ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ; ਭਾਜਪਾ ਦਾ ਭਗਵੰਤ ਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ

ਤਸਵੀਰ ਸਰੋਤ, ANI
ਮੋਹਾਲੀ ਦੀ ਇੱਕ ਅਦਾਲਤ ਵੱਲੋਂ ਤਜਿੰਦਰ ਪਾਲ ਸਿੰਘ ਬੱਗਾ ਦੇ ਖਿਲਾਫ਼ ਸਾਈਬਰ ਕ੍ਰਾਈਮ ਦੇ ਇੱਕ ਕੇਸ ਵਿੱਚ ਗ੍ਰਰਾਫ਼ਤੀ ਵਰੰਟ ਜਾਰੀ ਕੀਤੇ ਗਏ ਹਨ।
ਜੁਡੀਸ਼ੀਅਲ ਮੈਜਿਸਟਰੇਟ ਰਵਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ਵੱਲੋਂ ਜਾਰੀ ਇਨ੍ਹਾਂ ਵਰੰਟਾਂ ਵਿੱਚ ਸਟੇਟ ਸਾਈਬਰ ਕ੍ਰਾਈਮ ਮੋਹਾਲੀ ਦੇ ਥਾਣਾ ਇੰਚਾਰਜ ਨੂੰ ਹਦਾਇਤ ਕੀਤੀ ਗਈ ਹੈ ਕਿ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਸਨਮੁੱਖ ਪੇਸ਼ ਕੀਤਾ ਜਾਵੇ।
ਬੱਗਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਸ ਮਾਮਲੇ ਦੀ ਅਗਲੀ ਸੁਣਵਾਈ 23 ਮਈ ਨੂੰ ਰੱਖੀ ਗਈ ਹੈ।
ਇਸ ਤੋਂ ਪਹਿਲਾਂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਨੂੰ 10 ਮਈ ਤੱਕ ਟਾਲ ਦਿੱਤਾ ਹੈ।
ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, SUKHCHARAN pREET/BBC
ਜਦੋਂ ਪੰਜਾਬ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਪੰਜਾਬ ਲਿਆ ਰਹੀ ਸੀ ਤਾਂ ਰਸਤੇ ਵਿੱਚ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।
ਇਸ ਮਗਰੋਂ ਦਿੱਲੀ ਪੁਲਿਸ ਦੀ ਟੀਮ ਕੁਰੂਕਸ਼ੇਤਰ ਦੇ ਪਿਪਲੀ ਵਿੱਚ ਪਹੁੰਚੀ ਅਤੇ ਤਜਿੰਦਰ ਬੱਗਾ ਨੂੰ ਆਪਣੇ ਨਾਲ ਵਾਪਸ ਦਿੱਲੀ ਲੈ ਗਈ।
ਤਜਿੰਦਰ ਪਾਲ ਸਿੰਘ ਬੱਗਾ ਦੇ ਵਕੀਲ ਚੇਤਨ ਮਿੱਤਲ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਇਹ ਜੋ ਝੂਠਾ ਮੁਕੱਦਮਾ ਪਾਇਆ ਹੈ ਉਸ ਤੋਂ ਜ਼ਾਹਰ ਹੈ ਕਿ ਇਹ ਪ੍ਰਕਿਰਿਆ ਦਾ ਪਾਲਣ ਨਾ ਕਰਕੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਅਤੇ ਪਰੇਸ਼ਾਨ ਕਰਨ ਦੇ ਮੂਡ ਵਿੱਚ ਹਨ।
ਚੇਤਨ ਨੇ ਕਿਹਾ, ਕਿ ਇਹ ਤਾਜ਼ਾ ਮਾਮਲਾ ਕੱਲ ਦੀ ਘਟਨਾ ਉੱਪਰ ਪਰਦਾ ਪਾਉਣ ਲਈ ਹੈ ਕਿ ਦੇਖੋ ਜੀ ਅਸੀਂ ਪ੍ਰਕਿਰਿਆ ਦੀ ਪਾਲਣਾ ਕਰ ਰਹੇ ਹਾਂ। ਪਰ ਅਸੀਂ ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਵਿੱਚ ਆਪਣਾ ਪੱਖ ਰੱਖਾਂਗੇ।''
