ਸਿੱਧੂ ਮੂਸੇਵਾਲਾ: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਰਖੀਆਂ ’ਚ ਲਿਆਉਣ ਵਾਲੀਆਂ 7 ਘਟਨਾਵਾਂ

ਤਸਵੀਰ ਸਰੋਤ, NARINDER NANU
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕਾਨੂੰਨ ਵਿਵਸਥਾ ਨਾਲ ਜੁੜੀਆਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋਏ।
ਸਰਹੱਦੀ ਇਲਾਕਿਆਂ ਤੋਂ ਵਿਸਫੋਟਕ ਮਿਲੇ, ਕਬੱਡੀ ਖਿਡਾਰੀਆਂ ਦਾ ਸ਼ਰੇਆਮ ਕਤਲ ਹੋਇਆ, ਮੋਹਾਲੀ ਵਿੱਚ ਇੰਟੈਲੀਜੈਂਸ ਦਫ਼ਤਰ ਉੱਤੇ ਧਮਾਕਾ ਹੋਇਆ ਤੇ ਹੁਣ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ।
ਅਜਿਹਾ ਨਹੀਂ ਹੈ ਕਿ ਕਾਨੂੰਨ ਵਿਵਸਥਾ ਨਾਲ ਜੁੜੀਆਂ ਘਟਨਾਵਾਂ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋਈਆਂ ਹਨ। ਅਸੀਂ ਤੁਹਾਨੂੰ ਬੀਤੇ ਕੁਝ ਸਾਲਾਂ ਦੀਆਂ ਪੰਜਾਬ ਵਿੱਚ ਵਾਪਰੀਆਂ ਕਾਨੂੰਨ ਵਿਵਸਥਾ ਨਾਲ ਜੁੜੀਆਂ ਘਟਨਾਵਾਂ ਦਾ ਵੇਰਵਾ ਇਸ ਰਿਪੋਰਟ ਵਿੱਚ ਦੇ ਰਹੇ ਹਾਂ।
ਸਿੱਧੂ ਮੂਸੇਵਾਲਾ ਦਾ ਕਤਲ ਅਤੇ ਵੀਆਈਪੀ ਸੁਰੱਖਿਆ
ਪੰਜਾਬ ਸਰਕਾਰ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਮੀ ਕਰਨ ਤੋਂ ਬਾਅਦ ਅਗਲੇ ਹੀ ਦਿਨ ਉਹਨਾਂ ਉਪਰ ਗੋਲੀਆਂ ਨਾਲ ਹਮਲਾ ਹੋ ਗਿਆ ਜਿਸ ਵਿੱਚ ਮੂਸੇਵਾਲਾ ਦੀ ਮੌਤ ਹੋ ਗਈ।
ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਉਪਰ ਘੇਰਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 28 ਮਈ ਨੂੰ ਕਰੀਬ 424 ਵੀਆਈਪੀਜ਼ ਦੀ ਸੁਰੱਖਿਆ ਵਿੱਚ ਕਮੀ ਕੀਤੀ ਸੀ ਜਾਂ ਸੁਰੱਖਿਆ ਵਾਪਸ ਲਈ ਸੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜੁਡੀਸ਼ੀਅਲ ਕਮਿਸ਼ਨ ਤੋਂ ਕਰਵਾਉਣ ਦੇ ਐਲਾਨ ਤੋਂ ਬਾਅਦ ਪਰਿਵਾਰ ਨੇ ਪੋਸਟ ਮਾਰਟਮ ਦੀ ਆਗਿਆ ਦਿੱਤੀ।
ਮੁਹਾਲੀ ਵਿੱਚ ਕੀ ਵਾਪਰਿਆ
ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਸੋਮਵਾਰ 9 ਮਈ ਨੂੰ ਸ਼ਾਮ 7:45 ਵਜੇ ਇੱਕ ਧਮਾਕਾ ਹੋਇਆ। ਹਾਲਾਂਕਿ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਜਿਸ ਥਾਂ ਉੱਤੇ ਇਹ ਘਟਨਾ ਹੋਈ ਉਹ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦਾ ਹੈੱਡਕੁਆਟਰ ਹੋਣ ਕਾਰਨ ਬਹੁਤ ਹੀ ਅਹਿਮ ਸੀ।
ਮੋਹਾਲੀ ਦੇ ਸੈਕਟਰ 77 ਵਿੱਚ ਸਥਿਤ ਇਸ ਹੈਡਕੁਆਰਟਰ ਦੇ ਨੇੜੇ ਰਿਹਾਇਸ਼ੀ ਇਲਾਕੇ ਵੀ ਹਨ।
ਇਹ ਵੀ ਪੜ੍ਹੋ:
ਮੋਹਾਲੀ ਦਾ ਗੁਰਦੁਆਰਾ ਸੋਹਾਣਾ ਸਾਹਿਬ ਵੀ ਇਸ ਘਟਨਾ ਵਾਲੀ ਥਾਂ ਦੇ ਨੇੜੇ ਹੀ ਹੈ।
ਪੰਜਾਬ ਦੇ ਵਿਚ ਪਿਛਲੇ ਸਮੇਂ ਦੌਰਾਨ ਗੈਂਗਸਟਰ ਅਤੇ ਹਥਿਆਰਾਂ ਦੀ ਰਿਕਵਰੀ ਦੇ ਮਾਮਲਿਆਂ ਵਿਚ ਇੱਕ ਦਮ ਵਾਧਾ ਹੋਇਆ ਹੈ।
ਕਰਨਾਲ ਤੋਂ ਚਾਰ ਨੌਜਵਾਨਾਂ ਦੀ ਗ੍ਰਿਫ਼ਤਾਰੀ

