ਨਾਨ: 'ਦੁਨੀਆ ਦੀ ਸਭ ਤੋਂ ਵਧੀਆ ਰੋਟੀ' ਇਸਲਾਮੀ ਦਰਬਾਰਾਂ ਤੋਂ ਸਾਡੀਆਂ ਪਲੇਟਾਂ ਤੱਕ ਕਿਵੇਂ ਪਹੁੰਚੀ

ਨਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਨ ਨੂੰ ਜਿਸ ਨਾਲ ਵੀ ਖਾਧਾ ਜਾਂਦਾ ਹੈ, ਇਹ ਉਸ ਨਾਲ ਹੀ ਰਚ-ਮਿਚ ਜਾਂਦਾ ਹੈ,
    • ਲੇਖਕ, ਚੇਰੀਲੈਨ ਮੋਲਨ

ਦੱਖਣੀ ਏਸ਼ੀਆ ਵਿੱਚ ਨਰਮ ਨਾਨ ਇੱਕ ਪ੍ਰਸਿੱਧ ਖਮੀਰੀ ਰੋਟੀ ਹੈ। ਇਸ ਨੂੰ ਕਰੀਮੀ ਬਟਰ ਚਿਕਨ ਗ੍ਰੇਵੀ ਨਾਲ ਪਰੋਸਣਾ ਇਸ ਖੇਤਰ ਵਿੱਚ ਸਭ ਤੋਂ ਪ੍ਰਸਿੱਧ ਸੁਆਦ ਭੋਜਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਵਿਦੇਸ਼ਾਂ ਵਿੱਚ ਵੀ ਸਭ ਤੋਂ ਪ੍ਰਸਿੱਧ ਭਾਰਤੀ ਖਾਣਿਆਂ ਵਿੱਚੋਂ ਇੱਕ ਹੈ।

ਹਾਲਾਂਕਿ ਚਟਪਟੀ, ਖੁਸ਼ਬੂਦਾਰ ਗ੍ਰੇਵੀ ਨੂੰ ਅਕਸਰ ਸ਼ੋਅ ਸਟੀਲਰ ਮੰਨਿਆ ਜਾਂਦਾ ਹੈ, ਪਰ ਇਹ ਆਪਣੇ ਸਾਥੀ ਯਾਨੀ ਨਾਨ ਦੇ ਬਿਨਾਂ ਆਪਣਾ ਬਹੁਤਾ ਸੁਆਦ ਗੁਆ ਦਿੰਦੀ ਹੈ।

ਜਦੋਂ ਨਾਨ ਨੂੰ ਚਬਾਉਂਦੇ ਹਾਂ ਤਾਂ ਇਹ ਇਸ ਦੇ ਹਰ ਟੁਕੜੇ ਵਿੱਚ ਜਾਨ ਪਾ ਦਿੰਦੀ ਹੈ; ਨਾਨ ਦਾ ਹਲਕਾ ਜਿਹਾ ਸੁਆਦ ਗ੍ਰੇਵੀ ਦੇ ਮਸਾਲਿਆਂ ਅਤੇ ਸੀਜ਼ਨਿੰਗ ਨੂੰ ਪੂਰਾ ਕਰਦਾ ਹੈ। ਦਰਅਸਲ, ਬਹੁਪੱਖੀ ਨਾਨ ਨੂੰ ਜਿਸ ਨਾਲ ਵੀ ਖਾਧਾ ਜਾਂਦਾ ਹੈ, ਇਹ ਉਸ ਨਾਲ ਹੀ ਰਚ-ਮਿਚ ਜਾਂਦਾ ਹੈ, ਜਿਸ ਨਾਲ ਮੇਨ ਡਿਸ਼ ਨੂੰ ਚਾਰ ਚੰਦ ਲੱਗ ਜਾਂਦੇ ਹਨ।

