ਕੰਧਾਰ ਕਾਂਡ: 'ਜਹਾਜ਼ ਦੇ ਅੰਦਰ ਬਰਦਾਸ਼ਤ ਤੋਂ ਬਾਹਰ ਵਾਲੀ ਬਦਬੂ ਆ ਰਹੀ ਸੀ', ਅਗਵਾ ਭਾਰਤੀ ਜਹਾਜ਼ ਦੇ ਯਾਤਰੀਆਂ ਨੂੰ ਛੁਡਾਉਣ ਦੀ ਕਹਾਣੀ-ਵਿਵੇਚਨਾ

ਤਸਵੀਰ ਸਰੋਤ, SAEED KHAN
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਹਿੰਦੀ
26 ਦਸੰਬਰ, 1999 ਨੂੰ ਇਸਲਾਮਾਬਾਦ ਵਿੱਚ ਏਆਰ ਘਨਸ਼ਿਆਮ ਆਪਣੀ ਪਤਨੀ ਰੁਚੀ ਘਨਸ਼ਿਆਮ ਨਾਲ ਆਪਣੇ ਘਰ ਟੀਵੀ 'ਤੇ ਖ਼ਬਰਾਂ ਦੇਖ ਰਹੇ ਸਨ। ਰਾਤ 10 ਵਜੇ ਉਨ੍ਹਾਂ ਦੇ ਟੈਲੀਫ਼ੋਨ ਦੀ ਘੰਟੀ ਵੱਜੀ। ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਜੀ. ਪਾਰਥਸਾਰਥੀ ਨੇ ਦੋਹਾਂ ਨੂੰ ਉਸੇ ਸਮੇਂ ਆਪਣੇ ਘਰ ਬੁਲਾਇਆ।
ਪਾਰਥਸਾਰਥੀ ਦਾ ਘਰ ਬਿਲਕੁਲ ਨਾਲ ਹੀ ਸੀ। ਦੋਵੇਂ ਪੈਦਲ ਚੱਲ ਕੇ ਹੀ ਉੱਥੇ ਪਹੁੰਚ ਗਏ। ਪਤੀ-ਪਤਨੀ ਦੋਵੇਂ ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਸਨ ਅਤੇ ਉਸ ਸਮੇਂ ਇਸਲਾਮਾਬਾਦ ਵਿੱਚ ਤਾਇਨਾਤ ਸਨ।
ਭਾਰਤੀ ਹਾਈ ਕਮਿਸ਼ਨਰ ਨੇ ਬਿਨਾਂ ਕਿਸੇ ਭੂਮਿਕਾ ਦੇ ਉਨ੍ਹਾਂ ਨੂੰ ਸੂਚਨਾ ਦਿਤੀ ਕਿ ਸਰਕਾਰ ਨੇ ਏਆਰ ਘਨਸ਼ਿਆਮ ਨੂੰ ਕੰਧਾਰ ਭੇਜਣ ਦਾ ਫ਼ੈਸਲਾ ਕੀਤਾ ਹੈ। ਉਸ ਸਮੇਂ ਡਿਪਟੀ ਹਾਈ ਕਮਿਸ਼ਨਰ ਦਿੱਲੀ ਗਏ ਹੋਏ ਸਨ। ਕਈ ਹੋਰ ਡਿਪਲੋਮੈਟ ਵੀ ਕ੍ਰਿਸਮਸ ਦੀਆਂ ਛੁੱਟੀਆਂ ਲਈ ਭਾਰਤ ਗਏ ਹੋਏ ਸਨ।
ਮਾਮਲਾ ਤਾਲਿਬਾਨ ਨਾਲ ਜੁੜਿਆ ਹੋਇਆ ਸੀ, ਇਸ ਲਈ ਪਾਰਥਸਾਰਥੀ ਨੇ ਰੁਚੀ ਘਨਸ਼ਿਆਮ ਨੂੰ ਨਾ ਭੇਜਣ ਦਾ ਫ਼ੈਸਲਾ ਕੀਤਾ। ਕੰਧਾਰ ਭੇਜਣ ਲਈ ਵਪਾਰ ਅਤੇ ਆਰਥਿਕ ਮਾਮਲੇ ਦੇਖ ਰਹੇ ਉਨ੍ਹਾਂ ਦੇ ਪਤੀ ਏਆਰ ਘਨਸ਼ਿਆਮ ਨੂੰ ਚੁਣਿਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ 27 ਦਸੰਬਰ ਦੀ ਸਵੇਰ ਨੂੰ ਸੰਯੁਕਤ ਰਾਸ਼ਟਰ ਦਾ ਇੱਕ ਹਵਾਈ ਜਹਾਜ਼ ਉਨ੍ਹਾਂ ਨੂੰ ਇਸਲਾਮਾਬਾਦ ਹਵਾਈ ਅੱਡੇ ਤੋਂ ਲੈ ਕੇ ਕੰਧਾਰ ਲਈ ਉਡਾਨ ਭਰੇਗਾ।
ਕੰਧਾਰ ਪਹੁੰਚੇ ਘਨਸ਼ਿਆਮ

ਤਸਵੀਰ ਸਰੋਤ, Getty Images
ਕਰੀਬ ਤਿੰਨ ਘੰਟਿਆਂ ਦੀ ਉਡਾਨ ਤੋਂ ਬਾਅਦ ਜਹਾਜ਼ ਨੇ ਕੰਧਾਰ ਹਵਾਈ ਅੱਡੇ 'ਤੇ ਲੈਂਡ ਕੀਤਾ। ਜਦੋਂ ਘਨਸ਼ਿਆਮ ਜਹਾਜ਼ ਦੇ ਦਰਵਾਜ਼ੇ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਨਜ਼ਰ ਇੰਡਿਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-184 'ਤੇ ਪਈ।
