ਇਰਾਨ ਵਿੱਚ ਸਰਕਾਰ ਦੀ ਕਾਰਵਾਈ ਵਿਚਾਲੇ ਤੇਜ਼ ਹੋਈਆਂ ਹਿੰਸਕ ਝੜਪਾਂ, ਟਰੰਪ ਪ੍ਰਦਰਸ਼ਨਕਾਰੀਆਂ ਦੇ ਸਮੱਰਥਨ 'ਚ ਕਿਉਂ ਬੋਲੇ

ਇਰਾਨ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਰਾਨ ਵਿੱਚ ਵਧਦੀ ਮਹਿੰਗਾਈ ਦੇ ਖਿਲਾਫ ਦਸੰਬਰ ਦੇ ਆਖਰੀ ਹਫ਼ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ

ਇਰਾਨ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੁਜ਼ਾਹਰਾਕਾਰੀਆਂ ਖ਼ਿਲਾਫ਼ ਹੋ ਰਹੀ ਸਰਕਾਰੀ ਕਾਰਵਾਈ ਬੇਅਸਰ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਸੜਕਾਂ ਉੱਤੇ ਉਤਰ ਆਏ।

ਬੀਬੀਸੀ ਵੱਲੋਂ ਜਿਹੜੀਆਂ ਵੀਡੀਓਜ਼ ਦੀ ਤਸਦੀਕ ਕੀਤੀ ਗਈ ਹੈ, ਉਨ੍ਹਾਂ ਮੁਤਾਬਕ ਚਸ਼ਮਦੀਦਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ।

ਇਰਾਨੀ ਸਰਕਾਰ ਨੇ ਮੁਜ਼ਾਹਰਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਇੱਕ ਮਾਹਰ ਨੇ ਬੀਬੀਸੀ ਫ਼ਾਰਸੀ ਨੂੰ ਦੱਸਿਆ ਹੈ ਕਿ ਮੌਜੂਦਾ ਸ਼ਟਡਾਊਨ ਤਿੰਨ ਸਾਲ ਪਹਿਲਾਂ ਹੋਏ ਵਿਦਰੋਹ ਦੌਰਾਨ ਲਗਾਏ ਗਏ ਸ਼ਟਡਾਊਨ ਨਾਲੋਂ ਕਾਫ਼ੀ ਜ਼ਿਆਦਾ ਗੰਭੀਰ ਹੈ।

ਬੀਬੀਸੀ ਸਣੇ ਜ਼ਿਆਦਾਤਰ ਅੰਤਰਰਾਸ਼ਟਰੀ ਖ਼ਬਰ ਸੰਸਥਾਵਾਂ ਇਰਾਨ ਦੇ ਅੰਦਰੋਂ ਰਿਪੋਰਟਿੰਗ ਨਹੀਂ ਕਰ ਪਾ ਰਹੀਆਂ, ਜਿਸ ਕਾਰਨ ਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਉਸਦੀ ਪੁਸ਼ਟੀ ਕਰਨਾ ਮੁਸ਼ਕਲ ਹੋ ਰਿਹਾ ਹੈ।

ਇਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਲਗਾਤਾਰ ਜਾਰੀ ਹਨ। 14 ਦਿਨਾਂ ਤੋਂ ਚੱਲ ਰਹੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹਿੰਸਾ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਜ਼ਹਰਾਕਾਰੀ ਸ਼ਾਮਲ ਹਨ।

ਪੂਰੇ ਇਰਾਨ ਵਿੱਚ ਸੌ ਤੋਂ ਵੱਧ ਸ਼ਹਿਰਾਂ ਤੱਕ ਇਹ ਪ੍ਰਦਰਸ਼ਨ ਫੈਲ ਚੁੱਕੇ ਹਨ ਅਤੇ ਸਰਕਾਰ ਨੇ ਮੁਜ਼ਹਰਾਕਾਰੀਆਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

ਇਸ ਵਿਚਾਲੇ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ ਕਿ ਇਰਾਨ ਆਜ਼ਾਦੀ ਚਾਹੁੰਦਾ ਹੈ।