ਸ਼ਾਇਦ ਇਸੇ ਲਈ ਇਹ ਰੋਟੀ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਬਰੈੱਡਾਂ ਵਿੱਚੋਂ ਇੱਕ ਬਣ ਗਈ ਹੈ। ਹਾਲ ਹੀ ਵਿੱਚ, ਬਟਰ ਗਾਰਲਿਕ ਨਾਨ ਜੋ ਰਵਾਇਤੀ ਨਾਨ ਦਾ ਇੱਕ ਫਲੇਵਰ ਨਾਲ ਭਰਪੂਰ ਰੂਪ ਹੁੰਦਾ ਹੈ, ਉਹ ਟੇਸਟ ਐਟਲਸ ਦੀ ਸਭ ਤੋਂ ਵਧੀਆ ਬਰੈੱਡਾਂ ਦੀ ਸੂਚੀ ਵਿੱਚ ਸਿਖਰ 'ਤੇ ਰਿਹਾ ਹੈ।

ਇਹ ਗਰਮਾ-ਗਰਮ ਨਾਨ 'ਤੇ ਮੱਖਣ ਲਾ ਕੇ ਅਤੇ ਉਸ 'ਤੇ ਢੇਰ ਸਾਰਾ ਕੱਟਿਆ ਹੋਇਆ ਲਸਣ ਛਿੜਕ ਕੇ ਬਣਾਇਆ ਜਾਂਦਾ ਹੈ। ਇਸ ਸੂਚੀ ਵਿੱਚ ਆਲੂ ਨਾਨ ਵੀ ਸੀ, ਜਿਸ ਨੂੰ ਨਾਨ ਵਿੱਚ ਮਸਾਲੇ ਅਤੇ ਧਨੀਆ ਪਾ ਕੇ ਆਲੂਆਂ ਨਾਲ ਭਰ ਕੇ ਬਣਾਇਆ ਜਾਂਦਾ ਹੈ।

ਅੱਜਕੱਲ੍ਹ ਨਾਨ ਅਤੇ ਉਸ ਦੇ ਅਲੱਗ ਅਲੱਗ ਰੂਪ ਭਾਰਤੀ ਜਾਂ ਮੱਧ ਪੂਰਬੀ ਭੋਜਨ ਪਰੋਸਣ ਵਾਲੇ ਰੈਸਟੋਰੈਂਟਾਂ ਵਿੱਚ ਹਰ ਜਗ੍ਹਾ 'ਤੇ ਮਿਲਦੇ ਹਨ, ਪਰ ਇੱਕ ਸਮਾਂ ਸੀ ਜਦੋਂ ਇਹ ਸਿਰਫ਼ ਇਸਲਾਮੀ ਰਾਜਿਆਂ ਦੇ ਦਰਬਾਰਾਂ ਵਿੱਚ ਹੀ ਪਰੋਸੇ ਜਾਂਦੇ ਸਨ।

ਤਾਂ ਫਿਰ, ਨਾਨ ਸ਼ਾਹੀ ਰਸੋਈ ਤੋਂ ਸਾਡੀ ਪਲੇਟ ਤੱਕ ਕਿਵੇਂ ਪਹੁੰਚਿਆ?

ਨਾਨ

ਤਸਵੀਰ ਸਰੋਤ, The Met

ਤਸਵੀਰ ਕੈਪਸ਼ਨ, ਨਾਨ 13ਵੀਂ ਅਤੇ 16ਵੀਂ ਸਦੀ ਦੇ ਵਿਚਕਾਰ ਭਾਰਤੀ ਉਪ-ਮਹਾਂਦੀਪ ਦੇ ਵੱਡੇ ਹਿੱਸਿਆਂ 'ਤੇ ਰਾਜ ਕਰਨ ਵਾਲੇ ਸੁਲਤਾਨਾਂ ਨਾਲ ਭਾਰਤੀ ਉਪ-ਮਹਾਂਦੀਪ ਵਿੱਚ ਪ੍ਰਵੇਸ਼ ਕਰ ਗਿਆ ਸੀ

ਨਾਨ ਦੀ ਉਤਪਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਬਹੁਤ ਸਾਰੇ ਭੋਜਨ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਰੋਟੀ ਪ੍ਰਾਚੀਨ ਪਰਸ਼ੀਆ (ਫ਼ਾਰਸ) ਵਿੱਚ ਬਣੀ ਸੀ, ਕਿਉਂਕਿ ਇਸ ਦਾ ਨਾਮ ਫ਼ਾਰਸੀ ਸ਼ਬਦ 'ਬਰੈੱਡ' ਤੋਂ ਪਿਆ ਹੈ।

