ਮੱਧ ਯੁੱਗ 'ਚ ਲੋਕ ਦੋ ਵਾਰੀਆਂ 'ਚ ਕਿਉਂ ਸੌਂਦੇ ਸਨ ਅਤੇ ਫਿਰ ਇਸ ਤਰੀਕੇ ਨੂੰ ਭੁੱਲ ਕਿਉਂ ਗਏ

ਨੀਂਦ

ਤਸਵੀਰ ਸਰੋਤ, Getty Images

    • ਲੇਖਕ, ਜ਼ਰੀਆ ਗੋਰਵੇਟ
    • ਰੋਲ, ਬੀਬੀਸੀ ਫਿਊਚਰ

ਇੰਗਲੈਂਡ ਦੇ ਉੱਤਰੀ ਇਲਾਕੇ 'ਚ ਇੱਕ ਛੋਟੇ ਜਿਹੇ ਕਸਬੇ ਵਿੱਚ 13 ਅਪ੍ਰੈਲ 1699 ਦੀ ਰਾਤ, ਗਿਆਰਾਂ ਕੁ ਵਜੇ ਦਾ ਸਮਾਂ ਸੀ।

ਨੌਂ ਸਾਲਾਂ ਦੀ ਜੇਨ ਰੋਥ ਆਪਣੀਆਂ ਅੱਖਾਂ ਮਲਦੀ ਹੋਈ ਉੱਠੀ। ਜੇਨ ਅਤੇ ਉਸ ਦੀ ਮਾਂ ਹੁਣੇ-ਹੁਣੇ ਇੱਕ ਛੋਟੀ ਜਿਹੀ ਨੀਂਦ ਤੋਂ ਜਾਗੇ ਸਨ।

ਜੇਨ ਦੀ ਮਾਂ ਉੱਠੀ, ਆਪਣੇ ਨਿੱਕੇ ਜਿਹੇ ਘਰ ਦੇ ਚੁੱਲ੍ਹੇ ਕੋਲ ਗਈ ਅਤੇ ਇੱਕ ਪਾਈਪ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।

ਉਸੇ ਸਮੇਂ, ਦੋ ਆਦਮੀ ਉਨ੍ਹਾਂ ਦੀ ਖਿੜਕੀ 'ਤੇ ਆਏ। ਉਨ੍ਹਾਂ ਨੇ ਜੇਨ ਦੀ ਮਾਂ ਨੂੰ ਬੁਲਾਇਆ ਅਤੇ ਆਪਣੇ ਨਾਲ ਬਾਹਰ ਜਾਣ ਲਈ ਤਿਆਰ ਹੋਣ ਲਈ ਕਿਹਾ।

ਬਾਅਦ ਵਿੱਚ ਜੇਨ ਨੇ ਅਦਾਲਤ ਵਿੱਚ ਦੱਸਿਆ ਕਿ ਉਸ ਦੀ ਮਾਂ ਮਹਿਮਾਨਾਂ ਦੇ ਆਉਣ ਦੀ ਉਮੀਦ ਕਰ ਰਹੀ ਸੀ।

ਉਹ ਉਨ੍ਹਾਂ ਨਾਲ ਆਰਾਮ ਨਾਲ ਚਲੀ ਗਈ ਪਰ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਧੀ ਨੂੰ ਹੌਲੀ ਜਿਹੀ ਕਿਹਾ ਕਿ ਉਹ ਚੁੱਪ ਰਹੇ ਅਤੇ ਕਿਹਾ ਕਿ ਉਹ ਸਵੇਰੇ ਵਾਪਸ ਆ ਜਾਵੇਗੀ।

ਸ਼ਾਇਦ ਰੋਥ ਨੇ ਰਾਤ ਨੂੰ ਕੋਈ ਕੰਮ ਪੂਰਾ ਕਰਨਾ ਸੀ ਜਾਂ ਹੋ ਸਕਦਾ ਹੈ ਕਿ ਉਹ ਮੁਸੀਬਤ ਵਿੱਚ ਸੀ ਅਤੇ ਜਾਣਦੀ ਸੀ ਕਿ ਘਰੋਂ ਬਾਹਰ ਜਾਣ 'ਚ ਜੋਖ਼ਮ ਸੀ।

ਖ਼ੈਰ, ਜੇਨ ਦੀ ਮਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਹ ਫਿਰ ਕਦੇ ਘਰ ਵਾਪਸ ਨਹੀਂ ਆਈ।

ਉਸ ਰਾਤ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਕੁਝ ਦਿਨਾਂ ਬਾਅਦ ਉਨ੍ਹਾਂ ਦੀ ਲਾਸ਼ ਵੀ ਲੱਭ ਗਈ ਸੀ। ਇਸ ਜੁਰਮ ਦੀ ਪਹੇਲੀ ਕਦੇ ਹੱਲ ਨਹੀਂ ਹੋ ਸਕੀ।

ਏਕਿਰਚ

ਤਸਵੀਰ ਸਰੋਤ, Virginia Tech

ਤਸਵੀਰ ਕੈਪਸ਼ਨ, ਏਕਿਰਚ ਨੇ ਡਬਲ ਸਲੀਪ ਜਾਂ ਦੂਹਰੀ ਨੀਂਦ ਦੇ ਇਸ ਰਹੱਸਮਈ ਢੰਗ ਬਾਰੇ ਹੋਰ ਬਹੁਤ ਸਾਰੇ ਹਵਾਲੇ ਲੱਭੇ

ਲਗਭਗ 300 ਸਾਲਾਂ ਬਾਅਦ, 1990 ਦੇ ਦਹਾਕੇ ਦੇ ਸ਼ੁਰੂ ਵਿੱਚ ਇਤਿਹਾਸਕਾਰ ਰੋਜਰ ਏਕਿਰਚ ਲੰਡਨ ਦੇ ਪਬਲਿਕ ਰਿਕਾਰਡ ਦਫਤਰ ਪਹੁੰਚੇ, ਇੱਕ ਸ਼ਾਨਦਾਰ ਗੋਥਿਕ ਇਮਾਰਤ ਜਿਸ ਵਿੱਚ 1838 ਤੋਂ 2003 ਤੱਕ ਯੂਕੇ ਦੇ ਨੈਸ਼ਨਲ ਆਰਕਾਈਵਜ਼ ਨੂੰ ਰੱਖਿਆ ਗਿਆ ਹੈ।

ਉੱਥੇ, ਪੁਰਾਣੇ ਵੇਲਮ (ਕਾਗਜ਼ਾਂ) ਅਤੇ ਹੱਥ-ਲਿਖਤਾਂ ਦੀਆਂ ਬੇਅੰਤ ਕਤਾਰਾਂ ਵਿਚਕਾਰ, ਉਨ੍ਹਾਂ ਨੂੰ ਜੇਨ ਦੀ ਗਵਾਹੀ ਮਿਲੀ ਅਤੇ ਇਸ ਬਾਰੇ ਇੱਕ ਮਹੀਨ ਤੱਥ ਨੇ ਉਨ੍ਹਾਂ ਨੂੰ ਹੈਰਾਨੀ 'ਚ ਪਾ ਦਿੱਤਾ।

ਅਸਲ ਵਿੱਚ ਏਕਿਰਚ, ਰਾਤ ਦੇ ਸਮੇਂ ਬਾਰੇ ਇਤਿਹਾਸ ਉੱਤੇ ਇੱਕ ਕਿਤਾਬ ਲਿਖਣ ਦੀ ਤਿਆਰੀ ਕਰ ਰਹੇ ਸਨ ਅਤੇ ਮੱਧ ਯੁੱਗ ਤੋਂ ਉਦਯੋਗਿਕ ਕ੍ਰਾਂਤੀ ਤੱਕ ਦੇ ਰਿਕਾਰਡਾਂ ਦੀ ਸਮੀਖਿਆ ਕਰ ਰਹੇ ਸਨ।

