ਫ਼ਿਲਮੀ ਤਰੀਕੇ ਨਾਲ ਕੀਤੀ 7 ਕਰੋੜ ਰੁਪਏ ਦੀ ਲੁੱਟ, ਪੁਲਿਸ ਨੇ ਕਿਵੇਂ ਕਾਬੂ ਕੀਤੇ ਮੁਲਜ਼ਮ

ਪੁਲਿਸ

ਤਸਵੀਰ ਸਰੋਤ, Imran Qureshi

ਤਸਵੀਰ ਕੈਪਸ਼ਨ, ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸਾਰੇ ਦੱਖਣੀ ਭਾਰਤੀ ਸੂਬਿਆਂ ਵਿੱਚ 200 ਅਧਿਕਾਰੀਆਂ ਅਤੇ ਜਵਾਨਾਂ ਨੂੰ ਲਗਾਇਆ ਸੀ।
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਬੰਗਲੁਰੂ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਨਕਦੀ ਲੈ ਕੇ ਜਾਣ ਵਾਲੇ ਵਾਹਨ ਵਿੱਚੋਂ 7.11 ਕਰੋੜ ਰੁਪਏ ਦੀ ਫ਼ਿਲਮੀ ਡਕੈਤੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਨਾਲ ਜੁੜੇ ਛੇ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਹੈ ਕਿ ਚੋਰੀ ਹੋਏ ਪੈਸੇ ਵਿੱਚੋਂ 6.29 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ।

ਬੰਗਲੁਰੂ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਾਮਲੇ ਵਿੱਚ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਬਾਕੀ ਬਚੀ ਰਕਮ ਸਮੇਤ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਗ੍ਰਿਫ਼ਤਾਰ ਕੀਤੇ ਗਏ ਛੇ ਲੋਕਾਂ ਵਿੱਚੋਂ ਇੱਕ ਗੋਪਾਲ ਪ੍ਰਸਾਦ ਗੱਡੀ ਦਾ ਸੁਰੱਖਿਆ ਗਾਰਡ ਸੀ, ਜ਼ੇਵੀਅਰ ਕੈਸ਼ ਮੈਨੇਜਮੈਂਟ ਸਰਵਿਸਿਜ਼ (CMS) ਨਾਲ ਕੰਮ ਕਰਦਾ ਸੀ ਅਤੇ ਅੰਨੱਪਾ ਨਾਇਕ ਬੈਂਗਲੁਰੂ ਦੇ ਪੱਛਮੀ ਇਲਾਕੇ ਵਿੱਚ ਇੱਕ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ।

ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਕਰਨਾਟਕ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਗੋਆ ਸਮੇਤ ਸਾਰੇ ਦੱਖਣੀ ਭਾਰਤੀ ਸੂਬਿਆਂ ਵਿੱਚ 200 ਅਧਿਕਾਰੀਆਂ ਅਤੇ ਜਵਾਨਾਂ ਨੂੰ ਲਗਾਇਆ ਸੀ।

ਪੁਲਿਸ ਮੁਤਾਬਕ ਡਕੈਤੀ ਤੋਂ ਬਾਅਦ ਲੁਟੇਰਿਆਂ ਨੇ ਆਪਣੀ ਗੱਡੀ ਬਦਲੀ, ਜਾਅਲੀ ਨੰਬਰ ਪਲੇਟਾਂ ਦੀ ਵਰਤੋਂ ਕੀਤੀ ਅਤੇ ਨਕਦੀ ਦੇ ਡੱਬਿਆਂ ਨੂੰ ਉੱਥੇ ਬਦਲਿਆਂ ਜਿੱਥੇ ਜਾਂ ਤਾਂ ਸੀਸੀਟੀਵੀ ਦੀ ਨਿਗਰਾਨੀ ਹੈ ਹੀ ਨਹੀਂ ਸੀ ਜਾਂ ਬਹੁਤ ਘੱਟ ਸੀ।

ਇਹ ਘਟਨਾ ਬੁੱਧਵਾਰ ਦੁਪਹਿਰ 12:48 ਵਜੇ ਦੇ ਕਰੀਬ ਵਾਪਰੀ, ਪਰ ਪੁਲਿਸ ਕਮਿਸ਼ਨਰ ਦੇ ਅਨੁਸਾਰ, ਸੀਐੱਮਐੱਸ ਨਾਮ ਦੀ ਏਜੰਸੀ ਨੇ ਪੁਲਿਸ ਨੂੰ ਦੁਪਹਿਰ 1:20 ਵਜੇ ਦੇ ਕਰੀਬ ਇਸ ਘਟਨਾ ਬਾਰੇ ਸੂਚਿਤ ਕੀਤਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੇ ਬੰਦੂਕ ਦੀ ਨੋਕ 'ਤੇ ਵੈਨ ਡਰਾਈਵਰ ਤੋਂ ਨਕਦੀ ਲੁੱਟੀ ਸੀ।