ਫ਼ਾਰਸੀ ਲੋਕ ਰੋਟੀ ਬਣਾਉਣ ਲਈ ਪਾਣੀ ਅਤੇ ਆਟੇ ਦੀ ਵਰਤੋਂ ਕਰਦੇ ਸਨ, ਜਿਸ ਨੂੰ ਸ਼ਾਇਦ ਗਰਮ ਕੰਕਰਾਂ 'ਤੇ ਪਕਾਇਆ ਜਾਂਦਾ ਸੀ।

ਨਾਨ 13ਵੀਂ ਅਤੇ 16ਵੀਂ ਸਦੀ ਦੇ ਵਿਚਕਾਰ ਭਾਰਤੀ ਉਪ-ਮਹਾਂਦੀਪ ਦੇ ਵੱਡੇ ਹਿੱਸਿਆਂ 'ਤੇ ਰਾਜ ਕਰਨ ਵਾਲੇ ਸੁਲਤਾਨਾਂ ਨਾਲ ਭਾਰਤੀ ਉਪ-ਮਹਾਂਦੀਪ ਵਿੱਚ ਪ੍ਰਵੇਸ਼ ਕਰ ਗਿਆ ਸੀ।

ਮੁਸਲਿਮ ਸ਼ਾਸਕ ਆਪਣੇ ਨਾਲ ਅਜਿਹੀਆਂ ਖਾਣ ਦੀਆਂ ਪਰੰਪਰਾਵਾਂ ਲੈ ਕੇ ਆਏ ਜੋ ਉਨ੍ਹਾਂ ਦੀਆਂ ਪੱਛਮੀ ਅਤੇ ਮੱਧ ਏਸ਼ੀਆਈ ਜੜ੍ਹਾਂ ਨੂੰ ਦਿਖਾਉਂਦੀਆਂ ਸਨ, ਜਿਸ ਵਿੱਚ ਭੋਜਨ ਪਕਾਉਣ ਲਈ ਤੰਦੂਰ ਦੀ ਵਰਤੋਂ ਕਰਨਾ ਵੀ ਸ਼ਾਮਲ ਸੀ।

ਇੰਡੋ-ਫ਼ਾਰਸੀ ਕਵੀ ਅਮੀਰ ਖੁਸਰੋ ਨੇ ਅਲਾਉਦੀਨ ਖਲਜੀ ਅਤੇ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਕਾਲ ਦੌਰਾਨ ਦਰਬਾਰੀ ਜੀਵਨ ਦਾ ਦਸਤਾਵੇਜ਼ੀਕਰਨ ਕੀਤਾ।

ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਦੋ ਕਿਸਮਾਂ ਦੇ ਨਾਨ ਦਾ ਜ਼ਿਕਰ ਕੀਤਾ-ਨਾਨ-ਏ-ਤਨੁਕ ਅਤੇ ਨਾਨ-ਏ-ਤਨੂਰੀ।

ਨਾਨ-ਏ-ਤਨੁਕ ਨਾਜ਼ੁਕ ਅਤੇ ਪਤਲਾ ਸੀ, ਉੱਥੇ ਦੂਜੇ ਪਾਸੇ ਨਾਨ-ਏ-ਤਨੂਰੀ ਇੱਕ ਮੋਟੀ, ਫੁੱਲੀ ਹੋਈ ਰੋਟੀ ਸੀ ਜਿਸ ਨੂੰ ਤੰਦੂਰ ਵਿੱਚ ਪਕਾਇਆ ਜਾਂਦਾ ਸੀ।

ਦਿੱਲੀ ਸਲਤਨਤ ਦੇ ਦੌਰਾਨ ਨਾਨ ਦਾ ਮਜ਼ਾ ਆਮ ਤੌਰ 'ਤੇ ਵੱਖ-ਵੱਖ ਤਰ੍ਹਾਂ ਦੇ ਮੀਟ ਨਾਲ ਲਿਆ ਜਾਂਦਾ ਸੀ, ਜਿਵੇਂ ਕਬਾਬ (ਕੋਲਿਆਂ ਉੱਤੇ ਸੀਖਾਂ 'ਤੇ ਗਰਿੱਲ ਹੋਇਆ ਮਾਸ) ਅਤੇ ਕੀਮਾ (ਬਾਰੀਕ ਕੀਤਾ ਹੋਇਆ ਮੀਟ)।