ਉਹ ਨੀਂਦ 'ਤੇ ਅਧਿਆਇ ਲਿਖਣ ਤੋਂ ਡਰ ਰਹੇ ਸਨ, ਇਹ ਸੋਚ ਕੇ ਕਿ ਇਹ ਨਾ ਸਿਰਫ਼ ਇੱਕ ਵਿਸ਼ਵ-ਵਿਆਪੀ ਲੋੜ ਹੈ ਸਗੋਂ ਇੱਕ ਜੀਵ-ਵਿਗਿਆਨਕ ਸਥਿਰਤਾ ਹੈ।

ਉਨ੍ਹਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਹੀ ਉਨ੍ਹਾਂ ਨੂੰ ਕੁਝ ਨਵਾਂ ਲੱਭੇਗਾ। ਹੁਣ ਤੱਕ, ਉਨ੍ਹਾਂ ਨੂੰ ਅਦਾਲਤੀ ਬਿਆਨ ਇਸ ਬਾਰੇ ਕੁਝ ਨਜ਼ਰ ਪਾਉਂਦੇ ਆ ਰਹੇ ਸਨ।

ਵਰਜੀਨੀਆ ਟੈਕ, ਯੂਐੱਸ ਦੇ ਪ੍ਰੋਫੈਸਰ ਏਕਿਰਚ ਦੱਸਦੇ ਹਨ, "ਉਹ ਸਮਾਜਿਕ ਇਤਿਹਾਸਕਾਰਾਂ ਲਈ ਇੱਕ ਸ਼ਾਨਦਾਰ ਸਰੋਤ ਹਨ। ਉਹ ਉਨ੍ਹਾਂ ਗਤੀਵਿਧੀਆਂ 'ਤੇ ਟਿੱਪਣੀ ਕਰਦੇ ਹਨ ਜੋ ਕਈ ਵਾਰ ਆਪਣੇ ਆਪ 'ਚ ਅਪਰਾਧ ਨਾਲ ਸੰਬੰਧਿਤ ਨਹੀਂ ਹੁੰਦੀਆਂ ਹਨ।''

ਪਰ ਜਦੋਂ ਉਨ੍ਹਾਂ ਨੇ ਜੇਨ ਦੇ ਅਪਰਾਧਿਕ ਬਿਆਨ ਨੂੰ ਪੜ੍ਹਿਆ, ਤਾਂ ਦੋ ਸ਼ਬਦ ਜੋ ਉਨ੍ਹਾਂ ਦੇ ਦਿਮਾਗ਼ 'ਚ 17ਵੀਂ ਸਦੀ ਵਿੱਚ ਜੀਵਨ ਬਾਰੇ ਆਏ, ਉਸ ਸਨ "ਫਰਸਟ ਸਲੀਪ'' (ਪਹਿਲੀ ਨੀਂਦ)।

ਏਕਿਰਚ ਕਹਿੰਦੇ ਹਨ, "ਮੈਂ ਅਸਲ ਦਸਤਾਵੇਜ਼ ਦਾ ਲਗਭਗ ਜ਼ਬਾਨੀ ਹਵਾਲਾ ਦੇ ਸਕਦਾ ਹਾਂ।''

ਨੀਂਦ, ਕਿਤਾਬ

ਤਸਵੀਰ ਸਰੋਤ, British Library

ਆਪਣੀ ਗਵਾਹੀ ਵਿੱਚ ਜੇਨ ਦੱਸਦੀ ਹੈ ਕਿ ਕਿਵੇਂ ਆਦਮੀਆਂ ਦੇ ਉਸ ਦੇ ਘਰ ਪਹੁੰਚਣ ਤੋਂ ਠੀਕ ਪਹਿਲਾਂ, ਉਹ ਅਤੇ ਉਸ ਦੀ ਮਾਂ ਰਾਤ ਦੀ ਆਪਣੀ ਪਹਿਲੀ ਨੀਂਦ ਤੋਂ ਜਾਗੇ ਸਨ। ਇਸ ਬਾਰੇ ਹੋਰ ਅੱਗੇ ਕੁਝ ਨਹੀਂ ਦੱਸਿਆ ਗਿਆ।

ਇਸ ਨੀਂਦ ਦਾ ਜ਼ਿਕਰ ਉਂਝ ਹੀ ਕੀਤਾ ਗਿਆ ਸੀ, ਜਿਵੇਂ ਕਿ ਇਸ ਬਾਰੇ ਕੁਝ ਖਾਸ ਨਹੀਂ ਸੀ।

ਏਕਿਰਚ ਕਹਿੰਦੇ ਹਨ "ਉਸ ਨੇ ਇਸ ਦਾ ਜ਼ਿਕਰ ਇੰਝ ਕੀਤਾ ਜਿਵੇਂ ਕਿ ਇਹ ਪੂਰੀ ਤਰ੍ਹਾਂ ਆਮ ਸੀ।''

ਪਹਿਲੀ ਨੀਂਦ ਦਾ ਅਰਥ ਹੈ ਦੂਜਾ ਸੁਪਨਾ, ਮਤਲਬ ਇੱਕ ਰਾਤ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ।

ਕੀ ਇਹ ਸਿਰਫ਼ ਇੱਕ ਪਰਿਵਾਰਕ ਗੱਲ ਜਾਂ ਇੱਕ ਪਰਿਵਾਰ ਨਾਲ ਸਬੰਧਿਤ ਸੀ ਜਾਂ ਇਸ ਵਿੱਚ ਕੁਝ ਹੋਰ ਵੀ ਸੀ?

ਇਹ ਵੀ ਪੜ੍ਹੋ-

ਜਾਂ ਸਰਬ-ਵਿਆਪਕਤਾ

ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ, ਏਕਿਰਚ ਨੇ ਡਬਲ ਸਲੀਪ ਜਾਂ ਦੂਹਰੀ ਨੀਂਦ ਦੇ ਇਸ ਰਹੱਸਮਈ ਢੰਗ ਬਾਰੇ ਹੋਰ ਬਹੁਤ ਸਾਰੇ ਹਵਾਲੇ ਲੱਭੇ। ਬਾਅਦ 'ਚ ਉਨ੍ਹਾਂ ਨੇ ਇਸ ਡਬਲ ਸਲੀਪ ਨੂੰ "ਬਾਇਫਾਸਿਕ ਨੀਂਦ" ਵੀ ਕਿਹਾ।

ਕੁਝ ਸਾਧਾਰਨ ਸਨ, ਪਰ ਕੁਝ ਹਵਾਲੇ ਭੈੜੇ ਵੀ ਸਨ ਜਿਵੇਂ ਕਿ ਲੂਕ ਐਟਕਿੰਸਨ ਦਾ।

ਇੱਕ ਆਦਮੀ ਜਿਸ ਨੇ ਆਪਣੀ ਨੀਂਦ ਦੇ ਵਿਚਕਾਰ ਦੇ ਸਮੇਂ ਨੂੰ ਇੱਕ ਕਤਲ ਕਰਨ ਲਈ ਇਸਤੇਮਾਲ ਕੀਤਾ ਸੀ।

ਨੀਂਦ

ਤਸਵੀਰ ਸਰੋਤ, DEA / A. DAGLI ORTI/Getty Images

ਤਸਵੀਰ ਕੈਪਸ਼ਨ, 19ਵੀਂ ਸਦੀ 'ਚ ਓਮਾਨ 'ਚ ਲੋਕ ਰਾਤ 10:00 ਵਜੇ ਤੋਂ ਪਹਿਲਾਂ ਆਪਣੀ ਪਹਿਲੀ ਨੀਂਦ ਲਈ ਵਿਹਲੇ ਹੋ ਜਾਂਦੇ ਸਨ

