ਚਰਨਜੀਤ ਚੰਨੀ ਦਾ 'ਵਾਇਰਲ ਬਿਆਨ': ਕੀ ਪੰਜਾਬ ਕਾਂਗਰਸ ਦਲਿਤ ਤੇ ਜੱਟ ਪ੍ਰਤੀਨਿੱਧਤਾ ਦੀ ਲੜਾਈ ਲੜ ਰਹੀ ਹੈ, ਇਹ ਲੜਾਈ ਪਾਰਟੀ ਨੂੰ ਕਿੱਥੇ ਲੈ ਜਾ ਸਕਦੀ

ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਦੀ ਤਸਵੀਰ

ਤਸਵੀਰ ਸਰੋਤ, FB/Charanjit Singh Channi

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

1970 ਦੇ ਦਹਾਕੇ ਵਿੱਚ ਪਛੜੀਆਂ ਸ੍ਰੇਣੀਆਂ ਨਾਲ ਸਬੰਧਤ ਗਿਆਨੀ ਜ਼ੈਲ ਸਿੰਘ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 2021 ਵਿੱਚ ਸੂਬੇ ਦਾ ਪਹਿਲਾ ਦਲਿਤ ਭਾਈਚਾਰੇ ਨਾਲ ਸਬੰਧਿਤ ਮੁੱਖ ਮੰਤਰੀ ਬਣਾਇਆ ਸੀ।

ਪਰ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਮੌਜੂਦਾ ਸਮੇਂ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਵਿੱਚ ਮੁੱਖ ਅਹੁਦਿਆਂ ਉਪਰ ਦਲਿਤ ਭਾਈਚਾਰੇ ਨੂੰ 'ਬਣਦੀ ਨੁਮਾਇੰਦਗੀ ਨਾ ਮਿਲਣ' ਦੀ ਗੱਲ ਕਰਦੇ ਦਿਖਾਈ ਦਿੰਦੇ ਹਨ ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ।

ਦਰਅਸਲ, ਮੌਜੂਦਾ ਸਮੇਂ ਵਿੱਚ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਵਿਧਾਨ ਸਭਾ ਵਿੱਚ ਆਗੂ ਪ੍ਰਤਾਪ ਸਿੰਘ ਬਾਜਵਾ ਹਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਜੋ ਦੋਵੇਂ ਹੀ ਜੱਟ ਭਾਈਚਾਰੇ ਨਾਲ ਸਬੰਧਤ ਹਨ।

ਹਾਲਾਂਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਕਿਸੇ ਵੀ ਮੀਟਿੰਗ ਜਾਂ ਮੰਚ ਤੋਂ ਕਦੇ ਵੀ ਜਾਤ ਜਾਂ ਬਿਰਾਦਰੀ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਜਾਣ-ਬੁੱਝ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨੂੰ ਕਿਹਾ ਕਿ ਕਾਂਗਰਸ ਇੱਕ ਧਰਮ-ਨਿਰਪੱਖ ਪਾਰਟੀ ਹੈ ਜੋ ਜਾਤੀ ਅਤੇ ਧਰਮ ਦੇ ਨਾਮ ਉੱਪਰ ਸਿਆਸਤ ਨਹੀਂ ਕਰਦੀ।

ਪਰ ਕੀ ਪੰਜਾਬ ਕਾਂਗਰਸ ਵਿੱਚ ਦਲਿਤ ਅਤੇ ਜੱਟ ਭਾਈਚਾਰੇ ਦੀ ਪ੍ਰਤੀਨਿੱਧਤਾ ਦੀ ਸਿਆਸਤ ਜ਼ੋਰ ਫੜ ਰਹੀ ਹੈ?

ਦਲਿਤਾਂ ਦੀ ਪ੍ਰਤੀਨਿੱਧਤਾ ਦੀ ਕੀ ਮਾਮਲਾ ਹੈ?

