ਜਦੋਂ ਬਲਾਤਕਾਰ ਤੋਂ ਬਾਅਦ ਪੈਦਾ ਹੋਏ ਬੱਚੇ ਦਾ ਡੀਐਨਏ ਨਾਮਜ਼ਦ ਸ਼ੱਕੀ ਨਾਲ ਮੈਚ ਹੀ ਨਹੀਂ ਹੋਇਆ, ਪੁਲਿਸ ਅਸਲ ਪਿਤਾ ਤੱਕ ਕਿਵੇਂ ਪਹੁੰਚੀ

ਅਪਰਾਧ

ਤਸਵੀਰ ਸਰੋਤ, Getty Images

    • ਲੇਖਕ, ਏਹਤੇਸ਼ਾਮ ਅਹਿਮਦ ਸ਼ਮੀ
    • ਰੋਲ, ਬੀਬੀਸੀ ਪੱਤਰਕਾਰ

ਦਸੰਬਰ ਦੇ ਪਹਿਲੇ ਹਫ਼ਤੇ, ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਖ਼ਬਰ ਆਈ ਕਿ ਬਲਾਤਕਾਰ ਦੇ ਮੁਲਜ਼ਮ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਪੀੜਤਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਕੁੜੀ ਨੇ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਹੇ ਇੱਕ ਵਿਅਕਤੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ ਅਤੇ ਉਸ ਵਿਅਕਤੀ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ।

17 ਸਾਲਾ ਕੁੜੀ ਬਲਾਤਕਾਰ ਤੋਂ ਬਾਅਦ ਗਰਭਵਤੀ ਵੀ ਹੋ ਗਈ ਅਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।

ਪਰ ਇਸ ਮਾਮਲੇ ਦਾ ਹੈਰਾਨ ਕਰਨ ਵਾਲਾ ਪਹਿਲੂ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੇ ਇੱਕ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਨਵਜੰਮੇ ਬੱਚੇ ਦਾ ਡੀਐਨਏ ਉਸ ਪੁਲਿਸ ਕਾਂਸਟੇਬਲ ਨਾਲ ਮੇਲ ਹੀ ਨਹੀਂ ਖਾਂਦਾ, ਜਿਸ 'ਤੇ ਬਲਾਤਕਾਰ ਦਾ ਇਲਜ਼ਾਮ ਸੀ।

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ।

ਇਸ ਅਦਾਲਤੀ ਫੈਸਲੇ ਤੋਂ ਬਾਅਦ ਪੀੜਤਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।

ਹਾਲਾਂਕਿ, ਮੁਲਜ਼ਮ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਪੁਲਿਸ ਜਾਂਚ ਖਤਮ ਨਹੀਂ ਹੋਈ ਅਤੇ ਪੰਜ ਸ਼ੱਕੀਆਂ ਦੇ ਡੀਐਨਏ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਪੁਲਿਸ ਬੱਚੇ ਦੇ ਅਸਲ ਪਿਤਾ ਤੱਕ ਪਹੁੰਚੀ।

ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਨੂੰ ਤਿੰਨ ਦਿਨਾਂ ਦੇ ਫਿਜ਼ੀਕਲ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਇਸ ਗੁੰਝਲਦਾਰ ਮਾਮਲੇ ਨੂੰ ਸਮਝਣ ਲਈ ਤਿੰਨ ਸਾਲ ਪਿੱਛੇ ਚੱਲਦੇ ਹਾਂ, ਜਦੋਂ ਪੀੜਤਾ ਦੇ ਪਿਤਾ ਨੇ ਆਪਣੀ ਧੀ ਨਾਲ ਬਲਾਤਕਾਰ ਦੀ ਐਫਆਈਆਰ ਦਰਜ ਕਰਵਾਈ ਸੀ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ ਸੀ।

ਐਫਆਈਆਰ ਵਿੱਚ ਕੀ ਕਿਹਾ ਗਿਆ ਸੀ?

