ਸਿੱਧੂ ਮੂਸੇਵਾਲਾ : 'ਅੱਜ ਦੇ ਦਿਨ ਮੇਰੀਆਂ ਮੁਰਾਦਾਂ ਤੇ ਦੁਆਵਾਂ ਸੱਚ ਹੋਈਆਂ ਸੀ', ਮਾਂ ਦੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Sidhu Moose Wala/FB

ਸਿੱਧੂ ਮੂਸੇਵਾਲਾ ਦੀ ਮਾਂ ਨੇ ਪੁੱਤ ਦੇ ਜਨਮ ਦਿਨ ਮੌਕੇ ਲਿਖੀ ਭਾਵੁਕ ਪੋਸਟ- 'ਬੇਸ਼ੱਕ ਤੁਸੀਂ ਮੈਨੂੰ ਤੁਰਦੇ ਫਿਰਦੇ ਨਹੀਂ ਦਿਸਦੇ, ਪਰ ਤੁਹਾਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰਦੀ ਹਾਂ'

ਇੰਸਟਾਗ੍ਰਾਮ 'ਤੇ ਇਹ ਪੋਸਟ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ''ਜਨਮ ਦਿਨ ਮੁਬਾਰਕ ਪੁੱਤ।''

''ਅੱਜ ਦੇ ਦਿਨ ਮੇਰੀਆਂ ਮੁਰਾਦਾਂ ਤੇ ਦੁਆਵਾਂ ਸੱਚ ਹੋਈਆਂ ਸੀ, ਜਦੋਂ ਮੈਂ ਪਹਿਲੀ ਵਾਰ ਤੁਹਾਨੂੰ ਆਪਣੀ ਬੁੱਕਲ ਦੇ ਨਿੱਘ 'ਚ ਮਹਿਸੂਸ ਕੀਤਾ ਸੀ।

ਉਨ੍ਹਾਂ ਅੱਗੇ ਲਿਖਿਆ, ''ਤੁਹਾਡੇ ਨਿੱਕੇ-ਨਿੱਕੇ ਪੈਰਾਂ 'ਤੇ ਹਲਕੀ-ਹਲਕੀ ਲਾਲੀ ਸੀ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਨਨ੍ਹੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆਂ ਦਾ ਸਫ਼ਰ ਕਰ ਲੈਣਾ।''

''ਤੇ ਮੋਟੀਆਂ-ਮੋਟੀਆਂ ਅੱਖਾਂ ਸੀ, ਜੋ ਧੁਰੋਂ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈ ਕੇ ਆਈਆਂ ਸਨ।''

ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਲਿਖਿਆ ਕਿ ''ਬੇਸ਼ੱਕ ਤੁਸੀਂ ਮੈਨੂੰ ਤੁਰਦੇ-ਫਿਰਦੇ ਨਹੀਂ ਦਿੱਸਦੇ ਪਰ ਮੈਂ ਤੁਹਾਨੂੰ ਆਪਣੇ ਆਲੇ-ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ।''

''ਤੁਹਾਡੀ ਬਹੁਤ ਯਾਦ ਆ ਰਹੀ ਹੈ।''

ਸਿੱਧੂ ਮੂਸੇਵਾਲਾ ਜਦੋਂ ਗਾਇਕ ਤੋਂ ਸਿਆਸਤਦਾਨ ਬਣੇ

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਿੱਧੂ ਮੂਸੇ ਵਾਲਾ ਨੂੰ ਚੰਡੀਗੜ੍ਹ ਵਿੱਚ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 11 ਜੂਨ ਨੂੰ ਜਨਮ ਦਿਨ ਮੌਕੇ ਉਨ੍ਹਾਂ ਦੇ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਰ ਕਰਦਿਆਂ ਇੱਕ ਬੇਹੱਦ ਭਾਵੁਕ ਪੋਸਟ ਸਾਂਝਾ ਕੀਤੀ ਹੈ।

ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੌਮਾਂਤਰੀ ਪੱਧਰ ਦੇ ਪੌਪ ਗਾਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਅਤੇ ਆਪਣੇ ਪਿੰਡ ਮੂਸਾ ਵਿੱਚ ਰਹਿਣ ਕੇ ਖੇਤੀ ਕਰਨ ਦੇ ਸਟਾਇਲ ਬਾਰੇ ਨੌਜਾਵਾਨਾਂ ਵਿੱਚ ਕਾਫ਼ੀ ਆਕਰਸ਼ਣ ਸੀ।

