ਸਿੱਧੂ ਮੂਸੇਵਾਲਾ ਕਤਲ ਕੇਸ : ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਕੌਣ ਹਨ ਜਿਨ੍ਹਾਂ ਦਾ ਨਾਮ ਇਸ ਮਾਮਲੇ 'ਚ ਆ ਰਿਹਾ ਸਾਹਮਣੇ

ਤਸਵੀਰ ਸਰੋਤ, SIDHU MOOSE WALA/FB
ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਉੱਪਰ ਮਾਨਸਾ ਵਿਖੇ ਅਣਪਛਾਤੇ ਲੋਕਾਂ ਵੱਲੋਂ ਐਤਵਾਰ ਸ਼ਾਮੀਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਹੈ।
ਪੁਲਿਸ ਮੁਤਾਬਕ, ਨਾ ਤਾਂ ਉਹ ਆਪਣੀ ਬੁਲੇਟ ਪਰੂਫ਼ ਗੱਡੀ 'ਚ ਗਏ ਸਨ ਅਤੇ ਨਾ ਹੀ ਸੁਰੱਖਿਆ ਵਿੱਚ ਤੈਨਾਤ ਦੋ ਕਮਾਂਡੋਜ਼ ਨੂੰ ਨਾਲ ਲੈ ਕੇ ਗਏ ਸਨ।
ਜਾਣਕਾਰੀ ਮੁਤਾਬਕ, ਵਾਰਦਾਤ ਵਾਲੀ ਥਾਂ ਉੱਤੇ ਚੱਲੀਆਂ ਗੋਲੀਆਂ ਦੇ 30 ਖਾਲੀ ਖੋਲ੍ਹ ਮਿਲੇ ਹਨ, ਜੋ ਤਿੰਨ ਵੱਖਰੇ ਵੱਖਰੇ ਹਥਿਆਰਾਂ ਦੇ ਹਨ। ਹਮਲੇ ਵਿਚ 9 ਐੱਮਐੱਮ, 7,62 ਐੱਮਐੱਮ ਅਤੇ 0.30 ਦੇ ਖੋਲ੍ਹ ਬਰਾਮਦ ਕੀਤੇ ਗਏ ਹਨ ।
ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਗਰੁੱਪ ਵਿਚਾਲੇ ਦੀ ਹੋ ਸਕਦੀ ਹੈ ਲੜਾਈ
ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਸਮੂਹ ਦਾ ਨਾਂ ਸਾਹਮਣੇ ਆ ਰਿਹਾ ਹੈ।
ਪੰਜਾਬ ਦੇ ਡੀਜੀਪੀ ਵੀ ਕੇ ਭੰਵਰਾ ਮੁਤਾਬਕ, ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਗਰੁੱਪ ਵਿਚਾਲੇ ਦੀ ਲੜਾਈ ਲੱਗਦੀ ਹੈ।

ਤਸਵੀਰ ਸਰੋਤ, Punjab Police
ਉਨ੍ਹਾਂ ਦੱਸਿਆ, ''ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ ਅਤੇ ਇਸ ਨੂੰ ਵਿੱਕੀ ਮਿੱਠੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਹੈ।''
ਡੀਜੀਪੀ ਮੁਤਾਬਕ ਮਿੱਠੂਖੇੜਾ ਕਤਲ ਕੇਸ ਵਿਚ ਸੰਨੀ, ਅਨਿਲ ਲੱਥ ਅਤੇ ਭੋਲੂ ਨਾਂ ਦੇ ਤਿੰਨ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਇਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਪੁਲਿਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਵਿੱਕੀ ਕੇਸ ਵਿਚ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ, ਪਰ ਉਹ ਬਚ ਕੇ ਆਸਟ੍ਰੇਲੀਆ ਜਾ ਚੁੱਕਾ ਹੈ।
ਮੂਸੇਵਾਲਾ ਕਤਲ ਮਾਮਲੇ ਵਿੱਚ ਜਿਸ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ ਹੈ, ਆਖਿਰ ਉਹ ਕੌਣ ਹਨ।