ਤਸਵੀਰ ਸਰੋਤ, Punjab Police
ਹਰਿਆਣਾ ਪੁਲਿਸ ਨੇ ਚੰਡੀਗੜ੍ਹ-ਦਿੱਲੀ ਹਾਈਵੇ ਤੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਉਹ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸਨ।
ਪੁਲਿਸ ਨੇ ਇਨ੍ਹਾਂ ਚਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਵਾਸੀ ਪਿੰਡ ਵਿੰਜੋਕੇ, ਜ਼ੀਰਾ, ਫ਼ਿਰੋਜਪੁਰ ਅਤੇ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਭੁਪਿੰਦਰ ਸਿੰਘ ਵਜੋਂ ਕੀਤੀ।
ਇਨ੍ਹਾਂ ਤੋਂ ਕੁਝ ਅਸਲ੍ਹਾ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ। ਪੰਜਾਬ ਪੁਲਿਸ ਨੇ ਕਿਹਾ ਕਿ ਇਹ ਦੋਵਾਂ ਸੂਬਿਆਂ ਦੀ ਸਾਂਝੀ ਕਾਰਵਾਈ ਸੀ ਅਤੇ ਉਨ੍ਹਾਂ ਨੇ ਹੀ ਜਾਣਕਾਰੀ ਹਰਿਆਣਾ ਪੁਲਿਸ ਨੂੰ ਦਿੱਤੀ ਸੀ।
ਤਰਨਤਾਰਨ ਤੋਂ ਵਿਸਫ਼ੋਟਕ ਸਮੱਗਰੀ ਬਰਾਮਦ
8 ਮਈ ਨੂੰ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚੋਂ ਭਾਰੀ ਮਾਤਰਾ ਵਿਚ ਵਿਸਫ਼ੋਟਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ।
ਪੁਲਿਸ ਨੇ ਅੱਤਵਾਦੀ ਹਮਲੇ ਨਾਲ ਜੋੜ ਕੇ ਇਹ ਬਰਾਮਦਗੀ ਕਰਨ ਦਾ ਦਾਅਵਾ ਕੀਤਾ।
ਪੁਲਿਸ ਮੁਤਾਬਕ ਐਤਵਾਰ ਨੂੰ ਪਿੰਡ ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਤਰਨਤਾਰਨ ਤੋਂ 2.5 ਕਿੱਲੋ ਤੋਂ ਵੱਧ ਵਜ਼ਨ ਵਾਲੇ ਅਤੇ 12x6x2.5 ਇੰਚ ਦੇ ਕਾਲੇ ਰੰਗ ਦੇ ਧਾਤ ਦੇ ਬਕਸੇ ਵਿੱਚ ਪੈਕ ਆਰਡੀਐਕਸ ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਤਸਵੀਰ ਸਰੋਤ, Punjab Police
ਉਕਤ ਆਈ.ਈ.ਡੀ ਟਾਈਮਰ, ਡੈਟੋਨੇਟਰ , ਬੈਟਰੀ ਅਤੇ ਛੱਅਰਿਆਂ (ਸ਼੍ਰੈਪਨਲਜ਼) ਨਾਲ ਲੈਸ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਬਲਜਿੰਦਰ ਸਿੰਘ ਉਰਫ਼ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ, ਅਜਨਾਲਾ, ਅੰਮ੍ਰਿਤਸਰ ਅਤੇ ਜਗਤਾਰ ਸਿੰਘ ਉਰਫ਼ ਜੱਗਾ (40) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕੀਤਾ।
ਪੰਜਾਬ ਪੁਲਿਸ ਦੇ ਏਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਟਿਪ ਮਿਲੀ ਸੀ ਕਿ ਬਿੰਦੂ ਅਤੇ ਜੱਗਾ ਧਮਾਕਾਖ਼ੇਜ਼ ਸਮੱਗਰੀ ਲੈ ਕੇ ਨੌਸ਼ਹਿਰਾ ਪੰਨੂਆਂ ਦੇ ਇਲਾਕੇ ਵਿੱਚ ਮੌਜੂਦ ਹਨ।
ਸੂਚਨਾ ਸੀ ਕਿ ਇਹ ਦੋਵੇਂ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਟਾਰਗੇਟ ਕਿਲਿੰਗ ਦੀ ਕੋਸ਼ਿਸ਼
8 ਮਈ ਨੂੰ ਹੀ ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।
ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਗੁਰੀ ਸ਼ੇਰਾ ਵਾਸੀ ਪਿੰਡ ਸਿੰਧਵਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਦੱਸੀ ਗਈ।