ਡਾ. ਬੀਆਰ ਅੰਬੇਡਕਰ ਦੀ ਤਸਵੀਰ ਸਾਹਮਣੇ ਖੜ੍ਹੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ

ਤਸਵੀਰ ਸਰੋਤ, Getty Images

ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਪਿਛਲੇ ਦਿਨੀ ਹੋਈ ਪਾਰਟੀ ਦੇ ਐੱਸਸੀ ਵਿੰਗ ਦੀ ਦੱਸੀ ਜਾ ਰਹੀ ਹੈ।

ਇਸ ਵਿੱਚ ਚੰਨੀ ਕਹਿ ਰਹੇ ਹਨ ਕਿ, "ਪੰਜਾਬ ਵਿੱਚ ਜੇਕਰ ਤੁਸੀਂ ਮੰਨਦੇ ਹੋ ਕੇ 38 ਜਾਂ 35 ਫੀਸਦ ਵਸੋਂ ਹੈ, ਜੋ ਹੈ ਹੀ, ਤਾਂ ਸਾਨੂੰ ਨੁਮਾਇੰਦਗੀ ਕਿਉਂ ਨਹੀਂ ਮਿਲ ਰਹੀ। ਪੰਜਾਬ ਦਾ ਪ੍ਰਧਾਨ ਵੀ ਉੱਚ ਜਾਤੀ ਹੈ, ਪੰਜਾਬ ਦਾ ਸੀਐੱਲਪੀ ਲੀਡਰ ਵੀ ਉੱਚ ਜਾਤੀ ਹੈ, ਪੰਜਾਬ ਦੀ ਮਹਿਲਾ ਵਿੰਗ ਵੀ ਉੱਚ ਜਾਤੀ ਹੈ, ਪੰਜਾਬ ਦਾ ਜਨਰਲ ਸੈਕਰਟੀ ਵੀ ਉੱਚ ਜਾਤੀ ਹੈ। ਅਸੀਂ ਕਿੱਥੇ ਜਾ ਰਹੇ ਹਾਂ?"

ਹਾਲਾਂਕਿ, ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਫ਼ਾਈ ਦਿੱਤੀ।

ਉਹਨਾਂ ਕਿਹਾ ਕਿ ਉਹ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ "ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ" 'ਤੇ ਅਡਿੱਗ ਵਿਸ਼ਵਾਸ ਰੱਖਦੇ ਹਨ ਅਤੇ ਕਿਸੇ ਵੀ ਮੀਟਿੰਗ ਜਾਂ ਮੰਚ ਤੋਂ ਕਦੇ ਵੀ ਜਾਤ ਜਾਂ ਬਿਰਾਦਰੀ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਅਤੇ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਪੰਜਾਬ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਪੂਰੀ ਤਾਕਤ ਨਾਲ ਰੱਖੀ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਰੋਸ ਨੂੰ ਵੀ ਭੁਗਤਿਆ, ਪਰ ਕਿਸੇ ਵੀ ਕਿਸਾਨ 'ਤੇ ਕਾਰਵਾਈ ਨਹੀਂ ਹੋਣ ਦਿੱਤੀ।

ਚੰਨੀ ਨੇ ਕਿਹਾ ਕਿ ਪੰਜਾਬ ਇੱਕ ਗੁਲਦਸਤਾ ਹੈ ਅਤੇ ਜਦੋਂ ਤੱਕ ਸਾਰੇ ਵਰਗਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ, ਤਦ ਤੱਕ ਨਾ ਪਾਰਟੀ ਮਜ਼ਬੂਤ ਹੁੰਦੀ ਹੈ ਅਤੇ ਨਾ ਹੀ ਸਰਕਾਰ ਬਣਦੀ ਹੈ।

ਮੁੱਖ ਮੰਤਰੀ ਤੋਂ ਵੱਡਾ ਤਾਂ ਕੋਈ ਅਹੁੱਦਾ ਨਹੀਂ ਹੈ: ਵੜਿੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, FB/Amarinder Singh Raja Warring

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਦੇ ਉੱਪਰ ਬੋਲਦਿਆਂ ਕਿਹਾ ਕਿ ਕਾਂਗਰਸ ਧਰਮ ਨਿਰਪੱਖਤਾ ਦੀ ਸਿਆਸਤ ਕਰਦੀ ਹੈ ਪਰ ਭਾਜਪਾ ਜਾਤੀ ਅਤੇ ਧਰਮ ਦੇ ਨਾਂ 'ਤੇ ਵੰਡਦੀ ਹੈ।