ਉੱਧਰ, ਇਰਾਨ ਦੇ ਜਨਰਲ ਪ੍ਰੋਸਿਕਿਊਟਰ ਮੁਹੰਮਦ ਕਾਜ਼ੇਮ ਮੋਵਾਹੇਦੀ ਆਜ਼ਾਦ ਨੇ ਨਿਆਂਇਕ ਅਧਿਕਾਰੀਆਂ ਨੂੰ ਦੇਸ਼ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਮੁਕੱਦਮੇ ਚਲਾਉਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ "ਦੰਗਿਆਂ" ਵਿੱਚ ਸ਼ਾਮਲ ਸਾਰੇ ਲੋਕਾਂ ਉੱਤੇ ਇਕੋ ਹੀ ਇਲਜ਼ਾਮ ਲਗਾਇਆ ਗਿਆ ਹੈ, ਖ਼ੁਦਾ ਦੇ ਖ਼ਿਲਾਫ਼ ਜੰਗ ਛੇੜਨ ਦਾ, "ਜਿਸ ਦੀ ਸਜ਼ਾ ਮੌਤ ਹੈ।"

'ਦੇਸ਼ ਨਾਲ ਵਿਸ਼ਵਾਸਘਾਤ'

ਈਰਾਨ ਪ੍ਰਦਰਨਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ਨੀਵਾਰ ਰਾਤ ਨੂੰ ਵੀ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਹਰਾਰੇ ਜਾਰੀ ਰਹੇ

ਇਰਾਨ ਦੇ ਮੋਹਰੀ ਨੇਤਾ ਆਯਤੁੱਲ੍ਹਾ ਅਲੀ ਖ਼ਾਮੇਨੇਈ ਨੇ ਆਪਣੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ, "ਇੰਸ਼ਾਅੱਲ੍ਹਾ, ਬਹੁਤ ਜਲਦੀ ਅੱਲ੍ਹਾ ਇਰਾਨ ਦੇ ਸਾਰੇ ਲੋਕਾਂ ਦੇ ਦਿਲਾਂ ਵਿੱਚ ਜਿੱਤ ਦਾ ਅਹਿਸਾਸ ਫੈਲਾਏਗਾ।"

ਖ਼ਾਮੇਨੇਈ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਕੁਝ ਲੋਕ ਕਹਿ ਰਹੇ ਹਨ ਕਿ ਖ਼ਾਮੇਨੇਈ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਮੁਜ਼ਾਹਰਾਕਾਰੀ ਇਰਾਨ ਦੀ ਸੱਤਾ ਨੂੰ ਬਦਲਣ ਵਿੱਚ ਕਾਮਯਾਬ ਹੋਣ ਵਾਲੇ ਹਨ, ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਖ਼ਾਮੇਨੇਈ ਆਪਣੇ ਸਮਰਥਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਇਰਾਨੀ ਸ਼ਾਸਨ ਦੇ ਭਵਿੱਖ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਉੱਧਰ, ਆਈਆਰਆਈਬੀ ਨਿਊਜ਼ ਦੇ ਟੈਲੀਗ੍ਰਾਮ ਚੈਨਲ ਮੁਤਾਬਕ, ਸ਼ਨੀਵਾਰ ਨੂੰ ਜਨਰਲ ਪ੍ਰੋਸਿਕਿਊਟਰ ਮੁਹੰਮਦ ਕਾਜ਼ੇਮ ਮੋਵਾਹੇਦੀ ਆਜ਼ਾਦ ਨੇ ਦੇਸ਼ ਭਰ ਦੇ ਪ੍ਰੋਸਿਕਿਊਟਰ ਦਫ਼ਤਰਾਂ ਨੂੰ "ਸਾਵਧਾਨੀ ਨਾਲ ਅਤੇ ਬਿਨਾਂ ਕਿਸੇ ਦੇਰੀ ਦੇ" ਚਾਰਜਸ਼ੀਟ ਜਾਰੀ ਕਰਨ ਅਤੇ ਮੁਕੱਦਮੇ ਦੀ ਤਿਆਰੀ ਤੇਜ਼ ਕਰਨ ਦੀ ਅਪੀਲ ਕੀਤੀ ਹੈ।