ਮੁਲਜ਼ਮ

ਤਸਵੀਰ ਸਰੋਤ, Getty Images

7 ਮਈ, 2022 ਨੂੰ ਕਸੂਰ ਦੇ ਗੰਡਾ ਸਿੰਘਵਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਐਫਆਈਆਰ ਵਿੱਚ ਪੀੜਤ ਕੁੜੀ ਦੇ ਪਿਤਾ ਅਤੇ ਮੁੱਦਈ ਨੇ ਇੱਕ ਪੁਲਿਸ ਕਾਂਸਟੇਬਲ ਅਤੇ ਉਸ ਦੀਆਂ ਦੋ ਮਹਿਲਾ ਰਿਸ਼ਤੇਦਾਰਾਂ ਖ਼ਿਲਾਫ਼ ਸ਼ਿਕਾਇਤ ਕੀਤੀ।

ਐਫਆਈਆਰ ਅਨੁਸਾਰ, ਪੀੜਤਾ ਕਿਸੇ ਕੰਮ ਲਈ ਇੱਕ ਮਹਿਲਾ ਦੇ ਘਰ ਗਈ ਸੀ, ਜਿਸ ਨੇ ਕੁੜੀ ਨੂੰ ਇੱਕ ਕਮਰੇ ਵਿੱਚ ਬਿਠਾਇਆ ਅਤੇ ਉਸਨੂੰ ਪੀਣ ਲਈ ਜੂਸ ਦਿੱਤਾ। ਜਿਵੇਂ ਹੀ ਉਸ ਨੇ ਜੂਸ ਪੀਤਾ, ਉਹ ਬੇਹੋਸ਼ ਹੋ ਗਈ। ਕਥਿਤ ਤੌਰ 'ਤੇ ਮੁਲਜ਼ਮ ਕਾਂਸਟੇਬਲ ਨੇ ਉਸ ਨਾਲ ਬਲਾਤਕਾਰ ਕੀਤਾ ਜਦਕਿ ਔਰਤ ਘਰ ਦੇ ਬਾਹਰ ਪਹਿਰਾ ਦਿੰਦੀ ਰਹੀ।

ਐਫਆਈਆਰ ਦੇ ਅਨੁਸਾਰ, "ਜਦੋਂ ਪੀੜਤ ਕੁੜੀ ਨੂੰ ਹੋਸ਼ ਆਇਆ ਤਾਂ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਕਾਂਸਟੇਬਲ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਮਾਰ ਦੇਵੇਗਾ। ਕੁੜੀ ਡਰ ਗਈ ਅਤੇ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ।"

ਐਫਆਈਆਰ ਵਿੱਚ, ਕਾਂਸਟੇਬਲ ਦੀ ਭੈਣ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਘਟਨਾ ਤੋਂ ਤਿੰਨ ਮਹੀਨੇ ਬਾਅਦ ਪੀੜਤਾ ਦੇ ਘਰ ਆਈ ਅਤੇ ਉਸ ਦੇ ਮਾਪਿਆਂ ਨੂੰ ਗਰਭਪਾਤ ਦੀ ਗੋਲ਼ੀ ਦੇ ਕੇ ਕਿਹਾ ਕਿ "ਆਪਣੀ ਧੀ ਦਾ ਗਰਭਪਾਤ ਕਰਵਾ ਦਿਓ, ਨਹੀਂ ਤਾਂ ਸਾਰਾ ਪਿੰਡ ਬਦਨਾਮ ਹੋ ਜਾਵੇਗਾ।"

ਇਸ ਤੋਂ ਬਾਅਦ ਹੀ ਮਾਪਿਆਂ ਨੂੰ ਕਥਿਤ ਘਟਨਾ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਆਪਣੀ ਧੀ ਦੀ ਇੱਕ ਮਹਿਲਾ ਡਾਕਟਰ ਤੋਂ ਜਾਂਚ ਕਰਵਾਈ, ਜਿਨ੍ਹਾਂ ਦੇ ਦੱਸਿਆ ਕਿ ਕੁੜੀ ਗਰਭਵਤੀ ਹੈ।