ਜਦੋਂ ਏਕਿਰਚ ਨੇ ਹੋਰ ਲਿਖਤੀ ਰਿਕਾਰਡਾਂ ਦੇ ਔਨਲਾਈਨ ਡੇਟਾਬੇਸ ਨੂੰ ਸ਼ਾਮਲ ਕਰਨ ਲਈ ਆਪਣੀ ਖੋਜ ਦਾ ਵਿਸਥਾਰ ਕੀਤਾ, ਤਾਂ ਇਹ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਇਹ ਵਰਤਾਰਾ ਉਸ ਤੋਂ ਕਿਤੇ ਵੱਧ ਵਿਆਪਕ ਅਤੇ ਸਾਧਾਰਨ ਸੀ ਜਿੰਨਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।

ਸ਼ੁਰੂ ਕਰਨ ਲਈ, ਸ਼ੁਰੂਆਤੀ ਸੁਪਨਿਆਂ ਦਾ ਜ਼ਿਕਰ ਜਿਓਫਰੀ ਚੌਸਰ ਦੁਆਰਾ ਮੱਧਕਾਲੀ ਸਾਹਿਤ ਦੀ ਸਭ ਤੋਂ ਮਸ਼ਹੂਰ ਰਚਨਾ "ਦਿ ਕੈਂਟਰਬਰੀ ਟੇਲਜ਼" (1387 ਅਤੇ 1400 ਦੇ ਵਿਚਕਾਰ ਲਿਖਿਆ) ਵਿੱਚ ਕੀਤਾ ਗਿਆ ਹੈ।

ਉਨ੍ਹਾਂ ਨੂੰ ਕਵੀ ਵਿਲੀਅਮ ਬਾਲਡਵਿਨ ਦੀ 'ਬਿਵੇਅਰ ਦਿ ਕੈਟ' (1561) ਕਿਤਾਬ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਕਿਤਾਬ ਇੱਕ ਵਿਅੰਗਮਈ ਕਿਤਾਬ ਹੈ ਜਿਸ ਨੂੰ ਕੁਝ ਲੋਕਾਂ ਦੁਆਰਾ ਇਤਿਹਾਸ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ।

ਇਹ ਕਿਤਾਬ ਇੱਕ ਅਜਿਹੇ ਆਦਮੀ ਬਾਰੇ ਹੈ, ਜਿਹੜਾ ਭਿਆਨਕ ਅਲੌਕਿਕ ਬਿੱਲੀਆਂ ਦੀ ਭਾਸ਼ਾ ਨੂੰ ਸਮਝਣਾ ਸਿੱਖਦਾ ਹੈ।

ਪਰ ਇਹ ਤਾਂ ਸਿਰਫ਼ ਸ਼ੁਰੂਆਤ ਸੀ। ਏਕਿਰਚ ਨੂੰ ਡਾਇਰੀਆਂ, ਮੈਡੀਕਲ ਕਿਤਾਬਾਂ, ਦਾਰਸ਼ਨਿਕ ਲਿਖਤਾਂ, ਅਖਬਾਰਾਂ ਦੇ ਲੇਖਾਂ ਅਤੇ ਨਾਟਕਾਂ ਵਿੱਚ, ਦੋ ਵਾਰ ਸੌਣ ਦੀ ਪ੍ਰਣਾਲੀ ਦਾ ਹਵਾਲਾ ਸੈਂਕੜੇ ਵਾਰ ਮਿਲਿਆ।

ਉਨ੍ਹਾਂ ਨੇ ਪਾਇਆ ਕਿ "ਬਾਇਫਾਸਿਕ ਸਲੀਪ" ਸਿਰਫ਼ ਇੰਗਲੈਂਡ ਵਿੱਚ ਹੀ ਨਹੀਂ ਸੀ। ਬਲਕਿ ਪੂਰਵ-ਉਦਯੋਗਿਕ ਸੰਸਾਰ ਵਿੱਚ ਇਹ ਵੱਡੇ ਪੱਧਰ 'ਤੇ ਆਮ ਸੀ।

ਵੀਡੀਓ-ਜਣੇਪੇ ਮਗਰੋਂ ਮਾਨਸਿਕ ਸਿਹਤ: ਔਰਤਾਂ ਕਿਸ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਦੀਆਂ ਹਨ

ਵੀਡੀਓ ਕੈਪਸ਼ਨ, ਔਰਤਾਂ ਦੀ ਮਾਨਸਿਕ ਸਿਹਤ

ਏਕਿਰਚ ਨੇ ਯੂਰਪ, ਅਫਰੀਕਾ, ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ, ਦੱਖਣੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਇਸ ਆਦਤ ਦੇ ਸਬੂਤ ਲੱਭੇ।

1555 ਵਿੱਚ ਰੀਓ ਡੀ ਜਨੇਰੀਓ, ਬ੍ਰਾਜ਼ੀਲ ਦੇ ਇੱਕ ਕੋਲੋਨੀਅਲ ਅਕਾਊਂਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਟੂਪਿਨੰਬਾ ਦੇ ਲੋਕ ਆਪਣੀ ਪਹਿਲੀ ਨੀਂਦ ਤੋਂ ਬਾਅਦ ਭੋਜਨ ਕਰਦੇ ਸਨ, ਜਦਕਿ 19ਵੀਂ ਸਦੀ 'ਚ ਓਮਾਨ 'ਚ ਲੋਕ ਰਾਤ 10:00 ਵਜੇ ਤੋਂ ਪਹਿਲਾਂ ਆਪਣੀ ਪਹਿਲੀ ਨੀਂਦ ਲਈ ਵਿਹਲੇ ਹੋ ਜਾਂਦੇ ਸਨ।

ਏਕਿਰਚ ਨੇ ਧਿਆਨ ਦੇਣਾ ਸ਼ੁਰੂ ਕੀਤਾ ਕਿ ਮੱਧ ਯੁੱਗ ਦਾ ਇੱਕ ਵਿਸ਼ੇਸ਼ਤਾ ਬਣਨ ਤੋਂ ਬਹੁਤ ਪਹਿਲਾਂ ਇਹ ਤਰੀਕਾ ਹਜ਼ਾਰਾਂ ਸਾਲਾਂ ਤੋਂ ਸੌਣ ਦਾ ਪ੍ਰਭਾਵਸ਼ਾਲੀ ਤਰੀਕਾ ਸੀ, ਜੋ ਕਿ ਸਾਨੂੰ ਸਾਡੇ ਪੂਰਵ-ਇਤਿਹਾਸਕ ਪੂਰਵਜਾਂ ਤੋਂ ਵਿਰਾਸਤ ਵਿੱਚ ਮਿਲਿਆ।

ਏਰਕਿਚ ਨੂੰ ਜੋ ਪਹਿਲਾ ਰਿਕਾਰਡ ਮਿਲਿਆ ਉਹ 8ਵੀਂ ਸਦੀ ਈਸਾ ਪੂਰਵ ਦਾ ਸੀ ਅਤੇ ਯੂਨਾਨੀ ਮਹਾਂਕਾਵਿ "ਦਿ ਓਡੀਸੀ" ਵਿੱਚ ਸ਼ਾਮਲ ਸੀ, ਜਦਕਿ ਇਸ ਦੀ ਹੋਂਦ ਦੇ ਆਖ਼ਰੀ ਸੰਕੇਤ 20ਵੀਂ ਸਦੀ ਦੇ ਸ਼ੁਰੂ ਵਿੱਚ ਹਨ, ਜਿਸ ਤੋਂ ਬਾਅਦ ਇਹ ਤਰੀਕਾ ਕਿਸੇ ਤਰ੍ਹਾਂ ਗਾਇਬ ਹੋ ਗਿਆ।

ਪਰ ਇਹ ਤਰੀਕਾ ਕਿਵੇਂ ਕੰਮ ਕਰਦਾ ਸੀ? ਲੋਕ ਅਜਿਹਾ ਕਿਉਂ ਕਰਦੇ ਸਨ? ਅਤੇ ਉਹ ਚੀਜ਼ ਜੋ ਕਦੇ ਪੂਰੀ ਤਰ੍ਹਾਂ ਆਮ ਸੀ, ਉਸ ਨੂੰ ਲੋਕ ਕਿਵੇਂ ਭੁੱਲ ਗਏ?

