'ਮੇਰੇ ਬੱਚਿਆਂ ਨੇ ਕਦੇ ਮੇਰਾ ਦੁੱਧ ਨਹੀਂ ਪੀਤਾ, ਮੈਂ ਇਨਸਾਫ਼ ਦੀ ਲੜਾਈ ਲੜਦੀ ਰਹਿ ਗਈ', ਉਨਾਓ ਰੇਪ ਮਾਮਲੇ ਵਿੱਚ ਹੁਣ ਤੱਕ ਕੀ ਹੋਇਆ

ਤਸਵੀਰ ਸਰੋਤ, Antariksh Jain/BBC
- ਲੇਖਕ, ਪ੍ਰੇਰਣਾ
- ਰੋਲ, ਬੀਬੀਸੀ ਪੱਤਰਕਾਰ
'ਛੁੱਟ ਜਾਣਗੇ ਮੈਮ…?'
'ਛੁੱਟ ਜਾਣਗੇ ਕੀ?'
ਇਹ ਸਵਾਲ 24 ਸਾਲ ਦੀ ਉਨਾਓ ਰੇਪ ਸਰਵਾਈਵਰ… ਆਪਣੇ ਬਿਲਕੁਲ ਨਾਲ ਬੈਠੇ ਮਹਿਲਾ ਅਧਿਕਾਰ ਕਾਰਕੁਨ ਯੋਗਿਤਾ ਭਯਾਨਾ ਨੂੰ ਪੁੱਛਦੇ ਹਨ। ਜਵਾਬ ਮਿਲਦਾ ਹੈ—'ਨਹੀਂ, ਅਜੇ ਤੁਸੀਂ ਇੰਟਰਵਿਊ 'ਤੇ ਫ਼ੋਕਸ ਕਰੋ। ਜ਼ਿਆਦਾ ਨਾ ਸੋਚੋ।'
ਸਰਵਾਈਵਰ ਸਾਡੇ ਵੱਲ ਮੁੜਦੇ ਹਨ… ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅੱਖਾਂ ਵਿੱਚ ਡਰ ਅਤੇ ਘਬਰਾਹਟ ਨਾਲ।
ਸਰਵਾਈਵਰ ਨਾਲ ਗੱਲਬਾਤ ਕਰਨ ਲਈ ਅਸੀਂ ਉਨ੍ਹਾਂ ਦੇ ਹੀ ਵਕੀਲ ਮਹਮੂਦ ਪ੍ਰਾਚਾ ਦੇ ਦਫ਼ਤਰ ਵਿੱਚ ਬੈਠੇ ਸੀ।
ਦਫ਼ਤਰ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਇੱਕ ਵੱਡਾ ਹਾਲ ਹੈ ਅਤੇ ਹਾਲ ਦੇ ਬਿਲਕੁਲ ਵਿਚਕਾਰ ਲੰਮੀ-ਚੌੜੀ ਇੱਕ ਮੇਜ਼ ਹੈ ਜਿਸ ਦੇ ਆਲੇ-ਦੁਆਲੇ ਵਕੀਲਾਂ ਦੀ ਟੀਮ ਬੈਠੀ ਹੈ।
ਚਰਚਾ ਹੋ ਰਹੀ ਹੈ ਕਿ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਉਨ੍ਹਾਂ ਦੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ।
ਇਸੇ ਹਾਲ ਦੇ ਠੀਕ ਸਾਹਮਣੇ ਵਾਲੇ ਕਮਰੇ ਵਿੱਚ ਸਰਵਾਈਵਰ, ਉਨ੍ਹਾਂ ਦੀ ਮਾਂ, ਹੋਰ ਮੀਡੀਆ ਕਰਮੀ ਅਤੇ ਯੋਗਿਤਾ ਭਯਾਨਾ ਦੀ ਟੀਮ ਬੈਠੀ ਹੈ।
ਅਸੀਂ ਇੱਥੇ ਹੀ ਬੈਠ ਕੇ ਸਰਵਾਈਵਰ ਨਾਲ ਗੱਲਬਾਤ ਸ਼ੁਰੂ ਕੀਤੀ।

ਤਸਵੀਰ ਸਰੋਤ, Antariksh Jain/BBC
ਅਸੀਂ ਪੁੱਛਿਆ, "ਤੁਹਾਨੂੰ ਪਤਾ ਲੱਗਿਆ ਕਿ ਸੀਬੀਆਈ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਜਾ ਰਹੀ ਹੈ?"