ਇਹ ਵੀ ਪੜ੍ਹੋ:
ਇੰਡੀਆ ਟੁਡੇ ਦੀ ਇੱਕ ਰਿਪੋਰਟ ਮੁਤਾਬਕ, ਬਿਸ਼ਨੋਈ ਗਰੁੱਪ ਵਿੱਚ 700 ਦੇ ਕਰੀਬ ਮੈਂਬਰ ਹਨ।
ਬਿਸ਼ਨੋਈ ਦੇ ਇਸ ਗਰੁੱਪ ਵਿੱਚ ਪ੍ਰੋਫੈਸ਼ਨਲ ਸ਼ੂਟਰ ਵੀ ਸ਼ਾਮਲ ਹਨ ਅਤੇ ਇਹ ਸਮੂਹ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਸਮੇਤ ਕਈ ਥਾਵਾਂ ਤੋਂ ਚਲਾਇਆ ਜਾਂਦਾ ਹੈ।
ਇੱਥੋਂ ਤੱਕ ਕਿ ਇਨ੍ਹਾਂ ਦੇ ਸੰਪਰਕ ਕੈਨੇਡਾ ਸਣੇ ਹੋਰ ਕਈ ਮੁਲਕਾਂ ਵਿੱਚ ਵੀ ਦੱਸੇ ਗਏ ਹਨ।
ਲਾਰੈਂਸ ਬਿਸ਼ਨੋਈ ਨੂੰ ਝੂਠੇ ਪੁਲਿਸ ਮੁਕਾਬਲੇ ਦਾ ਡਰ
ਬੀਬੀਸੀ ਪੱਤਰਕਾਰ ਸੁੱਚਿਤਰਾ ਮੋਹੰਤੀ ਮੁਤਾਬਕ 29 ਸਾਲਾ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੇ ਦਿੱਲੀ ਦੀ ਪਟਿਆਲਾ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਵਲੋਂ ਉਸਦਾ ਝੂਠਾ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਅਦਾਲਤ ਵਿਚ ਦਾਇਰ ਅਰਜੀ ਵਿਚ ਕਿਹਾ ਹੈ ਕਿ ਕਿਵੇਂ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ ਦੌਰਾਨ ਇੱਧਰ ਉੱਧਰ ਲਿਜਾਉਣ ਸਮੇਂ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ।
ਬਿਸ਼ਨੋਈ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਵਿਦਿਆਰਥੀ ਆਗੂ ਹੋਣ ਕਾਰਨ ਉਸ ਉੱਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਸਿਆਸੀ ਵਿਰੋਧੀ ਹੋਣ ਕਾਰਨ ਕਈ ਕੇਸਾਂ ਬਣਾਏ ਗਏ ਹਨ।
ਉਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਸਕਦੀ ਹੈ। ਇਸ ਬਾਬਤ ਪੰਜਾਬ ਦੀ ਅਦਾਲਤ ਵਿਚ ਵੀ ਅਰਜੀ ਦਾਇਕ ਕੀਤੀ ਗਈ ਹੈ।
ਬਿਸ਼ਨੋਈ ਨੇ ਪਟੀਸ਼ਨ ਪਟਿਆਲਾ ਹਾਊਸ ਕੋਰਟ ਵਿਚ ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਇਹ ਅਰਜੀ ਦਾਇਰ ਕੀਤੀ ਹੈ।
ਅਰਜੀ ਵਿਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਅਥਾਰਟੀ ਜਿੱਥੇ ਬਿਸ਼ਨੋਈ ਬੰਦ ਹੈ, ਕਿਸੇ ਵੀ ਪ੍ਰੋਡਕਸ਼ਨ ਵਾਰੰਟ ਦੀ ਪੰਜਾਬ ਜਾਂ ਕਿਸੇ ਵੀ ਸੂਬੇ ਦੀ ਪੁਲਿਸ ਬਾਬਤ ਅਗਾਊ ਸੂਚਨਾ ਇਸ ਅਦਾਲਤ ਨੂੰ ਦੇਵੇ।
ਅਪੀਲ ਕੀਤੀ ਗਈ ਹੈ ਕਿ ਬਿਸ਼ਨੋਈ ਦੀ ਕਸਟੱਡੀ ਕਿਸੇ ਵੀ ਹੋਰ ਸਟੇਟ ਪੁਲਿਸ ਨੂੰ ਨਾ ਦਿੱਤੀ ਜਾਵੇ ਅਤੇ ਕਸਟੱਡੀ ਦੇਣ ਤੋਂ ਪਹਿਲਾਂ ਉਸਦੇ ਵਕੀਲ ਨੂੰ ਜਾਣਕਾਰੀ ਦਿੱਤੀ ਹੈ। ਤਿਹਾੜ ਜੇਲ੍ਹ ਵਿਚ ਹੀ ਲਾਰੈਂਸ ਉੱਤੇ ਮਕੋਰਾ ਦੀ ਧਾਰਾ 3 ਅਤੇ 4 ਤਹਿਤ ਕਈ ਮਾਮਲੇ ਚੱਲ ਰਹੇ ਹਨ।