ਫੁਰਸਤ ਦੇ ਪਲ

17ਵੀਂ ਸਦੀ ਵਿੱਚ, ਰਾਤ ਦੀ ਨੀਂਦ ਕੁਝ ਇਸ ਤਰ੍ਹਾਂ ਹੁੰਦੀ ਸੀ-

ਰਾਤ 9:00 ਵਜੇ ਤੋਂ ਰਾਤ 11:00 ਵਜੇ ਤੱਕ ਲੋਕ ਕੁਝ ਘੰਟੇ ਤੱਕ ਸੌਣ ਚਲੇ ਜਾਂਦੇ ਸਨ।

ਕੁਝ ਲੋਕ ਤੂੜੀ ਜਾਂ ਲੀਰਾਂ ਨਾਲ ਭਰੇ ਗੱਦਿਆਂ 'ਤੇ ਸੌਂਦੇ ਸਨ ਅਤੇ ਜਿਹੜੇ ਬਹੁਤ ਅਮੀਰ ਹੁੰਦੇ ਸਨ ਉਹ ਖੰਭਾਂ ਨਾਲ ਭਰੇ ਹੋਏ ਨਰਮ ਗੱਦਿਆਂ 'ਤੇ ਸੌਂਦੇ ਸਨ।

(ਸਮਾਜਿਕ ਸਥਿਤੀ ਦੇ ਆਧਾਰ 'ਤੇ ਲੋਕ ਹੀਥਰ (ਇੱਕ ਪ੍ਰਕਾਰ ਦੀ ਝਾੜੀ) 'ਤੇ ਜਾਂ ਇਸ ਤੋਂ ਵੀ ਬਦਤਰ, ਧਰਤੀ 'ਤੇ ਹੀ, ਸੰਭਵ ਤੌਰ 'ਤੇ ਕਿਸੇ ਕੰਬਲ ਆਦਿ ਤੋਂ ਬਿਨਾਂ ਵੀ ਸੌਂਦੇ ਸਨ।)

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਉਹ ਲੋਕ ਜਾਗਦੇ ਸਨ ਤਾਂ ਲੋਕਾਂ ਕੋਲ ਆਮ ਤੌਰ 'ਤੇ ਗੱਲਬਾਤ ਕਰਨ ਲਈ ਕੋਈ ਵਿਅਕਤੀ ਹੁੰਦਾ ਸੀ

ਉਸ ਸਮੇਂ, ਬਹੁਤੇ ਲੋਕ ਇਕੱਠੇ ਸੌਂਦੇ ਸਨ ਅਤੇ ਉਹ ਅਕਸਰ ਆਪਣੇ ਆਪ ਨੂੰ ਖਟਮਲ, ਪਿੱਸੂ, ਜੂਆਂ, ਪਰਿਵਾਰ, ਦੋਸਤਾਂ, ਨੌਕਰਾਂ, ਅਤੇ ਜੇ ਯਾਤਰਾ ਕਰ ਰਹੇ ਹੁੰਦੇ ਸਨ ਤਾਂ ਅਜਨਬੀਆਂ ਨਾਲ ਘਿਰਿਆ ਹੋਇਆ ਪਾਉਂਦੇ ਸਨ।

ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੇਅਰਾਮੀ ਨਾ ਹੋਵੇ ਇਸ ਲਈ, ਸੌਣ ਲਈ ਸਖ਼ਤ ਸਮਾਜਿਕ ਪਰੰਪਰਾਵਾਂ ਸਨ, ਜਿਵੇਂ ਕਿ ਸਰੀਰਕ ਸੰਪਰਕ ਤੋਂ ਬਚਣਾ ਜਾਂ ਬਹੁਤ ਜ਼ਿਆਦਾ ਨਾ ਹਿੱਲਣਾ।

ਸੌਣ ਲਈ ਥਾਵਾਂ ਵੀ ਨਿਰਧਾਰਿਤ ਹੁੰਦੀਆਂ ਸਨ। ਮਿਸਾਲ ਵਜੋਂ, ਛੋਟੀਆਂ ਕੁੜੀਆਂ ਆਮ ਤੌਰ 'ਤੇ ਬਿਸਤਰ ਦੇ ਇੱਕ ਪਾਸੇ, ਕੰਧ ਦੇ ਸਭ ਤੋਂ ਨੇੜੇ-ਨੇੜੇ ਸੌਂਦੀਆਂ ਸਨ, ਫਿਰ ਉਨ੍ਹਾਂ ਤੋਂ ਬਾਅਦ ਮਾਂ, ਫਿਰ ਪਿਤਾ, ਫਿਰ ਮੁੰਡੇ, ਉਮਰ ਦੇ ਹਿਸਾਬ ਨਾਲ ਅਤੇ ਫਿਰ ਗ਼ੈਰ-ਪਰਿਵਾਰਕ ਮੈਂਬਰ ਹੁੰਦੇ ਹਨ।

ਕੁਝ ਘੰਟਿਆਂ ਬਾਅਦ, ਲੋਕ ਇਸ ਪਹਿਲੀ ਨੀਂਦ ਤੋਂ ਜਾਗਣਾ ਸ਼ੁਰੂ ਕਰ ਦਿੰਦੇ ਸਨ। ਸੌਣ ਲਈ ਰਾਤ ਦਾ ਪਹਿਲਾ ਪਹਿਰ ਲਗਭਗ 23:00 ਤੋਂ 01:00 ਤੱਕ ਦਾ ਹੁੰਦਾ ਸੀ।

ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਸੀ ਕਿ ਉਹ ਕਿਸ ਸਮੇਂ ਸੌਣ ਜਾਂਦੇ ਸਨ। ਪਹਿਲਾ ਪਹਿਰ ਖ਼ਤਮ ਹੋਣ 'ਤੇ ਉਨ੍ਹਾਂ ਲੋਕਾਂ ਦਾ ਜਾਗਣਾ ਕਿਸੇ ਵਿਸ਼ੇਸ ਆਵਾਜ਼ ਜਾਂ ਅਲਾਰਮ ਕਾਰਨ ਨਹੀਂ ਹੁੰਦਾ ਸੀ।

ਅਲਾਰਮ ਦੀ ਖੋਜ ਤਾਂ 1787 ਵਿੱਚ ਕੀਤੀ ਗਈ ਸੀ। ਸੋ, ਪਹਿਲੀ ਨੀਂਦ ਤੋਂ ਬਾਅਦ ਜਾਗਣਾ ਕੁਦਰਤੀ ਤੌਰ 'ਤੇ ਹੁੰਦਾ ਸੀ, ਜਿਵੇਂ ਕਿ ਸਵੇਰ ਵੇਲੇ ਹੁੰਦਾ ਹੈ।

ਜਾਗਣ ਦੀ ਇਸ ਮਿਆਦ ਨੂੰ "ਦਿ ਵੌਚ" ਕਿਹਾ ਜਾਂਦਾ ਸੀ ਅਤੇ ਇਹ ਕੰਮਾਂ ਨੂੰ ਪੂਰਾ ਕਰਨ ਲਈ ਇੱਕ ਚੰਗਾ ਸਮਾਂ ਹੁੰਦਾ ਸੀ।

ਏਕਿਰਚ ਕਹਿੰਦੇ ਹਨ, "(ਦਿ ਰਿਕਾਰਡਜ਼) ਦੱਸਦੇ ਹਨ ਕਿ ਕਿਵੇਂ ਲੋਕਾਂ ਨੇ ਆਪਣੇ ਪਹਿਲੇ ਸੁਪਨੇ ਤੋਂ ਜਾਗਣ ਤੋਂ ਬਾਅਦ ਕੁਝ ਵੀ ਕੀਤਾ।''

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲੀ ਨੀਂਦ ਤੋਂ ਬਾਅਦ ਅਕਸਰ ਪਤੀ-ਪਤਨੀ ਬਿਸਤਰਾ ਸਾਂਝਾ ਕਰਦੇ ਸਨ

