ਸਿੱਧੂ ਮੂਸੇਵਾਲੇ ਕਤਲ ਕੇਸ : ਸਰਾਜ ਮਿੰਟੂ ਜੋ ਜੇਲ੍ਹ ਵਿਚੋਂ ਫੋਟੋਆਂ ਵਾਇਰਲ ਕਰ ਰਿਹਾ, ਉਸਦੀ ਮੂਸੇਵਾਲ ਕਤਲ ਵਿਚ ਪੁਲਿਸ ਕੀ ਭੂਮਿਕਾ ਦੱਸ ਰਹੀ

ਸਿੱਧੂ ਮੂਸੇਆਲਾ

ਤਸਵੀਰ ਸਰੋਤ, FB/Sidhu Moosewala

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੁਲਿਸ ਵਲੋਂ ''ਗੈਂਗਸਟਰ'' ਦੱਸ ਜਾਂਦੇ ਸਰਾਜ ਸਿੰਘ ਉਰਫ ਮਿੰਟੂ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਨੂੰ 'ਹੱਥਾਂ-ਪੈਰਾਂ' ਦੀ ਪਈ ਹੋਈ ਹੈ।

ਅਸਲ ਵਿੱਚ ਸੋਸ਼ਲ ਮੀਡੀਆ ਉੱਪਰ ਮਿੰਟੂ ਦੀ ਤਸਵੀਰ ਉਸ ਵੇਲੇ ਪੋਸਟ ਹੋਈ ਹੈ ਜਦੋਂ ਉਹ ਬਠਿੰਡਾ ਦੀ ਜੇਲ੍ਹ ਵਿੱਚ ਇੱਕ ਕਤਲ ਦੇ ਸਬੰਧ ਵਿੱਚ ਵਿਚਾਰ ਅਧੀਨ ਕੈਦੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਲੰਘੀ 20 ਜੂਨ ਨੂੰ ਜਿਵੇਂ ਹੀ ਸਰਾਜ ਸਿੰਘ ਉਰਫ ਮਿੰਟੂ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਪੋਸਟ ਹੋਈ ਤਾਂ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਇਸ ਦੀ ਰਿਪੋਰਟ ਥਾਣਾ ਕੈਂਟ ਬਠਿੰਡਾ ਨੂੰ ਦਿੱਤੀ।

ਬਠਿੰਡਾ ਪੁਲਿਸ ਨੇ ਇਸ ਸਬੰਧ ਵਿਚ ਸਰਾਜ ਸਿੰਘ ਮਿੰਟੂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਰਾਵਾਂ 28 ਅਤੇ 29 ਤੋਂ ਇਲਾਵਾ ਜੇਲ੍ਹ ਐਕਟ ਦੀ ਧਾਰਾ 52-A ਅਤੇ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 511, 120-B ਤੇ 384 ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਭੁਪਿੰਦਰ ਸਿੰਘ ਵੱਲੋਂ ਲੰਘੀ 20 ਜੂਨ ਨੂੰ ਥਾਣਾ ਕੈਂਟ ਵਿਚ ਇਕ ਪੱਤਰ ਭੇਜ ਕੇ ਕਿਹਾ ਗਿਆ ਸੀ ਕਿ ਸਰਾਜ ਸਿੰਘ ਉਰਫ ਮਿੰਟੂ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੋਸ਼ਲ ਮੀਡੀਆ ਉੱਪਰ ਆਪਣੀ ਫੋਟੋ ਪਾਈ ਹੈ।

ਸਾਰਜ ਸਿੰਘ
ਤਸਵੀਰ ਕੈਪਸ਼ਨ, ਸਾਰਜ ਸਿੰਘ ਉਰਫ ਮਿੰਟੂ ਸਾਲ 2017 ਵਿੱਚ ਇੱਕ ਉੱਘੇ ਹਿੰਦੂ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਚਰਚਾ ਵਿੱਚ ਆਏ ਸਨ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਪੱਤਰ ਦੇ ਮਿਲਣ ਤੋਂ ਤੁਰੰਤ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਰਾਜ ਸਿੰਘ ਦੀ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋਈ ਤਸਵੀਰ ਪੁਰਾਣੀ ਖਿੱਚੀ ਹੋਈ ਹੈ ਜਾਂ ਤਾਜ਼ੀ ਹੈ।

ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਰਾਜ ਸਿੰਘ ਵੱਲੋਂ ਕਥਿਤ ਤੌਰ 'ਤੇ ਕੈਦੀਆਂ ਨੂੰ ਜੇਲ੍ਹ ਵਿੱਚੋਂ ਮਿਲਣ ਵਾਲੀ ਫੋਨ ਸਹੂਲਤ ਦੀ ਦੁਰਵਰਤੋਂ ਕੀਤੀ ਗਈ ਹੋ ਸਕਦੀ ਹੈ।