ਸਾਲ 2021 ’ਚ ਦਸੰਬਰ ਵਿਚ ਸਿੱਧੂ ਮੂਸੇਵਾਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ -2022 ਤੋਂ ਪਹਿਲਾਂ ਸਿਆਸਤ ਵਿੱਚ ਵੀ ਕਦਮ ਰੱਖਿਆ ਸੀ।

ਤਿੰਨ ਦਸੰਬਰ 2021 ਨੂੰ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ 'ਚ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮਾਨਸਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਹਾਰ ਗਏ ਸਨ।

ਦਸੰਬਰ 2021 ਵਿਚ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਸਮੇਂ ਬੀਬੀਸੀ ਪੰਜਾਬੀ ਵਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਵਿਸ਼ੇਸ਼ ਰਿਪੋਰਟ ਛਾਪੀ ਸੀ. ਜਿਸ ਨੂੰ ਹੂਬਹੂ ਪੇਸ਼ ਕੀਤਾ ਜਾ ਰਿਹਾ ਹੈ।

'ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ...'

'ਗੱਭਰੂ 'ਤੇ ਕੇਸ ਜਿਹੜਾ ਸੰਜੇ ਦੱਤ 'ਤੇ...'

'ਡਾਲਰਾਂ ਵਾਗੂਂ ਨੀਂ ਨਾਮ ਸਦਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ...'

ਗਨ ਕਲਚਰ ਨੂੰ ਗੀਤਾਂ ਰਾਹੀ ਉਤਾਸ਼ਹਿਤ ਕਰਨ ਦੇ ਇਲਜ਼ਾਮਾਂ ਨੂੰ ਝੱਲਦੇ ਰਹੇ ਮੂਸੇਵਾਲਾ ਦੇ ਖਿਲਾਫ਼ ਅਤੇ ਹੱਕ ਵਿੱਚ ਸੋਸ਼ਲ ਮੀਡੀਆ 'ਤੇ ਵੀ ਖਾਸੀ ਚਰਚਾ ਹੁੰਦੀ ਰਹੀ।

ਸਿੱਧੂ ਮੂਸੇਵਾਲਾ ਨੇ ਸਿਆਸੀ ਐਂਟਰੀ ਬਾਰੇ ਕੀ ਕਿਹਾ ਸੀ

ਕਾਂਗਰਸ ਦਾ ਹੱਥ ਫੜ੍ਹਨ ਵੇਲੇ ਸਿੱਧੂ ਮੂਸੇਵਾਲਾ ਨੇ ਕਿਹਾ ਸੀ, "ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ, ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆਂ, ਜਿਸ ਵਿੱਚ ਮੇਰੀ ਸ਼ੁਰੂਆਤ ਹੈ।"

"ਮੇਰਾ ਜੁੜਾਅ ਪਿੰਡ ਨਾਲ ਰਿਹਾ, ਅਸੀਂ ਆਮ ਪਰਿਵਾਰਾਂ 'ਚੋਂ ਉੱਠੇ ਹੋਏ ਲੋਕ ਹਾਂ। ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ, ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ।"

"ਕਾਂਗਰਸ 'ਚ ਸ਼ਾਮਲ ਹੋਣ ਬਹੁਤ ਵੱਡਾ ਕਾਰਨ ਹੈ। ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਸ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ।''

"ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ।''

bbc

ਸਿੱਧੂ ਮੂਸੇਵਾਲਾ ਕਤਮ ਮਾਮਾਲੇ ਦਾ ਘਟਨਾਕ੍ਰਮ

  • ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
  • ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗੀਤਾਂ ਦੇ ਵਿਸ਼ਿਆਂ ਤੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
  • ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 8 ਗ੍ਰਿਫ਼ਤਾਰੀਆਂ ਕੀਤੀਆਂ ਹਨ
  • ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਗੈਂਗਸਟਰਾਂ ਨਾਲ ਜੋੜਿਆ ਗਿਆ
  • ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ
  • ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਲਗਾਤਾਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ
bbc