ਇਸ ਬਿਆਨ ਵਿੱਚ ਕਿਹਾ ਗਿਆ ਹੈ, "ਸਾਰੇ ਦੰਗਾਈਆਂ ਖ਼ਿਲਾਫ਼ ਇਲਜ਼ਾਮ ਇਕੋ ਹੀ ਹਨ, ਭਾਵੇਂ ਕਿਸੇ ਨੇ ਦੰਗਾਈਆਂ ਅਤੇ ਅੱਤਵਾਦੀਆਂ ਨੂੰ ਜਨਤਕ ਸੁਰੱਖਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਿੱਚ ਮਦਦ ਕੀਤੀ ਹੋਵੇ ਜਾਂ ਉਹ ਕਿਰਾਏ ਦੇ ਫੌਜੀ ਹੋਣ, ਜਿਨ੍ਹਾਂ ਨੇ ਹਥਿਆਰ ਚੁੱਕੇ ਅਤੇ ਨਾਗਰਿਕਾਂ ਵਿੱਚ ਡਰ ਅਤੇ ਦਹਿਸ਼ਤ ਫੈਲਾਈ।"

ਉਨ੍ਹਾਂ ਕਿਹਾ ਕਿ "ਉਨ੍ਹਾਂ ਲੋਕਾਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ" ਕਰਨ ਦਾ ਸੱਦਾ ਦਿੱਤਾ, ਜੋ ਦੇਸ਼ ਨਾਲ ਵਿਸ਼ਵਾਸਘਾਤ ਕਰ ਕੇ ਅਤੇ ਅਸੁਰੱਖਿਆ ਪੈਦਾ ਕਰ ਕੇ ਦੇਸ਼ ਉੱਤੇ ਵਿਦੇਸ਼ੀ ਪ੍ਰਭੁਤਵ ਕਾਇਮ ਕਰਨਾ ਚਾਹੁੰਦੇ ਹਨ।

ਟਰੰਪ ਨੇ ਕੀ ਕਿਹਾ

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ

ਇਰਾਨ ਵਿੱਚ ਹੋ ਰਹੇ ਇਨ੍ਹਾਂ ਮੁਜ਼ਾਹਰਿਆਂ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੁਥ ਸੋਸ਼ਲ ਉੱਤੇ ਇੱਕ ਪੋਸਟ ਵਿੱਚ ਲਿਖਿਆ ਹੈ, "ਇਰਾਨ ਇਸ ਹੱਦ ਤੱਕ ਆਜ਼ਾਦੀ ਵੱਲ ਤੱਕ ਰਿਹਾ ਹੈ, ਜਿਵੇਂ ਸ਼ਾਇਦ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਅਮਰੀਕਾ ਉਨ੍ਹਾਂ ਦੀ ਮਦਦ ਲਈ ਤਿਆਰ ਹੈ।"

ਯੂਰਪੀਅਨ ਕਮਿਸ਼ਨ ਨੇ ਵੀ ਇਰਾਨ ਵਿੱਚ ਹੋ ਰਹੇ ਇਨ੍ਹਾਂ ਮੁਜ਼ਾਹਰਿਆਂ ਦਾ ਸਮਰਥਨ ਕੀਤਾ ਹੈ।

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਇਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ, "ਤੇਹਰਾਨ ਦੀਆਂ ਸੜਕਾਂ ਅਤੇ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਆਜ਼ਾਦੀ ਦੀ ਮੰਗ ਕਰ ਰਹੀਆਂ ਇਰਾਨੀ ਔਰਤਾਂ ਅਤੇ ਮਰਦਾਂ ਦੇ ਕਦਮਾਂ ਦੀ ਗੂੰਜ ਸੁਣਾਈ ਦੇ ਰਹੀ ਹੈ।"

