਇਸ ਫ਼ਿਲਮ ਲਈ ਗਾਇਆ ‘ਤੈਨੂੰ ਵੇਖ ਮਿੱਤਰਾ ਵੇ ਛਿੜਗੀਆਂ ਸੀਨੇ ਦੇ ਵਿੱਚ ਤਾਰਾਂ’।

ਸ਼ਵਿੰਦਰ ਮਾਹਲ ਤੇ ਬਲਵਿੰਦਰ ਕੌਰ ਬੇਗੋ ਦੇ ਮਰਕਜ਼ੀ ਕਿਰਦਾਰ ਵਾਲੀ ਇਹ ਫ਼ਿਲਮ ਮੁਕੰਮਲ ਨਹੀਂ ਹੋ ਸਕੀ ਅਤੇ ਇਸ ਦਾ ਆਡੀਓ ਕੈਸਟ ਪੈਰੀਟੋਨ ਕੰਪਨੀ, ਲੁਧਿਆਣਾ ਵੱਲੋਂ ਫਰਵਰੀ 1994 ਵਿੱਚ ਰਿਲੀਜ਼ ਕੀਤਾ ਗਿਆ ਸੀ।

ਮਾਣਕ ਦੀ ਇੱਕ ਪੰਜਾਬੀ ਫ਼ਿਲਮ ‘ਗੀਤਾਂ ਦਾ ਵਣਜਾਰਾ’ ਨਾਮ ਨਾਲ ਵੀ ਐਲਾਨੀ ਗਈ ਸੀ। ਖ਼ੈਰ! ਫ਼ਿਲਮ ਤਾਂ ਕਾਗ਼ਜ਼ੀ ਮਰਹੱਲੇ ਤੱਕ ਹੀ ਮਹਿਦੂਦ ਰਹੀ ਪਰ ਇਸ ਟਾਈਟਲ ਤੇ ਮਾਣਕ ਦੇ ਗੀਤਾਂ ਦੀ ਆਡੀਓ ਕੈਸਟ ਦੇ ਨਾਮ ਨਾਲ ਜਾਰੀ ਹੋ ਗਈ ਸੀ।

ਕੁਲਦੀਪ ਮਾਣਕ

ਤਸਵੀਰ ਸਰੋਤ, Jazzy B/FB

ਮਾਣਕ ਦਾ ਪਰਿਵਾਰ

ਸਟੇਜ ਜਾਂ ਅਖਾੜਾ ਗਾਇਕੀ- ਕੁਲਦੀਪ ਮਾਣਕ ਦੀ ਇੱਕ ਖ਼ਾਸੀਅਤ ਇਹ ਸੀ ਕਿ ਉਹ ਆਪਣੀ ਅਖਾੜਾ ਗਾਇਕੀ ਦਾ ਆਗਾਜ਼ ‘ਬੰਦਾ ਬਹਾਦਰ ਦੀ ਵਾਰ’ ਤੋਂ ਕਰਦਾ ਸੀ, ਜਿਸ ਦੇ ਬੋਲ ਹਰਦੇਵ ਸਿੰਘ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦੇ ਤਹਿਰੀਰ ਕੀਤੇ ਸਨ

‘ਲੈ ਕੇ ਕਲਗੀਧਰ ਤੋਂ ਥਾਪੜਾ ਦਿੱਤਾ ਚਰਨੀਂ ਸੀਸ ਨਿਵਾ

ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਧੋ ਨਾਂਅ ਬਦਲਾਅ’

ਇਸ ਤੋਂ ਬਾਅਦ ਉਹ ਸਰੋਤਿਆਂ ਦੀ ਫ਼ਰਮਾਇਸ਼ ਤੇ ਨਿੱਠ ਕੇ ਗੀਤ ਗਾਉਂਦਾ ਸੀ ਤੇ ਮਹਿਫ਼ਿਲ ਕੀਲ ਕੇ ਰੱਖ ਦਿੰਦਾ ਸੀ।

ਕੁਲਦੀਪ ਮਾਣਕ ਤੇ ਉਸ ਦਾ ਪਰਿਵਾਰ-ਕੁਲਦੀਪ ਮਾਣਕ ਦਾ ਵਿਆਹ 1975 ਵਿੱਚ ਸੂਬੀਆ ਖ਼ਾਨ ਤੇ ਬੀਬੀ ਰਤਨਾ ਦੀ ਲਾਡਲੀ ਧੀ ਸਰਬਜੀਤ ਕੌਰ ਨਾਲ ਹੋਇਆ।

ਮਾਣਕ ਦੇ ਦੋ ਬੱਚਿਆਂ ’ਚ ਯੁਧਵੀਰ ਮਾਣਕ (ਜਨਮ 1977) ਪਿਤਾ ਦੇ ਨਕਸ਼-ਏ-ਕਦਮ ਤੇ ਚੱਲਦਿਆਂ ਗਾਇਕ ਬਣਿਆ ਅਤੇ ਉਸ ਦੀਆਂ ਕੁੱਝ ਆਡੀਓ ਕੈਸਟਾਂ ਮਾਰਕੀਟ ’ਚ ਆਈਆਂ ਜਿਨ੍ਹਾਂ ਨੂੰ ਸੰਗੀਤ-ਸ਼ੁਕੀਨਾਂ ਵੱਲੋਂ ਭਰਪੂਰ ਪਿਆਰ ਮਿਲਿਆ। ਇਸ ਤੋਂ ਇਲਾਵਾ ਧੀ ਸ਼ਕਤੀ ਮਾਣਕ (ਜਨਮ 1980) ਵਿਦੇਸ਼ ਰਹਿ ਰਹੀ ਹੈ।

ਆਖ਼ਰੀ ਵਕਤ- ਲੋਕ ਦਿਲਾਂ ਤੇ ਰਾਜ ਕਰਨ ਵਾਲਾ ਮਾਲਵੇ ਦਾ ਮਸ਼ਹੂਰ ਗਵੱਈਆ ਕੁਲਦੀਪ ਮਾਣਕ, ਜਿਸ ਨੂੰ ਕਲੀਆਂ ਦੇ ਬਾਦਸ਼ਾਹ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ 30 ਨਵੰਬਰ 2011 ਨੂੰ ਇੱਕ ਵੱਜ ਕੇ 45 ਮਿੰਟ ਉੱਤੇ 60 ਸਾਲਾਂ ਦੀ ਉਮਰ ’ਚ ਸਦੀਵੀ ਅਲਵਿਦਾ ਆਖ ਗਿਆ।

ਬੇਸ਼ੱਕ ਮਾਣਕ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਐਪਰ ਉਨ੍ਹਾਂ ਦੇ ਗਾਏ ਲੋਕ ਗੀਤ ਅਤੇ ਕਲੀਆਂ ਆਪਣੀ ਮਹਿਕ ਸਦਾ ਬਿਖੇਰਦੀਆਂ ਰਹਿਣਗੀਆਂ। ਗੁਰਦਾਸ ਮਾਨ ਦੇ ਗਾਏ ਹੋਏ ਲੋਕ ਗੀਤ ਵਾਂਗ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ, ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲ਼ੀਆਂ ਦੀ’।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)