ਉਹਨਾਂ ਕਿਹਾ, "ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣ ਰਹੇ ਸਨ ਤਾਂ ਅਸਲ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣ ਰਹੇ ਸਨ। ਪਰ ਇੱਧਰ ਉੱਧਰ ਦੀ ਗੱਲ ਤੋਂ ਬਾਅਦ ਗੱਲ ਚੰਨੀ ਸਾਹਿਬ ਉੱਪਰ ਆ ਗਈ। ਸਭ ਨੇ ਕਿਹਾ ਕਿ ਚੰਨੀ ਸਾਹਿਬ ਸਾਡੇ ਸਤਿਕਾਰਤ ਹਨ। ਅਸੀਂ ਉਹਨਾਂ ਨੂੰ ਵੀ ਮੰਨਦੇ ਹਾਂ। ਜੇਕਰ ਅਜਿਹੀ ਕੋਈ ਗੱਲ ਹੁੰਦੀ ਕਿ ਦਲਿਤ ਅਲੱਗ ਹੁੰਦਾ ਜਾਂ ਜੱਟ ਸਿੱਖ ਅਲੱਗ ਹੁੰਦਾ ਤਾਂ ਇਸ ਤੋਂ ਵੱਡਾ ਤਾਂ ਕੋਈ ਅਹੁੱਦਾ ਨਹੀਂ ਹੈ।"

ਉਹਨਾਂ ਕਿਹਾ, "ਕਿਸੇ ਜੱਟ ਸਿੱਖ ਨੇ ਨਹੀਂ ਕਿਹਾ ਕਿ ਮੈਨੂੰ ਸੀਡਬਲਿਯੂਸੀ. ਮੈਂਬਰ ਬਣਾਓ, ਸਥਾਈ ਮੈਂਬਰ ਚੰਨੀ ਸਾਹਿਬ ਹੀ ਹਨ।"

ਜੱਟ ਭਾਈਚਾਰੇ ਨਾਲ ਸਬੰਧਤ ਨੌਜਵਾਨ ਕਾਂਗਰਸ ਆਗੂ ਬਰਿੰਦਰ ਢਿੱਲੋਂ ਕਹਿੰਦੇ ਹਨ, "ਦਲਿਤ ਭਾਈਚਾਰੇ ਦੀ ਨੁਮਾਇੰਦਗੀ ਤਾਂ ਬਣਦੀ ਹੀ ਹੈ। ਪਰ ਇਹ ਮੁੱਦਾ ਸਾਰਾ ਮੌਜੂਦਾ ਸੂਬਾ ਸਰਕਾਰ ਦਾ ਅਤੇ ਮੀਡੀਆ ਦਾ ਬਣਾਇਆ ਹੋਇਆ ਹੈ।"

ਪੰਜਾਬ ਕਾਂਗਰਸ ਵਿੱਚ ਵਾਰ-ਵਾਰ ਉੱਠਦੇ ਵਿਵਾਦਾਂ ਬਾਰੇ ਢਿੱਲੋਂ ਕਹਿੰਦੇ ਹਨ, "ਇਹ ਲੋਕਤੰਤਰ ਦਾ ਹਿੱਸਾ ਹੈ, ਅਸਲ ਲੋਕਤੰਤਰ ਵਿੱਚ ਮਤਭੇਦ ਤਾਂ ਹੁੰਦੇ ਹੀ ਹਨ। ਵਿਵਾਦ ਤਾਂ ਮੀਡੀਆ ਵੱਲੋਂ ਹੀ ਬਣਾਏ ਜਾਂਦੇ ਹਨ। ਉਹਨਾਂ (ਚੰਨੀ) ਨੇ ਕੋਈ ਗਲਤ ਗੱਲ ਨਹੀਂ ਕਹੀ ਪਰ ਮੀਡੀਆ ਨੇ ਮੁੱਦਾ ਬਣਾ ਦਿੱਤਾ।"

ਬੀਜੇਪੀ ਦਾ ਚੰਨੀ ਨੂੰ ਸੱਦਾ

ਪੰਜਾਬ ਬੀਜੇਪੀ ਲੀਡਰ ਕੇਵਲ ਸਿੰਘ ਢਿੱਲੋਂ ਉਨ੍ਹਾਂ ਨਾਲ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ

ਤਸਵੀਰ ਸਰੋਤ, FB/Kewal Singh Dhillon

ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸਨਅਤਕਾਰ ਕੇਵਲ ਸਿੰਘ ਢਿੱਲੋਂ ਨੇ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

ਢਿੱਲੋਂ ਨੇ ਐਕਸ ਉੱਪਰ ਲਿਖਿਆ, "ਚਰਨਜੀਤ ਚੰਨੀ ਜੀ, ਮੈਂ ਇੱਕ ਮਾਣਮੱਤਾ ਪੰਜਾਬੀ ਹੋਣ ਦੇ ਨਾਤੇ, ਵਿਸ਼ਵਾਸ ਕਰਦਾ ਹਾਂ ਕਿ ਦਲਿਤ ਨੁਮਾਇੰਦਗੀ ਬਾਰੇ ਤੁਹਾਡਾ ਸਟੈਂਡ ਲੀਡਰਸ਼ਿਪ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।"

ਉਹਨਾਂ ਅੱਗੇ ਲਿਖਿਆ, "ਬੀਜੇਪੀ ਵਿੱਚ ਤੁਹਾਨੂੰ ਸਤਿਕਾਰ, ਮਾਣ ਅਤੇ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਅਸਲ ਮੌਕਾ ਮਿਲੇਗਾ। ਆਓ ਪੰਜਾਬ ਦੇ ਭਵਿੱਖ ਲਈ ਇਕੱਠੇ ਕੰਮ ਕਰੀਏ।"

'ਸਵਾਲ ਕਰਨਾ, ਕਿਸੇ ਦੂਜੀ ਜਾਤੀ ਖਿਲਾਫ਼ ਖੜਾਨਾ ਨਹੀਂ ਹੈ'

ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਪਰਮਜੀਤ ਸਿੰਘ ਕਹਿੰਦੇ ਹਨ ਕਿ ਇਹ ਮਾਮਲਾ ਬੀਜੇਪੀ ਨੇ ਵਧਾਇਆ ਹੈ।

ਜੱਜ ਮੁਤਾਬਕ, "ਬੀਜੇਪੀ ਦਾ ਡਿਸਕੋਰਸ ਧਰਮ ਦਾ ਹੈ, ਕਿਸੇ ਵੀ ਹਾਲਾਤ ਵਿੱਚ ਬੀਜੇਪੀ ਜਾਤ ਨੂੰ ਮੁੱਖ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਕਿਉਂਕਿ ਉਹ ਧਰਮ ਕਰਕੇ ਜਿੱਤੇ ਹਨ। ਬੀਜੇਪੀ ਵਿੱਚ ਕੋਈ ਜ਼ਿਆਦਾ ਦਲਿਤ ਆਗੂ ਨਹੀਂ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਪੰਜਾਬ ਵਿੱਚ ਜਾਤ ਦੀ ਗੱਲ ਆਈ ਤਾਂ ਅਸੀਂ ਹਾਰ ਜਾਵਾਂਗੇ।"

ਉਹ ਕਹਿੰਦੇ ਹਨ, "ਚੰਨੀ ਨੇ ਜੋ ਗੱਲ ਕੀਤੀ ਹੈ, ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੈ।"

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਸ਼ਾਸ਼ਤਰ ਦੇ ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਭਾਰਤ ਵਿੱਚ ਜਾਤ ਸਮਾਜਕ ਤੌਰ ਉੱਪਰ ਬਹੁਤ ਭਾਰੂ ਹੈ।

ਜਤਿੰਦਰ ਸਿੰਘ ਮੁਤਾਬਕ, "ਚੰਨੀ ਦਾ ਸਵਾਲ ਕਰਨਾ ਇੱਕ ਚੀਜ਼ ਹੈ ਪਰ ਉਸ ਸਵਾਲ ਨੂੰ ਵਿਵਾਦ ਕਹਿਣਾ ਠੀਕ ਨਹੀਂ ਅਤੇ ਨਾ ਹੀ ਇਹ ਇੱਕ ਜਾਤ ਦਾ ਦੂਜੀ ਜਾਤ ਖਿਲਾਫ਼ ਖੜਨਾ ਹੈ।"