ਉਨ੍ਹਾਂ ਨੇ ਲਿਖਿਆ, "ਬੋਲਣ, ਇਕੱਠਾ ਹੋਣ, ਯਾਤਰਾ ਕਰਨ ਅਤੇ ਸਭ ਤੋਂ ਵੱਧ ਆਜ਼ਾਦੀ ਨਾਲ ਜੀਣ ਦੀ ਆਜ਼ਾਦੀ। ਯੂਰਪ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ। ਅਸੀਂ ਇਨ੍ਹਾਂ ਜਾਇਜ਼ ਮੁਜ਼ਾਹਰਿਆਂ ਦੇ ਹਿੰਸਕ ਦਮਨ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਜੇਲ੍ਹਾਂ ਵਿੱਚ ਬੰਦ ਸਾਰੇ ਮੁਜ਼ਾਹਰਾਕਾਰੀਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦੇ ਹਾਂ।"

ਇਰਾਨ ਵਿੱਚ ਹੋ ਰਹੇ ਇਨ੍ਹਾਂ ਮੁਜ਼ਾਹਰਿਆਂ ਉੱਤੇ ਅਮਰੀਕਾ ਵਿੱਚ ਆਰਗੇਨਾਈਜ਼ੇਸ਼ਨ ਆਫ਼ ਇਰਾਨੀਅਨ ਅਮਰੀਕਨ ਕਮਿਊਨਿਟੀਜ਼ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਕੀਤੀ ਹੈ।

ਓਆਈਏਸੀ ਨੇ ਲਿਖਿਆ ਹੈ, "ਅੱਜ ਵ੍ਹਾਈਟ ਹਾਊਸ ਦੇ ਬਾਹਰ ਅਸੀਂ ਨੀਤੀ ਬਣਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਰਾਨ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਤੇਹਰਾਨ ਵਿੱਚ ਗ਼ੈਰਕਾਨੂੰਨੀ ਸਰਕਾਰ ਨੂੰ ਹਟਾਉਣ ਲਈ ਇਰਾਨੀ ਲੋਕਾਂ ਦੀ ਜਾਇਜ਼ ਲੜਾਈ ਦਾ ਸਮਰਥਨ ਕਰਨ।"

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਰਾਨ ਵਿੱਚ ਹੋ ਰਹੇ ਮੁਜ਼ਾਹਰਿਆਂ ਬਾਰੇ ਅਮਰੀਕਾ ਉੱਤੇ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਅਮਰੀਕੀ ਸਰਕਾਰ ਦੇ ਮੁਤਾਬਕ, ਇਰਾਨ ਇਸ ਭਰਮ ਵਿੱਚ ਹੈ ਕਿ ਇਜ਼ਰਾਇਲ ਅਤੇ ਅਮਰੀਕਾ ਸਾਡੇ ਦੇਸ਼ ਵਿੱਚ ਹਿੰਸਕ ਦੰਗਿਆਂ ਨੂੰ ਭੜਕਾ ਰਹੇ ਹਨ।"

ਅਰਾਗ਼ਚੀ ਨੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਦਾਅਵੇ ਦਾ ਜ਼ਿਕਰ ਕਰਦਿਆਂ ਲਿਖਿਆ, "ਬਸ ਇੱਕ ਹੀ ਸਮੱਸਿਆ ਹੈ ਕਿ ਰਾਸ਼ਟਰਪਤੀ ਟਰੰਪ ਦੇ ਆਪਣੇ ਸਾਬਕਾ ਸੀਆਈਏ (ਅਮਰੀਕੀ ਖ਼ੁਫ਼ੀਆ ਏਜੰਸੀ) ਡਾਇਰੈਕਟਰ ਨੇ ਖੁੱਲ੍ਹੇਆਮ ਅਤੇ ਬਿਨਾਂ ਕਿਸੇ ਸ਼ਰਮ ਦੇ ਇਹ ਦੱਸ ਦਿੱਤਾ ਹੈ ਕਿ ਮੋਸਾਦ ਅਤੇ ਉਸ ਦੇ ਅਮਰੀਕੀ ਮਦਦਗਾਰ ਅਸਲ ਵਿੱਚ ਕੀ ਕਰ ਰਹੇ ਹਨ।"