ਸਿੱਧੂ ਮੂਸੇਵਾਲਾ ਕੌਣ ਸਨ

ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ।

ਇੱਕ ਵਾਰ ਕਾਲਜ ਦੇ ਕੈਂਪਸ ਵਿੱਚ ਇੱਕ ਚੈਨਲ ਦੇ ਹੋਸਟ ਵੱਲੋਂ ਸਟੂਡੈਂਟਸ ਨਾਲ ਗੱਲਬਾਤ ਜਾਰੀ ਸੀ ਕਿ ਉਸੇ ਵਿਚਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭੀੜ 'ਚੋਂ ਨਿਕਲ ਕੇ ਆਇਆ।

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, Sidhu Moose Wala/FB

ਐਂਕਰ ਨੇ ਸਿੱਧੂ ਤੋਂ ਉਸਦਾ ਨਾਂ ਪੁੱਛਿਆ, ਉਹ ਵੀ ਦੋ ਵਾਰ, ਝੁਕਦੇ ਹੋਏ ਸਿੱਧੂ ਨੇ ਆਪਣਾ ਨਾਂ ਸ਼ੁਭਦੀਪ ਸਿੰਘ ਸਿੱਧੂ ਦੱਸਿਆ, ਐਂਕਰ ਨੇ ਫਿਰ ਪੁੱਛਿਆ ਤਾਂ ਫਿਰ ਕਿਹਾ, ਸ਼ੁਭਦੀਪ ਸਿੰਘ ਸਿੱਧੂ।

ਕੈਂਪਸ ਵਿੱਚ ਸ਼ੁਭਦੀਪ ਨੇ ਗਾਣਾ ਗਾਇਆ ਤਾਂ ਸਾਰਿਆਂ ਨੇ ਤਾੜੀਆਂ ਵਜਾਈਆਂ।

ਇੱਕ ਉਹ ਦੌਰ ਸੀ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ ਅਤੇ ਇੱਕ ਹੁਣ ਦਾ ਦੌਰ ਹੈ ਜਦੋਂ ਸ਼ੁਭਦੀਪ ਸਿੰਘ ਸਿੱਧੂ ਮਨੋਰੰਜਨ ਦੀ ਦੁਨੀਆਂ ਤੋਂ ਲੈ ਕੇ ਸਿਆਸੀ ਪਿੜਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੈ।

ਸਿੱਧੂ ਮੂਸੇਵਾਲਾ ਦਾ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਮੂਸਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ।

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, Getty Images

ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਮੂਸਾ ਪਿੰਡ ਦੇ ਸਰਪੰਚ ਹਨ। ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।

ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਆਪ ਸਿਆਸਤ ਵਿੱਚ ਪੈਰ ਧਰ ਲਿਆ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸਿੱਧੂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ ਮੈਡੀਕਲ ਨਾਲ ਕੀਤੀ ਹੈ।

ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਕੀਤਾ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬੀਆਂ ਦੀ ਪਸੰਦ˸ ਰਾਜਾ ਵੜਿੰਗ

ਸਿੱਧੂ ਮੂਸੇਵਾਲਾ ਦੇ ਗਾਣੇ ਅਤੇ ਫਿਲਮਾਂ

ਸਿੱਧੂ ਮੂਸੇਵਾਲਾ ਦੇ ਕਈ ਗੀਤ ਸੁਪਰਹਿੱਟ ਹੋਏ। ਸੋ ਹਾਈ, ਧੱਕਾ, ਓਲਡ ਸਕੂਲ, ਸੰਜੂ ਵਰਗੇ ਗਾਣੇ ਤਾਂ ਯੂਟਿਊਬ ਉੱਤੇ ਕਰੋੜਾਂ ਵਾਰ ਦੇਖੇ ਗਏ।

ਇਨ੍ਹਾਂ ਗਾਣਿਆਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮਾਂ ਤਹਿਤ ਮੂਸੇਵਾਲਾ ਦੀ ਆਲੋਚਨਾ ਵੀ ਹੋਈ ਅਤੇ ਕੇਸ ਵੀ ਦਰਜ ਹੋਏ।