ਚੰਦਰਮਾ, ਤਾਰਿਆਂ ਅਤੇ ਤੇਲ ਦੇ ਦੀਵਿਆਂ ਦੀ ਮੱਧਮ ਰੌਸ਼ਨੀ ਹੇਠ ਲੋਕ ਆਮ ਕੰਮਾਂ ਵਿੱਚ ਰੁੱਝੇ ਹੁੰਦੇ ਸਨ, ਜਿਵੇਂ ਕਿ ਅੱਗ ਵਿੱਚ ਬਾਲਣ ਪਾਉਣਾ, ਦਵਾਈ ਲੈਣਾ ਜਾਂ ਪਿਸ਼ਾਬ ਕਰਨ ਜਾਣਾ (ਅਕਸਰ ਅੱਗ ਵਿੱਚ ਹੀ) ਆਦਿ।

ਕਿਸਾਨਾਂ ਲਈ, ਜਾਗਣ ਦਾ ਮਤਲਬ ਕੰਮ 'ਤੇ ਵਾਪਸ ਜਾਣਾ ਸੀ। ਭਾਵੇਂ ਇਹ ਖੇਤਾਂ 'ਚ ਜਾ ਕੇ ਜਾਨਵਰਾਂ ਨੂੰ ਦੇਖਣਾ ਹੋਵੇ ਜਾਂ ਫਿਰ ਘਰੇਲੂ ਕੰਮ ਕਰਨਾ।

ਪਰ "ਦਿ ਵੌਚ" (ਇਹ ਜਾਗਣ ਵਾਲਾ ਸਮਾਂ) ਧਰਮ ਲਈ ਵੀ ਹੁੰਦਾ ਸੀ। ਈਸਾਈਆਂ ਕੋਲ ਇਸ ਸਮੇਂ ਲਈ ਖਾਸ ਪ੍ਰਾਰਥਨਾਵਾਂ ਸਨ।

ਇਸ ਦੇ ਨਾਲ ਹੀ, ਵਧੇਰੇ ਦਾਰਸ਼ਨਿਕ ਲੋਕ ਇਸ ਸਮੇਂ ਨੂੰ ਜੀਵਨ ਅਤੇ ਨਵੇਂ ਵਿਚਾਰਾਂ ਨੂੰ ਪ੍ਰਤੀਬਿੰਬਤ ਕਰਨ ਲਈ ਸ਼ਾਂਤਮਈ ਸਮੇਂ ਵਜੋਂ ਵਰਤੋਂ ਕਰ ਸਕਦੇ ਸਨ।

18ਵੀਂ ਸਦੀ ਦੇ ਅਖੀਰ ਵਿੱਚ, ਲੰਡਨ ਦੇ ਇੱਕ ਵਪਾਰੀ ਨੇ ਆਪਣੇ ਰਾਤ ਦੇ ਸਮੇਂ ਆਉਣ ਵਾਲੇ ਆਪਣੇ ਸਭ ਤੋਂ ਵਧੀਆ ਵਿਚਾਰਾਂ ਨੂੰ ਯਾਦ ਰੱਖਣ ਲਈ ਇੱਕ ਯੰਤਰ 'ਨਾਈਟ ਰਿਮਾਇੰਡਰ' ਦੀ ਖੋਜ ਵੀ ਕੀਤੀ ਸੀ।

ਇਸ ਦੇ ਇੱਕ ਹਿੱਸੇ ਨੂੰ ਲਿਖਣ ਲਈ ਵਰਤਿਆ ਜਾ ਸਕਦਾ ਸੀ। ਪਰ ਇਨ੍ਹਾਂ ਸਾਰਿਆਂ ਤੋਂ ਵੱਧ, "ਦਿ ਵੌਚ" ਦਾ ਇਸਤੇਮਾਲ ਸਮਾਜਿਕ ਸਬੰਧ ਬਣਾਉਣ ਅਤੇ ਸੈਕਸ ਕਰਨ ਲਈ ਹੁੰਦਾ ਸੀ।

ਜਿਵੇਂ ਕਿ ਏਕਿਰਚ ਆਪਣੀ ਕਿਤਾਬ 'ਐਟ ਡੇਅਜ਼ ਕਲੋਜ਼: ਏ ਹਿਸਟਰੀ ਆਫ਼ ਨਾਈਟਟਾਈਮ' ਵਿੱਚ ਦੱਸਦੇ ਹਨ, ਲੋਕ ਅਕਸਰ ਬਿਸਤਰ ਵਿੱਚ ਹੀ ਬੈਠੇ ਗੱਲਾਂ ਕਰਦੇ ਰਹਿੰਦੇ ਸਨ।

ਨੀਂਦ

ਤਸਵੀਰ ਸਰੋਤ, ALBERTO PIZZOLI/Getty Images

ਇਸ ਦੁਰਲੱਭ ਸਮੇਂ ਦੌਰਾਨ, ਲੋਕ ਅਕਸਰ ਉਹ ਗੱਲਾਂ ਸਾਂਝਾ ਕਰ ਸਕਦੇ ਹਨ ਜੋ ਦਿਨ ਦੇ ਸਮੇਂ ਕਰਨਾ ਮੁਸ਼ਕਲ ਸੀ।

ਪਤੀ-ਪਤਨੀ ਜੋ ਦੂਜਿਆਂ ਨਾਲ ਬਿਸਤਰਾ ਸਾਂਝਾ ਕਰਦੇ ਸਨ, ਇਹ ਸਮਾਂ ਉਨ੍ਹਾਂ ਲਈ ਸਰੀਰਕ ਨੇੜਤਾ ਲਈ ਇੱਕ ਸੁਵਿਧਾਜਨਕ ਮੌਕਾ ਹੁੰਦਾ ਸੀ।

ਜੇਕਰ ਉਨ੍ਹਾਂ ਦਾ ਦਿਨ ਮਿਹਨਤ ਭਰਿਆ ਲੰਘਿਆ ਹੁੰਦਾ, ਤਾਂ ਪਹਿਲੀ ਨੀਂਦ ਉਨ੍ਹਾਂ ਦੀ ਥਕਾਵਟ ਦੂਰ ਕਰ ਦਿੰਦੀ ਸੀ ਅਤੇ ਬਾਅਦ ਦਾ ਸਮਾਂ (ਅੰਤਰਾਲ ਵਾਲਾ ਸਮਾਂ) ਗਰਭਧਾਰਨ ਕਰਨ ਲਈ ਚੰਗਾ ਰਹਿੰਦਾ ਸੀ।

ਇੱਕ ਵਾਰ ਜਦੋਂ ਲੋਕ ਕੁਝ ਘੰਟਿਆਂ ਲਈ ਜਾਗ ਲੈਂਦੇ ਸਨ, ਤਾਂ ਉਸ ਤੋਂ ਬਾਅਦ ਉਹ ਆਮ ਤੌਰ 'ਤੇ ਵਾਪਸ ਸੌਂ ਜਾਂਦੇ ਸਨ।

ਅਗਲੇ ਕਦਮ ਨੂੰ "ਸਵੇਰ" ਦੀ ਨੀਂਦ ਮੰਨਿਆ ਜਾਂਦਾ ਸੀ ਅਤੇ ਇਹ ਸਵੇਰ ਜਾਂ ਇਸ ਤੋਂ ਵੀ ਬਾਅਦ ਤੱਕ ਚੱਲਦੀ ਸੀ।

ਇੱਕ ਪੁਰਾਣਾ ਰੂਪਾਂਤਰ

ਏਕਿਰਚ ਦੇ ਅਨੁਸਾਰ, ਕਲਾਸੀਕਲ ਯੁੱਗ ਵਿੱਚ ਦੋ ਵਾਰ ਸੌਣ ਦੀ ਪ੍ਰਣਾਲੀ ਦੇ ਹਵਾਲੇ ਹਨ, ਜੋ ਸੁਝਾਅ ਦਿੰਦੇ ਹਨ ਕਿ ਉਦੋਂ ਇਹ ਪਹਿਲਾਂ ਹੀ ਆਮ ਸੀ।