ਭਗਵੰਤ ਮਾਨ ਦੇ ਘਰ ਦੇ ਬਾਹਰ ਪੁਤਲਾ ਸਾੜਿਆ
ਭਾਜਪਾ ਯੂਵਾ ਮੋਰਚਾ ਦੇ ਵਰਕਰਾਂ ਨੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਕਾਰੀ ਵਰਕਰ ਭਗਵੰਤ ਮਾਨ ਦੇ ਘਰ ਦੇ ਠੀਕ ਸਾਹਮਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਨਾ ਚਾਹੁੰਦੇ ਸਨ।
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਅਨੁਸਾਰ ਪੁਲਿਸ ਨੂੰ ਉਨ੍ਹਾਂ ਨੂੰ ਖਦੇੜਨ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ। ਫਿਰ ਕੁਝ ਦੂਰੀ ਉੱਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਤਜਿੰਦਰ ਬੱਗਾ ਦੇ ਖਿਲਾਫ਼ ਧੱਕਾ ਕੀਤਾ ਹੈ।
ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਭਾਜਪਾ ਦਾ ਮੁਜਾਹਰਾ
ਤਜਿੰਦਰ ਪਾਲ ਸਿੰਘ ਬੱਗਾ ਦੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਰਿਹਾਸ਼ਿ ਦੇ ਬਾਹਰ ਰੋਸ ਮੁਜਾਹਰਾ ਕੀਤਾ।
ਮਜੁਹਰੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਜਣਿਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਭਾਜਪਾ ਦੇ ਪ੍ਰੋਗਰਾਮ ਦੇ ਮੱਦੇ-ਨਜ਼ਰ ਪਹਿਲਾਂ ਤੋਂ ਹੀ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਦੇ ਬੰਦੋਬਾਸਤ ਕੀਤੇ ਗਏ ਸਨ ਅਤੇ ਬੈਰੀਕੇਡ ਲਗਾਏ ਗਏ ਸਨ।
ਹਿਰਾਸ ਵਿੱਚ ਲਏ ਜਾਣ ਤੋਂ ਬਾਅਦ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ ਕਿ ਅਜਿਹਾ ਤਾਂ 1980 ਵਿੱਚ ਜਦੋਂ ਕਾਂਗਰਸ ਸਾਨੂੰ ਅੱਤਵਾਦੀ ਘੋਸ਼ਿਤ ਕਰ ਰਹੀ ਸੀ ਉਦੋਂ ਵੀ ਨਹੀਂ ਹੋਇਆ। ਕਿ ਇੱਕ ਸਿੱਖ ਨੂੰ ਪੱਗ ਨਾ ਬੰਨ੍ਹਣ ਦਿੱਤੀ ਗਈ ਹੋਵੇ।

ਤਸਵੀਰ ਸਰੋਤ, ANI
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਇੱਕ ਸਿੱਖ ਬੱਚੇ ਦੀ ਆਬਰੂ ਨੂੰ ਬਚਾਇਆ ਹੈ ਉਹ ਉਸ ਲਈ ਸਰਕਾਰ ਦੇ ਧੰਨਵਾਦੀ ਹਨ।
ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਆਗੂ ਆਰਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ, ਇਹ ਗੱਲਾਂ ਛੋਟੀਆਂ ਹਨ। ਸਾਡਾ ਅੱਜ ਦਾ ਮੁੱਦਾ ਹੈ ਕਿ ਇੱਕ ਸਿੱਖ ਨੂੰ ਦਸਤਾਰ ਕਿਉਂ ਨਹੀਂ ਬੰਨ੍ਹਣ ਦਿੱਤੀ ਗਈ।
ਹਾਈ ਕੋਰਟ 'ਚ ਕੀ ਹੋਇਆ?
