ਸਰਦੀਆਂ 'ਚ ਅੱਡੀਆਂ ਜ਼ਿਆਦਾ ਕਿਉਂ ਫਟਦੀਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ ਠੀਕ ਰੱਖਿਆ ਜਾਵੇ?

ਤਸਵੀਰ ਸਰੋਤ, Getty Images
- ਲੇਖਕ, ਪਾਰਾ ਪੱਡੱਯਾ
- ਰੋਲ, ਬੀਬੀਸੀ ਪੱਤਰਕਾਰ
ਸਰਦੀਆਂ ਵਿੱਚ ਠੰਢੀਆਂ ਹਵਾਵਾਂ ਕਾਰਨ ਬੱਚਿਆਂ ਦੇ ਬੁੱਲ੍ਹ ਫਟਣ ਅਤੇ ਵੱਡਿਆਂ ਦੀਆਂ ਅੱਡੀਆਂ ਫਟਣ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ।
ਭਾਵੇਂ ਅੱਡੀਆਂ ਵਿੱਚ ਤਰੇੜਾਂ ਇੱਕ ਆਮ ਸਮੱਸਿਆ ਹੈ ਪਰ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦਨਾਕ ਹੋ ਸਕਦੀ ਹੈ। ਜਦੋਂ ਸਰਦੀਆਂ ਦੀ ਠੰਢੀ ਹਵਾ ਫਟੀਆਂ ਹੋਈਆਂ ਅੱਡੀਆਂ 'ਤੇ ਲੱਗਦੀ ਹੈ ਤਾਂ ਦਰਦ ਹੋਰ ਵਧ ਜਾਂਦਾ ਹੈ।
ਪੈਰਾਂ ਦੀਆਂ ਤਰੇੜਾਂ ਦੀ ਸਮੱਸਿਆ ਸਰਦੀਆਂ ਵਿੱਚ ਹੀ ਜ਼ਿਆਦਾ ਕਿਉਂ ਹੁੰਦੀ ਹੈ? ਇਸ ਦਾ ਕੀ ਕਾਰਨ ਹੈ ਅਤੇ ਇਨ੍ਹਾਂ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਆਓ ਜਾਣਦੇ ਹਾਂ।

ਤਸਵੀਰ ਸਰੋਤ, Dr Shahina Shafiq
ਬੀਬੀਸੀ ਨੇ ਚਮੜੀ ਰੋਗਾਂ ਦੇ ਮਾਹਿਰ ਅਤੇ ਕਾਸਮੈਟੋਲੋਜਿਸਟ ਡਾਕਟਰ ਸ਼ਾਹਿਨਾ ਸ਼ਫ਼ੀਕ ਨਾਲ ਸਰਦੀਆਂ ਵਿੱਚ ਫਟੇ ਹੋਏ ਪੈਰਾਂ ਦੀ ਸਮੱਸਿਆ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ, "ਪੈਰਾਂ ਦੀ ਚਮੜੀ ਵਿੱਚ ਤੇਲ ਗ੍ਰੰਥੀਆਂ (ਆਇਲ ਗਲੈਂਡ) ਘੱਟ ਹੁੰਦੀਆਂ ਹਨ। ਇਸ ਕਾਰਨ ਉਹ ਕੁਦਰਤੀ ਤੌਰ 'ਤੇ ਖੁਸ਼ਕ ਰਹਿੰਦੀਆਂ ਹਨ। ਸਰਦੀਆਂ ਵਿੱਚ ਇਹ ਤੇਲ ਗ੍ਰੰਥੀਆਂ ਹੋਰ ਵੀ ਸੁਸਤ ਹੋ ਜਾਂਦੀਆਂ ਹਨ। ਜਿਸ ਕਾਰਨ ਅੱਡੀਆਂ ਫਟਣ ਲੱਗਦੀਆਂ ਹਨ।"