ਉਹ ਕਹਿੰਦੇ ਹਨ, "ਜਦੋਂ ਭਾਰਤ ਜਾਤੀ ਅਧਾਰਤ ਦੇਸ਼ ਹੈ ਤਾਂ ਪ੍ਰਤੀਨਿੱਧਤਾ ਦਾ ਸਵਾਲ ਤਾਂ ਹੋਣਾ ਹੀ ਚਾਹੀਦਾ ਹੈ। ਉਸ ਤੋਂ ਬਿਨਾ ਲੋਕਤੰਤਰ ਦਾ ਕੋਈ ਅਰਥ ਨਹੀਂ ਹੈ। ਲੋਕਤੰਤਰ ਮੁਤਾਬਕ ਜਿਸ ਜਾਤੀ ਦੀ ਜਿੰਨੀ ਪ੍ਰਤੀਨਿੱਧਤਾ ਹੈ, ਓਨੀ ਉਸ ਨੂੰ ਮਿਲਣੀ ਚਾਹੀਦੀ ਹੈ।"

ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਮੁਤਾਬਕ, "ਉਹਨਾਂ ਦਾ ਸਵਾਲ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦੂਜੀ ਜਾਤੀ ਦੇ ਖਿਲਾਫ਼ ਖੜੇ ਹਨ। ਹਾਂ, ਉਹ ਜਾਤੀ ਦੇ ਦਾਬੇ ਦੇ ਖਿਲਾਫ਼ ਜ਼ਰੂਰ ਖੜੇ ਹਨ। ਜੇਕਰ ਉਹਨਾਂ ਦੇ ਕਹਿਣ ਉਪਰ ਰਿਸ਼ਤੇ ਵਿਗੜ ਜਾਣਗੇ ਤਾਂ ਇਹ ਰਿਸ਼ਤਿਆਂ ਦੀ ਝਲਕ ਨੂੰ ਦਿਖਾਉਂਦਾ ਹੈ।"

ਪੰਜਾਬ ਦਲਿਤ ਵਸੋਂ ਅਤੇ ਸਿਆਸਤ

ਪੰਜਾਬ ਦਾ ਮੈਪ

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਵਿੱਚ ਦਲਿਤ ਵਸੋਂ 32 ਫ਼ੀਸਦੀ ਤੋਂ ਵੱਧ ਹੈ ਜਿਸ ਕਾਰਨ ਭਾਰਤ ਦੇ 28 ਸੂਬਿਆਂ ਵਿੱਚੋਂ ਦਲਿਤ ਅਬਾਦੀ ਵਿੱਚ ਪੰਜਾਬ ਪਹਿਲੇ ਨੰਬਰ ਉਪਰ ਹੈ।

ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਵਿੱਚੋਂ 4 ਦਲਿਤ ਭਾਈਚਾਰੇ ਲਈ ਰਾਖਵੀਆਂ ਹਨ।

ਮਨਿਸਟਰੀ ਆਫ਼ ਸੋਸ਼ਲ ਜਸਟਿਸ ਦੀ 2018 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੀਆਂ 39 ਉੱਪ ਜਾਤੀਆਂ ਹਨ। ਇਹ ਲੋਕ ਸਿੱਖ, ਹਿੰਦੂ, ਇਸਾਈ ਅਤੇ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਰਵੀਦਾਸੀਏ, ਕਬੀਰਪੰਥੀ, ਬਾਲਮਿਕੀ ਵਿਚਾਰਧਾਰਾਂ ਅਤੇ ਵੱਖ-ਵੱਖ ਡੇਰਿਆਂ ਨਾਲ ਜੁੜੇ ਹੋਏ ਹਨ।

ਸੂਬੇ ਵਿੱਚ ਜਦੋਂ ਰਾਖਵੇਂਕਰਨ ਦੀ ਗੱਲ ਆਉਂਦੀ ਹੈ ਤਾਂ 25 ਫੀਸਦੀ ਰਾਖਵਾਂਕਰਨ 39 ਜਾਤਾਂ ਲਈ ਹੈ ਅਤੇ 12.5 ਫ਼ੀਸਦੀ ਦੋ ਵਰਗਾਂ ਲਈ ਯਾਨੀ ਬਾਲਮਿਕੀ ਅਤੇ ਮਜ਼ਹਬੀ ਭਾਈਚਾਰੇ ਲਈ ਹੈ, ਹਾਲਾਂਕਿ 12.5 ਫੀਸਦੀ 37 ਜਾਤਾਂ ਲਈ ਹੈ।