ਲਾਰੈਂਸ ਬਿਸ਼ਨੋਈ
31 ਸਾਲਾ ਲਾਰੇਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ। ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।
ਲਾਰੈਂਸ਼ ਬਿਸ਼ਨੋਈ ਪਹਿਲਾਂ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਸੀ, ਪਰ ਅੱਜਕੱਲ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।
ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿਚ ਬੈਠੇ ਨੇ ਹੀ ਸਿੱਧੂ ਮੂਸੇਵਾਲਾ ਦੀ ਸਾਜ਼ਿਸ਼ ਘੜੀ ਅਤੇ ਇਸ ਨੂੰ ਅਮਲੀ ਜਾਮਾ ਉਸ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਸਿਰੇ ਚੜ੍ਹਾਇਆ।

ਤਸਵੀਰ ਸਰੋਤ, Hindustan Times via Getty Images
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ, ਲਾਰੈਂਸ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਲਐੱਲਬੀ ਕੀਤੀ ਹੈ ਅਤੇ ਇਸੇ ਦੌਰਾਨ ਉਸ ਨੇ ਗੈਰ ਕਾਨੂੰਨੀ ਕੰਮ ਕਰਨੇ ਵੀ ਸ਼ੁਰੂ ਕੀਤੇ ਸਨ।
ਸਾਲ 2009 ਵਿੱਚ ਬਿਸ਼ਨੋਈ ਦੀ ਮੁਲਾਕਾਤ ਉਸ ਸਮੇਂ ਦੇ ਸਟੂਡੈਂਟ ਪ੍ਰਧਾਨ ਗੋਲਡੀ ਨਾਲ ਹੋਈ ਅਤੇ ਉਸ ਤੋਂ ਬਾਅਦ ਹੀ ਬਿਸ਼ਨੋਈ ਯੂਨੀਵਰਸਿਟੀ ਪਾਲੀਟਿਕਸ 'ਚ ਹਿਸਾ ਲੈਣ ਲੱਗਾ।
ਦਿ ਕਵਿੰਟ ਦੀ ਰਿਪੋਰਟ ਅਨੁਸਾਰ, ਬਿਸ਼ਨੋਈ ਭਾਈਚਾਰੇ ਨਾਲ ਸਬੰਧਿਤ ਲਾਰੇਂਸ ਬਿਸ਼ਨੋਈ ਦਾ ਨਾਮ ਉਸ ਵੇਲੇ ਖਾਸਾ ਚਰਚਾ ਵਿੱਚ ਆਇਆ ਸੀ ਜਦੋਂ ਉਸ ਦੇ ਗੈਂਗ ਨਾਲ ਜੁੜੇ ਇੱਕ ਵਿਅਕਤੀ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਰਅਸਲ, ਬਿਸ਼ਨੋਈ ਭਾਈਚਾਰਾ ਕਾਲੇ ਹਿਰਨ (ਚਿੰਕਾਰੇ) ਨੂੰ ਪੂਜਨਿਕ ਮੰਨਦਾ ਹੈ ਅਤੇ ਸਲਮਾਨ ਖਾਨ ਦੁਆਰਾ ਕਾਲੇ ਹਿਰਨ ਦੇ ਸ਼ਿਕਾਰ ਕਰਨ ਵਾਲੇ ਮਾਮਲੇ ਵਿੱਚ ਲਾਰੇਂਸ ਗਰੁੱਪ ਦੇ ਇੱਕ ਮੈਂਬਰ ਸੰਪਤ ਨੇਹਰਾ ਨੇ ਅਦਾਕਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, 1 ਮਈ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਜੁੜੇ 3 ਵਿਅਕਤੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਹ ਤਿੰਨੇ ਮਾਲਵਾ ਇਲਾਕੇ ਦੇ ਇੱਕ ਜਾਣੇ-ਪਛਾਣੇ ਕਾਰੋਬਾਰੀ 'ਤੇ ਹਮਲੇ ਦੀ ਤਿਆਰੀ ਕਰ ਰਹੇ ਸਨ ਤਾਂ ਜੋ ਉਸ ਕਾਰੋਬਾਰੀ ਤੋਂ ਪੈਸੇ ਵਸੂਲੇ ਜਾ ਸਕਣ।