ਇਹ ਵੀ ਪੜ੍ਹੋ-
ਨਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟਿਸ਼ ਸ਼ਾਸਨ ਦੌਰਾਨ ਨਾਨ ਇੱਕ ਅਜਿਹਾ ਭੋਜਨ ਪਦਾਰਥ ਸੀ ਜਿਸ ਨੂੰ ਸਿਰਫ਼ ਅਮੀਰ ਲੋਕ ਖਾਂਦੇ ਸਨ

ਸ਼ਾਹੀ ਰਸੋਈ ਦੇ ਰਸੋਈਏ ਨੇ ਖ਼ਾਸ ਤਰ੍ਹਾਂ ਦੀਆਂ ਆਟਾ ਗੁੰਨ੍ਹਣ ਦੀਆਂ ਤਕਨੀਕਾਂ ਅਪਣਾ ਕੇ ਅਤੇ ਖਮੀਰ ਜੋ ਉਸ ਸਮੇਂ ਇੱਕ ਦੁਰਲੱਭ ਚੀਜ਼ ਹੁੰਦੀ ਸੀ, ਇਨ੍ਹਾਂ ਦੋਵਾਂ ਨੂੰ ਮਿਲਾ ਕੇ ਨਾਨ ਬਣਾਉਣ ਦੀ ਕਲਾ ਨੂੰ ਹੋਰ ਬਿਹਤਰ ਬਣਾਇਆ, ਜਿਸ ਨਾਲ ਰੋਟੀ ਜ਼ਿਆਦਾ ਨਰਮ ਅਤੇ ਫੁੱਲੀ ਹੋਈ ਬਣਦੀ ਸੀ।

ਇਸ ਨੂੰ ਬਣਾਉਣ ਦਾ ਤਰੀਕਾ ਗੁੰਝਲਦਾਰ ਅਤੇ ਮਹਿੰਗਾ ਹੋਣ ਦੇ ਕਾਰਨ, ਨਾਨ ਇੱਕ ਲਗਜ਼ਰੀ ਖਾਣ ਵਾਲੀ ਚੀਜ਼ ਬਣ ਗਈ, ਜਿਸ ਦਾ ਆਨੰਦ ਜ਼ਿਆਦਾਤਰ ਅਮੀਰ ਲੋਕ ਹੀ ਮਾਣਦੇ ਸਨ।

ਅਗਲੀਆਂ ਤਿੰਨ ਸਦੀਆਂ ਤੱਕ ਚੱਲੇ ਬਾਅਦ ਦੇ ਮੁਗ਼ਲ ਬਾਦਸ਼ਾਹਾਂ ਦੇ ਸ਼ਾਸਨ ਕਾਲ ਵਿੱਚ ਵੀ ਇਹੀ ਨਿਯਮ ਬਣਿਆ ਰਿਹਾ।

ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਨੇਹਾ ਵਰਮਾਨੀ ਕਹਿੰਦੇ ਹਨ, ''ਨਾਨ ਬਾਈ' ਕਹੇ ਜਾਣੇ ਵਾਲੇ ਖ਼ਾਸ ਰਸੋਈਆਂ ਨੇ ਰੋਟੀ ਬਣਾਈ ਅਤੇ ਉਸ ਨਾਲ ਪ੍ਰਯੋਗ ਕੀਤੇ ਅਤੇ ਆਪਣੀਆਂ ਕਾਢਾਂ ਨੂੰ ਉਜਾਗਰ ਕਰਨ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ।

''ਉਦਾਹਰਨ ਲਈ 'ਨਾਨ-ਏ-ਵਰਕੀ' ਪਤਲੀ, ਪਰਤਦਾਰ ਰੋਟੀ ਸੀ, ਜਦੋਂ ਕਿ ਨਾਨ-ਏ-ਟਾਂਗੀ ਇੱਕ ਛੋਟੀ ਰੋਟੀ ਸੀ ਜੋ ਗ੍ਰੇਵੀ ਨੂੰ ਚੰਗੀ ਤਰ੍ਹਾਂ ਸੋਖ ਲੈਂਦੀ ਸੀ।''

ਨਾਨ ਦੇ ਨਾਮ ਵੀ ਉਨ੍ਹਾਂ ਘਰੇਲੂ ਰਸੋਈਆਂ ਦੇ ਨਾਮ 'ਤੇ ਰੱਖੇ ਗਏ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਬਣਾਇਆ ਜਾਂਦਾ ਸੀ।