ਘਨਸ਼ਿਆਮ ਯਾਦ ਕਰਦੇ ਹਨ, "ਆਈਸੀ-184 ਸਾਡੇ ਜਹਾਜ਼ ਤੋਂ 150 ਮੀਟਰ ਦੀ ਦੂਰੀ 'ਤੇ ਖੜ੍ਹਾ ਸੀ। ਉਸ ਦੀਆਂ ਸਾਰੀਆਂ ਖਿੜਕੀਆਂ ਬੰਦ ਸਨ। ਮੈਂ ਦੇਖਿਆ ਕਿ ਹੇਠਾਂ ਪੌੜੀਆਂ ਕੋਲ ਦੋ ਲੋਕ ਮੈਨੂੰ ਰਿਸੀਵ ਕਰਨ ਲਈ ਖੜ੍ਹੇ ਹਨ। ਉਨ੍ਹਾਂ ਵਿੱਚੋਂ ਇੱਕ ਕੰਧਾਰ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਮੁਖੀ ਸਨ। ਦੂਜੇ ਵਿਅਕਤੀ ਨੇ ਸਫ਼ੈਦ ਅਫ਼ਗਾਨ ਪੋਸ਼ਾਕ ਪਹਿਨੀ ਹੋਈ ਸੀ। ਉਸ ਦੇ ਉੱਤੇ ਉਨ੍ਹਾਂ ਨੇ ਬਿਨਾਂ ਬਾਂਹਾਂ ਵਾਲੀ ਕਾਲੇ ਰੰਗ ਦੀ ਜੈਕੇਟ ਪਹਿਨ ਰੱਖੀ ਸੀ। ਉਹ ਤਾਲਿਬਾਨ ਦੇ ਵਿਦੇਸ਼ ਮੰਤਰੀ ਸਨ-ਵਕੀਲ ਅਹਿਮਦ ਮੁਤਵੱਕਿਲ। ਮੈਂ ਉਨ੍ਹਾਂ ਦੋਹਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਨੂੰ ਹੈਲੋ ਕੀਤਾ।"
ਘਨਸ਼ਿਆਮ ਦੱਸਦੇ ਹਨ ਕਿ ਮੁਤਵੱਕਿਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੱਲ ਕਿਵੇਂ ਕਰਨ।
"ਉਹ ਪਸ਼ਤੋ ਬੋਲ ਰਹੇ ਸਨ, ਜੋ ਮੈਨੂੰ ਨਹੀਂ ਆਉਂਦੀ ਸੀ। ਮੈਂ ਅੰਗਰੇਜ਼ੀ ਬੋਲ ਰਿਹਾ ਸੀ, ਜਿਸ ਦੀ ਉਨ੍ਹਾਂ ਨੂੰ ਬਹੁਤ ਘੱਟ ਸਮਝ ਸੀ। ਉਨ੍ਹਾਂ ਦੋਹਾਂ ਨੇ ਮੈਨੂੰ ਕਿਹਾ ਕਿ ਸਾਨੂੰ ਤੁਰੰਤ ਹਾਈਜੈਕ ਕੀਤੇ ਜਹਾਜ਼ ਵਿੱਚ ਬੈਠੇ ਹਾਈਜੈਕਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਉਹ ਇਸ ਗੱਲ ਤੋਂ ਬਹੁਤ ਨਾਰਾਜ਼ ਹਨ ਕਿ ਹੁਣ ਤੱਕ ਭਾਰਤ ਸਰਕਾਰ ਦਾ ਕੋਈ ਪ੍ਰਤੀਨਿਧੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ ਹੈ।"
ਹਾਈਜੈਕਰਾਂ ਦਾ ਰਵੱਈਆ

ਤਸਵੀਰ ਸਰੋਤ, SAEED KHAN/AFP/Getty Images
ਘਨਸ਼ਿਆਮ ਨੇ 'ਅਸਸਲਾਮ ਵਲੈਕੁਮ' ਕਹਿ ਕੇ ਹਾਈਜੈਕਰਾਂ ਨਾਲ ਗੱਲਬਾਤ ਸ਼ੁਰੂ ਕੀਤੀ, ਪਰ ਜਹਾਜ ਅਗਵਾ ਕਰਨ ਵਾਲਿਆਂ ਨੇ ਉਨ੍ਹਾਂ ਦੇ ਸਲਾਮ ਦਾ ਕੋਈ ਜਵਾਬ ਨਹੀਂ ਦਿੱਤਾ, ਸਗੋਂ ਕਸ਼ਮੀਰ ਵਿੱਚ ਹੋ ਰਹੀਆਂ ਕਥਿਤ ਜ਼ਿਆਦਤੀਆਂ ਬਾਰੇ ਲਗਾਤਾਰ ਬੋਲਦੇ ਰਹੇ।
ਘਨਸ਼ਿਆਮ ਦੱਸਦੇ ਹਨ, "ਕਿਉਂਕਿ ਉਹ ਰਮਜ਼ਾਨ ਦਾ ਮਹੀਨਾ ਸੀ, ਹਾਈਜੈਕਰਾਂ ਦੇ ਲੀਡਰ ਨੇ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਹੀ ਕੁਝ ਖਾਧਾ ਹੋਵੇਗਾ, ਪਰ ਇਸ ਦੇ ਬਾਵਜੂਦ ਉਹ ਮੇਰੇ ਨਾਲ ਬੁਲੰਦ ਆਵਾਜ਼ ਵਿੱਚ ਗਾੜ੍ਹੀ ਉਰਦੂ 'ਚ ਗੱਲ ਕਰ ਰਿਹਾ ਸੀ। ਉਹ ਜਿੰਨਾ ਬੋਲਦਾ ਜਾਂਦਾ ਸੀ, ਮੈਨੂੰ ਉਨਾ ਹੀ ਵਧੇਰੇ ਸਮਾਂ ਮਿਲ ਰਿਹਾ ਸੀ, ਜੋ ਮੇਰੇ ਲਈ ਚੰਗਾ ਸੀ। ਮੈਂ ਉਸ ਨੂੰ ਰੋਕਿਆ ਨਹੀਂ। ਜਦੋਂ ਉਹ ਬੋਲਦੇ-ਬੋਲਦੇ ਥੱਕ ਗਿਆ ਤਾਂ ਮੈਂ ਉਸ ਨੂੰ ਉਰਦੂ ਵਿੱਚ ਪੁੱਛਿਆ, 'ਜਨਾਬ, ਕੀ ਤੁਹਾਡੇ ਕੋਲ ਮੇਰੇ ਲਈ ਕੋਈ ਸੰਦੇਸ਼ ਹੈ, ਜੋ ਮੈਂ ਆਪਣੀ ਸਰਕਾਰ ਤੱਕ ਪਹੁੰਚਾ ਸਕਾਂ?'"