"ਜਿਉਂ-ਜਿਉਂ ਸਾਡੀ ਉਮਰ ਵਧਦੀ ਹੈ, ਚਮੜੀ ਆਪਣਾ ਲਚਕੀਲਾਪਣ ਗੁਆ ਦਿੰਦੀ ਹੈ। ਸਰੀਰ ਵਿੱਚ ਕੁਦਰਤੀ ਤੌਰ 'ਤੇ ਤੇਲ ਬਣਨਾ ਘੱਟ ਜਾਂਦਾ ਹੈ। ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਦੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਰੀਰ ਦਾ ਭਾਰ ਪੈਰਾਂ ਅਤੇ ਗਿੱਟਿਆਂ 'ਤੇ ਜ਼ਿਆਦਾ ਦਬਾਅ ਪਾਉਂਦਾ ਹੈ। ਇਸ ਨਾਲ ਪੈਰਾਂ ਦੀਆਂ ਅੱਡੀਆਂ ਵਿੱਚ ਤਰੇੜਾਂ ਪੈ ਸਕਦੀਆਂ ਹਨ।"
ਚਮੜੀ ਦੇ ਮਾਹਰ ਡਾਕਟਰ ਅਯਨਮ ਸੱਤਿਆਨਾਰਾਇਣ ਦੱਸਦੇ ਹਨ ਕਿ ਸੋਰਾਇਸਿਸ, ਫੰਗਲ ਇਨਫੈਕਸ਼ਨ, ਐਗਜ਼ੀਮਾ, ਸ਼ੂਗਰ ਅਤੇ ਥਾਇਰਾਇਡ ਰੋਗ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਵੀ ਪੈਰਾਂ ਦੀਆਂ ਅੱਡੀਆਂ ਵਿੱਚ ਤਰੇੜਾਂ ਦਾ ਕਾਰਨ ਬਣ ਸਕਦੀਆਂ ਹਨ।
ਡਾਕਟਰ ਸੱਤਿਆਨਾਰਾਇਣ ਅਨੁਸਾਰ ਠੰਢੇ ਮੌਸਮ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ, ਜਿਸ ਨਾਲ ਸਰੀਰ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ ਅਤੇ ਅੱਡੀਆਂ ਫਟਣ ਲੱਗਦੀਆਂ ਹਨ।
ਉਹ ਕਹਿੰਦੇ ਹਨ, "ਜੇਕਰ ਤੁਸੀਂ ਨਹਾਉਂਦੇ ਸਮੇਂ ਆਪਣੀਆਂ ਅੱਡੀਆਂ ਨੂੰ ਠੀਕ ਤਰ੍ਹਾਂ ਸਾਫ਼ ਨਹੀਂ ਕਰਦੇ ਹੋ ਜਾਂ ਨਹਾਉਣ ਤੋਂ ਬਾਅਦ ਉਨ੍ਹਾਂ ਨੂੰ ਠੀਕ ਤਰ੍ਹਾਂ ਨਹੀਂ ਸੁਕਾਉਂਦੇ ਹੋ ਤਾਂ ਇਸ ਨਾਲ ਉਨ੍ਹਾਂ ਵਿੱਚ ਤਰੇੜਾਂ ਪੈ ਸਕਦੀਆਂ ਹਨ।"
ਤਰੇੜਾਂ ਦੀ ਸਮੱਸਿਆ

ਤਸਵੀਰ ਸਰੋਤ, Getty Images
ਫਟੀਆਂ ਹੋਈਆਂ ਅੱਡੀਆਂ ਦੀ ਚਮੜੀ 'ਤੇ ਛਾਲੇ ਪੈ ਜਾਂਦੇ ਹਨ ਅਤੇ ਦਰਦ ਹੋਣ ਲੱਗਦਾ ਹੈ। ਇੱਥੋਂ ਤੱਕ ਕਿ ਰਾਤ ਨੂੰ ਲੇਟਦਿਆਂ ਜੇਕਰ ਬਿਸਤਰੇ ਦੀ ਚਾਦਰ ਅੱਡੀ ਨਾਲ ਛੂਹ ਜਾਵੇ ਤਾਂ ਉਹ ਵੀ ਚੁੱਭ ਸਕਦੀ ਹੈ।
ਕਈ ਵਾਰ ਇਸ ਸਮੱਸਿਆ ਤੋਂ ਪਰੇਸ਼ਾਨ ਲੋਕ ਦੂਜਿਆਂ ਦੇ ਸਾਹਮਣੇ ਜਾਣ ਵਿੱਚ ਅਸਹਿਜ ਮਹਿਸੂਸ ਕਰਦੇ ਹਨ।
