ਤਜਿੰਦਰ ਬੱਗਾ ਦੇ ਹਵਾਲੇ ਨਾਲ ਸਮਝੋ ਇੱਕ ਸੂਬੇ ਦੀ ਪੁਲਿਸ ਦੇ ਦੂਜੇ ਸੂਬੇ 'ਚ ਕਿਸੇ ਨੂੰ ਫੜਨ ਦੇ ਕੀ ਅਧਿਕਾਰ ਹਨ

ਤਸਵੀਰ ਸਰੋਤ, Getty Images
- ਲੇਖਕ, ਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਦਿੱਲੀ ਵਿੱਚ ਜਾ ਕੇ ਦਿੱਲੀ ਭਾਜਪਾ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕੀਤਾ।
ਉਸ ਤੋਂ ਬਾਅਦ ਦਿੱਲੀ ਪੁਲਿਸ ਬੱਗਾ ਨੂੰ ਹਰਿਆਣਾ ਵਿੱਚੋਂ ਪੰਜਾਬ ਪੁਲਿਸ ਤੋਂ ਛੁਡਵਾ ਕੇ ਵਾਪਸ ਲੈ ਗਈ।
ਪੰਜਾਬ ਪੁਲਿਸ ਉੱਪਰ ਸਵਾਲ ਉੱਠੇ ਕਿ ਪੰਜਾਬ ਪੁਲਿਸ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਸੀ ਅਤੇ ਅਗਵਾਕਾਰੀ ਤੱਕ ਦਾ ਪਰਚਾ ਤੱਕ ਦਰਜ ਕਰਵਾਇਆ ਗਿਆ।
ਹਾਲਾਂਕਿ ਪੰਜਾਬ ਪੁਲਿਸ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਸਾਰੇ ਘਟਨਾਕ੍ਰਮ ਦੀ ਵੀਡੀਓਗ੍ਰਾਫ਼ੀ ਹੈ ਅਤੇ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਿਸੇ ਸੂਬੇ ਦੀ ਪੁਲਿਸ ਵੱਲੋਂ ਦੂਜੇ ਸੂਬੇ ਵਿੱਚ ਜਾ ਕੇ ਆਪਣੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਬਾਰੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਉੱਠ ਰਹੇ ਹਨ।
ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਬੀਬੀਸੀ ਨੇ ਸੀਨੀਅਰ ਵਕੀਲ ਯੋਗਿੰਦਰ ਮੋਹਨ ਭਾਗੀਰਥ ਨਾਲ ਗੱਲਾਬਾਤ ਕੀਤੀ ਅਤੇ ਕੁਝ ਸਵਾਲਾਂ ਦੇ ਜਵਾਬ ਲਏ।
ਸਵਾਲ: ਜਦੋਂ ਕਿਸੇ ਇੱਕ ਸੂਬੇ ਵਿੱਚ ਅਪਰਾਧ ਹੁੰਦਾ ਹੈ ਤਾਂ ਕੀ ਕਿਸੇ ਦੂਜੇ ਸੂਬੇ ਵਿੱਚ ਉਸਦੀ ਐਫ਼ਆਈਆਰ ਦਰਜ ਹੋ ਸਕਦੀ ਹੈ?
ਜਵਾਬ: ਉਨ੍ਹਾਂ ਨੇ ਟਵੀਟ ਕਿਸੇ ਹੋਰ ਥਾਂ ਤੋਂ ਕੀਤਾ ਹੈ ਪਰ ਉਹ ਟਵੀਟ ਕਿਸੇ ਹੋਰ ਥਾਂ ਦੇ ਫਿਰਕੂ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਫਿਰ ਉਸ ਸੂਬੇ ਵਿੱਚ ਐਫ਼ਆਈਆਰ ਦਰਜ ਹੋ ਸਕਦੀ ਹੈ।
ਅਜਿਹਾ ਗੁਜਰਾਤ ਦੇ ਇੱਕ ਆਗੂ ਜਗਦੀਸ਼ ਮੇਵਾਨੀ ਦੇ ਮਾਮਲੇ ਵਿੱਚ ਵੀ ਹੋਇਆ ਸੀ। ਉਨ੍ਹਾਂ ਨੇ ਟਵੀਟ ਤਾਂ ਗੁਜਰਾਤ ਵਿੱਚ ਕੀਤਾ ਸੀ ਪਰ ਉਨ੍ਹਾਂ ਦੇ ਟਵੀਟ ਦਾ ਅਸਰ ਦੇਖਿਆ ਗਿਆ ਕਿ ਅਸਾਮ ਦੇ ਫਿਰਕੂ ਅਤੇ ਸਮਾਜਿਕ ਭਾਈਚਾਰੇ ਉੱਪਰ ਪੈ ਰਿਹਾ ਸੀ।
ਉਨ੍ਹਾਂ ਉੱਪਰ ਅਸਾਮ ਵਿੱਚ ਐਫ਼ਆਈਰ ਦਰਜ ਕੀਤੀ ਗਈ।
ਇਹ ਵੀ ਪੜ੍ਹੋ:

ਸਵਾਲ: ਜ਼ੀਰੋ ਐਫ਼ਆਈਆਰ ਦਾ ਕੀ ਮਤਲਬ ਹੁੰਦਾ ਹੈ?
