ਜਦੋਂ ਚੀਨ ਵਿਰੁੱਧ ਜੰਗ ਦੌਰਾਨ 120 ਭਾਰਤੀ ਸੈਨਿਕਾਂ ਨੇ ਪਿੱਛੇ ਹੱਟਣ ਤੋਂ ਇਨਕਾਰ ਕਰ ਦਿੱਤਾ

ਫਿਲਮ '120 ਬਹਾਦੁਰ'

ਤਸਵੀਰ ਸਰੋਤ, 120 Bahadur team

ਤਸਵੀਰ ਕੈਪਸ਼ਨ, ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਫਿਲਮ '120 ਬਹਾਦੁਰ' ਵਿੱਚ ਮੇਜਰ ਸ਼ੈਤਾਨ ਸਿੰਘ ਦੀ ਮੁੱਖ ਭੂਮਿਕਾ ਨਿਭਾਈ ਹੈ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਵਿੱਚ ਇੱਕ ਬਾਲੀਵੁੱਡ ਫ਼ਿਲਮ ਨੇ 1962 ਵਿੱਚ ਭਾਰਤ ਅਤੇ ਚੀਨ ਵਿਚਕਾਰ ਹੋਈ ਜੰਗ ਦੌਰਾਨ ਭੁੱਲੀ ਹੋਈ ਲੜਾਈ ਦੀ ਯਾਦ ਤਾਜ਼ੀ ਕਰ ਦਿੱਤੀ ਹੈI

ਫ਼ਿਲਮ '120 ਬਹਾਦੁਰ' ਉਨ੍ਹਾਂ ਭਾਰਤੀ ਸੈਨਿਕਾਂ ਦੀ ਕਹਾਣੀ ਦੱਸਦੀ ਹੈ ਜਿਨ੍ਹਾਂ ਨੇ ਲੱਦਾਖ਼ ਦੇ ਜੰਮੇ ਹੋਏ ਹਿਮਾਲਿਆਈ ਪਹਾੜਾਂ 'ਚ ਰੇਜ਼ਾਂਗ ਲਾ ਦਰਰੇ ਦੀ ਰੱਖਿਆ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀI

ਫ਼ਿਲਮ ਵਿੱਚ ਫਰਹਾਨ ਅਖ਼ਤਰ ਨੇ ਮੇਜਰ ਸ਼ੈਤਾਨ ਸਿੰਘ ਦੀ ਭੂਮਿਕਾ ਨਿਭਾਈ ਹੈI ਇਹ ਫ਼ਿਲਮ ਬਾਕਸ ਆਫ਼ਿਸ 'ਤੇ ਫਲਾਪ ਹੋ ਗਈ, ਪਰ ਇਸ ਨੇ 1962 ਵਿੱਚ ਭਾਰਤ ਦੀ ਹਾਰ ਨਾਲ ਜੁੜੀ ਇਸ ਜੰਗ ਦੀ ਇੱਕੋ-ਇੱਕ ਸਕਾਰਾਤਮਕ ਗੱਲ ਨੂੰ ਸਾਹਮਣੇ ਲਿਆ ਦਿੱਤਾ।

ਸੰਵਾਦ (ਡਾਇਲਾਗ) ਲੇਖਕ ਸੁਮਿਤ ਅਰੋੜਾ ਨੇ ਬੀਬੀਸੀ ਨੂੰ ਕਿਹਾ, "ਸਾਨੂੰ ਲੱਗਿਆ ਕਿ ਇਹ ਕਹਾਣੀ ਦੱਸਣੀ ਬਹੁਤ ਜ਼ਰੂਰੀ ਹੈI ਅਸੀਂ ਉਨ੍ਹਾਂ ਲੋਕਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ, ਜਿਨ੍ਹਾਂ ਨੇ ਇਹ ਕਹਾਣੀ ਹੰਢਾਈ ਹੈI ਅਸੀਂ ਕੁਝ ਸਿਨੇਮਾਈ ਛੋਟ ਲਈ ਹੈ, ਪਰ ਇਤਿਹਾਸ ਪ੍ਰਤੀ ਸਾਡੀ ਫ਼ਿਲਮ ਕਾਫ਼ੀ ਹੱਦ ਤੱਕ ਇਮਾਨਦਾਰ ਹੈI