ਨੀਂਦ, ਸੌਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜੇ ਲੋਕ ਇੱਕ ਬਿਸਤਰਾ ਬਰਦਾਸ਼ਤ ਨਹੀਂ ਕਰ ਸਕਦੇ ਸਨ, ਉਨ੍ਹਾਂ ਨੂੰ ਤੂੜੀ ਜਾਂ ਸੁੱਕੀ ਬਨਸਪਤੀ 'ਤੇ ਸੌਣਾ ਪੈਂਦਾ ਸੀ

ਯੂਨਾਨੀ ਜੀਵਨੀਕਾਰ ਪਲੂਟਾਰਕ (ਪਹਿਲੀ ਸਦੀ ਏਡੀ), ਯੂਨਾਨੀ ਯਾਤਰੀ ਪੌਸਾਨੀਅਸ (ਦੂਜੀ ਸਦੀ ਏਡੀ), ਰੋਮਨ ਇਤਿਹਾਸਕਾਰ ਟਾਈਟਸ ਲਿਵੀ ਅਤੇ ਰੋਮਨ ਕਵੀ ਵਰਜਿਲ ਦੀਆਂ ਰਚਨਾਵਾਂ ਵਿੱਚ ਇਸ ਦਾ ਅਚਨਚੇਤ ਜ਼ਿਕਰ ਕੀਤਾ ਗਿਆ ਹੈ।

ਇਸ ਅਭਿਆਸ ਨੂੰ ਬਾਅਦ ਵਿੱਚ ਈਸਾਈਆਂ ਦੁਆਰਾ ਵੀ ਅਪਣਾਇਆ ਗਿਆ ਸੀ, ਜਿਨ੍ਹਾਂ ਨੇ ਤੁਰੰਤ "ਵੌਚ" ਨੂੰ ਧਾਰਮਿਕ ਗੀਤਾਂ ਅਤੇ ਇਕਰਾਰਨਾਮੇ ਦੇ ਪਾਠ ਕਰਨ ਦੇ ਮੌਕੇ ਵਜੋਂ ਦੇਖਿਆ।

ਪਰ ਨੀਂਦ ਨੂੰ ਵੰਡਣ ਦੇ ਲਾਭ ਵੇਖਣ ਵਾਲੇ ਸਿਰਫ਼ ਇਨਸਾਨ ਹੀ ਨਹੀਂ ਹਨ, ਇਹ ਤਰੀਕਾ ਕੁਦਰਤੀ ਸੰਸਾਰ ਵਿੱਚ ਵੀ ਵਿਆਪਕ ਹੈ, ਜਿਥੇ ਬਹੁਤ ਸਾਰੀਆਂ ਕਿਸਮਾਂ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਹਿੱਸਿਆਂ ਵਿੱਚ ਆਰਾਮ ਕਰਦੀਆਂ ਹਨ।

ਇਹ ਉਨ੍ਹਾਂ ਨੂੰ ਦਿਨ ਦੇ ਸਭ ਤੋਂ ਲਾਹੇਵੰਦ ਸਮਿਆਂ ਵਿੱਚ ਕਿਰਿਆਸ਼ੀਲ ਰਹਿਣ ਵਿੱਚ ਮਦਦ ਕਰਦਾ ਹੈ। ਇਸ ਦੀ ਇੱਕ ਉਦਾਹਰਨ ਹੈ ਰਿੰਗ-ਟੇਲਡ ਲੇਮਰ (ਬਾਂਦਰ ਦੀ ਇੱਕ ਪ੍ਰਜਾਤੀ)।

ਮੁਖ ਤੌਰ 'ਤੇ ਮੈਡਗਾਸਕਰ ਵਿੱਚ ਪਾਏ ਜਾਂਦੇ ਇਹ ਭਿਆਨਕ ਲਾਲ ਅੱਖਾਂ ਅਤੇ ਖੜ੍ਹੀਆਂ ਪੂਛਾਂ ਵਾਲੇ ਪ੍ਰਾਈਮੇਟ, ਉਸੇ ਤਰ੍ਹਾਂ ਨੀਂਦ ਲੈਂਦੇ ਹਨ ਜਿਵੇਂ ਪੂਰਵ-ਉਦਯੋਗਿਕ ਸਮੇਂ 'ਚ ਮਨੁੱਖ ਲੈਂਦੇ ਸਨ।

ਕੈਨੇਡਾ ਵਿੱਚ ਟੋਰਾਂਟੋ ਮਿਸੀਸਾਗਾ ਯੂਨੀਵਰਸਿਟੀ ਵਿੱਚ ਹਿਊਮਨ ਐਵੋਲੂਸ਼ਨ ਐਂਡ ਸਲੀਪ ਲੈਬਾਰਟਰੀ ਦੇ ਨਿਰਦੇਸ਼ਕ ਡੇਵਿਡ ਸੈਮਸਨ ਕਹਿੰਦੇ ਹਨ, "ਪ੍ਰਾਈਮੇਟਜ਼ 24 ਘੰਟਿਆਂ ਵਿੱਚ ਆਪਣੀ ਗਤੀਵਿਧੀ ਨੂੰ ਕਿਵੇਂ ਵੰਡਦੇ ਹਨ, ਇਸ ਵਿੱਚ ਬਹੁਤ ਜ਼ਿਆਦਾ ਪਰਿਵਰਤਨਸ਼ੀਲਤਾ ਹੈ।"

ਸਾਲ 1995 ਵਿੱਚ ਏਕਿਰਚ ਨੂੰ ਨਿਊਯਾਰਕ ਟਾਈਮਜ਼ ਵਿੱਚ ਕੁਝ ਸਾਲ ਪਹਿਲਾਂ ਦੇ ਨੀਂਦ ਦੇ ਪ੍ਰਯੋਗ ਬਾਰੇ ਇੱਕ ਲੇਖ ਮਿਲਿਆ।

ਅਮਰੀਕਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੇ ਇੱਕ ਨੀਂਦ ਵਿਗਿਆਨੀ, ਥਾਮਸ ਵੇਹਰ ਦੁਆਰਾ 15 ਪੁਰਸ਼ਾਂ ਦੇ ਨਾਲ ਕੀਤੀ ਗਈ ਇਸ ਖੋਜ ਵਿੱਚ ਇਸ ਬਾਰੇ ਨਵਾਂ ਡੇਟਾ ਪੇਸ਼ ਕੀਤਾ ਗਿਆ ਕਿ ਨੀਂਦ ਦੇ ਪੈਟਰਨ ਕਿਵੇਂ ਬਦਲਦੇ ਹਨ।

ਇਸ ਦੌਰਾਨ ਉਨ੍ਹਾਂ ਲੋਕਾਂ ਦੀ ਨੀਂਦ ਦਾ ਪੈਟਰਨ ਬਦਲ ਗਿਆ ਸੀ। ਉਹ ਹੁਣ ਇੱਕ ਵਾਰ ਵਿੱਚ ਨਹੀਂ ਸੌਂਦੇ ਸਨ, ਪਰ ਲਗਭਗ ਬਰਾਬਰ ਲੰਬਾਈ ਦੇ ਦੋ ਹਿੱਸਿਆਂ ਵਿੱਚ ਸੌਂਦੇ ਸਨ।

ਨੀਂਦ ਦੇ ਹਾਰਮੋਨ ਮੇਲੇਟੋਨਿਨ ਦੇ ਮਾਪਾਂ ਨੇ ਦਿਖਾਇਆ ਕਿ ਉਨ੍ਹਾਂ ਦੀ ਸਰਕੇਡੀਅਨ ਲੈਅ ਨੂੰ ਵੀ ਐਡਜਸਟ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਦੀ ਨੀਂਦ ਜੈਵਿਕ ਤੌਰ 'ਤੇ ਬਦਲੀ ਗਈ ਸੀ। ਵੇਹਰ ਨੇ ਬਾਇਫਾਸਿਕ ਨੀਂਦ ਨੂੰ ਮੁੜ ਖੋਜਿਆ ਸੀ।