ਜਵਾਬ ਵਿੱਚ ਸਰਵਾਈਵਰ ਨੇ ਕਿਹਾ, "ਸੀਬੀਆਈ ਉਸ ਸਮੇਂ ਕੀ ਕਰ ਰਹੀ ਸੀ… ਜਿਸ ਸਮੇਂ ਬਹਿਸ ਚੱਲ ਰਹੀ ਸੀ। ਹੁਣ ਤਾਂ ਹਰ ਧੀ ਦੀ ਹਿੰਮਤ ਟੁੱਟ ਚੁੱਕੀ ਹੈ। ਰੇਪ ਹੋਵੇਗਾ ਤਾਂ ਜਾਂ ਤਾਂ ਮਾਰ ਦਿੱਤੀਆਂ ਜਾਣਗੀਆਂ ਜਾਂ ਫਿਰ ਦੋਸ਼ੀ ਨੂੰ ਸਜ਼ਾ ਹੋਵੇਗੀ ਅਤੇ ਉਹ ਪੰਜ ਸਾਲ ਬਾਅਦ ਬਾਹਰ ਆ ਜਾਵੇਗਾ। ਇਸ ਆਰਡਰ ਨੂੰ ਦੇਖ ਕੇ ਤਾਂ ਹਰ ਧੀ ਦੀ ਹਿੰਮਤ ਟੁੱਟ ਚੁੱਕੀ ਹੈ।"
ਪਿਛਲੇ ਅੱਠ ਸਾਲਾਂ ਵਿੱਚ ਉਨਾਓ ਦੀ ਇਸ ਰੇਪ ਸਰਵਾਈਵਰ ਦੀ ਜ਼ਿੰਦਗੀ ਕਈ ਔਕੜਾਂ ਵਿੱਚੋਂ ਲੰਘੀ ਹੈ।
ਰੇਪ, ਗੈਂਗਰੇਪ, ਪੁਲਿਸ ਕਸਟਡੀ ਵਿੱਚ ਪਿਤਾ ਦੀ ਮੌਤ, ਸੜਕ ਹਾਦਸੇ ਵਿੱਚ ਦੋ ਰਿਸ਼ਤੇਦਾਰਾਂ ਅਤੇ ਵਕੀਲ ਦੀ ਮੌਤ ਅਤੇ ਫਿਰ ਹਸਪਤਾਲ ਵਿੱਚ ਛੇ ਮਹੀਨੇ ਲੰਬੀ ਚੱਲੀ ਆਪਣੀ ਜ਼ਿੰਦਗੀ ਬਚਾਉਣ ਦੀ ਜੰਗ।
ਇਨ੍ਹਾਂ ਅੱਠ ਸਾਲਾਂ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਹੋਈ, ਮੁਕੱਦਮੇ ਚੱਲੇ, ਫ਼ੈਸਲੇ ਆਏ ਅਤੇ ਸਜ਼ਾ ਵੀ ਸੁਣਾਈ ਗਈ। ਪਰ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਸਰਵਾਈਵਰ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਹੈ।
ਬਹਿਸ ਹਿੰਦੀ ਵਿੱਚ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ

ਉਹ ਕਹਿੰਦੇ ਹਨ, "ਜੇ ਇਹੀ ਬਹਿਸ ਹਿੰਦੀ ਵਿੱਚ ਹੁੰਦੀ ਨਾ ਤਾਂ ਆਪਣਾ ਕੇਸ ਮੈਂ ਖੁਦ ਹੀ ਲੜ ਲੈਂਦੀ। ਥੋੜ੍ਹੀ ਅੰਗਰੇਜ਼ੀ ਕਮਜ਼ੋਰ ਹੈ ਮੇਰੀ… ਪਰ ਕੁਝ-ਕੁਝ ਚੀਜ਼ਾਂ ਸਮਝ ਆਉਂਦੀਆਂ ਹਨ। ਜਿਵੇਂ ਜਦੋਂ ਉਨ੍ਹਾਂ ਨੇ 'ਅਲਾਉ' ਕਿਹਾ ਨਾ… ਤਾਂ ਮੈਂ ਸਮਝ ਗਈ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੀ ਮਾਂ ਅਤੇ ਪੀੜਤਾ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਕੁਲਦੀਪ ਸਿੰਘ ਸੇਂਗਰ ਨਹੀਂ ਜਾਣਗੇ, ਪਰ ਪੰਜ ਕਿਲੋਮੀਟਰ ਕੀ ਮੈਮ… ਪੰਜ ਹਜ਼ਾਰ ਕਿਲੋਮੀਟਰ ਵੀ ਉਸ ਲਈ ਕੁਝ ਨਹੀਂ ਹੈ।''
"ਜੇ ਉਸਨੇ ਮਾਰਨਾ ਹੀ ਹੋਵੇਗਾ ਨਾ, ਤਾਂ ਖੁਦ ਨਹੀਂ ਕਰੇਗਾ… ਉਹ ਆਪਣੇ ਆਦਮੀਆਂ ਤੋਂ ਸਾਰਾ ਕਾਂਡ ਕਰਵਾ ਦੇਵੇਗਾ, ਕਿਉਂਕਿ ਮੈਂ ਦੇਸ਼ ਵਿੱਚ ਆਪਣੀਆਂ ਅੱਖਾਂ ਨਾਲ ਦੇਖਦੀ ਹਾਂ… ਰੇਪ ਹੁੰਦਾ ਹੈ, ਮਾਰ ਦਿੱਤਾ ਜਾਂਦਾ ਹੈ। ਉਹ ਤਾਂ ਕਿਸਮਤ ਸੀ ਜੋ ਮੈਂ ਬਚ ਗਈ। ਛੇ ਮਹੀਨੇ ਵੈਂਟੀਲੇਟਰ 'ਤੇ ਸੀ। ਮੈਂ ਵੀ ਮੌਤ ਨਾਲ ਜੰਗ ਲੜੀ ਹੈ। ਡਿਸਟ੍ਰਿਕਟ ਕੋਰਟ ਦੇ ਜੱਜ ਸਾਬ੍ਹ ਮੇਰਾ ਬਿਆਨ ਹਸਪਤਾਲ ਵਿੱਚ ਲੈਣ ਆਉਂਦੇ ਸਨ। ਉਹ ਵੀ ਵੇਖਦੇ ਸਨ ਕਿ ਮੈਂ ਕਿਵੇਂ ਸੰਘਰਸ਼ ਕੀਤਾ ਹੈ। ਆਵਾਜ਼ ਨਹੀਂ ਨਿਕਲਦੀ ਸੀ, ਬੇਹੋਸ਼ ਹੁੰਦੀ ਸੀ, ਫਿਰ ਵੀ ਬਿਆਨ ਦਿੰਦੀ ਸੀ।"
ਸਾਲ 2017 ਵਿੱਚ ਜਦੋਂ ਪੀੜਤਾ ਨੇ ਭਾਜਪਾ ਆਗੂ ਅਤੇ ਤਤਕਾਲੀ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ, ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 17 ਸਾਲ ਸੀ।

ਤਸਵੀਰ ਸਰੋਤ, Getty Images
ਇਸ ਕਰਕੇ ਸਾਲ 2019 ਵਿੱਚ ਜਦੋਂ ਦਿੱਲੀ ਦੀ ਹੇਠਲੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਤਾਂ ਕੁਲਦੀਪ ਸਿੰਘ ਸੇਂਗਰ ਨੂੰ ਪੌਕਸੋ ਦੇ 'ਐਗ੍ਰੇਵੇਟਡ ਪੈਨੀਟ੍ਰੇਟਿਵ ਸੈਕਸ਼ੁਅਲ ਅਸਾਲਟ', ਮਤਲਬ ਗੰਭੀਰ ਜਿਨਸੀ ਹਿੰਸਾ ਨਾਲ ਸਬੰਧਿਤ ਧਾਰਾ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਦੋਂ ਕੋਈ 'ਪਬਲਿਕ ਸਰਵੈਂਟ' ਭਾਵ ਲੋਕ ਸੇਵਕ ਬਲਾਤਕਾਰ ਦਾ ਅਪਰਾਧ ਕਰਦਾ ਹੈ ਤਾਂ ਆਈਪੀਸੀ ਦੀ ਧਾਰਾ 376(2)(ਬੀ) ਅਤੇ ਪੌਕਸੋ ਦੀ ਧਾਰਾ 5(ਸੀ) ਦੇ ਤਹਿਤ ਸਜ਼ਾ ਦਿੱਤੀ ਜਾਂਦੀ ਹੈ। ਇਨ੍ਹਾਂ ਹੀ ਧਾਰਾਵਾਂ ਤਹਿਤ ਕੁਲਦੀਪ ਸੇਂਗਰ ਨੂੰ ਵੀ ਸਜ਼ਾ ਦਿੱਤੀ ਗਈ ਸੀ।
ਪਰ ਸੇਂਗਰ ਦੇ ਵਕੀਲਾਂ ਦਾ ਕਹਿਣਾ ਸੀ ਕਿ ਟ੍ਰਾਇਲ ਕੋਰਟ ਨੇ ਉਨ੍ਹਾਂ ਨੂੰ ਲੋਕ ਸੇਵਕ ਮੰਨਣ ਵਿੱਚ ਗਲਤੀ ਕਰ ਦਿੱਤੀ, ਕਿਉਂਕਿ ਆਈਪੀਸੀ ਦੇ ਤਹਿਤ ਵਿਧਾਇਕ ਨੂੰ ਲੋਕ ਸੇਵਕ ਨਹੀਂ ਮੰਨਿਆ ਜਾ ਸਕਦਾ।
ਦਿੱਲੀ ਹਾਈ ਕੋਰਟ ਨੇ ਸੇਂਗਰ ਦੇ ਵਕੀਲਾਂ ਦੀ ਦਲੀਲ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਉਨ੍ਹਾਂ 'ਤੇ ਲੋਕ ਸੇਵਕ ਦੀ ਪਰਿਭਾਸ਼ਾ ਲਾਗੂ ਨਹੀਂ ਹੁੰਦੀ।
ਅਦਾਲਤ ਨੇ ਇਸ ਦੇ ਲਈ ਸੁਪਰੀਮ ਕੋਰਟ ਦੇ 1984 ਦੇ ਉਸ ਫ਼ੈਸਲੇ ਦਾ ਆਧਾਰ ਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਚੁਣੇ ਹੋਏ ਨੁਮਾਇੰਦੇ ਅਪਰਾਧਿਕ ਕਾਨੂੰਨ ਦੀ ਪਰਿਭਾਸ਼ਾ ਅੰਦਰ ਲੋਕ ਸੇਵਕ ਨਹੀਂ ਹੁੰਦੇ।
'ਅੱਠ ਸਾਲਾਂ ਵਿੱਚ ਪਰਿਵਾਰ ਨੇ ਤਿੰਨ ਮੈਂਬਰ ਗੁਆਏ'

ਤਸਵੀਰ ਸਰੋਤ, Getty Images
ਸਰਵਾਈਵਰ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਸੇਂਗਰ ਦੀ ਜ਼ਮਾਨਤ ਰੱਦ ਨਹੀਂ ਹੋ ਜਾਂਦੀ।
ਉਨ੍ਹਾਂ ਕਿਹਾ, "ਆਪਣਾ ਪਰਿਵਾਰ ਗੁਆ ਕੇ ਸੰਘਰਸ਼ ਕਰ ਰਹੀ ਹਾਂ। ਪਿਤਾ ਨੂੰ ਗੁਆਇਆ, ਚਾਚੀ ਨੂੰ ਗੁਆਇਆ, ਆਪਣੀ ਮਾਸੀ ਨੂੰ ਗੁਆਇਆ। ਨਾਲ ਹੀ ਪਿੰਡ ਦੇ ਵਕੀਲ, ਆਪਣੇ ਐਡਵੋਕੇਟ ਨੂੰ ਵੀ ਗੁਆ ਦਿੱਤਾ। ਮੈਂ ਵੀ ਚਲੀ ਜਾਂਦੀ ਪਰ ਭਗਵਾਨ ਨੇ ਮੈਨੂੰ ਬਚਾ ਲਿਆ।"