ਡਾਕਟਰ ਸੱਤਿਆਨਾਰਾਇਣ ਕਹਿੰਦੇ ਹਨ, "ਜਿਹੜੇ ਲੋਕ ਮਿੱਟੀ ਵਿੱਚ ਜ਼ਿਆਦਾ ਚੱਲਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਇਹ ਪਰੇਸ਼ਾਨੀ ਹੈ, ਉਹ ਸਰਦੀਆਂ ਵਿੱਚ ਹੋਰ ਜ਼ਿਆਦਾ ਤਕਲੀਫ਼ ਝੱਲਦੇ ਹਨ। ਸਰਦੀਆਂ ਵਿੱਚ ਫਟੀਆਂ ਅੱਡੀਆਂ ਕਾਰਨ ਔਰਤਾਂ ਜ਼ਿਆਦਾ ਪਰੇਸ਼ਾਨ ਹੁੰਦੀਆਂ ਹਨ। ਹੋ ਸਕਦਾ ਹੈ ਕਿ ਇਹ ਤਰੇੜਾਂ ਵੱਡੀ ਸਮੱਸਿਆ ਨਾ ਲੱਗਣ ਪਰ ਇਨ੍ਹਾਂ ਨਾਲ ਪੈਰਾਂ ਵਿੱਚ ਬਹੁਤ ਦਰਦ ਹੁੰਦਾ ਹੈ।"

ਠੰਢ ਕਾਰਨ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ ਜਿਸ ਨਾਲ ਚਮੜੀ ਦੀ ਕੁਦਰਤੀ ਨਮੀ ਖਤਮ ਹੋ ਜਾਂਦੀ ਹੈ। ਇਸੇ ਕਾਰਨ ਚਮੜੀ 'ਤੇ ਤਰੇੜਾਂ ਪੈ ਜਾਂਦੀਆਂ ਹਨ।
ਡਾਕਟਰ ਸੱਤਿਆਨਾਰਾਇਣ ਨੇ ਸਰਦੀਆਂ ਦੌਰਾਨ ਵਧੇਰੇ ਪਾਣੀ ਪੀਣ ਦੀ ਸਲਾਹ ਦਿੱਤੀ।
ਡਾਕਟਰ ਸੱਤਿਰਆਨਾਰਾਇਣ ਕਹਿੰਦੇ ਹਨ, "ਵਾਤਾਵਰਨ ਵਿੱਚ ਠੰਢੀ ਹਵਾ ਸਰੀਰ ਦੀ ਨਮੀ ਨੂੰ ਸੁਕਾ ਦਿੰਦੀ ਹੈ, ਜਿਸ ਨਾਲ ਚਮੜੀ ਕਮਜ਼ੋਰ ਹੋ ਜਾਂਦੀ ਹੈ। ਸਰੀਰ ਵਿੱਚ ਵਿਟਾਮਿਨ ਏ, ਸੀ ਅਤੇ ਡੀ ਦੀ ਕਮੀ ਨਾਲ ਵੀ ਚਮੜੀ ਫਟਣ ਲੱਗਦੀ ਹੈ।"
"ਚਮੜੀ ਖੁਸ਼ਕ ਹੋਣ ਨਾਲ ਖੁਰਕ ਅਤੇ ਦਾਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਅਸੀਂ ਖੁਰਕਦੇ ਹਾਂ ਤਾਂ ਚਮੜੀ ਦੀ ਉੱਪਰਲੀ ਪਰਤ ਉਤਰ ਜਾਂਦੀ ਹੈ ਅਤੇ ਜ਼ਖਮ ਹੋ ਜਾਂਦੇ ਹਨ। ਠੰਢੀ ਹਵਾ ਲੱਗਣ 'ਤੇ ਇਨ੍ਹਾਂ ਜ਼ਖਮਾਂ ਵਿੱਚ ਜਲਣ ਹੁੰਦੀ ਹੈ। ਇਸ ਲਈ ਸਰਦੀਆਂ ਵਿੱਚ ਚਮੜੀ ਦੀ ਦੇਖਭਾਲ 'ਤੇ ਧਿਆਨ ਦੇਣਾ ਜ਼ਰੂਰੀ ਹੈ।"
ਡਾਕਟਰਾਂ ਨੇ ਕਿਹਾ ਕਿ ਜੇਕਰ ਫਟੀਆਂ ਹੋਈਆਂ ਅੱਡੀਆਂ ਦੀ ਦੇਖਭਾਲ ਨਾ ਕੀਤੀ ਗਈ ਤਾਂ ਸਮੱਸਿਆ ਹੋਰ ਵੀ ਵਿਗੜ ਜਾਵੇਗੀ।
ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ?