ਵਰਮਾਨੀ ਕਹਿੰਦੇ ਹਨ, ''ਬਾਕਿਰ ਖਾਨੀ, ਇੱਕ ਬ੍ਰੈੱਡ ਜਿਸ ਦੀ ਬਣਤਰ ਬਿਸਕੁਟ ਵਰਗੀ ਹੁੰਦੀ ਹੈ, ਉਸ ਦਾ ਨਾਮ ਇਸ ਲਈ ਅਜਿਹਾ ਰੱਖਿਆ ਗਿਆ ਕਿਉਂਕਿ ਇਸ ਨੂੰ ਜਹਾਂਗੀਰ ਅਤੇ ਸ਼ਾਹਜਹਾਂ ਦੇ ਦਰਬਾਰ ਦੇ ਇੱਕ ਉੱਚੇ ਅਹੁਦੇ ਵਾਲੇ ਅਧਿਕਾਰੀ ਬਾਕਿਰ ਨਜ਼ਮ ਸੈਣੀ ਦੇ ਰਸੋਈ ਘਰ ਵਿੱਚ ਬਣਾਇਆ ਗਿਆ ਸੀ।''

ਨਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਨ ਦੇ ਨਾਮ ਵੀ ਉਨ੍ਹਾਂ ਘਰੇਲੂ ਰਸੋਈਆਂ ਦੇ ਨਾਮ 'ਤੇ ਰੱਖੇ ਗਏ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਬਣਾਇਆ ਜਾਂਦਾ ਸੀ।

ਬ੍ਰਿਟਿਸ਼ ਸ਼ਾਸਨ ਦੌਰਾਨ ਨਾਨ ਇੱਕ ਅਜਿਹਾ ਭੋਜਨ ਪਦਾਰਥ ਸੀ ਜਿਸ ਨੂੰ ਸਿਰਫ਼ ਅਮੀਰ ਲੋਕ ਖਾਂਦੇ ਸਨ, ਪਰ ਅੰਗਰੇਜ਼ ਯਾਤਰੀਆਂ ਦੇ ਸਫ਼ਰ ਰਾਹੀਂ ਇਹ ਪੱਛਮ ਤੱਕ ਵੀ ਪਹੁੰਚ ਗਿਆ।

ਭਾਰਤ ਵਿੱਚ ਨਾਨ ਨੇ ਬਸਤੀਵਾਦੀ ਖਾਣਿਆਂ ਵਿੱਚ ਆਪਣੀ ਜਗ੍ਹਾ ਬਣਾ ਲਈ, ਕਿਉਂਕਿ ਇਹ 'ਕਿਊਰਡ ਮੀਟ' ਜਾਂ ਸਥਾਨਕ ਮਸਾਲਿਆਂ ਨਾਲ ਭਰੀਆਂ ਚਟਣੀਆਂ ਨਾਲ ਪਰੋਸਿਆ ਜਾਣ ਲੱਗਿਆ।

ਨੇਹਾ ਵਰਮਾਨੀ ਕਹਿੰਦੇ ਹਨ, ''ਪਰ ਸਮੇਂ ਦੇ ਨਾਲ ਗੁੰਝਲਦਾਰ ਤਿਆਰੀ ਦੀ ਥਾਂ ਆਸਾਨ ਤਕਨੀਕਾਂ ਨੇ ਲੈ ਲਈ ਅਤੇ ਨਾਨ ਬਣਾਉਣ ਦਾ ਜ਼ਿਆਦਾ ਬੁਨਿਆਦੀ ਤਰੀਕਾ ਆਮ ਆਦਮੀ ਲਈ ਪਹੁੰਚਯੋਗ ਹੋ ਗਿਆ, ਜਿਵੇਂ ਕਿ ਅੱਜ ਅਸੀਂ ਜ਼ਿਆਦਾਤਰ ਸਥਾਨਕ ਰੈਸਟੋਰੈਂਟਾਂ ਵਿੱਚ ਦੇਖਦੇ ਹਾਂ।''