ਪੰਜਾਬ ਵਿੱਚ ਅੱਜ-ਕੱਲ੍ਹ ਦਲਿਤ ਭਾਈਚਾਰਾ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਜ਼ਮੀਨਾਂ ਦੀ ਮਾਲਕੀ ਦਾ ਵੀ ਹੱਕ ਮੰਗ ਰਿਹਾ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਵੱਡੀ ਗਿਣਤੀ ਦਲਿਤ ਇਕੱਠੇ ਹੋ ਕੇ ਰਾਖਵੀਂ ਪੰਚਾਇਤੀ ਜ਼ਮੀਨ ਉਪਰ ਖੇਤੀ ਕਰ ਰਹੇ ਹਨ।

ਮਾਲਵਾ ਇਲਾਕੇ ਵਿੱਚ ਜ਼ਿਆਦਾਤਰ ਦਲਿਤ ਵਸੋਂ ਖੇਤੀ ਕਾਮਿਆਂ ਵੱਜੋਂ ਕੰਮ ਕਰਦੀ ਹੈ ਅਤੇ ਉਹਨਾਂ ਦੀ ਮੁੱਖ ਵਿਰੋਧਤਾ ਜ਼ਿੰਮੀਦਾਰ ਭਾਈਚਾਰੇ ਨਾਲ ਹੀ ਹੈ। ਇਸੇ ਦੌਰਾਨ ਕਈ ਵਾਰ ਦਲਿਤਾਂ ਦੇ ਬਾਈਕਾਟ ਦੀਆਂ ਘਟਵਾਨਾਂ ਵੀ ਵਾਪਰੀਆਂ ਹਨ।

ਕੀ ਵਿਧਾਨ ਸਭਾ ਚੋਣਾਂ ਤੇ ਅਸਰ ਪਵੇਗਾ?

ਭਾਜਪਾ, ਕਾਂਗਰਸ ਤੇ ਆਪ ਸਮੇਤ ਹੋਰ ਪਾਰਟੀਆਂ ਦੇ ਚੋਣ ਨਿਸ਼ਾਨ ਦੀ ਤਸਵੀਰ

ਤਸਵੀਰ ਸਰੋਤ, Getty Images

ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਜੱਟ ਦਬਦਬੇ ਵਾਲੀ ਲੀਡਰਸ਼ਿਪ ਨਾਲ ਭਰੀ ਹੋਈ ਹੈ ਪਰ ਦਲਿਤਾਂ ਲਈ ਪਾਰਟੀ ਨੂੰ ਕੁਝ ਕਰਨਾ ਹੀ ਪੈਣਾ ਹੈ।

ਸਿੱਧੂ ਕਹਿੰਦੇ ਹਨ, "ਚੋਣਾਂ ਵਿੱਚ ਇਸ ਦਾ ਕੋਈ ਅਸਰ ਪਵੇਗੀ ਇਹ ਕਹਿਣਾ ਜਲਦਬਾਜ਼ੀ ਹੋਵੇਗਾ। ਹਾਲੇ ਤਾਂ ਇਹ ਪਾਰਟੀ ਦੀ ਆਪਣੀ ਹੀ ਲੀਡਰਸ਼ਿਪ ਲਈ ਲੜਾਈ ਹੈ। ਪੰਜਾਬ ਦੇ ਜੋ ਹਾਲਾਤ ਹਨ ਉਸ ਨੂੰ ਦੇਖਦਿਆਂ ਕਾਂਗਰਸ ਨੂੰ ਦਲਿਤਾਂ ਨੂੰ ਪ੍ਰਤੀਨਿਧਤਾ ਦੇਣੀ ਹੀ ਪੈਣੀ ਹੈ।"

ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਤਿੰਨ-ਚਾਰ ਦਿਨਾਂ ਵਿੱਚ ਹੱਲ ਹੋ ਜਾਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)