ਇਹ ਯੁੱਧ ਉਸ ਸਮੇਂ ਹੋਇਆ ਜਦੋਂ ਸਰਹੱਦੀ ਤਣਾਅ ਕਾਰਨ ਭਾਰਤ ਅਤੇ ਚੀਨ ਦੇ ਸਬੰਧ ਵਿਗੜ ਰਹੇ ਸਨ ਅਤੇ ਵਿਵਾਦ ਨੂੰ ਹੱਲ ਕਰਨ ਲਈ ਗੱਲਬਾਤ ਬੇਸਿੱਟਾ ਰਹੀ ਸੀ।

ਤਿੱਬਤ ਵਿੱਚ 1959 ਦੇ ਵਿਦ੍ਰੋਹ ਤੋਂ ਬਾਅਦ ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਦੇਣ ਕਰਕੇ ਵੀ ਬੀਜਿੰਗ ਨਾਰਾਜ਼ ਸੀI

ਚੀਨ ਨੇ 20 ਅਕਤੂਬਰ ਨੂੰ ਭਾਰਤ 'ਤੇ ਹਮਲਾ ਕੀਤਾ ਅਤੇ ਇੱਕ ਮਹੀਨਾ ਇਹ ਜੰਗ ਚੱਲੀI ਬੀਜਿੰਗ ਨੇ ਕਿਹਾ ਕਿ ਇਹ ਸਵੈ-ਰੱਖਿਆ ਲਈ ਕੀਤਾ ਗਿਆ ਜਵਾਬੀ ਹਮਲਾ ਸੀ ਅਤੇ ਦਿੱਲੀ 'ਤੇ ਹਮਲਾਵਰ ਢੰਗ ਨਾਲ ਚੀਨੀ ਖੇਤਰ 'ਤੇ ਕਬਜ਼ਾ ਕਰਨ ਅਤੇ ਚੀਨੀ ਹਵਾਈ ਖੇਤਰ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ।

ਇੱਕ ਮਹੀਨੇ ਬਾਅਦ, ਚੀਨ ਨੇ ਇੱਕ ਪਾਸੜ ਜੰਗਬੰਦੀ ਦਾ ਐਲਾਨ ਕੀਤਾ, ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ ਅਤੇ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾI

ਇਸ ਜੰਗ ਵਿੱਚ ਭਾਰਤ ਨੇ 7,000 ਸੈਨਿਕ ਅਤੇ 38,000 ਵਰਗ ਕਿਲੋਮੀਟਰ ਜ਼ਮੀਨ ਗੁਆ ਦਿੱਤੀI

ਬਾਅਦ ਵਿੱਚ ਦੋਵੇਂ ਦੇਸ਼ਾਂ ਵਿਚਕਾਰ 3,440 ਕਿਲੋਮੀਟਰ ਲੰਬੀ ਅਸਲ ਕੰਟ੍ਰੋਲ ਰੇਖਾ ਤੈਅ ਕੀਤੀ ਗਈ, ਜੋ ਨਦੀਆਂ, ਝੀਲਾਂ ਅਤੇ ਬਰਫ਼ ਨਾਲ ਢਕੀਆਂ ਚੋਟੀਆਂ 'ਤੇ ਨਿਸ਼ਾਨਬੱਧ ਹੈI

ਉਹ ਲੜਾਈ ਜਿਸ 'ਤੇ ਕਿਸੇ ਨੂੰ ਵਿਸ਼ਵਾਸ ਨਹੀਂ ਹੋਇਆ

1962 ਦੀ ਜੰਗ

ਤਸਵੀਰ ਸਰੋਤ, Radloff/Three Lions/Getty Images

ਤਸਵੀਰ ਕੈਪਸ਼ਨ, ਨਵੰਬਰ 1962 ਵਿੱਚ ਇੱਕ ਮਹੀਨਾ ਚੱਲੀ ਝੜਪ ਵਿੱਚ ਭਾਰਤ ਨੇ ਘੱਟੋ-ਘੱਟ 7,000 ਸੈਨਿਕ ਗੁਆ ਦਿੱਤੇ

ਚੀਨ ਨੇ ਇਸ ਜੰਗ ਬਾਰੇ ਸਰਕਾਰੀ ਤੌਰ 'ਤੇ ਬਹੁਤ ਘੱਟ ਜ਼ਿਕਰ ਕੀਤਾ ਹੈI ਉਸ ਨੇ ਸਿਰਫ਼ ਇਹ ਦਾਅਵਾ ਕੀਤਾ ਕਿ ਉਸਦੇ ਸੈਨਿਕਾਂ ਨੇ ਟਕਰਾਅ ਵਾਲੇ ਖੇਤਰ ਵਿੱਚ ਭਾਰਤ ਦੀਆਂ ਸਾਰੀਆਂ ਚੌਂਕੀਆਂ ਨਸ਼ਟ ਕਰ ਦਿੱਤੀਆਂI ਰੇਜ਼ਾਂਗ ਲਾ ਦੀ ਲੜਾਈ 'ਤੇ ਚੀਨ ਨੇ ਕਦੇ ਕੋਈ ਟਿੱਪਣੀ ਨਹੀਂ ਕੀਤੀI

ਇਹ ਲੜਾਈ 16,000 ਫੁੱਟ ਤੋਂ ਵੀ ਵੱਧ ਉਚਾਈ 'ਤੇ ਲੜੀ ਗਈ ਸੀI ਭਾਰਤ ਵਿੱਚ ਇਸਨੂੰ ਇੱਕ 'ਇਤਿਹਾਸਿਕ ਯੁੱਧ' ਅਤੇ 'ਅੰਤ ਤੱਕ ਲੜੇ ਗਏ ਸਭ ਤੋਂ ਮਹਾਨ ਸੰਘਰਸ਼ਾਂ ਵਿਚੋਂ ਇੱਕ' ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈI ਇਸ ਲੜਾਈ 'ਤੇ ਕਿਤਾਬਾਂ ਵੀ ਲਿਖੀਆਂ ਗਈਆਂ ਹਨ ਅਤੇ ਫ਼ਿਲਮਾਂ ਵੀ ਬਣੀ ਚੁੱਕੀਆਂ ਹਨI

ਇਹ ਲੜਾਈ 18 ਨਵੰਬਰ ਦੀ ਰਾਤ 3.30 ਵਜੇ ਤੋਂ ਸਵੇਰ 8.15 ਵਜੇ ਤੱਕ ਚੱਲੀ ਸੀI

2021 'ਚ ਆਈ ਕਿਤਾਬ 'ਬੈਟਲ ਆਫ਼ ਰੇਜ਼ਾਂਗ ਲਾ' ਦੇ ਲੇਖਕ ਅਤੇ ਸਾਬਕਾ ਨੌਸੈਨਾ ਅਧਿਕਾਰੀ ਕੁਲਪ੍ਰੀਤ ਯਾਦਵ ਕਹਿੰਦੇ ਹਨ ਕਿ ਇਹ ਪਾਸਾ ਚੁਸ਼ੁਲ ਹਵਾਈ ਪੱਟੀ ਦੇ ਨੇੜੇ ਸੀ, ਜੋ ਉਸ ਸਮੇਂ "ਇੱਕ ਪ੍ਰਮੁੱਖ ਰਣਨੀਤਕ ਕੇਂਦਰ ਸੀ, ਕਿਉਂਕਿ ਇਸ ਖੇਤਰ ਨੂੰ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਸੜਕ ਨੈੱਟਵਰਕ ਲਗਭਗ ਨਾ ਦੇ ਬਰਾਬਰ ਸੀI"

120 ਸੈਨਿਕਾਂ ਵਿਚੋਂ ਸਿਰਫ਼ ਪੰਜ ਸੈਨਿਕ ਹੀ ਜ਼ਿੰਦਾ ਬਚੇI ਇਸ ਲੜਾਈ 'ਚ ਮਾਰੇ ਗਏ ਮੇਜਰ ਸਿੰਘ ਨੂੰ ਉਨ੍ਹਾਂ ਦੀ ਹਿੰਮਤ ਅਤੇ ਅਗਵਾਈ ਲਈ ਮੌਤ ਉਪਰੰਤ ਭਾਰਤ ਦੇ ਸਭ ਤੋਂ ਵੱਡੇ ਫ਼ੌਜੀ ਸਨਮਾਨ, ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀI

12 ਹੋਰ ਸੈਨਿਕਾਂ ਨੂੰ ਬਹਾਦਰੀ ਮੈਡਲ ਮਿਲੇ।

ਕੁਲਪ੍ਰੀਤ ਯਾਦਵ ਦਾ ਕਹਿਣਾ ਹੈ ਕਿ, ਪਰ ਜਦੋਂ ਬਚੇ ਹੋਏ ਸੈਨਿਕਾਂ ਨੇ ਸ਼ੁਰੂ 'ਚ ਹੀ ਆਪਣੇ ਉੱਚ ਅਧਿਕਾਰੀਆਂ ਨੂੰ ਆਪਣੇ ਹਿੰਮਤੀ ਅੰਤਮ ਸੰਘਰਸ਼ ਬਾਰੇ ਦੱਸਿਆ, ਤਾਂ "ਦੁਖਦਾਈ ਤੌਰ 'ਤੇ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾI"