ਉਹ ਦੱਸਦੇ ਹਨ ਕਿ ਆਪਣੀ ਸੁਰੱਖਿਆ ਲਈ ਉਨ੍ਹਾਂ ਨੂੰ ਸਾਲ 2017 ਵਿੱਚ ਹੀ ਉਨਾਓ ਛੱਡਣਾ ਪਿਆ ਸੀ।
"ਇੰਨਾ ਡਰ ਸੀ… ਰੇਪ ਕੀਤਾ, ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦੇਵਾਂਗਾ। ਕੁਲਦੀਪ ਸਿੰਘ ਸੇਂਗਰ ਨੇ ਮੇਰੇ ਪਿਤਾ ਨੂੰ ਮਾਰਨ ਤੋਂ ਬਾਅਦ ਪੂਰੇ ਪਰਿਵਾਰ ਨੂੰ ਚੁੱਕਣ ਦੀ ਯੋਜਨਾ ਬਣਾ ਲਈ ਸੀ। ਤੈਅ ਕਰ ਲਿਆ ਸੀ ਕਿ ਇੱਕ ਪਾਸੇ ਲੈ ਜਾ ਕੇ ਖ਼ਤਮ ਕਰ ਦਿਓ, ਪਰ ਮੇਰੇ ਪਰਿਵਾਰ ਨੂੰ ਖ਼ਬਰ ਮਿਲ ਗਈ ਅਤੇ ਪਰਿਵਾਰ ਉੱਥੋਂ ਨਿਕਲ ਗਿਆ।"

ਸਰਵਾਈਵਰ ਨੇ ਸਾਨੂੰ ਦੱਸਿਆ ਕਿ ਕੋਰਟ ਦੇ ਹੁਕਮ ਤੋਂ ਬਾਅਦ ਉਨਾਓ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਸੇਂਗਰ ਹੁਣ ਬਾਹਰ ਆ ਜਾਣਗੇ।
ਹਾਲਾਂਕਿ ਕੁਲਦੀਪ ਸਿੰਘ ਸੇਂਗਰ ਨੂੰ ਕੁੜੀ ਦੇ ਪਿਤਾ ਦੀ ਗ਼ੈਰ ਇਰਾਦਤਨ ਹੱਤਿਆ ਲਈ ਵੀ ਦੋਸ਼ੀ ਪਾਇਆ ਗਿਆ ਸੀ ਅਤੇ ਉਹ ਇਸ ਮਾਮਲੇ ਵਿੱਚ ਫਿਲਹਾਲ ਦਸ ਸਾਲ ਦੀ ਸਜ਼ਾ ਕੱਟ ਰਹੇ ਹਨ।
ਪਰ ਸਰਵਾਈਵਰ ਦਾ ਕਹਿਣਾ ਹੈ ਕਿ ਇੰਨੇ ਵੱਡੇ ਮਾਮਲੇ ਵਿੱਚ ਜਦੋਂ ਸੇਂਗਰ ਨੂੰ ਜ਼ਮਾਨਤ ਮਿਲ ਸਕਦੀ ਹੈ, ਤਾਂ ਇਹ ਮਾਮਲਾ ਉਨ੍ਹਾਂ ਲਈ ਕੁਝ ਵੀ ਨਹੀਂ ਹੈ।

ਤਸਵੀਰ ਸਰੋਤ, Getty Images
ਕੁਲਦੀਪ ਸਿੰਘ ਸੇਂਗਰ ਨੇ ਇਸ ਮਾਮਲੇ ਵਿੱਚ ਵੀ ਸਜ਼ਾ ਨੂੰ ਟਾਲਣ ਲਈ ਅਰਜ਼ੀ ਦਾਇਰ ਕੀਤੀ ਸੀ, ਪਰ ਸਾਲ 2024 ਵਿੱਚ ਦਿੱਲੀ ਹਾਈ ਕੋਰਟ ਨੇ ਇਸ ਅਰਜ਼ੀ ਨੂੰ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਸੀ ਕਿ ਸਰਵਾਈਵਰ ਦੀ ਸੁਰੱਖਿਆ ਵੀ ਇੱਕ ਅਹਿਮ ਮੁੱਦਾ ਹੈ।