ਅਰਾਗ਼ਚੀ ਦੇ ਮੁਤਾਬਕ, "ਮੌਜੂਦਾ ਹਾਲਾਤ ਵਿੱਚ ਇਕੋ ਇਕ 'ਭਰਮ' ਇਹ ਮੰਨਣਾ ਹੈ ਕਿ ਅੱਗ ਲਗਾਉਣ ਵਾਲੇ ਆਖ਼ਰਕਾਰ ਉਸ ਦੀ ਲਪੇਟ ਵਿੱਚ ਨਹੀਂ ਆਉਂਦੇ।"

ਇਰਾਨ ਵਿੱਚ ਹੋ ਰਹੇ ਇਨ੍ਹਾਂ ਸਰਕਾਰ ਵਿਰੋਧੀ ਮੁਜ਼ਾਹਰਿਆਂ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਕਈ ਪ੍ਰਮੁੱਖ ਨੇਤਾਵਾਂ ਦਾ ਸਮਰਥਨ ਵੀ ਮਿਲਿਆ ਹੈ।

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ 'ਸੜਕਾਂ ਉੱਤੇ ਉਤਰੇ ਇਰਾਨੀਆਂ ਨੂੰ ਵਧਾਈ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਨਾਲ "ਮੋਸਾਦ ਦੇ ਏਜੰਟ ਵੀ ਚੱਲ ਰਹੇ ਹਨ।'

ਭਾਰਤ ਵਿੱਚ ਲੋਕ ਕੀ ਕਹਿ ਰਹੇ ਹਨ

ਮੈਡ੍ਰਿਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪੇਨ ਦੇ ਮੈਡ੍ਰਿਡ ਵਿੱਚ ਈਰਾਨੀ ਭਾਈਚਾਰੇ ਦਾ ਵਿਰੋਧ ਪ੍ਰਦਰਸ਼ਨ

ਇਰਾਨ ਦੇ ਮਸਲੇ ਉੱਤੇ ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੇ ਵਿਧਾਇਕ ਆਗਾ ਸਈਅਦ ਮੁੰਤਜ਼ਿਰ ਨੇ ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਸਾਨੂੰ ਜ਼ਮੀਨੀ ਹਕੀਕਤ ਅਤੇ ਪੱਛਮੀ ਪ੍ਰੋਪੇਗੰਡਾ ਵਿਚਕਾਰ ਫ਼ਰਕ ਕਰਨਾ ਚਾਹੀਦਾ ਹੈ। ਇਰਾਨ ਵਿੱਚ ਹਾਲਾਤ ਉਹ ਨਹੀਂ ਹਨ, ਜਿਵੇਂ ਪੱਛਮੀ ਮੀਡੀਆ ਦਿਖਾ ਰਿਹਾ ਹੈ ਕਿ ਦੇਸ਼ ਵਿੱਚ ਪੂਰੀ ਤਰ੍ਹਾਂ ਅੰਦਰੂਨੀ ਅਰਾਜਕਤਾ ਫੈਲੀ ਹੋਈ ਹੈ ਅਤੇ ਲੋਕ ਸੜਕਾਂ ਉੱਤੇ ਉੱਤਰ ਆਏ ਹਨ।"