ਅਪਰਾਧਿਕ ਪਿਛੋਕੜ ਵਾਲੇ ਗੁਰੀ ਸ਼ੇਰਾ ਖ਼ਿਲਾਫ਼ ਸੂਬੇ ਵਿੱਚ ਜਬਰਨ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਵੱਖ-ਵੱਖ ਕੇਸ ਦਰਜ ਹਨ।
ਪੰਜਾਬ ਪੁਲਿਸ ਨੇ ਗੁਰੀ ਕੋਲੋਂ 10 ਕਾਰਤੂਸਾਂ ਸਮੇਤ ਦੋ 0.30 ਕੈਲੀਬਰ ਪਿਸਤੌਲ ਅਤੇ ਇੱਕ 0.32 ਕੈਲੀਬਰ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ।
ਪਾਕਿਸਤਾਨ ਅਧਾਰਿਤ ਅੱਤਵਾਦੀ ਮਾਡਿਊਲ ਦੇ 2 ਹੋਰ ਕਾਰਕੁਨ ਕਾਬੂ- 6 ਮਈ ਨੂੰ ਪੰਜਾਬ ਪੁਲਿਸ ਨੇ ਗੈਂਗਸਟਰ ਤੋਂ ਖੜਾਕੂ ਬਣੇ ਹਰਵਿੰਦਰ ਸਿੰਘ ਰਿੰਦਾ ਦੇ ਦੋ ਸਾਥੀਆਂ ਨੂੰ ਫ਼ਿਰੋਜ਼ਪੁਰ ਗ੍ਰਿਫ਼ਤਾਰ ਰਨ ਦਾ ਦਾਅਵਾ ਕੀਤਾ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਆਕਾਸ਼ਦੀਪ ਉਰਫ਼ ਆਕਾਸ਼ ਵਾਸੀ ਫ਼ਿਰੋਜ਼ਪੁਰ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸ ਵਾਸੀ ਫ਼ਰੀਦਕੋਟ ਵਜੋਂ ਹੋਈ ਹੈ।
ਐਸਐਸਪੀ ਫ਼ਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਸੀ ਕਿ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਨੌਜਵਾਨਾਂ ਦੇ ਖ਼ੁਲਾਸੇ 'ਤੇ ਪੰਜਾਬ ਪੁਲੀਸ ਵੱਲੋਂ ਇਸ ਮਾਡਿਊਲ ਦੇ ਹੋਰ ਮੈਂਬਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
23 ਦਸੰਬਰ 2021 ਲੁਧਿਆਣਾ ਧਮਾਕਾ
ਇਸ ਤਰਾਂ ਪਿਛਲੇ ਸਾਲ 23 ਦਸੰਬਰ ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕਾ ਵਿਚ ਇੱਕ ਜਣੇ ਦੀ ਮੌਤ ਅਤੇ ਪੰਜ ਜ਼ਖਮੀ ਹੋਏ ਸਨ।
ਬਾਅਦ ਵਿੱਚ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹੀ ਬੰਬ ਕੋਰਟ ਕੰਪਲੈਕਸ ਵਿਚ ਲੈ ਕੇ ਆਇਆ ਸੀ।
ਪੰਜਾਬ ਦੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਸੀ, "ਮੁੱਖ ਮੁਲਜ਼ਮ ਦਾ ਨਾਂ ਗਗਨਦੀਪ ਸਿੰਘ ਸੀ ਜੋ ਪੰਜਾਬ ਪੁਲਿਸ ਦਾ ਮੁਅੱਤਲ ਕਾਂਸਟੇਬਲ ਸੀ। ਉਹ ਥਾਣਾ ਸਦਰ ਵਿੱਚ ਮੁਨਸ਼ੀ ਸੀ।"
ਅਜਨਾਲਾ ਵਿੱਚ ਗਰਨੇਡ ਹਮਲਾ
8 ਨਵੰਬਰ 2018 ਨੂੰ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਭਵਨ 'ਤੇ ਗਰਨੇਡ ਹਮਲਾ ਹੋਇਆ।
ਇਸ ਹਮਲੇ ਵਿੱਚ 3 ਮੌਤਾਂ ਹੋਈਆਂ ਅਤੇ 19 ਜਣੇ ਜ਼ਖ਼ਮੀ ਹੋਏ ਸਨ।
ਇਸ ਮਾਮਲੇ ਵਿਚ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਪਰ ਇਸ ਘਟਨਾ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਉਤੇ ਸਵਾਲ ਜ਼ਰੂਰ ਖੜ੍ਹੇ ਹੋਏ ਸਨ।
ਇਸ ਤੋਂ ਇਲਾਵਾ ਬੀਐਸਐਫ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਪੰਜਾਬ ਵਿੱਚ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