ਹਾਲਾਂਕਿ ਦਸੰਬਰ 2021 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸਰਵਾਈਵਰ, ਉਨ੍ਹ ਦੇ ਰਿਸ਼ਤੇਦਾਰ ਅਤੇ ਵਕੀਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਸੇਂਗਰ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ। ਅਦਾਲਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਪਹਿਲੀ ਨਜ਼ਰੇ ਕੋਈ ਸਬੂਤ ਨਹੀਂ ਹੈ।
ਦਰਅਸਲ, ਸਾਲ 2019 ਵਿੱਚ ਜਦੋਂ ਸਰਵਾਈਵਰ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਰਾਇਬਰੇਲੀ ਜਾ ਰਹੇ ਸਨ ਤਾਂ ਬਿਨ੍ਹਾਂ ਨੰਬਰ ਪਲੇਟ ਵਾਲੇ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ।
ਇਸ ਘਟਨਾ ਵਿੱਚ ਸਰਵਾਈਵਰ ਦੇ ਦੋਵੇਂ ਹੀ ਰਿਸ਼ਤੇਦਾਰਾਂ ਅਤੇ ਵਕੀਲ ਦੀ ਮੌਤ ਹੋ ਗਈ ਸੀ, ਜਦਕਿ ਸਰਵਾਈਵਰ ਛੇ ਮਹੀਨੇ ਤੱਕ ਵੈਂਟੀਲੇਟਰ 'ਤੇ ਰਹੇ।
'ਲੜਾਈ ਜਾਰੀ ਰੱਖਾਂਗੀ'

ਤਸਵੀਰ ਸਰੋਤ, Getty Images
ਇਸ ਘਟਨਾ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, "ਜਦੋਂ ਮੇਰਾ ਐਕਸੀਡੈਂਟ ਹੋਇਆ, ਉਦੋਂ ਮੈਂ ਆਪਣੇ ਆਪ ਨੂੰ ਖੜ੍ਹਾ ਕੀਤਾ। ਨਿਡਰ ਹੋਈ ਅਤੇ ਖੁਦ ਨੂੰ ਕਿਹਾ ਕਿ ਹਿੰਮਤ ਨਹੀਂ ਹਾਰਾਂਗੀ। ਚਾਰੋਂ ਪਾਸਿਓਂ ਸੀਆਰਪੀਐਫ਼ ਸੁਰੱਖਿਆ ਹੁੰਦੇ ਹੋਏ ਵੀ ਧਮਕੀਆਂ ਮਿਲਦੀਆਂ ਸਨ… ਫਿਰ ਵੀ ਮੈਂ ਡਰਦੀ ਨਹੀਂ ਸੀ। ਮੈਂ ਕਿਹਾ… ਜੋ ਹੋਵੇਗਾ ਦੇਖਿਆ ਜਾਵੇਗਾ… ਸਾਹਮਣੇ ਆ ਕੇ ਧਮਕੀ ਦੇਣਗੇ… ਉਸ ਦਿਨ ਮੈਂ ਸਾਬਤ ਕਰ ਲਵਾਂਗੀ ਕਿ ਇਹ ਮੈਨੂੰ ਮਾਰ ਦੇਣਗੇ। ਪਰ ਅਜਿਹਾ ਨਹੀਂ ਹੈ ਕਿ ਉਹ ਹੁਣ ਨਹੀਂ ਮਾਰ ਸਕਦੇ। ਬਸ ਸਾਹਮਣੇ ਤੋਂ ਵਾਰ ਨਹੀਂ ਕਰ ਸਕਦੇ। ਪਿੱਠ ਪਿੱਛੇ ਆਪਣੇ ਸਹਿਯੋਗੀਆਂ ਤੋਂ ਕਰਵਾ ਜ਼ਰੂਰ ਸਕਦੇ ਹਨ।"