ਉਨ੍ਹਾਂ ਨੇ ਕਿਹਾ, "ਮਨੋਬਲ ਬਹੁਤ ਘੱਟ ਸੀI ਅਸੀਂ ਜੰਗ ਬੁਰੀ ਤਰ੍ਹਾਂ ਹਾਰ ਚੁੱਕੇ ਸੀI ਇੱਕ ਬ੍ਰਿਗੇਡੀਅਰ ਸਮੇਤ ਸਾਡੇ ਹਜ਼ਾਰਾਂ ਸੈਨਿਕਾਂ ਨੂੰ ਚੀਨ ਨੇ ਜੰਗੀ ਕੈਦੀ ਬਣਾ ਲਿਆ ਸੀI ਇਸ ਲਈ ਕਿਸੇ ਨੂੰ ਇਹ ਯਕੀਨ ਨਹੀਂ ਹੋਇਆ ਕਿ ਅਜਿਹਾ ਬਹਾਦਰੀ ਭਰਿਆ ਅੰਤਮ ਸੰਘਰਸ਼ ਸੰਭਵ ਹੋ ਸਕਦਾ ਹੈI"

ਰੇਜ਼ਾਂਗ ਲਾ ਦਰਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2007 ਵਿੱਚ, ਰੇਜ਼ਾਂਗ ਲਾ ਵਿਖੇ ਮਾਰੇ ਗਏ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਇੱਕ ਸਮਾਗਮ ਲਈ ਦਿੱਲੀ ਸੱਦਾ ਦਿੱਤਾ ਗਿਆ ਸੀ

ਉਸ ਸਮੇਂ ਵਿਆਪਕ ਤੌਰ 'ਤੇ ਇਹ ਮੰਨਿਆ ਗਿਆ ਕਿ ਰੇਜ਼ਾਂਗ ਲਾ 'ਤੇ ਤੈਨਾਤ ਸੈਨਿਕ ਜਾਂ ਤਾਂ ਲੜਾਈ ਤੋਂ ਭੱਜ ਗਏ ਸਨ ਜਾਂ ਫਿਰ ਉਨ੍ਹਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ ਸੀ।

"ਲਗਭਗ ਤਿੰਨ ਮਹੀਨੇ ਬਾਅਦ, ਜਦੋਂ ਜੰਗ ਪਿੱਛੇ ਰਹਿ ਗਈ ਸੀ, ਤਾਂ ਇੱਕ ਚਰਵਾਹੇ ਨੂੰ ਤਬਾਹ ਹੋਏ ਬੰਕਰ, ਖਾਲ੍ਹੀ ਗੋਲੇ, ਵਰਤੇ ਹੋਏ ਕਾਰਤੂਸ ਅਤੇ ਬਰਫ਼ ਵਿੱਚ ਜੰਮੀਆਂ ਹੋਈਆਂ ਲਾਸ਼ਾਂ ਮਿਲੀਆਂ। ਉਦੋਂ ਹੀ ਪਹਿਲੀ ਵਾਰ ਇਸ ਲੜਾਈ ਦੀ ਅਸਲ ਤਸਵੀਰ ਸਾਹਮਣੇ ਆ ਸਕੀ।"

ਇਹ ਸੈਨਿਕ 13 ਕੁਮਾਊਂ ਬਟਾਲੀਅਨ ਦੀ ਸੀ ਕੰਪਨੀ ਨਾਲ ਸੰਬੰਧਤ ਸਨ, ਜਿਨ੍ਹਾਂ ਨੂੰ ਮੇਜਰ ਸਿੰਘ ਦੀ ਕਮਾਨ ਹੇਠ ਇਸ ਦਰਰੇ 'ਤੇ ਤੈਨਾਤ ਕੀਤਾ ਗਿਆ ਸੀ।

ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਸਲਾਹ ਦਿੱਤੀ ਗਈ ਸੀ ਕਿ ਜੇ ਗੋਲਾ-ਬਾਰੂਦ ਖ਼ਤਮ ਹੋ ਜਾਵੇ ਤਾਂ ਪਿੱਛੇ ਹੱਟਣ ਬਾਰੇ ਸੋਚਿਆ ਜਾਵੇ। ਪਰ ਜਦੋਂ ਮੇਜਰ ਸਿੰਘ ਨੇ ਇਹ ਗੱਲ ਆਪਣੇ ਜਵਾਨਾਂ ਸਾਹਮਣੇ ਰੱਖੀ, ਤਾਂ ਉਨ੍ਹਾਂ ਨੇ ਕਿਹਾ, "ਅਸੀਂ ਆਖ਼ਰੀ ਆਦਮੀ, ਆਖ਼ਰੀ ਗੋਲੀ ਤੱਕ ਲੜਾਂਗੇ।"