ਅੱਜਕੱਲ੍ਹ, ਨਾਨ ਆਟਾ, ਦਹੀਂ ਅਤੇ ਖਮੀਰ ਨੂੰ ਮਿਲਾਉਣ ਅਤੇ ਉਨ੍ਹਾਂ ਨੂੰ ਗੁੰਨ੍ਹ ਕੇ ਨਰਮ ਆਟਾ ਬਣਾ ਕੇ ਬਣਾਇਆ ਜਾਂਦਾ ਹੈ। ਆਟੇ ਨੂੰ ਫੁੱਲਣ ਲਈ ਛੱਡ ਦਿੱਤਾ ਜਾਂਦਾ ਹੈ, ਫਿਰ ਉਸ ਨੂੰ ਬਾਲਾਂ ਵਿੱਚ ਵੰਡ ਕੇ ਹੱਥਾਂ ਨਾਲ ਥਪਥਪਾਇਆ ਜਾਂਦਾ ਹੈ।

ਇਸ ਤੋਂ ਬਾਅਦ ਨਾਨ ਨੂੰ ਬਹੁਤ ਹੀ ਗਰਮ ਤੰਦੂਰ ਵਿੱਚ ਉਦੋਂ ਤੱਕ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਫੁੱਲ ਨਾ ਜਾਵੇ ਅਤੇ ਇਸ 'ਤੇ ਭੂਰੇ ਧੱਬੇ ਨਾ ਆ ਜਾਣ। ਪਰੋਸਣ ਤੋਂ ਪਹਿਲਾਂ ਇਸ 'ਤੇ ਹਲਕਾ ਜਿਹਾ ਮੱਖਣ ਜਾਂ ਘਿਓ ਲਾਇਆ ਜਾਂਦਾ ਹੈ।

ਪਰ ਨਾਨ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ।

1990 ਅਤੇ 2000 ਦੇ ਦਹਾਕੇ ਵਿੱਚ ਨਾਨ ਵਿੱਚ ਨਵੇਂ-ਨਵੇਂ ਪ੍ਰਯੋਗਾਂ ਦੀ ਇੱਕ ਨਵੀਂ ਲਹਿਰ ਆਈ, ਜਦੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਫਾਈਨ ਡਾਇਨਿੰਗ ਰੈਸਟੋਰੈਂਟਾਂ ਨੇ ਇਸ ਰੋਟੀ ਨਾਲ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਸ਼ੈੱਫ ਸੁਵੀਰ ਸਰਨ ਦੱਸਦੇ ਹਨ ਕਿ ਨਿਊਯਾਰਕ ਵਿੱਚ ਉਨ੍ਹਾਂ ਦੇ ਰੈਸਟੋਰੈਂਟ ਨੇ ਕਿਵੇਂ ਨਾਨ ਵਿੱਚ ਪਾਲਕ, ਗੌਡਾ ਚੀਜ਼ ਅਤੇ ਮਸ਼ਰੂਮ ਮਿਲਾਉਣਾ ਸ਼ੁਰੂ ਕੀਤਾ।

ਸਰਨ ਕਹਿੰਦੇ ਹਨ, ''ਇਹ ਨਾਨ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਦਾ ਇੱਕ ਤਰੀਕਾ ਸੀ ਤਾਂਕਿ ਇਹ ਗੈਰ-ਭਾਰਤੀਆਂ ਨੂੰ ਜ਼ਿਆਦਾ ਪਸੰਦ ਆਵੇ, ਨਾਲ ਹੀ ਭਾਰਤੀ ਲੋਕ ਵਿਦੇਸ਼ ਵਿੱਚ ਆਪਣੇ ਰਵਾਇਤੀ ਭੋਜਨ ਨੂੰ ਖਾਣ ਵਿੱਚ ਕੋਈ ਸ਼ਰਮ ਮਹਿਸੂਸ ਨਾ ਕਰ ਸਕਣ।''

1750 ਦੀ ਇੱਕ ਪੇਂਟਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1750 ਦੀ ਇੱਕ ਪੇਂਟਿੰਗ ਜਿਸ ਵਿੱਚ ਲੋਕ ਨਾਨ ਦਾ ਆਨੰਦ ਮਾਣਦੇ ਹੋਏ