ਜਵਾਬ: ਜ਼ੀਰੋ ਐਫ਼ਆਈਆਰ ਹੁੰਦੀ ਹੈ ਕਿ ਅਪਰਾਧ ਹੋ ਗਿਆ। ਤੁਸੀਂ ਬਾਅਦ ਵਿੱਚ ਕਿਸੇ ਵੀ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾ ਸਕਦੇ ਹੋ।
ਉਸ ਤੋਂ ਬਾਅਦ ਉਹ ਐਫ਼ਆਈਆਰ ਸਬੰਧਤ ਥਾਣੇ ਨੂੰ ਭੇਜ ਦਿੱਤੀ ਜਾਂਦੀ ਹੈ।
ਸੀਆਰਪੀਸੀ ਵਿੱਚ ਕੀ ਕਿਹਾ ਗਿਆ ਹੈ
ਸਵਾਲ: ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਕੀ ਹੈ। ਖ਼ਾਸ ਕਰਕੇ ਇੱਕ ਤੋਂ ਦੂਜੇ ਸੂਬੇ ਵਿੱਚ ਜਾ ਕੇ ਗ੍ਰਿਫ਼ਤਾਰੀ ਕਰਨ ਬਾਰੇ ਦੱਸੋ।
ਜਵਾਬ: ਇਸ ਗੱਲ ਬਾਰੇ ਭਾਰਤੀ ਦੰਡਾਵਲੀ ਦੀ ਧਾਰਾ 41 ਪੂਰੀ ਜਾਣਕਾਰੀ ਦਿੰਦੀ ਹੈ।
ਸੈਕਸ਼ਨ 41 ਸਪੱਸ਼ਟ ਦੱਸਦਾ ਹੈ ਕਿ ਜੇ ਅਪਰਾਧ ਸਜ਼ਾਯੋਗ ਅਤੇ ਗੈਰ-ਜ਼ਮਾਨਤੀ ਹੈ ਤਾਂ ਤੁਸੀਂ ਬਿਨਾਂ ਵਰੰਟ ਦੇ ਗ੍ਰਿਫ਼ਤਾਰ ਕਰ ਸਕਦੇ ਹੋ।

ਤਸਵੀਰ ਸਰੋਤ, Tajinder pal singh bagga
ਇਸ ਬਾਰੇ ਹਦਾਇਤਾਂ ਕੁਝ ਮਾਮਲਿਆਂ ਵਿੱਚ ਜਾਰੀ ਕੀਤੀਆਂ ਗਈਆਂ ਹਨ।
ਇੱਕ ਕੇਸ ਅਰੁਨੀਸ਼ ਬਨਾਮ ਬਿਹਾਰ ਸਰਕਾਰ ਇੱਕ ਕੇਸ ਸੀ। ਜੇ ਤੁਸੀਂ ਇੱਕ ਸੂਬੇ ਤੋਂ ਜਾ ਕੇ ਦੂਜੇ ਸੂਬੇ ਵਿੱਚ ਕੋਈ ਗ੍ਰਿਫ਼ਤਾਰੀ ਕਰਨੀ ਹੈ ਤਾਂ ਅਰੁਨੀਸ਼ ਕੇਸ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ।
ਉਸ ਫ਼ੈਸਲੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਕੋਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਹਾਂ ਇਸ ਨੂੰ ਅਦਾਲਤ ਦੀ ਮਾਣਹਾਨੀ ਵੀ ਮੰਨਿਆ ਜਾ ਸਕਦਾ ਹੈ।
ਸਵਾਲ: ਮੰਨ ਲਓ ਪੰਜਾਬ ਪੁਲਿਸ ਨੇ ਦਿੱਲੀ ਵਿੱਚ ਜਾ ਕੇ ਕਿਸੇ ਨੂੰ ਗ੍ਰਿਫ਼ਾਤਰ ਕਰਨਾ ਹੋਵੇ ਤਾਂ ਕੀ ਪ੍ਰਕਿਰਿਆ ਹੈ?