ਇਹ ਸੁਣਦੇ ਹੀ ਉਹ ਹੋਰ ਭੜਕ ਗਿਆ ਅਤੇ ਫਿਰ ਚੀਖਣ ਲੱਗ ਪਿਆ, "ਕਿਹੋ ਜਿਹਾ ਦੇਸ਼ ਹੈ ਤੁਹਾਡਾ? ਕਿਹੋ ਜਿਹੀ ਸਰਕਾਰ ਹੈ ਤੁਹਾਡੀ? ਤੁਹਾਨੂੰ ਜਹਾਜ਼ ਦੇ ਅੰਦਰ ਬੈਠੇ ਆਪਣੇ ਲੋਕਾਂ ਦੀ ਭੋਰਾ ਵੀ ਚਿੰਤਾ ਨਹੀਂ ਹੈ। ਜੇ ਹੁਣ ਥੋੜ੍ਹੀ ਵੀ ਦੇਰ ਹੁੰਦੀ ਹੈ ਤਾਂ ਮੈਂ ਇੱਕ-ਇੱਕ ਕਰਕੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿਆਂਗਾ। ਕੀ ਤੁਸੀਂ ਇਸ ਲਈ ਤਿਆਰ ਹੋ?" ਘਨਸ਼ਿਆਮ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਭਾਰਤੀ ਪ੍ਰਤੀਨਿਧੀ ਮੰਡਲ ਕੁਝ ਹੀ ਪਲਾਂ ਵਿੱਚ ਦਿੱਲੀ ਤੋਂ ਕੰਧਾਰ ਲਈ ਰਵਾਨਾ ਹੋਣ ਵਾਲਾ ਹੈ।
ਜਦੋਂ ਘਨਸ਼ਿਆਮ ਜਹਾਜ਼ 'ਤੇ ਕਬਜ਼ਾ ਕਰਨ ਵਾਲਿਆਂ ਨਾਲ ਗੱਲਬਾਤ ਕਰਕੇ ਲਾਊਂਜ ਵਿੱਚ ਵਾਪਸ ਆਏ ਤਾਂ ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਇੱਕ ਭੂਰਾ ਲਿਫ਼ਾਫ਼ਾ ਦਿੱਤਾ। ਜਦੋਂ ਘਨਸ਼ਿਆਮ ਨੇ ਉਹ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਵਿਚੋਂ ਕੁਝ ਚਾਕਲੇਟਾਂ ਨਿਕਲੀਆਂ।
27 ਦਸੰਬਰ ਨੂੰ ਇੰਡਿਅਨ ਏਅਰਲਾਈਨਜ਼ ਦਾ ਇੱਕ ਵਿਸ਼ੇਸ਼ ਜਹਾਜ਼ ਕੰਧਾਰ ਹਵਾਈ ਅੱਡੇ 'ਤੇ ਲੈਂਡ ਕੀਤਾ। ਉਸ ਵਿੱਚ ਭਾਰਤ ਸਰਕਾਰ ਦੇ ਪੰਜ ਪ੍ਰਤੀਨਿਧੀ ਅਤੇ ਇੰਡਿਅਨ ਏਅਰਲਾਈਨਜ਼ ਦੇ 10 ਟੈਕਨੀਸ਼ਨ ਸ਼ਾਮਲ ਸਨ।
ਇਨ੍ਹਾਂ ਪੰਜ ਪ੍ਰਤੀਨਿਧੀਆਂ ਵਿੱਚ ਸੀ.ਡੀ. ਸਹਾਇ ਅਤੇ ਆਨੰਦ ਆਰਨੀ ਰਾਅ ਤੋਂ ਸਨ, ਅਜੀਤ ਡੋਵਾਲ ਅਤੇ ਸੰਧੂ ਇੰਟੈਲੀਜੈਂਸ ਬਿਊਰੋ ਤੋਂ ਸਨ ਅਤੇ ਵਿਦੇਸ਼ ਮੰਤਰਾਲੇ ਦੇ ਜਾਇੰਟ ਸੈਕਰੇਟਰੀ ਵਿਵੇਕ ਕਾਟਜੂ ਸਨ।
ਇਨ੍ਹਾਂ ਸਾਰਿਆਂ ਨੂੰ ਅਫ਼ਗਾਨ ਏਅਰਲਾਈਨਜ਼ ਦੇ ਗੈਸਟ ਹਾਊਸ ਵਿੱਚ ਰਹਿਣ ਲਈ ਦੋ ਕਮਰੇ ਦਿੱਤੇ ਗਏ। ਸਹਾਇ, ਡੋਵਾਲ ਅਤੇ ਕਾਟਜੂ ਇੱਕ ਕਮਰੇ ਵਿੱਚ ਰਹੇ, ਜਦਕਿ ਦੂਜੇ ਕਮਰੇ ਵਿੱਚ ਘਨਸ਼ਿਆਮ, ਆਰਨੀ ਅਤੇ ਸੰਧੂ ਰੁਕੇ। ਸਭ ਤੋਂ ਵੱਡੀ ਸਮੱਸਿਆ ਟਾਇਲਟ ਦੀ ਸੀ। ਇੰਨੇ ਸਾਰੇ ਲੋਕਾਂ ਲਈ ਸਿਰਫ਼ ਇੱਕ ਟਾਇਲਟ ਸੀ।