"ਜਦੋਂ ਚੀਨੀ ਸੈਨਿਕਾਂ ਨੇ ਦਰਰੇ 'ਤੇ ਹਮਲਾ ਕੀਤਾ, ਤਾਂ ਸੀ ਕੰਪਨੀ ਲੜਾਈ ਲਈ ਤਿਆਰ ਸੀ। ਪਰ ਜਲਦੀ ਹੀ ਭਾਰਤੀ ਚੌਂਕੀ 'ਤੇ ਭਾਰੀ ਦਬਾਅ ਪੈ ਗਿਆ।"

ਇਹ ਇੱਕ ਪੱਖੀ ਮੁਕਾਬਲਾ ਸੀ। 120 ਸੈਨਿਕਾਂ ਦੇ ਸਾਹਮਣੇ ਹਜ਼ਾਰਾਂ ਹਮਲਾਵਰ ਸਨ। ਚੀਨ ਨੇ 1962 ਦੀ ਜੰਗ ਨਾਲ ਜੁੜੇ ਦਸਤਾਵੇਜ਼ ਅਜੇ ਤੱਕ ਜਨਤਕ ਨਹੀਂ ਕੀਤੇ ਪਰ ਭਾਰਤੀ ਅੰਦਾਜ਼ਿਆਂ ਮੁਤਾਬਕ ਘੱਟੋ-ਘੱਟ 3,000 ਚੀਨੀ ਸੈਨਿਕਾਂ ਨੇ ਇਸ ਦਰਰੇ 'ਤੇ ਹਮਲਾ ਕੀਤਾ ਸੀ।

ਉਹ ਕਹਿੰਦੇ ਹਨ, "ਚੀਨੀ ਸੈਨਿਕਾਂ ਕੋਲ ਵਧੀਆ ਹਥਿਆਰ ਸਨ ਅਤੇ ਉਹ ਪੂਰੀ ਤਰ੍ਹਾਂ ਤਿਆਰ ਸਨ, ਜਦਕਿ ਭਾਰਤੀ ਸੈਨਿਕਾਂ ਕੋਲ ਸੈਮੀ-ਆਟੋਮੈਟਿਕ ਰਾਈਫ਼ਲਾਂ ਸਨ ਅਤੇ ਹਰ ਜਵਾਨ ਲਈ ਸਿਰਫ਼ 600 ਗੋਲੀਆਂ ਦੀ ਸੀਮਤ ਸਪਲਾਈ ਸੀ।"

ਮੇਜਰ ਸ਼ੈਤਾਨ ਸਿੰਘ 'ਤੇ 2014 ਵਿੱਚ ਲਿਖੀ ਆਪਣੀ ਕਿਤਾਬ ਵਿੱਚ ਪੱਤਰਕਾਰ ਰਚਨਾ ਬਿਸ਼ਟ ਨੇ ਲਿਖਿਆ ਕਿ ਮੈਦਾਨੀ ਇਲਾਕਿਆਂ ਤੋਂ ਆਈ ਸੀ ਕੰਪਨੀ ਨੇ ਪਹਿਲਾਂ ਕਦੇ ਬਰਫ਼ ਨਹੀਂ ਦੇਖੀ ਸੀ ਅਤੇ ਉਨ੍ਹਾਂ ਨੂੰ ਹਾਲਾਤਾਂ ਅਨੁਸਾਰ ਢਲਣ ਲਈ ਸਮਾਂ ਵੀ ਨਹੀਂ ਮਿਲਿਆ ਸੀ।

ਰਾਮ ਚੰਦਰ ਯਾਦਵ

ਲੜਾਈ ਵਾਲੀ ਰਾਤ ਕੀ ਹੋਇਆ?