ਪੁਲਿਸ ਅਨੁਸਾਰ ਇਹ ਡਕੈਤੀ ਬੰਗਲੁਰੂ ਵਿੱਚ ਦਿਨ-ਦਿਹਾੜੇ ਹੋਈ ਸੀ, ਜਿਸ ਕਾਰਨ ਲੁਟੇਰਿਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ।

ਬੰਗਲੁਰੂ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਐੱਸਯੂਵੀ ਵਿੱਚ ਸਵਾਰ ਛੇ ਲੋਕਾਂ ਨੇ ਬੁੱਧਵਾਰ ਦੁਪਹਿਰ ਨੂੰ ਚਹਿਲ ਪਹਿਲ ਵਾਲੀ ਸੜਕ 'ਤੇ ਕੈਸ਼ ਵਾਲੀ ਵੈਨ ਨੂੰ ਰੋਕਿਆ।

ਉਸ ਸਮੇਂ ਟਰਾਂਸਪੋਰਟ ਵੈਨ ਇੱਕ ਬੈਂਕ ਸ਼ਾਖਾ ਤੋਂ ਦੂਜੀ ਬੈਂਕ ਸ਼ਾਖਾ ਵਿੱਚ ਨਕਦੀ ਲੈ ਕੇ ਜਾ ਰਹੀ ਸੀ।

ਵੈਨ ਵਿੱਚ ਇੱਕ ਡਰਾਈਵਰ, ਇੱਕ ਕੈਸ਼ ਨਿਗਰਾਨ ਅਤੇ ਦੋ ਹਥਿਆਰਬੰਦ ਸੁਰੱਖਿਆ ਗਾਰਡ ਸਵਾਰ ਸਨ।

ਲੁਟੇਰਿਆਂ ਨੇ ਖ਼ੁਦ ਨੂੰ ਰਿਜ਼ਰਵ ਬੈਂਕ ਦੇ ਅਧਿਕਾਰੀ ਦੱਸਿਆ

ਬੰਗਲੁਰੂ ਪੁਲਿਸ

ਤਸਵੀਰ ਸਰੋਤ, Imran Qureshi

ਤਸਵੀਰ ਕੈਪਸ਼ਨ, ਬੰਗਲੁਰੂ ਪੁਲਿਸ ਕਮਿਸ਼ਨਰ ਸੀਮੰਤ ਸਿੰਘ (ਖੱਬੇ ਤੋਂ ਦੂਜੇ) ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ

ਪੁਲਿਸ ਕਮਿਸ਼ਨਰ ਦੇ ਅਨੁਸਾਰ ਲੁਟੇਰਿਆਂ ਨੇ ਵੈਨ ਵਿੱਚ ਸਵਾਰ ਲੋਕਾਂ ਨੂੰ ਕਿਹਾ ਕਿ ਉਹ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਵੈਨ ਨੂੰ ਇਹ ਜਾਂਚਣ ਲਈ ਰੋਕਿਆ ਸੀ ਕਿ ਕੀ ਉਨ੍ਹਾਂ ਕੋਲ ਇੰਨੀ ਵੱਡੀ ਰਕਮ ਲਿਜਾਣ ਲਈ ਸਹੀ ਦਸਤਾਵੇਜ਼ ਹਨ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਗਿਰੋਹ ਨੇ ਕੈਸ ਨਿਗਰਾਨ ਅਤੇ ਗਾਰਡ ਨੂੰ ਆਪਣੇ ਹਥਿਆਰ ਵੈਨ ਵਿੱਚ ਛੱਡ ਕੇ ਐੱਸਯੂਵੀ ਵਿੱਚ ਜਾਣ ਲਈ ਕਿਹਾ। ਇਸ ਦੇ ਨਾਲ ਹੀ ਡਰਾਈਵਰ ਨੂੰ ਨਕਦੀ ਲੈ ਕੇ ਵੈਨ ਚਲਾਈ ਜਾਣ ਲਈ ਕਿਹਾ।

ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ ਦੇ ਰੂਪ ਵਿੱਚ ਪੇਸ਼ ਹੋ ਕੇ ਲਾਲਬਾਗ ਦੇ ਨਾਲ ਲੱਗਦੇ ਅਸ਼ੋਕ ਪਿੱਲਰ ਰੋਡ 'ਤੇ ਗੱਡੀ ਨੂੰ ਰੋਕਿਆ। ਉਨ੍ਹਾਂ ਨੇ ਦੋ ਸੁਰੱਖਿਆ ਗਾਰਡਾਂ ਅਤੇ ਗੱਡੀ ਦੇ ਰਖਵਾਲੇ ਨੂੰ ਉਤਰ ਕੇ ਉਹਨਾਂ ਦੀ ਐੱਸਯੂਵੀ ਵਿੱਚ ਜਾਣ ਲਈ ਬੋਲਿਆ।

ਗੈਂਗ ਦੇ ਇੱਕ ਮੈਂਬਰ ਨੂੰ ਨਕਦੀ ਲਿਜਾਣ ਵਾਲੀ ਗੱਡੀ ਵਿੱਚ ਬਿਠਾਇਆ ਗਿਆ। ਫਿਰ ਐੱਸਯੂਵੀ ਅੱਗੇ ਵਧੀ ਅਤੇ ਤਿੰਨਾਂ ਕਰਮਚਾਰੀਆਂ ਨੂੰ ਨਿਮਹੰਸ ਬੱਸ ਅੱਡੇ ਨੇੜੇ ਉਤਾਰ ਦਿੱਤਾ ਗਿਆ। ਫਿਰ ਗਿਰੋਹ ਨੇ ਐੱਸਯੂਵੀ ਨੂੰ ਬੰਗਲੁਰੂ ਡੇਅਰੀ ਸਰਕਲ ਫਲਾਈਓਵਰ ਵੱਲ ਭਜਾ ਲਿਆ ਜਿੱਥੇ ਬਹੁਤ ਘੱਟ ਸੀਸੀਟੀਵੀ ਕੈਮਰੇ ਲੱਗੇ ਸਨ।

'ਗੱਡੀਆਂ ਬਦਲੀਆਂ ਗਈਆਂ, ਨਕਦੀ ਟ੍ਰਾਂਸਫਰ ਕੀਤੀ'

ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਸੀ ਕਿ ਡਕੈਤੀ ਵਿੱਚ ਵਰਤੀ ਗਈ ਐੱਸਯੂਵੀ 'ਤੇ ਜਾਅਲੀ ਨੰਬਰ ਪਲੇਟ ਅਤੇ 'ਭਾਰਤ ਸਰਕਾਰ' ਦਾ ਸਟਿੱਕਰ ਸੀ।

ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਕਿਹਾ ਕਿ ਸੀਐੱਮਐੱਸ ਏਜੰਸੀ ਨੇ ਲੋਕੇਸ਼ਨ ਡੀਜੇ ਹਲੀ ਦੇ ਦੱਸੀ ਸੀ ਜੋ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਹੈ ਪਰ ਇਹ ਘਟਨਾ ਅਸ਼ੋਕਾ ਪਿੱਲਰ 'ਤੇ ਵਾਪਰੀ ਜੋ ਕਿ ਦੱਖਣੀ ਹਿੱਸੇ ਵਿੱਚ ਹੈ।

ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਏਜੰਸੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਨਕਦੀ ਟ੍ਰਾਂਸਫਰ ਦੌਰਾਨ ਆਰਬੀਆਈ ਦੇ ਕਈ ਨਿਯਮਾਂ ਦੀ ਉਲੰਘਣਾ ਕੀਤੀ ਗਈ। ਉਨ੍ਹਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ।"

ਆਰਬੀਆਈ ਦੇ ਇੱਕ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਸੀਮੰਤ ਸਿੰਘ ਨੇ ਕਿਹਾ ਕਿ ਕੈਸ਼ ਵੈਨਾਂ ਵਿੱਚ ਕੈਸ਼ ਬਾਕਸਾਂ ਅਤੇ ਕਰਮਚਾਰੀਆਂ ਲਈ ਦੋ ਵੱਖਰੇ ਹਿੱਸੇ ਹੋਣੇ ਚਾਹੀਦੇ ਹਨ। ਯਾਤਰੀ ਵਾਲੇ ਪਾਸੇ ਵਿੱਚ ਦੋ ਨਿਗਰਾਨ, ਦੋ ਹਥਿਆਰਬੰਦ ਗਾਰਡ ਅਤੇ ਡਰਾਈਵਰ ਲਈ ਜਗ੍ਹਾ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਹਿੱਸਿਆਂ ਵਿੱਚ ਸੀਸੀਟੀਵੀ ਹੋਣਾ ਚਾਹੀਦਾ ਹੈ। ਹਰੇਕ ਕੈਸ਼ ਵੈਨ ਵਿੱਚ ਜੀਪੀਐਸ, ਲਾਈਵ ਨਿਗਰਾਨੀ, ਜੀਓ-ਫੈਂਸਿੰਗ ਅਤੇ ਰੂਟ ਦੇ ਨਾਲ-ਨਾਲ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਸੰਕੇਤ ਹੋਣਾ ਚਾਹੀਦਾ ਹੈ। ਵੈਨਾਂ ਨੂੰ ਇੱਕੋ ਰਸਤੇ ਅਤੇ ਇੱਕੋ ਸਮੇਂ ਵਾਰ-ਵਾਰ ਯਾਤਰਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਉਹਨਾਂ ਦੇ ਆਉਣ-ਜਾਣ ਬਾਰੇ ਦਾ ਪਤਾ ਲੱਗਾ ਜਾਂਦਾ ਹੈ।