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, Sidhu Moose Wala

ਸਿੱਧੂ ਮੂਸੇਵਾਲਾ ਨੇ ਗਾਇਕੀ ਤੋਂ ਬਾਅਦ ਫਿਲਮਾਂ ਵਿੱਚ ਵੀ ਪੈਰ ਧਰਿਆ।

ਮੂਸੇਵਾਲਾ ਦੀਆਂ ਫਿਲਮਾਂ ਹਨ 'ਯਸ ਆਈ ਐਮ ਸਟੂਡੈਂਟ' , 'ਤੇਰੀ ਮੇਰੀ ਜੋੜੀ', 'ਗੁਨਾਹ', 'ਮੂਸਾ ਜੱਟ' ਅਤੇ ਆਉਣ ਵਾਲੀ ਫਿਲਮ ਹੈ 'ਜੱਟਾਂ ਦਾ ਮੁੰਡਾ ਗਾਉਣ ਲੱਗਾ'

ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਧਮਕ ਬਾਲੀਵੁੱਡ ਤੱਕ ਵੀ ਹੈ। ਫਿਲਮ ਸਟਾਰ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਦੇ ਗਾਣਿਆਂ ਦੀਆਂ ਸਟੋਰੀਆਂ ਵੀ ਪਾਈਆਂ।

ਸਿੱਧੂ ਮੂਸੇਵਾਲਾ 'ਤੇ ਪਏ ਕੇਸ ਅਤੇ ਵਿਵਾਦ

ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ 'ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਦੀ ਸੀ।

ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਅਤੇ ਬਰਨਾਲਾ ਵਿੱਚ ਮਈ 2020 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

ਸਿੱਧੂ ਮੂਸੇ ਵਾਲਾ ਦਾ ਅਸਾਲਟ ਰਾਇਫਲ ਨਾਲ ਫਾਇਰਿੰਗ ਕਰਦੇ ਦਾ ਵੀਡੀਓ ਵਾਇਰਲ ਹੋਇਆ ਸੀ

ਤਸਵੀਰ ਸਰੋਤ, SOCIAL MEDIA GRAB

ਤਸਵੀਰ ਕੈਪਸ਼ਨ, ਸਿੱਧੂ ਮੂਸੇ ਵਾਲਾ ਦਾ ਅਸਾਲਟ ਰਾਇਫਲ ਨਾਲ ਫਾਇਰਿੰਗ ਕਰਦੇ ਦਾ ਵੀਡੀਓ ਵਾਇਰਲ ਹੋਇਆ ਸੀ

ਇੱਕ ਹੋਰ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਵੇਖੇ ਗਏ ਸੀ।

ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਸਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਗਿਆ।

ਇਸ ਤੋਂ ਪਹਿਲਾਂ ਵੀ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤਾਂ ਕਾਰਨ ਮੂਸੇਵਾਲਾ 'ਤੇ ਫ਼ਰਵਰੀ 2020 ਵਿੱਚ ਮਾਨਸਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।

ਆਪਣੇ ਗੀਤ ''ਗੱਭਰੂ'ਤੇ ਕੇਸ ਜਿਹੜਾ ਸੰਜੇ ਦੱਤ 'ਤੇ'' ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਵਿੱਚ ਆਏ।

ਇਸ ਗੀਤ ਕਰਕੇ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

'ਸੰਜੂ' ਟਾਇਟਲ ਹੇਠਾਂ 16 ਜੁਲਾਈ 2020 ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕੀਤੀ ਸੀ।

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, FB/AVNEET SIDHU

ਉਸ ਵੇਲੇ ਓਲੰਪਿਕ ਨਿਸ਼ਾਨੇਬਾਜ਼ ਅਤੇ ਸੀਨੀਅਰ ਪੁਲਿਸ ਅਫਸਰ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਨਸੀਹਤ ਵੀ ਦਿੱਤੀ ਗਈ ਸੀ।