ਉਨ੍ਹਾਂ ਕਿਹਾ, "ਕੁਲਦੀਪ ਸਿੰਘ ਸੇਂਗਰ ਅਤੇ ਉਨ੍ਹਾਂ ਦਾ ਪਰਿਵਾਰ ਮੈਨੂੰ ਫੂਲਨ ਦੇਵੀ ਬਣਨ ਲਈ ਮਜਬੂਰ ਕਰ ਰਹੇ ਹਨ। ਮੈਂ ਤਾਂ ਕਹਿੰਦੀ ਹਾਂ ਕਿ ਜ਼ਮਾਨਤ ਰੱਦ ਕਰਕੇ ਸਾਰੇ ਮੁਜਰਿਮਾਂ ਨੂੰ ਜੇਲ੍ਹ ਭੇਜਿਆ ਜਾਵੇ।"

ਸਰਵਾਈਵਰ ਹੁਣ ਦੋ ਬੱਚਿਆਂ ਦੇ ਮਾਂ ਹਨ। ਸਾਡੇ ਨਾਲ ਹੋਈ ਗੱਲਬਾਤ ਦੌਰਾਨ ਹੀ ਉਨ੍ਹਾਂ ਦੇ ਪਤੀ ਦਾ ਫ਼ੋਨ ਆਉਂਦਾ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਕਾਲ ਲੈਣੀ ਪਵੇਗੀ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰ ਨਾਲ ਕਦੋਂ ਕੀ ਹੋ ਜਾਵੇ।
ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਇਸ ਲੜਾਈ ਵਿੱਚ ਉਨ੍ਹਾਂ ਨੂੰ ਆਪਣੇ ਪਤੀ ਦਾ ਸਹਿਯੋਗ ਮਿਲ ਰਿਹਾ ਹੈ?
ਜਵਾਬ ਵਿੱਚ ਉਹ ਕਹਿੰਦੇ ਹਨ, "ਪਤੀ ਦੀ ਨੌਕਰੀ ਛੁੱਟ ਗਈ ਹੈ, ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਉਹ ਘਰੇ ਬੱਚਿਆਂ ਨੂੰ ਸੰਭਾਲ ਰਹੇ ਹਨ।''
''ਮੇਰੇ ਬੱਚਿਆਂ ਨੇ ਕਦੇ ਮੇਰਾ ਦੁੱਧ ਨਹੀਂ ਪੀਤਾ। ਮੈਂ ਆਦਤ ਹੀ ਨਹੀਂ ਪਾਈ ਕਿਉਂਕਿ ਮੈਂ ਲੜਾਈ ਹੀ ਲੜਦੀ ਰਹਿ ਗਈ। ਹੁਣ ਉਹ ਘਰੇ ਹਨ ਪਰ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਡਰ ਹੈ… ਸੋਚੋ… ਬਾਹਰ ਨਿਕਲਾਂਗੇ ਤਾਂ ਕੀ ਹੋਵੇਗਾ। ਕਿੱਥੇ ਜਾਵਾਂਗੀ… ਇਹ ਮੈਂ ਸੋਚ ਹੀ ਨਹੀਂ ਸਕਦੀ, ਪਰ ਹਿੰਮਤ ਨਹੀਂ ਹਾਰਾਂਗੀ… ਲੜਾਈ ਲੜਦੀ ਰਹਾਂਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