ਸਈਅਦ ਮੁੰਤਜ਼ਿਰ ਨੇ ਕਿਹਾ, "ਲੋਕਾਂ ਨੂੰ ਸ਼ਿਕਾਇਤਾਂ ਹੋ ਸਕਦੀਆਂ ਹਨ, ਜਿਵੇਂ ਹਰ ਦੇਸ਼ ਵਿੱਚ ਲੋਕਾਂ ਨੂੰ ਹੁੰਦੀਆਂ ਹਨ। ਅਜਿਹੀਆਂ ਚਿੰਤਾਵਾਂ ਆਮ ਤੌਰ 'ਤੇ ਲੋਕਤਾਂਤਰਿਕ ਤਰੀਕਿਆਂ ਨਾਲ ਚੁੱਕੀਆਂ ਜਾਂਦੀਆਂ ਹਨ। ਹਾਲਾਂਕਿ, ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦਾ ਅਸਥਿਰਤਾ ਪੈਦਾ ਕਰਕੇ ਸੱਤਾ ਬਦਲਣ ਦੀ ਕੋਸ਼ਿਸ਼ ਕਰਨ ਦਾ ਇਤਿਹਾਸ ਰਿਹਾ ਹੈ, ਜਿਵੇਂ ਵੈਨੇਜ਼ੂਏਲਾ ਵਰਗੇ ਦੇਸ਼ਾਂ ਵਿੱਚ ਵੇਖਿਆ ਗਿਆ ਹੈ।"

ਸਈਅਦ ਮੁੰਤਜ਼ਿਰ ਦੇ ਮੁਤਾਬਕ, ਹੁਣ ਇਰਾਨ ਵਿੱਚ ਵੀ ਉਹੀ ਮਾਡਲ ਥੋਪਿਆ ਜਾ ਰਿਹਾ ਹੈ ਕਿਉਂਕਿ ਇਰਾਨ ਦੀ ਲੀਡਰਸ਼ਿਪ, ਖ਼ਾਸਕਰ ਇਮਾਮ ਖ਼ਾਮੇਨੇਈ ਨੇ, ਪੱਛਮੀ ਦਬਦਬੇ ਨੂੰ ਖੁੱਲ੍ਹੇ ਤੌਰ 'ਤੇ ਚੁਣੌਤੀ ਦਿੱਤੀ ਹੈ ਅਤੇ ਇਰਾਨ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਮੋਨੋਪੋਲੀ ਲਈ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਹੈ।

ਇਰਾਨ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਿਆਂ ਵਿਚਾਲੇ ਹਾਲਾਤ ਲਗਾਤਾਰ ਤਣਾਅ ਪੂਰਨ ਬਣੇ ਹੋਏ ਹਨ। ਅਜਿਹੇ ਵਿੱਚ ਉੱਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਉੱਤੇ ਵੀ ਇਸਦਾ ਅਸਰ ਵੇਖਿਆ ਜਾ ਰਿਹਾ ਹੈ।

ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਦੇ ਰਾਸ਼ਟਰੀ ਕਨਵੀਨਰ ਨਾਸਿਰ ਖੁਏਹਾਮੀ ਨੇ ਕਿਹਾ, "ਵਿਗੜਦੇ ਹਾਲਾਤ ਕਾਰਨ ਇਰਾਨ ਵਿੱਚ ਮੈਡੀਕਲ ਕੋਰਸ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

ਉਨ੍ਹਾਂ ਨੇ ਪੀਟੀਆਈ ਨਾਲ ਗੱਲਬਾਤ ਵਿੱਚ ਕਿਹਾ, "ਇਰਾਨੀ ਮੈਡੀਕਲ ਕਾਲਜਾਂ ਵਿੱਚ ਲਗਭਗ 3,000 ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ 2,000 ਤੋਂ ਵੱਧ ਕਸ਼ਮੀਰ ਘਾਟੀ ਦੇ ਹਨ। ਉਨ੍ਹਾਂ ਦੇ ਪਰਿਵਾਰ ਬਹੁਤ ਚਿੰਤਤ ਹਨ ਕਿਉਂਕਿ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਕਈ ਲੋਕਾਂ ਦਾ ਪਿਛਲੇ 30 ਘੰਟਿਆਂ ਤੋਂ ਆਪਣੇ ਬੱਚਿਆਂ ਨਾਲ ਸੰਪਰਕ ਹੋ ਰਿਹਾ।"