ਜਵਾਬ: ਇਹੀ ਸੈਕਸ਼ਨ 41 ਲਾਗੂ ਹੁੰਦਾ ਹੈ।
ਪੁਲਿਸ ਦਿੱਲੀ ਜਾਵੇਗੀ। ਬਿਨਾਂ ਵਰੰਟ ਦੇ ਗ੍ਰਿਫ਼ਤਾਰ ਕਰ ਸਕਦੀ ਹੈ। ਪਰ ਸਭ ਤੋਂ ਪਹਿਲਾਂ ਉੱਥੇ ਜਾ ਕੇ ਸਬੰਧਤ ਥਾਣੇ ਨੂੰ ਸਾਰੀ ਗੱਲ ਦੱਸੇਗੀ।
ਜਿਵੇਂ ਕਿ ਸਾਡੀ ਇਸ ਐਫ਼ਆਈਆਰ ਵਿੱਚ ਇਸ ਮੁਲਜ਼ਮ ਦੀ ਲੋੜ ਹੈ। ਇਸ ਮਾਮਲੇ ਦੀ ਰਿਪੋਰਟ ਲਿਖੋ। ਜੇ ਬਿਹਤਰ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਵੀ ਸਾਡੇ ਨਾਲ ਚੱਲੋ। ਗ੍ਰਿਫ਼ਤਾਰੀ ਵਿੱਚ ਸਾਡੀ ਮਦਦ ਕਰੋ।
ਸਵਾਲ: ਜੇ ਦੂਜੇ ਸੂਬੇ ਦੀ ਪੁਲਿਸ ਸਹਿਯੋਗ ਕਰੇ ਜਾਂ ਨਾ ਵੀ ਕਰੇ, ਉਸ ਹਾਲਤ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ?
ਜਵਾਬ: ਸੈਕਸ਼ਨ 41 ਗ੍ਰਿਫ਼ਤਾਰ ਕਰਨ ਦੀ ਸ਼ਕਤੀ ਦਿੰਦਾ ਹੈ। ਤੁਸੀਂ ਪ੍ਰਕਿਰਿਆ ਦੀ ਪਾਲਣਾ ਕਰੋ। ਉਨ੍ਹਾਂ ਨੂੰ ਦੱਸੋ। ਜੇ ਉਹ ਨਹੀਂ ਹਦਾਇਤਾਂ ਦੀ ਪਾਲਣਾ ਕਰਦੇ ਅਤੇ ਸਹਿਯੋਗ ਨਹੀਂ ਕਰਦੇ ਤਾਂ ਤੁਸੀਂ ਗ੍ਰਿਫ਼ਤਾਰੀ ਕਰ ਸਕਦੇ ਹੋ।

ਸਵਾਲ: ਟਰਾਂਜ਼ਿਟ ਰਿਮਾਂਡ ਕੀ ਹੁੰਦੀ ਹੈ?
ਜਵਾਬ: ਪਹਿਲਾਂ ਇਹ ਹੁੰਦਾ ਸੀ ਕਿ ਜਿੱਥੇ ਮੁਲਜ਼ਮ ਨੂੰ ਪੇਸ਼ ਕੀਤਾ ਜਾਣਾ ਹੈ ਅਤੇ ਜਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚੌਵੀ ਘੰਟੇ ਤੋਂ ਜ਼ਿਆਦਾ ਦਾ ਸਫ਼ਰ ਹੈ ਤਾਂ ਤੁਹਾਨੂੰ ਟਰਾਂਜ਼ਿਟ ਰਿਮਾਂਡ ਲੈਣਾ ਪੈਂਦਾ ਸੀ।
ਹੁਣ ਹਾਲਾਂਕਿ ਮੈਂ ਪੱਕੇ ਤੌਰ 'ਤੇ ਨਹੀਂ ਕਹਿ ਸਕਦਾ ਪਰ ਹਾਲ ਹੀ ਵਿੱਚ ਉਨ੍ਹਾਂ ਨੇ ਕੀਤਾ ਹੈ ਕਿ ਜੇ ਤਿੰਨ ਜਾਂ ਚਾਰ ਘੰਟੇ ਤੋਂ ਜ਼ਿਆਦਾ ਦਾ ਸਫ਼ਰ ਹੈ, ਜੇ 30 ਕਿਲੋਮੀਟਰ ਤੋਂ ਬਾਹਰ ਤੁਸੀਂ ਮੁਲਜ਼ਮ ਨੂੰ ਲੈ ਕੇ ਜਾਣਾ ਹੈ ਤਾਂ ਸਬੰਧਤ ਮੈਜਿਸਟਰੇਟ ਦੀ ਮਨਜ਼ੂਰੀ ਲੈਣੀ ਪਵੇਗੀ।
ਸਵਾਲ: ਜੇ ਮੁਲਜ਼ਮ ਦੇ ਗੈਰ-ਜ਼ਮਾਨਤੀ ਵਰੰਟ ਜਾਰੀ ਹੋ ਜਾਣ ਤਾਂ ਉਸ ਕੋਲ ਬਚਾਅ ਦੇ ਕੀ ਬਦਲ ਹਨ?