ਉੰਝ, ਹਾਲ ਦੀ ਘੜੀ ਇਸ ਸੰਦਰਭ ਵਿੱਚ ਜੇਲ੍ਹ ਵਿੱਚੋਂ ਕੋਈ ਵੀ ਅਜਿਹਾ ਮੋਬਾਇਲ ਫੋਨ ਜਾਂ ਹੋਰ ਯੰਤਰ ਨਹੀਂ ਮਿਲਿਆ ਹੈ, ਪਰ ਜਾਂਚ ਦਾ ਕੰਮ ਜਾਰੀ ਹੈ।

Banner

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਲ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਅਤਿਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।

ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।

ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।

Banner

ਕੌਣ ਹੈ ਸਰਾਜ ਮਿੰਟੂ ?

ਸਰਾਜ ਮਿੰਟੂ ਦਾ ਪੂਰਾ ਨਾਂ ਸਰਾਜ ਸੰਧੂ ਹੈ। ਉਹ ਅੰਮ੍ਰਿਤਸਰ ਦੇ ਢੋਡੇ ਕੈਸੀਆ ਪਿੰਡ ਦਾ ਰਹਿਣ ਵਾਲਾ ਹੈ।

ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਹ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਉੱਤੇ 5 ਲੱਖ ਦਾ ਇਨਾਮ ਸੀ।

ਉਹ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਦਾ ਖਾਸ ਬੰਦਾ ਸਮਝਿਆ ਜਾਂਦਾ ਹੈ।

ਉਸ ਨੂੰ ਆਰਗੇਨਾਇਜ਼ਡ ਕਰਾਇਮ ਸੈੱਲ ਨੇ 2018 ਵਿੱਚ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਅਸਲ ਵਿਚ ਸਰਾਜ ਸਿੰਘ ਉਰਫ ਮਿੰਟੂ ਦਾ ਨਾਮ ਸਾਲ 2017 ਵਿਚ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਉਸ ਨੇ ਇੱਕ ਉੱਘੇ ਹਿੰਦੂ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਪਰ ਲਈ ਸੀ।

ਉਸ ਵੇਲੇ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦਾ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮਿੰਟੂ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਥਾਣਿਆਂ ਵਿੱਚ ਡਕੈਤੀ, ਕਤਲ ਅਤੇ ਕੁੱਟਮਾਰ ਦੇ ਮਾਮਲੇ ਵੀ ਦਰਜ ਹਨ।

ਪੁਲਿਸ ਮੁਤਾਬਕ ਮਿੰਟੂ ਜੱਗੂ ਭਗਵਾਨਪੁਰੀਆ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪਾਂ ਨਾਲ ਸਬੰਧਤ ਖਤਰਨਾਕ ਗੈਂਗਸਟਰ ਹੈ।

ਇਹ ਵੀ ਪੜ੍ਹੋ:

ਸਿੱਧੂ ਮੂਸੇਆਲੇ ਦੇ ਕਤਲ ਕੇਸ ਵਿੱਚ ਵੀ ਮਿੰਟੂ ਤੋਂ ਪੁੱਛ ਪੜਤਾਲ ਹੋਈ

ਪੰਜਾਬੀ ਕਲਾਕਾਰ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਪਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਤਾਂ ਸਰਾਜ ਮਿੰਟੂ ਫਿਰ ਪੁਲਿਸ ਦੀ 'ਰਡਾਰ' ਉੱਪਰ ਆ ਗਿਆ।

ਸਿੱਧੂ ਮੂਸੇਆਲਾ

ਤਸਵੀਰ ਸਰੋਤ, FB/Sidhu Moosewala

ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜ਼ਿਲ੍ਹਾ ਮਾਨਸਾ ਦੀ ਪੁਲਿਸ ਦੇ ਸਹਿਯੋਗ ਨਾਲ ਸਰਾਜ ਸਿੰਘ ਮਿੰਟੂ ਨੂੰ ਪ੍ਰੋਡਕਸ਼ਨ ਵਰੰਟ ਉੱਪਰ ਮਾਨਸਾ ਲਿਆਂਦਾ ਸੀ।

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਮਿੰਟੂ ਦਾ ਸਬੰਧ ਹੋ ਸਕਦਾ ਹੈ।

ਸਿੱਧੂ ਮੂਸੇਵਾਲਾ ਕੇਸ ਵਿੱਚ ਪੁਲਿਸ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਲਿਆਈ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਕਾਤਲਾਂ ਨੂੰ ਗੱਡੀ ਮੁਹੱਈਆ ਕਰਵਾਈ।

ਪੁਲਿਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਸਰਾਜ ਮਿੰਟੂ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ ਉੱਤੇ ਮਨਪ੍ਰੀਤ ਭਾਊ ਤੋਂ ਕਾਰ ਇਨ੍ਹਾਂ ਸ਼ੂਟਰਾਂ ਨੂੰ ਦੁਆਈ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਟੈਟੂ ਬਣਵਾ ਰਹੇ

ਸਰਾਜ ਸਿੰਘ ਉਰਫ ਮਿੰਟੂ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀ ਗਈ ਆਪਣੀ ਤਸਵੀਰ ਤੋਂ ਬਾਅਦ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਨੇ ਬਠਿੰਡਾ ਜੇਲ੍ਹ ਦੀਆਂ ਬੈਰਕਾਂ ਦੀ ਵੱਡੇ ਪੱਧਰ ਉੱਪਰ ਜਾਂਚ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਫਿਕਰਮੰਦ ਸੀ।

ਜੇਲ੍ਹ ਅਧਿਕਾਰੀ ਇਸ ਸਬੰਧ ਵਿਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਗੱਲ ਨੂੰ ਮੰਨਦੇ ਹਨ ਕਿ ਜੇਲ੍ਹਾਂ ਵਿੱਚੋਂ ਮੋਬਾਈਲ ਫੋਨਾਂ ਦਾ ਮਿਲਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਜੇਲ੍ਹ ਮੰਤਰੀ ਵੱਖਰੀ ਕਹਾਣੀ ਦੱਸਦੇ ਹਨ

ਸਰਾਜ ਸਿੰਘ ਉਰਫ ਮਿੰਟੂ ਦੀ ਇਸ ਕਹਾਣੀ ਸਬੰਧੀ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਹਾਣੀ ਦਾ ਹੋਰ ਪੱਖ ਦੱਸਿਆ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਰਾਜ ਸਿੰਘ ਉਰਫ ਮਿੰਟੂ ਦੀ ਸੋਸ਼ਲ ਮੀਡੀਆ ਉੱਪਰ ਪੋਸਟ ਹੋਈ ਤਸਵੀਰ ਬਠਿੰਡਾ ਜੇਲ੍ਹ ਦੀ ਨਹੀਂ ਸਗੋਂ ਉਸ ਵੇਲੇ ਦੀ ਹੈ ਜਦੋਂ ਉਹ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ।

ਹਰਜੋਤ ਬੈਂਸ

ਤਸਵੀਰ ਸਰੋਤ, FB/Harjot Singh Bains

ਉਨ੍ਹਾਂ ਕਿਹਾ, "ਮੁੱਢਲੀ ਜਾਂਚ ਦੌਰਾਨ ਅਸੀਂ ਇਸ ਸਿੱਟੇ ਉਪਰ ਪਹੁੰਚੇ ਹਾਂ ਕਿ ਸਰਾਜ ਸਿੰਘ ਉਰਫ ਮਿੰਟੂ ਦੀ ਤਸਵੀਰ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸੇ ਖੇਤਰ ਵਿਚੋਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀ ਗਈ ਹੈ। ਪੁਲਿਸ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਮਿੰਟੂ ਦੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਕਿਹੜਾ ਵਿਅਕਤੀ ਉਸ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।"

ਉਨ੍ਹਾਂ ਅੱਗੇ ਕਿਹਾ, "ਸੋਸ਼ਲ ਮੀਡੀਆ ਦੇ ਜਿਸ ਅਕਾਉਂਟ ਤੋਂ ਮਿੰਟੂ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਉਸ ਸਬੰਧੀ ਅਸੀਂ ਇਸ ਸਿੱਟੇ ਉਪਰ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਅਕਾਉਂਟ ਦਾ ਪਾਸਵਰਡ ਕਿਸ ਕਿਸ ਵਿਅਕਤੀ ਕੋਲ ਹੈ ਅਤੇ ਉਨ੍ਹਾਂ ਵਿਅਕਤੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।"

ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ "ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਾਲ ਹੀ ਵਿਚ ਸਰਾਜ ਸਿੰਘ ਉਰਫ ਮਿੰਟੂ ਦੀ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋਈ ਪੋਸਟ ਬਠਿੰਡਾ ਜੇਲ੍ਹ ਦੀ ਨਹੀਂ ਹੈ। ਉਸ ਦੀ ਤਸਵੀਰ ਪੋਸਟ ਹੋਣ ਤੋਂ ਤੁਰੰਤ ਬਾਅਦ ਮੇਰੇ ਹੁਕਮਾਂ ਉੱਪਰ ਹੀ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤਾਂ ਕਿ ਅਸਲੀਅਤ ਨੂੰ ਜਲਦੀ ਸਾਹਮਣੇ ਲਿਆਂਦਾ ਜਾ ਸਕੇ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)