ਇਸੇ ਤਰ੍ਹਾਂ ਇੱਕ ਵਿਅਕਤੀ ਸ਼ੱਬੀਰ ਅਹਿਮਦ ਦੀ ਧੀ ਤੇਹਰਾਨ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਪਿਛਲੀ ਵਾਰ ਜਦੋਂ ਹਾਲਾਤ ਵਿਗੜਏ ਸਨ, ਤਾਂ ਸਰਕਾਰ ਉਸ ਨੂੰ ਦੇਸ਼ ਵਾਪਸ ਲੈ ਆਈ ਸੀ ਅਤੇ ਅਸੀਂ ਇਸ ਲਈ ਸ਼ੁਕਰਗੁਜ਼ਾਰ ਹਾਂ। ਇਸ ਵਾਰ ਹਾਲੇ ਤੱਕ ਕੋਈ ਵੱਡੀ ਸਮੱਸਿਆ ਨਹੀਂ ਹੈ।"

ਸ਼ੱਬੀਰ ਅਹਿਮਦ ਨੇ ਕਿਹਾ, "ਮੇਰੀ ਧੀ ਨੇ ਦੱਸਿਆ ਹੈ ਕਿ ਅਜਿਹੇ ਮੁਜ਼ਾਹਰੇ ਆਮ ਗੱਲ ਹਨ। ਇਹ ਅਮਰੀਕਾ ਅਤੇ ਇਜ਼ਰਾਇਲ ਵਿੱਚ ਵੀ ਹੁੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕੁਝ ਵੱਡਾ ਹੋਣ ਵਾਲਾ ਹੈ। ਮੇਰੀ ਧੀ ਉੱਥੇ ਸੁਰੱਖਿਅਤ ਹੈ।"

ਦੁਨੀਆ ਦੇ ਕਈ ਦੇਸ਼ਾਂ 'ਚੋਂ ਮਿਲ ਰਿਹਾ ਹੈ ਸਮਰਥਨ

ਫ੍ਰੈਂਕਫਰਟ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜਰਮਨੀ ਦੇ ਫ੍ਰੈਂਕਫਰਟ ਵਿੱਚ ਇਰਾਨੀ ਸ਼ਾਸਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕ

ਇਰਾਨ ਵਿੱਚ 28 ਦਸੰਬਰ ਨੂੰ ਰਿਆਲ ਦੀ ਕੀਮਤ ਵਿੱਚ ਗਿਰਾਵਟ ਅਤੇ ਮਹਿੰਗਾਈ ਵਧਣ ਕਾਰਨ ਸਰਕਾਰ ਦੇ ਖ਼ਿਲਾਫ਼ ਦੇਸ਼-ਵਿਆਪੀ ਮੁਜ਼ਾਹਰੇ ਸ਼ੁਰੂ ਹੋਏ ਸਨ।

8 ਅਤੇ 9 ਜਨਵਰੀ ਨੂੰ ਇਰਾਨ ਦੇ ਆਖ਼ਰੀ ਸ਼ਾਹ ਦੇ ਜਲਾਵਤਨ ਪੁੱਤਰ ਰਜ਼ਾ ਪਹਲਵੀ ਵੱਲੋਂ ਇੱਕ ਸੁਨੇਹਾ ਜਾਰੀ ਕਰਨ ਤੋਂ ਬਾਅਦ ਮੁਜ਼ਾਹਰੇ ਹੋਰ ਤੇਜ਼ ਹੋ ਗਏ ਹਨ।

ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਸੜਕਾਂ ਉੱਤੇ ਉੱਤਰਣ ਅਤੇ ਆਪਣੇ ਘਰਾਂ ਤੋਂ ਸਰਕਾਰ ਵਿਰੋਧੀ ਨਾਅਰੇ ਲਗਾਉਣ ਦੀ ਅਪੀਲ ਕੀਤੀ ਸੀ।