ਤਸਵੀਰ ਸਰੋਤ, Dr Satyanarayana
ਡਾਕਟਰ ਸ਼ਾਹਿਨਾ ਸ਼ਫ਼ੀਕ ਦਾ ਕਹਿਣਾ ਹੈ ਕਿ ਕੁਝ ਸਾਵਧਾਨੀਆਂ ਵਰਤ ਕੇ ਫਟੀਆਂ ਅੱਡੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਉਹ ਸਰਦੀਆਂ ਦੌਰਾਨ ਪੈਰਾਂ ਦੀ ਸੁਰੱਖਿਆ ਲਈ ਕੁਝ ਸੁਝਾਅ ਦਿੰਦੇ ਹਨ, ਜਿਵੇਂ ਕਿ:
ਆਪਣੇ ਪੈਰਾਂ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਧੋਵੋ। ਨਹਾਉਣ ਤੋਂ ਬਾਅਦ ਪੈਰਾਂ 'ਤੇ ਲੋਸ਼ਨ, ਕਰੀਮ ਜਾਂ ਨਾਰੀਅਲ ਦਾ ਤੇਲ ਲਗਾਓ। ਇਸ ਨਾਲ ਚਮੜੀ ਖੁਸ਼ਕ ਨਹੀਂ ਹੋਵੇਗੀ।
ਸਰਦੀਆਂ ਵਿੱਚ ਖੂਬ ਪਾਣੀ ਪੀਣਾ ਚੰਗਾ ਹੁੰਦਾ ਹੈ। ਇਸ ਨਾਲ ਚਮੜੀ ਖੁਸ਼ਕ ਨਹੀਂ ਹੋਵੇਗੀ।
ਆਪਣੇ ਪੈਰਾਂ 'ਤੇ ਦਿਨ ਵਿੱਚ ਦੋ ਵਾਰ ਚੰਗੀ ਗੁਣਵੱਤਾ ਵਾਲਾ ਮੋਇਸਚਰਾਈਜ਼ਰ ਲਗਾਓ।
ਬਜ਼ੁਰਗ ਲੋਕ ਅਤੇ ਸ਼ੂਗਰ ਤੋਂ ਪੀੜਤ ਲੋਕ ਆਪਣੀਆਂ ਅੱਡੀਆਂ ਨੂੰ ਠੰਢੀਆਂ ਹਵਾਵਾਂ ਤੋਂ ਬਚਾਉਣ ਲਈ ਰਾਤ ਨੂੰ ਜ਼ੁਰਾਬਾਂ ਪਾ ਸਕਦੇ ਹਨ।
ਡਾਕਟਰ ਸੱਤਿਆਨਾਰਾਇਣ ਕਹਿੰਦੇ ਹਨ ਕਿ ਕੋਸੇ ਪਾਣੀ ਜਾਂ ਹਲਕੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਚੰਗਾ ਹੈ ਅਤੇ ਭੋਜਨ ਵਿੱਚ ਓਮੇਗਾ ਫੈਟੀ ਐਸਿਡ ਵਾਲੇ ਬੀਜ, ਮੇਵੇ ਅਤੇ ਵਿਟਾਮਿਨ ਸੀ ਨਾਲ ਭਰਪੂਰ ਫਲ ਸ਼ਾਮਲ ਕਰਨੇ ਚਾਹੀਦੇ ਹਨ।
ਹਾਲਾਂਕਿ, ਜੇਕਰ ਤਰੇੜਾਂ ਵਿੱਚੋਂ ਖੂਨ ਨਿਕਲ ਰਿਹਾ ਹੋਵੇ ਜਾਂ ਪਸ ਆ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
(ਨੋਟ: ਇਹ ਲੇਖ ਸਿਰਫ਼ ਆਮ ਸਮਝ ਲਈ ਹੈ, ਜੇਕਰ ਤੁਹਾਨੂੰ ਕੋਈ ਸਮੱਸਿਆ ਜਾਂ ਚਿੰਤਾ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