ਜੇ ਗੈਰ-ਜ਼ਮਾਨਤੀ ਵੰਰਟ ਜਾਰੀ ਹੋ ਗਏ ਹਨ ਅਤੇ ਅਪਰਾਧ ਸਜ਼ਾਯੋਗ ਹੈ ਤਾਂ ਉਸ ਕੋਲ ਕਾਨੂੰਨੀ ਇਲਾਜ ਹੈ ਕਿ ਉਹ ਹਾਈਕੋਰਟ ਵਿੱਚ ਅਗਾਊਂ ਜ਼ਮਾਨ ਲਈ ਅਰਜ਼ੀ ਲਗਾ ਸਕਦਾ ਹੈ।
ਸਵਾਲ: ਇੱਕ ਜੱਜ ਨੂੰ ਦੇਰ ਰਾਤ ਕਦੋਂ ਉਠਾਇਆ ਜਾ ਸਕਦਾ ਹੈ?
ਜਵਾਬ: ਜਦੋਂ ਵੀ ਕਿਸੇ ਵਿਅਕਤੀ ਦੇ ਬੁਨਿਆਦੀ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਉਹ ਖਤਰੇ ਵਿੱਚ ਹਨ ਤਾਂ ਉਹ ਕਿਸੇ ਵੀ ਜੱਜ ਦਾ ਦਰਵਾਜ਼ਾ ਕਿਸੇ ਵੀ ਸਮੇਂ ਖੜਕਾ ਸਕਦਾ ਹੈ।
ਸੰਵਿਧਾਨ ਦਾ ਆਰਟੀਕਲ 21 ਜੋ ਕਿ ਬੁਨਿਆਦੀ ਹੱਕਾਂ ਅਤੇ ਅਜ਼ਾਦੀ ਬਾਰੇ ਹੈ, ਇਸ ਬਾਰੇ ਬੜਾ ਸਪੱਸ਼ਟ ਹੈ।
ਕਿਸੇ ਵੀ ਜੱਜ ਨੂੰ ਕਿਸੇ ਵੀ ਸਮੇਂ ਉਠਾਇਆ ਜਾ ਸਕਦਾ ਹੈ।
ਸਵਾਲ: ਮਿਡਨਾਈਟ ਰਲੀਫ਼ ਕਿਹੜੇ ਹਾਲਾਤ ਵਿੱਚ ਸੰਭਵ ਹੈ?
ਜਵਾਬ: ਕਈ ਕੇਸਾਂ ਵਿੱਚ ਮਿਡ ਨਾਈਟ ਰਲੀਫ਼ ਦੀ ਵਿਵਸਥਾ ਹੈ।
ਅਫ਼ਜ਼ਲ ਗੁਰੂ ਦੀ ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਵੀ ਸਾਰੀ ਰਾਤ ਸੁਣਵਾਈ ਕੀਤੀ ਗਈ, ਕਿਉਂਕਿ ਕਿਸੇ ਦੀ ਜ਼ਿੰਦਗੀ ਦਾ ਸਵਾਲ ਸੀ।
ਜਦੋਂ ਕਿਸੇ ਦੇ ਮਨੁੱਖੀ ਹੱਕਾਂ ਨੂੰ ਖ਼ਤਰਾ ਹੈ ਤਾਂ ਤੁਸੀਂ ਕਿਸੇ ਵੀ ਸਮੇਂ ਜੱਜ ਦਾ ਦਰਵਾਜ਼ਾ ਖੜਕਾ ਸਕਦੇ ਹੋ।
ਹਾਈ ਕੋਰਟ ਦੇ ਹਰ ਜੱਜ ਕੋਲ ਇਸ ਬਾਰੇ ਸ਼ਕਤੀਆਂ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