ਇਸ ਐਫਆਈਆਰ ਵਿੱਚ, ਮੁਲਜ਼ਮ ਪੁਲਿਸ ਕਾਂਸਟੇਬਲ 'ਤੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 376 ਦੇ ਤਹਿਤ ਬਲਾਤਕਾਰ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਵਿੱਚ ਘੱਟੋ-ਘੱਟ ਦਸ ਸਾਲ ਅਤੇ ਵੱਧ ਤੋਂ ਵੱਧ 25 ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ, ਜਦਕਿ ਮਾਮਲੇ ਵਿੱਚ ਨਾਮਜ਼ਦ ਹੋਰ ਦੋ ਔਰਤਾਂ 'ਤੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 109 ਦੇ ਤਹਿਤ ਭੜਕਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਜਦੋਂ ਡੀਐਨਏ ਸ਼ੱਕੀ ਦੇ ਡੀਐਨਏ ਨਾਲ ਮੈਚ ਹੀ ਨਹੀਂ ਹੋਇਆ

ਡੀਐਨਏ

ਤਸਵੀਰ ਸਰੋਤ, Getty Images

ਕਸੂਰ ਪੁਲਿਸ ਨੇ ਨਾ ਸਿਰਫ਼ ਉਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ, ਸਗੋਂ ਇੰਨਾ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਉਸ ਨੂੰ ਪੁਲਿਸ ਵਿਭਾਗ ਤੋਂ ਬਰਖਾਸਤ ਵੀ ਕਰ ਦਿੱਤਾ।

ਪੁਲਿਸ ਜਾਂਚ ਅਤੇ ਚਲਾਨ ਵਿੱਚ ਸਪਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਮੁਲਜ਼ਮ ਨੇ ਬਲਾਤਕਾਰ ਕੀਤਾ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ, 5 ਦਸੰਬਰ, 2025 ਨੂੰ ਅਦਾਲਤੀ ਸੁਣਵਾਈ ਵਿੱਚ ਵਧੀਕ ਸੈਸ਼ਨ ਜੱਜ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਦੀ ਰਿਹਾਈ ਦਾ ਹੁਕਮ ਦਿੱਤਾ।

ਮੁਲਜ਼ਮ ਦੀ ਰਿਹਾਈ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ, ਲਾਹੌਰ ਵੱਲੋਂ ਭੇਜੀ ਗਈ ਰਿਪੋਰਟ ਦੇ ਮੱਦੇਨਜ਼ਰ ਕੀਤੀ ਗਈ ਸੀ। ਪੁਲਿਸ ਜਾਂਚ ਟੀਮ ਨੇ ਬਲਾਤਕਾਰ ਦੇ ਨਤੀਜੇ ਵਜੋਂ ਪੀੜਤਾ ਤੋਂ ਪੈਦਾ ਹੋਏ ਬੱਚੇ ਦਾ ਡੀਐਨਏ ਟੈਸਟਿੰਗ ਲੈਬ ਨੂੰ ਭੇਜਿਆ ਸੀ ਅਤੇ ਲੈਬ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਬੱਚੇ ਦਾ ਡੀਐਨਏ ਮੁਲਜ਼ਮ ਨਾਲ ਮੇਲ ਨਹੀਂ ਖਾਂਦਾ ਹੈ।

ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ, ਪੀੜਤ ਕੁੜੀ ਦੁਆਰਾ ਜਿਸ ਬੱਚੇ ਨੂੰ ਜਨਮ ਦਿੱਤਾ ਗਿਆ ਸੀ, ਉਹ ਐਫਆਈਆਰ ਵਿੱਚ ਨਾਮਜ਼ਦ ਕਾਂਸਟੇਬਲ ਦਾ ਬੱਚਾ ਨਹੀਂ ਹੈ।

ਰਿਪੋਰਟ 'ਚ ਹੋਏ ਇਸ ਖੁਲਾਸੇ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਫਿਰ ਉਹ ਬੱਚਾ ਕਿਸ ਦਾ ਸੀ?