ਲੜਾਈ ਵਿੱਚ ਜ਼ਿੰਦਾ ਬਚੇ ਸੂਬੇਦਾਰ ਰਾਮ ਚੰਦਰ ਨੇ ਯਾਦ ਕਰਦੇ ਹੋਏ ਕਿਹਾ, "ਮੌਸਮ ਬਹੁਤ ਖ਼ਰਾਬ ਸੀ। ਸਾਡੇ ਕੋਲ ਠੀਕ ਤਰ੍ਹਾਂ ਦੇ ਸਰਦੀ ਦੇ ਕੱਪੜੇ ਅਤੇ ਜੁੱਤੇ ਨਹੀਂ ਸਨ।"

ਉਨ੍ਹਾਂ ਨੇ ਕਿਹਾ, "ਜੋ ਜਰਸੀ, ਸੂਤੀ ਪੈਂਟ ਅਤੇ ਹਲਕਾ ਕੋਟ ਸਾਨੂੰ ਮਿਲਿਆ ਸੀ, ਉਹ ਜਮਾਉਂਦੀਆਂ ਹਵਾਵਾਂ ਵਿੱਚ ਸਾਨੂੰ ਗਰਮ ਨਹੀਂ ਰੱਖ ਸਕੀ। ਸੈਨਿਕਾਂ ਨੂੰ ਤੇਜ਼ ਸਿਰਦਰਦ ਹੁੰਦਾ ਸੀ ਅਤੇ ਨਰਸਿੰਗ ਅਸਿਸਟੈਂਟ ਦਵਾਈਆਂ ਵੰਡਦਾ ਹੋਇਆ ਇੱਕ ਪੋਸਟ ਤੋਂ ਦੂਜੀ ਪੋਸਟ ਤੱਕ ਦੌੜਦਾ ਰਹਿੰਦਾ ਸੀ।"

ਲੜਾਈ ਦੀ ਰਾਤ, ਜਦੋਂ ਬਰਫ਼ ਪੈ ਰਹੀ ਸੀ ਅਤੇ ਤਾਪਮਾਨ ਕਰੀਬ ਮਾਈਨਸ 24 ਡਿਗਰੀ ਸੈਲਸੀਅਸ ਸੀ, ਸੂਬੇਦਾਰ ਰਾਮ ਚੰਦਰ ਨੇ ਪਹਿਲਾਂ ਬੀਬੀਸੀ ਹਿੰਦੀ ਨੂੰ ਦੱਸਿਆ ਸੀ, "ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹੀ ਉਹ ਦਿਨ ਹੈ, ਜਿਸ ਦਾ ਅਸੀਂ ਇੰਤਜ਼ਾਰ ਕਰ ਰਹੇ ਸੀ।"

ਬਿਸ਼ਟ ਨੇ ਲਿਖਿਆ ਕਿ ਸੀ ਕੰਪਨੀ ਨੇ ਹਮਲੇ ਦੀ ਪਹਿਲੀ ਲਹਿਰ ਨੂੰ ਰੋਕ ਲਿਆ, ਪਰ ਚੀਨੀ ਮੋਰਟਾਰ ਗੋਲਾਬਾਰੀ ਨੇ ਬੰਕਰ ਅਤੇ ਟੈਂਟ ਤਬਾਹ ਕਰ ਦਿੱਤੇ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਤੀਜੀ ਅਤੇ ਘਾਤਕ ਲਹਿਰ ਵਿੱਚ ਕੰਪਨੀ ਦੇ ਜ਼ਿਆਦਾਤਰ ਸੈਨਿਕ ਮਾਰੇ ਗਏ।

ਸੂਬੇਦਾਰ ਰਾਮ ਚੰਦਰ ਵੱਲੋਂ ਮੇਜਰ ਸ਼ੈਤਾਨ ਸਿੰਘ ਦੀ ਬਹਾਦਰੀ ਬਾਰੇ ਦਿੱਤਾ ਗਿਆ ਵੇਰਵਾ ਬਹੁਤ ਭਾਵੁਕ ਹੈ।

"ਉਨ੍ਹਾਂ ਦੇ ਪੇਟ ਵਿੱਚ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਉਹ ਖੂਨ ਨਾਲ ਭਰੇ ਸਨ, ਅਸਹਿਣਸ਼ੀਲ ਦਰਦ ਵਿੱਚ ਸਨ ਅਤੇ ਵਾਰ-ਵਾਰ ਬੇਹੋਸ਼ ਹੋ ਰਹੇ ਸਨ। ਇਸ ਦੇ ਬਾਵਜੂਦ ਉਹ ਮੈਨੂੰ ਦੱਸਦੇ ਰਹੇ ਕਿ ਲੜਾਈ ਕਿਵੇਂ ਜਾਰੀ ਰੱਖਣੀ ਹੈ।"

"ਫਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਬਟਾਲੀਅਨ ਕੋਲ ਚਲਾ ਜਾਵਾਂ। ਮੈਂ ਕਿਹਾ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ, "ਤੈਨੂੰ ਜਾਣਾ ਪਵੇਗਾ। ਇਹ ਮੇਰਾ ਹੁਕਮ ਹੈ।"

ਰੇਜ਼ਾਂਗ ਲਾ ਦੀ ਲੜਾਈ ਵਿੱਚ ਗੋਲੀਆਂ ਨਾਲ ਛਨਨੀ ਇਹ ਪਾਣੀ ਦੀ ਬੋਤਲ ਨਾਇਕ ਗੁਲਾਬ ਸਿੰਘ ਦੀ ਸੀ

ਤਸਵੀਰ ਸਰੋਤ, Kulpreet Yadav

ਤਸਵੀਰ ਕੈਪਸ਼ਨ, ਰੇਜ਼ਾਂਗ ਲਾ ਦੀ ਲੜਾਈ ਵਿੱਚ ਗੋਲੀਆਂ ਨਾਲ ਛਨਨੀ ਇਹ ਪਾਣੀ ਦੀ ਬੋਤਲ ਨਾਇਕ ਗੁਲਾਬ ਸਿੰਘ ਦੀ ਸੀ

ਜੰਮਿਆ ਹੋਇਆ ਜੰਗੀ ਮੈਦਾਨ ਬਰਕਰਾਰ ਮਿਲਿਆ

ਫਰਵਰੀ 1963 ਵਿੱਚ, ਜਦੋਂ ਲਾਸ਼ਾਂ ਅਤੇ ਬੰਕਰਾਂ ਦਾ ਪਤਾ ਲੱਗਿਆ, ਤਾਂ ਸੈਨਾ ਦੇ ਇੱਕ ਉੱਚ ਅਧਿਕਾਰੀ, ਰੈੱਡ ਕ੍ਰਾਸ ਦੇ ਕਰਮਚਾਰੀਆਂ ਅਤੇ ਮੀਡੀਆ ਨੂੰ ਰੇਜ਼ਾਂਗ ਲਾ ਲੈ ਕੇ ਗਏI ਉੱਥੇ ਬਰਫ਼ ਵਿੱਚ ਜੰਮੀ ਜੰਗਭੂਮੀ "ਜਿਓਂ ਦੀ ਤਿਓਂ ਮਿਲੀI"

ਆਪਣੀ ਕਿਤਾਬ ਵਿੱਚ ਇਸ ਖੋਜ ਬਾਰੇ ਲਿਖਦਿਆਂ ਬਿਸ਼ਟ ਨੇ ਕਿਹਾ," ਜਿਹੜੇ ਵੀ ਸੈਨਿਕ ਲੱਭੇ, ਹਰ ਇੱਕ ਦੀ ਮੌਤ ਕਈ ਗੋਲੀਆਂ ਦੇ ਨਿਸ਼ਾਨ, ਗੋਲਿਆਂ ਦੇ ਟੁੱਕੜੇ ਜਾਂ ਛਰਿਆਂ ਨਾਲ ਹੋਈ ਸੀI ਕੁਝ ਆਪਣੇ ਬੰਕਰਾਂ ਵਿੱਚ ਮਰੇ ਹੋਏ ਸਨ, ਚੱਟਾਨਾਂ ਹੇਠਾਂ ਦੱਬੇ ਹੋਏ ਸਨ ਅਤੇ ਕਈਆਂ ਨੇ ਅਜੇ ਵੀ ਰਾਈਫਲਾਂ ਫੜੀਆਂ ਹੋਈਆਂ ਸਨI

ਨਰਸਿੰਗ ਅਸਿਸਟੈਂਟ ਦੇ ਹੱਥ ਵਿੱਚ ਇੰਜੈਕਸ਼ਨ ਅਤੇ ਪੱਟੀਆਂ ਦਾ ਗੋਲਾ ਸੀ। ਮੋਰਟਾਰ ਚਲਾਉਣ ਵਾਲੇ ਸੈਨਿਕ ਨੇ ਗੋਲਾ ਫੜਿਆ ਹੋਇਆ ਸੀ। ਮੇਜਰ ਸ਼ੈਤਾਨ ਸਿੰਘ ਇੱਕ ਚਟਾਨ ਕੋਲ ਪਏ ਸਨ, ਉਨ੍ਹਾਂ ਦੀ ਖੱਬੀ ਬਾਂਹ 'ਤੇ ਖੂਨ ਨਾਲ ਭਿੱਜੀ ਪੱਟੀ ਬੰਨੀ ਹੋਈ ਸੀ ਅਤੇ ਮਸ਼ੀਨਗਨ ਦੀਆਂ ਗੋਲ਼ੀਆਂ ਨਾਲ ਉਨ੍ਹਾਂ ਦਾ ਪੇਟ ਫੱਟ ਚੁੱਕਾ ਸੀ।