ਅਵਨੀਤ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ, ''ਲੰਘੇ ਦਿਨੀਂ ਜੋ ਗੀਤ ਸਿੱਧੂ ਮੂਸੇਵਾਲਾਂ ਵੱਲੋਂ ਪੇਸ਼ ਕੀਤਾ ਗਿਆ ਹੈ ਉਸ ਵਿੱਚ ਉਹ ਖ਼ੁਦ ਨੂੰ ਸੰਜੇ ਦੱਤ ਨਾਲ ਜੋੜ ਰਿਹਾ ਹੈ। ਉਹ ਆਪਣੇ ਉੱਤੇ ਲੱਗੇ ਕੇਸਾਂ ਨੂੰ ਬਹੁਤ ਮਾਣ ਵਾਲੀ ਗੱਲ ਸਮਝ ਰਿਹਾ ਹੈ। ਸਿੱਧੂ ਗੀਤ ਵਿੱਚ ਕਹਿ ਰਿਹਾ ਹੈ ਕਿ ਜਿਨ੍ਹਾਂ ਉੱਤੇ ਕੇਸ ਹੁੰਦਾ ਹੈ ਉਹੀ ਮਰਦ ਹੁੰਦਾ ਹੈ ਬਾਕੀ ਤਾਂ ਐਵੇਂ ਹੀ....''

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਨਵਜੋਤ ਸਿੱਧੂ ਨੇ ਸਿੱਧੂ ਮੂਸੇਵਾਲਾ ਦਾ ਇੰਝ ਕੀਤਾ ਸੀ ਬਚਾਅ

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੱਤਰਕਾਰਾਂ ਨੇ ਸਿੱਧੂ ਮੂਸੇਵਾਲਾ ਦੇ ਗਨ ਕਲਚਰ ਵਾਲੇ ਗਾਣਿਆਂ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ।

ਸਿੱਧੂ ਮੂਸੇਵਾਲਾ 'ਤੇ ਚੱਲਦੇ ਕੇਸਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ, "ਇਸ ਗੱਲ ਨੂੰ ਸਮਝੋ ਕਿ ਕੇਸ ਪੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਗਿਲਟੀ (ਦੋਸ਼ੀ) ਹੋ ਗਿਆ। ਮੇਰੇ 'ਤੇ ਕੇਸ ਪਏ ਸੀ, ਫਿਰ ਲੋਕਾਂ ਨੇ ਛੇ ਚੋਣਾਂ ਜਿੱਤਵਾ ਦਿੱਤੀਆਂ।"

"ਫਿਰ ਵੀ ਜੇ ਤੁਸੀਂ ਸਵਾਲ ਪੁੱਛਿਆ ਹੈ, ਤਾਂ ਜਿਹੜੇ ਰੁੱਖ 'ਤੇ ਅੰਬ ਲੱਗਦੇ ਹਨ ਰੋੜੇ ਵੀ ਉਸੇ ਨੂੰ ਵੱਜਦੇ ਹਨ।

ਫਰਵਰੀ 2020 ਵਿੱਚ ਇੱਕ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ ਸੀ, "ਕੀ ਅੱਜ ਤੱਕ ਮੇਰੇ ਕਿਸੇ ਗਾਣੇ ਵਿੱਚ ਨਸ਼ੇ ਦਾ ਜ਼ਿਕਰ ਆਇਆ, ਵੈੱਬ ਸੀਰੀਜ਼ਾਂ ਵਿੱਚ ਹੁੰਦੀ ਹਿੰਸਾ ਦੇਖੋ ਤੁਸੀਂ, ਅਸੀਂ ਵੀ ਗਾਉਣਾ ਬੰਦ ਕਰਦੇ ਹਾਂ, ਲਾਈਸੈਂਸ ਦੇਣੇ ਬੰਦ ਕਰੋ, ਠੇਕੇ ਬੰਦ ਕਰੋ।"

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ 'ਤੇ ਨਵੇਂ ਗੀਤ ਨੂੰ ਲੈ ਕੇ ਲੱਗੀਆਂ ਧਾਰਾਵਾਂ ਤਹਿਤ ਕਿੰਨੀ ਸਜ਼ਾ

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਵੀ ਮੂਸੇਵਾਲਾ ਚਰਚਾ ਵਿੱਚ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬੰਗਾ ਨੇੜੇ ਪੈਂਦਾ ਪਿੰਡ ਪਠਲਾਵਾ ਮਾਰਚ 2020 ਵਿੱਚ ਅਚਾਨਕ ਚਰਚਾ ਵਿੱਚ ਆ ਗਿਆ।

18 ਮਾਰਚ ਤੋਂ ਬਾਅਦ ਇਹ ਪਿੰਡ ਚਰਚਾ ਵਿੱਚ ਉਸ ਸਮੇਂ ਆ ਗਿਆ ਜਦੋਂ ਇੱਥੋਂ ਦੇ ਇੱਕ 70 ਸਾਲਾ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ।