ਦਰਵਾਜ਼ੇ 'ਤੇ ਖੜ੍ਹਾ ਇੱਕ ਵਿਅਕਤੀ

ਤਸਵੀਰ ਸਰੋਤ, Getty Images

5 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਪੀੜਤਾ ਆਪਣੇ ਪਿਤਾ ਨਾਲ ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਆਪਣੇ ਪਿੰਡ ਵਾਪਸ ਆ ਰਹੀ ਸੀ ਜਦੋਂ ਉਸਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਇਸ ਘਟਨਾ ਦੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮਾਮਲੇ ਦੀ ਉੱਚ ਪੱਧਰੀ ਮੁੜ ਜਾਂਚ ਦੇ ਹੁਕਮ ਜਾਰੀ ਕੀਤੇ ਅਤੇ ਇੱਕ ਫ਼ੈਕਟ ਫ਼ਾਇੰਡਿੰਗ ਕਮੇਟੀ ਦਾ ਗਠਨ ਵੀ ਕੀਤਾ ਤਾਂ ਜੋ ਇਹ ਵੀ ਨਾ ਲੱਗੇ ਕਿ ਪੁਲਿਸ ਆਪਣੇ ਕਰਮਚਾਰੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪੰਜਾਬ ਮਹਿਲਾ ਸੁਰੱਖਿਆ ਅਥਾਰਟੀ ਦੇ ਚੇਅਰਪਰਸਨ ਹਿਨਾ ਪਰਵੇਜ਼ ਬੱਟ ਨੇ ਕਸੂਰ ਦਾ ਦੌਰਾ ਕੀਤਾ ਅਤੇ ਮਾਮਲੇ ਦੇ ਵੇਰਵਿਆਂ ਦੀ ਜਾਣਕਾਰੀ ਲਈ।

ਬਾਅਦ ਵਿੱਚ ਉਨ੍ਹਾਂ ਨੇ ਜਿਨਾਹ ਹਸਪਤਾਲ ਲਾਹੌਰ ਦਾ ਦੌਰਾ ਕੀਤਾ ਅਤੇ ਇਲਾਜ ਅਧੀਨ ਪੀੜਤ ਕੁੜੀ ਨਾਲ ਵੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

ਪੰਜ ਸ਼ੱਕੀਆਂ ਦੇ ਡੀਐਨਏ ਟੈਸਟ ਅਤੇ ਫਿਰ ਸਾਹਮਣੇ ਆਇਆ ਸੱਚ

ਅਪਰਾਧ

ਤਸਵੀਰ ਸਰੋਤ, Getty Images

ਪੁਲਿਸ ਜਾਂਚ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਜੇਕਰ ਬਲਾਤਕਾਰ ਤੋਂ ਬਾਅਦ ਪੈਦਾ ਹੋਏ ਬੱਚੇ ਦਾ ਪਿਤਾ ਪੁਲਿਸ ਕਾਂਸਟੇਬਲ ਨਹੀਂ ਹੈ ਤਾਂ ਪੀੜਤ ਉਸ 'ਤੇ ਇਲਜ਼ਾਮ ਕਿਉਂ ਲਗਾ ਰਹੀ ਹੈ ਅਤੇ ਬਲਾਤਕਾਰ ਦਾ ਮੁਲਜ਼ਮ ਹੋਰ ਕੌਣ ਹੋ ਸਕਦਾ ਹੈ?