ਗੋਲਡੀ ਬਰਾੜ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ।
ਗੋਲਡੀ ਇਸ ਸਮੇਂ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਹੀ ਫੇਸਬੁਕ ਰਾਹੀਂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲਈ ਹੈ।
ਲੰਘੇ ਸਾਲ, ਫਰੀਦਕੋਟ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ 'ਚ ਗੋਲਡੀ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਇਸ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਹੋਏ ਦੁਹਰੇ ਕਤਲ ਦੇ ਮਾਮਲੇ ਵਿੱਚ ਵੀ ਗੋਲਡੀ ਦਾ ਨਾਮ ਸਾਹਮਣੇ ਆਇਆ ਸੀ।
ਸ਼ਗਨਪ੍ਰੀਤ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦੇ ਮੈਨੇਜਰ ਹਨ ਅਤੇ ਉਨ੍ਹਾਂ ਨੂੰ ਵੀ ਵਿੱਕੀ ਮਿਡੂਖੇੜਾ ਕੇਸ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ, ਪਰ ਉਹ ਬਚ ਕੇ ਆਸਟ੍ਰੇਲੀਆ ਜਾ ਚੁੱਕਾ ਹੈ।
ਡੀਜੀਪੀ ਭੰਵਰਾ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ, ''ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ ਅਤੇ ਇਸ ਨੂੰ ਵਿੱਕੀ ਮਿੱਠੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਹੈ।''
ਉਨ੍ਹਾਂ ਇਹ ਵੀ ਕਿਹਾ ਕਿ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਮਿੱਠੂਖੇੜਾ ਕਤਲ ਕੇਸ ਵਿਚ ਆਇਆ ਸੀ, ਉਹ ਇਸ ਸਮੇਂ ਬਾਹਰ ਹੈ।
ਵਿੱਕੀ ਮਿੱਡੂਖੇੜਾ
ਡੀਜੀਪੀ ਭੰਵਰਾ ਮੁਤਾਬਕ, ''ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ ਅਤੇ ਇਸ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਹੈ।''
ਦੱਸ ਦੇਈਏ ਕਿ 8 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ 71 ਦੀ ਮਾਰਕੀਟ ਵਿੱਚ ਵਿੱਕੀ ਮਿੱਡੂਖੇੜਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਯੂਥ ਅਕਾਲੀ ਦਲ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਕਥਿਤ ਗੈਂਗਸਟਰ ਸਮੂਹ ਨੇ ਲਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