ਮੌਤ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਕੋਰੋਨਾਵਾਇਰਸ ਨਾਲ ਪੀੜਤ ਸੀ। ਇਸ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਇਸ ਪਿੰਡ ਨੂੰ ਪੰਜਾਬ ਵਿਚ ਕੋਰੋਨਾਵਾਇਰਸ ਦੇ ਧੁਰੇ ਵਾਂਗ ਪੇਸ਼ ਕਰ ਦਿੱਤਾ ਗਿਆ।

ਇਸ ਗਾਣੇ ਨੂੰ ਪੰਜਾਬ ਦੇ ਤਤਕਾਲੀ ਡੀਜੀਪੀ ਦਿਨਕਰ ਗੁਪਤਾ ਨੇ ਵੀ ਆਪਣੇ ਟਵਿੱਟਰ ਹੈਂਡਲ ਤੋ ਸ਼ੇਅਰ ਕੀਤਾ ਸੀ।

ਇਸ ਗਾਣੇ ਨੂੰ ਲੈ ਕੇ ਪਠਲਾਵਾ ਪਿੰਡ ਦੇ ਲੋਕਾਂ ਨੇ ਨਾਰਾਜ਼ਗੀ ਜ਼ਹਿਰ ਕਰਦਿਆਂ ਪਿੰਡ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਸੀ।

ਪਿੰਡ ਵਾਸੀਆਂ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਸੀ।

ਪੰਜਾਬ ਪੁਲਿਸ ਦੀ ਮੁਹਿੰਮ ਦਾ ਹਿੱਸਾ

ਲੌਕਡਾਊਨ ਦੌਰਾਨ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੀ ਡਾਕਟਰਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਦਾ ਹਿੱਸਾ ਵੀ ਰਹੇ ਸਨ।

ਅਪ੍ਰੈਲ ਵਿੱਚ ਉਨ੍ਹਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਮਾਨਸਾ ਦੇ ਇੱਕ ਡਾਕਟਰ ਦਾ ਜਨਮ ਦਿਨ ਮਨਾਇਆ ਸੀ।

ਉਸ ਦੇ ਲਈ ਬਕਾਇਦਾ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਘਰ ਗਏ ਤੇ ਸਨਮਾਨ ਵਿੱਚ ਗੀਤ ਵੀ ਗਾਏ ਸਨ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, RAJA WARRING

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਰਾਹੁਲ ਗਾਂਧੀ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ

ਖ਼ੈਰ, ਸਿੱਧੂ ਮੂਸੇਵਾਲਾ ਦੀ ਮੁਖਾਲਫ਼ਤ ਅਤੇ ਸਿਫ਼ਤਾਂ ਕਰਨ ਵਾਲਿਆਂ ਦੀ ਵੱਡੀ ਗਿਣਤੀ ਸੀ, ਪਰ ਤਿੰਨ ਦਸੰਬਰ ਨੂੰ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਜਦੋਂ ਸਿੱਧੂ ਮੂਸੇਵਾਲਾ ਦੀ ਮੁਲਾਕਾਤ ਕਰਵਾ ਕੇ ਨਵਜੋਤ ਸਿੱਧੂ ਨਿਕਲੇ ਤਾਂ ਉਨ੍ਹਾਂ ਕਿਹਾ ਸੀ-

''ਭਾਈ (ਰਾਹੁਲ ਗਾਂਧੀ) ਨੇ ਸਿੱਧੂ ਮੂਸੇਵਾਲਾ ਦੀ ਬਹੁਤ ਸਰਹਨਾ ਕੀਤੀ ਹੈ, ਸਿੱਧੂ ਮੂਸੇਵਾਲਾ ਦੇ ਮਿਲੀਅਨ ਵਿੱਚ ਗਾਣੇ ਚਲਦੇ ਹਨ, ਮੈਨੂੰ ਤਾਂ ਐਨੀਆਂ ਜ਼ੀਰੋਆਂ ਵੀ ਨਹੀਂ ਆਉਂਦੀਆਂ, ਵੋ ਰੌਕਸਟਾਰ ਹੈ, ਭਾਈ ਅਬ ਪੋਲੀਟੀਸ਼ੀਅਨ ਬਨ ਚੁਕਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।