ਘਨਸ਼ਿਆਮ ਯਾਦ ਕਰਦੇ ਹਨ, "ਭੀੜ ਤੋਂ ਬਚਣ ਲਈ ਮੈਂ ਸਵੇਰੇ 3 ਵਜੇ ਉੱਠ ਜਾਂਦਾ ਸੀ। ਮੈਂ ਉੱਥੇ ਮੌਜੂਦ ਇੱਕ ਕੇਅਰਟੇਕਰ ਨੂੰ ਪੁੱਛਿਆ ਕਿ ਕੀ ਇੱਥੇ ਨੇੜੇ ਕੋਈ ਹੋਰ ਵਾਸ਼ਰੂਮ ਹੈ, ਕਿਉਂਕਿ ਮੈਨੂੰ ਦੇਰ ਹੋ ਰਹੀ ਸੀ। ਉਸ ਨੇ ਮੈਨੂੰ ਕੁਝ ਦੂਰ ਇੱਕ ਇਮਾਰਤ ਦਿਖਾਈ। ਮੈਂ ਉੱਥੇ ਆਪਣਾ ਤੌਲੀਆ ਅਤੇ ਟਾਇਲਟ ਬੈਗ ਲੈ ਕੇ ਗਿਆ ਅਤੇ ਉੱਥੋਂ ਦਾ ਵਾਸ਼ਰੂਮ ਇਸਤੇਮਾਲ ਕੀਤਾ।''
''ਮੈਂ ਉੱਥੇ ਨੋਟ ਕੀਤਾ ਕਿ ਉਸ ਇਮਾਰਤ ਵਿੱਚ ਰਹਿਣ ਵਾਲੇ ਲੋਕ ਅਫ਼ਗਾਨੀ ਲੋਕਾਂ ਤੋਂ ਬਿਲਕੁਲ ਵੱਖਰੇ ਸਨ। ਮੈਂ ਕਾਟਜੂ ਨੂੰ ਇਹ ਗੱਲ ਦੱਸੀ। ਕਾਟਜੂ ਨੇ ਵੀ ਉੱਥੇ ਜਾ ਕੇ ਉਸ ਜਗ੍ਹਾ ਦਾ ਜਾਇਜ਼ਾ ਲਿਆ। ਸਾਡਾ ਦੋਹਾਂ ਦਾ ਮੰਨਣਾ ਸੀ ਕਿ ਉਸ ਇਮਾਰਤ ਵਿੱਚ ਸਰਹੱਦ ਪਾਰੋਂ ਆਏ ਲੋਕ ਰਹਿ ਰਹੇ ਸਨ, ਤਾਂ ਜੋ ਉਹ ਤਾਲਿਬਾਨ ਨੂੰ ਹਾਈਜੈਕ ਨਾਲ ਜੁੜੇ ਮਾਮਲੇ 'ਤੇ ਸਲਾਹ ਦੇ ਸਕਣ।"
ਪਰਚੀ ਜਹਾਜ਼ ਤੋਂ ਹੇਠਾਂ ਸੁੱਟੀ ਗਈ

ਤਸਵੀਰ ਸਰੋਤ, SAEED KHAN/AFP/Getty Images
ਉੱਥੇ ਮੌਜੂਦ ਤਾਲਿਬਾਨ ਦੇ ਅਫ਼ਸਰਾਂ ਤੋਂ ਭਾਰਤੀ ਪ੍ਰਤੀਨਿਧੀ ਮੰਡਲ ਦੇ ਕੁਝ ਮੈਂਬਰਾਂ ਨੂੰ ਜਹਾਜ਼ ਦੇ ਨੇੜੇ ਜਾਣ ਦੀ ਇਜਾਜ਼ਤ ਮਿਲੀ।
ਘਨਸ਼ਿਆਮ ਦੱਸਦੇ ਹਨ, "ਜਦੋਂ ਅਸੀਂ ਜਹਾਜ਼ ਦੇ ਕੋਲ ਪਹੁੰਚੇ ਤਾਂ ਅਚਾਨਕ ਜਹਾਜ਼ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਉੱਥੋਂ ਇੱਕ ਕਾਗ਼ਜ਼ ਹੇਠਾਂ ਸੁੱਟਿਆ ਗਿਆ। ਉਸ ਸਮੇਂ ਠੰਡੀ ਹਵਾ ਚੱਲ ਰਹੀ ਸੀ, ਇਸ ਲਈ ਕਾਗ਼ਜ਼ ਹਵਾ ਵਿੱਚ ਉੱਡਣ ਲੱਗ ਪਿਆ। ਇਹ ਇੱਕ ਕਾਪੀ ਤੋਂ ਪਾੜਿਆ ਹੋਇਆ ਇੱਕ ਪੰਨ੍ਹਾ ਸੀ। ਮੈਂ ਉੱਡਦੇ ਕਾਗ਼ਜ਼ ਦੇ ਪਿੱਛੇ ਦੌੜਿਆ ਅਤੇ ਆਖ਼ਿਰਕਾਰ ਉਸਨੂੰ ਫੜ੍ਹਨ ਵਿੱਚ ਕਾਮਯਾਬ ਹੋ ਗਿਆ।''
''ਮੈਂ ਦੇਖਿਆ ਕਿ ਉਸ 'ਤੇ ਬਹੁਤ ਸੋਹਣੀ ਲਿਖਾਵਟ ਵਿੱਚ ਉਨ੍ਹਾਂ ਦੀਆਂ ਮੰਗਾਂ ਲਿਖੀਆਂ ਹੋਈਆਂ ਸਨ। ਕੁੱਲ ਮਿਲਾ ਕੇ ਉਨ੍ਹਾਂ ਦੀਆਂ 38 ਮੰਗਾਂ ਸਨ। ਉਹ ਚਾਹੁੰਦੇ ਸਨ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 36 ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਹਰਕਤ-ਉਲ-ਅੰਸਾਰ ਦੇ ਸੰਸਥਾਪਕ ਸੱਜਾਦ ਅਫ਼ਗਾਨੀ ਦੇ ਭਾਰਤ ਵਿੱਚ ਦਫ਼ਨ ਅਵਸ਼ੇਸ਼ ਵਾਪਸ ਕੀਤੇ ਜਾਣ। ਇਸ ਤੋਂ ਇਲਾਵਾ, ਭਾਰਤ ਸਰਕਾਰ ਉਨ੍ਹਾਂ ਨੂੰ 100 ਡਾਲਰ ਦੀਆਂ ਗੱਡੀਆਂ ਵਿੱਚ 20 ਲੱਖ ਡਾਲਰ ਦੇਵੇ।"