ਤਜਿੰਦਰ ਪਾਲ ਸਿੰਘ ਬੱਗਾ ਦੇ ਕੇਸ ਦੀ ਸੁਣਵਾਈ ਜਸਟਿਸ ਜੀਐੱਸ ਗਿੱਲ ਦੀ ਕੋਰਟ ਵਿੱਚ ਹੋਈ। ਕੇਸ ਵਿੱਚ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ।
ਪੰਜਾਬ ਸਰਕਾਰ ਦੇ ਵਕੀਲ ਪੁਨੀਤ ਬਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰਟ ਵਿੱਚ ਅਰਜ਼ੀ ਪਾਈ ਹੈ ਕਿ ਦਿੱਲੀ ਵਿੱਚ ਜੋ ਵੀ ਹੋਇਆ ਉਸ ਦੀ ਸੀਸੀਟੀਵੀ ਫੁਟੇਜ ਸੰਭਾਲੀ ਜਾਵੇ।
ਭਾਰਤ ਸਰਕਾਰ ਦੇ ਅਡੀਸ਼ਨਲ ਸੌਲੀਸਿਟਰ ਜਨਰਲ ਸੱਤਪਾਲ ਜੈਨ ਨੇ ਕਿਹਾ ਪੰਜਾਬ ਸਰਕਾਰ ਨੇ ਜੋ ਅਰਜ਼ੀਆਂ ਪਾਈਆਂ ਹਨ, ਜਦੋਂ ਉਸ ਬਾਰੇ ਕੋਈ ਨੋਟਿਸ ਆਵੇਗਾ ਤਾਂ ਅਸੀਂ ਜਵਾਬ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਤਜਿੰਦਰ ਪਾਲ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਦੇ ਪਿਤਾ ਨੇ ਆਪਣੇ ਅਤੇ ਪੁੱਤਰ ਦੀ ਜਾਨ ਨੂੰ ਖਤਰਾ ਹੋਣ ਦੀ ਗੱਲ ਕਹਿ ਕੇ ਬੱਗਾ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਤਸਵੀਰ ਸਰੋਤ, ANI
ਉਨ੍ਹਾਂ ਕਿਹਾ, ਪੰਜਾਬ ਪੁਲਿਸ ਨੇ ਜੋ ਕਾਰਵਾਈ ਕੀਤੀ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਰ ਦਿੱਲੀ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਉਹ ਅਦਾਲਤ ਦੇ ਆਦੇਸ਼ ਅਨੁਸਾਰ, ਕਾਨੂੰਨ ਦੇ ਤਹਿਤ ਕੀਤੀ ਸੀ।
ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕੇਸ ਬੇਮਾਨੀ ਹੋ ਚੁੱਕਾ ਹੈ ਕਿਉਂਕਿ ਪੰਜਾਬ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਜਿਹੜੇ ਦਿੱਲੀ 'ਚ ਪੰਜਾਬ ਪੁਲਿਸ ਦੇ ਅਫਸਰ ਨੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ। ਪਰ ਕਿਉਂਕਿ ਹੁਣ ਉਹ ਰਿਲੀਜ਼ ਹੋ ਚੁਕੇ ਨੇ ਇਸ ਲਈ ਉਹ ਪਟੀਸ਼ਨ ਬੇਮਾਨੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ:
ਦੂਜੇ ਪਾਸੇ ਪੰਜਾਬ ਦੇ ਐਡਵੋਕੇਟ ਜਨਰਲ ਦਾ ਕਹਿਣਾ ਸੀ ਕਿ ਪਟੀਸ਼ਨ ਬੇਮਾਨੀ ਨਹੀਂ ਹੋਈ ਹੈ ਅਤੇ ਉਹ ਇਹ ਮੰਗ ਕਰਨਗੇ ਕਿ ਤਜਿੰਦਰ ਪਾਲ ਸਿੰਘ ਬੱਗਾ ਪੰਜਾਬ ਦੇ ਮੁਲਜ਼ਮ ਹਨ, ਉਨ੍ਹਾਂ ਦੀ ਗ੍ਰਿਫ਼ਤਾਰੀ ਸਹੀ ਤਰੀਕੇ ਨਾਲ ਹੋਈ ਹੈ ਅਤੇ ਉਨ੍ਹਾਂ ਦੀ ਕਸਟਡੀ ਮੁੜ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ।