ਪੁਲਿਸ ਕਾਂਸਟੇਬਲ ਦਾ ਡੀਐਨਏ ਮੈਚ ਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਸਰਕਾਰੀ ਵਕੀਲ ਨੇ ਜ਼ਿਲ੍ਹਾ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਜਾਂਚ ਦਾ ਦਾਇਰਾ ਵਧਾ ਕੇ ਇੱਕ ਸੀਨੀਅਰ ਅਧਿਕਾਰੀ ਨੂੰ ਜਾਂਚ ਲਈ ਨਿਯੁਕਤ ਕੀਤਾ ਜਾਵੇ, ਤਾਂ ਜੋ ਮੁੱਖ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ ਅਤੇ ਉਸਨੂੰ ਸਜ਼ਾ ਦਿੱਤੀ ਜਾ ਸਕੇ।

ਕਸੂਰ ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਈਸਾ ਖਾਨ ਨੇ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਨਿਰਦੇਸ਼ਾਂ 'ਤੇ ਇੱਕ ਵਾਰ ਫਿਰ ਪੁਲਿਸ ਕਾਂਸਟੇਬਲ ਦਾ ਡੀਐਨਏ ਟੈਸਟ ਕਰਵਾਇਆ ਗਿਆ ਤਾਂ ਜੋ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ ਅਤੇ ਨਾਲ ਹੀ ਉਨ੍ਹਾਂ ਲੋਕਾਂ ਦੇ ਡੀਐਨਏ ਟੈਸਟ ਵੀ ਕਰਵਾਏ ਗਏ ਜਿਨ੍ਹਾਂ 'ਤੇ ਕੁੜੀ ਨਾਲ ਬਲਾਤਕਾਰ ਕਰਨ ਦਾ ਸ਼ੱਕ ਹੋ ਸਕਦਾ ਸੀ।

ਮੁਹੰਮਦ ਈਸਾ ਖਾਨ ਅਨੁਸਾਰ, ਸਿਰਫ ਉਹ ਲੋਕ ਜਿਨ੍ਹਾਂ ਦੀ ਕੁੜੀ ਤੱਕ ਪਹੁੰਚ ਹੈ, ਜਿਸ ਵਿੱਚ ਘਰ ਵਿੱਚ ਰਹਿਣ ਵਾਲੇ ਲੋਕ, ਨਜ਼ਦੀਕੀ ਰਿਸ਼ਤੇਦਾਰ ਅਤੇ ਆਂਢ-ਗੁਆਂਢ ਦਾ ਕੋਈ ਵਿਅਕਤੀ ਸ਼ਾਮਲ ਹੋ ਸਕਦਾ ਹੈ, ਅਜਿਹਾ ਕੰਮ ਕਰ ਸਕਦੇ ਸਨ।

ਮੁਹੰਮਦ ਈਸਾ ਖਾਨ, ਜ਼ਿਲ੍ਹਾ ਪੁਲਿਸ ਅਧਿਕਾਰੀ , ਕਸੂਰ

ਉਨ੍ਹਾਂ ਦੱਸਿਆ, "ਪੁਲਿਸ ਨੇ ਆਪਣੇ ਖੁਫੀਆ ਨੈੱਟਵਰਕ ਰਾਹੀਂ ਮਾਮਲੇ ਦਾ ਪਤਾ ਲਗਾਇਆ ਅਤੇ ਪੰਜ ਸ਼ੱਕੀਆਂ ਦੀ ਸੂਚੀ ਤਿਆਰ ਕੀਤੀ, ਜਿਨ੍ਹਾਂ ਦੇ ਅਜਿਹਾ ਕਰਨ ਦੀ ਸੰਭਾਵਨਾ ਸੀ। ਇਨ੍ਹਾਂ ਪੰਜ ਲੋਕਾਂ ਵਿੱਚ ਕੁੜੀ ਦਾ ਇੱਕ ਚਾਚਾ ਵੀ ਸ਼ਾਮਲ ਸੀ ਕਿਉਂਕਿ ਉਹ ਸਾਰੇ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ।"

ਲੈਬ ਤੋਂ ਰਿਪੋਰਟ ਆਈ ਤਾਂ ਬੱਚੇ ਦਾ ਡੀਐਨਏ ਉਸੇ ਚਾਚੇ ਨਾਲ ਮੈਚ ਹੋ ਗਿਆ। ਇਸ ਮਗਰੋਂ ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਫਿਜ਼ੀਕਲ ਰਿਮਾਂਡ ਹਾਸਲ ਕਰ ਲਿਆ।

ਪੀੜਤ ਕੁੜੀ ਵੱਲੋਂ ਪੁਲਿਸ ਕਾਂਸਟੇਬਲ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਪੁੱਛੇ ਜਾਣ 'ਤੇ, ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਈਸਾ ਖਾਨ ਨੇ ਕਿਹਾ ਕਿ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਕਾਂਸਟੇਬਲ ਦਾ ਪੀੜਤ ਕੁੜੀ ਨਾਲ ਸਬੰਧ ਸੀ।

ਉਨ੍ਹਾਂ ਦੱਸਿਆ, "ਕਾਂਸਟੇਬਲ ਕੋਲ ਚਾਰ ਤੋਂ ਪੰਜ ਏਕੜ ਖੇਤੀਬਾੜੀ ਜ਼ਮੀਨ ਵੀ ਸੀ ਜੋ ਉਸ ਨੂੰ ਵਿਰਾਸਤ ਵਿੱਚ ਮਿਲੀ ਸੀ ਅਤੇ ਉਹ ਸਰਕਾਰੀ ਨੌਕਰੀ ਵੀ ਕਰ ਰਿਹਾ ਸੀ। ਉਸ ਨੇ ਕੁੜੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਸ ਨਾਲ ਵਿਆਹ ਕਰੇਗਾ।"

"ਪੀੜਤ ਕੁੜੀ ਦੇ ਚਾਚੇ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਨਾਬਾਲਗ ਭਤੀਜੀ ਦਾ ਪੁਲਿਸ ਕਾਂਸਟੇਬਲ ਨਾਲ ਅਫੇਅਰ ਹੈ, ਇਸ ਲਈ ਉਸ ਨੇ ਆਪਣੀ ਨਾਬਾਲਗ ਭਤੀਜੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਲੜਕੀ ਗਰਭਵਤੀ ਹੋ ਗਈ।"

ਜੇਲ੍ਹ 'ਚ ਬੰਦ ਵਿਅਕਤੀ

ਤਸਵੀਰ ਸਰੋਤ, Getty Images

ਡੀਐਨਏ ਰਿਪੋਰਟ ਆਉਣ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੂੰ ਲੱਗਿਆ ਸੀ ਕਿ ਪੁਲਿਸ ਕਾਂਸਟੇਬਲ ਦੇ ਉਸ ਨਾਲ ਸਬੰਧਾਂ ਕਾਰਨ ਉਹ ਗਰਭਵਤੀ ਹੋ ਗਈ ਸੀ ਅਤੇ "ਫਿਰ ਉਹ ਵਿਆਹ ਤੋਂ ਭੱਜ ਰਿਹਾ ਸੀ।"

ਕਸੂਰ ਦੇ ਸਰਕਾਰੀ ਵਕੀਲ ਦਾ ਕਹਿਣਾ ਹੈ, "ਹਾਲਾਂਕਿ ਡੀਐਨਏ ਰਿਪੋਰਟ ਵਿੱਚ ਨਕਾਰਾਤਮਕ ਨਤੀਜੇ ਨੇ ਮੁਲਜ਼ਮ ਦੀ ਕਾਨੂੰਨੀ ਸਥਿਤੀ ਨੂੰ ਕੁਝ ਹੱਦ ਤੱਕ ਸੁਧਾਰਿਆ ਹੈ, ਪਰ ਪੁਲਿਸ ਨੇ ਆਪਣੀਆਂ ਰਿਪੋਰਟਾਂ ਵਿੱਚ ਉਸਨੂੰ ਇੱਕ ਨਾਬਾਲਗ ਕੁੜੀ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ੀ ਐਲਾਨਿਆ ਹੈ।"