ਬੀਬੀਸੀ ਨੇ ਇਸ ਮਾਮਲੇ 'ਤੇ ਸੀਐੱਮਐੱਸ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਮਿਲਣ 'ਤੇ ਇਹ ਰਿਪੋਰਟ ਅਪਡੇਟ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਸੀ ਕਿ ਡਕੈਤੀ ਵਿੱਚ ਵਰਤੀ ਗਈ ਐੱਸਯੂਵੀ 'ਤੇ ਜਾਅਲੀ ਨੰਬਰ ਪਲੇਟ ਅਤੇ 'ਭਾਰਤ ਸਰਕਾਰ' ਦਾ ਸਟਿੱਕਰ ਸੀ।

ਜੀ. ਪਰਮੇਸ਼ਵਰ

ਤਸਵੀਰ ਸਰੋਤ, ANI

ਅਧਿਕਾਰੀ ਨੇ ਇਹ ਵੀ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਕੰਪਨੀ ਦੇ ਕਰਮਚਾਰੀਆਂ ਦੀ ਡਕੈਤੀ ਵਿੱਚ ਕੋਈ ਸ਼ਮੂਲੀਅਤ ਹੋ ਸਕਦੀ ਹੈ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਡਕੈਤੀ ਵਿੱਚ ਵਰਤੀ ਗਈ ਐੱਸਯੂਵੀ ਬਰਾਮਦ ਕਰ ਲਈ ਹੈ।

ਹਾਲਾਂਕਿ, ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਲੋਕ ਕਿਸ ਵਾਹਨ ਦੀ ਵਰਤੋਂ ਕਰਕੇ ਭੱਜੇ ਸਨ।

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਇਹ ਪੁਸ਼ਟੀ ਹੋ ਗਈ ਹੈ ਕਿ ਉਨ੍ਹਾਂ ਨੇ ਗੱਡੀਆਂ ਬਦਲੀਆਂ ਅਤੇ ਨਕਦੀ ਟ੍ਰਾਂਸਫਰ ਕੀਤੀ।"

ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪੁਲਿਸ ਇਸ ਮਾਮਲੇ ਨੂੰ ਜਲਦੀ ਹੱਲ ਕਰੇਗੀ, ਜਿਵੇਂ ਉਨ੍ਹਾਂ ਨੇ ਕਰਨਾਟਕ ਵਿੱਚ ਹਾਲ ਹੀ ਵਿੱਚ ਹੋਈਆਂ ਹੋਰ ਹਾਈ-ਪ੍ਰੋਫਾਈਲ ਬੈਂਕ ਡਕੈਤੀਆਂ ਨੂੰ ਹੱਲ ਕੀਤਾ ਹੈ।

ਇਸ ਤੋਂ ਪਹਿਲਾਂ ਮਈ ਵਿੱਚ ਵਿਜੇਪੁਰਾ ਜ਼ਿਲ੍ਹੇ ਦੇ ਇੱਕ ਬੈਂਕ ਵਿੱਚੋਂ 59 ਕਿਲੋ ਸੋਨਾ ਚੋਰੀ ਹੋ ਗਿਆ ਸੀ ਜਿਸ ਦੀ ਕੀਮਤ 53.26 ਕਰੋੜ ਰੁਪਏ ਸੀ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 39 ਕਿਲੋ ਸੋਨਾ ਅਤੇ ਕੁਝ ਨਕਦੀ ਬਰਾਮਦ ਕੀਤੀ ਹੈ। ਚੋਰੀ ਦੇ ਇਸ ਮਾਮਲੇ ਵਿੱਚ ਦੋ ਸਾਬਕਾ ਕਰਮਚਾਰੀਆਂ ਸਮੇਤ ਪੰਦਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)