ਹਰਿਆਣਾ ਸਰਕਾਰ ਨੇ ਆਪਣੀ ਦਲੀਲ 'ਚ ਕਿਹਾ ਸੀ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਲੰਬਿਤ ਸੀ, ਕਿਡਨੈਪਿੰਗ ਦਾ ਕੇਸ ਸੀ, ਇਸ ਕਰਕੇ ਅਸੀਂ ਪੰਜਾਬ ਪੁਲਿਸ ਦੀ ਟੀਮ ਨੂੰ ਰੋਕਿਆ ਸੀ। ਕਿਸੇ ਨੂੰ ਗਲਤ ਤਰੀਕੇ ਨਾਲ ਡੀਟੇਨ ਨਹੀਂ ਕੀਤਾ ਗਿਆ।
ਉਨ੍ਹਾਂ (ਹਰਿਆਣਾ ਪੁਲਿਸ) ਨੂੰ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਗਿਆ ਸੀ ਜੋ ਕਿ ਕੱਲ੍ਹ ਸ਼ਾਮ ਤੱਕ ਸੌਂਪ ਦਿੱਤਾ ਗਿਆ ਹੈ ਅਤੇ ਉਸ 'ਤੇ ਵੀ ਅੱਜ ਸੁਣਵਾਈ ਹੋਵੇਗੀ।
ਗ੍ਰਿਫ਼ਤਾਰੀ ਤੇ ਫਿਰ ਰਿਹਾਈ ਤੋਂ ਬਾਅਦ ਕੀ ਬੋਲੇ ਬੱਗਾ
ਖ਼ਬਰ ਏਜੰਸੀ ਐਐੱਨਆਈ ਨਾਲ ਗੱਲ ਕਰਦਿਆਂ ਬੱਗਾ ਨੇ ਕਿਹਾ ਪੰਜਾਬ ਪੁਲਿਸ ਦੁਆਰਾ ਗ੍ਰਿਫ਼ਤਾਰੀ ਗੈਰਕਾਨੂੰਨੀ ਸੀ।
ਉਨ੍ਹਾਂ ਕਿਹਾ, "ਕਾਨੂੰਨ ਮੁਤਾਬਕ ਗ੍ਰਿਫਤਾਰੀ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਦੱਸਣਾ ਹੁੰਦਾ ਹੈ। ਕਿਸੇ ਅੱਤਵਾਦੀ ਵਾਂਗ ਪੰਜਾਬ ਪੁਲਿਸ ਮੇ ਮੈਨੂੰ ਗ੍ਰਿਫ਼ਤਾਰ ਕੀਤਾ।"
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਹੁਕਮ 'ਤੇ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਮੇਰੇ ਅਤੇ ਮੇਰੇ ਪਿਤਾ ਜੀ ਦੇ ਨਾਲ ਕੁੱਟਮਾਰ ਕੀਤੀ।
ਬੱਗਾ ਨੇ ਕਿਹਾ ਕਿਹਾ ਕਿ ਉਹ ਇਸੇ ਤਰ੍ਹਾਂ ਕੇਜਰੀਵਾਲ ਤੋਂ ਸਵਾਲ ਕਰਦੇ ਰਹਿਣਗੇ ਅਤੇ ਅਜਿਹੀਆਂ ਗੱਲਾਂ ਨਾਲ ਨਹੀਂ ਡਰਣਗੇ।
ਇਸ ਮਾਮਲੇ ਵਿੱਚ ਹੁਣ ਤੱਕ ਕੀ ਕੀ ਹੋਇਆ
- ਪੰਜਾਬ ਪੁਲਿਸ ਅੱਜ ਸਵੇਰੇ ਤਜਿੰਦਰ ਪਾਲ ਸਿੰਘ ਬੱਗਾ ਦੇ ਦਿੱਲੀ ਸੱਥਿਤ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜਨਕਪੁਰੀ ਪੁਲਿਸ ਸਟੇਸ਼ਨ ਲੈ ਗਈ।
- ਪੁਲਿਸ ਸਟੇਸ਼ਨ 'ਚ ਮੌਜੂਦ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਨੇ ਇਲਜ਼ਾਮ ਲਗਾਏ ਹਨ ਕਿ ਗ੍ਰਿਫ਼ਤਾਰੀ ਲਈ ਪਹੁੰਚੀ ਪੁਲਿਸ ਨੇ ਉਨ੍ਹਾਂ (ਬੱਗਾ ਦੇ ਪਿਤਾ) ਨਾਲ ਕੁੱਟਮਾਰ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤਜਿੰਦਰ ਬੱਗਾ ਨੂੰ ਧੂਹ ਕੇ ਲੈ ਗਈ।
- ਬੱਗਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਫਿਲਮ 'ਕਸ਼ਮੀਰ ਫਾਈਲਜ਼' ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਮੁਹਾਲੀ ਵਿਖੇ 'ਆਪ' ਆਗੂ ਸਨੀ ਆਹਲੂਵਾਲੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ 'ਤੇ ਪੁਲਿਸ ਨੇ 1 ਅਪ੍ਰੈਲ ਨੂੰ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਸੀ।
- ਪੰਜਾਬ ਪੁਲਿਸ ਜਦੋਂ ਬੱਗਾ ਨੂੰ ਲੈ ਕੇ ਪੰਜਾਬ ਜਾ ਰਹੀ ਸੀ, ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਕੁਰੂਕਸ਼ੇਤਰ ਵਿੱਚ ਰੋਕ ਲਿਆ।
- ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ 'ਤੇ ਤਜਿੰਦਰ ਪਾਲ ਸਿੰਘ ਬੱਗਾ ਦੀ 'ਕਿਡਨੈਪਿੰਗ' ਦੀ ਐੱਫਆਈਆਰ ਦਰਜ ਕਰ ਲਈ ਗਈ ਹੈ।
- ਪੰਜਾਬ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਬੱਗਾ ਨੂੰ 5 ਨੋਟਿਸ ਭੇਜੇ ਸਨ ਪਰ ਜਾਂਚ ਵਿੱਚ ਬੱਗਾ ਵੱਲੋਂ ਸਹਿਯੋਗ ਨਾ ਮਿਲਣ 'ਤੇ ਪੁਲਿਸ ਨੇ ਉਨ੍ਹਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ।
- ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਇਕ ਚਿੱਠੀ ਲਿਖ ਕੇ ਕਿਹਾ ਕਿ ਇਹ (ਉਨ੍ਹਾਂ ਨੂੰ ਰੋਕਣਾ) ਗੈਰਕਾਨੂੰਨੀ ਹੈ ਤੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਜਾਣ ਦਿੱਤਾ ਜਾਵੇ ਤਾਂ ਜੋ ਉਹ ਮੁਹਾਲੀ ਅਦਾਲਤ ਵਿਖੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਸਮੇਂ ਸਿਰ ਪੇਸ਼ ਕਰ ਸਕਣ।
- ਦਿੱਲੀ ਪੁਲਿਸ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਕੁਰੂਕਸ਼ੇਤਰ ਤੋਂ ਲੈ ਗਈ।
- ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਵਿੱਚ ਸੁਣਵਾਈ ਹੋਈ। ਅਦਾਲਤ ਨੇ ਪੰਜਾਬ ਸਰਕਾਰ ਦੀ ਤਜਿੰਦਰ ਬੱਗਾ ਨੂੰ ਹਰਿਆਣਾ ਵਿੱਚ ਰੋਕਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਮਾਮਲੇ ਦੀ ਸੁਣਵਾਈ ਸ਼ਨੀਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