ਉਨ੍ਹਾਂ ਕਿਹਾ, "ਮੁਲਜ਼ਮ ਵਿਰੁੱਧ ਕੋਈ ਵੱਖਰੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ, ਸਗੋਂ ਸਬੂਤਾਂ ਦਾ ਪੜਾਅ ਪੂਰਾ ਹੋਣ ਤੋਂ ਬਾਅਦ ਉਸੇ ਚਲਾਨ ਵਿੱਚ ਅਦਾਲਤ ਦੁਆਰਾ ਉਸ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।"

ਪਿਤਾ ਦਾ ਪੌਲੀਗ੍ਰਾਫ ਟੈਸਟ ਨੈਗੇਟਿਵ ਆਇਆ

ਪੀੜਿਤ ਕੁੜੀ ਦੇ ਪਿਤਾ

ਪੁਲਿਸ ਨੂੰ ਪੀੜਤਾ ਦੇ ਪਿਤਾ 'ਤੇ ਵੀ ਸ਼ੱਕ ਹੋ ਗਿਆ ਸੀ ਕਿ ਉਹ ਕੁਝ ਝੂਠ ਬੋਲ ਰਿਹਾ ਹੋ ਸਕਦਾ ਹੈ ਅਤੇ ਇਸ ਲਈ ਉਨ੍ਹਾਂ ਨੇ ਕੁੜੀ ਦੇ ਪਿਤਾ ਦਾ ਪੌਲੀਗ੍ਰਾਫ ਟੈਸਟ ਕੀਤਾ, ਜੋ ਨੈਗੇਟਿਵ ਆਇਆ।

ਇਸ ਤੋਂ ਇਲਾਵਾ, ਪੁਲਿਸ ਨੂੰ ਕੁੜੀ ਦੀ ਆਤਮ-ਹੱਤਿਆ ਦੀ ਕੋਸ਼ਿਸ਼ ਦੀ ਇੱਕ ਵੀਡੀਓ ਕਲਿੱਪ ਵੀ ਮਿਲੀ।

ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੋਚ ਵੀ ਨਹੀਂ ਸਕਦੇ ਸਨ ਕਿ ਉਨ੍ਹਾਂ ਦਾ ਆਪਣਾ ਭਰਾ ਅਜਿਹਾ ਕਰ ਸਕਦਾ ਹੈ।

ਉਨ੍ਹਾਂ ਕਿਹਾ, "ਮੇਰੇ ਭਰਾ ਦੇ ਚਾਰ ਬੱਚੇ ਹਨ ਅਤੇ ਅਸੀਂ ਦੋਵੇਂ ਭਰਾ ਇੱਕੋ ਘਰ ਵਿੱਚ ਰਹਿੰਦੇ ਹਾਂ। ਉਸ ਦੇ ਬੱਚੇ ਮੈਨੂੰ ਬੜੇ ਅੱਬੂ ਕਹਿੰਦੇ ਹਨ। ਡੀਐਨਏ ਮੈਚ ਤੋਂ ਬਾਅਦ, ਮੈਂ ਹੁਣ ਆਪਣੇ ਬੱਚਿਆਂ ਨੂੰ ਮਿਲ ਸਕਦਾ ਹਾਂ, ਆਪਣੇ ਭਰਾ ਦੇ ਬੱਚਿਆਂ ਨੂੰ ਨਹੀਂ।"