ਭਾਰਤੀ ਪ੍ਰਤੀਨਿਧੀ ਮੰਡਲ ਲਈ ਪਹਿਲਾ ਖਾਣਾ ਆਇਆ - ਮੁਰਗੇ ਦੀ ਇੱਕ ਭੁੰਨੀ ਹੋਈ ਲੱਤ, ਇੱਕ ਵੱਡੀ ਅਫ਼ਗਾਨੀ ਨਾਨ, ਕੱਟਿਆ ਹੋਇਆ ਖੀਰਾ ਅਤੇ ਪਿਆਜ਼। ਇਹ ਉਸ ਲਿਹਾਜ਼ ਨਾਲ ਵੱਡੀ ਗੱਲ ਸੀ ਕਿਉਂਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਰਮਜ਼ਾਨ ਹੋਣ ਕਾਰਨ ਕੁਝ ਖਾ-ਪੀ ਨਹੀਂ ਰਹੇ ਸਨ। ਅਗਲੇ ਦਿਨ ਉਨ੍ਹਾਂ ਲਈ ਸਰਹੱਦ ਪਾਰ ਪਾਕਿਸਤਾਨ ਤੋਂ ਖਾਣਾ ਆਉਣ ਲੱਗ ਪਿਆ। ਲਾਊਂਜ ਵਿੱਚ ਮੌਜੂਦ ਲੋਕਾਂ ਵਿਚਕਾਰ ਮਜ਼ਾਕ ਪ੍ਰਚਲਿਤ ਸੀ ਕਿ ਅਚਾਨਕ ਇੰਨੇ ਸਾਰੇ ਲੋਕਾਂ ਦੇ ਆ ਜਾਣ ਕਾਰਨ ਛੋਟੇ ਜਿਹੇ ਸ਼ਹਿਰ ਕੰਧਾਰ ਵਿੱਚ ਮੁਰਗਿਆਂ ਦੀ ਕਮੀ ਪੈ ਗਈ ਸੀ।
ਆਖ਼ਿਰਕਾਰ ਤਿੰਨ ਕੱਟੜਪੰਥੀਆਂ ਨੂੰ ਛੱਡਣ 'ਤੇ ਸਹਿਮਤੀ ਬਣੀ।
ਸੱਜਾਦ ਅਫ਼ਗਾਨੀ ਦੀ ਲਾਸ਼ ਨੂੰ ਕਬਰ ਤੋਂ ਬਾਹਰ ਕੱਢਣ ਦੀ ਮੰਗ ਪੂਰੀ ਕਰਨਾ ਭਾਰਤੀ ਪ੍ਰਸ਼ਾਸਨ ਲਈ ਬਹੁਤ ਮੁਸ਼ਕਲ ਸੀ।
ਏ.ਆਰ. ਘਨਸ਼ਿਆਮ ਦੱਸਦੇ ਹਨ, "ਸਾਡੀ ਬੇਨਤੀ 'ਤੇ ਤਾਲਿਬਾਨ ਨੇ ਵੀ ਹਾਈਜੈਕਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਮੰਗ ਇਸਲਾਮ ਵਿਰੋਧੀ ਹੈ। ਇਸੇ ਤਰ੍ਹਾਂ ਦਾ ਤਰਕ ਅਮਰੀਕੀ ਡਾਲਰਾਂ ਦੀ ਮੰਗ ਲਈ ਵੀ ਦਿੱਤਾ ਗਿਆ। ਕਈ ਤਰਕਾਂ ਅਤੇ ਜਵਾਬੀ ਤਰਕਾਂ ਤੋਂ ਬਾਅਦ ਉਹ ਮੰਗ ਵੀ ਵਾਪਸ ਲੈ ਲਈ ਗਈ।''
''ਜਿੱਥੋਂ ਤੱਕ ਬੰਧਕਾਂ ਦੀ ਰਿਹਾਈ ਦੀ ਗੱਲ ਸੀ, ਸਾਡਾ ਤਰਕ ਇਹ ਸੀ ਕਿ ਸਾਨੂੰ ਇਸ ਬਾਰੇ ਪੱਕੀ ਜਾਣਕਾਰੀ ਨਹੀਂ ਹੈ ਕਿ ਇਹ ਲੋਕ ਭਾਰਤ ਦੀ ਕਿਸ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਸਾਨੂੰ ਅਦਾਲਤਾਂ ਤੋਂ ਇਜਾਜ਼ਤ ਲੈਣੀ ਪਵੇਗੀ ਅਤੇ ਉਨ੍ਹਾਂ ਨੂੰ ਇਸ ਦਾ ਕਾਰਨ ਵੀ ਦੱਸਣਾ ਪਵੇਗਾ। ਅਜਿਹਾ ਕਰਨ ਵਿੱਚ ਹਫ਼ਤੇ, ਮਹੀਨੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ।''
''ਹਾਈਜੈਕਰਾਂ ਵੱਲੋਂ ਗੱਲ ਕਰਨ ਵਾਲੇ ਲੋਕ ਜਲਦੀ ਥੱਕ ਰਹੇ ਸਨ, ਉਨ੍ਹਾਂ ਦੀ ਆਵਾਜ਼ ਧੀਮੀ ਪੈਂਦੀ ਜਾ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਖਾਲੀ ਪੇਟ ਲੰਬੀ ਗੱਲ ਕਰਨੀ ਪੈ ਰਹੀ ਸੀ। ਤੀਜੇ ਦਿਨ ਤੱਕ ਉਨ੍ਹਾਂ ਦੀ ਮੰਗ ਘੱਟ ਕੇ ਤਿੰਨ ਕੈਦੀਆਂ ਦੀ ਰਿਹਾਈ ਤੱਕ ਆ ਗਈ ਸੀ।"