ਨੀਂਦ, ਸੌਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਦਯੋਗਿਕ ਕ੍ਰਾਂਤੀ ਨੇ ਨੀਂਦ ਦੇ ਘੰਟਿਆਂ ਨੂੰ ਪ੍ਰਭਾਵਿਤ ਕੀਤਾ

ਏਕਿਰਚ ਕਹਿੰਦੇ ਹਨ, "(ਪ੍ਰਯੋਗ ਬਾਰੇ ਪੜ੍ਹਨਾ) ਮੇਰੇ ਵਿਆਹ ਅਤੇ ਮੇਰੇ ਬੱਚਿਆਂ ਦੇ ਜਨਮ ਤੋਂ ਇਲਾਵਾ, ਸ਼ਾਇਦ ਮੇਰੇ ਜੀਵਨ ਦਾ ਸਭ ਤੋਂ ਰੋਮਾਂਚਕ ਸਮਾਂ ਸੀ।"

ਹਾਲ ਹੀ ਵਿੱਚ, ਸੈਮਸਨ ਦੀ ਆਪਣੀ ਖੋਜ ਨੇ ਇੱਕ ਦਿਲਚਸਪ ਮੋੜ ਦੇ ਨਾਲ ਇਨ੍ਹਾਂ ਖੋਜਾਂ ਦਾ ਸਮਰਥਨ ਕੀਤਾ ਹੈ।

ਸਾਲ 2015 ਵਿੱਚ, ਹੋਰ ਯੂਨੀਵਰਸਿਟੀਆਂ ਦੇ ਸਹਿਯੋਗੀਆਂ ਦੇ ਨਾਲ ਸੈਮਸਨ ਨੇ ਇੱਕ ਅਧਿਐਨ ਲਈ ਮੈਡਾਗਾਸਕਰ ਵਿੱਚ ਵਲੰਟੀਅਰਾਂ ਦੀ ਭਰਤੀ ਕੀਤੀ।

ਇਹ ਸਥਾਨ ਇੱਕ ਰਾਸ਼ਟਰੀ ਪਾਰਕ ਦੇ ਸਾਹਮਣੇ ਇੱਕ ਵੱਡਾ ਕਸਬਾ ਸੀ, ਜਿਸ ਵਿੱਚ ਬਿਜਲੀ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਸੀ, ਇਸ ਲਈ ਰਾਤਾਂ ਲਗਭਗ ਉਨੀਆਂ ਹੀ ਹਨੇਰੀਆਂ ਸਨ ਜਿੰਨੀਆਂ ਕਿ ਉਹ ਹਜ਼ਾਰਾਂ ਸਾਲਾਂ ਪਹਿਲਾਂ ਹੁੰਦੀਆਂ ਸਨ।

ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਕਿਸਾਨ ਸਨ, ਜਿਨ੍ਹਾਂ ਨੂੰ ਇੱਕ "ਐਕਟੀਮੀਟਰ" ਪਹਿਨਣ ਲਈ ਕਿਹਾ ਗਿਆ ਸੀ।

ਇਹ ਇੱਕ ਆਧੁਨਿਕ ਗਤੀਵਿਧੀ-ਖੋਜ ਯੰਤਰ ਸੀ, ਜੋ ਕਿ 10 ਦਿਨਾਂ ਤੱਕ ਨੀਂਦ ਦੇ ਚੱਕਰਾਂ ਨੂੰ ਟਰੈਕ ਕਰ ਸਕਦਾ ਸੀ।

ਸੈਮਸਨ ਕਹਿੰਦੇ ਹਨ, "ਅਸੀਂ ਜੋ ਦੇਖਿਆ ਉਹ ਇਹ ਸੀ ਕਿ ਅੱਧੀ ਰਾਤ ਤੋਂ ਬਾਅਦ ਸਵੇਰੇ 1:00-1:30 ਵਜੇ ਤੱਕ ਗਤੀਵਿਧੀ ਦਾ ਸਮਾਂ ਸੀ ਅਤੇ ਫਿਰ ਉਹ ਸਵੇਰੇ 6 ਵਜੇ ਜਾਗਣ ਤੱਕ ਵਾਪਸ ਸੌਂ ਜਾਂਦੇ ਅਤੇ ਅਕਿਰਿਆਸ਼ੀਲ ਰਹਿੰਦੇ, ਜੋ ਕਿ ਆਮ ਤੌਰ 'ਤੇ ਸੂਰਜ ਚੜ੍ਹਨ ਨਾਲ ਮੇਲ ਖਾਂਦਾ ਹੈ।"

ਇਸ ਤੋਂ ਇਹ ਪਤਾ ਚੱਲਦਾ ਹੈ ਕਿ "ਬਾਇਆਫਾਸਿਕ ਨੀਂਦ" ਕਦੇ ਵੀ ਪੂਰੀ ਤਰ੍ਹਾਂ ਅਲੋਪ ਨਹੀਂ ਹੋਈ, ਇਹ ਅੱਜ ਵੀ ਸੰਸਾਰ ਦੇ ਕੁਝ ਹਿੱਸਿਆਂ ਵਿੱਚ ਜ਼ਿੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੱਕ ਨਵਾਂ ਸਮਾਜਿਕ ਦਬਾਅ

ਉਸ ਖੋਜ ਨੇ ਏਕਿਰਚ ਨੂੰ ਇਹ ਸਪਸ਼ਟੀਕਰਨ ਦਿੱਤਾ ਕਿ 19ਵੀਂ ਸਦੀ ਦੇ ਅਰੰਭ ਵਿੱਚ, ਮਨੁੱਖਤਾ ਦੇ ਵੱਡੀ ਗਿਣਤੀ ਨੇ ਦੋ-ਨੀਂਦ (ਟੂ ਸਲੀਪ ਸਿਸਟਮ) ਵਾਲੀ ਪ੍ਰਣਾਲੀ ਨੂੰ ਕਿਉਂ ਛੱਡ ਦਿੱਤਾ ਸੀ।

ਇਸ ਦਾ ਜਵਾਬ ਉਦਯੋਗਿਕ ਕ੍ਰਾਂਤੀ ਵਿੱਚੋਂ ਮਿਲਦਾ ਹੈ।

"ਨਕਲੀ ਰੋਸ਼ਨੀ ਵਧੇਰੇ ਪ੍ਰਚਲਿਤ ਅਤੇ ਸ਼ਕਤੀਸ਼ਾਲੀ ਬਣ ਗਈ ਜੋ ਕਿ ਲੋਕਾਂ ਦੀ ਸਰਕੇਡੀਅਨ ਲੈਅ ਵਿੱਚ ਵੀ ਵਿਘਨ ਪਾਉਂਦੀ ਹੈ, ਇਹ ਉਨ੍ਹਾਂ ਨੂੰ ਦੇਰ ਤੱਕ ਜਾਗਣ ਵਿੱਚ ਮਦਦ ਕਰਦੀ ਹੈ।"

ਹਾਲਾਂਕਿ, ਲੋਕ ਹੁਣ ਰਾਤ 9:00 ਵਜੇ ਸੌਣ ਲਈ ਤਿਆਰ ਨਹੀਂ ਹੁੰਦੇ ਸਨ, ਪਰ ਉਨ੍ਹਾਂ ਨੂੰ ਸਵੇਰੇ ਉਸੇ ਸਮੇਂ ਉੱਠਣਾ ਪੈਂਦਾ ਸੀ।