ਉਨ੍ਹਾਂ ਅੱਗੇ ਕਿਹਾ, "ਪਿਤਾ ਤੋਂ ਬਾਅਦ ਬੱਚਿਆਂ ਲਈ ਸਭ ਤੋਂ ਭਰੋਸੇਮੰਦ ਰਿਸ਼ਤਾ ਚਾਚੇ ਦਾ ਹੁੰਦਾ ਹੈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰਾ ਭਰਾ ਇਸ ਖੂਨ ਦੇ ਰਿਸ਼ਤੇ ਨੂੰ ਖਰਾਬ ਕਰੇਗਾ ਅਤੇ ਨਾ ਸਿਰਫ ਮੇਰੀ ਧੀ ਨਾਲ ਬਲਾਤਕਾਰ ਕਰੇਗਾ, ਸਗੋਂ ਉਸ ਨੂੰ ਬਲੈਕਮੇਲ ਵੀ ਕਰੇਗਾ। ਮੈਂ ਉਸ ਵਿਅਕਤੀ ਨੂੰ ਮਾਫ਼ ਨਹੀਂ ਕਰ ਸਕਦਾ ਜਿਸ ਨੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ।''

"ਮੈਨੂੰ ਹੁਣ ਉਹ ਸਾਰੀਆਂ ਗੱਲਾਂ ਯਾਦ ਹਨ ਜੋ ਮੇਰੇ ਭਰਾ ਨੇ ਕਹੀਆਂ ਸਨ ਅਤੇ ਪੁਲਿਸ ਕਾਂਸਟੇਬਲ ਵਿਰੁੱਧ ਮੇਰਾ ਮਨ ਕਿਵੇਂ ਤਿਆਰ ਕੀਤਾ ਸੀ। ਉਹ ਹਮੇਸ਼ਾ ਇਸ ਤਰ੍ਹਾਂ ਗੱਲ ਕਰਦਾ ਸੀ ਕਿ ਮੇਰਾ ਮਨ ਕਾਂਸਟੇਬਲ ਤੋਂ ਇਲਾਵਾ ਕਿਤੇ ਹੋਰ ਜਾ ਹੀ ਨਹੀਂ ਸਕਦਾ ਸੀ।''

ਉਸਨੇ ਇਹ ਵੀ ਕਿਹਾ ਕਿ ਉਹ ਪੁਲਿਸ ਕਾਂਸਟੇਬਲ ਨੂੰ ਕਦੇ ਮਾਫ਼ ਨਹੀਂ ਕਰ ਸਕਦਾ, ਜਿਸਨੇ ਉਨ੍ਹਾਂ ਦੀ ਨਾਬਾਲਗ ਧੀ ਨੂੰ ਵਿਆਹ ਲਈ ਧੋਖਾ ਦਿੱਤਾ ਅਤੇ ਉਸਦੀ ਇੱਜ਼ਤ ਨਾਲ ਖੇਡਿਆ।

"ਸਾਰਾ ਘਪਲਾ ਦੋਸ਼ੀ ਕਾਂਸਟੇਬਲ ਤੋਂ ਸ਼ੁਰੂ ਹੋਇਆ, ਮੈਂ ਉਸਦੇ ਵਿਰੁੱਧ ਹਰ ਕਾਨੂੰਨੀ ਲੜਾਈ ਲੜਾਂਗਾ।"

"ਮੇਰੀ ਧੀ ਦੀ ਦੁਨੀਆ ਉੱਜੜ ਗਈ ਹੈ, ਪਰ ਮੈਂ ਸਾਰੇ ਮਾਪਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੇ ਬੱਚਿਆਂ ਦੀ ਰੱਖਿਆ ਖੁਦ ਕਰਨ ਅਤੇ ਅੱਜ ਦੇ ਯੁੱਗ ਵਿੱਚ ਖੂਨ ਦੇ ਰਿਸ਼ਤਿਆਂ 'ਤੇ ਵੀ ਭਰੋਸਾ ਨਾ ਕਰਨ।"

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)