ਇਹ ਤਿੰਨ ਕੱਟੜਪੰਥੀ ਸਨ - ਮਸੂਦ ਅਜ਼ਹਰ, ਉਮਰ ਸ਼ੇਖ਼ ਅਤੇ ਮੁਸ਼ਤਾਕ ਅਹਿਮਦ ਜ਼ਰਗਰ। ਸਰਕਾਰ 'ਤੇ ਬਹੁਤ ਦਬਾਅ ਸੀ ਕਿ ਜਹਾਜ਼ ਵਿੱਚ ਫਸੇ ਭਾਰਤੀ ਯਾਤਰੀਆਂ ਨੂੰ ਕਿਸੇ ਵੀ ਕੀਮਤ 'ਤੇ ਛੁਡਾਇਆ ਜਾਵੇ।

ਤਸਵੀਰ ਸਰੋਤ, SAEED KHAN/AFP/Getty Images
ਕੱਟੜਪੰਥੀਆਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਪਛਾਣ ਕੀਤੀ

ਤਸਵੀਰ ਸਰੋਤ, COURTESY - BANARAS KHAN
31 ਦਸੰਬਰ ਨੂੰ ਇਨ੍ਹਾਂ ਤਿੰਨ ਕੱਟੜਪੰਥੀਆਂ ਅਤੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਲੈ ਕੇ ਇੰਡਿਅਨ ਏਅਰਲਾਈਨਜ਼ ਦਾ ਇੱਕ ਜਹਾਜ਼ ਸ਼ਾਮ ਪੰਜ ਵਜੇ ਕੰਧਾਰ ਪਹੁੰਚਿਆ। ਉਸ ਵੇਲੇ ਸੂਰਜ ਡੁੱਬਣ ਹੀ ਵਾਲਾ ਸੀ।
ਘਨਸ਼ਿਆਮ ਯਾਦ ਕਰਦੇ ਹਨ, "ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਸੀ ਕਿ ਯਾਤਰੀਆਂ ਨੂੰ ਜਹਾਜ਼ ਤੋਂ ਕਿਵੇਂ ਉਤਾਰਿਆ ਜਾਵੇ, ਕਿਉਂਕਿ ਕੰਧਾਰ ਹਵਾਈ ਅੱਡੇ 'ਤੇ ਸਿਰਫ਼ ਇੱਕ ਹੀ ਪੌੜੀ ਉਪਲੱਬਧ ਸੀ। ਉਸ ਪੌੜੀ ਰਾਹੀਂ ਸਭ ਤੋਂ ਪਹਿਲਾਂ ਕੱਟੜਪੰਥੀਆਂ ਅਤੇ ਵਿਦੇਸ਼ ਮੰਤਰੀ ਨੂੰ ਉਤਾਰਿਆ ਗਿਆ।''
''ਫਿਰ ਉਸੇ ਪੌੜੀ ਰਾਹੀਂ ਅਗਵਾ ਕੀਤੇ ਗਏ ਜਹਾਜ਼ ਤੋਂ ਯਾਤਰੀ ਉਤਾਰੇ ਗਏ ਅਤੇ ਫਿਰ ਉਸੇ ਪੌੜੀ ਨਾਲ ਉਨ੍ਹਾਂ ਯਾਤਰੀਆਂ ਨੂੰ ਭਾਰਤ ਤੋਂ ਆਏ ਜਹਾਜ਼ 'ਤੇ ਚੜ੍ਹਾਇਆ ਗਿਆ। ਇਸ ਸਾਰੇ ਕੰਮ ਵਿੱਚ ਕਾਫ਼ੀ ਸਮਾਂ ਲੱਗ ਗਿਆ। ਜਸਵੰਤ ਸਿੰਘ ਵਿਦੇਸ਼ ਮੰਤਰਾਲੇ ਦੇ ਨਿਰਦੇਸ਼ਕ ਵੀ.ਪੀ. ਹਰਣ ਨਾਲ ਸਭ ਤੋਂ ਪਹਿਲਾਂ ਉਤਰੇ। ਉਨ੍ਹਾਂ ਨੂੰ ਤਾਲਿਬਾਨ ਦੇ ਵਿਦੇਸ਼ ਮੰਤਰੀ ਨਾਲ ਮਿਲਣ ਲਈ ਲਿਜਾਇਆ ਗਿਆ। ਉਨ੍ਹਾਂ ਨੇ ਵਿਚੋਲਗੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਤਿੰਨੇ ਕੱਟੜਪੰਥੀ ਉਤਰੇ। ਉਨ੍ਹਾਂ ਨੂੰ ਤਾਲਿਬਾਨ ਦੇ ਪ੍ਰਤੀਨਿਧੀਆਂ ਨੇ ਇੱਕ-ਇੱਕ ਕਰਕੇ ਰਿਸੀਵ ਕੀਤਾ। ਇਸ ਤੋਂ ਬਾਅਦ ਉਹ ਤਿੰਨੇ ਗਾਇਬ ਹੋ ਗਏ।