ਇਸ ਲਈ ਉਨ੍ਹਾਂ ਦੇ ਆਰਾਮ ਵਿੱਚ ਕਟੌਤੀ ਹੋ ਗਈ। ਏਕਿਰਚ ਦਾ ਮੰਨਣਾ ਹੈ ਕਿ ਇਸ ਨਾਲ ਨੀਂਦ ਹੋਰ ਡੂੰਘੀ ਹੋ ਗਈ।

ਆਬਾਦੀ ਦੀ ਸਰਕੇਡੀਅਨ ਲੈਅ ਨੂੰ ਬਦਲਣ ਦੇ ਨਾਲ-ਨਾਲ, ਨਕਲੀ ਰੌਸ਼ਨੀ ਨੇ ਪਹਿਲੀ ਨੀਂਦ ਨੂੰ ਲੰਮਾ ਕੀਤਾ ਅਤੇ ਦੂਜੀ ਨੂੰ ਛੋਟਾ ਕੀਤਾ।

ਏਕਿਰਚ ਕਹਿੰਦੇ ਹਨ, "ਮੈਂ 19ਵੀਂ ਸਦੀ ਦੌਰਾਨ, ਲਗਭਗ ਦਹਾਕੇ ਦਰ ਦਹਾਕੇ, (ਇਸ) ਦੀ ਪੁਸ਼ਟੀ ਕਰ ਸਕਦਾ ਸੀ।''

20ਵੀਂ ਸਦੀ ਦੇ ਅੰਤ ਤੱਕ, ਦੋ ਨੀਂਦਾਂ ਦੇ ਵਿਚਕਾਰਲਾ ਪਾੜਾ ਪੂਰੀ ਤਰ੍ਹਾਂ ਅਲੋਪ ਹੋ ਗਿਆ ਸੀ। ਉਦਯੋਗਿਕ ਕ੍ਰਾਂਤੀ ਨੇ ਨਾ ਸਿਰਫ਼ ਸਾਡੀ ਤਕਨੀਕ ਸਗੋਂ ਸਾਡੇ ਜੀਵ ਵਿਗਿਆਨ ਨੂੰ ਵੀ ਬਦਲ ਦਿੱਤਾ ਸੀ।

ਵੀਡੀਓ ਵਿੱਚ ਦੇਖੋ ਅਗਰਬੱਤੀ ਕਿਵੇਂ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ

ਵੀਡੀਓ ਕੈਪਸ਼ਨ, ਅਗਰਬੱਤੀ ਦੇ ਹੁੰਦੇ ਨੁਕਸਾਨ

ਇੱਕ ਨਵੀਂ ਚਿੰਤਾ

ਨੀਂਦ ਦੀਆਂ ਆਦਤਾਂ ਵਿੱਚ ਬਹੁਤ ਸਾਰੇ ਬਦਲਾਅ ਦਾ ਇੱਕ ਮੁੱਖ ਮਾੜਾ ਪ੍ਰਭਾਵ ਰਵੱਈਏ ਵਿੱਚ ਤਬਦੀਲੀ ਹੈ।

ਅਸੀਂ ਜ਼ਿਆਦਾ ਸੌਣ ਵਾਲਿਆਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਜਲਦੀ ਉੱਠਣ ਅਤੇ ਰਚਨਾਤਮਕ ਹੋਣ ਦੇ ਵਿਚਕਾਰ ਸਬੰਧ ਪ੍ਰਤੀ ਚਿੰਤਾ ਕਰਦੇ ਹਾਂ।

ਇੱਥੇ ਉਨ੍ਹਾਂ ਲੋਕਾਂ ਦਾ ਵੀ ਸਵਾਲ ਹੈ ਜੋ ਰਾਤ ਨੂੰ ਇਨਸੌਮਨੀਆ (ਨੀਂਦ ਨਾ ਆਉਣ) ਤੋਂ ਪੀੜਤ ਹਨ।

ਇਤਿਹਾਸਕਾਰ ਮੁਤਾਬਕ, ਸਾਡੇ ਸੌਣ ਦੇ ਪੈਟਰਨ ਹੁਣ ਇੰਨੇ ਬਦਲ ਗਏ ਹਨ ਕਿ ਅੱਧੀ ਰਾਤ ਨੂੰ ਜਾਗਣ ਨਾਲ ਪਰੇਸ਼ਾਨੀ ਹੋ ਸਕਦੀ ਹੈ।

ਉਹ ਕਹਿੰਦੇ ਹਨ, "ਮੇਰਾ ਮਤਲਬ ਇਸ ਨੂੰ ਹਲਕੇ ਤੌਰ 'ਤੇ ਲੈਣਾ ਨਹੀਂ ਹੈ - ਅਸਲ ਵਿੱਚ, ਮੈਂ ਆਪ ਵੀ ਨੀਂਦ ਦੇ ਵਿਕਾਰ ਤੋਂ ਪੀੜਤ ਹਾਂ ਅਤੇ ਇਸ ਦੇ ਲਈ ਦਵਾਈ ਵੀ ਲੈਂਦਾ ਹਾਂ।"

"ਪਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਹਜ਼ਾਰਾਂ ਸਾਲਾਂ ਪਹਿਲਾਂ ਲੋਕਾਂ ਲਈ ਪੂਰੀ ਤਰ੍ਹਾਂ ਆਮ ਗੱਲ ਸੀ ਤਾਂ ਇਹ ਗੱਲ ਉਨ੍ਹਾਂ ਦੀ ਚਿੰਤਾ ਨੂੰ ਥੋੜ੍ਹਾ ਘਟਾ ਜ਼ਰੂਰ ਦਿੰਦੀ ਹੈ।''

ਹਾਲਾਂਕਿ, ਏਕਿਰਚ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਦੋ ਵਾਰ ਦੀ ਨੀਂਦ ਪ੍ਰਣਾਲੀ ਨੂੰ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਅੱਜ ਸਾਡੀ ਨੀਂਦ ਦੀ ਗੁਣਵੱਤਾ ਖ਼ਰਾਬ ਹੈ।

ਏਕਿਰਚ ਦਲੀਲ ਦਿੰਦੇ ਹਨ ਕਿ ਨੀਂਦ ਦੀਆਂ ਸਮੱਸਿਆਵਾਂ ਬਾਰੇ ਪ੍ਰਚਲਿਤ ਸੁਰਖੀਆਂ ਦੇ ਬਾਵਜੂਦ 21ਵੀਂ ਸਦੀ ਨੀਂਦ ਦਾ ਸੁਨਹਿਰੀ ਯੁੱਗ ਹੈ।

ਸੰਖੇਪ ਵਿੱਚ, ਹੋ ਸਕਦਾ ਹੈ ਕਿ ਵਿਅਕਤੀਗਤ ਨੀਂਦ ਦੀ ਮਿਆਦ "ਕੁਦਰਤੀ" ਨਾ ਹੋਵੇ, ਪਰ ਪਤਲੇ ਐਰਗੋਨੋਮਿਕ ਗੱਦੇ ਜਾਂ ਆਧੁਨਿਕ ਸਫਾਈ ਵੀ ਕੁਦਰਤੀ ਨਹੀਂ ਹਨ।

ਏਕਿਰਚ ਕਹਿੰਦੇ ਹਨ, "ਹੁਣ ਪਿੱਛੇ ਮੁੜਨ ਦੀ ਕੋਈ ਲੋੜ ਨਹੀਂ ਕਿਉਂਕਿ ਹਾਲਾਤ ਬਦਲ ਗਏ ਹਨ।''

ਹੁਣ ਭਾਵੇਂ ਅਸੀਂ ਰਾਤ ਦੀ ਨੀਂਦ ਵਿਚਕਾਰ ਗੁਪਤ ਗੱਲਬਾਤ ਦਾ ਮਜਾ ਨਹੀਂ ਲੈ ਪਾਉਂਦੇ ਪਰ ਘੱਟੋ-ਘੱਟ ਹੁਣ ਸਾਨੂੰ ਖਟਮਲਾਂ ਦਾ ਡਰ ਵੀ ਨਹੀਂ ਸਤਾਉਂਦਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)