ਇਹ ਹੈਲਮੇਟ ਜੰਗ ਦੇ ਮੈਦਾਨ ਵਿੱਚ ਮਿਲਿਆ ਸੀ ਜੋ ਜਮਾਦਾਰ ਸੂਰਜ ਦਾ ਸੀ

ਤਸਵੀਰ ਸਰੋਤ, Kulpreet Yadav

ਤਸਵੀਰ ਕੈਪਸ਼ਨ, ਇਹ ਹੈਲਮੇਟ ਜੰਗ ਦੇ ਮੈਦਾਨ ਵਿੱਚ ਮਿਲਿਆ ਸੀ ਜੋ ਜਮਾਦਾਰ ਸੂਰਜ ਦਾ ਸੀ

ਬਿਸ਼ਟ ਲਿਖਦੀ ਹੈ ਕਿ ਇੱਕ ਅਜਿਹੀ ਲੜਾਈ, ਜਿਸਨੂੰ "ਜ਼ਿਆਦਾਤਰ ਸ਼ਰਮ ਨਾਲ ਯਾਦ ਕੀਤਾ ਜਾਂਦਾ ਹੈ", ਮੇਜਰ ਸ਼ੈਤਾਨ ਸਿੰਘ ਅਤੇ ਉਨ੍ਹਾਂ ਦੇ ਜਵਾਨਾਂ ਨੇ ਬਹੁਤ ਬਹਾਦਰੀ ਦਿਖਾਈ। ਬਾਅਦ ਵਿੱਚ ਸੀ ਕੰਪਨੀ ਦਾ ਨਾਮ ਬਦਲ ਕੇ ਰੇਜ਼ਾਂਗ ਲਾ ਕੰਪਨੀ ਰੱਖਿਆ ਗਿਆ ਅਤੇ ਰੇਵਾੜੀ ਵਿੱਚ ਇੱਕ ਯਾਦਗਾਰ ਬਣਾਈ ਗਈ, ਜਿੱਥੋਂ ਇਹ ਸੈਨਿਕ ਆਏ ਸਨ।

ਜੰਗਬੰਦੀ ਤੋਂ ਬਾਅਦ ਇਹ ਦਰਰਾ ਨੋ-ਮੈਨਜ਼ ਲੈਂਡ ਬਣ ਗਿਆ ਅਤੇ ਵਿਵਾਦਿਤ ਖੇਤਰ ਦਾ ਹਿੱਸਾ ਹੈ।

ਯਾਦਵ ਕਹਿੰਦੇ ਹਨ ਕਿ ਜੇ ਸੀ ਕੰਪਨੀ ਨੇ ਇੰਨੀ ਬਹਾਦਰੀ ਨਾਲ ਲੜਾਈ ਨਾ ਲੜੀ ਹੁੰਦੀ, ਤਾਂ ਅੱਜ ਭਾਰਤ ਦਾ ਨਕਸ਼ਾ ਕਾਫ਼ੀ ਵੱਖਰਾ ਹੁੰਦਾ।

ਉਹ ਕਹਿੰਦੇ ਹਨ, "ਜੇ ਇਹ ਸੈਨਿਕ ਨਾ ਹੁੰਦੇ, ਤਾਂ ਮੇਰੇ ਵਿਚਾਰ ਵਿੱਚ ਭਾਰਤ ਲੱਦਾਖ਼ ਦਾ ਅੱਧਾ ਹਿੱਸਾ ਗੁਆ ਲੈਂਦਾ। ਹਵਾਈ ਪੱਟੀ ਅਤੇ ਚੁਸ਼ੁਲ 'ਤੇ ਚੀਨ ਕਬਜ਼ਾ ਕਰ ਲੈਂਦਾ।"

"1962 ਦੀ ਜੰਗ ਵਿੱਚ ਭਾਰਤ ਲਈ ਇਹ ਲੜਾਈ ਇੱਕੋ ਇੱਕ ਸਕਾਰਾਤਮਕ ਪੱਖ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)