ਜਸਵੰਤ ਸਿੰਘ ਨੇ ਉਸ ਦ੍ਰਿਸ਼ ਦਾ ਵਰਣਨ ਕਰਦੇ ਹੋਏ ਆਪਣੀ ਆਤਮਕਥਾ 'ਅ ਕਾਲ ਟੂ ਆਨਰ' ਵਿੱਚ ਲਿਖਿਆ, "ਜਿਵੇਂ ਹੀ ਉਹ ਤਿੰਨੇ ਹੇਠਾਂ ਉਤਰੇ, ਉਨ੍ਹਾਂ ਦਾ ਗਲ਼ੇ ਲਗਾ ਕੇ ਅਤੇ ਨਾਅਰੇ ਲਗਾ ਕੇ ਸਵਾਗਤ ਕੀਤਾ ਗਿਆ। ਇਨ੍ਹਾਂ ਸਾਰਿਆਂ ਦੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਤੋਂ ਉੱਥੇ ਲਿਆਇਆ ਗਿਆ ਸੀ। ਉਨ੍ਹਾਂ ਲੋਕਾਂ ਨੇ ਬਾਕਾਇਦਾ ਉਨ੍ਹਾਂ ਦੀ ਪਛਾਣ ਕੀਤੀ। ਜਦੋਂ ਹਾਈਜੈਕਰ ਨਿਸ਼ਚਿੰਤ ਹੋ ਗਏ ਕਿ ਛੱਡੇ ਗਏ ਕੱਟੜਪੰਥੀ ਅਸਲੀ ਹਨ, ਫਿਰ ਹੀ ਉਨ੍ਹਾਂ ਨੇ ਜਹਾਜ਼ ਤੋਂ ਉਤਰਣ ਦਾ ਫ਼ੈਸਲਾ ਕੀਤਾ। ਇਸ ਵਿਚਕਾਰ ਮੈਂ ਇੰਤਜ਼ਾਰ ਕਰਦਾ ਰਿਹਾ। ਇਸ ਦੌਰਾਨ ਹਨੇਰਾ ਛਾ ਗਿਆ। ਠੰਢ ਵਧ ਗਈ।"
ਡੋਵਾਲ ਨੂੰ ਦੂਰਬੀਨ ਭੇਂਟ ਕੀਤੀ

ਤਸਵੀਰ ਸਰੋਤ, Getty Images
ਉਸੇ ਦੌਰਾਨ ਇੱਕ ਹਾਈਜੈਕਰ ਨੇ ਅਜੀਤ ਡੋਵਾਲ ਨੂੰ ਇੱਕ ਦੂਰਬੀਨ ਭੇਂਟ ਕੀਤੀ। ਬਾਅਦ ਵਿੱਚ ਇਸ ਬਾਰੇ ਡੋਵਾਲ ਨੇ ਲਿਖਿਆ, "ਤਿੰਨ ਕੱਟੜਪੰਥੀਆਂ ਨੂੰ ਹਾਈਜੈਕਰਾਂ ਦੇ ਹਵਾਲੇ ਕਰਨ ਤੋਂ ਪਹਿਲਾਂ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਹਾਈਜੈਕਰ ਕਿਸੇ ਹੋਰ ਸ਼ਰਾਰਤ ਦੀ ਤਾਕ ਵਿੱਚ ਤਾਂ ਨਹੀਂ ਹਨ। ਮੈਂ ਜਹਾਜ਼ ਵਿੱਚ ਜਾ ਕੇ ਯਾਤਰੀਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਸੰਬੋਧਨ ਕੀਤਾ।''
''ਜਦੋਂ ਮੈਂ ਜਹਾਜ਼ ਤੋਂ ਉਤਰ ਰਿਹਾ ਸੀ ਤਾਂ ਦੋ ਹਾਈਜੈਕਰ ਬਰਗਰ ਅਤੇ ਸੈਂਡੀ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਮੈਨੂੰ ਯਾਦਗਾਰ ਵਜੋਂ ਇੱਕ ਛੋਟੀ ਜਿਹੀ ਦੂਰਬੀਨ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੂਰਬੀਨ ਨਾਲ ਉਹ ਬਾਹਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਸਨ। ਜਦੋਂ ਅਸੀਂ ਦਿੱਲੀ ਪਰਤ ਰਹੇ ਸੀ ਤਾਂ ਮੈਂ ਉਹ ਦੂਰਬੀਨ ਵਿਦੇਸ਼ ਮੰਤਰੀ ਨੂੰ ਦਿਖਾਈ। ਉਨ੍ਹਾਂ ਨੇ ਇਹ ਕਹਿ ਕੇ ਉਹ ਦੂਰਬੀਨ ਆਪਣੇ ਕੋਲ ਰੱਖ ਲਈ ਕਿ ਇਹ ਉਨ੍ਹਾਂ ਨੂੰ ਕੰਧਾਰ ਦੇ ਕੌੜੇ ਤਜਰਬੇ ਦੀ ਯਾਦ ਦਿਵਾਉਂਦੀ ਰਹੇਗੀ।"