ਰਜ਼ਾ ਪਹਲਵੀ ਨੇ ਆਪਣੀ ਤਾਜ਼ਾ ਪੋਸਟ ਵਿੱਚ ਲਿਖਿਆ ਹੈ, "ਮੈਨੂੰ ਭਰੋਸੇਯੋਗ ਰਿਪੋਰਟਾਂ ਮਿਲੀਆਂ ਹਨ ਕਿ ਇਸਲਾਮਿਕ ਰਿਪਬਲਿਕ ਨੂੰ ਸੜਕਾਂ ਉੱਤੇ ਲੱਖਾਂ ਲੋਕਾਂ ਦਾ ਸਾਹਮਣਾ ਕਰਨ ਲਈ ਕਿਰਾਏ ਦੇ ਫੌਜੀਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਕਈ ਹਥਿਆਰਬੰਦ ਅਤੇ ਸੁਰੱਖਿਆ ਬਲਾਂ ਦੇ ਜਵਾਨ ਨੌਕਰੀ ਛੱਡ ਦਿੱਤੀ ਹੈ ਜਾਂ ਲੋਕਾਂ ਨੂੰ ਦਬਾਉਣ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।"

ਉਨ੍ਹਾਂ ਨੇ ਆਪਣੀ ਲੰਬੀ ਪੋਸਟ ਵਿੱਚ ਲਿਖਿਆ, "ਸ਼ਾਮ 6 ਵਜੇ ਲਈ ਆਪਣੀ ਦੂਜੀ ਅਪੀਲ ਦੁਹਰਾਉਂਦੇ ਹੋਏ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਟੋਲੀਆਂ ਵਿੱਚ ਸ਼ਹਿਰਾਂ ਦੀਆਂ ਮੁੱਖ ਸੜਕਾਂ ਉੱਤੇ ਜਾਓ। ਰਾਹ ਵਿੱਚ ਇੱਕ ਦੂਜੇ ਤੋਂ ਜਾਂ ਲੋਕਾਂ ਦੀ ਭੀੜ ਤੋਂ ਵੱਖ ਨਾ ਹੋਵੋ ਅਤੇ ਅਜਿਹੀਆਂ ਗਲੀਆਂ ਵਿੱਚ ਨਾ ਜਾਓ ਜੋ ਤੁਹਾਡੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।"

ਉਨ੍ਹਾਂ ਨੇ ਕਿਹਾ, "ਇਹ ਜਾਣ ਲਵੋ ਕਿ ਤੁਸੀਂ ਇਕੱਲੇ ਨਹੀਂ ਹੋ। ਦੁਨੀਆ ਭਰ ਵਿੱਚ ਤੁਹਾਡੇ ਦੇਸ਼ਵਾਸੀ ਮਾਣ ਨਾਲ ਤੁਹਾਡੀ ਆਵਾਜ਼ ਉਠਾ ਰਹੇ ਹਨ। ਅੱਜ ਦੁਨੀਆ ਤੁਹਾਡੀ ਰਾਸ਼ਟਰੀ ਕ੍ਰਾਂਤੀ ਦੇ ਨਾਲ ਖੜ੍ਹੀ ਹੈ ਅਤੇ ਤੁਹਾਡੀ ਹਿੰਮਤ ਦੀ ਸ਼ਲਾਘਾ ਕਰ ਰਹੀ ਹੈ। ਖ਼ਾਸ ਤੌਰ ਉੱਤੇ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ।"

ਇਰਾਨ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੇ ਸਮਰਥਨ ਵਿੱਚ ਦੁਨੀਆ ਦੇ ਕਈ ਦੇਸ਼ਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਬਰਤਾਨੀਆ, ਜਰਮਨੀ, ਅਮਰੀਕਾ, ਕੈਨੇਡਾ, ਸਪੇਨ ਅਤੇ ਸਵੀਡਨ ਸਮੇਤ ਕਈ ਦੇਸ਼ਾਂ ਵਿੱਚ ਲੋਕ ਮੁਜ਼ਾਹਰਾਕਾਰੀਆਂ ਦੇ ਝੰਡਿਆਂ ਨਾਲ ਸੜਕਾਂ ਉੱਤੇ ਨਜ਼ਰ ਆ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)