ਇਹ ਰੁਝਾਨ ਜੰਗਲ ਦੀ ਅੱਗ ਵਾਂਗ ਫੈਲ ਗਿਆ ਅਤੇ ਅੱਜ, ਦੁਨੀਆਂ ਭਰ ਦੇ ਰੈਸਟੋਰੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਖਾਣ ਦੀਆਂ ਚੀਜ਼ਾਂ ਨਾਲ ਭਰੇ ਅਤੇ ਸਜਾਏ ਹੋਏ ਪ੍ਰਯੋਗਾਤਮਕ ਨਾਨ ਪਰੋਸ ਰਹੇ ਹਨ।

ਸੁਵੀਰ ਸਰਨ ਦੱਸਦੇ ਹਨ, ''ਤੁਹਾਨੂੰ ਗੋਆ ਵਿੱਚ ਇੱਕ ਰੈਸਟੋਰੈਂਟ ਮਿਲੇਗਾ ਜਿੱਥੇ 'ਪੋਰਕ ਵਿੰਡਾਲੂ ਨਾਨ' ਜਾਂ 'ਬਟਰ ਚਿਕਨ ਨਾਨ' ਪਰੋਸਿਆ ਜਾਂਦਾ, ਜਦੋਂ ਕਿ ਹਾਂਗ ਕਾਂਗ ਵਿੱਚ ਇੱਕ ਅਜਿਹਾ ਰੈਸਟੋਰੈਂਟ ਹੈ ਜੋ 'ਟਰੱਫਲ ਚੀਜ਼ ਨਾਨ' ਪਰੋਸਦਾ ਹੈ।''

ਉਹ ਅੱਗੇ ਕਹਿੰਦੇ ਹਨ, ''ਨਾਨ ਦੁਨੀਆਂ ਨੂੰ ਭਾਰਤ ਦਾ ਪਾਕ ਕਲਾ ਦਾ ਇੱਕ ਸ਼ਾਨਦਾਰ ਤੋਹਫ਼ਾ ਹੈ।''

ਭੋਜਨ ਇਤਿਹਾਸਕਾਰ ਸ਼ਾਇਦ ਪੂਰੀ ਤਰ੍ਹਾਂ ਸਹਿਮਤ ਨਾ ਹੋਣ, ਪਰ ਨਾਨ ਹੋਰ ਦੱਖਣੀ ਏਸ਼ੀਆਈ ਅਤੇ ਮੱਧ ਪੂਰਬੀ ਖਾਣਿਆਂ ਦਾ ਵੀ ਹਿੱਸਾ ਹੈ, ਪਰ ਭਾਰਤ ਨਾਲ ਇਸ ਦਾ ਰਿਸ਼ਤਾ ਗਹਿਰਾ ਅਤੇ ਪੁਰਾਣਾ ਹੈ।

ਸਰਨ ਕਹਿੰਦੇ ਹਨ ਕਿ ਨਾਨ ਆਪਣੇਪਣ ਅਤੇ ਭਾਰਤੀ ਪਛਾਣ ਬਾਰੇ ਇੱਕ ਸੰਦੇਸ਼ ਦਿੰਦਾ ਹੈ।

ਉਹ ਕਹਿੰਦੇ ਹਨ, ''ਨਾਨ ਬਹੁਲਤਾ ਦੀ ਕਹਾਣੀ ਦੱਸਦਾ ਹੈ; ਇਹ ਦੱਸਦਾ ਹੈ ਕਿ ਕਿਵੇਂ ਅਲੱਗ-ਅਲੱਗ ਸੱਭਿਆਚਾਰਾਂ ਦੀਆਂ ਪਛਾਣਾਂ ਸਦਭਾਵਨਾ ਨਾਲ ਰਹਿੰਦੀਆਂ ਹਨ।''

''ਇਹ ਸਾਨੂੰ ਦਿਖਾਉਂਦਾ ਹੈ ਕਿ ਜਦੋਂ ਵਿਭਿੰਨਤਾਵਾਂ ਦਾ ਜਸ਼ਨ ਇਕੱਠੇ ਮਨਾਇਆ ਜਾ ਸਕਦਾ ਹੈ, ਤਾਂ ਉਨ੍ਹਾਂ ਨੂੰ ਇੱਕ-ਦੂਜੇ ਨੂੰ ਰੱਦ ਕਰਨ ਦੀ ਜ਼ਰੂਰਤ ਨਹੀਂ ਹੈ।''

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)