ਉਸ ਰਾਤ ਵਿਦੇਸ਼ ਮੰਤਰੀ ਜਸਵੰਤ ਸਿੰਘ ਸਾਰੇ ਯਾਤਰੀਆਂ ਨਾਲ ਦਿੱਲੀ ਵਾਪਸ ਆ ਗਏ, ਪਰ ਉਨ੍ਹਾਂ ਨੇ ਘਨਸ਼ਿਆਮ ਨੂੰ ਹੁਕਮ ਦਿੱਤਾ ਕਿ ਜਦ ਤੱਕ ਅਗਵਾ ਕੀਤਾ ਗਿਆ ਭਾਰਤੀ ਜਹਾਜ਼ ਦਿੱਲੀ ਵਾਪਸ ਨਹੀਂ ਚਲਾ ਜਾਂਦਾ, ਉਹ ਕੰਧਾਰ ਵਿੱਚ ਹੀ ਰਹਿਣ।

ਘਨਸ਼ਿਆਮ ਯਾਦ ਕਰਦੇ ਹਨ, "ਜਦੋਂ ਮੈਂ ਕਰੀਬ ਸੱਤ ਵਜੇ ਜਹਾਜ਼ ਦੇ ਅੰਦਰ ਗਿਆ ਤਾਂ ਉੱਥੇ ਬਰਦਾਸ਼ਤ ਤੋਂ ਬਾਹਰ ਵਾਲੀ ਬਦਬੂ ਆ ਰਹੀ ਸੀ। ਕਾਕਪਿਟ ਦੇ ਅੰਦਰ ਚਿਕਨ ਦੀਆਂ ਹੱਡੀਆਂ ਅਤੇ ਸੰਤਰਿਆਂ ਦੇ ਛਿਲਕੇ ਪਏ ਸਨ। ਟਾਇਲਟ ਇਸਤੇਮਾਲ ਯੋਗ ਨਹੀਂ ਸਨ।''
''ਉਸ ਰਾਤ ਮੈਂ ਹਵਾਈ ਅੱਡੇ ਦੇ ਲਾਊਂਜ ਵਿੱਚ ਹੀ ਰੁਕਿਆ। 11 ਵਜੇ ਤੱਕ ਕੈਪਟਨ ਰਾਓ ਜਹਾਜ਼ ਤੋਂ ਵਾਪਸ ਨਹੀਂ ਆਏ ਸਨ। ਮੈਂ ਉਨ੍ਹਾਂ ਬਾਰੇ ਪੁੱਛਣ ਲਈ ਜਹਾਜ਼ ਤੱਕ ਗਿਆ। ਮੈਂ ਕੈਪਟਨ ਰਾਓ ਨੂੰ ਆਪਣੇ ਨਾਲ ਲਾਊਂਜ ਲੈ ਆਇਆ ਅਤੇ ਅਸੀਂ ਸਾਰੇ ਉਸ ਰਾਤ ਲਾਊਂਜ ਵਿੱਚ ਹੀ ਸੁੱਤੇ।"
ਤਾਲਿਬਾਨ ਵੱਲੋਂ ਘਨਸ਼ਿਆਮ ਨੂੰ ਤੋਹਫ਼ਾ

ਤਸਵੀਰ ਸਰੋਤ, SAEED KHAN/AFP/GETTY IMAGES
ਅਗਲੇ ਦਿਨ, 1 ਜਨਵਰੀ ਨੂੰ ਘਨਸ਼ਿਆਮ ਇਸਲਾਮਾਬਾਦ ਵਾਪਸ ਆਉਣ ਤੋਂ ਪਹਿਲਾਂ ਤਾਲਿਬਾਨ ਅਧਿਕਾਰੀਆਂ ਨਾਲ ਮਿਲਣਾ ਅਤੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਸਨ, ਪਰ ਕੋਈ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ।
ਲਗਭਗ 11 ਵਜੇ ਕੰਟਰੋਲ ਰੂਮ ਦੇ ਇੱਕ ਅੰਗਰੇਜ਼ੀ ਬੋਲਣ ਵਾਲੇ ਅਧਿਕਾਰੀ ਨੇ ਘਨਸ਼ਿਆਮ ਨੂੰ ਇੱਕ ਪੈਕੇਟ ਦਿੱਤਾ।
ਘਨਸ਼ਿਆਮ ਯਾਦ ਕਰਦੇ ਹਨ, "ਪੈਕੇਟ ਵਿੱਚ ਕੁਝ ਬਦਾਮ ਅਤੇ ਕਿਸ਼ਮਿਸ਼ ਸਨ। ਇਸ ਵਿੱਚ ਇੱਕ ਛੋਟੀ ਕੰਘੀ, ਇੱਕ ਨੇਲ ਕਟਰ, ਨਾਈਲੋਨ ਦੀਆਂ ਜ਼ੁਰਾਬਾਂ ਦਾ ਇੱਕ ਜੋੜਾ ਅਤੇ ਇੱਕ ਅਫਗਾਨ ਪਹਿਰਾਵਾ ਬਣਾਉਣ ਲਈ ਕੁਝ ਮੀਟਰ ਸੂਤੀ ਕੱਪੜਾ ਵੀ ਸੀ। ਉਸ ਆਦਮੀ ਨੇ ਮੈਨੂੰ ਦੱਸਿਆ ਕਿ ਇਹ ਤਾਲਿਬਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਮੈਨੂੰ ਭੇਜਿਆ ਗਿਆ ਤੋਹਫ਼ਾ ਹੈ। 12 ਵਜੇ ਮੈਂ ਸੰਯੁਕਤ ਰਾਸ਼ਟਰ ਦੇ ਜਹਾਜ਼ 'ਤੇ ਸਵਾਰ ਹੋਇਆ ਅਤੇ ਇਸਲਾਮਾਬਾਦ ਲਈ ਰਵਾਨਾ ਹੋ ਗਿਆ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












